Thursday, September 9, 2010

ਇਕ ਖ਼ਤ ਅਹਿਮਦਾਬਾਦ ਤੋਂ…:: ਲੇਖਕ : ਵਿਜੈ



ਹਿੰਦੀ ਕਹਾਣੀ :
ਇਕ ਖ਼ਤ ਅਹਿਮਦਾਬਾਦ ਤੋਂ...
ਲੇਖਕ : ਵਿਜੈ
ਅਨੁਵਾਦ : ਮਹਿੰਦਰ ਬੇਦੀ, ਜੈਤੋ


“ਖ਼ਤ ਆਇਆ ਏ ਅੰਮੀ,” ਨੀਲੋਫਰ ਦੀ ਆਵਾਜ਼ ਹੈ। “ਕਿਸਦਾ ਏ, ਜ਼ਰਾ ਦੇਖ ਤਾਂ?” ਰਬਿਯਾ ਰਸੋਈ 'ਚੋਂ ਈ ਪੁੱਛਦੀ ਹੈ। “ਆਯਸ਼ਾ ਖਾਲਾ (ਮਾਸੀ) ਦਾ ਅੰਮੀ, ਅਹਿਮਦਾਬਾਦ ਤੋਂ...।”
ਰਬਿਯਾ ਦੇ ਦੋਵੇਂ ਹੱਥ ਆਪ-ਮੁਹਾਰੇ ਉੱਪਰ ਵੱਲ ਉਠ ਜਾਂਦੇ ਨੇ, “ਅੱਲ੍ਹਾ ਖ਼ੈਰ ਕਰੇ। ਆਪਾ (ਵੱਡੀ ਭੈਣ) ਸਲਾਮਤ ਏ—ਮੇਰੀ ਫ਼ਿਕਰ ਮਿਟੀ,” ਰਸੋਈ 'ਚੋਂ ਬਾਹਰ ਆਉਂਦੀ ਰਬਿਯਾ ਬੜਬੜਾ ਰਹੀ ਹੈ, ਪਰ ਜਵਾਨ ਧੀ ਨੂੰ ਗੁੰਮਸੁੰਮ ਖਲੋਤੀ ਵੇਖ ਕੇ ਠਿਠਕ ਜਾਂਦੀ ਹੈ ਤੇ ਖ਼ਤ ਫੜ੍ਹ ਲੈਂਦੀ ਹੈ। ਖ਼ਤ ਉੱਪਰ ਲਫ਼ਜ਼ਾਂ ਦੇ ਨਾਲ ਨਾਲ ਧੱਬੇ ਹੀ ਧੱਬੇ ਸਨ। ਰਬਿਯਾ ਸਮਝ ਜਾਂਦੀ ਹੈ—ਰੋਂਦਿਆਂ ਹੋਇਆਂ ਲਿਖਿਆ ਹੋਏਗਾ, ਆਪਾ ਨੇ ਇਹ ਖ਼ਤ। ਦਿਲ ਦੀਆਂ ਸੱਤ ਪਰਤਾਂ ਹੇਠ, ਕੁਝ ਤਿੜਕ ਰਿਹਾ ਜਾਪਦਾ ਹੈ। ਖ਼ਤ ਦੇ ਲਫ਼ਜ਼ ਧੁੰਦਲੇ ਦਿਖਾਈ ਦੇਣ ਲੱਗ ਪੈਂਦੇ ਨੇ—ਖ਼ੁਦ ਆਪਣੀਆਂ ਅੱਖਾਂ ਜੋ ਸਿੱਜਲ ਹੋ ਗਈਆਂ ਨੇ। ਉਹਨਾਂ ਨੂੰ ਪੂੰਝ ਕੇ ਰਬਿਯਾ ਪੜ੍ਹਣ ਲੱਗ ਪੈਂਦੀ ਹੈ...'ਪਿਆਰੀ ਰਬਿਯਾ, ਦੁਆ! ਕਲੇਜਾ ਜਦੋਂ ਰਤਾ ਸਖ਼ਤ ਹੋਇਆ, ਤੈਨੂੰ ਖ਼ਤ ਲਿਖਣ ਦੀ ਹਿੰਮਤ ਕਰ ਸਕੀ। ਤੁਹਾਡੀ ਮਜ਼ਬੂਰੀ ਮੈਂ ਸਮਝ ਸਕਦੀ ਹਾਂ...ਇਸ ਬਲਦੇ ਹੋਏ ਜੰਗਲ ਵਿਚ ਸਾਨੂੰ ਟੋਲਣ ਆਉਂਦੇ ਤਾਂ ਤੁਸੀਂ ਵੀ ਨਹੀਂ ਸੀ ਬਚਣਾ...ਸਾਡੇ ਵਾਂਗ ਕਿਸੇ ਸੁਲੇਮਾਨ ਜਾਂ ਰਹਿਮਤ ਕੈਂਪ ਵਿਚ ਪਹੁੰਚ ਜਾਂਦੇ। ਹਾਲਾਤ ਤਾਂ ਟੀ.ਵੀ. ਉੱਤੇ ਦੇਖ ਹੀ ਲੈਂਦੀ ਹੋਏਂਗੀ—ਜੋ ਇਸ ਸ਼ਹਿਰ ਦੇ ਹਾਲ ਨੇ, ਉਹੀ ਸਾਡਾ ਹਾਲ ਹੈ। ਪਤਾ ਨਹੀਂ ਕਿਉਂ ਅੱਲ੍ਹਾ ਨੇ ਵੀ ਉਹਨਾਂ ਗਲੀਆਂ ਵਿਚੋਂ ਲੰਘਣਾ ਛੱਡ ਦਿੱਤਾ ਹੈ, ਜਿੱਥੇ ਸੜੇ ਹੋਏ ਮਕਾਨ, ਦੁਕਾਨਾਂ ਤੇ ਜਿਸਮ ਚੀਕ-ਚੀਕ ਕੇ ਉਸਨੂੰ ਪੁਕਾਰਦੇ ਰਹਿੰਦੇ ਨੇ—ਸ਼ਾਇਦ ਅੱਲ੍ਹਾ ਅਮਨ ਚੈਨ ਵਾਲੀਆਂ ਬਸਤੀਆਂ ਵਿਚ ਗਸ਼ਤ ਲਾਉਂਣ ਲੱਗ ਪਿਆ ਏ ਹੁਣ।
