Saturday, March 7, 2009

ਕੀ ਗਾਂਧੀ ਸ਼ਹੀਦ ਹੈ ? :: ਲੇਖਕ : ਹੰਸਰਾਜ ਰਹਿਬਰ

ਪ੍ਰਸਿੱਧ ਲੇਖਕ ਹੰਸਰਾਜ ਰਹਿਬਰ ਦੀ ਬਹੁ-ਚਰਚਿਤ ਪੁਸਤਕ ਗਾਂਧੀ ਬੇ-ਨਾਕਾਬ ਵਿਚੋਂ
ਕੀ ਗਾਂਧੀ ਸ਼ਹੀਦ ਹੈ ? :: ਲੇਖਕ : ਹੰਸਰਾਜ ਰਹਿਬਰ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.
ਇਹ ਲੇਖ ਦੇਸ ਪੰਜਾਬ ਦੇ ਅੰਕ ਅਕਤੂਬਰ 2007. ਵਿਚ ਛਪਿਆ ਹੈ।

(ਰਹਿਬਰ ਨੂੰ ਐਮਰਜੈਂਸੀ ਦੌਰਾਨ ਗ੍ਰਿਫ਼ਤਾਰ ਕਰਕੇ ਅੰਬਾਲਾ ਜੇਲ੍ਹ ਵਿਚ ਭੇਜ ਦਿੱਤਾ ਗਿਆ। ਉੱਥੋਂ ਉਹਨਾਂ ਹਾਈਕੋਰਟ ਵਿਚ ਰਿੱਟ ਕੀਤੀ ਤਾਂ ਸਰਕਾਰੀ ਵਕੀਲ ਨੇ ਗ੍ਰਿਫ਼ਤਾਰੀ ਦਾ ਕਾਰਨ ਇਹ ਦੱਸਿਆ ਕਿ 'ਉਹਨਾਂ ਗਾਂਧੀ ਬੇ-ਨਕਾਬ ਤੇ ਨਹਿਰੂ ਬੇ-ਨਕਾਬ ਜਿਹੀਆਂ ਕਿਤਾਬਾਂ ਲਿਖ ਕੇ ਹਿੰਸਾ ਦਾ ਪ੍ਰਚਾਰ ਕੀਤਾ ਹੈ।'…ਲੇਖਕ ਨੇ ਜੱਜ ਨੂੰ ਕਿਹਾ ਕਿ 'ਮੇਰੀਆਂ ਜਿਨ੍ਹਾਂ ਕਿਤਾਬਾਂ ਨਾਲ ਹਿੰਸਾ ਦਾ ਪ੍ਰਚਾਰ ਹੋ ਰਿਹਾ ਹੈ, ਉਹ ਤਾਂ ਬਾਜ਼ਾਰ ਵਿਚ ਖੁੱਲ੍ਹੇਆਮ ਵਿਕ ਰਹੀਆਂ ਨੇ, ਸਰਕਾਰ ਦੀ ਹਿੰਮਤ ਕਿਉਂ ਨਹੀਂ ਪੈ ਰਹੀ ਕਿ ਉਹਨਾਂ ਨੂੰ ਜਬਤ ਕਰ ਲਏ।...ਕਿਉਂਕਿ ਉਹਨਾਂ ਵਿਚ ਕੁਝ ਵੀ ਗਲਤ ਨਹੀਂ ਹੈ, ਇਹ ਕਿੱਥੋਂ ਦਾ ਇਨਸਾਫ ਹੈ ਕਿ ਮੈਨੂੰ ਫੜ੍ਹ ਕੇ ਬੰਦ ਕਰ ਦਿੱਤਾ ਗਿਆ ਹੈ?'…ਜੱਜ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ, ਪਰ ਉਹਨੇ ਉਹਨਾਂ ਨੂੰ ਰਿਹਾਅ ਵੀ ਨਹੀਂ ਸੀ ਕੀਤਾ। ਉਹ 21 ਮਹੀਨੇ ਜੇਲ੍ਹ ਵਿਚ ਰਹੇ। ਐਮਰਜੈਂਸੀ ਟੁੱਟੀ ਤਾਂ ਬਾਹਰ ਆਏ ਤੇ ਲਿਖਿਆ---ਅਨੁ.) :
"ਮੇਰੇ ਉੱਤੇ ਹਿੰਸਾ ਦੇ ਪ੍ਰਚਾਰ ਦਾ ਇਲਜ਼ਾਮ ਗਲਤ ਸੀ। ਮੇਰਾ ਗੁਨਾਹ ਇਹ ਹੈ ਕਿ ਮੈਂ ਗਾਂਧੀ ਨੂੰ ਨਾ 'ਮਹਾਤਮਾ' ਮੰਨਦਾ ਹਾਂ ਨਾ 'ਸ਼ਹੀਦ'। ਜੋ ਮੰਨਦਾ ਹਾਂ ਉਹ ਕੋਰਾ ਤੇ ਕਈਆਂ ਲਈ ਕੌੜਾ ਸੱਚ ਹੈ। ਮੈਂ ਆਪਣੀ ਕਿਤਾਬ ਵਿਚ ਤੱਥਾਂ ਦੇ ਆਧਾਰ 'ਤੇ ਉਸ ਸੱਚ ਨੂੰ ਪ੍ਰਗਟ ਕੀਤਾ ਹੈ। ਉਹ ਤੱਥ ਕੀ ਹਨ, ਤੁਸੀਂ ਵੀ ਵੇਖ ਲਵੋ ਤੇ ਫੇਰ ਆਪ ਹੀ ਫੈਸਲਾ ਕਰ ਲਵੋ ਕਿ 'ਕੀ ਗਾਂਧੀ ਸ਼ਹੀਦ ਹੈ' ?"
ਪਹਿਲੇ ਸੰਸਾਰ ਯੁੱਧ ਦੌਰਾਨ ਗਾਂਧੀ ਨੂੰ ਦੱਖਣੀ ਅਫ਼ਰੀਕਾ ਵਿਚੋਂ ਲਿਆ ਕੇ, ਜਨਵਰੀ ਸੰਨ 1915 ਵਿਚ, ਰਾਜਨੀਤੀ ਵਿਚ ਉਤਾਰਿਆ ਗਿਆ। ਗਾਂਧੀ ਨੇ ਯੁੱਧ ਵਿਚ ਅੰਗਰੇਜ਼ਾਂ ਦੀ ਮਦਦ ਕੀਤੀ। ਉਸਦਾ ਨਾਅਰਾ ਸੀ---'ਭਰਤੀ ਹੋਵੋ, ਆਜ਼ਾਦੀ ਲਵੋ'। ਲੋਕ ਨਾਇਕ ਤਿਲਕ ਦੀ ਇਹ ਸ਼ਰਤ ਸੀ ਕਿ 'ਪਹਿਲਾਂ ਸਾਨੂੰ ਆਜ਼ਾਦੀ ਦਿਓ, ਫੇਰ ਅਸੀਂ ਭਰਤੀ ਹੋਵਾਂਗੇ।' ਸੂਰਤ ਵਿਚ ਭਾਸ਼ਣ ਦੇਂਦਿਆਂ ਹੋਇਆਂ ਗਾਂਧੀ ਨੇ ਇਸ ਦਾ ਉੱਤਰ ਇੰਜ ਦਿੱਤਾ :
"ਆਜ਼ਾਦੀ ਪ੍ਰਾਪਤ ਕਰਨ ਲਈ ਮੈਂ ਪਿੱਛੜੇ ਵਿਚਾਰਾਂ ਦਾ ਵਿਅਕਤੀ ਨਹੀਂ ਹਾਂ। ਜੇ ਅਸੀਂ ਸਾਮਰਾਜ ਵਿਚ ਬਰਾਬਰੀ ਦੇ ਅਧਿਕਾਰਾਂ ਦੀ ਮੰਗ ਕਰਦੇ ਹਾਂ ਤਾਂ ਸਾਨੂੰ ਉਹਨੂੰ ਵਰਤਮਾਨ ਸੰਕਟ ਤੋਂ ਉਭਾਰਨਾ ਚਾਹੀਦਾ ਹੈ ਤੇ ਤਦ ਹੀ ਅਸੀਂ ਬਾਰਾਬਰ ਦੇ ਹੱਕ ਲੈਣ ਯੋਗ ਮੰਨੇ ਜਾਵਾਂਗੇ।"
1917 ਵਿਚ ਵਾਇਸਰਾਏ ਨੇ ਯੁੱਧ ਕੌਂਸਲ ਦੀ ਮੀਟਿੰਗ ਬੁਲਾਈ ਤਾਂਕਿ ਹਿੰਦੁਸਤਾਨ ਵਿਚੋਂ ਵਧੇਰੇ ਮਦਦ ਭੇਜੀ ਜਾ ਸਕੇ। ਉਸ ਵਿਚ ਗਾਂਧੀ ਤੋਂ ਬਿਨਾਂ ਕੋਈ ਹੋਰ ਨੇਤਾ ਸ਼ਾਮਲ ਨਹੀਂ ਸੀ ਹੋਇਆ। ਗਾਂਧੀ ਗਿਆ ਤੇ ਉਸ ਨੇ ਯੁੱਧ ਸਬੰਧੀ ਮਤੇ ਦੀ ਹਮਾਇਤ ਕੀਤੀ। ਕੌਂਸਲ ਦੀ ਬੈਠਕ ਪਿੱਛੋਂ ਵਾਇਸਰਾਏ ਤੁਰੰਤ ਸ਼ਿਮਲੇ ਚਲਾ ਗਿਆ। ਗਾਂਧੀ ਨੇ ਉਸਦੇ ਨਾਂ ਇਕ ਲੰਮਾ ਖ਼ਤ ਲਿਖਿਆ, ਜਿਸ ਵਿਚ ਦਰਜ ਸੀ :
'ਮੇਰੇ ਵੱਸ ਦੀ ਗੱਲ ਹੁੰਦੀ ਤਾਂ ਮੈਂ ਅਜਿਹੇ ਮੌਕੇ ਹੋਮਰੂਲ ਵਗ਼ੈਰਾ ਦਾ ਨਾਮ ਤਕ ਨਾ ਲੈਂਦਾ, ਬਲਿਕੇ ਸਾਮਰਾਜ ਦੀ ਇਸ ਔਖੀ ਘੜੀ ਵਿਚ ਸਾਰੇ ਸ਼ਕਤੀਸ਼ਾਲੀ ਹਿੰਦੁਸਤਾਨੀਆਂ ਨੂੰ ਉਸ ਦੀ ਫੌਜ ਵਿਚ ਚੁੱਪਚਾਪ ਬਲਿਦਾਨ ਹੋ ਜਾਣ ਲਈ ਪ੍ਰੇਰਦਾ।'
ਦੱਖਣੀ ਅਫ਼ਰੀਕਾ ਵਿਚ ਉਸ ਨੇ ਸਾਮਰਾਜ ਦੀ ਜਿਹੜੀ ਸੇਵਾ ਕੀਤੀ ਸੀ ਉਸ ਦਾ ਵੇਰਵਾ ਵੀ ਇਸੇ ਖ਼ਤ ਵਿਚ ਦਰਜ ਸੀ।
ਗਾਂਧੀ ਰੰਗਰੂਟ ਭਰਤੀ ਕਰਵਾਉਣ ਲਈ ਰਾਜ-ਭਗਤੀ ਦੀ ਡੁਗਡੁਗੀ ਲੈ ਕੇ ਨਾਦਯਾਦ ਪਹੁੰਚਿਆ। ਕਿਸਾਨਾਂ ਨੇ ਉਸਦਾ ਭਾਸ਼ਣ ਸੁਣ ਕੇ ਪੁੱਛਿਆ, "ਤੁਸੀਂ ਤਾਂ ਅਹਿੰਸਾਵਾਦੀ ਹੋ, ਫੇਰ ਸਾਨੂੰ ਹਥਿਆਰ ਚੁੱਕਣ ਲਈ ਕਿਉਂ ਕਹਿ ਰਹੇ ਹੋ?" ਤੇ ਉੱਥੋਂ ਇਕ ਵੀ ਰੰਗਰੂਟ ਭਰਤੀ ਨਹੀਂ ਸੀ ਹੋਇਆ।
