Friday, September 10, 2010

ਆਸਮਾਨ ਦੇ ਥੰਮ੍ਹਲੇ...:: ਲੇਖਕ : ਰਾਜੇਂਦਰ ਭੱਟ

ਹਿੰਦੀ ਕਹਾਣੀ :
ਆਸਮਾਨ ਦੇ ਥੰਮ੍ਹਲੇ
ਲੇਖਕ : ਰਾਜੇਂਦਰ ਭੱਟ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਓਂਕਾਰ ਦਾ ਇਰਾਦ ਬਿਲਕੁਲ ਪੱਕਾ ਹੈ ਅੱਜ...ਬਸ, ਨਿੰਮੀ ਕੋਲ ਜਾਏਗਾ ਅਤੇ ਬਿਨਾਂ ਕਿਸੇ ਭੂਮਿਕਾ ਦੇ…
ਭੂਮਿਕਾ ? ਭਲਾ ਕਿਸ ਗੱਲ ਦੀ ? ਐਨੇ ਦਿਨਾਂ ਦਾ ਜੋ ਕੁਝ ਹੋ ਰਿਹੈ, ਜਿੰਨਾਂ ਮਰਿਆ-ਖਪਿਆ ਏ ਉਹ...ਉਹੀ ਕਿਸ ਭੂਮਿਕਾ ਨਾਲੋਂ ਘੱਟ ਹੈ ? ਇਹੀ ਇਕ ਕਮੀ ਹੈ ਓਂਕਾਰ ਵਿਚ...ਉਮਰ-ਭਰ, ਬਸ, ਭੂਮਿਕਾ ਦੇ ਚੱਕਰ ਕੱਟਦਾ ਰਿਹਾ। ਉਸ ਤੋਂ ਪਿੱਛੋਂ ਆਏ—ਸਾਰੇ ਪਾਤਰ; ਸਾਰੇ ਲੋਕ—ਇਕ ਭਰਪੂਰ ਜੀਵਨ ਹੰਢਾ ਕੇ ਤੁਰਦੇ ਬਣੇ। ਤੇ ਉਹ—ਹਮੇਸ਼ਾ ਭੂਮਿਕਾ ਵਾਂਗੂੰ ਹੀ—ਸਭ ਤੋਂ ਮੂਹਰੇ, ਸਭ ਤੋਂ ਸ਼ਾਨਦਾਰ, ਪਰ ਹਰੇਕ ਪੱਖ ਤੋਂ ਕੋਰਾ ਤੇ ਫਾਡੀ ਹੀ ਰਿਹਾ। ਉਂਜ ਵੀ ਕਹਾਣੀ ਦੇ ਸ਼ੁਰੂ ਹੋ ਜਾਣ ਪਿੱਛੋਂ, ਭੂਮਿਕਾ ਦੀ ਲੋੜ ਵੀ ਕੀ ਹੁੰਦੀ ਹੈ? ਕੌਣ ਯਾਦ ਰੱਖਦਾ ਹੈ ਉਸਨੂੰ?
ਸੱਚ, ਓਂਕਾਰ ਨੂੰ ਵੀ ਕਦ...ਕਿਸ...ਕਿੱਥੇ...ਯਾਦ ਰੱਖਿਆ ਹੈ? ਲੋਕਾਂ ਵਿਚ ਉਸਦਾ ਪ੍ਰਵੇਸ਼—ਪਹਿਲਾ ਸ਼ਾਨਦਾਰ ਧਮਾਕਾ, ਇਕ ਜ਼ਬਰਦਸਤ ਅਕਰਖ਼ਣ...ਤੇ ਬਸ, ਏਨਾ ਹੀ—ਫੇਰ ਲੋਕ ਆਪਸੀ ਸਮੀਕਰਨ ਜੋੜ ਲੈਂਦੇ ਸਨ। ਕਹਾਣੀਆਂ ਅੱਗੇ ਤੁਰ ਪੈਂਦੀਆਂ ਸਨ ਤੇ ਪਿੱਛੇ ਰਹਿ ਜਾਂਦਾ ਸੀ...ਬਸ, 'ਕੱਲਾ-'ਕਲਾਪਾ ਓਂਕਾਰ, ਨਿਰੀ ਭੂਮਿਕਾ ਵਾਂਗਰ।
ਇਸ ਕਰਕੇ ਨਾ ਕਿ ਕਹਾਣੀ ਵਿਚਲੇ ਕਿਸੇ ਸਮੀਕਰਨ ਦਾ ਹਿੱਸਾ ਬਣਨ ਵਾਸਤੇ, ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਕਿਸੇ ਹੋਰ ਦਾ ਹਿੱਸਾ ਮਾਰ ਜਾਓ। ਮਤਲਬ ਕਿਸੇ ਨੂੰ ਧਰੀਕ ਕੇ, ਕਿਸੇ ਨੂੰ ਕੂਹਣੀ ਮਾਰ ਕੇ, ਕਿਸੇ ਨੂੰ ਲੱਤ ਅੜਾ ਕੇ...ਹੇਠ ਸੁੱਟੋ ਤੇ ਅਧੂਰੇ ਸਮੀਕਰਨਾਂ ਵਿਚਕਾਰ ਲਟਕ ਰਹੇ, ਵਧ ਤੋਂ ਵਧ, ਪਾਤਰਾਂ ਦੇ ਹਿੱਸੇ ਸਮੇਟ ਲਓ। ਕਮਜ਼ੋਰ ਪਾਤਰ ਨੂੰ ਖਾ ਜਾਓ; ਛਾ ਜਾਓ' ਸਮੁੱਚੀ ਕਹਾਣੀ ਉੱਤੇ...
ਤੇ ਇੰਜ ਕਰਨ ਵਾਸਤੇ ਚਾਹੀਦੀ ਹੁੰਦੀ ਹੈ, ਇਕ ਖਾਸ ਕਿਸਮ ਦੀ ਕੋਝੀ, ਬੇਸ਼ਰਮਾਂ ਵਾਂਗਰ ਸਿੱਧੇ ਘੁਸੜੇ ਆਉਣ ਦੀ ਆਦਤ, ਕਈ ਕੁਝ ਅਸਭਿਅ, ਓਪਰਾ ਤੇ ਰੜਕਵਾਂ ਕਹਿ ਤੇ ਕਰ ਸਕਣ ਵਾਲਾ ਸੁਭਾਅ। ਆਪਣੇ ਸਵਾਰਥਾਂ ਨੂੰ ਚਿੱਟੇ-ਨੰਗੇ ਹੋ ਕੇ ਬਿਆਨ ਕਰ ਸਕਣ ਦਾ ਹੌਸਲਾ।...ਤੇ ਇਹ ਜਾਣਦਿਆਂ ਬੁੱਝਦਿਆਂ ਹੋਇਆਂ ਵੀ ਕਿ ਇੰਜ ਹੋਰਾਂ ਦੇ ਹਿੱਤ, ਹਿਓਂ ਜਾਂ ਦਿਲ ਨੂੰ ਠੇਸ ਪਹੁੰਚ ਰਹੀ ਹੈ...
ਤੇ ਇਹੀ ਤਾਂ ਨਹੀਂ ਕਰ ਸਕਿਆ ਸੀ ਓਂਕਾਰ।...ਤੇ ਭੂਮਿਕਾ ਵਿਚ ਵੀ ਇਹ ਸਭ ਕੁਝ ਕਿੱਥੇ ਦਸਿਆ ਹੁੰਦਾ ਹੈ? ਉਸ ਵਿਚ ਤਾਂ ਹੁੰਦੇ ਹਨ...ਕੁਝ ਆਦਰਸ਼ ਵਾਕ; ਨਿਰਮਲ ਅਤੇ ਖਰੇ-ਖਰੇ ਸ਼ਬਦ; ਦੋਸ਼ ਮੁਕਤ ਸੁਪਨੀਲੇ ਯਥਾਰਥ ਦੀ ਖੋਜ ਦੀ ਪ੍ਰਬਲ ਇੱਛਾ। ਭੂਮਿਕਾ—ਵਿਚਲੀ ਮਾਰ-ਧਾੜ, ਹੋਛੇ ਸਵਾਰਥ ਅਤੇ ਗਲ਼-ਕੱਟ ਪ੍ਰਤੀਯੋਗਤਾ ਨੂੰ ਕੱਜਣ ਵਾਲਾ ਚੋਲਾ ਹੀ ਹੁੰਦਾ ਹੈ ਸਿਰਫ਼।...ਤੇ ਇਹ ਗੱਲ ਬੜੀ ਦੇਰ ਬਾਅਦ ਉਸਦੀ ਸਮਝ ਵਿਚ ਆਈ ਸੀ।
ਕਿਸੇ ਪਾਸੇ ਵੀ ਜੁੜ ਨਹੀਂ ਸਕਿਆ ਸੀ ਉਹ, ਵੇਦਾਂ-ਗਰੰਥਾਂ ਦੀ ਭਾਸ਼ਾ ਬੋਲਦਾ ਰਿਹਾ...ਪਰ ਉਹ ਤਾਂ ਪੂਜਣ ਵਾਸਤੇ ਹੁੰਦੇ ਨੇ ਸਿਰਫ਼! ਜੀਵਨ ਉੱਤੇ ਲਾਗੂ ਕਰਨ ਵਾਸਤੇ ਨਹੀਂ। ਕਿਤੇ ਜੁੜਨ ਜਾਂ ਕਿਸੇ ਦੇ ਅੰਦਰ ਵੜ ਜਾਣ ਵਾਸਤੇ ਵੀ ਤਾਂ ਬੜੇ ਜ਼ਰੂਰੀ ਹੋ ਗਏ ਨੇ ਚਲਾਕ ਤੇ ਹਮਲਾਵਰ ਤੇਵਰ, ਅੱਖਾਂ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦੀ ਤੇ ਗਿਰਝ ਵਾਂਗਰ ਝਪਟਾ ਮਾਰ ਕੇ ਖੋਹ ਲੈ ਜਾਣ ਦੀ ਇੱਛਾ...ਤੇ ਇਹੀ ਤੇਵਰ ਤੇ ਇੱਛਾਵਾਂ ਮਾਨਤਾ ਪ੍ਰਾਪਤ ਵੀ ਹੈਨ, ਅੱਜ ਕੱਲ੍ਹ।
ਹਾਂ, ਅੱਜ ਤੋਂ ਅਜਿਹੇ ਤੇਵਰ ਹੀ ਹੋਣਗੇ ਓਂਕਾਰ ਦੇ। ਸ਼ੁਰੂਆਤ ਲਈ ਨਿੰਮੀ ਠੀਕ ਰਹੇਗੀ। ਨਾਂਹ-ਨੁੱਕਰ ਕਰਨ ਦਾ ਕੋਈ ਮੌਕਾ ਹੀ ਨਹੀਂ ਦਏਗਾ ਉਹ।...ਤੇ ਬਾਅਦ ਵਿਚ ਵੀ ਕੋਈ ਖ਼ਤਰਾ ਨਹੀਂ। ਅਪੰਗ, ਸ਼ਰਾਬੀ, ਟੀ.ਬੀ. ਦੇ ਮਰੀਜ਼, ਅੰਦਰੋਂ ਮਰ ਚੁੱਕੇ ਸੁਹਾਗ ਦਾ ਵੀ ਕੋਈ ਆਸਰਾ ਹੁੰਦਾ ਹੈ?