ਜਿਸ ਦਿਨ ਗੋਧਰਾ ਵਿਚ ਮੁਸਲਮਾਨਾਂ ਦੀ ਭੀੜ ਨੇ ਪੰਜਾਹ ਸੱਠ ਹਿੰਦੂ ਕਾਰ-ਸੇਵਕਾਂ ਨੂੰ ਰੇਲ ਦੇ ਡੱਬੇ ਵਿਚ ਹੀ ਭੁੰਨ ਸੁੱਟਿਆ ਸੀ, ਸਾਨੂੰ ਅਹਿਸਾਸ ਹੋ ਗਿਆ ਸੀ ਕਿ ਜਾਲਮਾਂ ਦਾ ਬਦਲਾ ਮਜਲੂਮਾਂ ਤੋਂ ਲਿਆ ਜਾਏਗਾ—ਪਰ ਬਦਲਾ ਏਨਾ ਖ਼ੌਫ਼ਨਾਕ ਹੋਏਗਾ, ਸੋਚਿਆ ਨਹੀਂ ਸੀ।
ਦੂਜੀ ਰਾਤ ਨੂੰ ਹੀ ਅਸੀਂ ਸ਼ਹਿਰ ਛੱਡ ਕੇ ਨਿਕਲ ਜਾਣਾ ਦਾ ਫ਼ੈਸਲਾ ਕਰ ਲਿਆ ਸੀ ਕਿ ਰਮੇਸ਼ਭਾਈ ਸ਼ਾਹ ਆ ਗਏ...'ਕਿਧਰੇ ਨਹੀਂ ਜਾਣਾ ਸ਼ਮਸ਼ ਭਾਈ! ਭੂਚਾਲ ਦੇ ਦਿਨਾਂ ਵਿਚ ਵੀ ਅਸਾਂ ਲੋਕਾਂ ਮਿਲ ਕੇ ਮੌਤ ਦਾ ਮੁਕਾਬਲਾ ਕੀਤਾ ਸੀ।'
ਖੁਸ਼ ਹੋ ਗਈ ਸੀ ਸਨੋਵਰ...'ਦੇਖਿਆ ਅੰਮੀ! ਇਹ ਗਾਂਧੀ ਦਾ ਸੂਬਾ ਏ, ਇੱਥੇ ਨਫ਼ਰਤ ਉੱਪਰ ਮੁਹੱਬਤ ਭਾਰੂ ਹੁੰਦੀ ਏ।' ਉਕੀਲ ਦੀ ਵੀ ਇਹੋ ਰਾਏ ਸੀ ਕਿ ਉਸਦੇ ਦੋਸਤ ਸਾਡੀ ਸਾਰਿਆਂ ਦੀ ਹਿਫ਼ਾਜਤ ਜੀ-ਜਾਨ ਨਾਲ ਕਰਨਗੇ। ਚੁੱਪ ਤੇ ਗੁੰਮਸੁੰਮ ਸਨ ਤਾਂ ਸਿਰਫ ਤੇਰੇ ਇਲਹਾ ਭਾਈ। ਦੋਵੇਂ ਬੱਚੇ ਜਦੋਂ ਜਰਾ ਬਾਹਰ ਗਏ ਤਾਂ ਮੈਨੂੰ ਕਹਿਣ ਲੱਗੇ, 'ਮਜ਼ਹਬ ਲੜਨਾ ਨਹੀਂ ਸਿਖਾਉਂਦਾ—ਪਰ ਜਦੋਂ ਮਜ਼ਹਬ ਦੀ ਕਮਾਨ ਗੁੰਡਿਆਂ ਦੇ ਹੱਥ ਹੋਵੇ ਤਾਂ ਇਨਸਾਨ, ਇਨਸਾਨ ਨਹੀਂ ਰਹਿੰਦਾ। ਉਕੀਲ, ਉਰਮਿਲਾ ਮਾਤੋਂਡਕਰ ਤੇ ਗੋਵਿੰਦਾ ਦਾ ਦੀਵਾਨਾ ਹੈ। ਏਸ ਪਸੰਦ ਤੇ ਨਾ-ਪਸੰਦ ਵਿਚਕਾਰ ਮਜ਼ਹਬ ਕਿੱਥੇ ਆਉਂਦੈ? ਇਕ ਮੁਰਦਾ ਮਸਜਿਦ ਨੂੰ ਤੋੜ ਕੇ ਕਿੰਨੇ ਹਿੰਦੂ ਗਾਜੀ ਬਣਨਾ ਚਾਹੁੰਦੇ ਨੇ? ਪਰ ਉਹ ਮੁਸਲਮਾਨ, ਉਹ ਹਿੰਦੂ...ਜਿਹੜੇ ਗੁੰਡਿਆਂ ਤੋਂ ਦੂਰ ਰਹਿਣਾ ਚਾਹੁੰਦੇ ਨੇ, ਉਹਨਾਂ ਦਾ ਵਜੂਦ ਗੁੰਡਿਆਂ ਸਾਹਵੇਂ ਕੀ ਰਹਿ ਜਾਂਦੈ?...ਇਸੇ ਲਈ ਤਾਂ ਲੜਾਈ, ਦੰਗਾ, ਝਗੜੇ ਤੇ ਸਾੜ-ਫੂਕ ਇਸ ਮੁਲਕ ਵਿਚ ਆਮ ਗੱਲ ਹੋ ਗਈ ਏ। ਇੱਥੋਂ ਜਿਹੜੇ ਮੁਸਲਮਾਨ ਪਾਕਿਸਤਾਨ ਗਏ, ਉਹਨਾਂ ਨੂੰ ਅੱਜ ਤੀਕ ਮੁਹਾਜਿਰ ਕਿਹਾ ਜਾਂਦੇ ਏ ਤੇ ਜਿਹੜੇ ਹਿੰਦੁਸਤਾਨ ਵਿਚ ਨੇ ਉਹਨਾਂ ਨੂੰ ਪਾਕਿਸਤਾਨੀ ਸਮਝਿਆ ਜਾਂਦਾ ਏ। ਸ਼ੱਕ ਦੀ ਉਂਗਲ ਉਹਨਾਂ ਵੱਲ ਹਮੇਸ਼ਾ ਸਿੰਨ੍ਹੀ ਰਹਿੰਦੀ ਏ। ਇਹ ਗੋਰੀ ਕੌਮ ਜਿਸਨੇ ਹਿੰਦੁਸਤਾਨ ਨੂੰ ਤੋੜਿਆ ਸੀ...