Friday, March 6, 2009

ਕਾਮਰੇਡ ਗੁਲਮੋਹਰ :: ਲੇਖਕ : ਬੀਰ ਰਾਜਾ

ਉਰਦੂ ਕਹਾਣੀ : ਕਾਮਰੇਡ ਗੁਲਮੋਹਰ :: ਲੇਖਕ : ਬੀਰ ਰਾਜਾ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.
ਇਹ ਕਹਾਣੀ ਲਕੀਰ ਅੰਕ :103 : ਅਕਤੂਬਰ-ਦਸੰਬਰ 2007. ਵਿਚ ਛਪਿਆ ਹੈ।

ਪਾਰਕ ਤਾਂ ਉਹੀ ਸੀ। ਪਰ ਕਾਮਰੇਡ ਆਨੰਦ ਦੇ ਦਿਖਾਈ ਨਾ ਦੇਣ ਕਰਕੇ ਇੰਜ ਲੱਗਿਆ ਸੀ, ਜਿਵੇਂ ਇਹ ਕੋਈ ਹੋਰ ਪਾਰਕ ਹੋਵੇ। ਨਾ ਹੀ ਇਸ ਵਿਚ ਗੁਲਮੋਹਰ ਦੇ ਸੁਰਖ਼ ਫੁੱਲ ਦਿਖਾਈ ਦਿੱਤੇ ਸਨ। ਉਹ ਗੁਲਮੋਹਰ ਦਾ ਮੌਸਮ ਸੀ, ਅੰਗਿਆਰਾਂ ਵਾਂਗ ਭਖ਼ਦੇ ਫੁੱਲਾਂ ਦੀ ਬਹਾਰ…ਪਰ ਸਾਹਮਣੇ ਸੀ, ਇਕ ਯਤੀਮ ਜਿਹਾ ਗੁਲਮੋਹਰ, ਜਿਸ ਉੱਤੇ ਇਕੋ ਫੁੱਲ ਦਿਖਾਈ ਦਿੱਤਾ…ਦਰਅਸਲ ਪਾਰਕ ਦੀ ਕਲਪਨਾ ਕਾਮਰੇਡ ਆਨੰਦ ਤੇ ਗੁਲਮੋਹਰ ਦੇ ਫੁੱਲਾਂ ਬਿਨਾਂ ਕੀਤੀ ਵੀ ਨਹੀਂ ਸੀ ਜਾ ਸਕਦੀ।
ਓਹਨੀਂ ਦਿਨੀਂ ਉਹ ਦੀਵਾਨਗੀ ਦੀ ਹੱਦ ਤਕ ਪਾਰਕ ਨਾਲ ਜੁੜਿਆ ਹੋਇਆ ਸੀ। ਅਸਾਂ ਸਾਰਿਆਂ ਮਜ਼ਾਕ ਨਾਲ ਉਸਦਾ ਨਾਂ ਹੀ ਕਾਮਰੇਡ ਗੁਲਮੋਹਰ ਰੱਖ ਦਿੱਤਾ ਸੀ ਤੇ ਉਸਨੂੰ ਚਿੜਾਉਣ ਖਾਤਰ ਇਸੇ ਨਾਂ ਨਾਲ ਬੁਲਾਉਂਦੇ ਹੁੰਦੇ ਸਾਂ। ਇਕ ਵਾਰੀ ਉਸਨੇ ਚਿੜ ਕੇ ਕਿਹਾ ਸੀ ਕਿ 'ਕਾਮਰੇਡ ਤੂੰ ਇਹਨਾਂ ਫੁੱਲਾਂ ਦਾ ਮਹੱਤਵ ਨਹੀਂ ਸਮਝ ਰਿਹਾ। ਲੂ ਤੇ ਝੁਲਸਾਅ ਦੇਣ ਵਾਲੀਆਂ ਬੇਰਹਿਮ ਹਵਾਵਾਂ ਸਾਰੇ ਫੁੱਲਾਂ ਨੂੰ ਤਬਾਹ ਕਰ ਦੇਂਦੀਆਂ ਨੇ। ਬੂਟੇ ਸੁੱਕ-ਸੜ ਜਾਂਦੇ ਨੇ। ਉਸ ਸਮੇਂ ਗੁਲਮੋਹਰ ਹੀ ਟਿਕ ਕੇ ਖੜ੍ਹਦੇ ਨੇ।' ਉਸ ਲਈ ਗੁਲਮੋਹਰ ਦ੍ਰਿੜਤਾ ਤੇ ਸਿਰੜ ਦੇ ਪ੍ਰਤੀਕ ਸਨ।
ਓਹਨੀਂ ਦਿਨੀਂ ਉਹ ਗੁਲਮੋਹਰ ਦੇ ਝੂੰਡ ਹੇਠ ਲੇਟਿਆ, ਇਨਕਲਾਬੀ ਗੀਤ ਗਾਉਂਦਾ ਰਹਿੰਦਾ :
'ਗੁਜਰ ਭੀ ਜਾ ਕਿ ਤੇਰਾ ਇੰਤਜ਼ਾਰ ਕਬ ਸੇ ਹੈ…
ਤੇਰੇ ਲੀਏ ਯਹ ਜ਼ਮੀਂ ਬੇਕਰਾਰ ਕਬ ਸੇ ਹੈ…'

ਪਾਰਕ ਦੀ ਚੋਣ ਵੀ ਆਨੰਦ ਦੀ ਪਸੰਦ ਨਾਲ ਹੀ ਹੋਈ ਸੀ।
ਆਜ਼ਾਦੀ ਤੋਂ ਬਾਅਦ ਨਵੀਂ ਦਿੱਲੀ ਦੀ ਆਲੀਸ਼ਾਨ ਦੁਨੀਆਂ ਵਿਚ ਸਾਡੇ ਕੋਲ ਉਠਣ-ਬੈਠਣ ਦਾ ਕੋਈ ਠਿਕਾਣਾ ਨਹੀਂ ਸੀ। ਖਾਣ-ਪੀਣ ਦੀ ਮਦਦ ਕਨਾਟ ਪਲੇਸ ਦੇ ਫੁੱਟਪਾਥ ਉੱਪਰ ਬੈਠਣ ਵਾਲੇ ਸ਼ਰਨਾਰਥੀਆਂ ਦੇ ਢਾਬਿਆਂ ਵਿਚ ਕੰਮ ਕਰਦੇ ਸਾਥੀਆਂ ਤੋਂ ਮਿਲ ਜਾਂਦੀ। ਆਰਾਮ ਲਈ ਇੱਧਰ-ਉੱਧਰ ਭਟਕਣਾ ਪੈਂਦਾ ਸੀ…
"ਓਧਰ ਵੇਖੋ," ਇਕ ਦਿਨ ਆਨੰਦ ਦੀਆਂ ਨਜ਼ਰਾਂ ਗੁਲਮੋਹਰਾਂ ਉੱਤੇ ਟਿਕੀਆਂ ਹੋਈਆਂ ਸਨ ਤੇ ਉਹ ਖੁਸ਼ੀ ਨਾਲ ਕੂਕਿਆ ਸੀ, "ਸਾਡੀ ਜਗ੍ਹਾ ਉਹੀ ਹੈ।"
ਮਈ ਦੇ ਦਿਨ ਸਨ। ਹਵਾ ਦੇ ਵੇਗ ਨਾਲ ਰੁੱਖ ਇੰਜ ਝੂਲ ਰਹੇ ਸਨ ਜਿਵੇਂ ਹੁਣੇ ਉੱਖੜ ਕੇ ਨੱਸ ਜਾਣਗੇ। ਗੋਲਾਕਾਰ ਪਾਰਕ ਦੇ ਚਾਰੇ ਪਾਸੇ ਹਰੇ-ਹਰੇ ਰੁੱਖ ਸਨ। ਉਹਨਾਂ ਵਿਚ ਇਕੋ ਜਗ੍ਹਾ ਗੁਲਮੋਹਰਾਂ ਦਾ ਝੁੰਡ ਸੀ। ਉਹਨਾਂ ਰੁੱਖਾਂ ਉੱਤੇ ਏਨੇ ਜ਼ਿਆਦਾ ਲਾਲ ਫੁੱਲ ਸਨ ਕਿ ਇਹ ਗੁਮਾਨ ਹੀ ਨਹੀਂ ਸੀ ਹੁੰਦਾ ਕਿ ਉਹਨਾਂ ਉੱਪਰ ਹਰੇ ਪੱਤੇ ਵੀ ਹਨ---ਤਿੰਨਾਂ-ਚਾਰਾਂ ਉੱਪਰ ਤਾਂ ਸਿਰਫ ਫੁੱਲ ਹੀ ਫੁੱਲ ਸਨ। ਉਹ ਦ੍ਰਿਸ਼ ਕਿਸੇ ਜਾਦੂ ਨਾਲੋਂ ਘੱਟ ਨਹੀਂ ਸੀ---ਧਰਤੀ ਤੋਂ ਆਕਾਸ਼ ਵੱਲ ਉਠ ਰਹੀਆਂ ਅੱਗ ਦੀਆਂ ਲਾਟਾਂ ਜਿਹੀਆਂ। ਉੱਥੇ ਬੋਗਲ ਬਿਲੀਆ ਦੀਆਂ ਵੇਲਾਂ, ਲਿੱਲੀ ਦੇ ਫੁੱਲ ਤੇ ਗੁਲਾਬ ਵੀ ਸਨ, ਪਰ ਸਾਨੂੰ ਗੁਲਮੋਹਰ ਹੀ ਬੁਲਾਅ ਰਹੇ ਸਨ।
ਉਂਜ ਵੇਖੀਏ ਤਾਂ ਨਿੱਕੀ ਜਿਹੀ ਗੱਲ ਹੈ ਇਹ, ਪਰ ਓਹਨਾਂ ਦਿਨਾਂ ਦੇ ਸਰੂਰ ਵਿਚ ਕੋਈ ਮੋਰਚਾ ਫਤਿਹ ਕਰ ਲੈਣ ਨਾਲੋਂ ਵੀ ਵੱਡੀ ਸੀ। ਅਸੀਂ ਸਾਰੇ ਪਾਗਲਾਂ ਵਾਂਗ ਸੜਕ ਪਾਰ ਕਰਕੇ, ਰੁੱਖਾਂ ਹੇਠ ਪਹੁੰਚ ਗਏ। ਘਾਹ ਉੱਪਰ ਕਿਰੇ ਸੁਰਖ਼ ਫੁੱਲਾਂ ਦੇ ਕਾਲੀਨ ਉੱਪਰ ਲੇਟ ਕੇ ਕੁਝ ਚਿਰ ਲਈ ਤਾਂ ਆਪਣੀਆਂ ਸਰਗਰਮੀਆਂ ਵੀ ਭੁੱਲ ਗਏ ਤੇ ਸਾਰੇ ਇਕ ਸੁਰ ਵਿਚ ਇਨਕਲਾਬੀ ਗੀਤ ਗਾਉਣ ਲੱਗੇ…ਸਾਡੇ ਇਰਦ-ਗਿਰਦ ਖਾਸੀ ਭੀੜ ਇਕੱਠੀ ਹੋ ਗਈ ਸੀ।
ਪਾਰਕ ਸਾਡੀਆਂ ਰਾਜਨੀਤਕ ਗਤੀ-ਵਿਧੀਆਂ ਦਾ ਕੇਂਦਰ ਬਣ ਗਿਆ। ਜਦੋਂ ਤੱਕ ਇਰਵਿਨ ਰੋਡ ਦੇ ਖੋਖੋ ਵਿਚ ਦਫ਼ਤਰ ਨਹੀਂ ਸੀ ਖੁੱਲ੍ਹਿਆ, ਉਦੋਂ ਤੱਕ ਇਹ ਪਾਰਕ ਹੀ ਸਾਡੇ ਲਈ ਸਭ ਕੁਝ ਸੀ। ਸਾਰੇ ਸਾਥੀ ਉੱਥੇ ਆਣ ਜੁੜਦੇ, ਉੱਥੇ ਹੀ ਗੋਸ਼ਟੀਆਂ ਹੁੰਦੀਆਂ, ਸਾਰੇ ਫੈਸਲੇ ਲਏ ਜਾਂਦੇ, ਰਾਤ ਨੂੰ ਪਾਰਟੀ ਸਿੱਖਿਆ ਦੀਆਂ ਕਲਾਸਾਂ ਲੱਗਦੀਆਂ। ਜਿਸਨੂੰ ਜਦੋਂ ਵਿਹਲ ਮਿਲਦੀ ਉੱਥੇ ਪਹੁੰਚ ਜਾਂਦਾ।
ਇਸੇ ਕਰਕੇ ਪਾਰਕ ਅੱਜ ਤਕ ਸਾਰੇ ਸਾਥੀਆਂ ਦਾ ਅੱਡਾ ਬਣਿਆ ਹੋਇਆ ਹੈ। ਜੋ ਬਾਹਰੋਂ ਆਉਂਦਾ ਹੈ, ਸਭ ਤੋਂ ਪਹਿਲਾਂ ਇੱਥੇ ਹੀ ਪਹੁੰਚਦਾ ਹੈ। ਇਸ ਬਹਾਨੇ ਪੁਰਾਣੇ ਸਾਥੀਆਂ ਨਾਲ ਮੁਲਾਕਾਤ ਵੀ ਹੋ ਜਾਂਦੀ ਹੈ। ਕਿਸੇ ਜਲੂਸ ਵਾਲੇ ਦਿਨ ਤਾਂ ਪਾਰਕ ਮੇਲੇ ਵਾਂਗ ਭਰਿਆ ਹੁੰਦਾ ਹੈ।
