Thursday, March 19, 2009

ਆਊਟਸਾਈਡਰ :: ਲੇਖਕ : ਰਾਬਿਨ ਸ਼ਾਹ ਪੁਸ਼ਪ

ਹਿੰਦੀ ਕਹਾਣੀ : ਆਊਟਸਾਈਡਰ :: ਲੇਖਕ : ਰਾਬਿਨ ਸ਼ਾਹ ਪੁਸ਼ਪ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.
-------------------------------------------------------------------------------------------------------------------------------
ਇਹ ਕਹਾਣੀ ਪ੍ਰਤੀਲੜੀ ਦੇ ਨਵੰਬਰ 2007.ਅੰਕ ਵਿਚ ਛਪੀ ਹੈ। ਪ੍ਰੀਤਲੜੀ ਦਾ ਸੰਪਰਕ ਨੰਬਰ ਹੈ = 0172-3252827.
-------------------------------------------------------------------------------------------------------------------------------

ਮੇਜ਼ ਉੱਤੇ ਇਕ ਕਾਰਡ ਪਿਆ ਹੈ---'ਨੀਤਾ ਬਰਾਉਨ'। ਕੱਲ੍ਹ ਦਾ ਪਿਆ ਹੈ, ਨਾ ਨੀਤਾ ਖੋਲ੍ਹਦੀ ਹੈ, ਨਾ ਉਸਦਾ ਪਤੀ…ਜਦੋਂ ਇਹ ਕਾਰਡ ਪੋਸਟਮੈਨ ਦੇ ਕੇ ਗਿਆ ਸੀ, ਰੇਜੀ ਨੇ ਕਿਹਾ ਸੀ, 'ਤੇਰਾ ਹੈ।' ਤੇ ਕਾਰਡ ਉਸ ਵੱਲ ਸਰਕਾਅ ਕੇ ਉਹ ਆਪਣੇ ਕਮਰੇ ਵਿਚ ਚਲਾ ਗਿਆ ਸੀ। ਉਹ ਜਾਂਦੇ ਹੋਏ ਰੇਜੀ ਨੂੰ ਦੇਖਦੀ ਰਹੀ ਸੀ। ਇੰਜ ਲੱਗਿਆ ਸੀ, ਜਿਵੇਂ ਰੇਜੀ ਕੋਈ ਲਾਸ਼ ਹੋਵੇ। ਏਸ ਤੁਰਦੀ-ਫਿਰਦੀ ਲਾਸ਼ ਨੂੰ ਦੇਖ ਕੇ ਉਹ ਧੁਰ-ਅੰਦਰ ਤਕ ਕੰਬ ਗਈ ਸੀ। ਇਹੀ ਰੇਜੀ ਪਹਿਲਾਂ ਕਿੰਨਾ ਸਮਾਰਟ ਹੁੰਦਾ ਸੀ…
ਇਕ ਪਾਰਟੀ ਵਿਚ ਮੁਲਾਕਾਤ ਹੋਈ ਸੀ। ਉਹ ਇਕ ਸਾਦੀ ਜਿਹੀ ਸਾੜ੍ਹੀ ਵਿਚ ਸੀ। ਵਾਲ ਬਸ ਇੰਜ ਹੀ ਸਨ, ਸ਼ਾਇਦ ਖੁੱਲ੍ਹੇ ਛੱਡੇ ਹੋਏ…ਜਦੋਂ ਕਿਸੇ ਨੇ ਜਾਣ-ਪਛਾਣ ਕਰਵਾਈ ਸੀ, 'ਇਹ ਨੇ ਮਿਸੇਜ਼ ਬਰਾਉਨ…'
ਉਹ ਝੱਟ ਹੀ ਬੋਲਿਆ ਸੀ, 'ਓ-ਅ, ਬਾਈ ਗਾਡ ?'
'ਕਿਉਂ ਕੋਈ…ਸ਼ੱਕ ਏ ?'
'ਤੁਹਾਡੇ ਬਾਰੇ ਬੜਾ ਕੁਝ ਸੁਣਿਆ ਸੀ। ਪੇਪਰ ਵਿਚ ਵੀ ਪੜ੍ਹਿਆ ਸੀ। ਯੂ ਆਰ ਏ ਗ੍ਰੇਟ ਲੇਡੀ। ਮੈਂ ਸੋਚਿਆ ਸੀ…ਖ਼ੈਰ, ਤੁਹਾਡੇ ਬਾਰੇ ਹੋਰ ਈ ਸੋਚਿਆ ਸੀ।…ਹੋਰ ਕੁਝ ਟੁੱਟ ਜਾਏ ਤਾਂ ਏਨਾਂ ਦੁੱਖ ਨਹੀਂ ਹੁੰਦਾ, ਜਿੰਨਾ ਇਮੇਜ ਟੁੱਟ ਜਾਣ ਦਾ ਹੁੰਦਾ ਏ।'
ਉਹ ਦੇਖਦੀ ਰਹੀ : ਗ੍ਰੇ-ਸੂਟ, ਉਸ ਨਾਲ ਮੈਚ ਕਰਦੀ ਹੋਈ ਟਾਈ, ਸ਼ੀਸ਼ੇ ਵਾਂਗ ਲਿਸ਼ਕਦੇ ਬੂਟ।
'ਕੀ ਦੇਖ ਰਹੇ ਓ ?'
ਨੀਤਾ ਬਰਾਉਨ ਜਿਵੇਂ ਅਚਾਨਕ ਫੜ੍ਹੀ ਗਈ ਸੀ, 'ਅ…ਤੁਸੀਂ ਪਾਲਸ਼ ਕਿਹੜੀ ਇਸਤੇਮਾਲ ਕਰਦੇ ਓ ?'