ਲੁਈ ਫਿਸ਼ਰ ਨੇ ਇਸ ਸਿਲਸਿਲੇ ਵਿਚ ਇਕ ਘਟਨਾ ਦਾ ਜ਼ਿਕਰ ਕੀਤਾ ਹੈ, ਜਿਹੜੀ ਗਾਂਧੀ ਦੀ ਰਾਜ-ਭਗਤੀ ਉੱਪਰ ਤਿਲਕ ਦਾ ਤਿੱਖਾ ਵਿਅੰਗ ਹੈ : 'ਤਿਲਕ ਦਾ ਵਿਚਾਰ ਸੀ ਕਿ ਕਦੀ-ਕਦੀ ਸਰਕਾਰੀ-ਮਸ਼ੀਨਰੀ ਵਿਚ ਵੱਡੇ ਅਹੁਦੇ ਲੈ ਲੈਣੇ ਵੀ ਜ਼ਰੂਰੀ ਹੁੰਦੇ ਹਨ। ਉਹਨਾਂ ਗਾਂਧੀ ਨੂੰ ਪੰਜਾਹ ਹਜ਼ਾਰ ਰੁਪਏ ਦਾ ਚੈੱਕ ਭੇਜ ਕੇ ਸ਼ਰਤ ਲਾਈ ਕਿ ਜੇ ਵਾਇਸਰਾਏ ਤੋਂ ਇਹ ਵਚਨ ਲੈ ਸਕਣ ਕਿ ਫੌਜ ਵਿਚ ਭਰਤੀ ਹੋਣ ਵਾਲਿਆਂ ਵਿਚੋਂ ਕੁਝ ਨੂੰ ਅਫ਼ਸਰਾਂ ਦੇ ਪਦ ਵੀ ਦਿੱਤੇ ਜਾਣਗੇ ਤਾਂ ਉਹ ਬਰਤਾਨਵੀ ਸਰਕਾਰ ਲਈ ਪੰਜ ਹਜ਼ਾਰ ਮਾਰਠੇ ਭਰਤੀ ਕਰ ਸਕਦਾ ਹੈ।'
ਗਾਂਧੀ ਜੀ ਨੇ ਚੈੱਕ ਵਾਪਸ ਕਰ ਦਿੱਤਾ। ਸ਼ਰਤ ਲਾਉਣਾ ਉਹਨਾਂ ਨੂੰ ਪਸੰਦ ਨਹੀਂ ਸੀ। ਉਹ ਤਾਂ ਇਹ ਮਹਿਸੂਸ ਕਰਦੇ ਸਨ ਕਿ 'ਆਦਮੀ ਜੋ ਵੀ ਕੰਮ ਕਰਦਾ ਹੈ, ਇਸ ਲਈ ਕਰਦਾ ਹੈ ਕਿ ਉਸ ਵਿਚ ਉਸਦਾ ਵਿਸ਼ਵਾਸ ਹੈ, ਇਸ ਲਈ ਨਹੀਂ ਕਿ ਉਸ ਤੋਂ ਉਹਨੂੰ ਕੋਈ ਲਾਭ ਹੋਵੇਗਾ।' (ਗਾਂਧੀ ਕੀ ਕਹਾਣੀ, ਸਫ਼ਾ 98)
ਗਾਂਧੀ ਨੇ ਆਪਣੀ ਆਤਮ ਕਥਾ 'ਸਤਯ ਕੇ ਪ੍ਰਯੋਗ' ਵਿਚ ਲਿਖਿਆ ਹੈ ਕਿ 'ਮੈਨੂੰ ਰਾਜਨਿਸ਼ਠਾ ਤੇ ਧਰਮਨਿਸ਼ਠਾ (ਰਾਜੇ ਤੇ ਧਰਮ ਪ੍ਰਤੀ ਵਿਸ਼ਵਾਸ-ਅਨੁ.) ਘੁੱਟੀ ਵਿਚ ਮਿਲੀ ਹੈ।' ਘਣਸ਼ਾਮ ਦਾਸ ਬਿਰਲਾ ਨੇ ਆਪਣੀ 'ਬਾਪੂ' ਨਾਮਕ ਕਿਤਾਬ ਵਿਚ ਇਸ ਰਾਜਨਿਸ਼ਠਾ ਤੇ ਧਰਮਨਿਸ਼ਠਾ ਨਾਲ ਮਿਲਦੇ-ਜੁਲਦੇ ਰੂਪ ਦੀ ਵਿਆਖਿਆ ਇੰਜ ਕੀਤੀ ਹੈ :
'ਇਹ ਉਹਨਾਂ ਦੀ ਬਰਤਾਨਵੀਂ ਰਾਜ ਦੀ ਨੇਕ ਨੀਤੀ ਵਿਚ ਸ਼ਰਧਾ ਹੀ ਸੀ, ਜਿਸ ਕਰਕੇ ਉਹਨਾਂ ਉਸ ਦੀ ਯੁੱਧ ਵਿਚ ਸਹਾਇਤਾ ਕੀਤੀ। ਉਹਨਾਂ ਦੀ ਇਹ ਦਲੀਲ ਤਾਂ ਫੈਸਲੇ ਤੋਂ ਬਾਅਦ ਬਣੀ ਹੈ, ਇਸ ਲਈ ਪਿੰਗਲੀ ਜਿਹੀ ਲੱਗਦੀ ਹੈ। ਪਰ ਕਿਉਂਕਿ ਲੜਾਈ ਸਮੇਂ ਸਰਕਾਰ ਦੀ ਸਹਾਇਤਾ ਕਰਨਾ ਗਾਂਧੀ ਜੀ ਨੂੰ ਉਸ ਸਮੇਂ ਆਪਣਾ ਧਰਮ ਜਾਪਿਆ, ਇਸ ਲਈ ਉਹਨਾਂ ਮਰਿਆਦਾ ਬੱਧ ਸਹਾਇਤਾ ਦੇਣ ਦਾ ਫੈਸਲਾ ਕੀਤਾ। ਬੋਅਰ ਲੜਾਈ ਵਿਚ ਅਤੇ ਜੁਲੂ ਬਗ਼ਾਵਤ ਸਮੇਂ ਗਾਂਧੀ ਜੀ ਨੇ, ਆਪਣੀ ਹਮਦਰਦੀ ਬੋਅਰ ਤੇ ਜੁਲੂ ਲੋਕਾਂ ਨਾਲ ਹੁੰਦਿਆਂ ਹੋਇਆਂ ਵੀ, ਇਹ ਮੰਨਿਆ ਕਿ ਅੰਗਰੇਜ਼ਾਂ ਦੀ ਸਹਾਇਤਾ ਕਰਨਾ ਉਹਨਾਂ ਦਾ ਧਰਮ ਸੀ। ਇਸ ਲਈ ਉਹਨਾਂ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ। ਇਕ ਕਰਮ ਜਿਹੜਾ ਇਕ ਸਮੇਂ ਧਰਮ ਹੁੰਦਾ ਹੈ, ਓਹੀ ਕਰਮ ਕਿਸੇ ਹੋਰ ਸਮੇਂ ਅਧਰਮ ਹੋ ਸਕਦਾ ਹੈ। ਇਸੇ ਲਈ ਕਿਹਾ ਗਿਆ ਹੈ ਕਿ 'ਧਰਮ ਦੀ ਗਤੀ ਨਿਰਾਲੀ ਹੈ'।' (ਸਫ਼ਾ 112)
ਬਿਰਲੇ ਨਾਲ ਗਾਂਧੀ ਦੇ ਸਬੰਧ ਕਿਸੇ ਤੋਂ ਲੁਕ-ਛੁਪੇ ਨਹੀਂ ਹੋਏ---ਅਖ਼ੀਰ ਬਿਰਲਾ ਭਵਨ ਵਿਚ ਹੀ ਉਸ ਦੀ ਮੌਤ ਹੋਈ ਸੀ। ਹੁਣ ਇਕ ਦੂਜੇ ਸੇਠ ਜਮਨਾ ਲਾਲ ਬਜਾਜ ਦੀ ਗੱਲ ਕਰੀਏ। ਉਸ ਨੂੰ ਉਹ ਆਪਣਾ ਜੇਠਾ ਪੁੱਤਰ ਆਖਦਾ ਹੁੰਦਾ ਸੀ। ਉਸਦੇ ਨਾਂ 25 ਅਕਤੂਬਰ 1922 ਦੇ ਆਪਣੇ ਇਕ ਖ਼ਤ ਵਿਚ ਉਸ ਨੇ ਲਿਖਿਆ ਹੈ---'ਤੂੰ ਆਪਣੀ ਇੱਛਾ ਨਾਲ ਦੂਸਰਾ ਦੇਵਦਾਸ ਬਣਿਆ ਏਂ। ਹੁਣ ਦੇਖੋ ਕਿ ਇਹ ਕਿੰਨਾ ਕੁ ਮੁਸ਼ਕਿਲ ਹੋ ਸਕਦਾ ਹੈ। ਸਾਰੇ ਮੁੰਡਿਆਂ ਦੀਆਂ ਇੱਛਾਵਾਂ ਤੂੰ ਹੀ ਪੂਰੀਆਂ ਕਰਨੀਆਂ ਹਨ। ਈਸ਼ਵਰ ਤੇਰੀ ਸਹਾਇਤਾ ਕਰੇ। ਮੈਂ ਤੇਰੇ ਪ੍ਰੇਮ ਦੇ ਲਾਇਕ ਬਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ।'
ਸੇਠਾਂ ਦੇ ਪ੍ਰੇਮ ਦੇ ਲਾਇਕ ਬਣਨ ਦੇ ਜੋ ਅਰਥ ਹੁੰਦੇ ਹਨ, ਉਹਨਾਂ ਨੂੰ ਹਰੇਕ ਬੰਦਾ ਸਮਝ ਸਕਦਾ ਹੈ। 'ਬਜਾਜ ਪਰਿਵਾਰ ਸੇ ਬਾਪੂ ਕਾ ਏਕ ਪੱਤਰ ਵਿਯਵਹਾਰ' ਨਾਂ ਦੀ ਜਮਨਾ ਲਾਲ ਨੇ ਇਕ ਕਿਤਾਬ ਪ੍ਰਕਾਸ਼ਤ ਕੀਤੀ ਹੈ। ਉਸ ਵਿਚੋਂ ਗਾਂਧੀ ਦੇ ਨਾਂ ਜਮਨਾ ਲਾਲ ਦਾ ਇਕ ਖ਼ਤ ਮੈਂ ਇੱਥੇ ਛਾਪ ਰਿਹਾ ਹਾਂ। ਉਸ ਤੋਂ ਪਤਾ ਲੱਗਦਾ ਹੈ ਕਿ ਦਲਾਲ ਪੂੰਜੀਵਾਦ, ਜਗੀਰਦਾਰੀ ਤੇ ਬਰਤਾਨਵੀ ਸਾਮਰਾਜਵਾਦ ਵਿਚਕਾਰ ਕਿੰਨੇ ਪੀਢ ਸੰਬੰਧ ਸਨ ਤੇ ਗਾਂਧੀ ਇਹਨਾਂ ਲੋਕਾਂ ਨਾਲ ਕਿੰਜ ਜੁੜਿਆ ਹੋਇਆ ਸੀ। ਉਹ ਖ਼ਤ ਇਹ ਹੈ :

ਜੈਪੁਰ 2-9-39
ਪੂਜਨੀਕ ਬਾਪੂ ਜੀ,
ਕੱਲ੍ਹ ਖ਼ਤ ਲਿਖਿਆ। ਉਹ ਮਿਲ ਗਿਆ ਹੋਏਗਾ। ਸ਼੍ਰੀ ਜੈਪੁਰ ਮਹਾਰਾਜ ਨਾਲ ਕੱਲ੍ਹ ਗੱਲਬਾਤ ਹੋਈ। ਜਿਸ ਤੋਂ ਇਹ ਪਤਾ ਲੱਗਿਆ ਕਿ ਉਹ ਕਿਸੇ ਉੱਚੇ ਦਰਜੇ ਦੇ ਹਿੰਦੁਸਤਾਨੀ ਨੂੰ ਦੀਵਾਨ ਬਨਾਉਣਾ ਦੇ ਇੱਛੁਕ ਹਨ। ਉਹਨਾਂ ਆਪਣੀ ਇੱਛਾ ਵਾਇਸਰਾਏ ਨੂੰ ਵੀ ਦੱਸੀ ਹੈ। ਕੀ ਤੁਸੀਂ ਵੀ ਵਾਇਸਰਾਏ ਨੂੰ ਦੱਸ ਦੇਣ ਨੂੰ ਠੀਕ ਸਮਝਦੇ ਹੋ। ਨਹੀਂ ਤਾਂ ਮੇਰੀ ਇਹ ਇੱਛਾ ਹੈ ਕਿ ਮੈਂ ਇਕ ਵਾਰੀ ਵਾਇਸਰਾਏ ਨੂੰ ਮਿਲ ਕੇ ਇਹ ਕਹਾਂ ਕਿ ਜੈਪੁਰ ਦੀ ਸਥਿਤੀ ਵਿਚ ਯੋਗ ਹਿੰਦੁਸਤਾਨੀ ਦੀਵਾਨ ਹੀ ਸਫ਼ਲ ਹੋ ਸਕੇਗਾ, ਜੇ ਇਹ ਠੀਕ ਨਾ ਸਮਝਿਆ ਜਾਏ ਜਾਂ ਸੰਭਵ ਨਾ ਹੋ ਸਕੇ ਤਾਂ ਖ਼ਤ ਲਿਖਣਾ ਚਾਹਾਂਗਾ। ਕਿਉਂਕਿ ਅਜੇ ਤਕ ਦੀਵਾਨ ਦੀ ਨਿਯੁਕਤੀ ਦਾ ਫੈਸਲਾ ਨਹੀਂ ਹੋਇਆ। ਇਕ ਵਾਰੀ ਹੋ ਗਿਆ ਤਾਂ ਮੁਸ਼ਕਿਲ ਹੋ ਜਾਏਗੀ। ਤੁਸੀਂ ਆਪਣੀ ਰਾਏ ਲਿਖ ਭੇਜਣਾ। ਮੈਂ ਵੀ ਸੋਚਾਂਗਾ।