ਇਸੇ ਕੌਮ ਨੇ ਅਫ਼ਗਾਨਿਸਤ 'ਚੋਂ ਨਜੀਬ ਦੀ ਹਕੂਮਤ ਮਿਟਾਉਣ ਖਾਤਰ ਤਾਲਿਬਾਨ ਪੈਦਾ ਕੀਤੇ ਸੀ। ਹੁਣ ਇਹੀ ਕੌਮ ਤਾਲਿਬਾਨਾਂ ਦੇ ਨਾਂਅ 'ਤੇ ਪੂਰੀ ਦੁਨੀਆਂ ਸਾਹਵੇਂ ਮੁਸਲਮਾਨਾਂ ਨੂੰ ਟੈਰਰਿਸਟ ਦੇ ਰੂਪ ਵਿਚ ਪਰਚਾਰ ਰਹੀ ਏ—ਹਰੇਕ ਮੁਸਲਮਾਨ ਵਿਚ ਉਹਨਾਂ ਨੂੰ ਲਾਦੇਨ ਦਿਖਾਈ ਦੇਂਦਾ ਏ। ਜੋ ਖ਼ੁਦ ਦੇਖਦੇ ਨੇ, ਉਹੀ ਹੋਰਾਂ ਨੂੰ ਦਿਖਾਉਣਾ ਚਾਹੁੰਦੇ ਨੇ। ਸਕੇ ਬਣ ਕੇ ਖ਼ੈਰਾਤ (ਭੀਖ) ਦੇ ਬਹਾਨੇ ਆਪਣਾ ਬਾਜ਼ਾਰ ਠੋਸਣਾ ਚਾਹੁੰਦੇ ਨੇ। ਉਹਨਾਂ ਦਾ ਬਾਜ਼ਾਰ ਸੰਭਾਲੋ ਜਾਂ ਗਾਰਤ (ਤਬਾਹ) ਹੋ ਜਾਓ।' ਉਦੋਂ ਹੀ ਬੱਚੇ ਅੰਦਰ ਆ ਗਏ।
'ਜੀ ਅੱਬਾ, ਇਹਨਾਂ ਦੇ ਦਿੱਤੇ ਹਥਿਆਰ ਲੈ ਕੇ ਹੀ ਅਫ਼ਗਾਨੀ ਮਰਸਨਰੀ ਕਸ਼ਮੀਰ 'ਚ ਘੁਸਦੇ ਸੀ। ਇਹਨਾਂ ਕਰਕੇ ਈ ਹਿੰਦੂਆਂ ਨੂੰ ਕਸ਼ਮੀਰ ਛੱਡਣਾ ਪਿਆ ਈ ਤੇ ਹੁਣ ਉੱਥੋਂ ਦੇ ਮੁਸਲਮਾਨਾਂ ਦੀ ਜ਼ਿੰਦਗੀ ਗਾਰਤ ਹੋਈ ਹੋਈ ਏ।' ਸਨੋਵਰ ਨੇ ਕਿਹਾ ਸੀ।
'ਪਰ ਇੱਥੇ ਤਾਂ ਹਾਲ ਇਹ ਈ ਕਿ ਪੁਲਿਸ ਨਾਲ ਰਲ ਕੇ ਨਾਰਕੋਟਿਕਸ ਵੇਚਦਾ ਹਿੰਦੂ ਤਾਂ ਦੇਸ਼ ਭਗਤ ਏ ਤੇ ਅਮਨ ਪਸੰਦ ਮੁਸਲਮਾਨ ਸ਼ੱਕੀ...ਹਰ ਵੇਲੇ ਸ਼ੱਕ ਦੇ ਨਿਸ਼ਾਨੇ ਉੱਤੇ। ਪਰ ਗੋਧਰਾ ਦੇ ਮੁਸਲਮਾਨ ਕਿਉਂ ਪਾਗਲ ਹੋ ਗਏ? ਇਸ ਸਮੇਂ ਸਾਨੂੰ ਬਹਿਸ ਛੱਡ ਕੇ ਹਿਫਾਜਤ ਬਾਰੇ ਸੋਚਣਾ ਚਾਹੀਦਾ ਏ।'
ਹਿਫਾਜਤ! ਕੌਣ ਕਰੇਗਾ? ਕੀ ਇਹ ਗਸ਼ਤ ਲਾਉਂਦੀ ਹੋਈ ਪੁਲਿਸ ਕਿਸੇ ਦੀ ਹਿਫਾਜਤ ਕਰੇਗੀ? ਉਹ ਨਸਲਾਂ ਜਿਹਨਾਂ ਦੀ ਹਿਫਾਜਤ ਕਰਨ ਵਾਲੀ ਤਾਕਤ ਤੇ ਇਨਸਾਫ ਕਰਨ ਵਾਲੀਆਂ ਸੰਸਥਾਵਾਂ ਈ ਬੇਈਮਾਨ ਹੋ ਜਾਣ, ਉਸ ਮੁਲਕ ਨੂੰ ਅੰਦਰੇ-ਅੰਦਰ ਘੁਣ ਖਾ ਜਾਂਦੀ ਏ। ਪੁਲਿਸ ਤੇ ਡਕੈਤਾਂ ਦੀ ਬੰਦੂਕ ਦੀ ਗੋਲੀ ਵਿਚ—ਕੋਈ ਇਨਸਾਫ ਪਸੰਦ ਨਾਗਰਿਕ ਫ਼ਰਕ ਨਹੀਂ ਕੱਢ ਸਕਦਾ। ਇੱਥੇ ਕੋਈ ਵੀ ਘਰ ਕਿਸੇ ਵੀ ਸਮੇਂ ਗੈਸ ਚੈਂਬਰ ਬਣ ਸਕਦਾ ਏ। ਸੁਰੱਖਿਅਤ ਨੇ ਤਾਂ ਗੁੰਡੇ—ਸਿਰਫ ਹਿੰਦੂ ਗੁੰਡੇ ਤੇ ਮੁਸਲਮਾਨ ਗੁੰਡੇ।' ਉਕੀਲ ਜਿਹੜਾ ਹਮੇਸ਼ਾ ਕ੍ਰਿਕੇਟ ਤੇ ਫ਼ਿਲਮਾਂ ਦੀਆਂ ਗੱਲਾਂ ਕਰਦਾ ਸੀ, ਅੱਜ ਬੜਾ ਸੰਜੀਦਾ ਲੱਗ ਰਿਹਾ ਸੀ।
'ਖ਼ੁਦਾ ਖ਼ੈਰ ਕਰੇ,' ਮੇਰੇ ਮੂੰਹੋਂ ਨਿਕਲਿਆ ਸੀ।