'ਮਿਸੇਜ਼ ਬਰਾਉਨ, ਪਾਲਸ਼ ਕੋਈ ਵੀ ਹੋਵੇ…ਅਸਲ ਗੱਲ ਤਾਂ ਹੈ, ਚਿਹਰੇ ਦੀ ਚਮਕ…ਤੇ ਚਿਹਰੇ ਦੀ ਚਮਕ ਕਿਸੇ ਹੋਰ ਸ਼ੈ ਨਾਲ ਨਹੀਂ ਆਉਂਦੀ। ਜੇ ਮਨ ਖੁਸ਼ ਹੋਏ, ਤਾਂ ਚਿਹਰਾ ਆਪਣੇ ਆਪ ਖਿੜ-ਪੁੜ ਜਾਂਦਾ ਏ। ਫਾਰ ਯੋਰ ਪਰਸਨਲ ਇੰਫਮੇਸ਼ਨ, ਕੰਨ ਜ਼ਰਾ ਨੇੜੇ ਕਰੋ, ਮੈਂ ਹੋਅਰ ਡਾਈ ਵੀ ਇਸਤੇਮਾਲ ਕਰਦਾ ਵਾਂ।'
ਨੀਤਾ ਬਰਾਉਨ ਆਪਣੇ ਆਪ ਵਿਚ ਸੁੰਗੜ ਗਈ ਸੀ ਤੇ ਰੇਜੀ ਛੱਤ ਪਾੜਵਾਂ ਹਾਸਾ ਹੱਸਿਆ ਸੀ।
ਕੋਈ ਆਦਮੀ ਏਨਾ ਖੁੱਲ੍ਹਾ-ਡੁੱਲ੍ਹਾ ਵੀ ਹੋ ਸਕਦਾ ਹੈ…ਉਸਨੇ ਉਸ ਦਿਨ ਹੀ ਦੇਖਿਆ ਸੀ।
ਡਿਨਰ ਲਈ ਉਹ ਟੇਬਲ ਸਜਾਉਣ ਆਈ : ਵਿਚਕਾਰ ਪਲੇਟਾਂ, ਖੱਬੇ-ਹੱਥ ਛੋਟੇ-ਵੱਡੇ ਚਮਚੇ, ਗਲਾਸ ਵੀ ਉਸੇ ਪਾਸੇ, ਸੱਜੇ ਲੱਗੇ ਰਿੰਗ 'ਤੇ ਨੈਪਕਿਨ ਤੇ ਐਨ ਵਿਚਕਾਰ ਇਕ ਵੱਡੀ ਸਾਰੀ ਕੈਂਡਲ---ਮਿਸਟਰ ਬਰਾਉਨ ਦੇ ਸਮੇਂ ਦੀ ਸੀ---ਕਿਸੇ ਨੇ ਪ੍ਰੇਜ਼ੈਂਟ ਕੀਤੀ ਸੀ, ਇਕ ਸਲਿੱਪ ਦੇ ਨਾਲ 'ਇਹ ਕੈਂਡਲ ਇਸ ਲਈ ਨਹੀਂ ਦੇ ਰਿਹਾ ਕਿ ਡਾਇਨਿੰਗ ਟੇਬਲ ਤੇ ਰੱਖ ਛੱਡੋ, ਬਲਿਕੇ ਇਸ ਲਈ ਦਿੱਤੀ ਏ ਕਿ ਹਨੀਮੂਨ ਦੀ ਰਾਤ ਮੱਧਮ-ਮੱਧਮ ਰੌਸ਼ਨੀ ਵਿਚ ਆਪਣੀ ਵਾਈਫ਼ ਨੂੰ ਦੇਖੋ ਤੇ ਮੈਨੂੰ ਦੁਆਵਾਂ ਦਿਓ…' ਪਰ ਉਸ ਦਿਨ ਵੀ ਮਿਸਟਰ ਬਰਾਉਨ ਸਾਰੀ ਰਾਤ ਪੜ੍ਹਦੇ ਰਹੇ ਸਨ ਤੇ ਸਵੇਰੇ ਉੱਠ ਕੇ ਉਹਨਾਂ ਉਸਨੂੰ ਬੁਝਾ ਦਿੱਤਾ ਸੀ। ਇਕ ਦਿਨ ਅਚਾਨਕ ਖਾਣਾ ਖਾਂਦਿਆਂ ਲਾਈਟ ਆਫ਼ ਹੋ ਗਈ ਸੀ ਤੇ ਉਸਨੂੰ ਇਸ ਕੈਂਡਲ ਦਾ ਖ਼ਿਆਲ ਆਇਆ ਸੀ।
ਕੈਂਡਲ ਕੋਲ ਕਾਰਡ ਅਜੇ ਵੀ ਪਿਆ ਸੀ। ਬੁੱਕ-ਪੋਸਟ। ਉਹ ਜਾਣੀ ਹੈ ਲਿਫ਼ਾਫ਼ਾ ਖੁੱਲ੍ਹਾ ਹੋਏਗਾ, ਪਰ ਕਾਰਡ ਅਜੇ ਤੀਕ ਪੜ੍ਹਿਆ ਨਹੀਂ ਗਿਆ। ਸੋਚਦੀ ਹੈ, ਕਾਰਡ ਦਾ ਕੀ ਕਰੇ ? ਜ਼ਰੂਰ ਇਸ਼ਿਕਾ ਨੇ ਭੇਜਿਆ ਹੋਏਗਾ। ਹੋਰ ਕਿਸੇ ਨੇ ਭੇਜਿਆ ਹੁੰਦਾ, ਤਾਂ ਦੋਹਾਂ ਨੂੰ ਬੁਲਾਇਆ ਹੁੰਦਾ। ਪਰ ਇਸ਼ਿਕਾ…ਇਸ਼ਿਕਾ ਨੇ ਹੋਸਟਲ ਜੋਇਨ ਕਰਨ ਸਮੇਂ ਆਪਣੇ ਨਾਂਅ ਨਾਲ ਲਿਖਿਆ ਸੀ, 'ਇਸ਼ਿਕਾ ਬਰਾਉਨ'।
ਉਸ ਹੌਲੀ ਜਿਹੀ ਕਿਹਾ ਸੀ, 'ਬੇਟਾ, ਹੁਣ ਤੂੰ…'
ਇਸ਼ਿਕਾ ਨੇ ਯਕਦਮ ਉੱਤਰ ਦਿੱਤਾ ਸੀ, 'ਮੰਮੀ, ਤੁਸੀਂ ਬਰਾਉਨ ਤੋਂ ਸਾਈਮਨ ਬਣ ਸਕਦੇ ਓ, ਪਰ ਮੈਂ ਡੈਡੀ ਚੇਂਜ ਨਹੀਂ ਕਰ ਸਕਦੀ।'
ਤੇ ਉਸਨੂੰ ਲੱਗਿਆ ਸੀ ਇਸ਼ਿਕਾ ਯਕਲਖ਼ਤ ਬੜੀ ਵੱਡੀ ਹੋ ਗਈ ਹੈ। ਇਹ ਉਸਦੀ ਬੇਟੀ ਦਾ ਹੀ ਕਾਰਡ ਸੀ…
ਟੇਬਲ ਸਜਾਅ ਕੇ ਰੇਜੀ ਨੂੰ ਬੁਲਾਉਂਦੀ ਹੈ।