ਹਿੰਦੁਸਤਾਨੀ ਦੀਵਾਨਾ ਵਿਚੋਂ ਤੁਸੀਂ ਕੋਈ ਖਾਸ ਨਾਂ ਦੱਸ ਸਕਦੇ ਹੋ, ਜਿਸ ਉੱਤੇ ਵਾਇਸਰਾਏ ਇਤਰਾਜ਼ ਨਾ ਕਰਕੇ ਮੰਜ਼ੂਰੀ ਦੇ ਦੇਣ। ਮੈਂ ਕੱਲ੍ਹ ਮਹਾਰਾਜ ਨੂੰ ਕੁਝ ਨਾਂ ਨੋਟ ਕਰਵਾਏ ਹਨ, ਜਿਹਨਾਂ ਵਿਚ ਵਿਸ਼ੇਸ਼ ਤੌਰ 'ਤੇ ਕੁੰਵਰ ਸਰ ਮਹਾਰਾਜ ਜੀ ਦਾ ਨਾਂ ਹੈ। ਤੁਸੀਂ ਵੀ ਰਾਜਕੁਮਾਰੀ ਭੈਣ ਜੀ ਤੋਂ ਪੁੱਛ ਕੇ ਲਿਖਣਾ ਕਿ ਉਹ ਕਦ ਤਕ ਭਾਰਤ ਆਉਣ ਵਾਲੇ ਹਨ। ਉਹਨਾਂ ਨੂੰ ਇਹ ਜਗ੍ਹਾ ਆਫਰ ਕੀਤੀ ਜਾਏ ਤਾਂ ਉਹ ਸਵੀਕਾਰ ਤਾਂ ਕਰ ਲੈਣਗੇ ਨਾ? ਸਰ ਸ਼ਾਦੀ ਲਾਲ ਦਾ ਨਾਂ ਵੀ ਮੈਂ ਲਿਆ ਹੈ। ਅੱਜ ਸ਼ਾਇਦ ਫੇਰ ਮਹਾਰਾਜ ਨੂੰ ਮਿਲਣਾ ਪਵੇ।
ਜਮਾਨਾ ਲਾਲ ਬਜਾਜ ਦਾ ਪ੍ਰਣਾਮ।

ਸਰ ਬੀਚਮ ਤੋਂ ਬਾਅਦ ਰਾਜਾ ਗਿਆਨ ਚੰਦ ਨੂੰ ਦੀਵਾਨ ਬਣਾਇਆ ਗਿਆ। ਜਮਨਾ ਲਾਲ ਬਜਾਜ ਤੇ ਸ੍ਰੀਨਿਵਾਸ ਸ਼ਾਸਤਰੀ ਨੇ ਪਰਜਾ ਮੰਡਲ ਅੰਦੋਲਨ ਬਾਰੇ ਵੀ ਉਸ ਨਾਲ ਸਮਝੌਤਾ ਕੀਤਾ, ਜਿਸ ਵਿਚ ਮਹਾਰਾਜ ਪ੍ਰਤੀ ਭਗਤੀ ਤੇ ਪਰਜਾ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਕਾਨੂੰਨੀ ਢੰਗ-ਤਰੀਕੇ ਵਰਤੋਂ ਵਿਚ ਲਿਆਉਣ ਦੀ ਸ਼ਰਤ ਸੀ। ਗਾਂਧੀ ਨੂੰ ਇਸਦੀ ਸੂਚਨਾ ਦਿੱਤੀ ਗਈ ਤਾਂ ਉਸ ਨੇ ਲਿਖਿਆ---'ਤੁਹਾਡਾ ਖ਼ਤ ਮਿਲਿਆ, ਕਾਟਜੂ ਨੇ ਮੈਨੂੰ ਲਿਖਿਆ ਸੀ। ਜੈਪੁਰ ਦਾ ਤਾਂ ਖਰਾ ਹੋ ਗਿਆ ਮੰਨਿਆ ਜਾਏਗਾ। ਸਾਡਾ ਕੋਈ ਕਾਰਕੁੰਨ ਜਲਦਬਾਜੀ ਨਾ ਕਰੇ। ਭਾਸ਼ਣ ਦੇਣਾ ਹੀ ਪਏ ਤਾਂ ਖਾਦੀ ਵਗ਼ੈਰਾ ਉੱਪਰ ਦੇਣ। ਆਰਥਕ, ਸਮਾਜਕ ਸੁਧਾਰਾਂ ਲਈ ਕਾਫੀ ਸਮਾਂ ਪਿਆ ਹੈ।' (ਸਫਾ 115)
ਕੀ ਇਸ ਤੋਂ ਬਾਅਦ ਵੀ ਰਾਸ਼ਟਰੀ ਅੰਦੋਲਨ ਵਿਚ 'ਖਾਦੀ ਵਗ਼ੈਰਾ' ਦੀ ਭੂਮਿਕਾ ਤੇ ਗਾਂਧੀ ਦੀ ਨੇਕ ਨੀਤੀ ਉੱਪਰ ਕਿਸੇ ਸ਼ੱਕ ਦੀ ਗੁੰਜਾਇਸ਼ ਰਹਿ ਜਾਂਦੀ ਹੈ? ਵਾਇਸਰਾਏ ਹਿੰਦੁਸਤਾਨ ਵਿਚ ਬਰਤਾਨਵੀ ਸਾਮਰਾਜਵਾਦ ਦਾ ਸਭ ਤੋਂ ਵੱਡਾ ਪ੍ਰਤੀਨਿਧ, ਜਮਨਾ ਲਾਲ ਬਜਾਜ ਦਲਾਲ ਪੂੰਜੀਵਾਦ ਦਾ ਪ੍ਰਤੀਨਿਧ ਤੇ ਮਹਾਰਾਜਾ ਜੈਪੁਰ ਜਗੀਰਦਾਰੀ ਦਾ ਪ੍ਰਤੀਨਿਧ, ਕੀ ਅਜੇ ਵੀ ਗਾਂਧੀ ਦੇ ਇਹਨਾਂ ਤਿੰਨਾ ਇਨਕਲਾਬ-ਵਿਰੋਧੀ ਸ਼ਕਤੀਆਂ ਦੇ ਦਲਾਲ ਹੋਣ ਵਿਚ ਕਿਸੇ ਸ਼ੱਕ ਦੀ ਕੋਈ ਗੁੰਜਾਇਸ਼ ਰਹਿ ਜਾਂਦੀ ਹੈ?
ਹੋਰ ਦੇਖੋ : 1939 ਵਿਚ ਗਾਂਧੀ ਦੀ ਸਤਾਰਵੀਂ ਵਰ੍ਹੇ ਗੰਢ ਉੱਤੇ ਉਸਨੂੰ ਅਭਿਨੰਦਨ ਗ੍ਰੰਥ ਭੇਂਟ ਕੀਤਾ ਗਿਆ, ਜਿਸ ਦਾ ਸੰਪਾਦਨ ਸਰ (ਬਾਅਦ ਵਿਚ ਰਾਸ਼ਟਰਪਤੀ) ਸਰਵਪੱਲੀ ਰਾਧਾਕ੍ਰਿਸ਼ਨਨ ਨੇ ਕੀਤਾ ਉਸ ਵਿਚ 'ਗਾਂਧੀ ਕੀ ਰਾਜਨੀਤਕ ਪਧਤੀ' (ਦਿਸ਼ਾ/ਮਾਰਗ) ਦੇ ਨਾਂ ਦਾ ਇਕ ਲੇਖ ਸਮਟਸ ਦਾ ਵੀ ਸ਼ਾਮਲ ਹੈ। ਲਿਖਿਆ ਹੈ :
"ਉਹ ਭਾਰਤ ਦਾ ਭਾਗੀਰਥ ਕਾਰਜ ਹੱਥ ਵਿਚ ਲੈਣ ਲਈ ਦੱਖਣੀ-ਅਫ਼ਰੀਕਾ ਤੋਂ ਭਾਰਤ ਰਵਾਨਾ ਹੋ ਗਏ ਤੇ ਇਸ ਸਾਰੇ ਅਰਸੇ ਵਿਚ ਵਧੇਰੇ ਓਹੀ ਉਪਾਅ ਅਜਮਾ ਰਹੇ ਹਨ, ਜਿਹੜੇ ਉਹਨਾਂ ਭਾਰਤੀਆਂ ਦੇ ਸਵਾਲ ਉਪਰ ਸਾਡੇ ਨਾਲ ਹੋਏ ਸੰਘਰਸ਼ ਵਿਚੋਂ ਸਿੱਖੇ ਸਨ। ਸੱਚਮੁੱਚ ਦੱਖਣੀ-ਅਫ਼ਰੀਕਾ ਉਹਨਾਂ ਲਈ ਬੜਾ ਵਧੀਆ ਸਿੱਖਿਆ ਕੇਂਦਰ ਸਿੱਧ ਹੋਇਆ।"
ਲੋਕਾਂ ਵਿਚ ਭਰਮ ਬਣਿਆ ਹੋਇਆ ਹੈ ਕਿ ਗਾਂਧੀ ਨੇ ਦੱਖਣੀ-ਅਫ਼ਰੀਕਾ ਵਿਚ ਭਾਰਤੀਆਂ ਲਈ ਬੜਾ ਕੁਝ ਕੀਤਾ। ਪਰ ਉੱਥੇ ਵੀ ਗਾਂਧੀ ਦੀ ਰਾਜਨੀਤਕ ਦਿਸ਼ਾ ਇਹੀ ਸੀ ਕਿ ਉਹ ਸਤਿਆਗ੍ਰਹਿ ਸ਼ੁਰੂ ਕਰਕੇ ਦੂਸਰਿਆਂ ਨੂੰ ਮੁਸੀਬਤ ਵਿਚ ਪਾਂ ਦਿੰਦਾ ਸੀ ਤੇ ਆਪ ਸਮਝੌਤਾ ਕਰਕੇ ਜੇਲ੍ਹ ਵਿਚੋਂ ਬਾਹਰ ਆ ਜਾਂਦਾ ਸੀ। ਸਮਝੌਤਾ ਕਰਵਾਉਣ ਵਿਚ ਇੰਗਲੈਂਡ ਤੇ ਹਿੰਦੁਸਤਾਨ ਦੀ ਬਰਤਾਨਵੀਂ ਸਰਕਾਰ ਦਾ ਹੱਥ ਹੁੰਦਾ ਸੀ। ਉਦਾਹਰਣ ਵਜੋਂ 1913 ਵਿਚ ਗਾਂਧੀ ਨੇ ਦੂਜੀ ਵਾਰੀ ਸਤਿਆਗ੍ਰਹਿ ਸ਼ੁਰੂ ਕੀਤਾ ਤਾਂ ਉਸ ਦੇ ਰਾਜਨੀਤਕ ਗੁਰੂ ਗੋਪਾਲ ਕ੍ਰਿਸ਼ਨ ਗੋਖਲੇ ਨੇ ਜਿਹੜਾ ਵਾਇਸਰਾਏ ਦੀ ਕੌਂਸਲ ਦਾ ਮੈਂਬਰ ਸੀ, ਸਮਟਸ ਨਾਲ ਸਮਝੌਤੇ ਵਿਚ ਗਾਂਧੀ ਦੀ ਮਦਦ ਕਰਨ ਲਈ ਸੀ.ਐਫ.ਏਂਡਰੂਜ਼ ਤੇ ਉਹਨਾਂ ਦੇ ਇਕ ਹੋਰ ਸਾਥੀ ਪਰੀਸਨ ਨੂੰ ਦੱਖਣੀ-ਅਫ਼ਰੀਕਾ ਭੇਜਿਆ। ਖ਼ੁਦ ਵਾਇਸਰਾਏ ਲਾਡਰ ਹਾਰਿਡੰਡ ਨੇ ਉੱਤਰ ਪ੍ਰਦੇਸ਼ ਦੇ ਗਵਰਨਰ ਬੈਂਜਮਨ ਨੂੰ ਆਪਣਾ ਦੂਤ ਬਣਾ ਕੇ ਭੇਜਿਆ। ਇਹਨਾਂ ਦੀਆਂ ਕੋਸ਼ਿਸ਼ਾਂ ਤੇ ਵਾਈਟ ਹਾਲ ਦੇ ਬਰਤਾਨਵੀਂ ਅਧਿਕਾਰੀਆਂ ਦੇ ਦਬਾਅ ਸਦਕਾ ਸਮਝੌਤਾ ਇਹ ਹੋਇਆ ਕਿ ਪ੍ਰਵਾਸੀ ਭਾਰਤੀਆਂ ਦੀਆਂ ਸ਼ਕਤੀਆਂ ਦੀ ਜਾਂਚ ਕਰਨ ਲਈ ਸਮਟਸ ਸਰਕਾਰ ਨੇ ਤਿੰਨ ਆਦਮੀਆਂ ਦਾ ਕਮਿਸ਼ਨ ਨਿਯੁਕਤ ਕਰਨਾ ਮੰਨ ਲਿਆ।