ਕੀ ਅਸੀਂ ਰਮੇਸ਼ ਭਾਈ ਸ਼ਾਹ ਹੁਰਾਂ ਉੱਤੇ ਯਕੀਨ ਕਰ ਸਕਦੇ ਆਂ?' ਸਨੋਵਰ ਨੇ ਪੁੱਛਿਆ।
'ਉਹਨਾਂ ਉੱਤੇ ਯਕੀਨ ਨਾ ਕਰਨ ਵਾਲੀ ਕੋਈ ਗੱਲ ਨਹੀਂ...ਪਰ ਜਦੋਂ ਹਮਲਾਵਰ ਹੀ ਬਾਹਰਲੇ ਹੋਣ ਤਾਂ ਉਹ ਵੀ ਲਾਚਾਰ ਹੋ ਜਾਂਦੇ ਨੇ...ਆਪਣੀ ਜਾਨ ਬਚਾਉਣੀ ਵੀ ਉਹਨਾਂ ਲਈ ਮੁਸ਼ਕਲ ਹੋ ਜਾਂਦਾ ਏ।'
'ਫੇਰ?' ਉਕੀਲ ਨੇ ਪੁੱਛਿਆ ਸੀ।
ਓਦੋਂ ਹੀ ਬਾਹਰ ਕੁਝ ਓਪਰੇ ਪਰਛਾਵਿਆਂ ਦੀ ਹਿੱਲਜੁਲ ਹੁੰਦੀ ਮਹਿਸੂਸ ਹੋਈ। ਉਕੀਲ ਨੇ ਛੱਤ ਉੱਪਰ ਜਾ ਕੇ ਦੇਖਿਆ ਤੇ ਕਿਹਾ, 'ਅਲਤਾਫ ਭਾਈ ਨੇ।' ਉਹ ਅੰਦਰ ਆਏ, 'ਘਬਰਾਉਣਾ ਨਹੀਂ...। ਮਸਜਿਦ ਵਿਚ ਸਾਡੇ ਨੌਜਵਾਨ ਅਸਲੇ ਸਮੇਤ ਤਿਆਰ ਬੈਠੇ ਨੇ। ਕੱਲ੍ਹ ਕਾਸਿਮ ਮੀਆਂ ਆਉਣਗੇ। ਉਹਨਾਂ ਨੂੰ ਤੁਸੀਂ ਹੋਰ ਅਸਲਾ ਖਰੀਦਨ ਲਈ ਦਸ ਹਜ਼ਾਰ ਰੁਪਏ ਦੇ ਦੇਣਾ।'
ਅਲਤਾਫ ਭਾਈ ਜਿਵੇਂ ਆਏ ਸਨ, ਓਵੇਂ ਹੀ ਪਰਤ ਗਏ। ਤੜਫ ਉਠੇ ਸਨ, ਉਕੀਲ ਦੇ ਅੱਬਾ...'ਹੁਣ ਸਾਨੂੰ ਗੁੰਡਿਆਂ ਦੀ ਨੁਮਾਇੰਦਗੀ ਕਬੂਲ ਕਰਨੀ ਪਏਗੀ, ਜਾਨ ਬਚਾਉਣ ਖਾਤਰ।' ਕਾਫੀ ਦੇਰ ਤਕ ਹੱਥ ਮਲਦੇ ਹੋਏ ਕਮਰੇ ਵਿਚ ਏਧਰ-ਉਧਰ ਭੌਂਦੇ ਰਹੇ ਸਨ। ਉਕੀਲ ਛੱਤ ਉੱਪਰ ਕੁਰਸੀ ਡਾਹ ਕੇ ਬੈਠ ਗਿਆ ਸੀ। ਸਨੋਵਰ ਸਹੇਲੀਆਂ ਨੂੰ ਫ਼ੋਨ ਮਿਲਾਉਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਸਭ ਜਗ੍ਹਾ ਜਵਾਬ ਸੀ...'ਘਰੇ ਨਹੀਂ ਹੈਨ।' ਰਾਤੀਂ ਇਕ ਵਜੇ ਉਕੀਲ ਘਬਰਾਇਆ ਹੋਇਆ ਹੇਠਾਂ ਆਇਆ...'ਹਰ ਘਰ ਨੂੰ ਅੱਗ ਲਾਈ ਜਾ ਰਹੀ ਏ। ਪਿਛਲੇ ਦਰਵਾਜ਼ੇ ਥਾਈਂ ਬਾਹਰ ਨਿਕਲ ਚੱਲੋ।'
ਮੈਂ ਜੇਵਰਾਂ ਵਾਲਾ ਡੱਬਾ ਦੁਪੱਟੇ ਵਿਚ ਲਪੇਟਿਆ। ਸਨੋਵਰ ਤੇ ਉਕੀਲ ਨੇ ਛੁਰੀ ਤੇ ਡੰਡਾ ਚੁੱਕ ਲਏ। ਉਕੀਲ ਦੇ ਅੱਬਾ ਨੇ ਜੇਬ ਵਿਚ ਨੋਟ ਤੁੰਨੇ। ਇਕ ਆਹ ਉਹਨਾਂ ਦੇ ਮੂੰਹੋਂ ਨਿਕਲੀ...'ਦੁਕਾਨ ਵੀ ਸਾੜ ਦਿੱਤੀ ਹੋਏਗੀ—ਗੀਤਾ, ਕੁਰਾਨ ਤੇ ਬਾਈਬਲ ਵੀ ਹੋਰਨਾਂ ਕਿਤਾਬਾਂ ਨਾਲ ਸੜ ਰਹੀਆਂ ਹੋਣਗੀਆਂ।'