ਉਹ ਕੋਈ ਬਹਾਨਾ ਨਹੀ ਬਣਾਉਂਦਾ। ਸਿੱਧਾ ਮੇਜ਼ 'ਤੇ ਆ ਜਾਂਦਾ ਹੈ। ਆਪਣੇ ਪੱਟਾਂ ਉੱਤੇ ਨੈਪਕਿਨ ਵਿਛਾਅ ਕੇ, ਪ੍ਰੇਅਰ ਕਰਦਾ ਹੈ। ਫੇਰ ਖਾਣਾ ਸ਼ੁਰੂ ਕਰ ਦਿੰਦਾ ਹੈ। ਉਹ ਹੌਲੀ-ਹੌਲੀ ਸੂਪ, ਸਿਪ ਕਰਦੀ ਹੈ। ਦੋਹਾਂ ਵਿਚਕਾਰ ਕੁਝ ਨਹੀਂ, ਫੇਰ ਵੀ ਬਹੁਤ ਕੁਝ ਹੈ।
ਉਹ ਕੁਝ ਬੋਲਦੀ ਨਹੀਂ, ਪਰ ਉਸਦਾ ਜੀਅ ਕਰ ਰਿਹਾ ਹੈ…ਰੇਜੀ ਬਿਨਾ ਕਾਰਨ ਹੀ ਉਸ ਉੱਤੇ ਨਾਰਾਜ਼ ਹੋ ਜਾਏ, ਖ਼ੂਬ ਗੱਸਾ ਕਰੇ, ਇਸ਼ਿਕਾ ਦੀ ਫੀਸ ਭੇਜਣੀ ਬੰਦ ਕਰ ਦਏ, ਉਸਨੂੰ ਘਰੇ ਬਿਠਾਅ ਲਏ, ਖ਼ੂਬ ਤਾੜੇ, ਪਰ ਆਪਣੇ ਆਪ ਨੂੰ ਚੁੱਪ-ਚਾਪ ਤੇ ਹੌਲੀ-ਹੌਲੀ ਇੰਜ ਉਸ ਨਾਲੋਂ ਵੱਖ ਨਾ ਕਰੇ।
ਪਰ ਅਜਿਹਾ ਕੁਝ ਨਹੀਂ ਹੁੰਦਾ। ਟੇਬਲ ਤੋਂ ਉੱਠਣ ਤੋਂ ਪਹਿਲਾਂ ਉਹ ਕਹਿੰਦਾ ਹੈ, 'ਸ਼ਾਇਦ ਕੋਈ ਫ਼ੰਕਸ਼ਨ ਹੋਏਗਾ ਇਸ਼ਿਕਾ ਦੇ ਉੱਥੇ। ਤੂੰ ਚਲੀ ਜਾਵੀਂ। ਮੈਂ ਇਹਨੀਂ ਦਿਨੀ ਕਾਫ਼ੀ ਬਿਜ਼ੀ ਵਾਂ।' ਉਹ ਉੱਠ ਕੇ ਤੁਰ ਜਾਂਦਾ ਹੈ। ਨੀਤਾ ਦੇਖਦੀ ਹੈ, ਰੇਜੀ ਹੱਥ ਧੋਣ ਦੇ ਬਾਅਦ ਆਪਣੇ ਚਿਹਰੇ ਉੱਪਰ ਵੀ ਪਾਣੀ ਦੀਆਂ ਛਿੱਟਾਂ ਮਾਰ ਰਿਹਾ ਹੈ।
ਉਹ ਕੁਝ ਕਹਿੰਦੀ ਨਹੀਂ। ਸਿਰਫ ਸੋਚਦੀ ਹੈ। ਇਕ ਵਾਰੀ ਹੋਸਟਲ ਵਿਚ ਉਸਨੇ ਇਸ਼ਿਕਾ ਨੂੰ ਕਿਹਾ ਸੀ, 'ਬਾਹਰ ਤੇਰੇ ਡੈਡੀ ਖੜ੍ਹੇ ਨੇ, ਉਹਨਾਂ ਨਾਲ ਵੀ ਮਿਲ ਲੈ।'
ਉਸ ਦਿਨ ਇਸ਼ਿਕਾ ਦਾ ਬਰਥ-ਡੇ ਸੀ ਤੇ ਪੰਦਰਾਂ ਸਾਲ ਦੀ ਕੁੜੀ ਨੇ ਜੋ ਕਿਹਾ ਸੀ, ਉਸਨੂੰ ਸੁਣ ਕੇ ਉਹ ਤੁਰੰਤ ਬਾਹਰ ਆ ਗਈ ਸੀ। ਬਾਹਰ ਆ ਕੇ ਉਸਨੇ ਰੇਜੀ ਨੂੰ ਕਿਹਾ ਸੀ, 'ਆਓ ਚੱਲੀਏ। ਇਸ਼ਿਕਾ ਦੀ ਤਬੀਅਤ ਠੀਕ ਨਹੀਂ…ਉਹ ਬਾਹਰ ਨਹੀਂ ਆ ਸਕਦੀ…'
ਰੇਜੀ ਨੇ ਕੁਝ ਨਹੀਂ ਸੀ ਕਿਹਾ। ਸਿਗਰੇਟ ਪੀਂਦਾ ਰਿਹਾ ਸੀ। ਪਰ ਉਸਦੇ ਕੰਨਾਂ ਵਿਚ ਗਰਮ ਗਰਮ ਸ਼ੀਸ਼ਾ ਪਿਘਲ ਕੇ ਡਿੱਗ ਰਿਹਾ ਸੀ।…' ਮੰਮਾ ਹੁਣ ਵੀ ਹਰ ਕੋਈ ਤੁਹਾਨੂੰ ਮਿਸੇਜ਼ ਬਰਾਉਨ ਦੇ ਨਾਂਅ ਨਾਲ ਹੀ ਬੁਲਾਂਦਾ ਹੈ। ਤੁਸੀਂ ਤਾਂ ਟਾਲਰੇਟ ਕਰ ਸਕਦੇ ਓ, ਪਰ ਮੈਂ ਇਹ ਨਹੀਂ ਸਮਝ ਸਕੀ, ਰੇਜੀ ਸਾਈਮਨ ਕਿਸ ਟਾਈਪ ਦੇ ਆਦਮੀ ਨੇ…ਜੇ ਉਹਨਾਂ ਵਿਚ ਏਨੀ ਹਿੰਮਤ ਨਹੀਂ ਕਿ ਤੁਹਾਨੂੰ ਮਿਸੇਜ਼ ਸਾਈਮਨ ਬਣਾ ਲੈਣ, ਤਾਂ ਮੇਰੇ ਵੱਲੋਂ ਕਹਿ ਦੇਣਾ, ਉਹ ਖ਼ੁਦ ਹੀ ਮਿਸਟਰ ਬਰਾਉਨ ਬਣ ਜਾਣ…'
ਉਹ ਦੇਖਦੀ ਹੈ, ਕਿਤੇ ਕੋਈ ਫ਼ਰਕ ਨਹੀਂ।
ਹਮੇਸ਼ਾ ਵਾਂਗ ਟੇਬਲ ਲੈਂਪ ਜਗਾ ਕੇ ਰੇਜੀ ਪੜ੍ਹਨ ਬੈਠ ਗਿਆ ਹੈ। ਪਹਿਲੇ ਦਿਨ ਜਦੋਂ ਇੰਜ ਹੋਇਆ ਸੀ, ਉਸਨੇ ਟੋਕਿਆ ਸੀ, 'ਕਦ ਤਕ ਪੜ੍ਹਦੇ ਰਹੋਗੇ?'