ਇਸ ਸਮਝੌਤੇ ਤੋਂ ਪਿੱਛੋਂ ਗਾਂਧੀ ਨੂੰ ਜੇਲ੍ਹ ਵਿਚੋਂ ਰਿਹਾ ਕਰ ਦਿੱਤਾ ਗਿਆ। ਉਸ ਨੇ ਬਾਹਰ ਆ ਕੇ ਮੰਗ ਕੀਤੀ ਕਿ 'ਕਮਿਸ਼ਨ ਵਿਚ ਕਿਸੇ ਇਕ ਭਾਰਤੀ ਨੂੰ ਵੀ ਲਿਆ ਜਾਏ, ਜੇ ਇੰਜ ਨਾ ਹੋ ਸਕਦਾ ਹੋਏ ਤਾਂ ਘੱਟੋ-ਘੱਟ ਭਾਰਤੀਆਂ ਨਾਲ ਹਮਦਰਦੀ ਰੱਖਣ ਵਾਲੇ ਕਿਸੇ ਗੋਰੇ ਨੂੰ ਹੀ ਲੈ ਲਿਆ ਜਾਏ।' ਪਰ ਸਮਟਸ ਨੇ ਇਹ ਮੰਗ ਠੁਕਰਾਅ ਦਿੱਤੀ।
ਗਾਂਧੀ ਨੇ ਐਲਾਨ ਕੀਤਾ ਕਿ ਉਹ ਤੇ ਪੋਲਕ ਸਤਿਆਗ੍ਰਹੀਆਂ ਦਾ ਇਕ ਜਥਾ ਪਹਿਲੀ ਜਨਵਰੀ 1914 ਨੂੰ ਗ੍ਰਿਫ਼ਤਾਰੀ ਦੇਣ ਲਈ ਡਰਬਨ ਤੋਂ ਕੂਚ ਕਰੇਗਾ।
ਇਸ ਦੌਰਾਨ ਰੇਲਵੇ ਦੇ ਸਾਰੇ ਗੋਰੇ ਕਰਮਚਾਰੀਆਂ ਨੇ ਹੜਤਾਲ ਕਰ ਦਿੱਤੀ। ਇਹ ਹੜਤਾਲ ਬੜੀ ਜ਼ਬਰਦਸਤ ਸੀ। ਹੜਤਾਲੀਆਂ ਨੇ ਭੰਨ-ਤੋੜ ਤੇ ਹਿੰਸਕ ਕਾਰਵਾਈਆਂ ਵੀ ਕੀਤੀਆਂ।
ਗਾਂਧੀ ਨੇ ਆਪਣਾ ਕੂਚ ਮੁਲਤਵੀ ਕਰ ਦਿੱਤਾ। ਉਸ ਨੇ ਕਿਹਾ ਕਿ 'ਵਿਰੋਧੀ ਨੂੰ ਨਸ਼ਟ ਕਰਨਾ, ਕਸ਼ਟ ਪਹੁਚਾਉਣਾ, ਨੀਚਾ-ਵਿਖਾਉਣਾ ਤੇ ਸੰਕਟ ਸਮੇਂ ਉਸ ਦੀ ਕਮਜ਼ੋਰੀ ਦਾ ਲਾਭ ਉਠਾਉਣਾ, ਸਤਿਆਗ੍ਰਹੀ ਦਾ ਧਰਮ ਨਹੀਂ ਹੈ।'
ਦੱਖਣੀ ਅਫ਼ਰੀਕਾ ਵਿਚ ਗਾਂਧੀ ਨੇ ਸਤਿਆਗ੍ਰਹੀਆਂ ਦੇ ਇਸ ਧਰਮ ਦਾ ਸਿੱਧਾ ਸਾਦਾ ਇਹ ਤਜ਼ੁਰਬਾ ਪ੍ਰਾਪਤ ਕੀਤਾ ਸੀ ਕਿ 'ਆਪਣੇ ਆਕਾਵਾਂ ਨੂੰ ਨਸ਼ਟ ਨਾ ਕੀਤਾ ਜਾਵੇ, ਕਸ਼ਟ ਨਾ ਦਿਤਾ ਜਾਵੇ ਤੇ ਉਹਨਾਂ ਦੇ ਸੰਕਟ ਤੋਂ ਲਾਭ ਉਠਾਉਣ ਦੀ ਬਜਾਏ ਸੰਕਟ ਸਮੇਂ ਉਹਨਾਂ ਦੀ ਮਦਦ ਕੀਤੀ ਜਾਵੇ।' ਹਿੰਦੁਸਤਾਨ ਵਿਚ ਵੀ ਗਾਂਧੀ ਦੇ ਸਤਿਆਗ੍ਰਹਿ ਦੀ ਮਾਰਗ ਦਿਸ਼ਾ/ਮੰਸ਼ਾ ਇਹੀ ਰਹੀ।
ਸਤੰਬਰ 1919 ਵਿਚ ਕਾਂਗਰਸ ਦਾ ਵਿਸ਼ੇਸ਼ ਇਜਲਾਸ ਕਲਕੱਤੇ ਵਿਚ ਹੋਇਆ। ਉਦੇਸ਼ ਯੁੱਧ ਤੋਂ ਬਾਅਦ ਦੀ ਸਥਿਤੀ ਦਾ ਜਾਇਜ਼ਾ ਲੈਣਾ ਸੀ। ਲਾਜਪਤ ਰਾਏ ਪ੍ਰਧਾਨ ਸਨ। ਉਹਨਾਂ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ, "ਦੇਸ਼ ਹੁਣ ਇਨਕਲਾਬ ਦੇ ਸਿਰੇ ਉੱਪਰ ਖੜ੍ਹਾ ਹੈ ਪਰ ਇਨਕਲਾਬ ਸਾਡੇ ਸੰਸਕਾਰਾਂ ਅਨੁਸਾਰ ਨਹੀਂ। ਸਾਡਾ ਹੌਲੀ ਤੁਰਨ ਵਾਲਾ ਰਾਸ਼ਟਰ ਹੈ। ਪਰ ਜਦੋਂ ਅਸੀਂ ਤੁਰ ਪੈਂਦੇ ਹਾਂ ਤਾਂ ਲੰਮੀਆਂ ਪਲਾਂਘਾਂ ਵੀ ਪੁੱਟ ਲੈਂਦੇ ਹਾਂ। ਇਨਕਲਾਬ ਕਿਸੇ ਵੀ ਜੀਵੰਤ ਰਾਸ਼ਟਰ ਲਈ ਜ਼ਰੂਰੀ ਹੈ।"
ਇਸੇ ਇਜਲਾਸ ਵਿਚ ਗਾਂਧੀ ਨੇ ਵਿਰੋਧੀ ਗੁੱਟ ਦੀ ਮਦਦ ਨਾਲ ਕਾਂਗਰਸ ਦੀ ਲੀਡਰਸ਼ਿੱਪ ਹਥਿਆ ਲਈ। ਇਸ ਲਈ ਜਿਹੜੇ ਹਥਕੰਡੇ ਵਰਤੇ ਗਏ (ਉਹਨਾਂ ਦਾ ਵਿਸਥਾਰ 'ਗਾਂਧੀ ਬੇ-ਨਕਾਬ' ਵਿਚ ਦੇਖੋ।) ਤੇ ਇਹ ਕਹਿ ਕੇ ਕਿ ਮੈਂ ਇਕ ਸਾਲ ਵਿਚ ਆਜ਼ਾਦੀ ਦਿਵਾਅ ਦਿਆਂਗਾ ਵਰਨਾ ਮੇਰੀ ਲਾਸ਼ ਸਮੁੰਦਰ ਵਿਚ ਤੈਰਦੀ ਹੋਈ ਨਜ਼ਰ ਆਏਗੀ, ਸਤਿਆਗ੍ਰਹਿ ਸ਼ੁਰੂ ਕਰ ਦਿੱਤਾ। ਪਰ ਨਾ ਆਜ਼ਾਦੀ ਮਿਲੀ, ਤੇ ਨਾ ਹੀ ਗਾਂਧੀ ਦੀ ਲਾਸ਼ ਸਮੁੰਦਰ ਵਿਚ ਤੈਰੀ। ਹੋਇਆ ਇਹ ਕਿ ਚੌਰੀ-ਚੌਰਾ ਦੀ ਘਟਨਾ ਨੂੰ, ਜਿਹੜੀ ਕਿਸਾਨਾਂ ਦੇ ਇਨਕਲਾਬੀ ਅਮਲ ਦੀ ਸ਼ੁਰੂਆਤ ਸੀ, ਅਹਿੰਸਾ ਦੱਸ ਕੇ ਅੰਦੋਲਨ ਵਾਪਸ ਲੈ ਲਿਆ ਗਿਆ ਯਾਨੀ ਸਾਮਰਾਜਵਾਦੀਆਂ ਅੱਗੇ ਆਤਮ ਸਮਰਪਣ ਕਰ ਦਿੱਤਾ ਗਿਆ।
ਫੇਰ 1928 ਤੇ 1929 ਦੋ ਇਨਕਲਾਬੀ ਉਭਾਰ ਦੇ ਵਰ੍ਹੇ ਸਨ। ਸਾਮਰਾਜਵਾਦ ਆਪਣੇ ਆਰਥਕ ਸੰਕਟ ਵਿਚ ਫਸਿਆ ਹੋਇਆ ਸੀ ਤੇ ਮਿਹਨਤਕਸ਼ ਜਨਤਾ ਲੜਨ ਲਈ ਤਿਆਰ ਸੀ। ਪਰ ਗਾਂਧੀ ਪਹਿਲਾਂ ਤਾਂ ਸੰਘਰਸ਼ ਨੂੰ ਟਾਲਦਾ ਰਿਹਾ ; ਅਖ਼ੀਰ ਨਮਕ ਸਤਿਆਗ੍ਰਹਿ ਸ਼ੁਰੂ ਕੀਤਾ ਤੇ ਉਸਦਾ ਅੰਤ ਵੀ ਗਾਂਧੀ-ਇਰਵਿਨ ਸਮਝੌਤੇ ਉੱਤੇ ਜਾ ਕੇ ਹੋਇਆ।
1939 ਵਿਚ ਸੁਭਾਸ਼ ਚੰਦਰ ਬੋਸ ਨੂੰ ਪ੍ਰਧਾਨਗੀ ਪਦ ਤੋਂ ਹਟਾਉਣ ਲਈ ਜਿਹੜੀ ਧਾਂਦਲੀ ਵਰਤੀ ਗਈ, ਉਸ ਦਾ ਉਦੇਸ਼ ਵੀ ਯੁੱਧ-ਸੰਕਟ ਵਿਚ ਘਿਰੇ ਬਰਤਾਨਵੀਂ ਸਾਮਰਾਜ ਦੀ ਸਹਾਇਤਾ ਤੇ ਸੁਰੱਖਿਆ ਕਰਨਾ ਸੀ। ਗਾਂਧੀ ਨੇ ਵਿਅਕਤੀਗਤ ਸਤਿਆਗ੍ਰਹਿ ਦਾ ਨਾਟਕ ਰਚ ਕੇ ਇਨਕਲਾਬ ਦਾ ਸਾਰਾ ਜੋਸ਼ ਠੰਡਾ ਕਰ ਦਿੱਤਾ।
ਸਾਡੇ ਲੋਹੀਆਵਾਦੀ ਸਮਾਜਵਾਦੀ ਮਿੱਤਰ, ਜਿਹਨਾਂ ਗਾਂਧੀ, ਜੈਪ੍ਰਕਾਸ਼ ਤੇ ਰਾਮਮਨੋਹਰ ਲੋਹੀਆ ਦੀ ਤ੍ਰਿਮੂਰਤੀ ਬਣਾਈ ਹੋਈ ਹੈ, ਅਗਸਤ 1942 ਦੇ 'ਭਾਰਤ ਛੋੜੋ' ਅੰਦੋਲਨ ਨੂੰ ਬੜਾ ਮਹੱਤਵ ਦਿੰਦੇ ਹਨ। ਉਹਨਾਂ ਬਾਰੇ ਗਾਂਧੀ ਦੇ ਵਿਚਾਰ ਖ਼ੁਦ ਦੇਖੋ :
