Thursday, March 26, 2009

ਮੁਆਫ਼ ਕਰ ਦਿਓ ਮਾਂ...:: ਲੇਖਕ : ਰਾਬਿਨ ਸ਼ਾਹ ਪੁਸ਼ਪ

ਹਿੰਦੀ ਕਹਾਣੀ : ਮੁਆਫ਼ ਕਰ ਦਿਓ ਮਾਂ... :: ਲੇਖਕ : ਰਾਬਿਨ ਸ਼ਾਹ ਪੁਸ਼ਪ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.
-------------------------------------------------------------------------------------------------------------------------------
ਇਹ ਕਹਾਣੀ ਅੱਖਰ ਦੇ ਜਨਵਰੀ-ਫਰਵਰੀ-2008.ਅੰਕ ਵਿਚ ਛਪੀ ਹੈ। ਅੱਖਰ ਦਾ ਸੰਪਰਕ ਨੰ : ਹੈ ---0183-2210107 ਹੈ ।
-------------------------------------------------------------------------------------------------------------------------------


ਵਿਭਾ ਬਰਾਉਨ ਬਿਨਾਂ ਕੱਪੜੇ ਬਦਲੇ ਬੈੱਡ ਉੱਤੇ ਆਣ ਡਿੱਗੀ ਹੈ…ਪੂਰੀ ਤਰ੍ਹਾਂ ਥੱਕ ਚੁੱਕੀ ਹੈ। ਸਵੇਰੇ ਸੱਤ ਵਜੇ ਹੇਠਾਂ ਉਤਰੀ ਸੀ, ਹੁਣ ਚਾਰ ਵਜੇ ਵਿਹਲ ਮਿਲੀ ਹੈ। ਅੱਜ ਵੀ ਹਮੇਸ਼ਾ ਵਾਂਗ ਕਈ ਆਪ੍ਰੇਸ਼ਨ ਸਨ। ਹਰ ਰੋਜ਼ ਚੀਰ-ਫਾੜ ਕਰ-ਕਰ ਕੇ ਉਸਨੂੰ ਲੱਗਦਾ ਹੈ, ਉਸਦੀ ਆਪਣੀ ਜ਼ਿੰਦਗੀ ਵੀ ਚੀਥੜੇ-ਚੀਥੜੇ ਹੋ ਗਈ ਹੈ। ਉਹ ਅੱਖਾਂ ਬੰਦ ਕਰਕੇ ਚੁੱਪਚਾਪ ਲੇਟੀ ਹੋਈ ਹੈ, ਆਮ ਵਾਂਗ। ਅਚਾਨਕ ਉਸਨੂੰ ਖ਼ਿਆਲ ਆਉਂਦਾ ਹੈ, ਜੇ ਉਹ ਏਸ ਵੇਲੇ ਮਰ ਜਾਏ ਫੇਰ !...ਫੇਰ ਉਹ ਖ਼ੁਦ ਹੀ ਬੋਲ ਪੈਂਦੀ ਹੈ, 'ਹੁਣ ਹੋਰ ਕੀ ਮਰਨਾ…।' ਅੱਖਾਂ ਖੋਲ੍ਹ ਕੇ ਆਪਣੇ ਦੋ ਕਮਰਿਆਂ ਦੇ ਫਲੈਟ ਨੂੰ ਦੇਖਦੀ ਹੈ। ਪਿਛਲੇ ਪੰਜ ਵਰ੍ਹਿਆਂ ਤੋਂ ਇਸੇ ਕਮਰੇ ਵਿਚ ਜਿਊਂ ਰਹੀ ਹੈ, ਮਰ ਰਹੀ ਹੈ ਉਹ। ਵੈਸੇ ਉਸਨੂੰ 'ਸਿੰਗਲ ਰੂਮ' ਅਲਾਟ ਹੋ ਰਿਹਾ ਸੀ, ਪਰ ਰਵੀ ਕਰਕੇ…ਰਵੀ ਦਾ ਖ਼ਿਆਲ ਆਉਂਦਿਆਂ ਹੀ ਅੱਖਾਂ ਗਿੱਲੀਆਂ ਹੋ ਗਈਆਂ ਨੇ ਤੇ ਉਹ ਬੁੱਲ੍ਹਾਂ ਵਿਚ ਹੀ ਬੜਬੜਾਈ ਹੈ---ਮੁਆਫ਼ ਕਰ ਦਿਓ ਮਾਂ !
***
ਮਾਂ ਨੂੰ ਉਹ ਕਿੰਨਾ ਪਿਆਰ ਕਰਦੀ ਹੁੰਦੀ ਸੀ…ਬੜੀ ਸੁੰਦਰ ਹੁੰਦੀ ਸੀ। ਮਾਂ ਦੇ ਰੂਪ ਨੂੰ ਦੇਖ ਕੇ ਉਹ ਹਮੇਸ਼ਾ ਸੋਚਦੀ ਸੀ---ਕਾਸ਼ ! ਇਹ ਰੂਪ ਉਸ ਨੂੰ ਮਿਲ ਜਾਏ ਤੇ ਜਦੋਂ ਵੀ ਮੌਕਾ ਮਿਲਦਾ, ਉਹ ਸ਼ੀਸ਼ੇ ਸਾਹਮਣੇ ਜਾ ਖਲੋਂਦੀ। ਇਕ ਵਾਰੀ ਪਾਊਡਰ ਲਾਉਂਦਿਆਂ ਉਸਨੇ ਕਿਹਾ ਸੀ, 'ਤੂੰ ਵੀ ਥੋੜ੍ਹਾ ਮੇਕਅੱਪ ਕਰ ਲੈ ਨਾ…'
'ਹੁਣ ਕਿਸ ਦੇ ਲਈ ਕਰਾਂ ?'
'ਕਿਉਂ, ਆਪਣੇ ਲਈ।'
'ਆਪਣੇ ਲਈ ਵੀ ਕਦੀ ਕੋਈ ਔਰਤ...' ਤੇ ਮਾਂ ਸਾੜ੍ਹੀ ਦੇ ਪੱਲੇ ਨਾਲ ਅੱਖਾਂ ਪੂੰਝਦੀ, ਉੱਥੋਂ ਉੱਠ ਗਈ ਸੀ।