ਇੱਥੇ ਪਹੁੰਚ ਕੇ ਆਨੰਦ ਨੂੰ ਵੇਖਦਿਆਂ ਹੀ ਮੈਂ ਉਹਨਾਂ ਜੋਸ਼ੀਲੇ ਦਿਨਾਂ ਵਿਚ ਪਹੁੰਚ ਜਾਂਦਾ ਹਾਂ, ਜਦੋਂ ਅਸੀਂ ਲਾਲ ਫੁੱਲਾਂ ਵਾਂਗ ਮਘਦੇ ਹੁੰਦੇ ਸਾਂ ਤੇ ਸਰੂਰ ਵਿਚ ਮੁਸੀਬਤਾਂ ਨਾਲ ਜੂਝ ਰਹੇ ਹੁੰਦੇ ਸਾਂ। ਪੁਲਿਸ ਦੀ ਮਾਰ ਖਾਂਦੇ, ਅੰਦਰ ਬੰਦ ਕਰ ਦਿੱਤੇ ਜਾਂਦੇ। ਬਾਹਰ ਆਉਂਦਿਆਂ ਹੀ ਫੇਰ ਮੋਰਚਿਆਂ 'ਤੇ ਡਟ ਜਾਂਦੇ। ਆਜ਼ਾਦੀ ਤੋਂ ਬਾਅਦ ਵਾਲੇ ਰੋਹੀਲੇ ਗਰਮ ਦਿਨ, ਪਾਰਟੀ ਸਾਹਿਤ ਦੀਆਂ ਫੇਰੀਆਂ, ਫੰਡ ਲਈ ਭੱਜ-ਨੱਠ---ਇਕ ਅਲੋਪ ਹੋ ਰਹੀ ਦੁਨੀਆਂ, ਸਾਕਾਰ ਹੋ ਉਠਦੀ।
ਪਾਰਕ ਵਿਚ ਸਾਥੀ ਬਹਿਸਾਂ ਵਿਚ ਖੁੱਭੇ---ਕੁਝ ਭੁੱਲਦੇ, ਕੁਝ ਯਾਦ ਕਰਦੇ---ਆਪਣੀ ਸਹਿਜ ਜ਼ਿੰਦਗੀ ਨਾਲੋਂ ਬਿਲਕੁਲ ਹੀ ਵੱਖ ਲੱਗ ਰਹੇ ਸਨ। ਇੱਥੇ ਮੇਰੇ ਨਾਲ ਵੀ ਇੰਜ ਹੀ ਹੁੰਦਾ ਹੈ…ਹਮੇਸ਼ਾ।
ਕਾਮਰੇਡ ਆਨੰਦ ਕਿਸੇ ਮੰਡਲੀ, ਕਿਸੇ ਟੋਲੀ, ਕਿਸੇ ਬੈਂਚ, ਗੁਲਮੋਹਰ ਹੇਠ ਘਾਹ ਉੱਪਰ---ਕਿਤੇ ਵੀ ਨਹੀਂ ਸੀ।
ਮੈਂ ਫੁਆਰੇ ਕੋਲ ਚਲਾ ਗਿਆ। ਉਹ ਉੱਥੇ ਵੀ ਨਹੀਂ ਸੀ। ਕੁਝ ਵਰ੍ਹੇ ਪਹਿਲਾਂ ਉਹ ਇਹਨਾਂ ਫੁਆਰਿਆਂ ਦੀ ਫੁਆਰ ਹੇਠ ਭਿੱਜਦਾ ਹੋਇਆ ਦਿਖਾਈ ਦਿੱਤਾ ਸੀ…ਪਾਣੀ ਉੱਪਰ ਤੈਰਦੀਆਂ ਹੋਈਆਂ ਬੀਅਰ ਦੀਆਂ ਖਾਲੀ ਬੋਤਲਾਂ ਨੂੰ ਵੇਖਦਾ ਹੋਇਆ। ਫੁਆਰੇ ਦੇ ਬਨੇਰਿਆਂ ਉੱਪਰ ਵੀ ਬੀਅਰ ਦੀਆਂ ਬੋਤਲਾਂ ਪਈਆਂ ਸਨ। ਨੀਲੀਆਂ ਜੀਨਾਂ ਵਾਲੇ ਮੁੰਡੇ-ਕੁੜੀਆਂ ਦਾ ਇਕ ਝੁੰਡ ਸ਼ਰੇਆਮ ਬੀਅਰ ਪੀਂਦਿਆਂ ਹੋਇਆਂ ਮੌਜ-ਮਸਤੀਆਂ ਮਾਣ ਰਿਹਾ ਸੀ। ਕੁੜੀਆਂ ਦੇ ਖੁੱਲ੍ਹੇ ਬਟਨਾਂ ਵਾਲੇ ਸੀਨੇ, ਕਾਮੁਕਤਾ ਜਗਾਉਂਦੇ ਹੋਏ ਮਜ਼ਾਕ, ਅਸ਼ਲੀਲ ਇਸ਼ਾਰੇ---ਅੰਗਰੇਜ਼ੀ ਵਿਚ ਉਛਾਲੇ ਜਾ ਰਹੇ ਫਿਕਰੇ ! ਜਿਹੜੀ ਬੋਤਲ ਖਾਲੀ ਹੋ ਜਾਂਦੀ, ਉਸਨੂੰ ਘੁਮਾਅ ਕੇ ਪਾਣੀ ਵੱਲ ਉਛਾਲ ਦਿੱਤਾ ਜਾਂਦਾ। ਉਹਨਾਂ ਵਿਚ ਸਾਡੇ ਦਲ ਦੇ ਨੇਤਾ ਦਾ ਮੁੰਡਾ ਵੀ ਸੀ, ਜਿਸਦੀ ਤਾਲੀਮ ਦੂਜੇ ਲੀਡਰਾਂ ਦੇ ਮੁੰਡਿਆਂ ਵਾਂਗ ਹੀ ਵਿਦੇਸ਼ ਵਿਚ ਹੋਈ ਸੀ। ਸ਼ਰਾਬ ਉੱਤੇ ਪਾਬੰਦੀ ਸੀ, ਕਿਸੇ ਆਮ ਜਗ੍ਹਾ ਪੀਣ ਦੀ ਸਖ਼ਤ ਮਨਾਹੀ ਸੀ…ਪਰ ਉਹਨਾਂ ਨੂੰ ਕੋਈ ਡਰ ਨਹੀਂ ਸੀ। ਉਹ ਸ਼ਰੇਆਮ ਅੱਯਾਸ਼ੀ ਫੁਰਮਾਅ ਰਹੇ ਸਨ। ਰਾਜਧਾਨੀ ਵਿਚ ਉਹਨਾਂ ਦਾ ਪੀਣਾ, ਸ਼ਰੇਆਮ ਖਿੜ-ਖਿੜ ਕਰਕੇ ਹੱਸਣਾ, ਆਜ਼ਾਦੀ ਤੋਂ ਬਾਅਦ ਪੂੰਘਰੇ ਉੱਚ-ਵਰਗ ਦੀ ਬੇਫਿਕਰੀ ਸੀ। ਉਹ ਉਸ ਜ਼ਿੰਦਗੀ ਦੀ ਨੁਮਾਇਸ਼ ਕਰ ਰਹੇ ਸਨ, ਜਿਹੜੀ ਵੀਹ-ਤੀਹ ਵਰ੍ਹਿਆਂ ਵਿਚ, ਪੈਰਾਂ-ਸਿਰ ਹੋ ਚੁੱਕੀ ਸੀ। ਉਸ ਦਿਨ ਆਨੰਦ ਦੇ ਪ੍ਰਤੀ ਮਨ ਵਿਚ ਸਤਿਕਾਰ ਪੈਦਾ ਹੋ ਗਿਆ ਸੀ ਕਿ ਓਹਨੀਂ ਦਿਨੀਂ ਉਹੀ ਠੀਕ ਹੁੰਦਾ ਸੀ। ਕਿਸੇ ਨੇ ਉਸਦੀ ਗੱਲ ਨਹੀਂ ਸੀ ਮੰਨੀ---ਪਿੱਛੋਂ ਸਾਰੇ ਕਾਮਰੇਡ ਉਸ ਦੀਆਂ ਗੱਲਾਂ ਨੂੰ ਆਪਣੀਆਂ ਬਣਾਅ ਕੇ ਕਰਦੇ…ਕੋਈ ਉਸਦਾ ਨਾਂ ਵੀ ਨਾ ਲੈਂਦਾ। ਵੱਡੀ ਦੁਨੀਆਂ ਦੇ ਸੁਪਨੇ ਦੇਖਣ ਵਾਲੇ ਖ਼ੁਦ ਕੇਡੀ ਛੋਟੀ ਦੁਨੀਆਂ ਵਿਚ ਰਹਿ ਰਹੇ ਸਨ।
ਉਸ ਦਿਨ ਵੀ ਜਲੂਸ ਨਿਕਲਣਾ ਸੀ। ਮੈਂ ਕਾਫੀ-ਹਾਊਸ 'ਚੋਂ ਨਿਕਲ ਕੇ ਫੁਆਰੇ ਕੋਲ ਪਹੁੰਚਿਆ ਸਾਂ। ਉਦੋਂ ਸਾਹਮਣੇ ਹੀ ਕਾਫੀ-ਹਾਊਸ ਹੁੰਦਾ ਸੀ। ਉੱਥੇ ਮੈਂ ਬੜੀ ਦੇਰ ਤੱਕ ਕਾਮਰੇਡਾਂ ਤੇ ਪੱਤਰਕਾਰਾਂ ਵਿਚ ਘਿਰਿਆ ਬੈਠਾ ਰਿਹਾ ਸਾਂ। ਉਹ ਜਨਵਾਦ, ਸਾਮਵਾਦ ਤੇ ਹੋਰਨਾਂ ਸਮੱਸਿਆਵਾਂ ਉੱਪਰ ਉਸੇ ਗੰਭੀਰਤਾ ਨਾਲ ਗੱਲਾਂ ਕਰ ਰਹੇ ਸਨ, ਜਿਸ ਤਰ੍ਹਾਂ ਕਈ ਵਰ੍ਹੇ ਪਹਿਲਾਂ ਕਰਦੇ ਹੁੰਦੇ ਸਨ…ਉਹਨਾਂ ਨੂੰ ਆਪਣੀ ਪਿੱਠ ਪਿੱਛੇ ਖਲੋਤੀਆਂ ਬਹੁ-ਮੰਜ਼ਿਲਾ ਇਮਾਰਤਾਂ ਦੀ ਸੁੱਧ ਨਹੀਂ ਸੀ, ਜਿਹੜੀਆਂ ਸਦਨ ਤੱਕ ਜੜਾਂ ਪਸਾਰ ਚੁੱਕੀਆਂ ਸਨ। ਨਾ ਹੀ ਉਹਨਾਂ ਨੂੰ ਪਾਰਕ ਵਿਚ ਬੈਠੇ ਹੋਏ ਲੋਕਾਂ ਦਾ ਖ਼ਿਆਲ ਸੀ, ਤੇ ਨਾ ਹੀ ਫੁਆਰਿਆਂ ਦੀ ਓਟ ਵਿਚ ਹੋ ਰਹੀ ਅੱਯਾਸ਼ੀ ਦਾ। ਕਦੀ ਆਨੰਦ ਨੇ ਸੱਚ ਹੀ ਕਿਹਾ ਸੀ ਕਿ ਜੋ ਲਾਈਨ ਪਾਰਟੀ ਅਪਣਾਉਣ ਲੱਗੀ ਹੈ, ਜਦੋਂ ਉਸਦੇ ਨਤੀਜੇ ਸਾਹਮਣੇ ਆਉਣਗੇ ਤਾਂ ਅਸੀਂ ਸਾਰੇ ਹੱਥ ਮਲਦੇ ਰਹਿ ਜਾਵਾਂਗੇ…ਤੇ ਇਕ ਨਵਾਂ ਸ਼ਕਤੀਸ਼ਾਲੀ ਵਰਗ ਸਾਡੇ ਸਿਰਾਂ ਉੱਪਰ ਸਵਾਰ ਹੋਏਗਾ…"ਪਰ ਤੂੰ ਕਦੀ ਪਿੱਛੇ ਨਾ ਹਟੀਂ।"
ਗੁਲਮੋਹਰ ਦੇ ਝੁਰਮਟ ਹੇਠ ਹੀ ਇਕ ਵਾਰੀ ਉਸਨੇ ਮੇਰੇ ਹੱਥ ਫੜ੍ਹ ਕੇ ਮੇਰੀਆਂ ਅੱਖਾਂ ਵਿਚ ਝਾਕਿਦਆਂ ਹੋਇਆਂ ਕਿਹਾ ਸੀ, "ਵਾਰੀ-ਵਾਰੀ ਬਦਲਣ ਵਾਲੀ ਲਾਈਨ, ਸਾਨੂੰ ਆਪਣੇ ਮਕਸਤ ਤੋਂ ਬਹੁਤ ਦੂਰ ਲਿਜਾਅ ਰਹੀ ਹੈ। ਹੁਣ ਜੇ ਅਸੀਂ ਹੀ ਪਿੱਛੇ ਹਟ ਗਏ, ਤਾਂ ਪਾਰਟੀ ਦਾ ਕੀ ਬਣੇਗਾ?"
ਉਸਦੀਆਂ ਅੱਖਾਂ 'ਚ ਅੰਗਿਆਰ ਮਘ ਰਹੇ ਸਨ, ਉਸ ਦਿਨ। ਪੂਰੀ ਤਲਖ਼ੀ ਤੇ ਜੋਸ਼ ਨਾਲ ਇਕ ਹਲਚਲ ਦੀ ਨਵੀਂ ਸ਼ੁਰੂਆਤ ਵੀ ਸੀ, ਉਹਨਾਂ ਅੱਖਾਂ ਵਿਚ। ਕੁਝ ਵਰ੍ਹਿਆਂ ਦਾ ਜੋ ਪਾਰਟੀ ਵਿਚ ਹੋ ਰਿਹਾ ਸੀ, ਉਹ ਉਸਨੂੰ ਪਸੰਦ ਨਹੀਂ ਸੀ।
"ਜਦੋਂ ਸਾਰਿਆਂ ਨੂੰ ਨਾਲ ਲੈ ਕੇ ਲੜਨ ਦੀ ਜ਼ਰੂਰਤ ਹੁੰਦੀ ਹੈ ਤਾਂ ਉਪਰੋਂ ਲਈਨ ਆਉਂਦੀ ਏ ਕਿ ਇਕੱਲੇ ਲੜੋ।…ਜਦੋਂ ਇਕੱਲੇ ਲੜਨਾ ਠੀਕ ਹੁੰਦਾ ਏ ਤਾਂ ਕਿਹਾ ਜਾਂਦਾ ਹੈ, ਸਮਝੌਤੇ ਦੀ ਨੀਤੀ ਅਪਣਾਓ…ਕੀ ਅਸੀਂ ਇੰਜ ਹੀ ਖ਼ਤਮ ਹੋ ਜਾਵਾਂਗੇ?"
ਮੈਂ ਉਸ ਦਿਨ ਚੁੱਪ ਰਿਹਾ ਸਾਂ। ਮਨ ਹੀ ਮਨ ਸੋਚਦਾ ਵੀ ਰਿਹਾ ਸਾਂ ਕਿ ਕੀ ਜਵਾਬ ਦਿਆਂ? "ਬੋਲਦਾ ਕਿਉਂ ਨਹੀਂ? ਕੀ ਹੋ ਰਿਹਾ ਹੈ ਇਹ ਅੱਜ-ਕੱਲ੍ਹ?"