ਤੇ ਸ਼ਾਇਦ ਇਹੀ ਨਿੰਮੀ ਨੂੰ ਵੀ ਪਸੰਦ ਹੋਏ! ਏਸੇ ਝਪਟਾਮਾਰ ਸ਼ੈਲੀ ਦੀ ਤਾਂ ਕਮੀ ਹੈ ਉਸ ਵਿਚ। ਅੱਜ ਕੱਲ੍ਹ ਸਾਰੇ ਖੂਬਸੂਰਤ ਸ਼ਬਦਾਂ—ਪ੍ਰੇਮ, ਲਾਡ, ਪ੍ਰੀਤ, ਮੋਹ—ਨੂੰ ਸਮਝਾਉਣ ਦਾ ਇਹੀ ਇਕ ਉਚਿੱਤ ਢੰਗ ਰਹਿ ਗਿਆ ਹੈ। ਕੌਣ ਜਾਣੇ, ਨੇੜਤਾ ਦੀ ਇਹੀ ਸ਼ੈਲੀ ਨਿੰਮੀ ਨੂੰ ਵੀ ਪਸੰਦ ਹੋਏ!
ਉਸਨੇ ਨਿੰਮੀ ਦੇ ਖ਼ਿਆਲਾਂ ਨਾਲ ਆਪਣੇ ਆਪ ਨੂੰ ਉਤੇਜਿਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਫੇਰ—ਸਿਰ ਝਟਕ ਦਿੱਤਾ। ਨਿੰਮੀ ਬਾਰੇ ਜਦੋਂ ਵੀ ਸੋਚਦਾ ਹੈ ਉਹ—ਸਰੀਰ ਦੀ ਹਰ ਰੇਖਾ ਬਾਰੇ ਸੋਚ ਕੇ ਵੀ ਸੋਚ ਨਹੀਂ ਸਕਦਾ। ਹਰ ਵਾਰੀ ਇਕ ਗੋਦ, ਇਕ ਸੁੱਕੜ ਜਿਹਾ ਬੱਚਾ ਤੇ ਸਭ ਉਮੀਦਾਂ ਛੱਡ ਚੁੱਕੀਆਂ ਦੋ ਸਿਥਲ, ਮਜ਼ਬੂਰ ਅੱਖਾਂ—ਮ-ਜ਼-ਬੂ-ਰ! ਪਰ ਅੱਜ ਉਹ ਇਹ ਸਭ ਨਹੀਂ ਸੋਚੇਗਾ। ਮਜ਼ਬੂਰ ਹੈ, ਤਦੇ ਹੀ ਤਾਂ ਉਸਦਾ ਫਾਇਦਾ ਉਠਇਆ ਜਾ ਸਕਦਾ ਹੈ। ਲੋਕ ਮਜ਼ਬੂਰ ਹੁੰਦੇ ਨੇ ਤਾਂ ਹੀ ਤਾਂ ਕੁਝ ਦਿੰਦੇ ਨੇ...ਤੇ ਲੋਕਾਂ ਦੀਆਂ ਮਜ਼ਬੂਰੀਆਂ ਕਰਕੇ ਹੀ ਕੁਝ ਲੋਕ ਕਾਮਯਾਬ ਹੁੰਦੇ ਨੇ, ਜ਼ਿੰਦਗੀ ਵਿਚ। ਇਹੀ ਜ਼ਮਾਨੇ ਦਾ ਅਸੂਲ ਵੀ ਹੈ—ਮਜ਼ਬੂਰ ਦੀ ਮਦਦ ਕਰੋ, ਤੇ ਬਦਲੇ ਵਿਚ ਦੂੱਗਣਾ ਵਸੂਲੋ।
ਬਸ, ਏਥੇ ਹੀ ਓਂਕਾਰ ਮਾਰ ਖਾ ਜਾਂਦਾ ਰਿਹੈ। ਜਦੋਂ ਵੀ ਉਸਨੇ ਮਦਦ ਦੀ ਕੀਮਤ ਵਸੂਲ ਕਰਨ ਬਾਰੇ ਸੋਚਿਆ, ਅਜੀਬ ਜੰਜ਼ੀਰਾਂ ਵਿਚ ਜਕੜਿਆ ਗਿਆ। ਉਸਦੀ ਭਾਵੁਕਤਾ ਨੇ ਉਸਦੇ ਮਨ ਨੂੰ ਝੰਜੋੜ ਸੁੱਟਿਆ ਤੇ ਮਨ ਨੇ ਉਸਨੂੰ ਅਜਿਹਾ ਘੋਰ ਪਾਪ ਕਰਨ ਤੋਂ ਮਨ੍ਹਾਂ ਕਰ ਦਿੱਤਾ, ਹਾਲਾਂਕਿ ਓਂਕਾਰ ਇਹ ਵੀ ਜਾਣਦਾ ਸੀ ਕਿ ਕੱਲ੍ਹ ਜਦੋਂ ਅਜਿਹਾ ਮੌਕਾ ਦੂਜੇ ਨੂੰ ਮਿਲੇਗਾ ਤਾਂ ਉਹ ਇਸਨੂੰ ਚਿਰ-ਸਥਾਈ ਤੇ ਲਾਹੇਵੰਦ ਰੂਪ ਜ਼ਰੂਰ ਦਏਗਾ।...ਤੇ ਉਦੋਂ ਉਸਨੂੰ ਕਿਸੇ ਅਜਨਬੀ ਆਦਮੀ ਵਾਂਗ ਹੀ, ਉਹ ਮਜ਼ਬੂਰ ਅੱਖਾਂ ਵੀ ਭੁਲਾ ਦੇਣਗੀਆਂ। ਇਹ ਵੀ ਜਾਣਦਾ ਹੈ ਉਹ ਕਿ ਉਸਦੀ ਮੰਦਹਾਲੀ ਸਮੇਂ ਲੋਕਾਂ ਨੇ ਹਮੇਸ਼ਾ ਹੀ ਸੂਦਖ਼ੋਰ ਮਹਾਜਨ ਵਾਂਗ ਸਤਾਇਆ ਹੈ ਉਸਨੂੰ। ਪਰ ਫੇਰ ਵੀ, ਚਾਹੁੰਦਾ ਹੋਇਆ ਵੀ, ਓਂਕਾਰ ਇੰਜ ਨਹੀਂ ਕਰ ਸਕੇਗਾ। ਪਰ ਅੱਜ ਉਹ ਆਪਣੀ ਮਨ ਆਈ ਕਰੇਗਾ। ਹੌਲੀ-ਹੌਲੀ ਆਦਤ ਪੈ ਜਾਏਗੀ। ਫੇਰ ਕੋਈ ਤਕਲੀਫ਼ ਨਹੀਂ ਹੋਣੀ।
      --- --- ---
ਇਕ ਮੁੰਡਾ ਹੁੰਦਾ ਸੀ। ਹਮੇਸ਼ਾ ਪ੍ਰੇਸ਼ਾਨ ਰਹਿੰਦਾ ਸੀ। ਸੋਚਦਾ ਸੀ—ਛੋਟੀ ਤੋਂ ਛੋਟੀ ਇਮਾਰਤ ਵੀ ਥੰਮ੍ਹਲਿਆਂ 'ਤੇ ਟਿਕੀ ਹੁੰਦੀ ਹੈ, ਪਰ ਐਡਾ ਵੱਡਾ ਆਸਮਾਨ ਬਿਨਾਂ ਥੰਮ੍ਹਾਂ ਦੇ ਹੈ...ਕਦੀ ਵੀ ਡਿੱਗ ਸਕਦੈ। ਉਸਨੂੰ ਰਾਤ ਨੂੰ ਨੀਂਦ ਨਾ ਆਉਂਦੀ—ਜੇ ਕਿਤੇ ਆਸਮਾਨ ਡਿੱਗ ਪਿਆ ਤਾਂ...? ਲੋਕਾਂ ਤੋਂ ਪੁੱਛਦਾ। ਲੋਕੀ ਹੱਸਦੇ। ਪਾਗਲ ਸਮਝਦੇ ਸਨ ਉਸਨੂੰ। ਉਹ ਹੈਰਾਨ ਹੁੰਦਾ ਸੀ ਕਿ ਏਨੇ ਮਹੱਤਵਪੂਰਨ ਸਵਾਲ ਵੱਲੋਂ ਲੋਕ ਅੱਖਾਂ ਕਿੰਜ ਮੀਟੀ ਬੈਠੇ ਨੇ...