ਸੁਸ਼ੀਲਾ ਨਈਅਰ ਨੇ 'ਬਾਪੂ ਕੀ ਕਾਰਾਵਾਸ ਕਹਾਣੀ' ਨਾਂ ਹੇਠ ਜਿਹੜੀ ਡਾਇਰੀ ਲਿਖੀ ਹੈ, ਉਸ ਵਿਚ ਦਰਜ ਹੈ ਕਿ 30 ਅਗਸਤ 1942 ਦੀ ਸ਼ਾਮ ਨੂੰ ਸੈਰ ਕਰਦਿਆਂ ਹੋਇਆਂ ਗਾਂਧੀ ਨੇ ਸੁਸ਼ੀਲਾ ਨਈਅਰ ਨੂੰ ਕਿਹਾ---"ਮੈਂ ਹੁਣ ਛੇ ਮਹੀਨਿਆਂ ਅੰਦਰ, ਜੇਲ੍ਹ 'ਚੋਂ ਬਾਹਰ ਨਿਕਲ ਆਉਣਾ ਹੈ…ਸਾਡੀ ਲੜਾਈ ਸਫ਼ਲ ਹੋਈ ਤਾਂ ਵੀ ਤੇ ਜੇ ਲੋਕ ਹਾਰ ਕੇ ਬੈਠ ਗਏ ਤਾਂ ਵੀ। ਮੈਂ ਨਹੀਂ ਜਾਣਦਾ ਲੋਕ ਕੀ ਕਰਨਗੇ। ਪਰ ਮੈਂ ਇਹ ਜਾਣਦਾ ਹਾਂ ਕਿ ਲੋਕ ਲੜਾਈ ਲਈ ਤਿਆਰ ਨਹੀਂ ਸਨ। ਅਸੀਂ ਵੀ ਤਿਆਰੀ ਨਹੀਂ ਸੀ ਕੀਤੀ। ਪਰ ਅਹਿੰਸਾ ਦੇ ਕੰਮ ਕਰਨ ਦਾ ਰਸਤਾ ਦੂਸਰਾ ਹੀ ਹੁੰਦਾ ਹੈ। ਇਸ ਲਈ ਸਾਡਾ ਨਿਰਾਸ਼ ਹੋਣ ਦਾ ਕੋਈ ਕਾਰਨ ਨਹੀਂ। ਅਸੀਂ ਨਹੀਂ ਜਾਣਦੇ ਕਿ ਈਸ਼ਵਰ ਨੇ ਕੀ ਸੋਚਿਆ ਹੋਇਆ ਹੈ। ਜੋ ਵੀ ਹੋਵੇ, ਉਹਨਾਂ ਦੀ ਮਰ-ਮਿਟਣ ਦੀ ਤਿਆਰੀ ਹੋਣੀ ਹੀ ਚਾਹੀਦੀ ਹੈ। ਉਹ ਆਜ਼ਾਦ ਹੋਏ ਬਿਨਾਂ ਚੈਨ ਨਹੀਂ ਲੈਣਗੇ। ਜੇ ਆਜ਼ਾਦੀ ਲਈ ਲੜਦੇ ਲੜਦੇ ਉਹ ਖ਼ਤਮ ਹੋ ਗਏ ਤਾਂ ਖ਼ੁਦ ਤਾਂ ਆਜ਼ਾਦ ਹੋ ਹੀ ਜਾਣਗੇ।" (ਸਫ਼ਾ 109)
ਸੋਚੋ ਕਿ ਜਦੋਂ ਲੋਕ ਲੜਨ ਲਈ ਤਿਆਰ ਨਹੀਂ ਸਨ ਤੇ ਨੇਤਾਵਾਂ ਨੇ ਵੀ ਕੋਈ ਤਿਆਰੀ ਨਹੀਂ ਸੀ ਕੀਤੀ ਹੋਈ, ਤਾਂ ਫੇਰ ਲੜਾਈ ਸ਼ੁਰੂ ਕਰਨ ਦਾ ਕੀ ਅਰਥ ਸੀ ? ਤੇ ਕੇਹੀ 'ਅਹਿੰਸਾ' ਤੇ ਕਿਹੜਾ 'ਦਰਸ਼ਨ' ਹੈ, ਜਿਸ ਵਿਚ ਅੰਗਰੇਜ਼ ਦੀ ਗੋਲੀ ਨਾਲ ਮਰਨ ਵਾਲੇ ਨੂੰ ਆਜ਼ਾਦੀ ਘੁਲਾਟੀਆਂ ਤੇ ਅੰਗਰੇਜ਼ ਨੂੰ ਗੋਲੀ ਮਾਰਨ ਵਾਲੇ ਨੂੰ ਹਿੰਸਾਵਾਦੀ ਦਾ ਨਾਂ ਦੇ ਦਿੱਤਾ ਜਾਂਦਾ ਸੀ ?
ਲੋਕ ਮਰਨ ਜਾਂ ਜਿਉਣ ਗਾਂਧੀ ਨੂੰ ਇਸ ਨਾਲ ਕੋਈ ਸਰੋਕਾਰ ਨਹੀਂ ਸੀ, ਉਸ ਨੇ ਤਾਂ ਹਰ ਹਾਲ ਵਿਚ ਛੇ ਮਹੀਨੇ ਬਾਅਦ ਜੇਲ੍ਹ 'ਚੋਂ ਬਾਹਰ ਆਉਣਾ ਸੀ। ਬਾਹਰ ਆਉਣ ਲਈ ਉਸ ਨੇ ਤਿੰਨ ਹਫ਼ਤੇ ਦੀ ਭੁੱਖ ਹੜਤਾਲ ਕੀਤੀ। ਸਰਕਾਰ ਨੇ ਡਾਕਟਰਾਂ ਦੀ ਟੀਮ ਬਿਠਾਅ ਦਿੱਤੀ ਤੇ ਵੱਡੇ ਪੈਮਾਨੇ ਉੱਪਰ ਇਸ ਭੁੱਖ ਹੜਤਾਲ ਦਾ ਪ੍ਰਚਾਰ ਕੀਤਾ ਗਿਆ। ਭੁੱਖ ਹੜਤਾਲ ਦੀ ਓਟ ਵਿਚ ਅੰਦੋਲਨ ਚਲਾਉਣ ਵਾਲਿਆਂ ਨੂੰ ਇਹ ਸਿੱਖਿਆ ਦਿੱਤੀ ਗਈ ਕਿ ਜੇ ਤਾਰ ਕੱਟਣ ਜਾਣ, ਤਾਂ ਵੀ ਪਹਿਲਾਂ ਸਰਕਾਰ ਨੂੰ ਸੂਚਿਤ ਕਰਕੇ ਜਾਣ ਕਿਉਂਕਿ ਅਹਿੰਸਾ ਦੀ ਲੜਾਈ ਵਿਚ ਕੁਝ ਵੀ ਛੁਪਾ ਕੇ ਕਰਨਾ ਪਾਪ ਹੈ। ਜੇ ਉਹ ਸਜ਼ਾ ਦਾ ਜੋਖ਼ਮ ਉਠਾਉਣ ਦਾ ਹੌਸਲਾ ਰੱਖਦੇ ਹੋਣ ਤਾਂ ਆਪਣੇ ਆਪ ਨੂੰ ਸਰਕਾਰ ਦੇ ਹਵਾਲੇ ਕਰ ਦੇਣ।
ਸੋਚੋ, ਕੀ ਇਹ ਅਹਿੰਸਾ ਦੇ ਨਾਂ ਉੱਤੇ ਅੰਦੋਲਨ ਦੀ ਹੱਤਿਆ ਨਹੀਂ ਸੀ ?
ਇਸ ਭੁੱਖ ਹੜਤਾਲ ਨੂੰ 'ਅਗਨੀ ਪ੍ਰੀਖਿਆ' ਦਾ ਨਾਂ ਦਿੱਤਾ ਗਿਆ। ਇਹ ਭੁੱਖ ਹੜਤਾਲ 10 ਫਰਵਰੀ 1943 ਨੂੰ ਸ਼ੁਰੂ ਹੋਈ ਸੀ। ਇਸ ਭੁੱਖ ਹੜਤਾਲ ਦੇ ਗਿਆਰਵੇਂ ਦਿਨ ਯਾਨੀਕਿ 21 ਫਰਵਰੀ ਨੂੰ ਲਿਖੀ ਡਾਇਰੀ ਵੱਲ ਧਿਆਨ ਦੇਣਾ। ਲਿਖਿਆ ਹੈ :
"ਸ਼ਾਮ ਦੇ ਕਰੀਬ ਬਾਪੂ ਦੀ ਹਾਲਤ ਯਕਦਮ ਵਿਗੜ ਗਈ। ਉਸ ਸਮੇਂ ਉਹਨਾਂ ਦੇ ਕਮਰੇ ਵਿਚ ਮੈਂ ਇਕੱਲੀ ਬੈਠੀ ਸਾਂ। ਉਹਨਾਂ ਪਾਣੀ ਪੀਣ ਦਾ ਯਤਨ ਕੀਤਾ। ਪਾਈਪ ਰਾਹੀਂ ਖਿੱਚ ਕੇ ਪਾਣੀ ਪੀਂਦੇ ਹੋਏ ਹਫ ਗਏ। ਮੁਸ਼ਕਿਲ ਨਾਲ ਇਕ ਦੋ ਘੁੱਟ ਹੀ ਪੀ ਸਕੇ। ਥੱਕ ਕੇ ਲੇਟ ਗਏ। ਇਕ ਜ਼ੋਰਦਾਰ ਉਲਟੀ ਆਈ। ਤੜਫਣ ਲੱਗ ਪਏ, ਬੇਚੈਨੀ ਨਾਲ ਹੱਥ ਪੈਰ ਮਾਰਨ ਲੱਗੇ। ਅੱਖਾਂ ਲਗਭਗ ਅੱਧੀਆਂ ਬੰਦ ਸਨ। ਮੈਨੂੰ ਇੰਜ ਲੱਗਿਆ ਜਿਵੇਂ ਬੇਸੁੱਧ ਹੋ ਗਏ ਹਨ। ਨਬਜ਼ ਉੱਤੇ ਹੱਥ ਰੱਖਿਆ ਤਾਂ ਏਨੀ ਸੁਸਤ ਸੀ ਕਿ ਮੁਸ਼ਕਿਲ ਨਾਲ ਹੱਥ ਆਉਂਦੀ ਸੀ। ਮੇਰਾ ਦਿਲ ਧੜਕਣ ਲੱਗਾ…ਹਿੰਮਤ ਕਰਕੇ ਪੁੱਛਿਆ, 'ਬਾਪੂ ਕੀ ਉਹ ਸਮਾਂ ਨਹੀਂ ਆ ਗਿਆ ਕਿ ਹੁਣ ਪਾਣੀ ਵਿਚ ਮੌਸਮੀ ਦਾ ਰਸ ਮਿਲਾ ਕੇ ਤੁਹਾਨੂੰ ਦਿੱਤਾ ਜਾਏ?' ਕੁਝ ਚਿਰ ਉਹਨਾਂ ਕੋਈ ਉੱਤਰ ਨਹੀਂ ਦਿੱਤਾ। ਆਖ਼ੀਰ ਹੌਲੀ ਜਿਹੀ ਸਿਰ ਹਿਲਾਅ ਕੇ 'ਹਾਂ' ਕਿਹਾ। ਮੈਂ ਡਾਕਟਰ ਗਿਲਡਰ ਨੂੰ ਬੁਲਾਇਆ। ਉਹ ਆ ਗਏ। ਬਾਪੂ ਨਾਲ ਜੋ ਹੋਇਆ ਸੀ, ਉਸ ਸਭ ਸਮਝਾ ਕੇ ਮੈਂ ਦੋ ਔਂਸ ਮੌਸਮੀ ਦਾ ਰਸ ਕੱਢਿਆ ਤੇ ਦੋ ਔਂਸ ਪਾਣੀ ਮਿਲਾ ਕੇ ਔਂਸਾਂ ਵਾਲੇ ਗਲਾਸ ਨਾਲ ਹੌਲੀ ਹੌਲੀ ਬਾਪੂ ਦੇ ਮੂੰਹ ਵਿਚ ਪਾ ਦਿੱਤਾ। ਇਸ ਦਾ ਅਸਰ ਬਲਦੇ ਕੋਇਲੇ ਉੱਤੇ ਪਾਣੀ ਪੈਣ ਵਰਗਾ ਹੋਇਆ। ਬੇਚੈਨੀ ਘੱਟ ਹੋਣ ਲੱਗੀ। ਏਨੇ ਵਿਚ ਬਾ ਕਮਰੇ ਵਿਚ ਆਈ। ਮੈਨੂੰ ਲੱਗਿਆ ਕਿ ਸ਼ਾਇਦ ਬਾ ਦੀ ਪ੍ਰਾਰਥਨਾ ਸੁਣ ਕੇ ਹੀ ਈਸ਼ਵਰ ਨੇ ਬਾਪੂ ਨੂੰ ਬਚਾਅ ਲਿਆ ਹੈ। ਬਾ ਜਦੋਂ ਕਮਰੇ ਵਿਚ ਨਹੀਂ ਹੁੰਦੀ ਸੀ ਤਾਂ ਅਕਸਰ ਬਾਲਕ੍ਰਿਸ਼ਨ ਜਾਂ ਤੁਲਸੀ ਦੇ ਸਾਹਮਣੇ ਬੈਠੀ ਪ੍ਰਾਰਥਨਾ ਕਰ ਰਹੀ ਹੁੰਦੀ ਸੀ। ਜਦੋਂ ਬਾਪੂ ਦੀ ਸਥਿਤੀ ਵਿਗੜ ਰਹੀ ਸੀ, ਬਾ ਇਹ ਸਭ ਕੁਝ ਨਾ ਜਾਣਦੀ ਹੋਈ ਪ੍ਰਾਰਥਨਾ ਵਿਚ ਬੈਠੀ ਸੀ।"