ਉਸਦਾ ਇਸ਼ਾਰਾ ਦਿੱਲੀ ਦੀਆਂ ਪਹਿਲੀਆਂ ਚੋਣਾ ਵਿਚ ਹੋਏ ਆਪਸੀ ਝਗੜਿਆਂ ਤੇ ਉਸਦੀ ਪਿਟਾਈ ਵੱਲ ਸੀ। ਸਾਡੇ ਇਕ ਉਪਰਲੇ ਨੇਤਾ ਨੇ, ਜਿਹੜਾ ਦਿੱਲੀ ਅਸੈਂਬਲੀ ਦੀ ਚੋਣ ਲੜ ਰਿਹਾ ਸੀ, ਪਾਰਲੀਮੈਂਟ ਵਿਚ ਖੜ੍ਹੇ ਇਕ ਸੰਪਰਾਦਇਕ ਉਮੀਦਵਾਰ ਨਾਲ ਸਮਝੌਤਾ ਕਰ ਲਿਆ ਸੀ। ਆਨੰਦ ਨੂੰ ਪਤਾ ਲੱਗਿਆ ਤਾਂ ਉਸਨੇ ਉਸਦਾ ਵਿਰੋਧ ਕੀਤਾ। ਉਦੋਂ ਉਸਨੂੰ ਬੜੀ ਹੈਰਾਨੀ ਹੋਈ ਜਦੋਂ ਉਸਨੇ ਮਹਿਸੂਸ ਕੀਤਾ ਕਿ ਵਧੇਰੇ ਸਾਥੀ ਵੀ ਇਹੀ ਚਾਹੁੰਦੇ ਹਨ ਕਿ ਕਿਸੇ ਵੀ ਹੀਲੇ ਸੀਟ ਜਿੱਤ ਲਈ ਜਾਵੇ। ਆਨੰਦ ਡਟਿਆ ਰਿਹਾ---ਉਸਨੇ ਘਰ ਘਰ ਜਾ ਕੇ ਇਹੀ ਪ੍ਰਚਾਰ ਕੀਤਾ ਕਿ ਇਕ ਵੋਟ ਸਾਨੂੰ ਦਿਓ ਤੇ ਦੂਸਰੀ ਆਪਣੀ ਪਸੰਦ ਅਨੁਸਾਰ ਜਿਸ ਨੂੰ ਜੀਅ ਚਾਹੇ। ਜਦੋਂ ਉਹ ਨਾ ਮੰਨਿਆਂ ਤਾਂ ਉਸਨੂੰ ਬੁਰੀ ਤਰ੍ਹਾਂ ਨਾਲ ਕੁਟਾਪਾ ਚਾੜ੍ਹਿਆ ਗਿਆ ਤੇ ਚੋਣ ਪ੍ਰਚਾਰ ਤੋਂ ਵੱਖ ਕਰ ਦਿੱਤਾ ਗਿਆ।
ਜਿਸ ਕਾਮਰੇਡ ਨੇਗੀ ਨੇ ਉਸਨੂੰ ਸਭ ਤੋਂ ਵੱਧ ਕੁੱਟਿਆ ਸੀ ਤੇ ਮੁੰਹਿਮ ਚਲਾਈ ਸੀ ਕਿ ਉਸਨੂੰ ਪਾਰਟੀ ਵਿਚੋਂ ਖਾਰਜ ਕਰ ਦਿੱਤਾ ਜਾਵੇ---ਆਨੰਦ ਨੂੰ ਕੱਢੇ ਜਾਣ ਪਿੱਛੋਂ ਉਹੀ ਉਹਨਾਂ ਸੰਗਠਨਾਂ ਉੱਪਰ ਛਾ ਗਿਆ ਸੀ, ਜਿਹਨਾਂ ਦੀ ਅਗਵਾਈ ਆਨੰਦ ਕਰ ਰਿਹਾ ਸੀ। ਇਕ ਵਾਰੀ ਮੈਂ ਨੇਗੀ ਦੇ ਘਰ ਗਿਆ---ਉਹ ਦੇਵੀ ਦੇ ਚਰਨਾਂ ਵਿਚ ਲੇਟਿਆ, ਸਵੇਰ ਦਾ ਜਾਪ ਕਰ ਰਿਹਾ ਸੀ। ਉਸਦੇ ਕੋਲ ਹੀ ਇਕ ਸਿੱਧੀ ਪ੍ਰਾਪਤ ਸਾਹਿਤਕਾਰ ਮਿੱਤਰ ਬੈਠਾ ਹੋਇਆ ਸੀ ਤੇ ਕੋਈ ਮੰਤਰ ਪੜ੍ਹ ਰਿਹਾ ਸੀ। ਇਹ ਇਕ ਅਣਹੋਣੀ ਜਿਹੀ ਗੱਲ ਸੀ, ਪਰ ਸੀ ਬੜੀ ਤਲਖ਼ (ਕੌੜੀ) ਸੱਚਾਈ। ਉਦੋਂ ਆਨੰਦ ਬੜਾ ਹੀ ਯਾਦ ਆਇਆ ਸੀ। ਮਾਰ ਖਾਂਦਿਆਂ ਹੋਇਆਂ ਉਸਨੇ ਸਭ ਨੂੰ ਲਲਕਾਰ ਕੇ ਕਿਹਾ ਸੀ, "ਅੱਜ ਤੁਸੀਂ ਮੇਰੀਆਂ ਗੱਲਾਂ ਨਹੀਂ ਮੰਨ ਰਹੇ, ਪਰ ਇਕ ਦਿਨ ਪਛਤਾਓਗੇ…ਓਦੋਂ ਤੱਕ ਬੜੀ ਦੇਰ ਹੋ ਚੁੱਕੀ ਹੋਵੇਗੀ। ਚੋਣ ਰਾਜਨੀਤੀ ਆਪਣੀਆਂ ਜੜਾਂ ਪਸਾਰ ਚੁੱਕੀ ਹੋਵੇਗੀ। ਹਿੰਸਕ ਲੋਕ ਏਨੇ ਸੰਗਠਿਤ ਹੋ ਚੁੱਕੇ ਹੋਣਗੇ ਕਿ ਹਰ ਜਗ੍ਹਾ ਉਹੀ ਹਾਵੀ ਹੋਏ ਹੋਣਗੇ---ਉਹ ਆਪਣੀ ਮਰਜ਼ੀ ਅਨੁਸਾਰ ਹਰ ਫੈਸਲਾ ਕਰ ਸਕਣ ਦੇ ਸਮਰਥ ਹੋ ਚੁੱਕੇ ਹੋਣਗੇ---ਓਦੋਂ ਉਹੀ ਆਮ ਆਦਮੀ ਅਸੁਰੱਖਿਅਤ ਹੋਵੇਗਾ ਜਿਹੜਾ ਜੀਵਨ-ਆਦਰਸ਼ਾਂ ਉੱਪਰ ਜਿਉਂਦਾ ਰਹਿਣ ਦੀ ਕੋਸ਼ਿਸ਼ ਕਰ ਰਿਹਾ ਏ। ਉਸਨੂੰ ਸੁਰੱਖਿਆ ਸਾਥੋਂ ਬਿਨਾਂ ਕੋਈ ਨਹੀਂ ਦੇ ਸਕਦਾ...।"
ਪਰ ਕਿਸੇ ਨੇ ਉਸਦੀ ਗੱਲ ਨਹੀਂ ਸੀ ਸੁਣੀ, ਉਸ ਦਿਨ। ਸਾਰੇ ਭੜਕ ਕੇ ਉਸਨੂੰ ਕੁੱਟੀ ਜਾ ਰਹੇ ਸਨ।
"ਸਾਨੂੰ ਇਸ ਰੁਝਾਨ ਦੇ ਖ਼ਿਲਾਫ ਮੁਹਿੰਮ ਤੋਰਨੀ ਚਾਹੀਦੀ ਏ---ਨਹੀਂ ਤਾਂ ਸਭ ਕੁਝ ਖਤਮ ਹੋ ਜਾਵੇਗਾ। ਇਨਕਲਾਬ ਤਾਂ ਆਉਣਾ ਹੀ ਹੈ---ਜੇ ਸਭ ਇਵੇਂ ਹੁੰਦਾ ਰਿਹਾ ਤਾਂ ਹੋਰ ਹੀ ਲਿਆਉਣਗੇ, ਅਸੀਂ ਨਹੀਂ।" ਉਹ ਸੰਸਦੀ ਰਾਜਨੀਤੀ ਤੋਂ ਵੀ ਬੜਾ ਦੁਖੀ ਸੀ, ਉਸ ਦਿਨ ਉਸਨੇ ਕਿੰਨੀਆਂ ਹੀ ਗੱਲਾਂ ਆਖੀਆਂ। ਮੈਨੂੰ ਲੱਗਿਆ, ਮੇਰੇ ਹੱਥ ਫੜ੍ਹੀ ਉਹ ਅੱਜ ਵੀ ਪੁੱਛ ਰਿਹਾ ਹੈ---"ਹਟੇਂਗਾ ਤਾਂ ਨਹੀਂ…।" ਉਹ ਉਸ ਪਾਰਕ ਵਿਚ ਨਹੀਂ ਸੀ, ਪਰ ਉਸਦੀ ਮੌਜ਼ੂਦਗੀ ਪੂਰੇ ਮਾਹੌਲ ਵਿਚ ਮਹਿਸੂਸ ਹੋਈ…ਕਦੀ ਕਦੀ ਇੰਜ ਵੀ ਹੁੰਦਾ ਹੈ।
ਜਿਹਨਾਂ ਦਿਨਾਂ ਵਿਚ ਆਨੰਦ ਦਾ ਮਾਨਸਿਕ ਸੰਤੁਲਨ ਵਿਗੜਿਆ, ਉਹ ਸਾਰਾ ਸਾਰਾ ਦਿਨ ਚੀਕਦਾ-ਕੂਕਦਾ ਹੋਇਆ ਸੜਕਾਂ ਉੱਪਰ ਭੌਂਦਾ ਰਹਿੰਦਾ। ਲੋਕ ਉਸਦਾ ਮਖੌਲ ਉਡਾਉਣ ਲਈ ਪੁੱਛਦੇ, 'ਕਿਉਂ ਬਈ, ਕਦੋਂ ਆ ਰਿਹੈ ਤੇਰਾ ਇਨਕਲਾਬ?', 'ਆਏਗਾ, ਜ਼ਰੂਰ ਆਏਗਾ---ਰੋਕ ਕੌਣ ਸਕਦੈ? ਹਾਲਾਤ ਤਿਆਰ ਨੇ…ਮੈਂ ਵੀ ਤਿਆਰ ਆਂ---ਉਹ ਨਹੀਂ---ਤੁਸੀਂ ਸਾਰੇ ਹੋ ਜਾਓ।' ਬੁੜਬੁੜਾਉਂਦਾ ਹੋਇਆ ਝੋਲੇ ਵਿਚੋਂ ਕੁਝ ਕਾਗਜ਼ ਕੱਢ ਕੇ ਪੜ੍ਹਨ ਲੱਗਦਾ। ਦੇਰ ਤੱਕ ਕਰਾਂਤੀ ਪ੍ਰਕ੍ਰਿਆ ਸਮਝਾਉਣ ਦੀ ਕੋਸ਼ਿਸ਼ ਕਰਦਾ। ਜਦੋਂ ਕੋਈ ਜ਼ਿਆਦਾ ਹੀ ਤੰਗ ਕਰਦਾ ਤਾਂ ਕੋਈ ਪੱਥਰ ਚੁੱਕ ਕੇ ਉਗਾਸਦਾ ਤੇ ਚੀਕਦਾ-ਕੂਕਦਾ ਨੱਸ ਜਾਂਦਾ।
ਚੋਣਾ ਪਿੱਛੋਂ ਜਦੋਂ ਬਹੁਤ ਸਾਰੇ ਕਾਮਰੇਡਾਂ ਨੂੰ ਕੱਢ ਦਿੱਤਾ ਗਿਆ, ਵਧੇਰੇ ਖ਼ੁਦ ਹੀ ਪਾਰਟੀ ਤੋਂ ਵੱਖ ਹੋ ਗਏ…ਪਾਰਕ ਫੇਰ ਸਭਨਾਂ ਦਾ ਕੇਂਦਰ ਬਣ ਗਿਆ।
ਸਭਨਾਂ ਦੀ ਜ਼ਿੰਦਗੀ ਦਾ ਇਕ ਵੱਡਾ ਹਿੱਸਾ ਪਾਰਕ ਨਾਲ ਜੁੜਿਆ ਹੋਇਆ ਸੀ, ਜਿਸਨੂੰ ਕੋਈ ਵੀ ਵੱਖ ਨਹੀਂ ਸੀ ਕਰ ਸਕਦਾ। ਪਰ ਹੁਣ ਏਥੇ ਪਹੁੰਚ ਕੇ ਠੇਸ ਹੀ ਲੱਗਦੀ ਸੀ। ਪਤਾ ਲੱਗਦਾ : ਕੋਈ ਪੁਰਾਣਾ ਸਾਥੀ ਵਿੱਛੜ ਗਿਆ ਹੈ, ਕੋਈ ਬਿਮਾਰ ਪਿਆ ਹੈ, ਕਿਸੇ ਦੀਆਂ ਅੱਖਾਂ ਦੀ ਜੋਤ ਚਲੀ ਗਈ ਹੈ। ਇੱਥੋਂ ਜਾਣ ਲੱਗਿਆਂ ਇੰਜ ਲੱਗਦਾ, ਕੁਝ ਏਥੇ ਹੀ ਰਹਿ ਗਿਆ ਹੈ---ਜਿਸਨੂੰ ਅਸੀਂ ਆਪਣੇ ਨਾਲ ਨਹੀਂ ਲਿਜਾਅ ਸਕਦੇ।
ਉਹੀ ਪਾਰਕ, ਉਹੀ ਚਾਰੇ ਪਾਸੇ ਘੁੰਮਦੀ ਗੋਲ ਸੜਕ, ਖੰਭਿਆਂ ਉੱਪਰ ਟਿਕੀਆਂ ਹੋਈਆਂ ਸਫੇਦ ਇਮਾਰਤਾਂ, ਖਿੜਕੀਆਂ, ਸਾਈਨ ਬੋਰਡਾਂ ਹੇਠ ਸਜੀਆਂ ਦੁਕਾਨਾਂ ਦੇ ਸ਼ੋਅ-ਕੇਸ---ਉਹੀ ਰੌਣਕ, ਉਹੀ ਬੇਫਿਕਰ ਚਿਹਰੇ। ਸਾਹਮਣੇ ਉਹੀ ਦੁਕਾਨ ਸੀ, ਜਿਸਦਾ ਮਾਲਕ ਘੰਟਿਆਂ ਬੱਧੀ, ਕਿਸੇ ਬੁੱਤ ਵਾਂਗ ਹੀ, ਸ਼ੋਅ-ਕੇਸ ਕੋਲ ਖੜ੍ਹਾ ਰਹਿੰਦਾ ਸੀ। ਸਾਨੂੰ ਇੰਜ ਲੱਗਦਾ ਹੁੰਦਾ ਸੀ ਜਿਵੇਂ ਉਹ ਸਾਨੂੰ ਘੂਰ ਰਿਹਾ ਹੈ…ਪਰ ਉਹ ਕਿਤੇ ਹੋਰ ਹੀ ਹੁੰਦਾ ਸੀ। ਉਸਦੀ ਦੁਕਾਨ ਦੇ ਬਾਹਰ ਦੂਣੀ ਚੰਦ ਦੀ ਫੜ੍ਹੀ ਲੱਗੀ ਹੁੰਦੀ ਸੀ ਜਿਸਨੇ ਪਾਰਟੀ ਵਿਚ ਆਉਣ ਤੋਂ ਬਾਅਦ ਹਜ਼ਾਰਾਂ ਰੁਪਏ ਦਾ ਕੱਪੜਾ ਵੇਚ ਕੇ ਸਭ ਕੁਝ ਪਾਰਟੀ ਨੂੰ ਦੇ ਦਿੱਤਾ ਸੀ। ਇਕ ਦਿਨ ਉਸਦੇ ਆਪਣੇ ਤਨ 'ਤੇ ਵੀ ਕੱਪੜਾ ਨਹੀਂ ਸੀ ਰਿਹਾ। ਉਸਦੇ ਨਾਲ ਹੀ ਪਿੰਡੀ ਦਾ ਉਹ ਗੋਰਾ ਸ਼ਰਨਾਰਥੀ ਵੀ ਬੈਠਦਾ ਹੁੰਦਾ ਸੀ---ਜਿਸਨੇ ਇਕ ਦਿਨ ਇਹ ਦੱਸ ਕੇ ਸਾਨੂੰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਹ ਕਾਮਰੇਡ ਦੁਆਰਕੇ ਦਾ ਛੋਟਾ ਭਰਾ ਹੈ। ਸੁਣਦਿਆਂ ਹੀ ਆਨੰਦ ਨੂੰ ਗੁੱਸਾ ਚੜ੍ਹ ਗਿਆ ਸੀ। ਉਹ ਉਸੇ ਵੇਲੇ ਕਿਤੇ ਚਲਾ ਗਿਆ ਸੀ ਤੇ ਦੁਆਰਕੇ ਨੂੰ ਲੱਭ-ਲੁੱਭ ਕੇ ਕਿਤੋਂ ਫੜ੍ਹ ਲਿਆਇਆ ਸੀ। ਉਸਨੂੰ ਅੱਗੇ ਵੱਲ ਧਰੀਕਦਿਆਂ ਹੋਇਆਂ ਬੋਲਿਆ ਸੀ, "ਤੂੰ ਕੇਹਾ ਭਰਾ ਏਂ ਓਇ, ਤੇ ਕੇਹਾ ਕਾਮਰੇਡ ? ਚੱਲ ਆਪਣੇ ਭਰਾ ਦੇ ਗਲੇ ਮਿਲ। ਕੀ ਆਪਣੇ ਘਰ ਵਾਲਿਆਂ ਨੂੰ ਵੀ ਕੋਈ ਭੁੱਲ ਸਕਦਾ ਏ?" ਉਹ ਗੋਰਾ ਆਦਮੀ ਉਸ ਨਾਲ ਲਿਪਟ ਕੇ ਸਿਸਕਨ ਲੱਗ ਪਿਆ ਸੀ ਤੇ ਆਨੰਦ ਦਾ ਵੀ, ਬੱਚਿਆਂ ਵਾਂਗ, ਰੋਣ ਨਿਕਲ ਗਿਆ ਸੀ। ਪਰ ਕਾਮਰੇਡ ਦੁਆਰਕੇ ਲਈ ਉਹ ਪਲ, ਅਤਿ ਉਕਤਾਹਟ ਭਰੇ ਪਲ ਸਨ। ਭਾਈ ਘੁੱਟੀ ਜਾ ਰਿਹਾ ਸੀ ਤੇ ਉਹ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕਰਦਿਆਂ ਕਹਿ ਰਿਹਾ ਸੀ, "ਹੁਣ ਬੱਸ ਵੀ ਕਰ, ਛੇਤੀ ਦੇਣੇ ਚਾਹ ਮੰਗਵਾ…ਮੈਂ ਕਿਸੇ ਮੀਟਿੰਗ 'ਚ ਜਾਣਾ ਏਂ।"
ਕਿਤੇ ਇਹ ਨਾ ਹੋਏ ਕਿ ਆਨੰਦ ਇਸ ਦੁਨੀਆਂ ਵਿਚ ਹੀ ਨਾ ਹੋਏ। ਪਿੱਛਲੀ ਵਾਰੀ ਉਸਦੀ ਹਾਲਤ ਦੇਖਦਿਆਂ ਹੀ ਮਨ ਵਿਚ ਆਇਆ ਸੀ…ਹੁਣ ਉਹ ਬਹੁਤੀ ਦੇਰ ਨਹੀਂ ਕੱਟਦਾ।
ਪਿੱਛਲੀ ਵਾਰੀ, ਲਾਲ ਕਿਲੇ ਤੋਂ ਹੋ ਕੇ ਜਲੂਸ ਨੇ ਸੰਸਦ ਭਵਨ ਤੱਕ ਜਾਣਾ ਸੀ। ਉਸ ਦਿਨ ਉਹ ਸਭ ਤੋਂ ਅਲਗ-ਥਲਗ ਗੁਲਮੋਹਰ ਹੇਠ ਖੜ੍ਹਾ ਸੀ। ਫੁੱਲਾਂ ਦੇ ਗੁੱਛੇ ਝੂੰਮਦੇ ਹੋਏ ਹੇਠਾਂ ਝੁਕ ਜਾਂਦੇ, ਕਦੀ ਉੱਪਰ ਤੱਕ ਉਠਦੇ, ਕਦੀ ਹਵਾ ਦੇ ਵਹਾਅ ਅਨੁਸਾਰ ਇਕ ਪਾਸੇ ਹਟ ਜਾਂਦੇ, ਕਦੀ ਫੇਰ ਉਸ ਉੱਪਰ ਝੁਕ ਜਾਂਦੇ। ਉਸਨੂੰ ਇਸ ਦਾ ਪਤਾ ਨਹੀਂ ਸੀ ਕਿ ਮੈਂ ਵੀ ਉਸਦੇ ਕੋਲ ਖੜ੍ਹਾ ਹੱਸ ਰਿਹਾ ਹਾਂ। ਉਸਨੇ ਮੈਨੂੰ ਦੇਖਿਆ ਤੇ ਨਿਗਾਹਾਂ ਹਟਾਅ ਲਈਆਂ---ਮੈਨੂੰ ਇੰਜ ਲੱਗਿਆ ਜਿਵੇਂ ਕਿਸੇ ਨੇ ਮੁਖਬਿਰ ਹੋਣ ਦੀ ਤੋਹਮਤ ਲਾ ਦਿੱਤੀ ਹੋਏ, ਮੇਰੇ ਉੱਪਰ।