ਉਸਨੂੰ ਪਾਪਾ ਦੀ ਯਾਦ ਆਉਂਦੀ ਹੈ। ਜਦ਼ ਉਹ ਜਿਉਂਦੇ ਸਨ, ਮਾਂ ਕਿੰਨਾ ਸਜ-ਧਜ ਕੇ ਰਹਿੰਦੀ ਹੁੰਦੀ ਸੀ…ਪਰ ਉਹਨਾਂ ਦੇ ਜਾਂਦਿਆਂ ਹੀ ਸਭ ਤਜ ਦਿੱਤਾ ਸੀ ਮਾਂ ਨੇ। ਪਾਪਾ ਪਿੱਛੋਂ ਅੰਕਲਾਂ ਦੀ ਭੀੜ ਲੱਗ ਗਈ ਸੀ। ਸਾਰੇ ਮਾਂ ਨਾਲ ਹਮਦਰਦੀ ਜਤਾਉਣ ਲੱਗੇ ਸਨ। ਇਕ ਦਿਨ ਸਕਸੈਨਾ ਅੰਕਲ ਨੇ ਉਸਦੇ ਸਿਰ ਉੱਤੇ ਹੱਥ ਫੇਰ ਕੇ ਕਿਹਾ ਸੀ, 'ਵਿਭਾ ਬੇਟਾ ! ਤੂੰ ਤਾਂ ਆਪਣੀ ਮਾਂ ਨਾਲੋਂ ਵੀ ਸੋਹਣੀ ਨਿਕਲ ਆਈ ਏਂ…ਮਾਈ ਸਵੀਟ ਗੁਡੀਆ !' ਤੇ ਉਹ ਉਸ ਨੂੰ ਚੁੰਮਣ ਹੀ ਲੱਗੇ ਸਨ ਕਿ ਮਾਂ ਆ ਗਈ ਸੀ। ਮਾਂ ਦੀਆਂ ਅੱਖਾਂ ਵਿਚ ਪਹਿਲੀ ਵਾਰ ਉਸਨੇ ਕੁਝ ਪੜ੍ਹਿਆ ਸੀ।
'ਜਾਹ, ਅੰਦਰ ਜਾ ਕੇ ਪੜ੍ਹ।'
ਉਹ ਉੱਠ ਕੇ ਕਮਰੇ ਵਿਚ ਚਲੀ ਗਈ ਸੀ, ਪਰ ਦਰਵਾਜ਼ੇ ਦੇ ਉਸ ਪਾਸਿਓਂ ਮਾਂ ਦੀ ਆਵਾਜ਼ ਸਾਫ਼ ਉਸਦੇ ਕੰਨਾਂ ਵਿਚ ਪੈ ਰਹੀ ਸੀ, 'ਸੁਣ ਸਕਸੈਨਾ, ਤੂੰ ਜਾਂ ਤੇਰੇ ਵਰਗੇ ਹੋਰ ਲੋਕ, ਜਿਹੜੇ ਵਿਭਾ ਦੇ ਪਾਪਾ ਤੋਂ ਬਾਅਦ ਆਉਂਦੇ ਨੇ…ਮੈਂ ਜਾਣਦੀ ਆਂ ਕਿਉਂ ਆਉਂਦੇ ਨੇ। ਮੇਰੀ ਸਮਝ 'ਚ ਨਹੀਂ ਆਉਂਦਾ ਕਿ ਇਕ ਮਰਦ ਦੇ ਜਾਂਦਿਆਂ ਹੀ ਤੁਸੀਂ ਮਰਦ ਲੋਕ ਇਹ ਕਿਉਂ ਸੋਚਣ ਲੱਗ ਪੈਂਦੇ ਹੋ ਕਿ ਔਰਤ ਬਿਨਾਂ ਮਰਦ ਦੇ ਜਿਊਂ ਨਹੀਂ ਸਕੇਗੀ…ਤੇ ਉਸ ਘੜੀ ਦਾ ਇੰਤਜ਼ਾਰ ਕਰਦੇ ਰਹਿੰਦੇ ਹੋ ਕਿ ਕਦ ਔਰਤ ਜ਼ਰਾ ਕੁ ਕਮਜ਼ੋਰ ਪਏ ਤੇ ਉਸ ਨੂੰ ਦਬੋਚ ਲਓਂ…ਸ਼ਿਕਾਰੀ ਕੁੱਤਿਆਂ ਵਿਚ ਤੇ ਤੇਰੇ ਵਰਗੇ ਮਰਦਾਂ ਵਿਚ ਮੈਨੂੰ ਕੋਈ ਫ਼ਰਕ ਨਹੀਂ ਦਿਸਦਾ।'
ਅੰਕਲ ਘਬਰਾ ਕੇ ਖੜ੍ਹੇ ਹੋ ਗਏ ਸਨ। ਮਾਂ ਨੇ ਫੇਰ ਕਿਹਾ ਸੀ, 'ਜਾਂਦੇ ਜਾਂਦੇ ਏਨਾ ਯਾਦ ਰੱਖਣਾ, ਇਸ ਔਰਤ ਨੂੰ ਹੋਰ ਕੁਝ ਤੋੜ ਦਏ ਤਾਂ ਤੋੜ ਦਏ, ਪਰ ਜਿਸਮ ਦੀ ਭੁੱਖ ਕਦੀ ਨਹੀਂ ਹਰਾ ਸਕਦੀ।'
ਤੇ ਹੋਇਆ ਵੀ ਇਹੀ।
ਮਾਂ ਨੇ ਉਮਰ ਦਾ ਬਿਹਤਰੀਨ ਹਿੱਸਾ, ਉਸਦਾ ਮੂੰਹ ਵੇਖ-ਵੇਖ ਕੱਢ ਦਿੱਤਾ। ਉਹ ਮੈਡੀਕਲ ਵਿਚ ਦਾਖ਼ਲ ਹੋ ਗਈ। ਜਦੋਂ ਉਹ ਪਹਿਲੀ ਵਾਰ ਸ਼ਹਿਰ ਪੜ੍ਹਨ ਜਾ ਰਹੀ ਸੀ, ਤਦ ਮਾਂ ਨੇ ਸਿਰਫ ਏਨਾ ਕਿਹਾ ਸੀ, 'ਸ਼ਹਿਰ ਦੇ ਰਿਸ਼ਤੇ ਸਰੀਰ ਨਾਲ ਬਣਦੇ ਨੇ। ਇਸੇ ਲਈ ਵਾਰੀ-ਵਾਰੀ ਬਣਦੇ-ਟੁੱਟਦੇ ਨੇ। ਮਨ ਦਾ ਰਿਸ਼ਤਾ ਜਿਹੜਾ ਇਕ ਵਾਰੀ ਬਣਦਾ ਹੈ, ਉਹ ਸਾਹਾਂ ਦੀ ਡੋਰ ਦੇ ਨਾਲ ਹੀ ਟੁੱਟਦਾ ਹੈ। ਅੱਗੇ ਤੂੰ ਖ਼ੁਦ ਸਮਝਦਾਰ ਏਂ…।'
ਵਿਭਾ ਸੋਚਦੀ ਹੈ, ਜੇ ਉਹ ਸਮਝਦਾਰ ਹੁੰਦੀ ਤਾਂ ਉਸਦੀ ਜ਼ਿੰਦਗੀ ਵਿਚ ਅਸ਼ੋਕ ਸਹਿਗਲ ਕਿਉਂ ਆਉਂਦਾ…ਅਸ਼ੋਕ, ਉਸਦੇ ਨਾਲ ਪੜ੍ਹਦਾ ਸੀ। ਮੈਡੀਕਲ ਗਰੁੱਪ ਦੇ ਮੁੰਡੇ-ਕੁੜੀਆਂ ਕਿੰਨੇ ਫ੍ਰੀ ਹੁੰਦੇ ਨੇ, ਆਪਸ ਵਿਚ। ਪਰ ਇਕ ਉਹ ਸੀ ਕਿ ਵੱਖ-ਵੱਖ ਰਹਿੰਦੀ ਸੀ। ਇਕ ਦਿਨ ਜਯੋਤੀ ਨੇ ਕਿਹਾ ਸੀ, 'ਵਿਭਾ, ਤੂੰ ਏਨੀ ਸੁੰਦਰ ਏਂ ਕਿ ਇਕ ਇਕ ਮੁੰਡਾ ਮਰਦਾ ਏ ਤੇਰੇ 'ਤੇ…ਪਰ ਤੂੰ ਕਿਸੇ ਨੂੰ ਲਿਫਟ ਹੀ ਨਹੀਂ ਦੇਂਦੀ।'
ਉਸਨੇ ਇਕ ਬੋਰਡ ਵੱਲ ਇਸ਼ਾਰਾ ਕੀਤਾ ਸੀ। ਬੋਰਡ 'ਤੇ ਲਿਖਿਆ ਸੀ---ਲਿਫਟ ਖ਼ਰਾਬ ਹੈ।