ਸ਼ਰਧਾ ਤੇ ਅੰਧਵਿਸ਼ਵਾਸ ਸ਼ੈਤਾਨ ਦੇ ਭੈਣ-ਭਰਾ ਹੁੰਦੇ ਨੇ। ਇਸ ਭੁੱਖ ਹੜਤਾਲ ਦੇ ਬਾਕੀ ਦਸ ਦਿਨ ਗਾਂਧੀ ਨੇ ਮੌਸਮੀ ਦਾ ਰਸ ਪੀ ਕੇ ਬਿਤਾਏ ਤੇ ਇਸ ਭੁੱਖ ਹੜਤਾਲ ਦਾ ਸਮਾਂ ਪੂਰਾ ਹੋਣ ਸਾਰ ਗਾਂਧੀ ਨੂੰ ਜੇਲ੍ਹ 'ਚੋਂ ਰਿਹਾਅ ਕਰ ਦਿੱਤਾ ਗਿਆ।
'ਭਾਰਤ ਛੋੜੋ ਅੰਦੋਲਨ' ਵਿਚ ਮੈਂ ਵੀ ਗ੍ਰਿਫ਼ਤਾਰ ਹੋਇਆ ਸਾਂ ਤੇ ਦੋ ਸਾਲ ਨਜ਼ਰਬੰਦ ਰਿਹਾ ਸਾਂ। ਜੇਲ੍ਹ ਵਿਚ ਗਾਂਧੀਵਾਦੀ ਨੇਤਾਵਾਂ ਦਾ ਵਤੀਰਾ ਦੇਖ ਕੇ ਤੇ ਭੁੱਖ ਹੜਤਾਲ ਆਦਿ ਦੀਆਂ ਖ਼ਬਰਾਂ ਪੜ੍ਹ ਕੇ ਮੈਂ ਕਿਹਾ ਸੀ, "ਹਿੱਪੋਕਰੇਸੀ ਦਾ ਨੇਮ ਇਜ਼ ਗਾਂਧੀਵਾਦ (ਸ਼ੈਤਾਨੀਅਤ ਤੇਰਾ ਦੂਜਾ ਨਾਂ ਗਾਂਧੀਵਾਦ ਹੈ)।"
ਇਹਨਾਂ ਸ਼ੈਤਾਨੀਆਂ ਦੀ ਟਰੇਨਿੰਗ ਵੀ ਉਸਨੂੰ ਦੱਖਣੀ ਅਫ਼ਰੀਕਾ ਵਿਚ ਮਿਲੀ ਸੀ। ਬੋਅਰ ਯੁੱਧ ਵਾਂਗ ਹੀ ਜੁਲੂ ਬਗ਼ਾਵਤ ਸਮੇਂ ਵੀ ਗਾਂਧੀ ਨੇ ਬਰਤਾਨਵੀਂ ਸਰਕਾਰ ਪ੍ਰਤੀ ਵਫ਼ਾਦਾਰੀ ਜਤਾਈ ਤੇ ਉਹ 23 ਆਦਮੀਆਂ ਦੀ ਟੁਕੜੀ ਲੈ ਕੇ ਉਹਨਾਂ ਦੀ ਮਦਦ ਲਈ ਗਿਆ। ਉਸ ਨੇ ਲਿਖਿਆ ਹੈ, "ਅੰਗਰੇਜ਼ਸਲਤਨਤ ਨੂੰ ਉਸ ਸਮੇਂ ਮੈਂ ਜਗਤ ਦਾ ਕਲਿਆਣ ਕਰਨ ਵਾਲਾ ਸਾਮਰਾਜ ਮੰਨਦਾ ਸਾਂ। ਮੇਰੀ ਵਫ਼ਾਦਾਰੀ ਦਿਲੋਂ ਸੀ।" ਜਗਤ ਦਾ ਕਲਿਆਣ ਕਰਨ ਵਾਲੇ ਬਰਤਾਨਵੀਂ ਸਾਮਰਾਜ ਦੇ ਜੁਲੂ ਆਦਿਵਾਸੀਆਂ ਉੱਤੇ ਚੜ੍ਹ ਦੌੜਨ ਦਾ ਕਾਰਣ ਇਹ ਸੀ ਕਿ ਅੰਗਰੇਜ਼ਾਂ ਨੂੰ ਨੇਟਾਲ ਦੀ ਸੋਨੇ ਦੀ ਖਾਨ ਵਿਚ ਮਜ਼ਦੂਰਾਂ ਦੀ ਲੋੜ ਸੀ, ਇਸ ਲਈ ਜੁਲੂ ਲੋਕਾਂ ਨੂੰ ਖੇਤਾਂ ਵਿਚੋਂ ਉਜਾੜ ਕੇ ਖਾਨ ਵਿਚ ਮਜ਼ਦੂਰੀ ਕਰਵਾਉਣ ਲਈ ਖੇਤੀ ਉੱਤੇ ਭਾਰੀ ਟੈਕਸ ਲਾ ਦਿੱਤਾ ਗਿਆ। ਜੁਲੂ ਲੋਕਾਂ ਨੇ ਟੈਕਸ ਉਗਰਾਹੁਣ ਵਾਲੇ ਇੰਸਪੈਕਟਰ ਦੀ ਹੱਤਿਆ ਕਰ ਦਿੱਤੀ। ਇਸ ਨੂੰ ਬਗ਼ਾਵਤ ਕਹਿ ਕੇ ਅੰਗਰੇਜ਼ਾਂ ਨੇ ਉਹਨਾਂ ਉੱਪਰ ਚੜ੍ਹਾਈ ਕਰ ਦਿੱਤੀ। ਗਾਂਧੀ ਨੇ ਲਿਖਿਆ ਹੈ ਕਿ 'ਦੰਗਾ ਖੇਤਰ ਵਿਚ ਪਹੁੰਚ ਕੇ ਮੈਂ ਦੇਖਿਆ ਕਿ ਦੰਗਾ ਕਹਿਣ ਵਾਲੀ ਕੋਈ ਗੱਲ ਨਹੀਂ ਸੀ।'
ਜੁਲੂ ਲੋਕਾਂ ਉਪਰ ਗੋਰੇ ਬਸਤੀਵਾਦੀਆਂ ਨੇ ਜਿਹੜੇ ਜ਼ੁਲਮ ਢਾਏ, ਉਹਨਾਂ ਨੂੰ ਦੇਖ ਕੇ ਇਸ ਵਫ਼ਾਦਾਰੀ ਲਈ ਗਾਂਧੀ ਦੀ ਆਤਮਾ ਉਸ ਨੂੰ ਫਿਟਕਾਰਨ ਲੱਗੀ। ਇਕ ਫਿਟਕਾਰ ਤੋਂ ਬਚਣ ਲਈ ਉਸ ਨੇ ਪਛਤਾਵੇ ਦੇ ਰੂਪ ਵਿਚ ਬ੍ਰਹਮਚਰੀਆ ਪਾਲਣ ਦਾ ਵਰਤ ਰੱਖ ਲਿਆ, ਕਿਉਂਕਿ ਉਸ ਦੀ ਸਮਝ ਵਿਚ 'ਬ੍ਰਹਮਚਰੀਆ ਈਸ਼ਵਰ ਦਰਸ਼ਨ ਲਈ ਜ਼ਰੂਰੀ ਵਸਤੂ ਹੈ।'
ਮੰਨ ਲਓ ਕਿ ਗਾਂਧੀ ਬ੍ਰਹਮਚਰੀਆ ਪਾਲਣ ਦੇ ਵਰਤ ਉੱਤੇ ਕਾਇਮ ਰਿਹਾ ਤੇ ਉਸ ਨੂੰ ਈਸ਼ਵਰ ਦਰਸ਼ਨ ਵੀ ਹੋਏ ਪਰ ਸਵਾਲ ਇਹ ਹੈ ਕਿ ਬਰਤਾਨਵੀਂ ਸਾਮਰਾਜ ਦਾ ਕੀ ਵਿਗੜ ਗਿਆ ? ਦਰਅਸਲ ਇਹ ਆਤਮਾ ਦਾ ਹਨਨ ਸੀ। ਆਤਮਾ ਦਾ ਹਨਨ ਕਰਨ ਲਈ ਹੀ ਮਨੁੱਖ ਮੀਸਣਾ ਤੇ ਮੱਕਾਰ ਬਣਦਾ ਹੈ। ਗਾਂਧੀ ਵਫ਼ਾਦਾਰੀ ਨਿਭਾਉਣ ਲਈ ਆਤਮਾ ਦਾ ਹਨਨ ਕਰਦਾ ਦੱਖਣੀ ਅਫ਼ਰੀਕਾ ਵਿਚ ਹੀ ਮਹਾਂ ਮੀਸਣਾ ਮਨੂੱਖ ਬਣ ਗਿਆ ਸੀ। ਬ੍ਰਹਮਚਰੀਏ ਦਾ ਵਰਤ ਸਿਰਫ਼ ਇਕ ਢੋਂਗ ਸੀ।
ਇਸ ਤਰ੍ਹਾਂ ਜਦੋਂ ਗਾਂਧੀ ਨੇ ਚੌਰਾ-ਚੌਰੀ ਕਾਂਢ ਨੂੰ ਲੈ ਕੇ ਆਤਮ ਸਮਰਪਣ ਕੀਤਾ ਤਾਂ ਖਿਲਾਫ਼ਤ ਦੇ ਨਾਲ ਜੋ ਆਦਰਸ਼ਹੀਣ ਤੇ ਅਵਸਰਵਾਦੀ ਸਮਝੌਤਾ ਹੋਇਆ ਸੀ, ਉਹ ਟੁੱਟ ਗਿਆ। ਸਿੱਟਾ ਇਹ ਕਿ ਜਨਤਾ ਵਿਚ ਅੰਗਰੇਜ਼ ਦੇ ਵਿਰੁੱਧ ਜਿਹੜਾ ਗੁੱਸਾ ਸੀ, ਉਹ ਆਪਸੀ ਸਿਰ-ਪਾੜ-ਪੜਾਈ ਵਿਚ ਬਦਲ ਗਿਆ। ਦਿੱਲੀ, ਕਾਨਪੁਰ, ਕਲਕੱਤਾ ਤੇ ਕੋਹਾਟ ਵਿਚ ਜ਼ਬਰਦਸਤ ਫਿਰਕੂ ਦੰਗੇ ਹੋਏ। ਦੰਗਿਆਂ ਲਈ ਜ਼ਿੰਮੇਵਾਰ ਕੌਣ ਹੈ, ਇਹ ਜਾਂਚ ਕਰਨ ਲਈ ਕਾਂਗਰਸ ਨੇ ਗਾਂਧੀ ਤੇ ਮੁਹੰਮਦ ਅਲੀ ਦੀ ਇਕ ਕਮੇਟੀ ਬਣਾਈ। ਉਹ ਦੋਵੇਂ ਆਪਸ ਵਿਚ ਸਹਿਮਤ ਨਹੀਂ ਹੋ ਸਕੇ ਤਾਂ ਗਾਂਧੀ ਨੇ ਇਹ ਕਹਿ ਕੇ ਕਿ ਦੰਗਿਆਂ ਲਈ ਜ਼ਿੰਮੇਵਾਰ ਮੈਂ ਹਾਂ, ਪਛਤਾਵੇ ਦੇ ਤੌਰ 'ਤੇ 21 ਦਿਨਾਂ ਦੀ ਭੁੱਖ ਹੜਤਾਲ ਕਰ ਦਿੱਤੀ। ਸੋਚਣ ਵਾਲੀ ਗੱਲ ਇਹ ਹੈ ਕਿ ਕੀ ਏਡੇ ਵੱਡੇ ਗੁਨਾਹ ਦਾ 21 ਦਿਨਾਂ ਦੀ ਭੁੱਖ ਹੜਤਾਲ ਨਾਲ ਪਛਤਾਵਾ ਹੋ ਗਿਆ ? ਕੀ ਉਸ ਨਾਲ ਫਿਰਕਾਪ੍ਰਸਤੀ ਖ਼ਤਮ ਹੋ ਗਈ ? ਉਹ ਤਾਂ ਉਲਟੇ ਹੋਰ ਵਧ ਗਈ। ਅਸਲ ਵਿਚ ਇਹ ਭੁੱਖ ਹੜਤਾਲਾਂ ਗਾਂਧੀ ਨੂੰ ਰਾਜਨੀਤੀ ਵਿਚ ਵਾਪਸ ਲਿਆਉਣ ਤੇ ਉਸਦੀ ਗਵਾਚੀ ਹੋਈ ਪੜਤ ਬਹਾਲ ਕਰਨ ਲਈ ਸਿਰਫ਼ ਇਕ ਪੈਂਤੜੇਬਾਜ਼ੀ ਹੀ ਸਨ।