"ਆਨੰਦ ਤੇਰਾ ਬਰਾਂਡ," ਮੈਂ ਪੈਕੇਟ ਤੇ ਮਾਚਸ ਉਸ ਵੱਲ ਕਰ ਦਿੱਤੇ। ਉਸਨੇ ਸਿਗਰੇਟ ਨੂੰ ਹੱਥ ਵੀ ਨਾ ਲਾਇਆ। ਨਾ ਹੀ ਮੈਨੂੰ ਗਾਲ੍ਹ-ਮੰਦਾ ਬੋਲਿਆ। ਨਾ ਹੀ ਲੰਮੇ ਅਰਸੇ ਪਿੱਛੋਂ ਆਉਣ ਦਾ ਉਲਾਂਭਾ ਦਿੱਤਾ…ਕੁਝ ਵੀ ਤਾਂ ਨਹੀਂ ਸੀ ਕਿਹਾ ਉਸਨੇ।
"ਕਾਮਰੇਡ ! ਮੈਂ ਹਾਂ…"
ਉਹ ਕਿਸੇ ਬੋਝ ਹੇਠ ਦਬਿਆ ਹੋਇਆ ਸੀ। ਸ਼ਾਇਦ ਆਪਣੀ ਪੰਜਾਹ ਸਾਲਾ ਸਿਆਸੀ ਜ਼ਿੰਦਗੀ ਦੇ ਬੋਝ ਹੇਠ…ਜਾਂ ਸ਼ਾਇਦ ਕਿਸੇ ਹੋਰ ਬੋਝ ਹੇਠ। ਹਾਂ, ਉਸ ਬੋਝ ਹੇਠ ਕੰਬ ਜ਼ਰੂਰ ਰਿਹਾ ਸੀ ਉਹ…।
ਉਸ ਦਿਨ ਇਕ ਦੂਜੇ ਦਲ ਦੇ ਵਰਕਰ ਨੇ ਉਸਦੀ ਦਸ਼ਾ ਦੇਖ ਕੇ ਕਿਹਾ ਸੀ ਕਿ 'ਤੁਹਾਡੀ ਲੋਕਾਂ ਦੀ ਕੈਸੀ ਪਾਰਟੀ ਹੈ, ਤੇ ਕੈਸੇ ਨੇ ਇਸਦੇ ਲੋਕ…ਜਿਹੜੇ ਆਪਣੇ ਹੀ ਸਾਥੀ ਦੀ ਤਬਾਹੀ ਉੱਤੇ ਖੁਸ਼ ਹੁੰਦੇ ਨੇ। ਕਾਸ਼, ਇਹੋ ਜਿਹੇ ਵਰਕਰ ਸਾਡੇ ਦਲ ਵਿਚ ਹੁੰਦੇ।' ਉਸਦਾ ਇਸ਼ਾਰਾ ਪਾਰਟੀ ਮੈਂਬਰਾਂ ਦੀ ਸੰਗਦਿਲੀ ਵੱਲ ਸੀ।
"ਤੂੰ ਮੇਰੇ ਨਾਲ ਪੰਜਾਬ ਚੱਲ। ਨਹੀਂ ਤਾਂ ਤੇਰੀ ਲਾਸ਼, ਕਿਸੇ ਚੁਰਾਹੇ ਵਿਚ ਲਾਵਾਰਿਸ ਪਈ ਹੋਏਗੀ…।" ਮੈਂ ਹਿਰਖ ਵੱਸ ਚੀਕ ਹੀ ਤਾਂ ਪਿਆ ਸਾਂ।
"ਸੁਣ ਬਈ, ਮੈਂ ਕੋਈ ਭਗੌੜਾ ਨਹੀਂ…ਬੁਜਦਿਲ ਨਹੀਂ…ਏਥੇ ਹੀ ਮਰਾਂਗਾ, ਹਾਂ। ਬਸ, ਮੇਰੀ ਲਾਸ਼ ਨੂੰ ਲਾਲ ਝੰਡੇ ਵਿਚ ਲਪੇਟ ਕੇ, ਮੇਰੀ ਵਸੀਹਤ ਸੁਣਾ ਦੇਵੀਂ ਸਭਨਾਂ ਨੂੰ…ਮੈਂ ਨਹੀਂ ਜਾ ਸਕਦਾ…।"
ਹੰਸਾ, ਗੁਰਮੀਤ, ਮੰਜ਼ੂਰ, ਰਈਸ, ਸ਼ੇਰਾ, ਭਾਰਤੀ, ਜੁਗਲ, ਧਨਵੰਤ ਤੇ ਹੋਰ ਕਈ ਸਾਡੇ ਵੱਲ ਅਹੁਲ ਕੇ ਆਏ ਸਨ। ਕਾਮਰੇਡ ਬੱਬਲੀ
ਹੰਸਾ ਬੱਚਿਆਂ ਵਾਂਗ ਫੁੱਟ-ਫੁੱਟ ਕੇ ਰੋਣ ਲੱਗ ਪਿਆ ਸੀ। ਕੁਝ ਵਰ੍ਹਿਆਂ ਤੋਂ ਹੰਸਾ ਨਿੱਕੀ-ਨਿੱਕੀ ਗੱਲ 'ਤੇ ਰੋਣ ਲੱਗ ਪੈਂਦਾ ਸੀ। ਜਿਹੜਾ ਫਰੀਦਕੋਟ ਜੇਲ੍ਹ ਵਿਚ ਦੋ ਵਰ੍ਹੇ ਤਸੀਹੇ ਝੱਲਦਾ ਹੋਇਆ ਕਦੀ ਨਹੀਂ ਸੀ ਰੋਇਆ, ਹੁਣ ਗੱਲ-ਗੱਲ 'ਤੇ ਫਿਸ ਪੈਂਦਾ ਸੀ, "ਸੱਚ ਹੈ, ਅਸੀਂ ਸਭ ਭਗੌੜੇ ਆਂ…ਆਨੰਦ ਠੀਕ ਕਹਿ ਰਿਹਾ ਏ। ਸਾਡੇ ਵਿਚੋਂ ਕਿਸੇ ਨੇ ਸੋਚਿਆ ਸੀ ਕਿ ਕਦੀ ਸਿਰਫ ਢਿੱਡ ਭਰਨ ਵਾਸਤੇ ਹੀ ਸਾਨੂੰ ਜਿਉਂਦੇ ਰਹਿਣਾ ਪਏਗਾ…ਕੀ ਅਸੀਂ ਬਿਨਾਂ ਮਕਸਦ ਜਿਉਂਦੇ ਰਹਿਣ ਲਈ ਹੀ ਪੈਦਾ ਹੋਏ ਸਾਂ?"
ਹੰਸੇ ਦਾ ਦੁੱਖ ਬੜਾ ਡਾਢਾ ਸੀ---ਉਸਨੇ ਸਾਰਿਆਂ ਨੂੰ ਰੁਆ ਦਿੱਤਾ ਤੇ ਇਕੱਲੇ-ਇਕੱਲੇ ਨੂੰ ਆਪਣੀਆਂ ਸੋਚਾਂ ਦੀ ਕੈਦ ਵਿਚ ਡੱਕ ਦਿੱਤਾ। ਉਸ ਦਿਨ ਪਹਿਲੀ ਵਾਰੀ ਸਮਝ ਵਿਚ ਆਇਆ ਸੀ ਕਿ ਹੰਸਾ ਕਿਉਂ ਰੋ ਪੈਂਦਾ ਹੈ? ਉਸਨੇ ਖ਼ੁਦ ਨੂੰ ਭਾਰ ਕਿਉਂ ਸਮਝ ਲਿਆ ਹੈ?
ਉਸ ਦਿਨ ਸਾਰੇ ਅੱਧ-ਮੋਇਆਂ ਵਾਂਗ ਗੁਲਮੋਹਰਾਂ ਹੇਠ ਪਏ ਰਹੇ। ਸਾਰਿਆਂ ਨੂੰ ਇੱਕੋ ਦੁੱਖ ਸਤਾਅ ਰਿਹਾ ਸੀ ਕਿ ਸਿਵਾਏ ਆਨੰਦ ਦੇ ਸਾਰਿਆਂ ਨੂੰ ਹੀ ਜਿਉਂਦਿਆਂ ਰਹਿਣ ਖਾਤਰ ਕੁਝ ਨਾ ਕੁਝ ਕਰਨਾ ਪੈ ਰਿਹਾ ਸੀ।
ਸਾਹਮਣੇ ਖੜ੍ਹੇ ਯੁਕਲਿਪਟਸ ਕਈ ਸ਼ਕਲਾਂ ਵਟਾਅ ਰਹੇ ਸਨ। ਵਿਚਕਾਰਲਾ ਕਿਸੇ ਜ਼ਨਾਨੀ ਦੇ ਪ੍ਰਛਾਵੇਂ ਵਰਗਾ ਲੱਗਿਆ। ਇਹ ਸਾਡੀਆਂ ਅੱਖਾਂ ਸਾਹਮਣੇ ਲਾਏ ਗਏ ਸਨ ਦੇ ਦੇਖਦਿਆਂ-ਦੇਖਦਿਆਂ, ਉੱਚੇ-ਲੰਮੇ ਹੋ ਕੇ ਗੁਲਮੋਹਰਾਂ ਦੀਆਂ ਜੜਾਂ ਦਾ ਪਾਣੀ ਸੋਕ ਗਏ ਸਨ…ਤੇ ਹੱਤਿਆਰਿਆਂ ਵਾਂਗ ਝੂੰਮ ਰਹੇ ਸਨ। ਏਨੇ ਸਾਰੇ ਯੁਕਲਿਪਟਸ ਤੇ ਇਕ-ਇਕੱਲਾ ਗੁਲਮੋਹਰ…ਹੋ ਰਹੀਆਂ ਬਹਿਸਾਂ, ਨਿਕਲਣ ਵਾਲਾ ਜਲੂਸ, ਸਾਡਾ ਅਤੀਤ, ਆਨੰਦ ਦਾ ਕਿਤੇ ਦਿਖਾਈ ਨਾ ਦੇਣਾ…ਸਾਰੀਆਂ ਗੱਲਾਂ ਨੇ ਮਿਲ ਕੇ ਇਕ ਅਜੀਬ ਜਿਹੀ ਸਥਿਤੀ ਪੈਦਾ ਕਰ ਦਿੱਤੀ ਸੀ।
ਬਹਿਸਾਂ ਵਿਚ ਸਾਰੇ ਇਸ ਤਰ੍ਹਾਂ ਖੁੱਭੇ ਹੋਏ ਸਨ ਜਿਵੇਂ ਹੁਣੇ ਕੁਝ ਜਿੱਤ ਲੈਣਗੇ। ਬਹਿਸਾਂ ਤੋਂ ਕੋਈ ਇਹ ਅੰਦਾਜ਼ਾ ਨਹੀਂ ਸੀ ਲਾ ਸਕਦਾ ਕਿ ਉਹ ਹੁਣ ਪਾਰਟੀ ਵਿਚ ਨਹੀਂ ਹਨ। ਲੋਕਾਂ ਲਈ ਅੱਜ ਵੀ ਇਹ ਸਮਾਜਵਾਦੀ ਹਨ।
"ਉਹੀ ਮੁਲਕ ਹੈ, ਵੱਖ-ਵੱਖ ਪਾਰਟੀਆਂ ਵਿਚ ਉਹੀ ਲੋਕ ਨੇ…ਉਹੀ ਲੀਡਰ ਨੇ…ਭੁੱਖ ਹੈ, ਬੇਰੁਜ਼ਗਾਰੀ ਹੈ…ਜ਼ੁਲਮ ਹੈ, ਹਾਲਾਤ ਨੇ…ਫੇਰ ਵੀ ਉਹਨਾਂ ਤੋਂ ਕੁਝ ਨਹੀਂ ਬਦਲਿਆ ਜਾ ਰਿਹਾ?"
"ਪੁੱਤ, ਡੰਡੇ ਮੁਹਰੇ ਚਿੱਤੜਾਂ ਨੂੰ ਅੱਡੀਆਂ ਲਾ ਜਾਣ ਵਾਲੇ ਲੀਡਰ ਲੋਕ ਹੁਣ ਮਨਿਸਟਰ ਬਣੇ ਹਕੂਮਤ ਕਰ ਰਹੇ ਨੇ। ਢਿੱਡ 'ਚ ਮਾਮੂਲੀ ਜਿਹਾ ਮਰੋੜ ਉਠਦਿਆਂ ਹੀ ਮਾਸਕੋ ਇਲਾਜ਼ ਲਈ ਭੱਜ ਤੁਰਦੇ ਨੇ---ਬੀਵੀ ਬੱਚਿਆਂ ਦੇ ਨਾਂ ਜ਼ਮੀਨਾਂ-ਜਾਇਦਾਦਾਂ ਨੇ---ਇਹਨਾਂ ਕੀ ਬਦਲਨਾ ਏਂ ਹੋਰ…"
ਅੰਬਾਲੇ ਵਾਲਾ ਕਾਮਰੇਡ ਬੰਤਾ ਤੇ ਹੋਸ਼ ਆਪਸ ਵਿਚ ਉਲਝੇ ਹੋਏ ਸਨ।
ਕੋਈ ਕਹਿ ਰਿਹਾ ਸੀ ਕਿ ਮੇਰੇ ਲਈ ਹੋਰ ਕੋਈ ਰਾਸਤਾ ਨਹੀਂ, ਸਭ ਪਾਸੇ ਹਨੇਰ ਹੀ ਹਨੇਰਾ ਹੈ। ਇਹਨਾਂ ਦੇ ਰਾਜ ਵਿਚ ਕੋਈ ਭੁੱਖਾ ਤਾਂ ਨਹੀਂ ਮਰੇਗਾ। ਬਸ ਮੈਂ ਇਸੇ ਲਈ ਇਹਨਾਂ ਦੇ ਨਾਲ ਹਾਂ…
ਅਮਲੀ ਰਹੱਸ ਵਿਚ ਡੁੱਬਿਆ ਕਿਸੇ ਨੂੰ ਕਹਿ ਰਿਹਾ ਸੀ, "ਕੀ ਪਤੈ, ਇਹ ਕੋਈ ਚਮਤਕਾਰ ਕਰ ਵਿਖਾਉਣ ! ਸਾਰੇ ਅੱਖਾਂ ਮਲਦੇ ਰਹਿ ਜਾਣ…ਅਮਰੀਕਾ ਦੇ ਕੱਛੇ ਢਿੱਲੇ ਹੋ ਜਾਣ…ਕੁਝ ਕਰ ਜ਼ਰੂਰ ਰਹੇ ਨੇ ਜੀ ਇਹ।" ਉਸਦੀਆਂ ਗੱਲਾਂ ਹਮੇਸ਼ਾ ਵਾਂਗ ਹਾਸੜ ਵਿਚ ਰੁਲ ਗਈਆਂ ਸਨ। ਕੋਈ ਉਸਦੇ ਭੋਲੇ ਮਨ ਨੂੰ ਨਹੀਂ ਸੀ ਸਮਝ ਰਿਹਾ, ਜਿੱਥੋਂ ਇਹ ਗੱਲਾਂ ਨਿਕਲਦੀਆਂ ਪਈਆਂ ਸਨ।
ਹੰਸਾ ਤਿੰਨ ਚਾਰ ਜਣਿਆਂ ਵਿਚਕਾਰ ਘਿਰਿਆ ਉਹਨਾਂ ਨੂੰ ਦਲੀਲਾਂ ਨਾਲ ਕਾਇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਬੈਂਚ ਉੱਤੇ ਕੋਈ ਮਰੀਅਲ ਜਿਹਾ, ਹੱਡੀਆਂ ਦਾ ਪਿੰਜਰ ਹੋਇਆ, ਭਿਖਾਰੀ ਆਪਣਾ ਹੱਥ ਹੰਸੇ ਦੇ ਅੱਗੇ ਪਸਾਰ ਦਿੰਦਾ…ਹੰਸਾ ਵਾਰੀ-ਵਾਰੀ ਉਸਨੂੰ ਪਰ੍ਹੇ ਧਰੀਕ ਦਿੰਦਾ। ਇਕ ਵਾਰੀ ਤਾਂ ਉਸਨੇ ਉਸਨੂੰ ਫਿਟਕਾਰ ਵੀ ਦਿੱਤਾ ਸੀ ਤੇ ਭਿਖਾਰੀ ਦੂਜੇ ਪਾਸੇ ਮੂੰਹ ਕਰਕੇ ਲੇਟ ਗਿਆ ਸੀ।
ਅਚਾਨਕ ਸਭ ਕੁਝ ਸ਼ਾਂਤ ਹੋ ਗਿਆ। ਬਹਿਸਾਂ ਰੁਕ ਗਈਆਂ, ਚਿਹਰਿਆਂ ਉੱਪਰ ਰੌ ਆ ਗਈ, ਅੱਖਾਂ ਲਿਸ਼ਕਣ ਲੱਗੀਆਂ। ਉਹ ਇਕ ਦੂਸਰੇ ਨਾਲ ਹੱਥ ਮਿਲਾਉਣ ਲੱਗੇ ਜਿਵੇਂ ਸਾਰੇ ਹੀ ਹੁਣੇ, ਕਿਤੋਂ ਬਾਹਰੋਂ, ਆਏ ਹੋਣ।
"ਓਇ, ਤੂੰ ਕਦੋਂ ਆਇਆ ਬਈ?" ਬਹਿਸਾਂ ਦੌਰਾਨ ਕਿਸੇ ਕੋਲ ਏਨੀ ਫੁਰਸਤ ਨਹੀਂ ਹੁੰਦੀ ਕਿ ਆਪਣੇ ਆਸੇ-ਪਾਸੇ ਦੀ ਦੁਨੀਆਂ ਨੂੰ ਵੀ ਦੇਖ ਸਕੇ।
ਦੇਵੀ ਦਿਆਲ, ਗੋਗੀ, ਸਵਾਮੀ ਜੀ…ਹੁਣ ਇਸ ਦੁਨੀਆਂ ਵਿਚ ਨਹੀਂ ਸਨ। ਪਿੱਛਲੀ ਵਾਰੀ ਗੋਗੀ ਨੇ ਪੁੱਛਿਆ ਸੀ ਕਿ ਸਾਡੀਆਂ ਕਾਮਰੇਡੀ ਪਾਰਟੀਆਂ ਆਪਸ ਵਿਚ ਇੰਜ ਕਿਉਂ ਲੜਦੀਆਂ ਹਨ, ਜਿਵੇਂ ਦੇਸ਼ ਵਿਚ ਇਹਨਾਂ ਦੀ ਆਪਸੀ ਲੜਾਈ ਤੋਂ ਬਿਨਾਂ, ਕੋਈ ਹੋਰ ਸਮੱਸਿਆ ਹੀ ਨਾ ਹੋਵੇ? ਮੈਂ ਕਿਹਾ ਸੀ, ਅਗਲੀ ਵਾਰੀ ਜਵਾਬ ਦਿਆਂਗਾ। ਉਦੋਂ ਕੀ ਪਤਾ ਸੀ ਕਿ ਉਹ ਇਸ ਦੁਨੀਆਂ ਤੋਂ ਚਲਾ ਜਾਏਗਾ।
"ਆਨੰਦ ਕਿੱਥੇ ਈ?" ਮੈਨੂੰ ਆਪਣੀ ਆਵਾਜ਼ ਤੋਂ ਡਰ ਲੱਗਿਆ, ਮੈਂ ਖਾਸਾ ਭੈਭੀਤ ਹੋ ਚੁੱਕਿਆ ਸਾਂ।
ਹੰਸਾ ਬੈਂਚ ਵੱਲ ਨੱਸਿਆ, ਠਿਠਕਿਆ, ਸਿਗਰੇਟ ਦਾ ਪੈਕੇਟ ਉਸ ਢਾਂਚੇ ਦੇ ਸਾਹਮਣੇ ਕਰ ਦਿੱਤਾ। ਪੈਕੇਟ ਦੂਰ ਜਾ ਡਿੱਗਿਆ। ਹੰਸੇ ਨੇ ਹੱਥਲਾ ਬੈਗ ਖੋਲ੍ਹਿਆ ਤੇ ਤਿੰਨ ਚਾਰ ਬੰਡਲ ਬੈਂਚ ਉੱਪਰ ਰੱਖ ਦਿੱਤੇ।
"ਦੇਖ ਕੀ ਲਿਆਇਆ ਵਾਂ…"
"ਦਫ਼ਾ ਹੋ ਜਾ…"
"ਬਹਿਸ ਦੇ ਨਸ਼ੇ ਵਿਚ ਭੁੱਲ ਹੋ ਗਈ…ਤੂੰ ਤਾਂ ਜਾਣਦਾ ਏਂ…।" ਉਸਦਾ ਗੱਚ ਭਰ ਆਇਆ ਸੀ, "ਤੂੰ ਆਨੰਦ ਏਂ ਨਾ…?"