ਪਰ ਅਸਲ ਖ਼ਰਾਬੀ ਦਾ ਪਤਾ ਤਾਂ ਉਸ ਨੂੰ ਬੜੀ ਦੇਰ ਬਾਅਦ ਲੱਗਿਆ ਸੀ। ਪਹਿਲਾਂ ਅਸ਼ੋਕ ਆ ਗਿਆ ਜ਼ਿੰਦਗੀ ਵਿਚ। ਬੜੀ ਜ਼ਿਦ ਕਰਕੇ ਇਕ ਦਿਨ ਪਿਕਚਰ ਦਿਖਾਉਣ ਲੈ ਗਿਆ। ਪਤਾ ਨਹੀਂ ਉਹ ਕਿੰਜ ਚਲੀ ਗਈ ਸੀ। ਬੱਤੀਆਂ ਬੁਝਦਿਆਂ ਹੀ ਉਸ ਨੂੰ ਮਹਿਸੂਸ ਹੋਇਆ ਕਿ ਅਸ਼ੋਕ ਦਾ ਹੱਥ ਉਸਦੇ ਜਿਸਮ 'ਤੇ ਸਰਕ ਰਿਹਾ ਹੈ। ਹੌਲੀ ਹੌਲੀ ਪਕੜ ਮਜ਼ਬੂਤ ਹੁੰਦੀ ਗਈ ਤੇ ਉਸਦੇ ਕੰਨਾਂ ਵਿਚ ਮਾਂ ਦੀ ਆਵਾਜ਼ ਗੂੰਜਦੀ ਰਹੀ---ਸ਼ਿਕਾਰੀ ਕੁੱਤਿਆਂ ਵਿਚ ਤੇ ਮਰਦਾਂ ਵਿਚ ਮੈਨੂੰ ਕੋਈ ਫ਼ਰਕ ਨਹੀਂ ਦਿਸਦਾ…ਫੇਰ ਇੰਟਰਵਲ ਵਿਚ ਉਹ ਬਾਥਰੂਮ ਜਾਣ ਦੇ ਬਹਾਨੇ ਉੱਠੀ ਸੀ ਤੇ ਸਿੱਧੀ ਹੋਸਟਲ ਆ ਗਈ ਸੀ। ਬਿਸਤਰੇ 'ਤੇ ਪਈ ਸੋਚਦੀ ਰਹੀ ਸੀ ਕਿ ਮਾਂ ਨੇ ਠੀਕ ਹੀ ਕਿਹਾ ਸੀ---ਸ਼ਹਿਰ ਦੇ ਰਿਸ਼ਤੇ ਸਰੀਰ ਨਾਲ ਜੁੜੇ ਹੁੰਦੇ ਨੇ।
***
ਜਦੋਂ ਉਹ ਕ੍ਰਿਸਮਿਸ ਦੀਆਂ ਛੁੱਟੀਆਂ ਵਿਚ ਘਰ ਗਈ ਸੀ, ਮਾਂ ਨੇ ਮਨ ਦਾ ਰਿਸ਼ਤਾ ਜੋੜ ਦਿੱਤਾ ਸੀ। ਪਰ ਪਹਿਲੀ ਰਾਤ ਹੀ ਉਸਨੂੰ ਲੱਗਿਆ ਕਿ ਉਹ ਵਾਰੀ-ਵਾਰੀ ਸ਼ਿਕਾਰ ਕੀਤੀ ਜਾ ਰਹੀ ਹੈ। ਉਸਦਾ ਪਤੀ ਉਸਨੂੰ ਚੂੰਡ-ਚੂੰਡ ਕੇ ਖਾ ਰਿਹਾ ਹੈ। ਸਵੇਰੇ ਉਹ ਬਾਥਰੂਮ ਵਿਚ ਬੰਦ ਹੋ ਕੇ ਬੜੀ ਦੇਰ ਤਕ ਰੋਂਦੀ ਰਹੀ ਸੀ।
ਵਿਭਾ ਦਾ ਹੱਥ ਗਿੱਲੀਆਂ ਅੱਖਾਂ ਉੱਤੇ ਚਲਾ ਜਾਂਦਾ ਹੈ। ਉਹ ਘੜੀ ਦੇਖਦੀ ਹੈ। ਸੱਤ ਵਜੇ ਰਾਊਂਡ 'ਤੇ ਜਾਣਾ ਹੈ…ਉੱਠੀ ਤੇ ਸ਼ੀਸ਼ੇ ਸਾਹਮਣੇ ਆ ਖੜ੍ਹੀ ਹੋਈ। ਕੰਘੀ ਕਰਨ ਲੱਗੀ, ਫੇਰ ਕੰਘੀ ਵਿਚ ਫਸੇ ਵਾਲਾਂ ਦਾ ਗੋਲਾ ਬਣਾ ਕੇ ਉਸਨੂੰ ਸ਼ੀਸ਼ੇ ਨੇੜੇ ਟੰਗੀ ਕੱਪੜੇ ਦੀ ਥੈਲੀ ਵਿਚ ਪਾ ਦਿੱਤਾ। ਪਾਊਡਰ ਲਾਉਣ ਲੱਗਿਆਂ ਬਚਪਨ ਯਾਦ ਆ ਗਿਆ---
'ਤੂੰ ਵੀ ਥੋੜ੍ਹਾ ਮੇਕਅੱਪ ਕਰ ਲੈ…'
'ਹੁਣ ਕਿਸ ਦੇ ਲਈ ਕਰਾਂ ?'
ਵਿਭਾ ਦਾ ਹੱਥ ਆਪਣੇ ਆਪ ਰੁਕ ਗਿਆ ਹੈ। ਅੱਜ ਉਹ ਕਿਸ ਦੇ ਲਈ ਮੇਕਅੱਪ ਕਰ ਰਹੀ ਹੈ ? ਰਵੀ ਦੇ ਲਈ ? ਪਰ ਹੁਣ ਉਹ…
ਵਿਭਾ ਸਿਸਕਣ ਲੱਗ ਪੈਂਦੀ ਹੈ…ਇੰਜ ਕਿਓਂ ਹੋਇਆ ? ਕਿਓਂ ਹੋਇਆ…ਮੁਆਫ਼ ਕਰ ਦਿਓ ਮਾਂ !
'ਇੰਜ ਕਿਉਂ ਕਰ ਰਹੀ ਏਂ ਬੇਟਾ ?' ਮਾਂ ਨੇ ਕਿਹਾ ਸੀ, 'ਮਰਨ ਤੋਂ ਪਹਿਲਾਂ ਘੱਟੋ ਘੱਟ ਇਕ ਬਾਲ ਦਾ ਮੂੰਹ ਤਾਂ ਦੇਖ ਲੈਣ ਦੇ।'
ਬੜੀ ਮੁਸ਼ਕਲ ਨਾਲ ਉਹ ਕਹਿ ਸਕੀ ਸੀ, 'ਮਾਂ ! ਅਜੇ ਅਸੀਂ ਬੱਚਾ ਨਹੀਂ ਚਾਹੁੰਦੇ…' ਇਸ ਦੇ ਸਿਵਾਏ ਵਿਭਾ ਹੋਰ ਕਹਿ ਵੀ ਕੀ ਸਕਦੀ ਸੀ। ਬਸ, ਇਕੱਲੀ ਬੈਠ ਕੇ ਚੁੱਪਚਾਪ ਰੋਂਦੀ ਰਹੀ ਸੀ।
ਰੋਂਦੀ ਤਾਂ ਉਹ ਹਰ ਪਲ ਹੀ ਰਹਿੰਦੀ ਸੀ। ਹਾਊਸ ਸਰਜਨ ਬਣ ਜਾਣ ਪਿੱਛੋਂ ਵੀ। ਹੁਣ ਉਹ ਲੇਡੀਜ਼ ਹਸਪਤਾਲ ਦੇ ਹਾਊਸ ਸਰਜਨ ਕੁਆਟਰ ਵਿਚ ਰਹਿੰਦੀ ਸੀ। ਨਾਲ ਇਕ ਕੁੜੀ ਸੀ---ਵਨੀਤਾ। ਜਦੋਂ ਉਹ ਡਿਊਟੀ ਤੋਂ ਆਉਂਦੀ, ਵਨੀਤਾ ਜਾਣ ਦੀ ਤਿਆਰੀ ਵਿਚ ਹੁੰਦੀ। ਉਸਦੇ ਜਾਣ ਪਿੱਛੋਂ ਫੇਰ ਉਹੀ ਇਕੱਲਾਪਨ…