ਰੇਜੀ ਨੇ ਕਿਹਾ ਸੀ, 'ਬਸ, ਥੋੜ੍ਹੀ ਦੇਰ ਹੋਰ…ਇਕ ਗੱਲ ਨੀਤਾ, ਅੱਜ ਜੋ ਕੁਝ ਹੋਏਗਾ, ਉਹ ਨਾ ਤਾਂ ਤੇਰੇ ਲਈ ਨਵਾਂ ਏਂ, ਤੇ ਨਾ ਹੀ ਮੇਰੇ ਲਈ, ਫੇਰ ਜੋ ਆਪਣੀ ਆਦਤ ਹੈ, ਉਸਨੂੰ ਕਿਉਂ ਵਿਗਾੜਿਆ ਜਾਏ। ਸੱਚ ਮੰਨੀ, ਬਿਨਾ ਪੜ੍ਹੇ ਮੈਨੂੰ ਨੀਂਦ ਨਹੀਂ ਆਉਂਦੀ। ਕਈ ਵਾਰੀ ਮੈਂ ਬਿਨਾ ਪੜ੍ਹੇ ਸੌਣ ਦੀ ਕੋਸ਼ਿਸ਼ ਕੀਤੀ ਏ…ਹਰ ਵਾਰੀ ਲੱਗਦਾ ਏ, ਮੈਂ ਬੇਹੱਦ ਹਲਕਾ ਵਾਂ, ਖਾਲੀ-ਖੋਖਲਾ…ਪੜ੍ਹਨ ਨਾਲ ਠੀਕ ਰਹਿੰਦਾ ਵਾਂ। ਢੇਰ ਸਾਰੇ ਵਿਚਾਰ ਦਿਮਾਗ਼ 'ਚ ਭਰ ਜਾਂਦੇ ਨੇ, ਫੇਰ ਉਹ ਨਵੇਂ ਵਿਚਾਰਾਂ ਨੂੰ ਜਨਮ ਦੇਂਦੇ ਨੇ…।' ਪਰ ਕਿਤਾਬ ਬੰਦ ਕਰਕੇ ਉਹ ਉਸਦੇ ਕੋਲ ਆ ਗਿਆ ਸੀ। ਉਸ ਛਿਣ ਨੀਤਾ ਨੂੰ ਲੱਗਿਆ ਸੀ, ਉਹ ਇਕੱਲੀ ਨਹੀਂ ਹੈ। ਉਸਦਾ ਕੋਈ ਆਪਣਾ ਵੀ ਹੈ। ਸਿਰਫ ਉਸਦਾ। ਪਰ ਅੱਜ ਉਹ ਮਹਿਸੂਸ ਕਰਦੀ ਹੈ, ਮੁੱਠੀ ਵਿਚ ਬੰਦ ਰੇਤ ਵਾਂਗ ਰੇਜੀ ਹੌਲੀ-ਹੌਲੀ ਕਿਰਦਾ ਜਾ ਰਿਹਾ ਸੀ। ਕੁਝ ਕਹਿੰਦਾ ਨਹੀਂ, ਪਰ ਆਪਣੇ ਆਪ ਨੂੰ ਵੱਧ ਤੋਂ ਵੱਧ ਸਮੇਂ ਲਈ ਆਫ਼ਿਸ ਵਿਚ ਕੈਦ ਰੱਖਦਾ ਹੈ। ਦੇਰ ਤਕ ਪੜ੍ਹਦਾ ਰਹਿੰਦਾ ਹੈ। ਰਾਤੀਂ ਉਹ ਪੜ੍ਹਦੇ ਹੋਏ ਰੇਜੀ ਦੀ ਪਿੱਠ ਦੇਖਦੀ ਰਹਿੰਦੀ ਹੈ। ਉਸਨੂੰ ਲੱਗਦਾ ਹੈ, ਇਹ ਰੇਜੀ ਨਹੀਂ, ਮਿਸਟਰ ਬਰਾਉਨ ਦੀ ਪਿੱਠ ਹੈ। ਉਹ ਵੀ ਇਸੇ ਤਰ੍ਹਾਂ ਪੜ੍ਹਦੇ ਸਨ। ਪੜ੍ਹਨ ਨਾਲੋਂ ਵੱਧ ਲਿਖਦੇ ਸਨ। ਜਿਸ ਦਿਨ ਕਹਿੰਦੇ, 'ਅੱਜ ਕੁਛ ਹਲਕਾ ਡਿਨਰ ਹੋ ਜਾਏ ਨੀਤਾ…' ਉਹ ਸਮਝ ਜਾਂਦੀ ਕਿ ਅੱਜ ਕੁਝ ਨਵਾਂ ਲਿਖਿਆ ਜਾਏਗਾ। ਉਹਨਾਂ ਦੀ ਆਦਤ ਸੀ, ਲਿਖਣ ਵਾਲੀ ਰਾਤ ਘੱਟ ਤੋਂ ਘੱਟ ਖਾਂਦੇ ਸਨ ਤੇ ਸਾਰੀ ਰਾਤ ਲਿਖਦੇ ਰਹਿੰਦੇ ਸਨ। ਕਹਿੰਦੇ ਸਨ, 'ਰਾਤ ਨੂੰ ਲਿਖਣਾ ਚੰਗਾ ਲੱਗਦਾ ਏ। ਲੱਗਦਾ ਹੈ, ਪੂਰੀ ਰਾਤ ਆਪਣੀ ਹੈ। ਜਿਸ ਤਰ੍ਹਾਂ ਚਾਹੋ, ਇਸਤੇਮਾਲ ਕਰ ਲਓ'।…ਤੇ ਇਕ ਉਹ ਸੀ ਕਿ ਕੋਈ ਵੀ ਰਾਤ ਆਪਣੇ ਮਨ ਮੁਤਾਬਿਕ ਨਹੀਂ ਸੀ ਜਿਊਂ ਸਕੀ। ਕਦੋਂ ਕਹਾਣੀ ਖ਼ਤਮ ਹੁੰਦੀ, ਕਦੋਂ ਬਰਾਉਨ ਸੌਂਦੇ, ਉਸਨੂੰ ਕਦੀ ਵੀ ਪਤਾ ਨਹੀਂ ਸੀ ਲੱਗਦਾ।…ਤੇ ਜਿਸ ਰਾਤ ਸੱਚਮੁੱਚ ਕਹਾਣੀ ਖ਼ਤਮ ਹੋਈ ਸੀ, ਉਹ ਸੁੱਤੀ ਹੋਈ ਸੀ। ਸਵੇਰੇ ਉੱਠ ਕੇ ਦੇਖਿਆ---ਮਿਸਟਰ ਬਰਾਉਨ ਦਾ ਠੰਡਾ ਜਿਸਮ…ਪੂਰੀ ਰਾਤ ਆਪਣੀ ਹੈ, ਜਿਸ ਤਰ੍ਹਾਂ ਚਾਹੋ ਇਸਤੇਮਾਲ ਕਰ ਲਓ…