ਮੇਰੀ ਚੀਕ ਨਿਕਲ ਗਈ। ਚੀਕ ਏਨੀ ਉੱਚੀ ਸੀ ਕਿ ਜੰਗਲੇ ਕੋਲ ਖੜ੍ਹੀ ਭੀੜ ਸਾਡੇ ਵੱਲ ਦੇਖਣ ਲੱਗੀ। ਮੈਨੂੰ ਲੱਗਿਆ, ਇਹ ਚੀਕ ਮੇਰੀ ਨਹੀਂ ਸੀ। ਕੋਈ ਡਰਾ ਦੇਣ ਵਾਲੀ ਚੀਕ ਸੀ, ਜਿਹੜੀ ਮੈਂ ਹੁਣੇ ਹੁਣੇ ਸੁਣੀ ਸੀ। ਉਸਨੂੰ ਇਸ ਹਾਲਤ ਵਿਚ ਦੇਖਣਾ, ਕਿਸੇ ਦਹਿਸ਼ਤ ਨਾਲੋਂ ਘੱਟ ਨਹੀਂ ਸੀ। ਆਨੰਦ ਜਿਹੜਾ ਇਨਕਲਾਬ ਲਈ ਪੈਦਾ ਹੋਇਆ ਸੀ, ਜਿਸਨੇ ਸਿਵਾਏ ਇਨਕਲਾਬ ਦੇ ਕਦੰਤ ਕੁਝ ਹੋਰ ਨਹੀਂ ਸੀ ਸੋਚਿਆ---ਉਹ ਸਾਥੋਂ ਪਹਿਲਾਂ ਹੀ ਤਿਆਰੀਆਂ ਕਸੀ ਬੈਠਾ ਸੀ, ਸ਼ਾਇਦ।
"ਤੂੰ ਮੇਰੇ ਵੱਲ ਵੀ ਨਹੀਂ ਦੇਖ ਰਿਹਾ…।"
"… … … … …"
"ਦੇਖ ਤੇਰੀ ਭੈਣ ਨੇ ਤੇਰੀ ਖਾਤਰ ਕੀ ਭੇਜਿਆ ਏ ?" ਉਸਨੇ ਕਿਸੇ ਚੀਜ਼ ਨੂੰ ਨਹੀਂ ਛੂਹਿਆ ਤੇ ਨਾ ਹੀ ਮੇਰੇ ਵੱਲ ਦੇਖਿਆ। ਇੰਜ ਪਹਿਲਾਂ ਕਦੀ ਨਹੀਂ ਸੀ ਹੋਇਆ। ਉਸਨੂੰ ਤਾਂ ਭੈਣ ਦੇ ਨਾਂ 'ਤੇ ਹੀ ਭਾਵੁਕ ਹੋ ਜਾਣਾ ਚਾਹੀਦਾ ਸੀ। ਇਸ ਰਿਸ਼ਤੇ ਨੂੰ ਉਸਨੇ ਕਿਸੇ ਭੋਲੇ ਬੱਚੇ ਵਾਂਗ ਹੀ, ਇਕ ਅਰਸੇ ਤੋਂ ਕਬੂਲ ਕੀਤਾ ਹੋਇਆ ਸੀ। ਉਹ ਹਮੇਸ਼ਾ ਭਾਵੁਕ ਹੋ ਕੇ ਆਖਦਾ ਹੁੰਦਾ ਸੀ ਕਿ 'ਸਾਥੀਆਂ ਦੀ ਸੇਵਾ, ਉਸ ਵਾਂਗ ਤਾਂ ਕੋਈ ਮਾਂ ਵੀ ਨਹੀਂ ਕਰ ਸਕਦੀ।' ਉਸਦਾ ਇਸ਼ਾਰਾ ਅੰਡਰ-ਗਰਾਊਂਡ ਦਿਨਾਂ ਵੱਲ ਹੁੰਦਾ। ਪੰਜਾਬ ਚਲੇ ਜਾਣ ਪਿੱਛੋਂ ਮੇਰੀ ਪਤਨੀ ਹਮੇਸ਼ਾ ਉਸ ਲਈ ਕੱਪੜੇ ਵਗ਼ੈਰਾ ਭੇਜ ਦੇਂਦੀ। ਜਿਸ ਦਿਨ ਆਨੰਦ ਨੂੰ ਉਸਦੀ ਪਤਨੀ ਨੇ ਪੌੜੀਆਂ 'ਚੋਂ ਧੱਕਾ ਦਿੱਤਾ ਸੀ---ਉਹ ਜ਼ਖ਼ਮੀ ਹਾਲਤ ਵਿਚ ਸਿੱਧਾ ਸਾਡੇ ਘਰ ਆਇਆ ਸੀ। ਡਾਕਟਰ ਕੋਲ ਜਾਣ ਲਈ ਤਿਆਰ ਨਹੀਂ ਸੀ, ਪਰ ਮੇਰੀ ਪਤਨੀ ਨੇ ਡਾਂਟ ਕੇ ਭੇਜ ਦਿੱਤਾ ਸੀ। ਆਨੰਦ ਨੇ ਉਠਣ ਦੀ ਅਸਫਲ ਕੋਸ਼ਿਸ਼ ਕੀਤੀ,ਪਰ ਉਠ ਨਾ ਸਕਿਆ। ਇਕ ਧੀਮੀ ਕਰਾਹ ਉਸਦੇ ਅੰਦਰੋਂ ਨਿਕਲੀ। ਉਸਦੇ ਸਰੀਰ 'ਚੋਂ ਬੋ ਆ ਰਹੀ ਸੀ। ਉਸਨੇ ਸੜਕ ਉੱਪਰ ਦਿਸ ਰਹੇ ਲਾਲ ਝੰਡਿਆਂ, ਤਮਾਸ਼ਬੀਨਾਂ ਦੀ ਭੀੜ, ਐਲਾਨ ਕਰਦੀਆਂ ਜੀਪਾਂ ਵੱਲ ਦੇਖਿਆ ਤੇ ਨਫ਼ਰਤ ਨਾਲ ਮੂੰਹ ਦੂਜੇ ਪਾਸੇ ਕਰ ਲਿਆ। ਫੇਰ ਝਟਕੇ ਨਾਲ ਉਠ ਕੇ ਖੜ੍ਹਾ ਹੋ ਗਿਆ। ਕੰਬਦੀਆਂ ਹੋਈਆਂ ਲੱਤਾਂ ਨਾਲ ਤੁਰਨ ਦੀ ਕੋਸ਼ਿਸ਼ ਕੀਤੀ ਤੇ ਡਿੱਗ ਪਿਆ। ਖੜ੍ਹਾ ਹੋਇਆ, ਫੇਰ ਡਿੱਗ ਪਿਆ। ਕੋਲ ਹੀ ਪਈ ਐਨਕ ਨੂੰ, ਧੱਬਿਆਂ ਵਰਗੀਆਂ ਅੱਖਾਂ ਲੱਭਣ ਲੱਗੀਆਂ---ਅਖੀਰ ਤਰਸਦੇ ਹੋਏ ਹੱਥਾਂ ਨੇ ਉਸਨੂੰ ਲੱਭ ਹੀ ਲਿਆ। ਝੂਲਦਾ ਹੋਇਆ ਫੇਰ ਉਠਿਆ।
"ਦੂਰ ਰਹਿ---ਹੱਥ ਨਾ ਲਾਈਂ," ਮੈਨੂੰ ਆਪਣੇ ਵੱਲ ਵਧਦਾ ਦੇਖ ਕੇ ਉਸਨੇ ਮੂੰਹ ਭੁਆਂ ਲਿਆ।
ਨਾਅਰਿਆਂ ਦੀਆਂ ਆਵਾਜ਼ਾਂ ਬਹੁਤ ਨੇੜੇ ਆ ਚੁੱਕੀਆਂ ਸਨ। ਬਾਰਾਂ ਖੰਭਾ ਰੋਡ ਉੱਪਰ ਸੈਂਕੜੇ ਲਾਲ ਝੰਡੇ ਦਿਖਾਈ ਦਿੱਤੇ। ਆਦਮੀਆਂ ਦਾ ਉੱਬਲਦਾ-ਉੱਛਲਦਾ ਸਮੁੰਦਰ ਸੀ ਉਹ। ਅੱਗੇ-ਅੱਗੇ ਲੀਡਰਾਂ ਦੀ ਟੋਲੀ ਸੀ।
"ਇਨਕਲਾਬ…"
"ਜਿੰਦਾਬਾਦ…"
ਸੁਣਦਿਆਂ ਹੀ ਆਨੰਦ ਦੇ ਮੂੰਹ ਵਿਚ ਕੁਸੈਲ ਜਿਹੀ ਘੁਲ ਗਈ, ਚਿਹਰਾ ਤਣ ਗਿਆ। ਅਜਿਹੀ ਨਫ਼ਰਤ ਉਸਦੇ ਚਿਹਰੇ ਉੱਤੇ ਇਕ ਵਾਰੀ ਪਹਿਲਾਂ ਵੀ ਦੇਖੀ ਸੀ। ਤਦ ਉਸਨੇ ਇਕ ਜਲੂਸ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਜਲੂਸ ਵੀ ਸਦਨ ਤੱਕ ਜਾਣਾ ਸੀ। ਆਨੰਦ ਨੇ ਕਿਹਾ ਸੀ ਕਿ ਹੁਣ ਸਦਨ ਵਿਚ ਸਾਡੇ ਲੀਡਰ ਬਹਿਸਾਂ ਦੇ ਮੁਕਾਬਲੇ ਕਰਿਆ ਕਰਨਗੇ। ਬਾਹਰ ਲੱਖਾਂ ਆਦਮੀ ਉੱਬਲ ਦੇ ਠੰਡੇ ਹੋ ਜਾਇਆ ਕਰਨਗੇ। ਉਸ ਦਿਨ ਵੀ ਉਸਦੀ ਪਿਟਾਈ ਹੋਈ ਸੀ।
ਉਹ ਅਜਿਹੇ ਦਿਨ ਸਨ, ਜਦੋਂ ਪਾਰਟੀ ਵਿਚ ਪਾਰਟੀ ਲਾਈਨ ਨੂੰ ਮੰਨਣ ਵਾਲੇ ਹੀ ਸਹੀ ਹੁੰਦੇ ਸਨ---ਬਾਕੀ ਸਾਰੇ ਗਲਤ। ਆਨੰਦ ਵੀ ਉਹਨਾਂ ਸਾਹਮਣੇ ਢਿੱਲਾ ਨਹੀਂ ਪੈਂਦਾ ਸੀ---ਉਹ ਵੀ ਉਹਨਾਂ ਵਾਂਗ ਹਵਾਲਿਆਂ ਤੇ ਦਲੀਲਾਂ ਨਾਲ ਆਪਣੀ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕਰਦਾ। ਹਰੇਕ ਮੀਟਿੰਗ ਹਰੇਕ ਗੋਸ਼ਟੀ, ਹਰ ਮੌਕੇ ਆਪਣੇ ਤਰਕ ਪੇਸ਼ ਕਰਨ ਲੱਗ ਪੈਂਦਾ। ਉਹ ਉਸਨੂੰ ਜਬਰਦਸਤੀ ਚੁੱਪ ਕਰਾਉਂਦੇ। ਉਹ ਭੜਕ ਕੇ ਪੁੱਛਦਾ, "ਕੀ ਵਿਗਿਆਨਕ ਸੋਚ ਦਾ ਠੇਕਾ ਸਿਰਫ ਤੁਹਾਡੇ ਕੋਲੇ ਈ ਏ? ਇਹ ਸਮਝ ਹਰ ਆਦਮੀ ਵਿਚ ਹੋ ਸਕਦੀ ਏ। ਵਿਚਾਰਾਂ ਦੀ ਤਾਨਾਸ਼ਹੀ ਨਹੀਂ ਚੱਲ ਸਕਦੀ---ਅੱਛਾ ਇਹ ਦੱਸੋ, ਫੇਰ ਹਰ ਦੋ ਸਾਲ ਬਾਅਦ ਲਾਈਨ ਕਿਉਂ ਬਦਲ ਦਿੱਤੀ ਜਾਂਦੀ ਏ?"