ਪਤਾ ਨਹੀਂ ਕਿਉਂ, ਓਂਕਾਰ ਨੂੰ ਬਚਪਨ ਵਿਚ ਮਾਂ ਦੀ ਸੁਣਾਈ, ਇਹ ਕਹਾਣੀ ਯਾਦ ਆ ਜਾਂਦੀ ਹੈ ?
'ਇਸ ਵਿਚ ਹੱਸਣ ਵਾਲੀ ਕਿਹੜੀ ਗੱਲ ਹੈ?'' ਬਚਪਨ ਵਿਚ ਵੀ ਉਹ ਹੈਰਾਨ ਹੋ ਕੇ ਪੁੱਛਦਾ ਹੁੰਦਾ ਸੀ। ਭੈ ਨਾਲ ਕੰਬਣ ਲੱਗ ਪੈਂਦਾ ਸੀ। ਠੀਕ ਤਾਂ ਸੀ, ਬਿਨਾਂ ਥੰਮ੍ਹਾਂ ਦਾ ਆਸਮਾਨ, ਜੇ ਸੱਚਮੁੱਚ ਹੀ ਡਿੱਗ ਪਿਆ ਤਾਂ? ਓਂਕਾਰ ਨੂੰ ਹੁਣ ਇਹ ਯਕੀਨ ਹੋ ਚੱਲਿਆ ਹੈ ਉਸ ਕਹਾਣੀ ਦਾ ਉਹ ਪਾਤਰ ਮੁੰਡਾ, ਕਿਸੇ ਨਾ ਕਿਸੇ ਜਨਮ ਵਿਚ, ਉਹ ਆਪ ਹੀ ਹੋਏਗਾ। ਜਿਸ ਗੱਲ ਬਾਰੇ ਲੋਕ ਸੋਚਦੇ ਤਕ ਨਹੀਂ, ਉਸਦੇ ਭੈ ਨਾਲ ਸੁੱਕਦਾ ਜਾ ਰਿਹਾ ਹੈ ਉਹ।
ਬਚਪਨ ਤੋਂ ਹੀ ਓਂਕਾਰ ਨੂੰ ਲੱਗਦਾ ਰਿਹਾ ਹੈ—ਕਿ ਆਸਮਾਨ ਡਿੱਗੇਗਾ ਜ਼ਰੂਰ, ਕਿਸੇ ਨਾ ਕਿਸੇ ਦਿਨ। ਬਸ, ਸੋਚਣ ਦਾ ਤਰੀਕਾ ਬਦਲ ਗਿਆ। ਸ਼ੁਰੂ ਤੋਂ ਦੇਖਿਆ ਹੈ ਓਂਕਾਰ ਨੇ—ਬੜਾ ਕੁਝ ਉਲਟਾ-ਸਿੱਧਾ ਹੋ ਰਿਹੈ, ਏਸੇ ਆਸਮਾਨ ਹੇਠ। ਕਿਤਾਬਾਂ ਵਿਚ ਲਿਖਿਆ ਹੈ—ਸੱਚ ਬੋਲੋ...ਪਰ ਬੋਲਦਾ ਕੋਈ ਨਹੀਂ। ਪੜ੍ਹਦਾ ਹੁੰਦਾ ਸੀ ਤਾਂ ਇਕ ਜਮਾਤੀ ਖਾਸਾ ਟਿਪ-ਟਾਪ ਹੋ ਕੇ ਸਕੂਲ ਆਉਂਦਾ ਸੀ—ਖੂਬ ਪੈਸੇ ਉਡਾਉਂਦਾ ਸੀ। ਮਾਸਟਰ ਲੋਕ ਵੀ ਦਬਦੇ ਸਨ ਉਸਤੋਂ। ਬੱਚੇ ਕਹਿੰਦੇ ਸਨ, 'ਉਸਦੇ ਪਾਪਾ ਸਮਗਲਰ ਨੇ।' ਉਹਨਾਂ ਨੂੰ ਤਾਂ ਸਮਗਲਰ ਦੇ ਅਰਥ ਵੀ ਨਹੀਂ ਸਨ ਆਉਂਦੇ ਹੁੰਦੇ। ਬਸ, ਵੱਡੀਆਂ ਵੱਡੀਆਂ ਅੱਖਾਂ ਅੱਡ ਕੇ, ਇਕ ਇਕ ਸ਼ਬਦ 'ਤੇ ਜ਼ੋਰ ਦੇਂਦਿਆਂ ਆਖਦੇ 'ਸਮ-ਗ-ਲ-ਰ'। ਬੱਚਿਆਂ ਲਈ ਤਾਂ ਬਸ ਟੀਚਰ ਜਾਂ ਫੇਰ ਸਭ ਤੋਂ ਵੱਡੇ ਪ੍ਰਿੰਸੀਪਲ ਸਨ। ਪਰ ਉਸ ਮੁੰਡੇ ਦੇ ਪਾਪਾ ਜਦੋਂ ਸੂਟ-ਬੂਟ ਪਾਈ ਕਾਰ ਵਿਚੋਂ ਉਤਰਦੇ ਤਾਂ ਪ੍ਰਿੰਸੀਪਲ ਸਾਹਬ ਵੀ ਬੜੀ ਇੱਜ਼ਤ ਕਰਦੇ ਸਨ। ਓਂਕਾਰ ਸੀ, ਕਿਤਾਬੀ ਕੀੜਾ—ਪਤਾ ਲਾ ਹੀ ਲਿਆ ਕਿ ਸਮਗਲਰ ਇਕ ਕਿਸਮ ਦਾ ਚੋਰ ਹੁੰਦਾ ਹੈ। ਹੈਰਾਨ-ਪ੍ਰੇਸ਼ਾਨ ਰਹਿ ਗਿਆ ਸੀ ਉਹ! ਆਖ਼ਰ...ਚੋਰ, ਚੋਰੀ ਕਰਦਾ ਹੈ ਤੇ ਜੇਲ੍ਹਖਾਨੇ ਜਾਂਦਾ ਹੈ।
ਪਰ ਸੁਨੀਲ ਦੇ ਪਾਪਾ ਤਾਂ ਬਿਲਕੁਲ ਬਾਊ-ਸਾਹਬ ਨੇ...ਜਿਵੇਂ ਰਾਜ-ਪੁੱਤਰ ਹੋਣ। ਫੇਰ ਇਹੋ ਜਿਹੇ ਕਿੰਜ ਹੋ ਸਕਦੇ ਨੇ? ਆਪਣੀ ਏਸ ਪ੍ਰੇਸ਼ਾਨੀ ਨੂੰ ਉਸਨੇ ਮੁੰਡਿਆਂ ਸਾਹਮਣੇ ਖੋਹਲ ਕੇ ਰੱਖ ਦਿੱਤਾ। ਸਮਗਲਰ ਯਾਨੀ ਚੋਰ...ਤੇ ਸੁਨੀਲ ਦੇ ਪਾਪਾ ਸਮਗਲਰ ਹੁੰਦੇ ਹੋਏ ਵੀ ਬਾਊ ਸਾਹਬਾਂ ਵਰਗੇ ਕਿਉਂ ਸਨ? ਤੇ ਪ੍ਰਿੰਸੀਪਲ ਸਾਹਬ ਉਹਨਾਂ ਦੀ ਇੱਜ਼ਤ ਕਿਉਂ ਕਰਦੇ ਸਨ...? ਉਹਨਾਂ ਨੂੰ ਤਾਂ ਜੇਲ੍ਹ ਭੇਜਣਾ ਚਾਹੀਦਾ ਹੈ—ਗੋਬਰ ਦੀ ਰੋਟੀ ਖਾਣ ਵਾਸਤੇ। ਗੱਲ ਉਸ ਮੁੰਡੇ ਕੋਲ ਪਹੁੰਚ ਗਈ। ਉਸਨੇ ਕੱਸ ਕੇ ਓਂਕਾਰ ਦੇ ਨੱਕ ਉੱਤੇ ਮੁੱਕਾ ਮਾਰਿਆ। ਲਹੂ ਦੀ ਧਾਰ ਪੈਣ ਲੱਗ ਪਈ। ਸਾਰੇ ਮੁੰਡੇ ਚੁੱਪਚਾਪ ਖੜ੍ਹੇ ਦੇਖਦੇ ਰਹੇ...ਸਮਗਲਰ ਬੱਚਾ ਉਹਨਾਂ ਨੂੰ ਖਵਾਂਦਾ ਜੋ ਸੀ। ਤੇ ਜਦੋਂ ਗੱਲ ਪ੍ਰਿੰਸੀਪਲ ਸਾਹਬ ਕੋਲ ਪਹੁੰਚੀ ਤਾਂ ਉਹਨਾਂ ਵੀ ਓਂਕਾਰ ਨੂੰ ਖੂਬ ਕੁਟਾਪਾ ਚਾੜ੍ਹਿਆ—ਪਿੱਠ ਉੱਤੇ ਨਿਸ਼ਾਨ ਪੈ ਗਏ ਸਨ, ਬੈਂਤ ਦੀ ਮਾਰ ਦੇ। ਉਦੋਂ ਤੋਂ ਓਂਕਾਰ ਦਾ ਯਕੀਨ ਪੱਕਾ ਹੋ ਗਿਆ ਸੀ ਕਿ ਜੇ ਇੰਜ ਹੀ ਉਲਟਾ-ਸਿੱਧਾ ਹੁੰਦਾ ਰਿਹਾ ਤਾਂ ਆਸਮਾਨ ਜ਼ਰੂਰ ਡਿੱਗੇਗਾ...ਹਰ ਸਾਫ-ਸੁਥਰੇ, ਵੱਡੇ ਅਹੁਦੇ ਵਾਲੇ ਆਦਮੀ ਤੋਂ ਭੈਭੀਤ ਰਹਿਣ ਲੱਗ ਪਿਆ ਸੀ ਉਹ। ਹੌਲੀ ਹੌਲੀ ਉਹ ਭੈ, ਨਫ਼ਰਤ ਵਿਚ ਬਦਲ ਗਿਆ।