ਪਤੀ ਇਕ ਵੱਡਾ ਬਿਜ਼ਨਸਮੈਨ ਸੀ, ਹਮੇਸ਼ਾ ਆਪਣੇ ਧੰਦੇ ਵਿਚ ਰੁੱਝਿਆ ਰਹਿੰਦਾ। ਤਿੰਨ ਚਾਰ ਮਹੀਨਿਆਂ ਪਿੱਛੋਂ ਇਕ ਅੱਧੀ ਵਾਰ ਆ ਜਾਂਦਾ। ਉਸ ਰਾਤ ਉਹ ਖ਼ੂਬ ਸਜਦੀ-ਸੰਵਰਦੀ। ਆਪਣੇ ਹੱਥੀਂ ਸਟੋਵ 'ਤੇ ਖਾਣਾ ਬਣਾਉਂਦੀ। ਦੋਵੇਂ ਇਕੱਠੇ ਖਾਂਦੇ। ਰਾਤੀਂ ਫੇਰ ਉਹੀ ਖੇਡ…ਉਹ ਨਾ ਚਾਹੁੰਦੇ ਹੋਏ ਵੀ ਵਾਰੀ-ਵਾਰੀ ਸ਼ਿਕਾਰ ਹੁੰਦੀ ਰਹਿੰਦੀ, ਇਸ ਉਮੀਦ ਵਿਚ ਕਿ ਸ਼ਾਇਦ ਇਸ ਵਾਰੀ…
ਪਰ ਓਹੋ ਜਿਹਾ ਕੁਝ ਵੀ ਨਹੀਂ ਸੀ ਹੋਇਆ।
ਬਸ ਉਹ ਚਿਲਡ੍ਰਨ ਵਾਰਡ ਵਿਚ ਡਿਊਟੀ ਵਜਾਉਂਦੀ ਰਹੀ। ਹਰ ਵੇਲੇ ਬੱਚਿਆਂ ਨਾਲ ਘਿਰੀ ਰਹਿੰਦੀ ਤੇ ਆਪਣੇ ਕਮਰੇ ਵਿਚ ਆ ਕੇ ਫੇਰ ਉਹੀ ਖ਼ਾਲੀਪਨ। ਰਾਤੀਂ ਜਦੋਂ ਉਹ ਸੌਂ ਜਾਂਦੀ ਤਾਂ ਅਜਸਰ ਇਕ ਸੁਪਨਾ ਆਉਂਦਾ---ਉਹ ਚਿਲਡ੍ਰਨ ਵਾਰਡ ਵਿਚ ਘੁੰਮ ਰਹੀ ਹੈ। ਰਾਤ ਹੈ ਤੇ ਸਾਰੇ ਬੱਚੇ ਸੁੱਤੇ ਹੋਏ ਨੇ। ਉਹ ਇਕ ਸੁੰਦਰ ਜਿਹੇ ਬੱਚੇ ਨੂੰ ਚੁੱਕ ਕੇ ਦੌੜਨ ਲੱਗੀ ਹੈ। ਪਰ ਲਿਫਟ 'ਤੇ ਫੱਟੀ ਟੰਗੀ ਹੋਈ ਹੈ…ਲਿਫਟ ਖ਼ਰਾਬ ਹੈ। ਉਦੋਂ ਹੀ ਬੱਚਾ ਰੋਣ ਲੱਗ ਪੈਂਦਾ ਹੈ। ਹਰ ਪਾਸੇ ਰੌਲਾ ਪੈਣ ਲੱਗਦਾ ਹੈ…ਚੋਰ, ਚੋਰ…ਤੇ ਉਸਦੀ ਅੱਖ ਖੁੱਲ੍ਹ ਜਾਂਦੀ ਹੈ। ਉਹ ਪਸੀਨੇ ਨਾਲ ਭਿੱਜੀ ਹੁੰਦੀ ਹੈ। ਘੁੱਪ ਹਨੇਰਾ ਕਮਰਾ…ਤੇ ਉਹ ਸਿਰਹਾਣੇ ਵਿਚ ਮੂੰਹ ਗੱਡ ਕੇ ਫਿਸ ਪੈਂਦੀ ਹੈ।
ਇਕ ਵਾਰੀ ਕਿਸੇ ਬੱਚੇ ਦਾ ਸੀਰੀਅਸ ਆਪ੍ਰੇਸ਼ਨ ਹੋਣਾ ਸੀ। ਆਪ੍ਰੇਸ਼ਨ ਥੀਏਟਰ ਦੇ ਬਾਹਰ ਬੱਚੇ ਦੇ ਮਾਤਾ ਪਿਤਾ ਬੈਠੇ ਸਨ। ਜਦੋਂ ਉਹ ਅਸਿਸਟ ਕਰਨ ਲਈ ਜਾਣ ਲੱਗੀ, ਬੱਚੇ ਦੀ ਮਾਂ ਦੌੜ ਕੇ ਉਸਦੇ ਕੋਲ ਆ ਗਈ ਸੀ, 'ਦੀਦੀ ! ਸਾਡਾ ਸਭ ਕੁਝ ਇਹੋ ਬੱਚਾ ਏ। ਇਸ ਨੂੰ ਮੈਂ ਤੁਹਾਨੂੰ ਸੌਂਪਦੀ ਆਂ। ਆਪਣਾ ਬੱਚਾ ਸਮਝ ਕੇ ਬਚਾਅ ਲੈਣਾ ਦੀਦੀ…'
ਫੇਰ ਆਪ੍ਰੇਸ਼ਨ ਹੁੰਦਾ ਰਿਹਾ।
ਉਸਦੇ ਕੰਨਾਂ ਵਿਚ ਇਕੋ ਆਵਾਜ਼ ਗੂੰਜਦੀ ਰਹੀ---ਆਪਣਾ ਬੱਚਾ…ਆਪਣਾ ਬੱਚਾ…।
ਤੇ ਪਤਾ ਨਹੀਂ ਕੀ ਹੋਇਆ ਕਿ ਅਚਾਨਕ ਬੱਚੇ ਦਾ ਸਾਹ ਰੁਕ ਗਿਆ। ਡਾਕਟਰ ਸਿਨਹਾ ਨੇ ਬੜੀ ਕੋਸ਼ਿਸ਼ ਕੀਤੀ…ਫੇਰ ਹਾਰੀ ਹੋਈ ਆਵਾਜ਼ ਵਿਚ ਬੋਲੇ, 'ਵਿਭਾ, ਬੱਚੇ ਦਾ ਪੇਟ ਸਟਿੱਚ ਕਰਕੇ ਲਾਸ਼ ਮਾਤਾ ਪਿਤਾ ਨੂੰ ਦੇ ਦਿਓ…' ਡਾਕਟਰ ਦੇ ਜਾਣ ਪਿੱਛੋਂ ਉਹ ਚੁੱਪਚਾਪ ਸਟਿੱਚ ਲਾਉਂਦੀ ਰਹੀ…ਤੇ ਜਦੋਂ ਵਾਰਡ ਬੁਆਏ ਲਾਸ਼ ਬਾਹਰ ਲੈ ਕੇ ਜਾਣ ਲੱਗਿਆ ਤਾਂ ਉਸ ਨੂੰ ਲੱਗਿਆ ਜਿਵੇਂ ਉਸਦੇ ਆਪਣੇ ਬੱਚੇ ਦੀ ਲਾਸ਼ ਜਾ ਰਹੀ ਹੈ…ਉਹ ਫੁੱਟ ਫੁੱਟ ਕੇ ਰੋਣ ਲੱਗ ਪਈ ਸੀ।
***
ਇਸ ਘਟਨਾ ਤੋਂ ਪਿੱਛੋਂ ਲਗਭਗ ਹਰ ਰਾਤ ਉਹ ਮਰਿਆ ਹੋਇਆ ਬੱਚਾ ਉਸਨੂੰ ਸੁਪਨੇ ਵਿਚ ਦਿਖਾਈ ਦਿੰਦਾ। ਆਪ੍ਰੇਸ਼ਨ ਟੇਬਲ 'ਤੇ ਮਰਿਆ ਬੱਚਾ ਅਚਾਨਕ ਚੀਕਣ ਲੱਗਦਾ---'ਤੂੰ ਮੈਨੂੰ ਮਾਰ ਦਿੱਤਾ ਏ…ਮੈਨੂੰ ਜਿਉਂਦਾ ਕਰ…ਮੈਨੂੰ ਜਿਉਂਦਾ ਕਰ…' ਤੇ ਫੇਰ ਮਰ ਜਾਂਦਾ…ਵਿਭਾ ਤ੍ਰਬਕ ਕੇ ਉਠ ਜਾਂਦੀ ਤੇ ਸੋਚਦੀ…ਕੀ ਇੰਜ ਨਹੀਂ ਹੋ ਸਕਦਾ ਕਿ ਮਰਿਆ ਹੋਇਆ ਬੱਚਾ ਮੁੜ ਜਨਮ ਲੈਣ ਲਈ ਉਸਦੇ ਪੇਟ ਵਿਚ ਆ ਜਾਏ ? ਪਰ ਇਸ ਪਿੱਛੋਂ ਸਭ ਕੁਝ ਬਦਲ ਗਿਆ ਸੀ ਤੇ ਬਿਲਕੁਲ ਬਦਲ ਗਈ ਸੀ, ਵਿਭਾ ਬਰਾਉਨ। ਹੁਣ ਉਹ ਹਰ ਸੰਡੇ ਚਰਚ ਜਾਣ ਲੱਗ ਪਈ ਸੀ…ਸਿਰਹਾਣੇ ਹੇਠ ਬਾਈਬਲ ਰੱਖ ਕੇ ਸੌਣ ਲੱਗ ਪਈ ਸੀ।