ਬਾਹਰ ਭੀੜ ਲੜ ਰਹੀ ਸੀ...ਛੁਰੇ, ਤਲਵਾਰਾਂ, ਪੈਟ੍ਰੋਲ-ਬੰਬ, ਤ੍ਰਿਸ਼ੂਲ ਤੇ ਪਸਤੌਲ ਚੱਲ ਰਹੇ ਸਨ। ਅਸੀਂ ਵਿੱਛੜ ਗਏ। ਅੰਨ੍ਹੇ ਵਾਹ ਜੋ ਭੱਜੇ ਸਾਂ। ਕੌਣ ਕਿੱਧਰ ਗਿਆ, ਪਤਾ ਹੀ ਨਹੀਂ ਸੀ ਲੱਗਿਆ। ਡਿੱਗ ਕੇ ਮੈਂ ਬੇਹੋਸ਼ ਹੋ ਗਈ। ਹੋਸ਼ ਆਇਆ ਤਾਂ ਖ਼ੁਦ ਨੂੰ ਇਕ ਘਰ ਅੰਦਰ ਵੇਖਿਆ—ਡਰ ਗਈ ਕਿ ਕਿਧਰੇ ਮੈਨੂੰ ਗਾਰਤ ਕਰਨ ਲਈ ਤਾਂ ਨਹੀਂ ਲਿਆਂਦਾ ਗਿਆ, ਪਰ ਕੁਝ ਚਿਰ ਵਿਚ ਹੀ ਮੇਰਾ ਡਰ ਮਿਟ ਗਿਆ, ਜਦੋਂ ਇਕ ਔਰਤ ਚਾਹ ਲੈ ਕੇ ਅੰਦਰ ਆਈ। ਮੈਂ ਦੇਖਿਆ ਕਿ ਮੈਂ ਇਕ ਹਿੰਦੂ ਦੇ ਘਰ ਵਿਚ ਹਾਂ...ਪਰ ਉਕੀਲ, ਸਨੋਵਰ ਤੇ ਉਹਨਾਂ ਦੇ ਅੱਬੂ!...ਕਮਰੇ ਵਿਚ ਆਏ ਮਰਦ ਨੇ ਤਸੱਲੀ ਦਿੱਤੀ, 'ਘਬਰਾਓ ਨਾ ਭੈਣਾ। ਫਸਾਦ ਛੇਤੀ ਖ਼ਤਮ ਹੋ ਜਾਏਗਾ। ਸਾਰੇ ਮਿਲ ਜਾਣਗੇ।'
ਪਰ ਛੇਤੀ ਹੀ ਉਹਨਾਂ ਨੂੰ ਫ਼ੋਨ ਦੇ ਜ਼ਰੀਏ ਮੈਨੂੰ ਪੁਲਿਸ ਰਾਹੀਂ ਰਿਲੀਫ਼ ਕੈਂਪ ਭੇਜਣਾ ਪਿਆ—ਕਿਉਂਕਿ ਫਸਾਦੀ ਰੋਜ਼ ਰਾਤ ਨੂੰ ਗਲੀਆਂ ਵਿਚ ਲਲਕਰੇ ਮਾਰਦੇ ਘੁੰਮਦੇ ਸਨ। ਉਹਨਾਂ ਨੂੰ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਰਿਲੀਫ਼ ਕੈਂਪ ਵਿਚ ਉਕੀਲ ਨੂੰ ਵੇਖ ਕੇ ਮੇਰੀ ਰੂਹ ਹਰੀ ਹੋ ਗਈ। ਮੈਂ ਪੁੱਛਿਆ, 'ਤੇਰੇ ਅੱਬੂ ਤੇ ਸਨੋਵਰ?'
ਪਰ ਉਕੀਲ ਦੱਸ ਰਿਹਾ ਸੀ, 'ਸਾਡਾ ਘਰ ਸੜ ਗਿਐ। ਆਸ-ਪਾਸ ਦੇ ਅੱਠ ਘਰਾਂ ਦੇ ਲੋਕ ਬਾਹਰ ਨਹੀਂ ਨਿਕਲ ਸਕੇ। ਉਹਨਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮੈਂ ਖ਼ੁਦ ਵੇਖ ਕੇ ਆ ਰਿਹਾਂ। ਮੈਂ ਖੁਰਸ਼ੀਦ ਦਾ ਸੜਿਆ ਹੋਇਆ ਮੂੰਹ ਵੇਖਿਐ ਤੇ ਹਲੀਮ ਨੂੰ ਤਾਂ ਅੱਗ ਨੇ ਗੋਸ਼ਤ ਵਾਂਗ ਭੁੰਨ ਛੱਡਿਆ ਸੀ।'
ਮੈਂ ਰੋ ਪਈ, 'ਮੈਂ ਤੇਰੇ ਅੱਬੂ ਤੇ ਸਨੋਵਰ ਬਾਰੇ ਪੁੱਛ ਰਹੀ ਆਂ?'
'ਬੜਾ ਚੀਕੇ ਸੀ ਅੱਬੂ, 'ਮੈ ਬੇਗੁਨਾਹ ਵਾਂ! ਮੈਂ ਥੁੱਕਦਾ ਵਾਂ ਗੋਧਰਾ ਦੇ ਜਲੀਲ ਕਮੀਨਿਆਂ ਉੱਤੇ।' ਪਰ...'
'ਪਰ ਕੀ? ਬੋਲ ਵੀ...'
ਮੈਂ ਦੁਕਾਨ ਦੇ ਫੱਟੇ ਹੇਠ ਨਾਲੀ ਵਿਚ ਪਿਆ ਉਹਨਾਂ ਦੀਆਂ ਚੀਕਾਂ ਸੁਣਦਾ ਰਿਹਾ। ਖ਼ਾਮੋਸ਼ੀ ਛਾ ਜਾਣ ਪਿੱਛੋਂ ਬਾਹਰ ਨਿਕਲਿਆ ਤਾਂ ਉੱਥੇ ਅੱਬੂ ਦਾ ਲਹੂ ਸੀ—ਪਰ ਲਾਸ਼ ਨਹੀਂ ਸੀ। ਸ਼ਾਇਦ ਕਿਸੇ ਸੜਦੇ ਮਕਾਨ ਜਾਂ ਦੁਕਾਨ ਵਿਚ ਸੜਨ ਲਈ ਸੁੱਟ ਦਿੱਤੀ ਗਈ ਹੋਵੇਗੀ।'
ਮੈਂ ਸਿਲ-ਪੱਥਰ ਹੋ ਗਈ। ਮੂੰਹੋਂ ਏਨਾ ਹੀ ਨਿਕਲਿਆ, 'ਤੇ ਸਨੋਵਰ?'