ਮਨ ਖੱਟਾ ਪੈ ਗਿਆ ਸੀ ਓਂਕਾਰ ਦਾ। ਹਰੇਕ ਵਾਰੀ ਸਵਾਲ ਉਠਾਉਣ ਦਾ ਠੇਕਾ, ਉਸਨੇ ਕਿਉਂ ਲਿਆ ਹੋਇਆ ਹੈ ਆਖ਼ਰ? ਜਿਉਂ ਜਿਉਂ ਵੱਡਾ ਹੁੰਦਾ ਗਿਆ, ਤਿਉਂ ਤਿਉਂ ਦੁਨੀਆਂ-ਜਹਾਨ ਦੀਆਂ ਸਮੱਸਿਆਵਾਂ ਵਿਚ ਉਲਝਦਾ ਗਿਆ—ਕਿਸੇ ਨੂੰ ਕੋਈ ਤਕਲੀਫ਼ ਹੋਏ, ਓਂਕਾਰ ਨੂੰ ਦੱਸੋ। ਹੁਣ ਉਹ ਪਹਿਲਾਂ ਓਂਕਾਰ ਦੀ ਤਕਲੀਫ਼ ਹੈ, ਪਿੱਛੋਂ ਕਿਸੇ ਹੋਰ ਦੀ। ਜ਼ਰਾ ਜਿੰਨਾਂ ਮੋਹ, ਜ਼ਰਾ ਜਿੰਨੀ ਅਪਣੱਤ ਦਿਖਾਈ ਕਿਸੇ ਨੇ, ਤਾਂ ਪਿਘਲ ਗਿਆ ਓਂਕਾਰ। ਜਾਨ ਲੜਾ ਦਿੱਤੀ ਉਸ ਪਿੱਛੇ।...ਤੇ ਜਦੋਂ ਕੰਮ ਨਿਕਲ ਜਾਂਦਾ, ਫੇਰ ਨਵੇਂ ਸਮੀਕਰਨ ਬਣਨੇ ਸ਼ੁਰੂ ਹੋ ਜਾਂਦੇ। ਓਂਕਾਰ, ਕਿਸੇ ਵਾਧੂ, ਬੇਕਾਰ ਤੇ ਯਤੀਮ ਬੰਦੇ ਵਾਂਗ ਹੀ, ਪਾਸੇ ਖੜ੍ਹਾ ਦੇਖਦਾ ਰਹਿ ਜਾਂਦਾ...
ਪਿਤਾ ਉਸਦੇ ਬਚਪਨ ਵਿਚ ਹੀ ਮਰ ਗਏ ਸਨ। ਪੜ੍ਹਨ ਦਾ ਸ਼ੌਕ ਪਾਗਲਪਨ ਦੀ ਹੱਦ ਤਕ ਸੀ। ਮੈਟ੍ਰਿਕ ਤਕ ਤਾਂ ਕਿਵੇਂ ਨਾ ਕਿਵੇਂ ਗੱਡੀ ਰਿੜ੍ਹਦੀ ਰਹੀ। ਫੇਰ ਵਾਰੀ ਵਾਰੀ ਦੋਏ ਭਰਾਵਾਂ ਨੇ ਹੱਥ ਖਿੱਚ ਲਏ। ਟਿਊਸ਼ਨਾਂ ਦੇ ਸਹਾਰੇ ਘਿਸਟਦਾ ਰਿਹਾ ਓਂਕਾਰ।...ਤੇ ਭਰਾ ਉਸਦੀ ਨਾਲਾਇਕੀ ਦੇ ਨਸ਼ਤਰ ਮਾਂ ਨੂੰ ਚੋਭਦੇ ਰਹੇ। ਫੇਰ ਹੌਲੀ ਹੌਲੀ ਉਹਨਾਂ ਨੂੰ ਮਾਂ ਦੀ ਜ਼ੁੰਮੇਵਾਰੀ ਫਾਇਦੇ ਦਾ ਸੌਦਾ ਦਿਸਣ ਲੱਗ ਪਈ। ਪੈਦਾ ਹੋ ਰਹੇ ਬੱਚਿਆਂ ਲਈ ਸਸਤੀ ਤੇ ਮਮਤਾਮਈ ਨੌਕਰਾਣੀ, ਅੱਜ ਕੱਲ੍ਹ ਮਿਲਦੀ ਕਿੱਥੇ ਹੈ? ਨਾਲੇ ਲੋਕਾਚਾਰ ਵੀ ਨਿਭ ਜਾਂਦਾ। 'ਸੀਜ਼ਨ' ਦੇ ਹਿਸਾਬ ਨਾਲ ਦੋ-ਤਿੰਨ ਮਹੀਨੇ ਇਕ ਭਰਾ ਮਾਂ ਨੂੰ ਸੱਦ ਲਿਜਾਂਦਾ। ਟਾਈਮ ਲੰਘ ਜਾਣ ਪਿੱਛੋਂ ਆਪਣੀ ਉੱਜਡ ਪਰ ਚਲਾਕ ਘਰਵਾਲੀ ਨਾਲ ਰਲ ਕੇ ਮਾਂ ਨੂੰ ਪਿੰਡ ਭੇਜ ਦੇਂਦਾ। ਬੁੱਢੀ ਮਾਂ ਕਿਵੇਂ ਨਾ ਕਿਵੇਂ ਦਿਨ ਬਿਤਾ ਰਹੀ ਹੁੰਦੀ, ਤਾਂ ਦੂਜੇ ਦੀ 'ਟਰਨ' ਆ ਜਾਂਦੀ। ਹਾਂ, ਇਸ ਗੱਲ ਪੱਖੋਂ ਉਹਨਾਂ ਦੀਆਂ ਪਤਨੀਆਂ ਹਮੇਸ਼ਾ ਸੁਚੇਤ ਰਹਿੰਦੀਆਂ ਸਨ ਕਿ ਕਿਵੇਂ ਨਾ ਕਿਵੇਂ ਮਾਂ ਨੂੰ ਅਹਿਸਾਸ ਕਰਵਾਇਆ ਜਾਏ ਕਿ ਓਂਕਾਰ ਦੀ ਨਾਲਾਇਕੀ ਸਦਕਾ ਸਾਰਾ ਭਾਰ ਉਹਨਾਂ ਨੂੰ ਝੱਲਣਾ ਪੈ ਰਿਹਾ ਹੈ।
      --- --- ---
ਓਂਕਾਰ ਦੀ ਲੜਨ ਦੀ ਆਦਤ ਨਾ ਗਈ। ਉਸ ਪਿੱਛੋਂ ਲੜਾਈਆਂ, ਅੰਦੋਲਨਾ ਦਾ ਅਜਿਹਾ ਸਿਲਸਿਲ ਸ਼ੁਰੂ ਹੋਇਆ ਕਿ ਸਾਹ ਲੈ ਕੇ ਪਿੱਛੇ ਦੇਖਿਆ ਤਾਂ ਆਪਣਾ ਨਾਂ ਓਹਨਾਂ ਅੱਤ-ਖ਼ਤਰਨਾਕ ਅਪਰਾਧੀਆਂ ਦੀ ਸੂਚੀ ਵਿਚ ਦਿਸਿਆ ਓਂਕਾਰ ਨੂੰ, ਜਿਹੜੇ ਹਨੇਰੇ ਦੇ ਸਾਮਰਾਜ ਵਿਚ ਇਕ ਮੁੱਠੀ ਸੂਰਜ ਦੀ ਗੱਲ ਸੋਚਦੇ ਹਨ। ਇਹ ਇੰਜ ਕਿੰਜ ਹੋ ਗਿਆ—ਓਂਕਾਰ ਨੇ ਜਦ ਕਰਾਂਤੀ ਬਾਰੇ ਸੋਚਿਆ ਸੀ ਤਾਂ ਪੂਰੀ ਤਰ੍ਹਾਂ ਜਿਊਣ ਲੱਗ ਪਿਆ ਸੀ ਉਸੇ ਲਈ। ਉਸਦਾ ਉਠਣਾ, ਬੈਠਣਾ, ਜਾਗਣਾ ਸੌਣਾ ਸਭ ਕੁਝ ਹੀ ਸਮਰਪਿਤ ਹੋ ਗਿਆ ਸੀ ਉਸ ਕਾਰਜ ਲਈ ਤੇ 'ਮੈਂ' ਤਾਂ ਕਿਤੇ ਰਹੀ ਹੀ ਨਹੀਂ ਸੀ। ਪਰ ਸਾਹ ਲੈ ਕੇ ਜਦ ਚਾਰੇ ਪਾਸੇ ਦੇਖਿਆ—ਤਾਂ ਕੀ ਦੇਖਿਆ—ਕਿ ਲੋਕਾਂ ਨੇ ਇਨਕਲਾਬ ਲਈ ਵੀ ਟਾਈਮ ਟੇਬਲ ਨਿਸ਼ਚਿਤ ਕੀਤਾ ਹੋਇਆ ਸੀ।