ਚਰਚ ਵਿਚ ਹੀ ਉਸਦੀ ਮੁਲਾਕਾਤ ਦੀਪੂ ਤੇ ਰਾਜੂ ਨਾਲ ਹੋਈ ਸੀ। ਦੀਪੂ ਛੋਟਾ ਸੀ, ਸ਼ਾਇਦ ਚਾਰ ਸਾਲ ਦਾ। ਜਦੋਂ ਪ੍ਰੇਅਰ ਲਈ ਸਾਰਿਆਂ ਦੀਆਂ ਅੱਖਾਂ ਬੰਦ ਸਨ, ਉਹ ਕੋਲ ਬੈਠੇ ਦੀਪੂ ਵੱਲ ਇਕ ਟੱਕ ਦੇਖ ਰਹੀ ਸੀ। ਦੀਪੂ ਨੇ ਹੱਥ ਜੋੜੇ ਤੇ ਅੱਖਾਂ ਬੰਦ ਕਰਨ ਦਾ ਇਸ਼ਾਰਾ ਕੀਤਾ। ਉਸਨੇ ਅੱਖਾਂ ਬੰਦ ਕਰ ਲਈਆਂ। ਫੇਰ ਅੱਧੀ ਕੁ ਅੱਖ ਖੋਲ੍ਹ ਕੇ ਦੀਪੂ ਵੱਲ ਦੇਖਿਆ ਤਾਂ ਉਹ ਵੀ ਉਸੇ ਤਰ੍ਹਾਂ ਉਸ ਵੱਲ ਦੇਖ ਰਿਹਾ ਸੀ।
ਤੇ ਫੇਰ ਉਹ ਦੀਪੂ ਦੇ ਲਾਲਚ ਵਿਚ ਚਰਚ ਜਾਣ ਲੱਗੀ ਸੀ।
ਹੌਲੀ ਹੌਲੀ ਉਸ ਘਰ ਵਿਚ ਵੀ ਆਉਣਾ-ਜਾਣਾ ਹੋ ਗਿਆ। ਇੱਥੇ ਹੀ ਰਵੀ ਨਾਲ ਮੁਲਾਕਾਤ ਹੋਈ। ਰਵੀ ਯਾਨੀ ਦੀਪੂ ਦੇ ਪਾਪਾ। ਰਵੀ ਹਮੇਸ਼ਾ ਹੱਸਦੇ ਰਹਿੰਦੇ ਤੇ ਲੱਖ ਮਨ੍ਹਾਂ ਕਰਨ 'ਤੇ ਵੀ ਬੱਚਿਆਂ ਵਾਂਗ ਜ਼ਿਦ ਕਰਕੇ ਸਿਗਰਟ ਪੀਂਦੇ ਰਹਿੰਦੇ। ਕੁਝ ਦਿਨਾਂ ਵਿਚ ਹੀ ਉਸਨੇ ਮਹਿਸੂਸ ਕੀਤਾ ਕਿ ਦੀਪੂ ਤੇ ਰਵੀ ਵਿਚ ਕੋਈ ਖਾਸ ਫ਼ਰਕ ਨਹੀਂ---ਦੋਵੇਂ ਹੀ ਬੱਚੇ ਨੇ।
***
ਇਕ ਰਾਤ ਦੀਪੂ ਨੇ ਜ਼ਿਦ ਕੀਤੀ ਕਿ ਉਹ ਖਾਣਾ ਖਾ ਕੇ ਜਾਏ। ਖਾਣੇ ਦੇ ਚੱਕਰ ਵਿਚ ਦੇਰ ਹੋ ਗਈ। ਮੀਂਹ ਵਰ੍ਹਣ ਲੱਗ ਪਿਆ। ਰਵੀ ਜਾ ਕੇ ਰਿਕਸ਼ਾ ਲੈ ਆਏ। ਉਸਨੂੰ ਹਸਪਤਾਲ ਤਕ ਛੱਡ ਆਉਣ ਲਈ ਖ਼ੁਦ ਵੀ ਨਾਲ ਬੈਠ ਗਿਆ। ਉਸ ਮਨ੍ਹਾਂ ਕਰਨਾ ਚਾਹਿਆ ਪਰ ਕਰ ਨਹੀਂ ਸਕੀ। ਰਿਕਸ਼ਾ ਜਦੋਂ ਸੜਕ 'ਤੇ ਆਇਆ ਤਾਂ ਮੀਂਹ ਹੋਰ ਤੇਜ਼ ਹੋ ਗਿਆ। ਰਵੀ ਨੇ ਰਿਕਸ਼ੇ ਦਾ ਪਰਦਾ ਸੁੱਟ ਲਿਆ। ਹੁਣ ਉਹ ਇਕ ਮਰਦ ਨਾਲ ਇਕ ਛੋਟੀ ਜਿਹੀ ਥਾਂ ਵਿਚ ਕੈਦ ਸੀ। ਸਾਰੀ ਰਾਹ ਇੰਤਜ਼ਾਰ ਕਰਦੀ ਰਹੀ ਕਿ ਹੁਣ ਸ਼ਿਕਾਰੀ ਕੁੱਤਾ ਝਪਟਿਆ…ਹੁਣ ਝਪਟਿਆ। ਪਰ ਇੰਜ ਕੁਝ ਨਹੀਂ ਸੀ ਹੋਇਆ…ਤੇ ਹਸਪਤਾਲ ਆ ਗਿਆ ਸੀ। ਉਹ ਉਤਰ ਗਈ। ਉਸੇ ਰਿਕਸ਼ੇ ਵਿਚ ਰਵੀ ਵਾਪਸ ਚਲੇ ਗਏ। ਜਦੋਂ ਉਹ ਆਪਣੇ ਕੁਆਟਰ ਵਿਚ ਆਈ ਪਤੀ ਦੇਵ ਸਾਹਮਣੇ ਟਹਿਲਦੇ ਨਜ਼ਰ ਆਏ।
'ਕਿੱਥੇ ਚਲੀ ਗਈ ਸੈਂ ?'
ਸੱਚ ਕਹਿਣਾ ਚਾਹੁੰਦਿਆਂ ਹੋਇਆਂ ਵੀ ਕਿਹਾ ਨਹੀਂ ਸੀ ਗਿਆ, 'ਇਕ ਡਾਕਟਰ ਦੇ ਬੇਟੇ ਦੀ ਬਰਥ-ਡੇ ਪਾਰਟੀ ਸੀ, ਉੱਥੇ ਦੇਰ ਹੋ ਗਈ।'
ਫੇਰ ਉਸਨੇ ਜੰਦਰਾ ਖੋਲ੍ਹਿਆ। ਕੱਪੜੇ ਬਦਲ ਕੇ ਸਟੋਵ ਬਾਲਣ ਲੱਗੀ ਤਾਂ ਪਤੀ ਨੇ ਕਿਹਾ, 'ਸਿਰਫ ਆਪਣੇ ਲਈ ਬਣਾਵੀਂ। ਮੈਂ ਹੋਟਲ 'ਚੋਂ ਖਾ ਆਇਆ ਵਾਂ।'
ਉਹ ਮਨ ਹੀ ਮਨ ਸੋਚਣ ਲੱਗੀ---'ਫੇਰ ਏਥੇ ਕਿਉਂ ਆਇਆ ਐਂ ? ਹੋਟਲ ਵਿਚ ਹੀ ਸੌਂ ਜਾਂਦਾ।' ਸਟੋਵ ਦੇ ਬੁਝਦਿਆਂ ਹੀ ਪਤੀ ਨੇ ਕਿਹਾ, 'ਕਿਉਂ, ਖਾਣਾ ਨਹੀਂ ਬਣਾਉਣਾ ?'