"ਚੁੱਪ ਕਰ ਓਇ---ਵਰਨਾ…" ਇਕ ਵਾਰੀ ਇਕ ਮੀਟਿੰਗ ਵਿਚ ਉਸਨੂੰ ਚਿਤਾਵਨੀ ਮਿਲੀ ਸੀ।
"ਕੱਢ ਦੇਣ ਦੀ ਧਮਕੀ ਦਿੰਦੇ ਓ? ਪਾਰਟੀ ਸਾਡੀ ਸਾਰਿਆਂ ਦੀ ਏ। ਕੱਲ੍ਹ ਨੂੰ ਤੁਸੀਂ ਤਾਂ ਇਹ ਕਹਿ ਕੇ ਸੱਚੇ ਹੋ ਜਾਓਗੇ ਕਿ ਏਸ ਵਾਰੀ ਵੀ ਲਾਈਨ ਗਲਤ ਸੀ। ਫੇਰ ਕੋਈ ਗੇਟ-ਮਾਰਚ ਕੱਢ ਕੇ ਭੁੱਲ-ਭੁਲਾਅ ਜਾਓਗੇ…ਪਰ ਉਹਨਾਂ ਦਾ ਕੀ ਹੋਏਗਾ, ਜਿਹਨਾਂ ਨੂੰ ਤੁਸੀਂ ਖਾਰਜ ਕਰ ਦਿੰਦੇ ਓ?"
ਉਸ ਮੀਟਿੰਗ ਵਿਚ ਅਸੀਂ ਸਾਰਿਆਂ ਨੇ ਬੜਾ ਜਤਨ ਕੀਤਾ ਸੀ ਕਿ ਸਾਡੀ ਪੂਰੀ ਗੱਲ ਸੁਣ ਲਈ ਜਾਏ। ਚੋਣਾਂ ਵਾਲੇ ਝਗੜੇ ਤੋਂ ਅਸੀਂ ਸਮਝ ਗਏ ਸਾਂ ਕਿ ਹੁਣ ਪਾਰਟੀ ਵਿਚ ਰਹਿਣਾ ਬੜਾ ਮੁਸ਼ਕਿਲ ਹੈ। ਮੈਂ ਚੀਕ-ਚੀਕ ਕੇ ਪੁੱਛਿਆ ਸੀ ਕਿ 'ਜਦੋਂ ਅੰਦਰ ਹੀ ਸਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਬਾਹਰ ਵਾਲਿਆਂ ਨੂੰ ਕੀ ਸੁਣਾਵਾਂਗੇ?'
"ਕਾਮਰੇਡ ਹੁਣ ਇਹਨਾਂ ਦਾ ਵੀ ਵਿਰੋਧ ਹੋਣਾ ਚਾਹੀਦੈ। ਜੇ ਅਸੀਂ ਇਹਨਾਂ ਨੂੰ ਨਾ ਬਦਲਿਆ ਤਾਂ ਇਹ ਪਾਰਟੀ ਨੂੰ ਬਦਲ ਦੇਣਗੇ…" ਤੇ ਗੋਗੀ ਵਰਗੇ ਗੰਭੀਰ ਸਾਥੀ ਨੇ ਕੜਕ ਕੇ ਮੇਰੀ ਗੱਲ ਕੱਟ ਦਿੱਤੀ ਸੀ।
"ਜਦ ਅਸੀਂ ਹੀ ਆਪਣੇ ਹਾਲਾਤ ਨਹੀਂ ਸਮਝ ਰਹੇ ਤਾਂ ਸੈਂਕੜੇ ਮੀਲ ਦੂਰ, ਕੋਈ ਹੋਰ ਕਿਵੇਂ ਸਮਝ ਸਕਦਾ ਏ?"
"ਕੀ ਬਕ ਰਿਹੈਂ…?"
ਉਸਨੇ ਉਸ ਨੇਤਾ ਦਾ ਨਾਂ ਲਿਆ ਸੀ, ਜਿਸਨੂੰ ਕਈ ਵਰ੍ਹੇ ਪਹਿਲਾਂ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ। ਪੰਜ ਸਾਲ ਬਾਅਦ ਫੇਰ ਲੈ ਲਿਆ ਗਿਆ ਸੀ। ਉਦੋਂ ਅੰਤਰ-ਰਾਸ਼ਟਰੀ ਸਤਰ ਉੱਤੇ ਉਸਦੀ ਗੱਲ ਮੰਨ ਲਈ ਗਈ ਸੀ।
"ਕੀ ਇਹ ਗੁਲਾਮੀ ਨਹੀਂ ?"
ਕਈ ਜਣੇ ਉਸ ਉੱਤੇ ਟੁੱਟ ਪਏ ਸਨ। ਮਾਰ ਖਾਂਦਾ ਹੋਇਆ ਵੀ ਉਹ ਆਪਣੀ ਗੱਲ ਕਹਿੰਦਾ ਰਿਹਾ ਸੀ।
ਕਿੱਡਾ ਵੱਡਾ ਇਤਫ਼ਾਕ ਹੈ ਕਿ ਉਸੇ ਲੀਡਰ ਨੂੰ ਇਹਨੀਂ ਦਿਨੀਂ ਫੇਰ ਪਾਰਟੀ ਵਿਚੋਂ ਕੱਢਣ ਦੀਆਂ ਖਬਰਾਂ ਛਪ ਰਹੀਆਂ ਸਨ। ਉਸ ਲੀਡਰ ਨੇ ਚੌਥੀ ਪਾਰਟੀ ਬਣਾਉਣ ਦੀ ਧਮਕੀ ਵੀ ਦਿੱਤੀ ਹੈ। ਉਹ ਸਾਹਬ ਇਸ ਗੱਲ ਉੱਤੇ ਅੜੇ ਹੋਏ ਹਨ ਕਿ ਸਰਕਾਰ ਦਾ ਸਮਰਥਨ ਹਰ ਹਾਲ ਵਿਚ ਜਾਰੀ ਰਹਿਣਾ ਚਾਹੀਦਾ ਹੈ।
ਮੀਟਿੰਗ ਤੋਂ ਬਾਅਦ ਆਨੰਦ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ; ਕੁਝ ਦਿਨ ਬਾਅਦ ਸਾਨੂੰ ਲੋਕਾਂ ਨੂੰ ਵੀ। ਕੱਢ ਦਿੱਤੇ ਜਾਣ ਪਿੱਛੋਂ ਉਸਨੇ ਕਿਹਾ ਕਿ ਅੰਦਰ ਜਿਹੜੀਆਂ ਗੱਲਾਂ ਬੜੀਆਂ ਵੱਡੀਆਂ ਲੱਗਦੀਆਂ ਹੁੰਦੀਆਂ ਸਨ, ਬਾਹਰ ਉਹਨਾਂ ਦਾ ਕਿਸੇ ਉੱਪਰ ਕੋਈ ਅਸਰ ਹੀ ਨਹੀਂ ਜਾਪਦਾ। ਇਹ ਬਹੁਤ ਵੱਡੀ ਘਾਟ ਹੈ ਸਾਡੇ ਵਿਚ---ਕਿਉਂ ?

ਬਾਹਰ ਆਉਣ ਤੋਂ ਬਾਅਦ ਤੋਂ ਵੀ ਉਸਦਾ ਸੰਤੁਲਨ ਕਦੀ ਨਾ ਵਿਗੜਦਾ, ਜੇ ਉਹ ਉਸੇ ਇਮਾਰਤ ਵਿਚ ਨਾ ਰਹਿ ਰਿਹਾ ਹੁੰਦਾ---ਜਿਸ ਵਿਚ ਹੋਰ ਕਾਮਰੇਡ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਸਨ। ਉੱਥੇ ਕੁਝ ਦਿਨਾਂ ਵਿਚ ਹੀ ਉਸਦਾ ਮਖੌਲ ਉਡਾਉਣ ਵਾਲਾ ਮਾਹੌਲ ਬਣ ਗਿਆ ਸੀ, ਸਾਰੇ ਉਸਦੀਆਂ ਗੱਲਾਂ ਨੂੰ ਵਾਰੀ-ਵਾਰੀ ਦੁਹਰਾਉਂਦੇ। ਉਸਦੀ ਸਮਝ ਵਿਚ ਇਹ ਗੱਲ ਨਹੀਂ ਸੀ ਆਈ ਕਿ ਪਾਰਟੀ ਤੋਂ ਵੱਖ ਹੁੰਦਿਆਂ ਹੀ ਸਾਰੇ ਰਿਸ਼ਤੇ ਇਕੋ-ਦਿਨਵਿਚ ਕਿੰਜ ਟੁੱਟ ਗਏ ਸਨ ?
ਉਹ ਸਭ ਉਸਨੂੰ ਚਿੜਾਉਂਦੇ। ਲੇਨਿਨ, ਮਾਰਕਸ ਤੇ ਸਟਾਲਿਨ ਦਾ ਨਾਂ ਲੈ ਕੇ ਪੁੱਛਦੇ ਕਿ ਫਲਾਨੀ ਗੱਲ ਕਿਸ ਨੇ ਕਹੀ ਸੀ? ਕੋਈ ਪੁੱਛਦਾ, ਲੱਖਾਂ ਕਾਮਰੇਡਾਂ ਨਾਲੋਂ ਤੇਰੀ ਅਕਲ ਕਿੰਜ ਵੱਡੀ ਹੋ ਗਈ ਬਈ? ਉਹਨਾਂ ਦੀਆਂ ਗੱਲਾਂ ਦਾ ਜਵਾਬ ਦਿੰਦਾ-ਦਿੰਦਾ ਉਹ ਉਤੇਜਨਾਂ ਵੱਸ ਕੰਬਣ ਲੱਗਦਾ। ਚਿਹਰਾ ਲਾਲ ਸੂਹਾ ਹੋ ਜਾਂਦਾ। ਫੇਰ ਕੋਈ ਮੀਸਣਾ ਬਣ ਕੇ ਪੁੱਛਦਾ, 'ਇਹ ਦੱਸ ਬਈ ਤੇਰੇ ਮੁੰਡੇ ਦੀਆਂ ਅੱਖਾਂ, ਕਾਮਰੇਡ ਬਾਬੂ ਦੀਆਂ ਅੱਖਾਂ ਨਾਲ ਕਿੰਜ ਮਿਲਦੀਆਂ ਨੇ?'
ਮੁੰਡੇ ਦੀਆਂ ਅੱਖਾਂ ਦਾ ਕੁਮੇਲ ਕਰਨ ਵਾਲਿਆਂ ਨੂੰ ਉਹ ਹਿਰਖ ਕੇ ਉਹਨਾਂ ਦੇ ਔਰਤਾਂ ਪ੍ਰਤੀ ਘਟੀਆਂ ਨਜ਼ਰੀਏ ਉੱਪਰ ਫਿਟਕਾਰ ਪਾਉਂਦਾ। ਉਸਦੇ ਕਮਰੇ ਦੀ ਖਿੜਕੀ 'ਫਟਾਕ' ਕਰਕੇ ਬੰਦ ਹੋ ਜਾਂਦੀ ਤੇ ਉਸਦੀ ਪਤਨੀ ਸਿਸਕਣ ਲੱਗ ਪੈਂਦੀ।
ਪਹਿਲੀ ਵਾਰੀ ਤਾਂ ਉਹ ਉਹਨਾਂ ਦੇ ਭੱਦੇ ਤੇ ਅਸ਼ਲੀਲ ਮਜ਼ਾਕ ਸੁਣ ਕੇ ਸਿਲ-ਪੱਥਰ ਹੀ ਹੋ ਗਿਆ ਸੀ ਤੇ ਉਹਨਾਂ ਦੀਆਂ ਸ਼ਕਲਾਂ ਵਿਹੰਦਾ ਰਹਿ ਗਿਆ ਸੀ। ਇਹ ਪਾਰਟੀ 'ਚੋਂ ਖਾਰਜ ਕਰ ਦਿੱਤੇ ਜਾਣ ਨਾਲੋਂ ਵੀ ਵੱਡੀ ਸਜ਼ਾ ਸੀ, ਉਸ ਲਈ। ਉਸਨੂੰ ਇਸ ਗੱਲ ਉੱਪਰ ਬੜੀ ਹੈਰਾਨੀ ਹੋਈ ਸੀ ਕਿ ਸਾਰੇ ਉਸਦੀ ਪਤਨੀ ਨੂੰ ਕਿਉਂ ਸਤਾਅ ਰਹੇ ਸਨ? ਉਹ ਤਾਂ ਪਾਰਟੀ 'ਚ ਹੀ ਹੈ ਤੇ ਉਹਨਾਂ ਵਾਂਗ ਢਲ ਚੁੱਕੀ ਹੈ। ਪਾਰਟੀ 'ਚੋਂ ਕੱਢ ਦਿੱਤੇ ਜਾਣ ਪਿੱਛੋਂ ਆਨੰਦ ਘਰ ਆਇਆ ਸੀ ਤਾਂ ਉਸਨੂੰ ਮਹਿਸੂਸ ਹੋਇਆ ਸੀ ਕਿ ਜੋ ਕੁਝ ਉਹਨਾਂ ਦੋਹਾਂ ਵਿਚਕਾਰ ਸੀ, ਉਹ ਹੁਣ ਨਹੀਂ ਸੀ ਰਿਹਾ। ਉਹ ਸੋਚਦਾ ਕਿ ਜਦੋਂ ਸਭ ਕੁਝ ਖਤਮ ਹੋ ਚੁੱਕਿਆ ਹੈ ਤਾਂ ਫੇਰ ਕਿਉਂ ਆਉਂਦਾ ਹੈ, ਉਹ ਉੱਥੇ? ਪਰ ਉੱਥੇ ਨਾ ਜਾਣਾ ਵੀ ਤਾਂ ਉਸਦੇ ਆਪਣੇ ਵੱਸ ਦੀ ਗੱਲ ਨਹੀਂ ਸੀ। ਹਰ ਰਾਤ ਉਸਦੇ ਕਦਮ ਖ਼ੁਦ-ਬ-ਖ਼ੁਦ ਉਸਨੂੰ ਉੱਥੇ ਲੈ ਜਾਂਦੇ…।
"ਇੱਥੇ ਨਾ ਆਇਆ ਕਰ," ਇਕ ਰਾਤ ਘਰੇ ਪਹੁੰਚਦਿਆਂ ਹੀ ਉਸਨੇ ਪਤਨੀ ਦੀ ਤਿੱਖੀ ਆਵਾਜ਼ ਸੁਣੀ।
"ਕਿਉਂ ?"
ਇੱਥੇ ਜਿਉਣਾ ਈ ਮੁਸ਼ਕਲ ਹੋ ਚੁੱਕਿਐ।
ਉਸਦੇ ਮਨ ਵਿਚ ਆਇਆ ਕਿ ਵਿਅੰਗ ਕੱਸਣ ਵਾਲੇ ਕਾਮਰੇਡਾਂ ਨੂੰ ਪੁੱਛੇ ਕਿ 'ਉਹ ਕਾਮਰੇਡ ਬਾਬੂ ਦਾ ਨਾਂ ਲੈ ਕੇ ਉਸਦੀ ਪਤਨੀ ਨੂੰ ਕਿਉਂ ਤੰਗ ਕਰਦੇ ਨੇ?' ਓਹਨੀਂ ਦਿਨੀਂ ਕਾਮਰੇਡ ਬਾਬੂ ਨੁੰ ਵੀ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ। ਜਦੋਂ ਤੱਕ ਉਹ ਪਾਰਟੀ ਵਿਚ ਸੀ, ਕਦੇ ਕਿਸੇ ਨੇ ਇਹੋ ਜਿਹੀ ਗੱਲ ਨਹੀਂ ਸੀ ਕੀਤੀ। ਉਹ ਪਤਨੀ ਨੂੰ ਵੀ ਪੁੱਛਣਾ ਚਾਹੁੰਦਾ ਸੀ ਕਿ 'ਕੀ ਇਹੀ ਨੇ ਤੇਰੇ ਕਾਮਰੇਡ?' ਉਦੋਂ ਹੀ ਉਸਦੇ ਅੰਦਰ ਇਕ ਚੀਸ ਜਿਹੀ ਉਠਦੀ ਕਿ ਉਹ ਸਾਰੇ ਤਾਂ ਉਹੀ ਕਾਮਰੇਡ ਹਨ ਜਿਹਨਾਂ ਨਾਲ ਉਸਨੇ ਕਈ ਵਰ੍ਹੇ ਕੰਮ ਕੀਤਾ ਹੈ ਤੇ ਉਹ ਉਸਦੇ ਆਪਣੇ ਵੀ ਸਾਥੀ ਸਨ।
"ਕੌਣ ਤੇਰਾ ਜਿਉਣਾ ਮੁਸ਼ਕਲ ਕਰ ਰਿਹੈ ਦੱਸ ?"