ਉਹਨੀਂ ਦਿਨੀ ਇਕ ਸੀਨੀਅਰ ਵਰਕਰ ਨੇ, ਜਿਹੜੀ ਰੈਵੋਲਿਊਸ਼ਨ ਦੀ ਚੈਨਲ ਤੋਂ ਰੋਮਾਂਸ ਭਿੜਾਅ ਰਹੀ ਸੀ, ਉਸਦੇ ਨਾਂ ਦੇ ਕੁਢੱਬੇਪਨ ਤੇ ਬੁਰਜੂਆਈ ਹੋਣ ਦਾ ਕਿੰਨਾਂ ਮਖ਼ੌਲ ਉਡਾਇਆ ਸੀ?...ਠੀਕ ਹੀ ਤਾਂ ਕਿਹਾ ਸੀ ਉਸਨੇ। ਓਂਕਾਰ ਨੂੰ ਲੱਗਦਾ ਹੈ—ਸਾਜਿਸ਼, ਜਨਮਾਂ-ਜਨਮਾਂ ਤੋਂ ਉਸਦੇ ਖਿਲਾਫ਼ ਹੁੰਦੀ ਰਹੀ ਹੈ। ਆਖ਼ਰ ਨਾਂ ਉੱਤੇ ਕੀ ਜ਼ੋਰ ਸੀ ਉਸਦਾ? ਕਿੱਡਾ ਬੋਦਾ ਜਿਹਾ ਨਾਂ ਚੁਣ ਕੇ ਰੱਖਿਆ ਹੋਇਆ ਸੀ ਉਸਦੇ ਹਿੱਸੇ ਵਿਚ?...ਤੇ ਲੋਕ ਤਾਂ ਪਾਰਟੀ ਨੂੰ ਖਾਂਦੇ ਰਹੇ ਤੇ ਪਾਰਟੀ ਉਸਦਾ ਮਾਸ ਚੂੰਡਦੀ ਰਹੀ। ਫੇਰ ਓਂਕਾਰ ਨੂੰ ਲੱਗਿਆ—ਹੁਣ ਚੂੰਡਵਾਉਣ ਲਈ ਮਾਸ ਨਹੀਂ ਰਿਹਾ, ਤਾਂ ਉਸਨੇ ਨੌਕਰੀ ਲਈ ਭੱਜ-ਨੱਸ ਸ਼ੁਰੂ ਕਰ ਦਿੱਤੀ। ਮਾਂ ਦੀਆਂ ਸੁੰਨੀਆਂ ਅੱਖਾਂ ਦੇ ਸੁੱਕੇ ਅੱਥਰੂ ਹੁਣ ਬਰਦਾਸ਼ਤ ਤੋਂ ਬਾਹਰ ਹੋ ਗਏ ਸਨ।
ਆਖ਼ਰ ਮਾਂ ਅੱਜ ਹੀ ਕਿਉਂ ਯਾਦ ਆ ਰਹੀ ਹੈ?...ਮਾਂ ਦੀ ਕਹਾਣੀ...? ਤੇ ਲੋਕੀ ਹੱਸਦੇ। ਕਿੱਡਾ ਮੂਰਖ ਮੁੰਡਾ ਏ ਉਹ? ਆਸਮਾਨ ਵੀ ਕਦੀ ਡਿੱਗ ਸਕਦਾ ਏ ਭਲਾਂ? ਉਦੋਂ ਮੁੰਡੇ ਦੀ ਮੁਲਾਕਾਤ ਇਕ ਸੰਤ ਨਾਲ ਹੋਈ। ਉਹਨਾਂ ਕਿਹਾ, ''ਮੈਂ ਤੇਰੇ ਸਵਾਲ ਦਾ ਜਵਾਬ ਦਿਆਂਗਾ, ਬੱਚਾ। ਪਹਿਲਾਂ ਸਾਰੇ ਪਿੰਡ ਵਿਚੋਂ ਗਜਾ ਕਰਕੇ ਲਿਆ—ਪਰ ਤਰੀਕਾ ਇਹ ਹੋਵੇਗਾ ਕਿ ਜਿਸ ਤੋਂ ਵੀ ਭਿਖਿਆ ਮੰਗੇਂ, ਪਹਿਲਾਂ ਉਸਨੂੰ ਖ਼ੂਬ ਗਾਲ੍ਹਾਂ ਕੱਢੀਂ।''
ਮੁੰਡਾ ਘਰਾਂ ਦੇ ਸਾਹਮਣੇ ਰੁਕਦਾ, ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦੇਂਦਾ—ਫੇਰ ਭਿਖਿਆ ਮੰਗਦਾ। ਪ੍ਰਤੱਖ ਸੀ, ਭਿਖਿਆ ਕੀ ਮਿਲਦੀ...! ਲੋਕ ਗਲ਼ ਪੈ ਜਾਂਦੇ, ਮੁੰਡਾ ਨੱਸ ਤੁਰਦਾ। ਬੜਾ ਪ੍ਰੇਸ਼ਾਨ ਸੀ ਉਹ—ਅਜੀਬ ਸਨਕੀ ਸੰਤ ਏ, ਕੈਸਾ ਤਰੀਕਾ ਦੱਸਿਆ ਜੇ!...
ਤੇ ਅਜੀਬ ਸੀ ਮਾਂ ਵੀ। ਐਨੀ ਸਿਧਾਂਤਕ-ਫਿਲਾਸਫੀ ਪੜ੍ਹ ਕੇ ਵੀ ਕਨਫਿਊਜ਼ਡ ਹੈ ਓਂਕਾਰ...ਪਰ ਮਾਂ...ਕਿੰਨੀ ਨਿਹਚਾ, ਕਿੰਨਾਂ ਵਿਸ਼ਵਾਸ ਸੀ ਉਸਨੂੰ ਭਗਵਾਨ ਵਿਚ—ਉਸਦੀ ਦੁਨੀਆਂ ਵਿਚ; ਅੱਛਾਈ ਵਿਚ; ਆਪਣੇ ਆਪ ਵਿਚ। ਕਿਸੇ ਪ੍ਰਮਾਣ ਦੀ ਲੋੜ ਨਹੀਂ ਸੀ ਉਸਨੂੰ…
'ਮੈਂ ਜਾਂਦੇ-ਆਉਂਦੇ ਰਾਹੀਆਂ ਨੂੰ ਰੋਟੀ ਖੁਆਵਾਂਗੀ, ਪਾਣੀ ਪਿਲਾਵਾਂਗੀ ਤਾਂ ਸਾਰੀ ਖ਼ੁਦਾਈ ਵਿਚ ਮੇਰੇ ਬੱਚਿਆਂ ਨੂੰ ਮਦਦ ਮਿਲੇਗੀ।''
ਪਰ ਕਿੱਥੇ ਮਿਲੀ ਹੈ ਮਦਦ ਕਦੇ ਓਂਕਾਰ ਨੂੰ? ਹਰ ਚੀਜ਼ ਲਈ ਦਸ ਗੁਣਾ ਜੂਝਣਾ-ਜੁਟਣਾ ਪਿਆ ਹੈ। ਮਾਂ ਲਈ ਤਾਂ ਆਲ੍ਹਣੇ ਵਿਚੋਂ ਡਿੱਗੇ ਚਿੜੀ ਦੇ ਬੋਟ ਨੂੰ, ਸਾਰਾ ਦਿਨ ਪੂਰੇ ਮਨੋਵੇਗ ਨਾਲ ਦਾਣਾ-ਪਾਣੀ ਖੁਆ ਕੇ ਉੱਡਣ ਯੋਗ ਕਰਨਾ ਵੀ ਬੜੀ ਵੱਡੀ ਸਮੱਸਿਆ ਹੁੰਦੀ ਸੀ। ਪਰ ਲੋਕ...ਘਰ ਦੇ ਹੀ ਲੋਕ…