'ਨਹੀਂ, ਮੈਂ ਵੀ ਕਾਫੀ ਕੁਝ ਖਾ ਆਈ ਆਂ। ਜੇ ਤੁਸੀਂ ਖਾਂਦੇ ਤਾਂ ਤੁਹਾਡੇ ਨਾਲ…'
'ਓਇ, ਤੂੰ ਖਾਣ-ਖਵਾਉਣ ਉੱਤੇ ਬੜਾ ਜ਼ੋਰ ਦੇਂਦੀ ਏਂ। ਮੈਂ ਏਥੇ ਖਾਣ ਲਈ ਥੋੜ੍ਹਾ ਹੀ ਆਉਂਦਾ ਵਾਂ…' ਪਤੀ ਨੇ ਉਸਨੂੰ ਬਿਸਤਰੇ 'ਤੇ ਸੁੱਟ ਲਿਆ ਸੀ। ਉਹ ਚੁੱਪਚਾਪ ਸ਼ਿਕਾਰੀ ਕੁੱਤੇ ਦੇ ਪੰਜਿਆਂ ਵਿਚ ਚਲੀ ਗਈ ਸੀ…ਜਿੱਥੇ ਕੁਝ ਹੋਣ ਦਾ ਡਰ ਸੀ, ਉੱਥੇ ਕੁਝ ਵੀ ਨਹੀਂ ਸੀ ਹੋਇਆ…ਤੇ ਇੱਥੇ…
'ਇੰਜ, ਏਨੀ ਕੋਲਡ ਕਿਉਂ ਹੁੰਦੀ ਜਾ ਰਹੀ ਏਂ ਤੂੰ ?'
'ਲਗਾਤਾਰ ਕਿੰਨੇ ਸਾਲਾਂ ਤੋਂ ਇਹੀ ਤਾਂ ਕਰਦੇ ਆ ਰਹੇ ਆਂ…ਪਰ ਅੱਜ ਤਕ…' ਉਹ ਫਿਸ ਪਈ ਸੀ। ਪਤੀ ਦੀ ਆਕੜ ਆਪਣੇ ਆਪ ਢਿੱਲੀ ਹੋ ਗਈ। ਦੋਵੇਂ ਚੁੱਪਚਾਪ ਪਏ ਰਹੇ। ਉਸਨੇ ਹੌਸਲਾ ਕਰਦਿਆਂ ਕਿਹਾ ਸੀ, 'ਕਿਉਂ ਨਾ ਅਸੀਂ ਦੋਵੇਂ ਚੈੱਕਅੱਪ ਕਰਵਾ ਲਈਏ…'
ਤੇ ਤੀਜੇ ਦਿਨ...ਜਦੋਂ ਉਹ ਰਿਪੋਰਟ ਲੈ ਕੇ ਆ ਰਹੀ ਸੀ, ਫੇਰ ਉਸਦੀ ਨਜ਼ਰ ਉਸ ਫੱਟੀ ਉੱਤੇ ਪਈ---ਲਿਫਟ ਖ਼ਰਾਬ ਹੈ। ਉਸਨੂੰ ਜਯੋਤੀ ਯਾਦ ਆ ਗਈ…ਜੇ ਅੱਜ ਉਹ ਦਿਸ ਪੈਂਦੀ ਤਾਂ ਵਿਭਾ ਚੀਕ ਚੀਕ ਕੇ ਕਹਿੰਦੀ, 'ਮੇਰੇ ਵਿਚ ਕੋਈ ਖ਼ਰਾਬੀ ਨਹੀਂ…ਮੇਰੇ ਵਿਚ ਕੋਈ ਖ਼ਰਾਬੀ ਨਹੀਂ…'
***
ਵਿਭਾ ਗੈਸ ਬਾਲ ਕੇ ਚਾਹ ਲਈ ਪਾਣੀ ਰੱਖ ਦਿੰਦੀ ਹੈ।
ਉਦੋਂ ਹੀ ਦਰਵਾਜ਼ੇ ਉੱਤੇ ਖਟ-ਖਟ ਹੁੰਦੀ ਹੈ। ਉਹ ਦਰਵਾਜ਼ਾ ਖੋਲ੍ਹਦੀ ਹੈ। ਸਾਹਮਣੇ ਨਰਸ ਖੜ੍ਹੀ ਹੈ, "ਮੈਡਮ ਇਕ ਕੇਸ…"
"ਤੂੰ ਚੱਲ, ਮੈਂ ਆਈ..."
ਵਿਭਾ ਦਰਵਾਜ਼ਾ ਭੀੜ ਕੇ ਗੈਸ ਕੋਲ ਆ ਖੜ੍ਹੀ ਹੁੰਦੀ ਹੈ। ਪਾਣੀ ਉੱਬਲ ਰਿਹਾ ਹੈ। ਪੱਤੀ ਪਾ ਕੇ ਗੈਸ ਬੰਦ ਕਰ ਦਿੰਦੀ ਹੈ। ਫੇਰ ਕੱਪ ਵਿਚ ਚਾਹ ਛਾਣ ਕੇ ਪੀਣ ਲੱਗਦੀ ਹੈ। ਉਦੋਂ ਹੀ ਉਸਨੂੰ ਖ਼ਿਆਲ ਆਉਂਦਾ ਹੈ, ਇਕ ਦਿਨ ਉਹ ਹਾਊਸ ਸਰਜਨ ਕੁਆਟਰ ਵਿਚ ਇਸੇ ਤਰ੍ਹਾਂ ਇਕੱਲੀ ਬੈਠੀ ਚਾਹ ਪੀ ਰਹੀ ਸੀ ਕਿ ਰਵੀ ਆ ਗਏ ਸਨ। ਉਹ ਹੋਰ ਚਾਹ ਬਣਾਉਣ ਲਈ ਉੱਠਣ ਲੱਗੀ, ਤਾਂ ਉਹਨਾਂ ਇਕਦਮ ਫੜ੍ਹ ਕੇ ਬਿਠਾਅ ਦਿੱਤਾ, 'ਨੋ ਦੇਵੀ, ਨੋ ਕਸ਼ਟ ! ਜੇ ਤੁਸੀਂ ਜੂਠੇ ਦਾ ਪਰਹੇਜ਼ ਨਹੀਂ ਕਰਦੇ ਤਾਂ ਇਸੇ ਕੱਪ ਵਿਚੋਂ ਇਕ ਦੋ ਘੁੱਟ ਲੈ ਲਵਾਂਗਾ…'
ਉਸਨੇ ਕੱਪ ਫੜਾ ਦਿੱਤਾ ਸੀ। ਚਾਹ ਪੀਂਦਾ ਹੋਇਆ ਰਵੀ ਉਸ ਨੂੰ ਕਿਸੇ ਮਾਸੂਮ ਬੱਚੇ ਵਰਗਾ ਲੱਗਾ ਸੀ।
'ਬਸ, ਹੁਣ ਤੁਸੀਂ ਪੀਓ…ਮੈਂ ਸਿਗਰਟ ਪੀਆਂਗਾ।'
ਤੇ ਵਿਭਾ ਜੂਠੀ ਚਾਹ ਪੀਂਦੀ ਰਹੀ। ਦੋਵੇਂ ਗੱਲਾਂ ਕਰਦੇ ਰਹੇ। ਚਾਹ ਖ਼ਤਮ ਕਰਕੇ ਉਹ ਕਿਚਨ ਵੱਲ ਗਈ। ਆ ਕੇ ਉਸਨੇ ਇਕ ਟਰੰਕ ਖੋਲ੍ਹਿਆ। ਉਸ ਵਿਚੋਂ ਇਕ ਸਾੜ੍ਹੀ ਕੱਢੀ ਤੇ ਰਵੀ ਕੋਲ ਲੈ ਆਈ, 'ਅੱਜ ਹੀ ਲਿਆਂਦੀ ਏ, ਕੈਸੀ ਹੈ ?'