"ਤੂੰ…"
"ਮੈਂ…"
ਇਹ ਗੱਲ ਉਸਨੇ ਕਦੀ ਸੋਚੀ ਵੀ ਨਹੀਂ ਸੀ। ਇਸ ਘਰ ਵਿਚ ਦੋਹਾਂ ਦੇ ਜਿਸਮਾਂ ਦੀ ਮਹਿਕ ਵੱਸੀ ਸੀ, ਉਹੀ ਉਡ ਗਈ ਸੀ। ਉਹ ਕੰਧ ਉੱਪਰ ਲਟਕੀ, ਉਸ ਪੁਰਾਣੀ ਤਸਵੀਰ ਵੱਲ ਦੇਖਣ ਲੱਗਾ, ਜਿਹੜੀ ਮੈਰਿਜ-ਪਾਰਟੀ ਉੱਤੇ ਖਿੱਚੀ ਗਈ ਸੀ। ਪਾਰਟੀ ਫਰੰਟ ਉੱਤੇ ਇਕੱਠੇ ਕੰਮ ਕਰਦਿਆਂ, ਉਹਨਾਂ ਨੂੰ ਪਿਆਰ ਹੋ ਗਿਆ ਸੀ, ਜਿਹੜਾ ਸ਼ਾਦੀ ਵਿਚ ਬਦਲ ਗਿਆ ਸੀ। ਏਨੇ ਕੁ ਅਰਸੇ 'ਚ ਉਹ ਸਭ ਕੁਝ ਖਤਮ ਹੋ ਗਿਆ ਸੀ ਤੇ ਓਪਰਾ-ਓਪਰਾ ਲੱਗਣ ਲੱਗ ਪਿਆ ਸੀ। ਉਹ ਪਾਗਲਾਂ ਵਾਂਗ ਉਸਨੂੰ ਤੱਕਦਾ ਰਿਹਾ। ਬਾਹਰੋਂ ਆਉਂਦੇ ਹੋਏ ਖ਼ੂੰਖ਼ਾਰ ਤਿੱਖੇ ਵਿਅੰਗ-ਵਾਕ ਉਸਨੂੰ ਅੰਦਰ ਤੱਕ ਛਲਣੀ ਕਰਦੇ ਰਹੇ। ਉਦੋਂ ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕਰੇ, ਕੀ ਨਾ ਕਰੇ? ਜਿਉਂ ਹੀ ਉਹ ਝੋਲਾ ਮੋਢੇ ਤੋਂ ਲਾਹ ਕੇ ਮੰਜੇ ਉੱਪਰ ਰੱਖਣ ਲੱਗਾ, ਪਤਨੀ ਨੇ ਉਸਨੂੰ ਕੱਸ ਕੇ ਫੜ੍ਹ ਲਿਆ ਤੇ ਧਰੀਕਦੀ ਹੋਈ ਪੌੜੀਆਂ ਵੱਲ ਲੈ ਗਈ। ਇਸ ਤੋਂ ਪਹਿਲਾਂ ਕਿ ਕੁਝ ਉਸਦੀ ਸਮਝ ਵਿਚ ਆਉਂਦਾ, ਉਹ ਪੌੜੀਆਂ ਤੋਂ ਰਿੜ੍ਹਦਾ ਹੋਇਆ ਹੇਠਾਂ ਜਾ ਡਿੱਗਿਆ ਸੀ।
"ਖਬਰਦਾਰ ਜੇ ਕਦੀ ਫੇਰ ਇੱਧਰ ਆਇਆ।"
ਉਹ ਖ਼ੂਨ ਵਿਚ ਲੱਥ-ਪੱਥ ਹੋਇਆ ਪਿਆ ਰਿਹਾ। ਕਈ ਕਾਮਰੇਡਾਂ ਦੀਆਂ ਅੱਖਾਂ, ਇਕ ਵਾਰੀ ਦੇਖ ਕੇ ਫੇਰ ਆਪੋ-ਆਪਣੇ ਕਮਰਿਆਂ ਵਿਚ ਬੰਦ ਹੋ ਗਈਆਂ। ਉਹ ਖਾਸੀ ਦੇਰ ਤੱਕ ਆਪਣੇ ਕਮਰੇ ਦੇ ਬੰਦ ਦਰਵਾਜ਼ੇ ਨੂੰ ਘੂਰਦਾ ਰਿਹਾ, ਜਿਸ ਪਿੱਛੋਂ ਉਸਦੀ ਪਤਨੀ ਦੇ ਰੋਣ ਦੀ ਆਵਾਜ਼ ਆ ਰਹੀ ਸੀ।
ਉਸਦਾ ਉਹ ਲੰਮਾ ਖ਼ਤ ਜਿਹੜਾ ਉਸਨੇ ਪਾਰਟੀ ਨੂੰ ਲਿਖਿਆ ਸੀ ਸ਼ਾਇਦ ਹੀ ਕਿਸੇ ਨੇ ਪੜ੍ਹਿਆ ਹੋਵੇ। ਉਸਨੇ ਪੁੱਛਿਆ ਸੀ ਕਿ 'ਜਦ ਏਨੇ ਵਰ੍ਹਿਆਂ ਤੱਕ ਸੰਸਦ ਮਾਰਗ ਉੱਪਰ ਜਲੂਸ ਕੱਢ-ਕੱਢ ਕੇ ਕੁਝ ਨਹੀਂ ਬਦਲਿਆ, ਫੇਰ ਇਹ ਜ਼ਿਦ ਕਿਉਂ?...ਕਿਉਂ ਏਨੀ ਮਿਹਨਤ, ਪੈਸਾ ਤੇ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ? ਇਸ ਨਾਲ ਪਾਰਟੀ, ਆਪਣੀ ਹਰ ਗਲਤੀ ਤੋਂ ਬਾਅਦ, ਸਿਰਫ ਆਪਣੀ ਰੂਪ-ਰੇਖਾ ਬਦਲਦੀ ਹੈ। ਕਿਉਂ ਨਾ ਇਕ ਵਾਰ ਫੇਰ ਆਪਣੇ ਦੇਸ਼ ਦੇ ਹਾਲਾਤਾਂ ਨੂੰ ਇੱਥੋਂ ਦੀ ਹਵਾ ਵਿਚ ਹੀ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ?'
ਇਸ ਖ਼ਤ ਦੇ ਅਖੀਰ ਵਿਚ ਉਸਨੇ ਇਕ ਸਵਾਲ ਵੀ ਕੀਤਾ ਸੀ---'ਕੀ ਕਾਰਣ ਹੈ ਕਿ ਸਾਡੇ ਕਿਸੇ ਨੇਤਾ ਦਾ ਕੋਈ ਬੱਚਾ-ਬੱਚੀ ਸਮਾਜਵਾਦੀ ਨਹੀਂ ਬਣਿਆਂ ਤੇ ਨਾ ਹੀ ਪਾਰਟੀ ਮੈਂਬਰਾਂ ਦੇ ਬੱਚੇ ਹੀ ਸਮਾਜਵਾਦੀ ਬਣ ਰਹੇ ਨੇ?'
ਮੈਂ ਕੰਬਦੇ ਹੋਏ ਆਨੰਦ ਨੂੰ ਫੜ੍ਹ ਲਿਆ। ਉਸਦਾ ਮੂੰਹ ਅੱਜ ਵੀ ਗੁਲਮੋਹਰ ਵੱਲ ਸੀ।
"ਬਾਈ ਆਨੰਦ, ਮੈਂ ਜਲੂਸ ਵਿਚ ਸ਼ਾਮਲ ਹੋਣ ਨਹੀਂ ਆਇਆ।"
ਮੈਂ ਚਾਹੁੰਦਾ ਸਾਂ ਕਿ ਉਹ ਸਾਨੂੰ ਗਾਲ੍ਹਾਂ ਕੱਢੇ---ਨੰਗੀਆਂ ਚਿੱਟੀਆਂ ਗਾਲ੍ਹਾਂ। ਉਸਦੀਆਂ ਗਾਲ੍ਹਾਂ ਅਸੀਂ ਵਰ੍ਹਿਆਂ ਤੋਂ ਨਹੀਂ ਸੀ ਸੁਣੀਆਂ, ਉਹ ਕਿਸੇ ਗਲਤ ਕੰਮ 'ਤੇ ਹੀ ਗਾਲ੍ਹ ਵਗ਼ੈਰਾ ਕੱਢਦਾ ਸੀ। ਪਾਰਟੀ 'ਚੋਂ ਕੱਢੇ ਜਾਣ ਪਿੱਛੋਂ ਅਸੀਂ ਉਸਨੂੰ ਸਤਾਉਂਦੇ ਰਹੇ, ਉਹ ਹਮੇਸ਼ਾ ਚੁੱਪ ਰਿਹਾ।
"ਕਦ ਦਾ ਝੂਠ ਬੋਲਣ ਲੱਗ ਪਿਐਂ ਤੂੰ ?"
"ਅਸੀਂ ਸਾਰੇ ਜਲੂਸ ਵਿਚ ਨਹੀਂ ਜਾਵਾਂਗੇ।"
"ਕੋਈ ਨਹੀਂ ਜਾਵੇਗਾ ਕਾਮਰੇਡ।"
"ਬੜੀ ਦੇਰ ਹੋ ਚੁੱਕੀ ਐ। ਕੌਣ ਸੁਣੇਗਾ? ਕਹਿ ਰਹੇ ਨੇ ਗਲਤ ਰਾਸਤੇ 'ਤੇ ਨੇ…। ਏਨੇ ਲੋਕ---ਲੋਕ ਕੀ ਕਰਣ---ਗਰੀਬ ਨੇ ਤਾਂ ਭਰਤੀ ਵੀ ਹੋਏਗੀ…ਹੋਰ ਕਿੱਥੇ ਜਾਣ ਵਿਚਾਰੇ ? ਉਮਰ, ਜਿਸਮ, ਸਭ ਕੁਝ ਖੁਰ ਗਿਆ---ਤੁਸੀਂ ਸਾਰੇ ਵੀ ਉਹੀ ਬਣ ਗਏ ਕਿਉਂ?"
ਮੈਂ ਉਸਦੀਆਂ ਸਿਜੱਲ-ਅੱਖਾਂ ਵਿਚ ਤੱਕਿਆ---ਉਸ ਆਨੰਦ ਦੀਆਂ ਅੱਖਾਂ ਵਿਚ ਜਿਸ ਨਾਲ ਮੇਰਾ ਸਫ਼ਰ ਮੀਆਂ ਵਾਲੀ ਜੇਲ੍ਹ ਤੋਂ ਸ਼ੁਰੂ ਹੋਇਆ ਸੀ ਕਦੀ।
"ਕਾਸ਼ ਇਹ ਬੀਮਾਰ ਨਾ ਹੋਇਆ ਹੁੰਦਾ।" ਕਾਮਰੇਡ ਬਿਮਲ ਨੇ ਕਿਹਾ ਜਿਹੜਾ ਬਾਰਾਂ ਵਰ੍ਹਿਆਂ ਬਾਅਦ ਜੇਲ੍ਹ 'ਚੋਂ ਛੁੱਟ ਕੇ ਆਇਆ ਸੀ। ਉਸਦਾ ਇਸ਼ਾਰਾ ਉਹਨਾਂ ਦਿਨਾਂ ਵੱਲ ਸੀ ਜਦੋਂ ਅਚਾਨਕ ਹੱਥਿਆਰਬੰਦ ਕਰਾਂਤੀ ਦਾ ਅੰਦੋਲਨ ਸ਼ੁਰੂ ਹੋਇਆ ਸੀ। "ਇਸਦੀ ਬਾਕੀ ਜ਼ਿੰਦਗੀ ਤਾਂ ਠੀਕ-ਠਾਕ ਲੰਘ ਜਾਂਦੀ।" ਕਾਮਰੇਡ ਬਿਮਲ ਪ੍ਰੇਸ਼ਾਨ ਜਿਹਾ ਬੋਲੀ ਜਾ ਰਿਹਾ ਸੀ।
"ਮੇਰੀ ਵਸੀਹਤ ਹੈ ਤੇਰੇ ਕੋਲ?" ਜਲੂਸ ਵੱਲ ਦੇਖਦਿਆਂ ਉਸਨੇ ਯਕਦਮ ਪੁੱਛਿਆ।
ਵਸੀਅਤ ਦਾ ਨਾਂ ਸੁਣਦਿਆਂ ਹੀ ਮੇਰੇ ਸੱਤੀਂ-ਕੱਪੜੀ ਅੱਗ ਲੱਗ ਗਈ। ਏਸ ਹਾਲਤ ਵਿਚ ਵੀ ਵਸੀਅਤ ਪ੍ਰਤੀ ਏਨਾ ਮੋਹ!
"ਕਿਉਂ ਤੇਰਾ ਖਿਆਲ ਏ, ਸੁਣ ਕੇ ਉਹਨਾਂ ਨੂੰ ਸ਼ਰਮ ਆਏਗੀ?"
"ਓਇ ਇਹ ਤਾਂ ਜਿੱਥੇ ਸੀ, ਓਥੋਂ ਵੀ ਉਪਰ ਉਠ ਗਏ---ਸਾਕਾਰ ਅਲੌਕਿਕ ਹਸਤੀਆਂ।" ਉਹਨਾਂ ਤਿੰਨਾਂ ਪੁਰਾਣੇ ਲੀਡਰਾਂ ਨੂੰ ਦੇਖ ਕੇ, ਕਿਸੇ ਨੇ ਵਿਅੰਗ ਕਸਿਆ ਸੀ।
"ਉਸਨੂੰ ਦੇਖੋ---ਕਿੱਥੇ ਪਹੁੰਚ ਕੇ ਲੁੜਕਿਆ ਈ ?" ਹੰਸੇ ਦਾ ਇਸ਼ਾਰਾ ਉਸ ਲੀਡਰ ਵੱਲ ਸੀ ਜਿਹੜਾ ਲੰਮੇ ਸਮੇਂ ਦਾ ਇਕ ਟਰੇਡ ਯੂਨੀਅਨ ਨਾਲ ਚਿਪਕਿਆ, ਮੁੜ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਕਈ ਵਰ੍ਹੇ ਪਹਿਲਾਂ ਉਸਨੇ ਉੱਪਰੋਂ ਘੱਲੀਆਂ ਜਾਣ ਵਾਲੀਆਂ ਲਾਈਨਾ ਦੇ ਖ਼ਿਲਾਫ, ਇਕ ਅਲੋਚਨਾਤਮਕ ਲੇਖ ਲਿਖਿਆ ਸੀ---ਪਰ ਮੀਟਿੰਗ ਵਿਚ ਨਹੀਂ ਸੀ ਪੜ੍ਹਿਆ ਕਿਉਂਕਿ ਉਸਨੂੰ ਇਕ ਅਹੂਦਾ ਮਿਲ ਗਿਆ ਸੀ। ਬਾਅਦ ਵਿਚ ਉਹ ਉੱਥੋਂ ਲੁੜਕ ਗਿਆ ਸੀ।
"ਏਨੇ ਵਰ੍ਹੇ ਜਲੂਸਾਂ ਵਿਚ ਸ਼ਾਮਲ ਹੋ-ਹੋ ਕੇ ਅਸੀਂ ਆਪਣੇ-ਆਪ ਨੂੰ ਧੋਖਾ ਦੇਂਦੇ ਰਹੇ ਹਾਂ। ਏਸ ਵੇਲੇ ਵੀ ਜਲੂਸ ਵਿਚ ਹੁੰਦੇ…ਪਰ ਹੁਣ ਤਾਂ ਉਧਰ ਦੇਖਣ ਨੂੰ ਵੀ ਮਨ ਨਹੀਂ ਕਰ ਰਿਹਾ।" ਅਜਿਹੀਆਂ ਗੱਲਾਂ ਕਰਕੇ ਉਹ ਉਸ ਪਾੜੇ ਨੂੰ ਪੂਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਹੜਾ ਉਸ ਜਲੂਸ ਨਾਲੋਂ ਵੀ ਵੱਡਾ ਸੀ।
"ਅੱਜ ਤੱਕ ਅਸੀਂ ਹਾਰਦੇ ਰਹੇ ਤੇ ਆਨੰਦ ਜਿੱਤਦਾ ਰਿਹਾ।"
ਏਨਾ ਸੁਣਦਿਆਂ ਹੀ ਜਲੂਸ ਦੇ ਨਾਅਰੇ, ਗੁੰਜਾਹਟ ਤੇ ਉਬਾਲ ਨਿਰਜਿੰਦਾ ਜਿਹਾ ਲੱਗਿਆ। ਇਹ ਵੀ ਮਹਿਸੂਸ ਹੋਇਆ ਕਿ ਜਲੂਸ ਵਿਚ ਖੌਲਦੇ-ਉਬਲਦੇ ਲੋਕ, ਨੇਤਾਵਾਂ ਲਈ ਸਿਰਫ ਝੰਡੀਆਂ ਤੇ ਨਾਅਰਿਆਂ ਵਾਲੀਆਂ ਤਖ਼ਤੀਆਂ ਹੀ ਹੁੰਦੇ ਹਨ…।
"ਇਹ ਕੀ ਧੱਕ ਦੇਣਗੇ, ਇਹ ਤਾਂ ਖ਼ੁਦ ਧੱਕੇ ਖਾਣ ਜਾ ਰਹੇ ਨੇ।"
ਰਿਕਸ਼ਾ ਯੂਨੀਅਨ ਦੇ ਖ਼ੂੰਖ਼ਾਰ ਆਦਿਲ ਨੇ ਕਿਹਾ ਜਿਹੜਾ ਇਹਨਾਂ ਸਾਲ ਵਿਚ ਨਸ਼ੇ ਦੀ ਆਦਤ ਕਾਰਨ ਆਪਾ ਗੰਵਾਅ ਬੇਠਾ ਸੀ। ਅੱਜ ਉਹ ਵੀ ਬੜਾ ਚੰਗਾ ਲੱਗਿਆ। ਆਨੰਦ ਦੀ ਪਤਨੀ ਤੀਰ ਵਾਂਗ ਜਲੂਸ ਵਿਚੋਂ ਨਿਕਲ ਕੇ ਸਾਡੇ ਵੱਲ ਆਉਂਦੀ ਦਿਖਾਈ ਦਿੱਤੀ। ਰਤਾ ਝਿਜਕੀ। ਉਸਦੇ ਝੁਰੜੀਆਂ ਭਰੇ ਚਿਹਰੇ ਉੱਪਰ ਹਲਚਲ ਹੋਈ।
"ਇਹ ਕੀ ਗਤ ਬਣਾ ਲਈ ਏ ਤੂੰ?" ਉਹ ਆਨੰਦ ਨਾਲ ਲਿਪਟ ਗਈ।
"ਦੂਰ ਹਟ…ਉੱਥੇ ਜਾ ਕੇ ਸੰਘ ਪਾੜ। ਤੂੰ ਘਿਸ ਗਈ ਏਂ…ਪਰ ਹੋਇਆ ਕੀ?"