ਤੇ ਜਦੋਂ ਓਂਕਾਰ ਨੂੰ ਨੌਕਰੀ ਮਿਲੀ ਸੀ, ਭਰਾ ਆਪਣੇ ਬੇ-ਸਊਰੇ ਟੱਬਰਾਂ ਦੀ ਕਿਰਪਾ ਨਾਲ ਨੰਗ ਹੋ ਗਏ ਸਨ। ਉਹਨਾਂ ਪਿਆਰ ਤੇ ਬਲੀਦਾਨ ਦੇ ਲੰਮੇ ਚੌੜੇ ਭਾਸ਼ਨ ਦੇਂਦਿਆਂ, ਖਾਂਦੇ ਪੀਂਦੇ ਪਰਿਵਾਰ ਵਿਚੋਂ ਛੇਕ ਦਿੱਤੇ ਗਏ ਓਂਕਾਰ ਨੂੰ ਭਰਾਤਰੀ ਭਾਵ ਸਮਝਾਇਆ ਤੇ ਆਪਣੀਆਂ ਲੋੜਾਂ-ਥੁੜਾਂ ਦਾ ਸਾਂਝੀਦਾਰ ਬਣਾ ਲਿਆ।
ਉਸਨੇ ਕੁਝ ਨਹੀਂ ਕਿਹਾ—ਭਾਸ਼ਣ ਦੇ ਵੀ ਕਦੋਂ ਸਕਦਾ ਸੀ ਉਹ—ਬਸ, ਕਮਾਈ ਉਹਨਾਂ ਦੀਆਂ ਜ਼ਰੂਰਤਾਂ ਦੇ ਅਥਾਹ ਡੂੰਘੇ ਖੂਹਾਂ ਵਿਚ ਸੁੱਟਣ ਲੱਗਾ। ਪਰ ਉਹ ਖੂਹ ਕਦੇ ਨਹੀ ਭਰ ਸਕੇ। ਪਛੜਦਾ ਗਿਆ ਓਂਕਾਰ—ਉਮਰ ਉਸਨੂੰ ਧੋਖਾ ਦੇਂਦੀ ਰਹੀ…
ਤੇ ਫੇਰ ਇਕ ਦਿਨ ਮਾਂ ਮਰ ਗਈ। ਦਰਦਨਾਕ ਨਹੀਂ ਸੀ ਮਾਂ ਦੀ ਮੌਤ। ਹੋ ਵੀ ਕਿਵੇਂ ਸਕਦੀ ਸੀ...ਉਹ ਆਪਣੇ 'ਘਰ' ਹੀ ਮਰੀ ਸੀ। ਉਹ, ਹਮੇਸ਼ਾ ਸਵਾਗਤ ਲਈ ਖੁੱਲ੍ਹਾ ਰਹਿਣ ਵਾਲਾ ਬੂਹਾ, ਹਰ ਵੇਲੇ ਬਲਦਾ ਚੁੱਲ੍ਹਾ, ਤੁਲਸੀ ਦਾ ਬੂਟਾ, ਚਮਚਮ ਕਰਦੀ ਤਾਂਬੇ ਦੀ ਬਲਟੋਈ ਵਿਚ ਨਿਰਮਲ ਪਹਾੜੀ ਝਰਨੇ ਦਾ ਜਲ, ਉਹ ਥੋੜ੍ਹਾ-ਜਿਹਾ ਕਣਕ ਤੇ ਚੌਲਾਂ ਦਾ ਮਿੱਸਾ ਆਟਾ—ਏਸ ਸਾਦੇ-ਜਿਹੇ ਕੈਨਵਸ ਉੱਤੇ ਮਾਂ ਦੀ ਮੌਤ ਜਿਵੇਂ ਚਿੱਤਰਕਾਰ ਦੀ ਅੰਤਮ, ਮਹਾਨ ਪ੍ਰਾਪਤੀ ਸੀ...ਬਸ, ਬੁਰਸ਼ ਦਾ ਆਖ਼ਰੀ 'ਫਿਨਿਸ਼ਿੰਗ-ਟੱਚ', ਜਿਸ ਵਿਚ ਮਾਂ ਨੂੰ ਜ਼ਮੀਨ ਦੇ ਮੁਕਾਬਲੇ ਜ਼ਰਾ ਕੁ ਗੂੜ੍ਹਾ ਰੰਗ ਦੇ ਦਿੱਤਾ ਗਿਆ ਸੀ—ਜਿਵੇਂ ਆਰਤੀ ਸਮਾਪਤ ਹੋ ਜਾਣ ਪਿੱਛੋਂ, ਕਿਸੇ ਪਹਾੜੀ ਉੱਤੇ ਬਣੇ, ਮੰਦਰ ਦੀਆਂ ਘੰਟੀਆਂ ਦੀ ਗੂੰਜ ਅਜੇ ਬਾਕੀ ਹੋਵੇ...। ਐਨੀ ਸ਼ਾਂਤ, ਐਨੀ ਨਿਰਮਲ ਅਤੇ ਐਨੀ ਹੀ ਭਰਪੂਰ ਸੀ ਮੌਤ...
ਨਹੀਂ, ਏਨੀ ਚੁੱਪ ਭਰੀ ਨਹੀਂ ਸੀ ਮਾਂ ਦੀ ਮੌਤ; ਪਰ ਓਂਕਾਰ ਦੀ ਜ਼ਿੰਦਗੀ ਦਾ ਤਾਂ ਇਕਲੌਤਾ ਚਾਨਣ-ਦਾਇਰਾ ਵੀ ਖੁੱਸ ਗਿਆ ਸੀ। ਮਨੁੱਖਤਾ ਤੇ ਰੌਸ਼ਨੀ ਵਿਚ ਯਕੀਨ ਕਰਵਾਉਣ ਵਾਲਾ ਕੋਈ ਵੀ ਤਾਂ ਨਹੀਂ ਸੀ ਰਿਹਾ। ਮਾਂ ਦੀ ਕਹਾਣੀ ਅੱਗੇ ਵਧਦੀ ਹੈ—ਉਹ ਮੁੰਡਾ ਗਾਲ੍ਹਾਂ ਕੱਢਦਾ ਤੇ ਭਿਖਿਆ ਮੰਗਦਾ ਰਿਹਾ। ਲੋਕ ਉਸਨੂੰ ਕੁੱਟਦੇ-ਮਾਰਦੇ ਰਹੇ...ਤੇ ਇਕ ਦਿਨ ਜਦੋਂ ਇਕ ਘਰ ਦੇ ਸਾਹਮਣੇ ਗਾਲ੍ਹਾਂ ਕੱਢ ਕੇ, ਮਾਰ ਪੈਣ ਤੋਂ ਡਰਦਾ, ਜਿਵੇਂ ਹੀ ਉਹ ਭੱਜਣ ਲੱਗਾ—ਘਰ ਦੀ ਮਾਲਕਣ ਹੱਥ ਵਿਚ ਭਿਖਿਆ ਲੈ ਕੇ ਬਾਹਰ ਆਈ। ਮੁੰਡਾ ਬਸ ਦੇਖਦਾ ਹੀ ਰਹਿ ਗਿਆ। ਮੁਸਕਰਾਉਂਦੀ ਹੋਈ ਉਹ ਬੋਲੀ, ''ਜ਼ਰਾ ਦੇਰ ਹੋ ਗਈ ਏ ਬੇਟਾ, ਖਾਸਾ ਭੁੱਖਾ ਤੇ ਥੱਕਿਆ ਹੋਇਆ ਜਾਪਦਾ ਏਂ, ਗਾਲ੍ਹਾਂ ਤੇ ਦਏਂਗਾ ਹੀ। ਲੈ ਨਾਸ਼ਤਾ ਕਰ, ਤੇ ਥੋੜ੍ਹਾ ਆਰਾਮ ਕਰ ਲੈ।'' ਮੁੰਡਾ ਦੇਖਦਾ ਰਹਿ ਗਿਆ ਕਿ...ਇਹ ਸੱਚ ਸੀ, ਕਿ ਸੁਪਨਾ! ਕੁਝ ਸਮਝ ਵਿਚ ਨਾ ਆਇਆ ਤਾਂ ਪੈਰਾਂ 'ਤੇ ਡਿੱਗ ਪਿਆ; ਰੋਣ ਲੱਗਾ ਉੱਚੀ ਉੱਚੀ। ਘਰ ਦੀ ਮਾਲਕਣ ਆਪਣੀਆਂ ਉਂਗਲਾਂ ਦੇ ਪੋਰਾਂ ਨਾਲ ਉਸਦੇ ਸਿਰ ਵਿਚ ਮਮਤਾ ਸਿੰਜਦੀ ਰਹੀ।
ਮਾਂ ਬਾਰੇ ਸੋਚ ਕੇ ਦਿਲ ਕਿਵੇਂ ਕਿਵੇਂ ਹੋਣ ਲੱਗ ਪੈਂਦਾ ਸੀ ਓਂਕਾਰ ਦਾ! ਪਰ ਅੱਜ ਮਾਂ ਨਹੀਂ, ਸਿਰਫ ਨਿੰਮੀ...ਤੇ ਇਹ ਚੰਦਾ ਕਿਉਂ ਯਾਦ ਆਉਣ ਲੱਗ ਪਈ ਹੈ ਉਸਨੂੰ?
ਸਿਰ ਨੂੰ ਝਟਕਾ ਦਿੱਤਾ ਗੁੱਸੇ ਨਾਲ ਓਂਕਾਰ ਨੇ। ਚਲੋ, ਮੁੰਡੇ ਨੇ ਪਹਿਲਾਂ ਗਾਲ੍ਹਾਂ ਕੱਢੀਆਂ ਸਨ—ਪਰ ਮੋਹ-ਮਮਤਾ ਮਿਲ ਜਾਣ ਪਿੱਛੋਂ ਤਾਂ ਸ਼ਰਮਿੰਦਗੀ ਮਹਿਸੂਸ ਕੀਤੀ ਸੀ ਉਸਨੇ, ਤੇ ਮਾਲਕਣ ਦੇ ਪੈਰਾਂ ਉੱਤੇ ਡਿੱਗ ਕੇ ਰੋਇਆ ਵੀ ਸੀ, ਪਰ ਇਹ ਚੰਦਾ...ਮਾਂ ਦੀ ਮੌਤ ਤੋਂ ਬਾਅਦ ਚੰਦਾ ਨਾਲ ਉਸਦਾ ਵਿਆਹ ਵੀ ਕਈ ਹਾਦਸਿਆਂ ਵਿਚੋਂ ਇਕ ਹਾਦਸਾ ਹੀ ਸੀ। ਜਿਸਦੇ ਜ਼ਖ਼ਮ ਲਗਾਤਾਰ ਰਿਸ ਰਹੇ ਨੇ ਤੇ ਉਮਰ ਭਰ ਰਿਸਦੇ ਹੀ ਰਹਿਣਗੇ।
ਆਪਣੇ ਆਪ ਨੂੰ ਖਾਸਾ ਮਜ਼ਬੂਤ ਤੇ ਅਕਲਮੰਦ ਸਮਝਦਾ ਹੁੰਦਾ ਸੀ ਓਂਕਾਰ। ਜਦੋਂ ਚੰਦਾ ਨੂੰ ਪਹਿਲੀ ਵਾਰੀ ਦੱਸਿਆ ਕਿ ਨਾ ਤਾਂ ਉਸਨੂੰ ਜਾਨਵਰਾਂ ਵਾਂਗ ਕੁੱਟ-ਮਾਰ ਕਰਨੀ ਚੰਗੀ ਲੱਗਦੀ ਹੈ ਤੇ ਨਾ ਹੀ ਰੋ-ਪਿੱਟ ਕੇ, ਅੱਥਰੂ ਵਹਾ ਕੇ, ਗਲਤ ਗੱਲ ਨੂੰ ਮੰਨਵਾ ਲੈਣ ਦੀ ਆਦਤ ਪਸੰਦ ਹੈ...ਉਹ ਬਰਾਬਰੀ ਪਸੰਦ ਇਨਸਾਨ ਹੈ। ਕਿਸੇ ਕਿਸਮ ਦੀ ਵੀ 'ਇਮੋਸ਼ਨਲ-ਬਲੈਕ-ਮੇਲਿੰਗ' ਬਰਦਾਸ਼ਤ ਨਹੀਂ ਕਰ ਸਕਦਾ।...ਤੇ ਹਾਂ, ਉਹ ਵੱਡੀ ਤੋਂ ਵੱਡੀ ਗਲਤੀ ਵੀ ਮੁਆਫ਼ ਕਰ ਸਕਦਾ ਹੈ, ਜੇ ਉਹ ਦੁਹਰਾਈ ਨਾ ਜਾਵੇ।...ਤੇ ਦੁਹਰਾਏ ਜਾਣ ਉੱਤੇ ਉਹ ਕੁੱਟਮਾਰ ਜਾਂ ਕਿਸੇ ਹੋਰ ਕਿਸਮ ਦਾ ਵਹਿਸ਼ੀਪੁਣਾ ਨਹੀਂ ਦਿਖਾਏਗਾ, ਉਸ ਤੋਂ ਵੀ ਵੱਡੀ ਸਜ਼ਾ ਦਏਗਾ—ਖ਼ੁਦ ਆਪਣੇ ਆਪ ਨੂੰ ਵੀ—ਅਜਿਹੀਆਂ ਹਾਲਤਾਂ ਵਿਚ ਉਹ ਕਿਸੇ ਕਿਸਮ ਦੇ ਰਿਸ਼ਤੇ ਨੂੰ ਵੀ ਤੋੜ ਦੇਣਾ ਚੰਗਾ ਸਮਝੇਗਾ।
ਤੇ ਸ਼ਾਇਦ ਉਸਨੂੰ ਉਸਤੋਂ ਵੀ ਵੱਧ ਚੰਗੀ ਤਰ੍ਹਾਂ ਸਮਝ ਗਈ ਸੀ ਚੰਦਾ। ਤਦ ਹੀ ਤਾਂ ਗੱਲਬਾਤ ਦੇ ਦੂਜੇ ਤਰੀਕੇ ਨਾਲ ਓਂਕਾਰ ਦੀ ਜ਼ਿੰਦਗੀ ਵਿਚ ਸ਼ਰੀਕ ਹੋਣ ਤੋਂ ਪਹਿਲਾਂ ਹੀ ਉਸਨੇ, ਡਾਇਲਾਗਾਂ ਤੇ ਸਿਸਕੀਆਂ ਨੂੰ ਬਿਲਕੁਲ ਸਹੀ ਅਨੁਪਾਤ ਵਿਚ ਮਿਲਾ ਕੇ, ਆਪਣੇ ਪੁਰਾਣੇ ਸਬੰਧਾਂ ਤੇ ਮਜ਼ਬੂਰੀਆਂ ਨੂੰ ਬਿਆਨ ਕੀਤਾ ਸੀ। ਬਿਲਕੁਲ ਸਤੀ-ਸਾਵਿੱਤਰੀ ਬਣ ਕੇ ਕਿਹਾ ਸੀ ਕਿ ਉਹ ਦੇਵਤਾ ਹੈ ਤੇ ਉਸਦੇ ਚਰਨਾਂ ਨੂੰ ਛੱਡਣ ਦਾ ਕਤਈ ਕੋਈ ਇਰਾਦਾ ਨਹੀਂ ਉਸਦਾ। ਕੀ ਪਤਾ ਸੀ ਓਂਕਾਰ ਨੂੰ ਕਿ ਦੇਵਤਾ ਬਣਾ ਕੇ, ਚਰਨ ਫੜ੍ਹ ਕੇ, ਚੰਦਾ ਉਸਨੂੰ ਹਵਾ ਵਿਚ ਉਛਾਲ ਦਏਗੀ ਤਾਂਕਿ ਰੜੀ ਧਰਤੀ ਉੱਤੇ ਆਪਣੀ ਮਨਭਾਉਂਦੇ ਦੇ ਸਬੰਧ ਕਾਇਮ ਰੱਖ ਸਕੇ! ਉਹ ਦੇਵਤਾ ਨਹੀਂ ਹੈ, ਚੰਗੀ ਤਰ੍ਹਾਂ ਜਾਣਦੀ ਸੀ ਉਹ। ਜਿਹੜਾ ਆਦਮੀ ਹਮਲਾਵਰ ਵਾਂਗ ਆਪਣੇ ਹਿੱਸੇ ਦੀਆਂ ਬੋਟੀਆਂ ਉੱਤੇ ਟੁੱਟ ਕੇ ਨਹੀਂ ਪੈਂਦਾ, ਜਿਹੜਾ ਆਪਣਾ ਹਿੱਸਾ ਨਹੀਂ ਮੰਗਦਾ—ਸਿਰਫ ਦੂਜਿਆਂ ਦੇ ਹੱਕਾਂ ਬਾਰੇ ਸੋਚਦਾ ਰਹਿੰਦਾ ਹੈ—ਉਹ ਦੇਵਤਾ ਹੀ ਤਾਂ ਹੁੰਦਾ ਹੈ; ਉਸਤੋਂ ਡਰਨ ਵਾਲੀ ਕੋਈ ਗੱਲ ਨਹੀਂ ਹੁੰਦੀ, ਉਹ ਵਹਿਸ਼ੀਪੁਣਾ ਕਰ ਹੀ ਨਹੀਂ ਸਕਦਾ...।
ਤੇ ਚੰਦਾ ਦੇ ਪੁਰਾਣੇ ਸਬੰਧ ਜਿਵੇਂ ਦੀ ਤਿਵੇਂ ਹੀ ਰਹੇ। ਜਾਣਦੀ ਹੀ ਸੀ ਉਹ ਕਿ ਉਹ ਮੁਆਫ਼ ਕਰ ਦਏਗਾ...ਉਹ ਓਂਕਾਰ, ਜੋ ਦੇਵਤਾ ਹੈ।
ਮੁੰਡਾ ਭਿਖਿਆ ਲੈ ਕੇ ਸਾਧੂ ਬਾਬੇ ਕੋਲ ਪਰਤ ਆਇਆ। ਬਾਬੇ ਬੋਲੇ, ''ਬਈ ਐਨੀਆਂ ਗਾਲ੍ਹਾਂ ਸਹਿ ਕੇ ਭਿਖਿਆ ਦੇਣ ਤੇ ਪਿਆਰ ਕਰਨ ਵਾਲੇ ਜੀਵ, ਜਦੋਂ ਤੀਕ ਇਸ ਧਰਤੀ ਉੱਤੇ ਮੌਜ਼ੂਦ ਹਨ...ਆਸਮਾਨ ਕਿਵੇਂ ਡਿੱਗ ਸਕਦਾ ਈ ਭਲਾ? ਓਹੀਓ ਆਸਮਾਨ ਦੇ ਥੰਮ੍ਹਲੇ ਨੇ।'' ਤੇ ਮੁੰਡੇ ਦਾ ਡਰ ਦੂਰ ਹੋ ਗਿਆ ਸੀ।