ਗਾਂਧੀ ਦਾ ਇਹ ਨਾਅਰਾ, "ਹਿੰਦੂ, ਮੁਸਲਿਮ, ਸਿੱਖ, ਈਸਾਈ…ਸਭ ਆਪਸ ਵਿਚ ਭਾਈ-ਭਾਈ।" ਏਕਤਾ ਦਾ ਨਹੀਂ ਫੁੱਟ ਦਾ ਪ੍ਰਤੀਕ ਨਾਅਰਾ ਹੈ। ਸਾਰੇ ਹਿੰਦੂ ਜਾਂ ਸਾਰੇ ਮੁਸਲਮਾਨ ਹੀ ਆਪਸ ਵਿਚ ਭਾਈ-ਭਾਈ ਨਹੀਂ ਹਨ। ਉਹ ਲੋਟੂ ਤੇ ਲੁੱਟੇ ਜਾ ਰਹੇ ਤੇ ਜ਼ਾਲਿਮ ਤੇ ਜ਼ੁਲਮ ਝੱਲਣ ਵਾਲੇ ਵਿਚ ਵੰਡੇ ਹੋਏ ਹਨ। ਗਾਂਧੀ ਨੇ ਇਸ ਵਰਗ ਭੇਦ ਨੂੰ ਭੁਲਾਅ ਕੇ ਦੇਸ਼ ਦੀ ਜਨਤਾ ਨੂੰ ਧਰਮ ਦੇ ਆਧਾਰ 'ਤੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਵਿਚ ਵੰਡ ਦਿੱਤਾ। ਇਹੀ ਫਿਰਕਾਪ੍ਰਸਤੀ ਦੀ ਬੁਨਿਆਦ ਹੈ। ਸਿੱਟਾ ਇਹ ਹੋਇਆ ਕਿ ਇਸ ਪਿੱਛੋਂ ਕੋਈ ਇਕ ਰਾਸ਼ਟਰੀ ਨੇਤਾ ਨਹੀਂ ਰਿਹਾ।
ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਈਸਾਈਆਂ ਤੇ ਅਛੂਤਾਂ ਦੇ ਵੱਖੋ-ਵੱਖਰੇ ਸੰਗਠਨ ਬਣ ਗਏ। ਫਿਰਕਾਪ੍ਰਸਤੀ ਆਪਣੇ ਆਪ ਵਿਚ ਕੋਈ ਚੀਜ਼ ਨਹੀਂ ਹੁੰਦੀ, ਇਹ ਲੁੱਟ-ਖਸੁੱਟ ਦੀ ਫੁੱਟ-ਪਾਊ ਰਾਜਨੀਤੀ ਦਾ ਅਭਿੰਨ ਅੰਗ ਹੈ। ਫਿਰਕਾਪ੍ਰਸਤੀ ਦਾ ਇਕੋ ਇਕ ਇਲਾਜ਼ ਵਰਗ-ਸੰਘਰਸ਼ ਤੇ ਵਰਗ-ਚੇਤਨਾ ਨੂੰ ਵਿਕਸਤ ਕਰਨਾ ਹੈ। ਪਰ ਗਾਂਧੀ ਨੇ ਵਰਗ-ਸੰਘਰਸ਼ ਤੇ ਵਰਗ-ਚੇਤਾਨਾ ਨੂੰ ਵਿਕਸਤ ਕਰਨ ਨੂੰ ਨਫ਼ਰਤ ਫੈਲਾਉਣਾ ਦੱਸ ਕੇ ਦੇਸੀ-ਬਿਦੇਸੀ ਲੁਟੇਰਿਆਂ ਦੀ ਰੱਖਿਆ ਦੇ ਲਈ ਇਨਕਲਾਬ ਵਿਰੋਧੀ ਭੂਮਿਕਾ ਅਦਾ ਕੀਤੀ। ਇਨਕਲਾਬੀ ਕਰਮ ਜਿੰਨਾਂ ਉੱਚਾ ਉਠਦਾ ਹੈ, ਵਿਚਰ ਵੀ ਓਨਾ ਹੀ ਉੱਚਾ ਉਠਦਾ ਹੈ ਤੇ ਉਸ ਨਾਲ ਰਾਸ਼ਟਰ ਦੇ ਚਰਿੱਤਰ ਦਾ ਨਿਰਮਾਣ ਵੀ ਹੁੰਦਾ ਹੈ। ਪਰ ਗਾਂਧੀ ਨੇ ਸਾਡੇ ਇਨਕਲਾਬੀ ਕਰਮ ਨੂੰ ਚਰਖੇ ਨਾਲ ਬੰਨ੍ਹੀ ਰੱਖਿਆ। ਸਿੱਟਾ ਇਹ ਹੋਇਆ ਕਿ ਸੋਚ ਬੌਣੀ ਹੋ ਗਈ। ਜਿਸ ਰਾਸ਼ਟਰ ਦੀ ਵਿਚਾਰਧਾਰਾ ਬੌਣੀ ਹੋ ਜਾਏ, ਉਹ ਰਾਸ਼ਟਰ ਬੌਣਾ ਹੋ ਜਾਂਦਾ ਹੈ। ਰਾਸ਼ਟਰ ਦਾ ਵਰਤਮਾਨ ਸੰਕਟ ਇਸ ਬੌਣੇਪਣ ਦਾ ਪ੍ਰਤੱਖ ਪ੍ਰਮਾਣ ਹੈ। ਅੱਜ ਜਿਹੜੀ ਤੰਗ-ਨਜ਼ਰੀਏ ਤੇ ਦਿਸ਼ਾਹੀਣਤਾ ਦੀ ਸਥਿਤੀ ਹੈ, ਇਸ ਲਈ ਗਾਂਧੀ ਜ਼ਿੰਮੇਵਾਰ ਹੈ। ਇਸ ਨਾਲ ਰਾਸ਼ਟਰ ਦੀ ਜੋ ਹਾਨੀ ਹੋਈ ਹੈ, ਉਹ ਅਕੱਥ ਹੈ। ਸਾਹਿਤ ਤੇ ਸੰਸਕ੍ਰਿਤੀ ਦਾ ਪੱਧਰ ਡਿੱਗਿਆ ਹੈ ਤੇ ਡਿੱਗਦਾ ਹੀ ਜਾ ਰਿਹਾ ਹੈ। ਮਨੁੱਖੀ ਕਦਰਾਂ ਕੀਮਤਾਂ ਖ਼ਤਮ ਹੋ ਰਹੀਆਂ ਹਨ ਤੇ ਭਰਿਸ਼ਟਾਚਾਰ ਵਧ ਰਿਹਾ ਹੈ।
ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਜੇਲ੍ਰ ਵਿਚ ਲੰਮੀ ਭੁੱਖ ਹੜਤਾਲ ਕੀਤੀ। ਉਹਨਾਂ ਨੂੰ ਅਦਾਲਤ ਵਿਚ ਸਭ ਦੇ ਸਾਹਮਣੇ ਤੇ ਫੇਰ ਜੇਲ੍ਹ ਵਿਚ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਰਹੀ। ਜਤੇਂਦਰਨਾਥ ਦਾਸ 63 ਦਿਨ ਭੁੱਖੇ ਰਹਿ ਕੇ ਸ਼ਹੀਦ ਹੋਏ। ਉਹਨਾਂ ਦੀ ਸ਼ਹਾਦਤ ਉੱਤੇ ਸਾਰਾ ਦੇਸ਼ ਹਿੱਲ ਗਿਆ। ਗਾਂਧੀ ਨੇ ਅੰਗਰੇਜ਼ਾਂ ਦੀ ਇਸ ਨਿਰਦਈ ਹਿੰਸਾ ਦੇ ਖ਼ਿਲਾਫ ਤੇ ਇਸ ਮਹਾਨ ਸ਼ਹਾਦਤ ਦੇ ਹੱਕ ਵਿਚ ਇਕ ਸ਼ਬਦ ਵੀ ਨਾ ਕਿਹਾ। ਇਨਕਲਾਬੀਆਂ ਦਾ ਇਹ ਸੰਘਰਸ਼ ਆਪਣੇ ਲਈ ਨਹੀਂ, ਸਾਰੇ ਰਾਜਨੀਤਕ ਕੈਦੀਆਂ ਲਈ ਸੀ। ਉਹਨਾਂ ਦੀ ਮੰਗ ਇਹ ਸੀ ਕਿ ਜੇਲ੍ਹ ਵਿਚ ਰਾਜਨੀਤਕ ਕੈਦੀਆਂ ਨਾਲ ਚੰਗਾ ਸਲੂਕ ਹੋਏ, ਚੰਗਾ ਖਾਣਾ ਮਿਲੇ ਤੇ ਉਹਨਾਂ ਨੂੰ ਪੜ੍ਹਨ-ਲਿਖਣ ਦੀ ਸਹੂਲਤ ਪ੍ਰਾਪਤ ਹੋਏ।
ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਫਾਂਸੀ ਦੀ ਸਜ਼ਾ ਨੂੰ ਰੱਦ ਕਰਨ ਦੀ ਮੰਗ ਰਾਸ਼ਟਰ-ਵਿਆਪੀ ਮੰਗ ਬਣ ਗਈ ਸੀ ਤੇ ਲੋਕਾਂ ਵਿਚ ਜ਼ਬਰਦਸਤ ਜੋਸ਼ ਸੀ। ਅੰਗਰੇਜ਼ ਸਰਕਾਰ ਡਰ ਗਈ ਕਿ ਉਹਨਾਂ ਨੂੰ ਫਾਂਸੀ ਦੇਣ ਨਾਲ ਗੜਬੜੀ ਫੈਲ ਜਾਏਗੀ। ਕਿਹਾ ਜਾਂਦਾ ਹੈ ਕਿ ਗਾਂਧੀ-ਇਰਿਵਨ ਸਮਝੌਤੇ ਦੌਰਾਨ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਗਈ, ਪਰ ਵਾਇਸਰਾਏ ਨੇ ਉਸਦੀ ਇਹ ਗੱਲ ਨਹੀਂ ਮੰਨੀ। ਇਹ ਨਿਰਾ ਝੂਠ ਹੈ। ਇਸ ਦੇ ਉਲਟ ਸੱਚ ਇਹ ਹੈ ਕਿ ਗਾਂਧੀ ਨੇ ਤਸੱਲੀ ਦਿੱਤੀ ਕਿ ਗੜਬੜੀ ਰੋਕਣ ਵਿਚ ਮੈਂ ਸਰਕਾਰ ਦੀ ਮਦਦ ਕਰਾਂਗਾ।
ਵਾਇਸਰਾਏ ਲਾਰਡ ਇਰਿਵਨ ਨੇ ਆਪਣੇ ਰੋਜ਼ਨਾਮਚੇ ਵਿਚ ਲਿਖਿਆ ਹੈ, "ਦਿੱਲੀ ਵਿਚ ਜੋ ਸਮਝੌਤਾ ਹੋਇਆ, ਉਸ ਤੋਂ ਵੱਖ ਤੇ ਅੰਤ ਵਿਚ ਗਾਂਧੀ ਨੇ ਭਗਤ ਸਿੰਘ ਦਾ ਜ਼ਿਕਰ ਕੀਤਾ, ਉਹਨਾਂ ਫਾਂਸੀ ਦੀ ਸਜ਼ਾ ਰੱਦ ਕਰ ਦੇਣ ਲਈ ਕੋਈ ਪੈਰਵੀ ਨਹੀਂ ਕੀਤੀ। ਨਾ ਹੀ ਉਹਨਾਂ ਵਰਤਮਾਨ ਹਾਲਾਤ ਵਿਚ ਫਾਂਸੀ ਨੂੰ ਮੁਲਤਵੀ ਕਰਨ ਦੇ ਸਬੰਧ ਵਿਚ ਹੀ ਕੁਝ ਕਿਹਾ।" (ਫਾਈਲ ਨੰ. 5-45/1931 ਦੇ ਡਬਲਿਊ 2 ਗ੍ਰਹਿ ਵਿਭਾਗ, ਰਾਜਨੀਤੀ ਸ਼ਾਖਾ।)