ਦੇਖਦੇ-ਦੇਖਦੇ ਘਰ ਸਾਹਿਤਕਾਰਾਂ ਨਾਲ ਭਰ ਗਿਆ ਸੀ। ਰੇਡੀਓ ਤੇ ਅਖ਼ਬਾਰਾਂ ਵਿਚ ਖ਼ਬਰਾਂ ਆ ਗਈਆਂ ; ਸੋਗ-ਪੱਤਰਾਂ ਦੇ ਢੇਰ ਲੱਗ ਗਏ। ਟੈਲੀਫ਼ੋਨ ਦੀ ਘੰਟੀ ਵਾਰੀ-ਵਾਰੀ ਵੱਜਦੀ ਰਹੀ ਸੀ ਤੇ ਇਹਨਾਂ ਸਭਨਾਂ ਵਿਚਕਾਰ ਰਹਿ ਕੇ ਵੀ ਉਹ ਕਿਤੇ ਹੋਰ ਹੀ ਸੀ।…ਫੇਰ ਸ਼ੁਰੂ ਹੋ ਗਈਆਂ, ਸੋਗ-ਸਭਾਵਾਂ। ਮਿਸਟਰ ਬਰਾਉਨ ਦੀ ਵੱਡੀ ਸਾਰੀ ਤਸਵੀਰ ਵਿਚਕਾਰ ਰੱਖੀ ਹੁੰਦੀ, ਉਹਨਾਂ ਦੇ ਸਾਹਿਤ ਦੀ ਚਰਚਾ ਦੇ ਬਾਅਦ, ਏਨੇ ਵੱਡੇ ਲੇਖਕ ਦੀ ਵਿਧਵਾ ਪਤਨੀ ਤੇ ਬੱਚੀ ਦੇ ਭਵਿੱਖ ਲਈ, ਲੋਕਾਂ ਤੇ ਸਰਕਾਰ ਅੱਗੇ ਹੱਥ ਅੱਡਿਆ ਜਾਂਦਾ…ਉਹ ਸਾਰੇ ਤਮਾਸ਼ੇ ਨੂੰ ਦੇਖਦੀ ਰਹਿੰਦੀ। ਤੇ ਇਕ ਦਿਨ ਜਦੋਂ ਸੱਚ-ਮੁੱਚ ਉਸਨੇ ਆਪਣੀ ਸੁਰੱਖਿਆ ਦਾ ਪ੍ਰਬੰਧ ਕਰ ਲਿਆ…ਤਾਂ ਇਸ਼ਿਕਾ ਸਭ ਤੋਂ ਪਹਿਲਾਂ ਸਾਹਮਣੇ ਆਈ। 'ਮੰਮਾ, ਮੈਨੂੰ ਹੋਸਟਲ ਭੇਜ ਦਿਓ। ਮੈਂ ਟਾਲਰੇਟ ਨਹੀਂ ਕਰ ਸਕਾਂਗੀ ਕਿ ਕੋਈ ਆਊਟਸਾਈਡਰ…'
ਉਸ ਛਿਣ ਉਹ ਵੀ ਇਸ਼ਿਕਾ ਨੂੰ ਟਾਲਰੇਟ ਨਹੀਂ ਸੀ ਕਰ ਸਕੀ। ਮਨ ਵਿਚ ਆਇਆ ਸੀ, ਇਕ ਭਰਪੂਰ ਚੰਡ ਦੇ ਮਾਰੇ…ਪਰ ਰੇਜੀ ਸਾਹਮਣੇ ਆ ਗਿਆ ਸੀ, 'ਹੋਰ ਕੁਝ ਟੁੱਟ ਜਾਏ ਤਾਂ ਏਨਾਂ ਦੁੱਖ ਨਹੀਂ ਹੁੰਦਾ, ਜਿੰਨਾਂ ਇਮੇਜ਼ ਟੁੱਟ ਜਾਣ ਦਾ ਹੁੰਦਾ ਏ।' ਨੀਤਾ ਪੜ੍ਹਦੇ ਹੋਏ ਰੇਜੀ ਵੱਲ ਦੇਖਦੀ ਹੈ। ਸੋਚਦੀ ਹੈ, ਕੀ ਇਹ ਨਹੀਂ ਜਾਣਦਾ ਕਿ ਇਸ਼ਿਕਾ ਇਸ ਨਾਲ ਨਫ਼ਰਤ ਕਰਦੀ ਹੈ? ਇਸਨੂੰ ਪਿਤਾ ਨਹੀਂ ਮੰਨਦੀ? ਹਰ ਪਲ ਇਕ ਆਊਟਸਾਈਡਰ ਹੀ ਸਮਝਦੀ ਹੈ। ਫੇਰ ਵੀ ਹਰ ਮਹੀਨੇ ਉਸਦੀ ਹਥੇਲੀ ਉੱਤੇ ਤਨਖ਼ਾਹ ਰੱਖ ਕੇ ਕਿਉਂ ਕਹਿੰਦਾ ਹੈ, 'ਨੀਤਾ, ਇਸ਼ਿਕਾ ਦੀ ਫੀਸ ਟਾਈਮ 'ਤੇ ਭੇਜ ਦੇਈਂ…' ਤੇ ਉਸਦੇ ਸਾਹਮਣੇ ਯਕਦਮ ਹੋਸਟਲ ਸੁਪਰਿੰਟੈਂਡੈਂਟ, ਮਿਸੇਜ਼ ਤ੍ਰਿਪਾਠੀ ਦਾ ਚਿਹਰਾ ਘੁੰਮ ਜਾਂਦਾ ਹੈ। ਉਹ ਉਸ ਦਿਨ ਇਸ਼ਿਕਾ ਨੂੰ ਮਿਲਣ ਗਈ ਸੀ, ਤੇ ਉਸਨੂੰ ਦੇਖਦਿਆਂ ਹੀ ਮਿਸੇਜ਼ ਤ੍ਰਿਪਾਠੀ ਨੇ ਕਿਹਾ ਸੀ, 'ਆਓ, ਮਿਸੇਜ਼ ਬਰਾਉਨ…'!
ਫੇਰ ਉਹੀ ਪੁਰਾਣਾ ਸੰਬੋਧਨ। ਉਹ ਸਿਰ ਤੋਂ ਪੈਰਾਂ ਤਕ ਕੰਬ ਗਈ ਸੀ। ਉਦੋਂ ਹੀ ਮਿਸੇਜ਼ ਤ੍ਰਿਪਾਠੀ ਨੇ ਮਾਈ ਨੂੰ ਕਿਹਾ ਸੀ, 'ਜਾ ਕੇ ਇਸ਼ਿਕਾ ਬਰਾਉਨ ਨੂੰ ਭੇਜ ਦਿਓ! ਕਹਿਣਾ, ਮੰਮੀ ਆਏ ਨੇ!' ਉਹ ਅੰਦਰ ਚਲੀ ਗਈ ਸੀ।
ਮਾਈ ਉਸ ਵੱਲ ਦੇਖ ਰਹੀ ਸੀ। ਉਸਨੇ ਅੱਖਾਂ ਝੁਕਾਅ ਲਈਆਂ ਸਨ। ਏਨਾ ਹੌਸਲਾ ਵੀ ਨਹੀਂ ਸੀ ਰਿਹਾ ਕਿ ਸਿਰ ਉੱਚਾ ਚੁੱਕੀ ਰੱਖੇ। ਪੈਰਾਂ ਦੀ ਆਹਟ ਤੋਂ ਲੱਗਿਆ ਕਿ ਮਾਈ ਚਲੀ ਹੈ। ਕੁਝ ਰਾਹਤ ਜਿਹੀ ਮਹਿਸੂਸ ਕੀਤੀ ਸੀ ਉਸਨੇ, ਪਰ ਇਸ਼ਿਕਾ ਦੇ ਆਉਣ ਤਕ ਦਾ ਖ਼ਾਲੀ ਸਮਾਂ ਕਾਫ਼ੀ ਲੰਮਾ ਤੇ ਅਕਾ ਦੇਣ ਵਾਲਾ ਲੱਗਿਆ ਸੀ ਕਿ ਮਿਸੇਜ਼ ਤ੍ਰਿਪਾਠੀ ਆ ਗਈ। ਚਾਹ ਦੇ ਦੋ ਕੱਪ ਸਨ। ਉਸਨੂੰ ਇਕ ਦੇ ਕੇ ਬੋਲੀ ਸੀ, 'ਤੁਹਾਨੂੰ ਸ਼ਾਇਦ ਨਹੀਂ ਪਤਾ, ਮਿਸੇਜ਼ ਬਰਾਉਨ…ਤੁਹਾਡੇ ਪਤੀ ਮੇਰੇ ਫ਼ੇਵਰੇਟ ਰਾਈਟਰ ਨੇ। ਤੁਹਾਡੇ ਕੋਲ ਤਾਂ ਉਹਨਾਂ ਦੀਆਂ ਕਿਤਾਬਾਂ ਦਾ ਸੈੱਟ ਹੋਏਗਾ?'