ਰਵੀ ਨੇ ਸਾੜ੍ਹੀ ਨੂੰ ਆਪਣੇ ਸਿਰ ਉੱਤੇ ਤਾਣ ਲਿਆ, 'ਬੜੀ ਸੁੰਦਰ ! ਪਰ ਤੁਹਾਡੇ ਨਾਲੋਂ ਵੱਧ ਨਹੀਂ…ਅੱਛਾ ਚੱਲਦਾਂ। ਮੌਕਾ ਲੱਗਾ ਤਾਂ ਫੇਰ ਆਵਾਂਗਾ।'
ਉਹ ਜਾਂਦੇ ਹੋਏ ਰਵੀ ਨੂੰ ਦੇਖਦੀ ਰਹੀ। ਫੇਰ ਸਾੜ੍ਹੀ ਨੂੰ ਬੈੱਡ ਉੱਤੇ ਸੁੱਟ ਕੇ ਬੜਬੜਾਈ, 'ਸੁੰਦਰ ਹੈ, ਪਰ ਤੇਰੇ ਦੀਪੂ ਨਾਲੋਂ ਸੁੰਦਰ ਨਹੀਂ।'
ਉਹ ਸਾੜ੍ਹੀ ਬਦਲਣ ਲੱਗੀ ਹੈ। ਕਿੰਨਾ ਸਮਾਂ ਬੀਤ ਗਿਆ…ਉਹ ਹਾਊਸ ਸਰਜਨ ਕੁਆਟਰ 'ਚੋਂ ਨਿਕਲ ਕੇ ਇਸ ਕ੍ਰਿਸਚਿਨ ਹਸਪਤਾਲ ਵਿਚ ਡਾਕਟਰ ਬਣ ਗਈ। ਹਰ ਰੋਜ਼ ਡਲਿਵਰੀ ਕੇਸ, ਹਰ ਰੋਜ਼ ਬੱਚੇ…ਫੇਰ ਵੀ ਉਸਦੇ ਹੱਥ ਖ਼ਾਲੀ ਦੇ ਖ਼ਾਲੀ ਨੇ।
ਉਹ ਖ਼ਾਲੀ ਬੈੱਡ ਨੂੰ ਦੇਖਦੀ ਹੈ। ਸ਼ਾਦੀ ਪਿੱਛੋਂ ਜਦੋਂ ਪਤੀ ਹਾਊਸ ਸਰਜਨ ਕੁਆਟਰ ਵਿਚ ਆਉਂਦਾ ਸੀ, ਉਹ ਟਰੰਕ ਵਿਚੋਂ ਨਵੀਂ ਚਾਦਰ ਕੱਢ ਕੇ ਵਿਛਾਉਂਦੀ ਹੁੰਦੀ ਸੀ। ਪਰ ਇਸ ਕ੍ਰਿਸਚਿਨ ਹਸਪਤਾਲ ਦੇ ਇਸ ਤ੍ਰਿਮੰਜ਼ਲੇ ਕਮਰੇ ਵਿਚ ਪਤੀ ਦੇ ਆਉਣ 'ਤੇ ਉਸਨੇ ਕਦੀ ਚਾਦਰ ਨਹੀਂ ਸੀ ਬਦਲੀ। ਪਰਸੋਂ ਹੀ ਪਤੀ ਆ ਕੇ ਗਿਆ ਹੈ, ਦੋ ਦਿਨ ਰਹਿ ਕੇ। ਕਹਿ ਰਿਹਾ ਸੀ, 'ਤੇਰੀ ਮਾਂ ਬੱਚੇ ਲਈ ਜ਼ਿਦ ਕਰ ਰਹੀ ਹੈ, ਕਹੇਂ ਤਾਂ ਦੂਜੀ ਸ਼ਾਦੀ ਕਰਵਾ ਲਵਾਂ…'
ਉਸਨੇ ਪਤੀ ਦੇ ਚਿਹਰੇ ਵੱਲ ਦੇਖਿਆ। ਉਹ ਪਤੀ ਜਿਹੜਾ ਖ਼ੁਦ ਇਕ ਖ਼ਾਲੀ ਡੱਬਾ ਸੀ…ਗਟਰ ਵਿਚ ਸੁੱਟ ਦਿੱਤੇ ਜਾਣ ਵਾਲਾ। ਪਰ ਹੁਣ ਕੀ ਹੋ ਸਕਦਾ ਹੈ। ਉਸਨੇ ਤਾਂ ਖ਼ੁਦ ਹੀ ਕਿਹਾ ਸੀ---'ਖ਼ਰਾਬੀ ਮੇਰੇ 'ਚ ਹੈ…' ਉਸਦੇ ਦਿਲ ਵਿਚ ਆਇਆ ਜਿਹੜਾ ਸ਼ਿਕਾਰੀ ਕੁੱਤਾ ਉਸ ਨੂੰ ਹੁਣ ਤਕ ਚੂੰਡਦਾ ਰਿਹਾ ਹੈ, ਉਸਦਾ ਮੂੰਹ ਵਲੂੰਧਰ ਸੁੱਟੇ ਤੇ ਕਹੇ ਕਿ ਤੇਰਾ ਅਸਲੀ ਰੂਪ ਇਹੀ ਹੈ। ਪਰ ਉਹ ਇੰਜ ਨਹੀਂ ਸੀ ਕਰ ਸਕੀ…ਤੇ ਪਤੀ ਦੇ ਜਾਣ ਪਿੱਛੋਂ, ਉਸਨੇ ਚਾਦਰ ਚੁੱਕ ਕੇ ਹੇਠਾਂ ਸੁੱਟ ਦਿੱਤੀ ਸੀ…ਧੋਣ ਲਈ।
***
ਵਿਭਾ ਬਿਸਤਰੇ ਦੀ ਚਾਦਰ ਵੱਲ ਦੇਖ ਰਹੀ ਹੈ। ਢੇਰ ਸਾਰੇ ਫੁੱਲ। ਕੱਲ੍ਹ ਸ਼ਾਮੀ ਰਵੀ ਆਏ ਸਨ, ਇਸ ਚਾਦਰ ਨੂੰ ਲੈ ਕੇ ਤੇ ਬਿਸਤਰੇ ਉੱਤੇ ਵਿਛਾਅ ਕੇ ਕਿਹਾ ਸੀ, 'ਕੈਸੀ ਹੈ ?'
'ਬੜੀ ਸੁੰਦਰ, ਪਰ ਤੁਹਾਡੇ ਦੀਪੂ ਨਾਲੋਂ ਵੱਧ ਨਹੀਂ।' ਤੇ ਉਹ ਯਕਦਮ ਰਵੀ ਦੇ ਐਨ ਨੇੜੇ ਆ ਗਈ ਸੀ। ਉਸਨੂੰ ਪਹਿਲੀ ਵਾਰੀ ਲੱਗਿਆ ਸੀ ਕਿ ਬਿਸਤਰੇ ਉੱਤੇ ਫੁੱਲ ਹੀ ਫੁੱਲ ਖਿੜੇ ਹੋਏ ਨੇ…ਤੇ ਖਿੜਦੇ ਹੀ ਜਾ ਰਹੇ ਨੇ…
ਉਹ ਬਿਤਸਰੇ ਉੱਤੇ ਬੈਠ ਜਾਂਦੀ ਹੈ। ਚਾਦਰ ਦੇ ਫੁੱਲਾਂ ਉੱਤੇ ਹੱਥ ਫੇਰਨ ਲੱਗਦੀ ਹੈ। ਫੇਰ ਫਿਸ ਪੈਂਦੀ ਹੈ, 'ਇੰਜ ਕਿਉਂ ਹੋਇਆ…ਕਿਉਂ ਹੋਇਆ ਇੰਜ ! ਮੁਆਫ਼ ਕਰ ਦਿਓ ਮਾਂ…'
ਦਰਵਾਜ਼ੇ ਦੀ ਕੁੰਡੀ ਖੜਕਦੀ ਹੈ।
ਅੱਥਰੂ ਪੂੰਝ ਕੇ ਵਿਭਾ ਉਠਦੀ ਹੈ। ਨਰਸ ਘਬਰਾਈ ਹੋਈ ਖੜ੍ਹੀ ਹੈ, "ਜਲਦੀ ਚੱਲੋ ਮੈਡਮ…"
ਉਹ ਨਰਸ ਦੇ ਪਿੱਛੇ ਪਿੱਛੇ ਚੁੱਪਚਾਪ ਤੁਰ ਪੈਂਦੀ ਹੈ। ਲਿਫਟ ਰਾਹੀਂ ਹੇਠਾਂ ਉਤਰਦੀ ਹੈ। ਵਾਰਡ ਵਿਚ ਜਾਂਦੀ ਹੈ ਇਹ ਸੋਚ ਕੇ ਕਿ ਕੋਈ ਬੱਚਾ ਹੋਏਗਾ…ਪਰ ਉੱਥੇ ਕੁਝ ਹੋਰ ਹੀ ਹੁੰਦਾ ਹੈ। ਜਦੋਂ ਉਹ ਅੱਧੇ ਘੰਟੇ ਬਾਅਦ ਬਾਹਰ ਆਉਂਦੀ ਹੈ ਤਾਂ ਸਾਹਮਣੇ ਔਰਤ ਦਾ ਪਤੀ ਮਿਲਦਾ ਹੈ, "ਕੀ ਹੋਇਆ ?"