ਜ਼ਹਿਰੀਲੀ ਹੋ ਗਈ ਸੀ ਉਕੀਲ ਦੀ ਆਵਾਜ਼, ਇਸੇ ਕੈਂਪ ਵਿਚ ਮੂੰਹ ਲੁਕਾਈ ਪਈ ਏ।' ਬੇਹੋਸ਼ ਹੁੰਦਿਆਂ-ਹੁੰਦਿਆਂ ਮੇਰੇ ਦਿਮਾਗ਼ ਵਿਚ ਇਕਬਾਲ ਦੀ ਨਜ਼ਮ—'ਸਾਰੇ ਜਹਾਂ ਸੇ ਅੱਛਾ, ਹਿੰਦੁਸਤਾਨ ਹਮਾਰਾ' ਜਿਹੜੀ ਉਕੀਲ ਦੇ ਅੱਬੂ ਅਕਸਰ ਗਾਉਂਦੇ ਹੁੰਦੇ ਸੀ—ਕੁਰਲਾਉਣ ਲੱਗ ਪਈ। ਉਹਨਾਂ ਦਾ ਇਹ ਕਹਿਣਾ ਕਿ ਕਦੀ ਹਕੂਮਤਾਂ ਲਈ ਲੜਦੇ ਹੁੰਦੇ ਸਨ ਹਿੰਦੂ-ਮੁਸਲਮਾਨ—ਪਰ ਹੁਣ ਡੈਮੋਕਰੇਸੀ ਏ, ਚੋਣਾ ਹੈਨ—ਸਭ ਕੁਝ ਮੇਰੇ ਦਿਮਾਗ਼ ਵਿਚੋਂ ਬਾਹਰ ਨਿਕਲ ਗਿਆ ਸੀ—ਸਿਰ ਉਸਦੀ ਗੋਦੀ ਵਿਚ ਸੀ।
ਹੋਸ਼ ਆਇਆ ਤਾਂ ਸਨੋਵਰ ਨੂੰ ਆਪਣੇ ਨਾਲ ਘੁੱਟ ਲਿਆ, 'ਦੋਜਖ਼ 'ਚ ਸੜਣ ਉਹਨਾਂ ਦੇ ਖ਼ਾਨਦਾਨ, ਜਿਹਨਾਂ ਮੇਰੀ ਬੱਚੀ ਨੂੰ ਗਾਰਤ (ਤਬਾਹ) ਕੀਤੈ।'
ਹੈਰਾਨ ਹੋ ਗਈ ਸਾਂ ਜਦੋਂ ਸਨੋਵਰ ਨੂੰ ਕਹਿੰਦਿਆਂ ਸੁਣਿਆ, 'ਅੰਮੀ ਮੈਨੂੰ ਕਿਸੇ ਹਿੰਦੂ ਨੇ ਗਾਰਤ ਨਹੀਂ ਕੀਤਾ। ਜਿਸਨੇ ਮੈਨੂੰ ਗਾਰਤ ਕੀਤੈ ਉਹ ਆਦਮੀ ਨਹੀਂ ਦਰਿੰਦਾ ਸੀ। ਹਰ ਕੌਮ ਵਿਚ ਦਰਿੰਦੇ ਭਰੇ ਪਏ ਨੇ¸ਔਰਤ ਇਸ ਸਿਲਸਿਲੇ ਦੀ ਪੁਰਾਣੀ ਕੜੀ ਏ। ਖ਼ੁਦ ਉਹ ਜਿਹੜਾ ਨੇਕ ਲੋਕਾਂ ਨੂੰ ਬਚਾਉਂਦਾ ਏ, ਕਿਉਂ ਨਹੀਂ ਆਇਆ ਮੈਨੂੰ ਬਚਾਉਣ ਖਾਤਰ? ਤੇ ਪੁਲਿਸ ਵਾਲੇ, ਜਿਹਨਾਂ ਉੱਤੇ ਮੁਲਕ ਦਾ ਬੇਤਹਾਸ਼ਾ ਪੈਸਾ ਖਰਚ ਹੁੰਦਾ ਏ—ਕੀ ਗੁਨਾਹ ਰੋਕਣਾ ਉਹਨਾਂ ਦਾ ਫਰਜ਼ ਨਹੀਂ ਰਿਹਾ ਹੁਣ? ਅਸੀਂ ਵੀ ਕਦ ਅਜਿਹੀ ਸੁਰੱਖਿਆ ਦੇ ਖ਼ਿਲਾਫ਼ ਆਵਾਜ਼ ਉਠਾਈ ਏ? ਤੇ ਇਹ ਨੇਤਾ ਜਿਹੜੇ ਸਾਡੇ ਲਈ ਪਾਰਲੀਮੈਂਟ ਸਿਰ 'ਤੇ ਚੁੱਕੀ ਰੱਖਦੇ ਨੇ, ਕੀ ਸਾਡੇ ਮਦਦਗਾਰ ਨੇ? ਇਹ ਸਾਰੇ ਆਉਣ ਵਾਲੀਆਂ ਚੋਣਾ ਉੱਤੇ ਅੱਖ ਰੱਖਦੇ ਨੇ, ਵਰਨਾ ਕਿਉਂ ਨਹੀਂ ਅਹਿਮਦਾਬਾਦ ਦੀ ਗਲੀ-ਗਲੀ ਵਿਚ ਖੜ੍ਹੇ ਦਿਖਾਈ ਦੇਂਦੇ? ਤੇ ਇਹ ਹਿਊਮਨ ਰਾਈਟਸ ਦੇ ਰਾਖੇ, ਬਿਆਨ ਤਾਂ ਦੇਂਦੇ ਰਹਿੰਦੇ ਨੇ, ਪਰ ਗਲੀਆਂ ਵਿਚ ਆ ਕੇ ਇਨਸਾਨਾਂ ਦੀਆਂ ਚੀਕਾਂ ਨਹੀਂ ਸੁਣਦੇ—ਕਿਉਂ? ਤੇ ਕਿਓਂ, ਅਸੀਂ ਵੀ ਉਹਨਾਂ ਨੂੰ ਇਹ ਸਵਾਲ ਨਹੀਂ ਪੁੱਛਦੇ? ਇਹ ਸਭ ਨੇਤਾ ਤੇ ਹਿਊਮਨ ਰਾਈਟਸ ਵਾਲੇ ਵੀ ਪੁਲਿਸ ਵਲਿਆਂ ਵਰਗੇ ਈ ਨੇ—ਜਿਹੜੇ ਸਭ ਕੁਝ ਵਾਪਰ ਜਾਣ ਪਿੱਛੋਂ ਸਿਰਫ ਆਂਕੜੇ ਜੋੜ ਕੇ ਲਾਸ਼ਾਂ ਬਾਰੇ ਬੋਲਦੇ...। ਜਾਣਦੇ ਓ ਕਿਓਂ ਇਕ ਗਾਂਧੀ ਪਿੱਛੋਂ ਦੂਜਾ ਗਾਂਧੀ ਇਸ ਮੁਲਕ ਵਿਚ ਪੈਦਾ ਨਹੀਂ ਹੋਇਆ? ਕਿਉਂਕਿ ਹਰ ਸਿਆਸੀ ਪਾਰਟੀ ਵਿਚ ਤੇ ਹਰੇਕ ਮਹਿਕਮੇਂ ਵਿਚ ਹੁਣ ਗੋਡਸੇ ਹੀ ਗੋਡਸੇ ਨੇ।'
'ਇਸ ਤੋਂ ਚੰਗਾ ਸੀ, ਅਸੀਂ ਵੀ ਪਾਕਿਸਤਾਨ ਚਲੇ ਗਏ ਹੁੰਦੇ।' ਮੇਰੇ ਮੂੰਹੋਂ ਨਿਕਲਿਆ।
ਓਥੇ ਅਸੀਂ ਮੁਹਾਜਿਰ ਹੁੰਦੇ—ਸਾਡਾ ਮੁਸਲਮਾਨ ਹੋਣਾ ਵੀ ਸ਼ੱਕੀ ਹੋ ਜਾਂਦਾ।'
'ਫੇਰ ਅਸੀਂ ਕਿੱਥੇ ਜਾਈਏ ਸਨੋਵਰ?'
'ਅਸੀਂ ਜਿੱਥੇ ਆਂ, ਉਸੇ ਜ਼ਮੀਨ ਨੂੰ ਇਨਸਾਨਾਂ ਦੇ ਰਹਿਣ ਲਾਇਕ ਬਣਾਈਏ ਅੰਮੀ!'
'ਤੂੰ ਪਾਗਲ ਏਂ ਸਨੋਵਰ! ਮੈਂ ਹੁਣ ਐਮ.ਬੀ.ਏ. ਨਹੀਂ ਕਰਾਂਗਾ। ਇਸਲਾਮੀ ਨੌਜਵਾਨਾਂ ਨਾਲ ਰਲ ਕੇ ਛਾਪਾਮਾਰ ਟੋਲੀ ਬਣਾਵਾਂਗਾ।' ਉਕੀਲ ਕੜਕਿਆ।
'ਜੀ ਹਾਂ! ਤੁਸੀਂ ਕਿਤੇ ਇਕ ਹੋਰ ਗੋਧਰਾ ਬਣਾਓਗੇ ਤੇ ਹਿੰਦੁਸਤਾਨ ਦਾ ਕੋਈ ਹੋਰ ਸ਼ਹਿਰ ਇਕ ਨਵਾਂ ਅਹਿਮਦਾਬਾਦ ਬਣ ਜਾਏਗਾ।'
ਖ਼ਾਮੋਸ਼ ਕੈਂਪ ਅਚਾਨਕ ਚੀਕਾਂ ਨਾਲ ਭਰ ਗਿਆ ਸੀ...'ਇਸ ਮਾਸੂਮ ਦੇ ਕਮਾਊ ਪਿਓ ਨੂੰ ਮਾਰ ਸੁੱਟਿਆ। ਦੱਸੋ ਮੈਂ ਕਿੰਜ ਪਾਲਾਂਗੀ ਇਹਨੂੰ...? ਮੇਰੇ ਪੰਜੇ ਜਵਾਨ ਪੁੱਤਰ ਤੇ ਨੂੰਹਾਂ ਨੂੰ ਕਤਲ ਕਰ ਦਿੱਤਾ ਗਿਐ, ਹਾਏ ਓਇ, ਮੇਰਾ ਸਿਰ ਵੀ ਤਲਵਾਰ ਨਾਲ ਵੱਢ ਦਿਓ, ਕੋਈ।'
...ਚੀਕਾਂ ਗੂੰਜ ਰਹੀਆਂ ਸਨ। ਕੋਈ ਨੇਤਾ ਸਰਕਾਰੀ ਲਾਮ-ਲਸ਼ਕਰ ਸਮੇਤ ਕੈਂਪ ਵਿਚ ਪਧਾਰਿਆ ਸੀ। ਇਸ ਜੁੰਡਲੀ ਵਿਚ ਔਰਤਾਂ ਵੀ ਸਨ। ਇਕ ਸਰਕਾਰੀ ਅਫ਼ਸਰ ਸਾਹਵੇਂ ਤਣ ਕੇ ਖੜ੍ਹੀ ਹੋ ਗਈ ਸਨੋਵਰ, 'ਅਮਨ ਰੱਖਣ ਤੇ ਸ਼ਹਿਰ ਦੀ ਤਰੱਕੀ ਲਈ ਸਰਕਾਰ ਨੇ ਰੱਖਿਆ ਏ ਨਾ ਤੁਹਾਨੂੰ? ਕੀ ਕੀਤਾ ਈ ਤੁਸਾਂ? ਇਸ ਕਤਲੇਆਮ ਦੇ ਤੁਸੀਂ ਲੋਕ ਹੀ ਜ਼ਿੰਮੇਵਾਰ ਓ।'
'ਅਸੀਂ ਮੁਆਵਜ਼ੇ ਦੀ ਸਿਫ਼ਾਰਿਸ਼ ਕਰ ਰਹੇ ਆਂ।'