ਉਹ ਚੁੱਪ ਰਹੀ ਸੀ। ਚੁੱਪ-ਚਾਪ ਚਾਹ ਪੀਂਦੀ ਰਹੀ ਸੀ।
'---ਮਿਸਟਰ ਬਰਾਉਨ, ਇਕ ਰਿਕਵੈਸਟ ਏ। ਅਗਲੀ ਵਾਰੀ ਇਸ਼ਿਕਾ ਨੂੰ ਮਿਲਣ ਆਓ ਤਾਂ ਉਹਨਾਂ ਦੀ ਇਕ ਕਿਤਾਬ…।'
ਚਾਹ ਕੌੜੀ ਲੱਗਣ ਲੱਗ ਪਈ ਸੀ। ਫੇਰ ਉਹ ਇਸ਼ਿਕਾ ਨੂੰ ਮਿਲਣ ਕਦੀ ਨਹੀਂ ਸੀ ਗਈ। ਮਿਸੇਜ਼ ਤ੍ਰਿਪਾਠੀ ਤੋਂ ਉਸਨੂੰ ਡਰ ਲੱਗਣ ਲੱਗ ਪਿਆ ਸੀ।
ਉਦੋਂ ਹੀ ਫ਼ੋਨ ਦੀ ਘੰਟੀ ਵੱਜਦੀ ਹੈ।
ਰੇਜੀ ਰਸੀਵ ਕਰਦਾ ਹੈ। ਰਸੀਵਰ ਸਟੈਂਡ ਉੱਪਰ ਰੱਖ ਕੇ ਕਹਿੰਦਾ ਹੈ, 'ਨੀਤਾ, ਫਾਰ ਯੂ…'
ਉਹ ਹੌਲੀ-ਹੌਲੀ ਤੁਰਦੀ ਹੋਈ ਮੇਜ਼ ਕੋਲ ਆਉਂਦੀ ਹੈ। ਏਨਾ ਫ਼ਾਸਲਾ ਤੈਅ ਕਰਨ ਲੱਗਿਆਂ ਵੀ ਉਸਨੂੰ ਡਰ ਲੱਗ ਰਿਹਾ ਹੈ। ਉਹ ਰਸੀਵਰ ਚੁੱਕਦੀ ਹੈ, 'ਹੈਲੋ…'
'ਕੌਣ ? ਮਿਸੇਜ਼ ਬਰਾਉਨ ?'
ਉਹ ਰੇਜੀ ਵੱਲ ਦੇਖਦੀ ਹੈ। ਇਸ ਸਥਿਤੀ ਨਾਲੋਂ ਆਪਣੇ-ਆਪ ਨੂੰ ਵੱਖ ਕਰਕੇ, ਰੇਜੀ ਸਿਰ ਝੁਕਾਈ ਬੈਠਾ ਪੜ੍ਹ ਰਿਹਾ ਹੈ। ਹੌਲੀ ਜਿਹੀ ਕਹਿੰਦੀ ਹੈ, 'ਹਾਂ, ਮੈਂ ਬੋਲ ਰਹੀ ਹਾਂ।' ਤੇ ਜਦੋਂ ਵਾਪਸ ਆਉਂਦੀ ਹੈ ਤਾ ਬਾਥਰੂਮ ਵੱਲ ਮੁੜ ਜਾਂਦੀ ਹੈ। ਮਨ ਖੁੱਲ੍ਹ ਕੇ ਰੋਣ ਨੂੰ ਕਰ ਰਿਹਾ ਹੈ। ਜ਼ਰੂਰ ਫ਼ੋਨ ਉੱਤੇ ਪੁੱਛਿਆ ਗਿਆ ਹੋਏਗਾ, 'ਮਿਸੇਜ਼ ਬਰਾਉਨ ਹੈਨ?'…ਰੇਜੀ ਨੇ ਕਿਉਂ ਨਹੀਂ ਝਾੜ ਦਿੱਤਾ ਕਿ ਇੱਥੇ ਕੋਈ ਮਿਸੇਜ਼ ਬਰਾਉਨ ਨਹੀਂ ਰਹਿੰਦੀ, ਮਿਸੇਜ਼ ਸਾਈਮਨ ਰਹਿੰਦੀ ਹੈ।
ਅਜਿਹਾ ਕੁਝ ਇਕ ਵਾਰੀ ਪਹਿਲਾਂ ਵੀ ਹੋਇਆ ਸੀ। ਕਾਲ ਬੈੱਲ ਦੇ ਵੱਜਦਿਆਂ ਹੀ ਰੇਜੀ ਨੇ ਦਰਵਾਜ਼ਾ ਖੋਹਲਿਆ ਸੀ। ਕੁਝ ਕੁੜੀਆਂ ਆਈਆਂ ਸਨ। ਇਕ ਨੇ ਪੁੱਛਿਆ ਸੀ, 'ਮਿਸੇਜ਼ ਬਰਾਉਨ ਇੱਥੇ ਈ ਰਹਿੰਦੇ ਨੇ ਨਾ?'