ਉਹ ਡਰਦੀ ਡਰਦੀ ਕਹਿੰਦੀ ਹੈ, "ਅਬਾਰਸ਼ਨ…"
ਪਤੀ ਇਕ ਲੰਮਾ ਸਾਹ ਛੱਡਦਾ ਹੈ, "ਬਹੁਤ ਬਹੁਤ ਸ਼ੁਕਰੀਆ ! ਹਰ ਸਾਲ ਇਕ ਬੱਚਾ, ਮੈਂ ਤਾਂ ਪ੍ਰੇਸ਼ਾਨ ਹੋ ਗਿਆ ਸਾਂ ਮੈਡਮ…"
ਵਿਭਾ ਉਸ ਆਦਮੀ ਵੱਲ ਗੌਰ ਨਾਲ ਦੇਖਦੀ ਹੈ। ਕਿੰਨਾ ਖੁਸ਼ ਹੈ ! ਫੇਰ ਉਹ ਹੌਲੀ ਹੌਲੀ ਲਿਫਟ ਵੱਲ ਤੁਰ ਪੈਂਦੀ ਹੈ। ਦਰਵਾਜ਼ਾ ਖੋਲ੍ਹਣ ਲੱਗਦੀ ਹੈ ਤਾਂ ਦਰਬਾਨ ਕਹਿੰਦਾ ਹੈ, "ਮੇਮ ਸਾਹਬ ! ਲਿਫਟ ਥੋੜ੍ਹੀ ਦੇਰ ਪਹਿਲਾਂ ਖ਼ਰਾਬ ਹੋ ਗਈ ਏ।"
ਉਹ ਬੰਦ ਪਈ ਲਿਫਟ ਵੱਲ ਦੇਖਦੀ ਹੋਈ ਸੋਚ ਰਹੀ ਹੈ---ਹਰ ਵਾਰੀ ਜਦੋਂ ਉਹ ਵਾਰਡ ਵਿਚੋਂ ਬਾਹਰ ਨਿਕਲਦੀ ਸੀ ਤਾਂ ਨਵੇਂ ਜੰਮੇ ਬੱਚੇ ਦੀ ਆਵਾਜ਼ ਦੂਰ ਤਕ ਉਸਦਾ ਪਿੱਛਾ ਕਰਦੀ ਸੀ। ਪਰ ਅੱਜ ਬਿਲਕੁਲ ਖ਼ਾਮੋਸ਼ੀ ਹੈ। ਜੇ ਅੱਜ ਜਯੋਤੀ ਹੁੰਦੀ ਤਾਂ ਉਹ ਜ਼ਰੂਰ ਕਹਿੰਦੀ, 'ਲਿਫਟ ਸੱਚਮੁੱਚ ਖ਼ਰਾਬ ਹੈ ਡੀਅਰ।'
***
ਉਹ ਪਿਛਲੀਆਂ ਪੌੜੀਆਂ ਰਾਹੀਂ ਉਪਰ ਜਾਣ ਲਈ ਘੁੰਮ ਕੇ ਬਾਹਰ ਆਉਂਦੀ ਹੈ। ਹਨੇਰਾ ਹੋ ਗਿਆ ਹੈ। ਲਾਈਟਾਂ ਜਗ ਪਈਆਂ ਹਨ। ਉਹ ਥੱਕੇ ਕਦਮਾਂ ਨਾਲ ਤੁਰ ਰਹੀ ਹੈ। ਉਦੋਂ ਹੀ ਉਸਦੀ ਨਜ਼ਰ ਮਦਰ ਮੈਰੀ ਦੀ ਮੂਰਤ ਉੱਤੇ ਜਾ ਪੈਂਦੀ ਹੈ। ਇਕ ਕੋਨੇ ਵਿਚ ਮਾਂ ਮਰੀਅਮ ਤੇ ਗੋਦ ਵਿਚ ਬਾਲ ਜੀਸਸ। ਉਹ ਰੁਕ ਜਾਂਦੀ ਹੈ। ਕਿੰਨੀਂ ਵੀ ਇਕਾਂਤ ਕਿਉਂ ਨਾ ਹੋਵੇ…ਜੇ ਕੋਲ ਇਕ ਬੱਚਾ ਹੋਵੇ ਤਾਂ ਕੋਈ ਵੀ ਔਰਤ ਇੰਜ ਜਿਊਂ ਸਕਦੀ ਹੈ।
ਹੁਣ ਵਿਭਾ ਮਦਰ ਮੈਰੀ ਦੇ ਐਨ ਸਾਹਮਣੇ ਆ ਕੇ ਖੜ੍ਹੀ ਹੋ ਜਾਂਦੀ ਹੈ। ਚੁੱਪਚਾਪ ! ਇਕ ਟੱਕ ਗੋਦੀ ਚੁੱਕੇ ਬਾਲ ਵੱਲ ਦੇਖਦੀ ਰਹਿੰਦੀ ਹੈ। ਫੇਰ ਹੌਲੀ ਜਿਹੀ ਹੱਥ ਵਧਾਅ ਕੇ ਉਸ ਨੂੰ ਛੂੰਹਦੀ ਹੈ…ਤੇ ਅਚਾਨਕ ਕਿਸੇ ਬਾਲੜੀ ਵਾਂਗ ਰੋਣ ਲੱਗ ਪੈਂਦੀ ਹੈ, 'ਮੁਆਫ਼ ਕਰ ਦਿਓ ਮਾਂ…ਇੰਜ ਕਿਉਂ ਹੋਇਆ ?...ਮੈਂ ਤਾਂ ਸਿਰਫ ਇਕ ਦੀਪੂ ਚੁਰਾਉਣਾ ਚਾਹਿਆ ਸੀ…ਪਰ ਜਦੋਂ ਉਹ ਸਭ ਕੁਝ ਗਿਆ ਸੀ ਤੇ ਮੇਰੀਆਂ ਅੱਖਾਂ ਵਿਚ ਖੁਸ਼ੀ ਦੇ ਅੱਥਰੂ ਤੈਰਨ ਲੱਗੇ ਸਨ ਤਾਂ…ਤਾਂ ਰਵੀ ਨੇ ਕਿਹਾ ਸੀ, 'ਰੋ ਨਾ ਵਿਭਾ…ਡਰਨ ਵਾਲੀ ਕੋਈ ਗੱਲ ਨਹੀਂ, ਮੇਰਾ ਆਪ੍ਰੇਸ਼ਨ ਹੋਇਆ ਹੋਇਆ ਏ…'!'
ਤੇ ਵਿਭਾ ਮਾਂ ਮਰੀਅਮ ਦੇ ਪੈਰਾਂ 'ਤੇ ਸਿਰ ਰੱਖ ਕੇ ਰੋਂਦੀ ਰਹਿੰਦੀ ਹੈ, 'ਮੁਆਫ਼ ਕਰ ਦਿਓ ਮਾਂ…ਮੁਆਫ਼ ਕਰ ਦਿਓ ਮਾਂ…ਮੁਆਫ਼ ਕਰ ਦਿਓਮਾਂ…!'

No comments:

Post a Comment