"ਇਸ ਨੂੰ ਨਾ ਸਤਾਅ ਭਾਬੀ।"
ਭਾਬੀ ਸ਼ਬਦ ਬਰਛੇ ਵਾਂਗ ਚੁਭਿਆ ਸੀ ਉਸਨੂੰ। ਉਸਨੇ ਵਾਰੀ-ਵਾਰੀ ਸਾਰਿਆਂ ਵੱਲ ਤੱਕਿਆ। ਫੇਰ ਉੱਚੀ-ਉੱਚੀ ਰੋਣ ਲੱਗ ਪਈ…ਤੇ ਫੇਰ ਹੌਲੀ-ਹੌਲੀ ਤੁਰਦੀ ਹੋਈ ਜੰਗਲੇ ਕੋਲ ਜਾ ਕੇ ਖੜ੍ਹੀ ਹੋ ਗਈ। ਕਦੀ ਉਹ ਇੱਥੇ ਰੋਜ਼ ਆਉਂਦੇ ਸਨ ਤੇ ਬੱਚਿਆਂ ਵਾਂਗ ਨਟਖਟ ਹੋ ਜਾਂਦੇ ਹੁੰਦੇ ਸਨ।
ਆਨੰਦ ਨੇ ਹੇਠਾਂ ਡਿੱਗੇ ਆਖਰੀ ਗੁੱਛੇ ਨੂੰ ਚੱਕਿਆ। ਉੱਪਰ ਵੱਲ ਦੇਖਿਆ---ਹੁਣ ਉੱਥੇ ਫੁੱਲ ਨਹੀਂ ਸਨ, ਪੱਤੇ ਸਨ ਤੇ ਉਹਨਾਂ ਵਿਚ, ਕਿਤੇ-ਕਿਤੇ ਕਈ ਰੰਗਾਂ ਦੇ ਸੜੇ-ਸੁੱਕੇ, ਮੁਰਝਾਏ ਹੋਏ ਗੁੱਛੇ ਚੰਮਗਿਦੜਾਂ ਵਾਂਗ ਪੁੱਠੇ ਲਟਕ ਰਹੇ ਸਨ। ਉਸਨੇ ਤੁਰੇ ਜਾ ਰਹੇ ਜਲੂਸ ਵੱਲ ਦੇਖਿਆ---ਉੱਧਰ ਸਭ ਕੁਝ ਲਾਲ ਹੀ ਲਾਲ ਸੀ, ਜਿਵੇਂ ਗੁਲਮੋਹਰਾਂ ਦਾ ਰੰਗ ਉਹਨਾਂ ਨੇ ਚੁਸ ਲਿਆ ਹੋਵੇ। ਉਸਨੇ ਗੁੱਛਾ ਉੱਪਰ ਵੱਲ ਉਛਾਲ ਦਿੱਤਾ, ਜਿਹੜਾ ਉੱਪਰ ਪੱਤਿਆਂ ਵਿਚ ਅਟਕ ਗਿਆ। ਉਹ ਮੇਰੇ ਵੱਲ ਅਹੂਲਿਆ। ਇਸ ਤੋਂ ਪਹਿਲਾਂ ਕਿ ਡਿੱਗ ਪੈਂਦਾ, ਮੈਂ ਉਸਨੂੰ ਬਾਹਾਂ ਵਿਚ ਸੰਭਾਲ ਲਿਆ।
"ਕਿੱਥੇ ਹੈ, ਮੇਰੀ ਵਸੀਹਤ ?" ਉਹ ਏਨੀ ਉੱਚੀ ਆਵਾਜ਼ ਵਿਚ ਚੀਕਿਆ ਕਿ ਜੰਗਲੇ ਕੋਲ ਖੜ੍ਹੀ ਉਸਦੀ ਪਤਨੀ ਦੀ ਵੀ ਚੀਕ ਨਿਕਲ ਗਈ। "…ਕਿੱਥੇ ਹੈ…?" ਉਸਦਾ ਸਾਰਾ ਸਰੀਰ ਤਣ ਗਿਆ ਸੀ। ਚਿਹਰੇ ਉੱਪਰ ਉਤੇਜਨਾ ਵੱਸ ਨੀਲੀ ਜਿਹੀ ਭਾਅ ਦਿੱਸਣ ਲੱਗ ਪਈ ਸੀ---ਜਿਹੜੀ ਅਕਸਰ ਪਾਗਲ ਲੋਕਾਂ ਦੇ ਚਿਹਰੇ ਉੱਪਰ ਹੁੰਦੀ ਹੈ।
"ਬੋਲਦਾ ਕਿਉਂ ਨਹੀਂ..."
ਪਹਿਲੀ ਵਾਰੀ ਵਸੀਅਤ ਦੇ ਨਾਂ ਉੱਪਰ ਉਸਦੀ ਆਵਾਜ਼ ਵਿਚ ਨਫ਼ਰਤ ਦੀ ਝਲਕ ਦਿਸੀ---ਨਹੀਂ ਤਾਂ ਹਮੇਸ਼ਾ ਇੰਜ ਲੱਗਦਾ ਸੀ ਜਿਵੇਂ ਉਹ ਸਿਰਫ ਉਸੇ 'ਇੱਛਾ-ਵੱਸ' ਜਿਊਂ ਰਿਹਾ ਹੈ। ਉਸਦੇ ਨਾਂ ਨਾਲ ਹੀ ਉਸ ਵਿਚ ਉਮੀਦ ਦੀ ਕਿਰਨ ਫੁੱਟ ਪੈਂਦੀ ਸੀ। ਤਿੰਨ ਸੌ ਸਫ਼ਿਆਂ ਦੀ ਵਸੀਅਤ ਇਕ ਗੰਭੀਰ ਨਿਬੰਧ ਸੀ, ਜਿਹੜਾ ਪਾਰਟੀ ਵਿਚੋਂ ਕੱਢ ਦਿੱਤੇ ਜਾਣ ਪਿੱਛੋਂ ਉਸਨੇ ਲਿਖਿਆ ਸੀ। ਉਸਨੂੰ ਉਹਨੀਂ ਦਿਨੀਂ ਪੂਰਾ ਵਿਸ਼ਵਾਸ ਹੁੰਦਾ ਸੀ ਕਿ ਵਸੀਅਤ ਦੇ ਛਪਦਿਆਂ ਹੀ ਸਮਾਜਵਾਦੀ ਦੁਨੀਆਂ ਵਿਚ ਤਰਥੱਲੀ ਮੱਚ ਜਾਵੇਗੀ। "ਪਾੜ ਦੇ ਉਸਨੂੰ---ਨਹੀਂ, ਨਹੀਂ---ਨਾ ਪਾੜੀਂ। ਪ੍ਰਭਾਤ ਕਿੱਥੇ ਹੈ?"
"ਪ੍ਰਭਾਤ…" ਮੈਂ ਆਪਣੇ ਬੇਟੇ ਨੂੰ ਯਾਦ ਕਰਦੇ ਕੰਬ ਗਿਆ।
"ਉਸਨੂੰ ਦੇ ਦੇਵੀਂ।"
"ਉਹ ਨਹੀਂ ਹੈ। ਉਹ ਤਾਂ ਕਦੋਂ ਦਾ ਕਤਲ ਹੋ ਚੁੱਕਿਐ…ਅਸੀਂ ਤੈਥੋਂ ਛਿਪਾਈ ਰੱਖਿਆ।"
ਗੁੱਸੇ ਵਿਚ ਮੇਰੀ ਉਂਗਲ ਜਲੂਸ ਵੱਲ ਤਣ ਗਈ। "ਹਥਿਆਰਬੰਦ ਅੰਦੋਲਨ ਦੌਰਾਨ, ਸਮਾਜਵਾਦੀਆਂ ਨੇ ਹੀ ਮਾਰ ਦਿੱਤਾ ਸੀ, ਉਸਨੂੰ…ਦਸ ਵਰ੍ਹੇ ਪਹਿਲਾਂ।"
"ਵਿਜੈ ਕਿੱਥੇ ਹੈ?"
"ਉਹ ਜੇਲ੍ਹ ਵਿਚ ਬੰਦ ਹੈ।"
"ਉਸਨੂੰ ਮੇਰਾ ਸਲਾਮ ਦੇਵੀਂ।"
ਉਸਨੇ ਹਿਰਖ ਵੱਸ ਜਲੂਸ ਤੋਂ ਨਜ਼ਰਾਂ ਹਟਾਅ ਲਈਆਂ ਤੇ ਪ੍ਰਭਾਤ ਨੂੰ ਯਾਦ ਕਰਦੇ ਬੱਚਿਆਂ ਵਾਂਗ ਰੋਣ ਲੱਗ ਪਿਆ। ਸ਼ਾਇਦ ਉਸਨੂੰ ਵੀ ਦਿਸਣਾ ਬੰਦ ਹੋ ਚੁੱਕਿਆ ਸੀ---ਮੈਨੂੰ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ; ਐਨਕਾਂ ਤੇ ਅੱਖਾਂ ਵਿਚਕਾਰ ਪਾਣੀ ਤੈਰ ਰਿਹਾ ਸੀ। ਉਸਦੀਆਂ, ਮੇਰੀਆਂ, ਸਾਰਿਆਂ ਦੀਆਂ ਅੱਖਾਂ ਛਲਛਲ ਕਰ ਰਹੀਆਂ ਸਨ।
"ਇਹ ਕਿਹੜੇ ਜਾ ਰਹੇ ਨੇ?...ਏਨੀ ਉੱਚੀ-ਉੱਚੀ ਚੀਕ ਕਿਉਂ ਰਹੇ ਨੇ? ਫੁੱਲ ਕਿੱਥੇ ਗਏ…ਦਿਖਾਈ ਕਿਉਂ ਨਹੀਂ ਦੇ ਰਹੇ…?"
ਉਹ ਧਾਹਾਂ ਮਾਰ-ਮਾਰ ਕੇ ਰੋਣ ਲੱਗ ਪਿਆ। ਕਈ ਵਰ੍ਹਿਆਂ ਬਾਅਦ ਉਸਨੇ ਪਹਿਲੀ ਵੇਰ ਪ੍ਰਭਾਤ ਨੂੰ ਯਾਦ ਕੀਤਾ ਸੀ। ਅੱਜ ਅਸਾਂ ਸਾਰਿਆਂ ਦੇ ਜਲੂਸ ਵਿਚ ਨਾ ਜਾਣ ਕਰਕੇ ਉਹ ਹੱਡ-ਮਾਸ ਦਾ ਆਦਮੀ ਲੱਗਿਆ, ਨਾਲ ਹੀ ਅਸੀਂ ਵੀ ਹੱਡ-ਮਾਸ ਦੇ ਪੁਤਲਿਆਂ ਵਿਚ ਬਦਲ ਗਏ।
"ਪ੍ਰਭਾਤ ਨਹੀਂ---ਸੂਰਜ ਨੂੰ ਬੁਲਾਓ…ਉਸਨੂੰ ਮੇਰੇ ਕੋਲ ਲੈ ਆਓ…ਉਹ ਹੀ ਕੁਝ ਕਰ ਸਕਦੇ ਨੇ…ਬਦਲ ਸਕਦੇ ਨੇ; ਛੇਤੀ ਕਰੋ,ਬੜੀ ਦੇਰ ਹੋ ਚੁੱਕੀ ਹੈ…ਝੰਡੀਆਂ, ਤਖ਼ਤੀਆਂ ਕੁਝ ਵੀ ਨਹੀਂ ਬਦਲ ਸਕਦੀਆਂ।"
ਸਾਡੇ ਸਾਹਮਣੇ ਖੜ੍ਹਾ ਕੋਈ ਗਾ ਰਿਹਾ ਸੀ---
'ਸੁਬਹ ਕੋ ਉਜਾਲਨੇ ਕਾ ਹੁਨਰ ਹਮ ਪੇ ਛੋਡ ਦੋ !!
ਤੁਮ ਥਕ ਚੁਕੇ ਹੋ ਅਬ ਯੇ ਸਫ਼ਰ ਹਮ ਪੇ ਛੋਡ ਦੋ !!
ਇਸ ਕੇ ਲੀਏ ਜੋ ਤੁਮ ਨੇ ਕੀਆ ਸਬ ਕੋ ਇਲਮ ਹੈ !!
ਇਸ ਘਰ ਮੇਂ ਹਮ ਭੀ ਰਹਿਤੇ ਹੈਂ, ਇਸ ਘਰ ਕੋ ਛੋਡ ਦੋ !!'

ਮੇਰੇ ਮਨ ਵਿਚ ਆਇਆ ਕਿ ਉਸਨੂੰ ਹੰਸੇ ਦੇ ਬੇਟੇ ਸੂਰਜ ਬਾਰੇ ਵੀ ਦੱਸ ਦਿਆਂ। ਉਦੋਂ ਹੀ ਉਸਦੀ ਚੀਕ ਫੇਰ ਸੁਣਾਈ ਦਿੱਤੀ
"ਕਰਾਂਤੀ ਕਿੱਥੇ ਹੈ?" ਉਸਨੇ ਦੂਰ ਜੰਗਲੇ ਕੋਲ ਖੜ੍ਹੀ ਸਿਸਕ ਰਹੀ ਪਤਨੀ ਵੱਲ ਉਂਗਲ ਸਿੰਨ੍ਹ ਲਈ।
ਕਰਾਂਤੀ ਉਸਦੇ ਪੁੱਤਰ ਦਾ ਨਾਂ ਸੀ। ਪਾਰਟੀ ਵਿਚੋਂ ਕੱਢ ਦਿੱਤੇ ਜਾਣ ਤੋਂ ਬਾਅਦ, ਉਸਨੂੰ ਕਈ ਸਾਲਾਂ ਬਾਅਦ ਉਸਦੀ ਯਾਦ ਆਈ ਸੀ, ਤੇ ਸਾਨੂੰ ਵੀ। ਉਸਦੀ ਪਤਨੀ ਵਗੇ ਜਾ ਰਹੇ ਜਲੂਸ ਵਿਚ ਸ਼ਾਮਲ ਹੋਣ ਦੀ ਬਜਾਏ, ਪਰਤ ਕੇ ਆਨੰਦ ਨਾਲ ਆ ਲਿਪਟੀ।
"ਕਿੱਥੇ ਹੈ ਕਰਾਂਤੀ?" ਉਸਨੇ ਵਿਲਕਦੀ ਹੋਈ ਪਤਨੀ ਨੂੰ ਮੋਢਿਆਂ ਤੋਂ ਫੜ੍ਹ ਲਿਆ।
ਕਿਸੇ ਨੂੰ ਵੀ ਨਹੀਂ ਸੁੱਝ ਰਿਹਾ ਸੀ ਕਿ ਉਸਨੂੰ ਕੀ ਜਵਾਬ ਦਿੱਤਾ ਜਾਵੇ। ਸਾਹਮਣੇ ਸੰਸਦ ਮਾਰਗ ਉੱਪਰ ਤੁਰੇ ਜਾ ਰਹੇ ਜਲੂਸ ਦੀਆਂ ਭਖ਼ਦੀਆਂ ਆਵਾਜ਼ਾਂ ਦੇ ਸੁਰਖ ਜੰਗਲ ਵਿਚ, ਹਰੇਕ ਦੀ ਆਵਾਜ਼ ਗਵਾਚ ਗਈ ਜਾਪਦੀ ਸੀ…ਤੇ ਉਹ ਵੀ।

No comments:

Post a Comment