ਰੇਜੀ ਨੇ ਕਿੰਜ 'ਹਾਂ' ਵਿਚ ਸਿਰ ਹਿਲਾ ਦਿੱਤਾ ਸੀ। 'ਅਸੀਂ ਉਹਨਾਂ ਨੂੰ ਮਿਲਣ ਆਏ ਆਂ। ਬੁਲਾਅ ਦਿਓ ਨਾ, ਪਲੀਜ਼…'
ਰੇਜੀ ਨੇ ਬਿਨਾ ਕਿਸੇ ਵਿਰੋਧ ਦੇ ਉਸ ਵੱਲ ਇਸ਼ਾਰਾ ਕਰ ਦਿੱਤਾ ਸੀ। ਉਹ ਕੁੜੀਆਂ ਵੱਲ ਦੇਖ ਰਹੀ ਸੀ। ਜੀਅ ਕਰਦਾ ਸੀ, ਉਹਨਾਂ ਉੱਤੇ ਵਰ੍ਹ ਜਾਏ, 'ਸਾਹਮਣੇ ਬੋਰਡ ਨਹੀਂ ਦਿਸਿਆ, ਕਿ ਇਹ ਘਰ ਕਿਸੇ ਬਰਾਉਨ ਦਾ ਨਹੀਂ, ਸਾਈਮਨ ਦਾ ਹੈ।' ਉਦੋਂ ਹੀ ਇਕ ਕੁੜੀ ਨੇ ਕਿਹਾ ਸੀ, 'ਗੱਲ ਇਹ ਈ ਕਿ ਸਾਡੀ ਯੂਨੀਵਰਸਟੀ ਦਾ ਟ੍ਰਿਪ ਆਇਆ ਏ ਜੀ। ਅਸੀਂ ਬਰਾਉਨ ਸਾਹਬ ਨੂੰ ਕੋਰਸ ਵਿਚ ਪੜ੍ਹਿਆ ਏ। ਸਾਡੇ ਲਈ ਇਹ ਚੰਗਾ ਮੌਕਾ ਸੀ। ਸੋਚਿਆ, ਉਹ ਤਾਂ ਹੁਣ ਰਹੇ ਨਹੀਂ…ਤੁਹਾਡੇ ਦਰਸ਼ਨ ਈ ਕਰਦੇ ਜਾਈਏ। ਸੱਚ ਮੰਨਣਾ, ਜਦੋਂ ਅਸੀਂ ਹੋਰਾਂ ਨੂੰ ਦੱਸਾਂਗੇ ਕਿ ਅਸੀਂ ਮਿਸੇਜ਼ ਬਰਾਉਨ ਨੂੰ ਮਿਲ ਕੇ ਆਏ ਆਂ…ਦੇ ਵਿੱਲ ਫ਼ੀਲ ਜੈਲਸ…'
ਉਹ ਉਹਨਾਂ ਕੁੜੀਆਂ ਦੇ ਮੂੰਹ ਵੱਲ ਤੱਕਦੀ ਰਹਿ ਗਈ ਸੀ। ਸਮਝ ਵਿਚ ਨਹੀਂ ਸੀ ਆ ਰਿਹਾ ਕਿ ਕੀ ਕਹੇ…ਰੇਜੀ ਉੱਠ ਕੇ ਦੂਜੇ ਕਮਰੇ ਵਿਚ ਚਲਾ ਗਿਆ ਸੀ। ਇਕ ਕੁੜੀ ਨੇ ਆਟੋਗ੍ਰਾਫ਼-ਬੁੱਕ ਅੱਗੇ ਕਰ ਦਿੱਤੀ ਸੀ, 'ਪਲੀਜ਼ ਸਾਈਨ ਕਰ ਦਿਓ।' ਉਹ ਸਾਈਨ ਕਰਨ ਲੱਗੀ ਤਾਂ ਇਕ ਨੇ ਪੁੱਛਿਆ, 'ਮਿਸਟਰ ਸਾਈਮਨ ਏ ਇਹ ਘਰ ਸਬਲੈੱਟ ਕੀਤਾ ਹੋਇਆ ਏ?'
ਨੀਤਾ ਦਾ ਹੱਥ ਰੁਕ ਗਿਆ ਸੀ। ਉਹ ਕੋਈ ਬੜੀ ਹੀ ਕੁਸੈਲੀ ਗੱਲ ਕਹਿਣ ਲੱਗੀ ਸੀ ਪਰ ਬੜੀ ਦੇਰ ਪਹਿਲਾਂ ਕਹੀ ਹੋਈ ਰੇਜੀ ਦੀ ਉਹ ਗੱਲ ਚੇਤੇ ਆ ਗਈ…'ਹੋਰ ਕੁਛ ਟੁੱਟ ਜਾਏ ਤਾਂ ਏਨਾ ਦੁੱਖ ਨਹੀਂ ਹੁੰਦਾ, ਜਿੰਨਾਂ ਇਮੇਜ਼ ਟੁੱਟ ਜਾਣ ਦਾ ਹੁੰਦਾ ਏ…' ਤੇ ਉੱਤਰ ਵਿਚ ਉਹ ਥੋੜ੍ਹਾ ਕੁ ਮੁਸਕਰਾ ਕੇ ਰਹਿ ਗਈ ਸੀ। ਪਰ ਉਹਨਾਂ ਕੁੜੀਆਂ ਦੇ ਜਾਣ ਪਿੱਛੋਂ, ਬੜੀ ਦੇਰ ਤਕ ਰੋਂਦੀ ਰਹੀ ਸੀ…
…ਉਹ ਬਾਥਰੂਮ ਵਿਚ ਰੋਂਦੀ ਰਹੀ ਸੀ…ਇਕੱਲੀ। ਚਿਹਰੇ 'ਤੇ ਪਾਣੀ ਦੇ ਛਿੱਟੇ ਮਾਰ ਕੇ ਬਾਹਰ ਆ ਗਈ। ਚੁੱਪ-ਚਾਪ ਬੈੱਡ 'ਤੇ ਲੇਟ ਗਈ। ਰੇਜੀ ਅਜੇ ਵੀ ਬੈਠਾ ਪੜ੍ਹ ਰਿਹਾ ਸੀ।
ਕੁਝ ਚਿਰ ਉਹ ਲੇਟੀ ਰਹੀ। ਫੇਰ ਉਸਨੇ ਪਾਸਾ ਪਰਤਿਆ। ਇਸ ਵਾਰੀ ਰੇਜੀ ਨੇ ਪੁੱਛਿਆ, 'ਅਜੇ ਤਕ ਜਾਗ ਰਹੀ ਏਂ? ਕਿੰਨੀ ਵਾਰੀ ਕਿਹਾ ਏ ਬਈ ਰੀਡਿੰਗ ਦੀ ਹੈਬਿਟ ਪਾ। ਹੁਣ ਲਾਭ ਹੋਏ ਜਾਂ ਨਾ ਹੋਏ, ਬੁਢਾਪੇ ਵਿਚ ਤਾਂ ਬੋਰ ਨਹੀਂ ਹੋਵੇਂਗੀ।'
'ਬੁਢਾਪੇ ਦੀ ਗੱਲ ਛੱਡੋ। ਹੁਣ ਤਾਂ ਤੁਹਾਡੇ ਪੜ੍ਹਨ ਤੋਂ ਬੋਰ ਫ਼ੀਲ ਕਰ ਰਹੀ ਆਂ। ਵੈਸੇ ਵੀ ਜਵਾਨ ਕਹਿਣ ਲਈ ਹੁਣ ਮੇਰੇ ਕੋਲ ਹੈ ਹੀ ਕੀ? ਬਸ, ਚਾਹੁੰਦੀ ਆਂ ਕਿ ਹਮੇਸ਼ਾ ਮੇਰੇ ਕੋਲ ਕੋਈ ਰਹੇ। ਇਕੱਲਿਆਂ ਬੜਾ ਡਰ ਲੱਗਦਾ ਏ, ਰੇਜੀ…' ਆਵਾਜ਼ ਕੰਬ ਗਈ ਸੀ।