ਦਿਓ ਮੇਰੀ ਲੁੱਟੀ ਗਈ ਇੱਜ਼ਤ ਦਾ ਮੁਆਵਜ਼ਾ। ਲੈ ਆਓ ਆਪਣੀਆਂ ਧੀਆਂ-ਭੈਣਾ ਨੂੰ, ਲੁਟਵਾਓ ਓਹਨਾਂ ਦੀ ਇੱਜਤ। ਗ਼ੈਰ-ਜ਼ਿੰਮੇਵਾਰੀ ਤੁਹਾਡੀ ਤੇ ਖਾਲੀ ਕਰਨ ਲਈ ਸਰਕਾਰੀ ਖਜ਼ਾਨਾ। ਤੁਸੀਂ ਵਿਕੇ ਹੋਏ ਓ, ਸਰਬ-ਰਾਸ਼ਟਰ ਦੇ ਵਪਾਰੀਆਂ ਦੇ ਹੱਥ। ਇਹਨਾਂ ਨੂੰ ਸਾਡੀ ਜ਼ਮੀਨ ਤੇ ਮਕਾਨ ਚਾਹੀਦੇ ਸੀ। ਤੁਹਾਡੀਆਂ ਜੇਬਾਂ ਭਰੀਆਂ। ਸਾਡੀਆਂ ਇੱਜ਼ਤਾਂ ਲੁੱਟੀਆਂ ਤੇ ਸੈਕੜੇ ਕਤਲ ਹੋਏ। ਕਿਉਂ ਨਾ ਸਰਕਾਰੀ ਅਫ਼ਸਰਾਂ ਤੇ ਪੁਲਿਸ ਵਾਲਿਆਂ ਦੀ ਜ਼ਮੀਨ ਜਾਇਦਾਦ 'ਚੋਂ ਤੇ ਉਹਨਾਂ ਦੀਆਂ ਖਾਤਿਆਂ 'ਚੋਂ ਮੁਆਵਜ਼ਾ ਦਿੱਤਾ ਜਾਏ?' ਸਨੋਵਰ ਅੜੀ ਖੜ੍ਹੀ ਸੀ। ਸਮਾਜ ਸੇਵਕਾਂ ਦੇ ਸਿਰ ਝੁਕੇ ਹੋਏ ਸਨ। ਨਕਲੀ ਜਿਹਾ ਹਾਸਾ ਹੱਸਿਆ ਸੀ ਫਿਤਰੀ ਨੇਤਾ ਨੇ, 'ਗੁੱਸੇ ਵਿਚ ਐ ਬੱਚੀ। ਗੁੱਸਾ ਵਾਜਵ ਐ।'
ਮੈਂ ਜਾਣਦੀ ਸੀ ਇਹ ਸਾਰੇ ਗੁਨਾਹਾਂ ਦੇ ਬੁੱਤ ਨੇ, ਇਹਨਾਂ ਨਾਲ ਸਿਰ ਭੰਨਣ ਨਾਲ ਕੁਝ ਨਹੀਂ ਹੋਣਾ ਇਸ ਲਈ ਆਵਾਜ਼ ਮਾਰੀ, 'ਸਨੋਵਰ!'
ਨੇਤਾ ਅੱਗੇ ਤੁਰ ਪਿਆ। ਪਿੱਛੇ ਪਿੱਛੇ ਫਰਿਆਦੀਆਂ ਦੀ ਭੀੜ ਸੀ ਜਿਸਨੂੰ ਸਰਕਾਰੀ ਅਮਲਾ ਮੁਸ਼ਤੈਦੀ ਨਾਲ ਪਛਾੜ ਰਿਹਾ ਸੀ।
ਸਨੋਵਰ ਪਰਤ ਆਈ। ਮੈਂ ਕਿਹਾ, 'ਕਿਉਂ ਇਹਨਾਂ ਦੇ ਮੂੰਹ ਲੱਗਦੀ ਏਂ!'
ਸਨੋਵਰ ਫੇਰ ਤਣ ਗਈ, 'ਮੈਂ ਇਹਨਾਂ ਦਾ ਮੁਗਾਲਤਾ (ਭਰਮ) ਤੋੜਿਆ ਏ ਅੰਮੀ ਕਿ ਅਸੀਂ ਵੀ ਅਸਲੀ ਗੁਨਾਹਗਾਰਾਂ ਨੂੰ ਪਛਾਣਦੇ ਆਂ। ਮੇਰੀ ਆਵਾਜ਼ ਕੱਲ੍ਹ ਹਜ਼ਾਰਾਂ-ਲੱਖਾਂ ਦੀ ਆਵਾਜ਼ ਬਣੇਗੀ।'
ਉਕੀਲ ਹੈਰਾਨੀ ਭਰੀਆਂ ਅੱਖਾਂ ਨਾਲ ਉਸ ਵੱਲ ਦੇਖਦਾ ਰਿਹਾ! ਅੱਜ ਤੀਕ ਦਾ ਹਾਲ ਮੈਂ ਲਿਖ ਦਿੱਤਾ ਹੈ। ਅੱਗੇ ਮੌਕਾ ਮਿਲਦਿਆਂ ਹੀ ਲਿਖਾਂਗੀ। ਅਜੇ ਅਹਿਮਦਾਬਾਦ ਵੱਲ ਮੂੰਹ ਨਾ ਕਰਨਾਂ। ਇੱਥੇ ਅਜੇ ਵੀ ਗਲੀਆਂ ਤੇ ਸੜਕਾਂ ਉੱਪਰ ਅੰਗਾਰ ਮਘਦੇ ਨੇ।
ਖ਼ੁਦਾ ਹਾਫਿਜ਼!
        ਤੇਰੀ ਆਪਾ
        ਆਯਸ਼ਾ।'
ਹੁਣ ਖ਼ਤ ਉੱਤੇ ਰਬਿਯਾ ਦੇ ਹੰਝੂ ਵੀ ਡਿੱਗ ਰਹੇ ਸੀ ਤੇ ਲਫ਼ਜ਼ ਫੈਲਦੇ ਜਾ ਰਹੇ ਸੀ।
    ੦੦੦ ੦੦੦ ੦੦੦
    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
    ਮੋਬਾਇਲ ਨੰ : 94177-30600.

    e-mail : mpbedijaitu@yahoo.co.in
    Blog at. : mereanuwad.blogspot.com

No comments:

Post a Comment