20 ਮਾਰਚ ਨੂੰ ਗਾਂਧੀ ਵਾਇਸਰਾਏ ਦੀ ਕੌਂਸਲ ਦੇ ਗ੍ਰਹਿ ਮੈਂਬਰ ਹਰਬਰਟ ਇਮਰਸਨ ਨੂੰ ਮਿਲਿਆ। ਇਮਰਸਨ ਨੇ ਆਪਣੇ ਰੋਜ਼ਨਾਮਚੇ ਵਿਚ ਲਿਖਿਆ ਹੈ, "ਮਿਸਟਰ ਗਾਂਧੀ ਦੀ ਇਸ ਮਸਲੇ ਵਿਚ ਵਧੇਰੇ ਦਿਲਚਸਪੀ ਨਹੀਂ ਜਾਪਦੀ। ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇ ਫਾਂਸੀ ਦੇ ਸਿੱਟੇ ਵਜੋਂ ਹਿੱਲਜੁਲ ਨਾ ਹੋਈ ਤਾਂ ਇਹ ਬੜੀ ਵੱਡੀ ਗੱਲ ਹੋਏਗੀ। ਮੈਂ ਉਹਨਾਂ ਨੂੰ ਕਿਹਾ ਕਿ ਉਹ, ਉਹ ਸਭ ਕੁਝ ਕਰਨ ਤਾਂ ਕਿ ਅਗਲੇ ਦਿਨ ਸਭਾਵਾਂ ਨਾ ਹੋਣ ਤੇ ਲੋਕਾਂ ਦੇ ਭੜਕਾਊ ਭਾਸ਼ਣਾ ਨੂੰ ਰੋਕਣ। ਇਸ ਉੱਤੇ ਉਹਨਾਂ ਆਪਣੀ ਸਹਿਮਤੀ ਦਿੱਤੀ ਤੇ ਕਿਹਾ, 'ਜੋ ਕੁਝ ਵੀ ਹੋ ਸਕੇਗਾ ਕਰਾਂਗਾ'।" ਫਾਈਲ ਨੰ.(53/1/1931)
ਗਾਂਧੀ ਨੇ ਸਿਰਫ ਕਿਹਾ ਹੀ ਨਹੀਂ, ਕੀਤਾ ਵੀ। ਉਸਦਾ ਸਬੂਤ ਇਹ ਹੈ ਕਿ ਉਸੇ 20 ਦੀ ਸ਼ਾਮ ਨੂੰ ਗਾਂਧੀ ਗਰਾਊਂਡ ਵਿਚ ਇਕ ਸਭਾ ਕੀਤੀ ਜਾ ਰਹੀ ਸੀ, ਜਿਹੜੀ ਏਲਫਰੇਡ ਪਾਰਕ ਇਲਾਹਾਬਾਦ ਵਿਚ ਚੰਦਰ ਸ਼ੇਖਰ ਆਜ਼ਾਦ ਦੀ ਸ਼ਹਾਦਤ ਬਾਰੇ ਸੀ ਤੇ ਉਸ ਵਿਚ ਸੁਭਾਸ਼ ਚੰਦਰ ਬੋਸ ਨੇ ਵੀ ਬੋਲਣਾ ਸੀ। ਇਸ ਸਿਲਸਿਲੇ ਵਿਚ ਗਾਂਧੀ ਨੇ ਇਮਰਸਨ ਦੇ ਖ਼ਤ ਦਾ ਹੇਠ ਲਿਖਿਆ ਉੱਤਰ ਦਿੱਤਾ :
"ਪਿਆਰੇ ਇਮਰਸਨ,
ਹੁਣੇ ਹੁਣੇ ਤੁਹਾਡਾ ਪੱਤਰ ਮਿਲਿਆ, ਉਸ ਲਈ ਤੁਹਾਡਾ ਧੰਨਵਾਦ। ਤੁਸੀਂ ਜਿਸ ਸਭ ਦਾ ਉਲੇਖ ਕੀਤਾ ਹੈ, ਉਸਦਾ ਮੈਨੂੰ ਪਤਾ ਹੈ। ਹਰ ਤਰ੍ਹਾਂ ਦੀ ਅਹਿਤਿਆਤ ਵਰਤੀ ਗਈ ਹੈ ਤੇ ਆਸ ਕਰਦਾ ਹਾਂ ਕਿ ਕੋਈ ਗੜਬੜ ਨਹੀਂ ਹੋਏਗੀ। ਮੇਰਾ ਮਸ਼ਵਰਾ ਹੈ ਕਿ ਪੁਲਿਸ ਬਲ ਦਾ ਕੋਈ ਵਿਖਾਵਾ ਨਾ ਕੀਤਾ ਜਾਏ ਤੇ ਸਭਾ ਵਿਚ ਕਿਸੇ ਕਿਸਮ ਦਾ ਦਖ਼ਲ ਨਾ ਦਿੱਤਾ ਜਾਏ। ਰਹੀ ਉਤੇਜਨਾ, ਸੋ ਤਾਂ ਹੋਏਗੀ ਹੀ। ਇਸ ਉਤੇਜਨਾ ਨੂੰ ਸਭਾਵਾਂ ਦੇ ਜ਼ਰੀਏ ਨਿਕਲ ਜਾਣ ਦੇਣਾ ਠੀਕ ਹੋਵੇਗਾ।" (ਫਾਈਲ ਨੰ. 4/21/1931)
ਦਸੰਬਰ 1929 ਦੀ ਲਾਹੌਰ ਕਾਂਗਰਸ ਵਿਚ ਭਗਤ ਸਿੰਘ ਤੇ ਚੰਦਰ ਸ਼ੇਖਰ ਦੇ ਇਨਕਲਾਬੀ ਸਾਥੀਆਂ ਨੇ "ਹਿੰਦੁਤਸਾਨ ਸਮਾਜਵਾਦੀ ਪ੍ਰਜਾਤੰਤਰ ਸੰਘ" ਦਾ ਐਲਾਨਨਾਮਾ ਵੰਡਿਆ ਸੀ। ਉਸ ਵਿਚ ਉਹਨਾਂ ਕਿਹਾ ਸੀ ਕਿ 'ਸਾਡੀ ਲੜਾਈ ਦੋ ਤਰਫਾ ਹੈ ; ਅੰਦਰੂਨੀ ਦੁਸ਼ਮਣ ਨਾਲ ਤੇ ਬਾਹਰੀ ਦੁਸ਼ਮਣ ਨਾਲ।'
ਗਾਂਧੀ ਨੂੰ ਉਹ ਇਨਕਲਾਬ ਦਾ ਅੰਦਰੂਨੀ ਦੁਸ਼ਮਣ ਮੰਨਦੇ ਸਨ। ਇਮਰਸਨ ਦੇ ਨਾਂ ਲਿਖੇ ਗਾਂਧੀ ਦੇ ਉਪਰੋਕਤ ਖ਼ਤ ਤੋਂ ਕੀ ਇਹ ਗੱਲ ਸਿੱਧ ਨਹੀਂ ਹੋ ਜਾਂਦੀ ?
ਜ਼ਰਾ ਸੋਚੋ, ਗਾਂਧੀ ਦੇ ਜਿਹੜੇ ਆਦਰਸ਼ਾਂ ਦੀ ਦੁਹਾਈ ਦਿੱਤੀ ਜਾ ਰਹੀ ਹੈ, ਉਹ ਆਦਰਸ਼ ਆਖ਼ਰ ਕੀ ਸਨ ? ਸਿੱਧੀ-ਸੱਚੀ ਗੱਲ ਇਹ ਹੈ ਕਿ ਗਾਂਧੀ ਪਰਿਵਾਰ ਰਾਜ-ਭਗਤ ਪਰਿਵਾਰ ਸੀ ਤੇ ਮੋਹਨਦਾਸ ਕਰਮਚੰਦ ਗਾਂਧੀ ਨੂੰ ਵੀ ਆਪਣੇ ਇਸ ਪਰਿਵਾਰ ਤੋਂ ਰਾਜ-ਭਗਤੀ, ਘੁੱਟੀ ਵਿਚ ਮਿਲੀ ਸੀ। ਬਰਤਾਨਵੀਂ ਸਰਕਾਰ ਦੇ ਪ੍ਰਤੀ ਉਸ ਦੀ ਵਫ਼ਾਦਾਰੀ ਆਖ਼ਰੀ ਦਮ ਤਕ ਰਹੀ। ਪਹਿਲਾਂ ਦੱਖਣੀ ਅਫ਼ਰੀਕਾ ਵਿਚ ਤੇ ਫੇਰ ਹਿੰਦੁਸਤਾਨ ਵਿਚ ਉਸ ਨੇ ਬਰਤਾਨਵੀਂ ਸਾਮਰਾਜ ਦੀ ਮਦਦ ਕਰਕੇ ਰਾਸ਼ਟਰ ਵਿਰੋਧੀ ਅਤੇ ਸ਼ਾਂਤੀ ਵਿਰੋਧੀ ਭੂਮਿਕਾ ਅਦਾ ਕੀਤੀ। ਦੇਸੀ ਬਿਦੇਸੀ ਸਵਾਰਥੀਆਂ ਦੇ ਝੂਠੇ ਪ੍ਰਚਾਰ ਨੇ ਉਸ ਨੂੰ 'ਪ੍ਰਮਾਤਮਾ' ਤੇ 'ਸ਼ਹੀਦ' ਬਣਾ ਕੇ ਇਤਿਹਾਸ ਦੇ ਇਸ ਸੱਚ ਨੂੰ ਛੁਪਾਇਆ।
ਗਾਂਧੀ ਦੀ ਇਸ ਰਾਸ਼ਟਰ ਵਿਰੋਧੀ ਤੇ ਇਨਕਲਾਬ ਵਿਰੋਧੀ ਭੂਮਿਕਾ ਦੇ ਕਾਰਣ ਹੀ ਦੇਸ ਦੀ ਵੰਡ ਹੋਈ। ਅੱਜ ਸਾਰੇ ਮਹਿਸੂਸ ਕਰ ਰਹੇ ਹਨ ਕਿ ਦੇਸ ਦੀ ਵੰਡ ਇਕ ਘਿਰਣਤ ਅਪਰਾਧ ਸੀ। ਨਥੂਰਾਮ ਗੌਡਸੇ ਨੇ ਵੰਡ ਤੋਂ ਪੰਜ ਸਾਢੇ ਪੰਜ ਮਹੀਨੇ ਬਾਅਦ 30 ਜਨਵਰੀ, 1948 ਨੂੰ ਬਿਰਲਾ ਭਵਨ ਵਿਚ ਗਾਂਧੀ ਦੀ ਹੱਤਿਆ ਕਰਕੇ ਉਸ ਨੂੰ ਇਸ ਅਪਰਾਧ ਦੀ ਸਜ਼ਾ ਦਿੱਤੀ ਤੇ ਫੇਰ ਅਦਾਲਤ ਵਿਚ ਦਲੇਰੀ ਨਾਲ ਕਿਹਾ, "ਮੈਂ ਨਹੀਂ ਚਾਹੁੰਦਾ ਸੀ ਕਿ ਉਹ ਵਿਅਕਤੀ ਸੁਭਾਵਿਕ ਮੌਤ ਮਰੇ, ਮੈਂ ਉਸ ਦੀ ਹੱਤਿਆ ਕਰਕੇ ਇਤਿਹਾਸ ਵਿਚ ਪ੍ਰਸ਼ਨ ਚਿੰਨ੍ਹ ਲਾਇਆ ਹੈ..."
ਗੌਡਸੇ ਨੇ ਜਾਨ 'ਤੇ ਖੇਡ ਕੇ ਇਤਿਹਾਸ ਵਿਚ ਪ੍ਰਸ਼ਨ ਚਿੰਨ੍ਹ ਲਾਇਆ ਤੇ ਅੰਗਰੇਜ਼ ਦੇ ਦਲਾਲ ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ ਕਰਕੇ ਹੱਸਦਾ ਹੱਸਦਾ ਫਾਂਸੀ ਚੜ੍ਹ ਗਿਆ। ਇਤਿਹਾਸ ਦਾ ਮੂੰਹ ਕਦੋਂ ਤੀਕ ਬੰਦ ਰੱਖਿਆ ਜਾ ਸਕਦਾ ਹੈ। ਆਖ਼ਰ ਉਹ ਬੋਲੇਗਾ ਤੇ ਜਦੋਂ ਉਹ ਬੋਲੇਗਾ, ਤਾਂ ਇਹੀ ਸਵਾਲ ਕਰੇਗਾ ਕਿ…' ਕੀ ਗਾਂਧੀ ਸ਼ਹੀਦ ਹੈ ?...'

No comments:

Post a Comment