'ਸਾਰੀ ਬਾਬਾ। ਬਸ, ਕੁਛ ਪੈਰ੍ਹੇ ਹੋਰ…' ਤੇ ਉਹ ਫੇਰ ਪੜ੍ਹਨ ਵਿਚ ਰੁੱਝ ਜਾਂਦਾ ਹੈ।
ਨੀਤਾ ਸੋਚਦੀ ਹੈ। ਉਹ ਫ਼ੋਨ ਕਟਵਾ ਦਏਗੀ। ਇਸ਼ਿਕਾ ਨੂੰ ਵੀ ਹੋਸਟਲ 'ਚੋਂ ਵਾਪਸ ਬੁਲਾਅ ਲਏਗੀ…ਉਦੋਂ ਹੀ ਖ਼ਿਆਲ ਆਉਂਦਾ ਹੈ, ਉਹਨੀਂ ਦਿਨੀ ਇਸ਼ਿਕਾ ਕੋਈ ਛੇ-ਸੱਤ ਸਾਲ ਦੀ ਹੋਏਗੀ, ਉਸਦੇ ਡੈਡੀ ਕਿਸੇ ਰਸਾਲੇ ਦੇ ਐਡੀਟੋਰੀਅਲ ਬੋਰਡ ਦੀ ਮੀਟਿੰਗ ਵਿਚ ਗਏ ਸਨ, ਸ਼ਹਿਰੋਂ ਬਾਹਰ। ਤੀਜੇ ਦਿਨ ਵਾਪਸ ਆਉਣਾ ਸੀ। ਨਹੀਂ ਆਏ ਤਾਂ ਇਸ਼ਿਕਾ ਨੇ ਸਾਰਾ ਘਰ ਸਿਰ 'ਤੇ ਚੁੱਕ ਲਿਆ ਸੀ। ਸਕੂਲ ਵੀ ਨਹੀਂ ਸੀ ਗਈ। ਪਹਿਲਾਂ ਤਾਂ ਉਹ ਸਮਝਾਉਂਦੀ ਰਹੀ। ਜਦੋਂ ਨਹੀਂ ਮੰਨੀ ਤਾਂ ਕੁੱਟ ਵੀ ਧਰਿਆ…ਪਰ ਫੇਰ ਵੀ ਉਹ ਚੁੱਪ ਨਹੀਂ ਸੀ ਹੋਈ। ਬਸ, ਇਕੋ ਰਟ, 'ਡੈਡੀ ਨੂੰ ਬੁਲਾ ਦਿਓ।' ਤੇ ਉਸਨੂੰ ਅਰਜੈਂਟ ਤਾਰ ਦੇਣੀ ਪਈ ਸੀ। ਜਦੋਂ ਉਸਦੇ ਡੈਡੀ ਆਏ, ਤਾਂ ਸਫਾਈ ਦੇਣ ਲੱਗੇ ਸਨ, 'ਤੂੰ ਨਹੀਂ ਸਮਝਦੀ ਨੀਤਾ ਕਿ ਪਤੀ ਨਾਂਅ ਦਾ ਤੇਰਾ ਆਦਮੀ ਕਿੰਨਾ ਪ੍ਰਸਿੱਧ ਲੇਖਕ ਏ। ਕਿੰਨਾ ਇਮਪਾਰਟੈਂਟ ਆਦਮੀ ਏਂ। ਓ ਬਈ, ਉਸ ਮੀਟਿੰਗ ਵਿਚ ਸਾਰੇ ਖਾਊ ਯਾਰ ਜੁੜੇ ਹੋਏ ਸੀ…ਰਸਾਲੇ ਲਈ ਕੁਛ ਗਰਾਂਟ ਮਿਲੀ ਸੀ। ਪਰ ਰਸਾਲੇ ਬਾਰੇ ਕੋਈ ਨਹੀਂ ਸੀ ਸੋਚ ਰਿਹਾ। ਸਾਰਿਆ ਦੀਆਂ ਨਜ਼ਰਾਂ ਗਰਾਂਟ 'ਤੇ ਸੀ---ਗਿਰਝਾਂ ਵਾਂਗਰ।'
'ਬਸ, ਇਕ ਤੁਸੀਂ ਹੀ ਹੋਵੋਗੇ…'
'ਆਫ਼ ਕੋਰਸ। ਬਿਲਕੁਲ। ਇਸੇ ਕਰੈਕਟਰ ਕਰਕੇ ਤਾਂ ਸਾਰੇ ਮੇਰੀ ਇੱਜ਼ਤ ਕਰਦੇ ਨੇ।'
ਉਸਨੇ ਖਿਝ ਕੇ ਕਿਹਾ ਸੀ, 'ਤੁਹਾਡੀ ਇੱਜ਼ਤ ਨਾਲ ਮੈਨੂੰ ਕੀ ਮਿਲਦੈ…?'
'ਸਨਮਾਨ ! ਮਿਸੇਜ਼ ਬਰਾਉਨ ਕਹਾਉਣ ਦਾ ਸਨਮਾਨ…'
ਨੀਤਾ ਸਾਈਮਨ ਯਕਦਮ ਤ੍ਰਬਕ ਜਾਂਦੀ ਹੈ।
ਲੱਗਦਾ ਹੈ, ਗਲੇ ਵਿਚ ਰੱਸੀ ਵਾਂਗ ਕੁਝ ਕੱਸਿਆ ਜਾ ਰਿਹਾ ਹੈ। ਅੱਖਾਂ ਵਿਚ ਅੱਥਰੂ ਆ ਜਾਂਦੇ ਹਨ। ਉਹ ਧੌਣ ਉੱਤੇ ਉਂਗਲਾਂ ਫੇਰਦੀ ਹੈ। ਗਲਾ ਸੁੱਕਣ ਲੱਗਦਾ ਹੈ---ਦੇਖਦੀ ਹੈ, ਸਾਹਮਣੇ ਮੇਜ਼ ਕੋਲ ਬੈਠਾ ਰੇਜੀ ਅਜੇ ਵੀ ਪੜ੍ਹ ਰਿਹਾ ਹੈ…ਰੇਜੀ ਸਾਈਮਨ। ਉਸਨੂੰ ਲੱਗਦਾ ਹੈ, ਇਹ ਆਦਮੀ ਕੋਈ ਆਊਟਸਾਈਡਰ ਹੀ ਹੈ…ਤੇ ਉਹ ਅੰਦਰੇ-ਅੰਦਰ ਟੁੱਟ ਕੇ ਰਜਾਈ ਵਿਚ ਮੂੰਹ ਲਕੋ ਲੈਂਦੀ ਹੈ। ਅੰਦਰੇ-ਅੰਦਰ ਸਿਸਕਣ ਲੱਗਦੀ ਹੈ---ਤੁਹਾਡੀ ਇਮੇਜ ਦੀ ਖਾਤਰ ਹੁਣ ਹੋਰ ਕਿੰਨਾ ਕੁ ਟੁੱਟਣਾ ਪਏਗਾ ਮੈਨੂੰ। ਜੇ ਤੁਸੀਂ ਜਿਊਂਦੇ ਨਹੀਂ ਸੀ ਰਹਿਣਾ, ਤਾਂ ਏਨੇ ਪ੍ਰਸਿੱਧ ਕਿਉਂ ਹੋਏ…ਕਿਉਂ ਹੋਏ ਸੀ ਏਨੇ ਪ੍ਰਸਿੱਧ, ਇਸ਼ਿਕਾ ਦੇ ਡੈਡੀ???

No comments:

Post a Comment