ਹਾਂ, ਬੇਜਾਨ ਥੰਮ੍ਹਲਾ, ਥੰਮ੍ਹਲਾ ਨਹੀਂ ਸਿਰਫ ਕਿੱਲਾ ਹੀ ਸਮਝਦੀ ਰਹੀ ਸੀ ਚੰਦਾ ਉਸਨੂੰ। ਤਿੰਨ ਮਹੀਨਿਆਂ ਦੀ ਪੇਕੇ ਗਈ ਹੋਈ ਹੈ। ਹਰ ਮਹੀਨੇ ਪੈਸੇ ਭੇਜ ਦੇਂਦਾ ਹੈ ਓਂਕਾਰ...ਸਭ ਕੁਝ ਜਾਣਦਾ ਬੁੱਝਦਾ ਹੋਇਆ ਕਿ ਉਹ ਕਿਉਂ ਟਿਕੀ ਹੋਈ ਹੈ ਉੱਥੇ। ਹਰ ਵਾਰੀ ਸੋਚਦਾ ਹੈ, ਐਤਕੀਂ ਕੁਝ ਨਹੀਂ ਭੇਜਾਂਗਾ—ਪਰ ਪਹਿਲੀ ਨੂੰ, ਕਿਸੇ ਜੰਤਰ ਵਾਂਗ ਹੀ, ਮਨੀਆਡਰ ਫਾਰਮ ਖ਼ਰੀਦ ਲਿਆਉਂਦਾ ਹੈ। ਸੰਦੇਸ਼ ਲਈ ਥਾਂ ਉੱਤੇ ਸਿਰਫ ਤਿੰਨ ਲਕੀਰਾਂ ਖਿੱਚ ਦੇਂਦਾ ਹੈ। ਇਹੀ ਪ੍ਰੋਟੈਸਟ ਹੈ ਉਸਦਾ। ਜਦੋਂ ਉਸ ਚਾਰਾਗਾਹ ਦੀ ਹਰੀ ਹਰੀ ਘਾਹ ਚਰਦੀ ਥੱਕ ਜਾਏਗੀ ਚੰਦਾ, ਤਾਂ ਵਾਪਸ ਮੁੜ ਆਏਗੀ, ਆਪਣੇ ਉਸ 'ਖ਼ਤਰਾ-ਰਹਿਤ' ਕਿੱਲੇ ਉੱਤੇ। ਰੋਏਗੀ, ਸਭ ਸਮਝਦਾ ਹੋਏਗਾ ਓਂਕਾਰ। ਵਹਿਸ਼ੀ ਨਹੀਂ ਹੈ ਉਹ, ਬਸ ਚੁੱਪ ਰਹੇਗਾ। ਪਛਤਾਏਗੀ ਉਹ, ਉਸਨੂੰ ਚੁੱਪ ਵੇਖ ਕੇ? ਨਹੀਂ, ਅਜਿਹੇ ਅਹਿਸਾਸ ਦੇ ਸੈੱਲ ਹੀ ਨਹੀਂ ਚੰਦਾ ਵਿਚ। ਸਜ਼ਾ ਤਾਂ ਉਹ ਆਪਣੇ ਆਪ ਨੂੰ ਦੇਂਦਾ ਹੈ।
ਚੁੱਪ...ਚੁੱਪ ਰਹਿਣ ਦੀ ਆਦਤ ਹੈ ਨਿੰਮੀ ਦੀ। ਦਸਾਂ ਸਾਲਾਂ ਦੀ ਜਾਣ-ਪਛਾਣ ਵਿਚ ਨਿੰਮੀ ਦੀ ਹਰ ਮਦਦ ਕੀਤੀ ਉਸਨੇ; ਉਸਨੇ ਹਰ ਕੰਮ ਨਿੰਮੀ ਦੇ ਇਕ ਇਸ਼ਾਰੇ ਉੱਤੇ ਕੀਤਾ...ਏਸੇ ਕਰਕੇ ਨਾ ਕਿ ਉਸਦੀ ਚੁੱਪ ਪਸੰਦ ਸੀ ਉਸਨੂੰ। ਓਂਕਾਰ ਨੂੰ ਇਹੀ ਅਰਥ ਲੱਭੇ ਸਨ ਉਸਦੀ ਚੁੱਪ ਦੇ ਕਿ ਉਹ ਵੀ ਉਸੇ ਵਾਂਗ ਸ਼ਬਦਾਂ ਨੂੰ ਚਾਲਾਕ ਤੇ ਝੂਠੇ ਸਮਝਦੀ ਹੈ। ਵਿਸ਼ਵਾਸ ਸੀ ਉਸਨੂੰ ਕਿ ਨਿੰਮੀ ਕਿਸੇ ਨਾ ਕਿਸੇ ਦਿਨ ਉਹ ਸਭ ਕੁਝ ਜ਼ਰੂਰ ਆਖੇਗੀ, ਜਿਸਦਾ ਉਹ ਪਿਛਲੇ ਦਸਾਂ ਸਾਲਾਂ ਤੋਂ ਇੰਤਜ਼ਾਰ ਕਰ ਰਿਹਾ ਹੈ।...ਤੇ ਇੰਜ ਨਿੰਮੀ ਨੇ ਉਸ ਸਮੇਂ ਕੀਤਾ, ਜਦ ਉਸਦੀ ਮਾਂ ਮੋਈ ਸੀ। ਖਾਮੋਸ਼ ਨਿੰਮੀ ਦੀ ਹਮਦਰਦੀ ਸਿਰਫ ਤਿੰਨ ਸ਼ਬਦ ਸਨ 'ਬੜਾ ਮਾੜਾ ਹੋਇਆ'। ਓਂਕਾਰ ਦੀ ਦਸਾਂ ਸਾਲਾਂ ਦੀ ਉਡੀਕ ਦਾ ਜੁਆਬ—ਸਿਰਫ ਤਿੰਨ ਸ਼ਬਦ। ਜਿੱਥੋਂ ਤਕ ਓਂਕਾਰ ਦਾ ਸਵਾਲ ਹੈ, ਖਾਮੋਸ਼ ਨਿੰਮੀ ਤੇ ਬਹੁਤਾ ਬੋਲਣ ਵਾਲੀ ਚੰਦਾ, ਦੋਹਾਂ ਨੇ ਉਸਨੂੰ ਸੁਰੱਖਿਅਤ ਕਿੱਲਾ ਹੀ ਸਮਝਿਆ ਸੀ। ਅਜਿਹਾ ਕਿੱਲਾ ਜਿਸ ਲਈ ਸਮਾਂ ਕਦੀ ਨਹੀਂ ਬੀਤਦਾ...ਤੇ ਜਿਸਨੂੰ ਜਦੋਂ ਜੀਅ ਚਾਹੇ ਛੱਡਿਆ ਤੇ ਮੁੜ ਆਪਣੀ ਸੌਖ ਅਨੁਸਾਰ ਵਰਤਿਆ ਜਾ ਸਕਦਾ ਹੈ। ਦੋਹਾਂ ਨੇ ਡਾਢੇ ਧੋਖੇਬਾਜ਼ ਤੇ ਹਮਲਾਵਰ ਕਿਸਮ ਦੇ ਲੋਕ ਹੀ ਪਸੰਦ ਕੀਤੇ, ਜੋ ਉਹਨਾਂ ਨੂੰ ਮਾਂਸਲ-ਜਿਸਮ ਸਮਝ ਕੇ ਕੰਮ ਹੋ ਜਾਣ ਪਿੱਛੋਂ ਠੁਕਰਾ ਜਾਂਦੇ ਰਹੇ।...ਤੇ ਦੋਹਾਂ ਦੀ ਮਦਦ ਕਰਦਾ ਰਿਹਾ ਓਂਕਾਰ, ਕਿਉਂਕਿ ਉਹ ਸਿਰਫ ਮਦਦ ਹੀ ਕਰ ਸਕਦਾ ਸੀ। ਪਰ ਹੁਣ ਨਹੀਂਓਂ ਚੱਲਣਾ ਏਦਾਂ। ਨਹੀਂ ਲੋੜ ਉਸਨੂੰ ਆਸਮਾਨ ਦਾ ਥੰਮ੍ਹ ਬਣਨ ਦੀ। ਕੀ ਕਿਸਮਤ ਹੈ ਥੰਮ੍ਹ ਦੀ?...ਬਸ, ਸਾਰੀ ਸ਼ਕਤੀ, ਸਾਰੀ ਊਰਜਾ ਨਾਲ ਸਿਰ ਉੱਤੇ ਪੂਰੀ ਇਮਾਰਤ ਦਾ ਬੋਝ ਲੱਦੀ ਰੱਖੇ, ਹਿੱਲ ਵੀ ਨਾ ਸਕੇ...
ਥੰਮ੍ਹ ਨਹੀਂ ਬਣੇਗਾ ਉਹ—ਬਗ਼ਾਵਤ ਕਰੇਗਾ...ਹਿਲੇਗਾ ਜ਼ੋਰ ਜ਼ੋਰ ਨਾਲ, ਝਪਟੇਗਾ ਚੀਜ਼ਾਂ ਉੱਤੇ, ਹੱਲੇ ਬੋਲੇਗਾ। ਡਿੱਗ ਪਏ ਇਮਾਰਤ, ਡਿੱਗਦਾ ਫਿਰੇ ਆਸਮਾਨ—ਆਖ਼ਰ ਸਾਰਿਆਂ ਉੱਤੇ ਹੀ ਤਾਂ ਡਿੱਗੇਗਾ! ਚੰਦਾ, ਨਿੰਮੀ, ਭਰਾ, ਕਾਮਰੇਡ...ਸਾਰਿਆਂ ਨੇ ਹਮੇਸ਼ਾ ਗਿਰਝਾਂ ਵਾਂਗ ਚੂੰਡਿਆ ਹੈ ਉਸਨੂੰ। ਇਸੇ ਕਰਕੇ ਨਾ ਕਿ ਉਸਨੇ ਹਮੇਸ਼ਾ ਗਿਰਝਾਂ ਦੀ ਦਾਅਵਤ ਨੂੰ ਆਪਣੀ ਦੇਹ ਪੇਸ਼ ਕੀਤੀ ਹੈ। ਪਰ ਹੁਣ ਨਹੀਂ ਨਿਭੇਗਾ ਇਹ ਸਭ। ਲੋਕ ਤਾਂ ਹਰਾਮ ਦਾ ਖਾ ਰਹੇ ਨੇ...ਉਹ ਤਾਂ ਸਿਰਫ ਆਪਣੇ ਅਹਿਸਾਨਾਂ ਦਾ ਬਦਲ ਲਏਗਾ—ਖਰਾ ਤੇ ਉੱਕਾ-ਪੁੱਕਾ। ਭਾਵੇਂ ਮੁਆਵਜੇ ਵਜੋਂ ਉਸਨੂੰ ਕਿਸੇ ਦੀ ਚੰਮ ਹੀ ਕਿਉਂ ਨਾ ਲਾਹੁਣੀ ਪਏ।
ਕਮਰੇ ਵਿਚੋਂ ਨਿਕਲ ਪਿਆ ਓਂਕਾਰ। ਪਤਾ ਨਹੀਂ ਕਿਉਂ ਜਦੋਂ ਨਿੰਮੀ ਬਾਰੇ ਸੋਚਦਾ ਹੈ ਤਾਂ ਦੋ ਉਦਾਸੀਆਂ, ਖਾਮੋਸ਼ ਅੱਖਾਂ ਸਾਹਮਣੇ ਆ ਜਾਂਦੀਆਂ ਹਨ। ਸ਼ਾਇਦ ਪਛਤਾਵਾ ਵੀ ਹੈ ਉਹਨਾਂ ਅੱਖਾਂ ਵਿਚ! ਪਰ ਨਿੰਮੀ ਦੀ ਦੇਹ ਕਿੱਥੇ ਅਲੋਪ ਹੋ ਜਾਂਦੀ ਹੈ?
ਨਾ ਸਹੀ ਨਿੰਮੀ—ਪਰ ਨਾ ਕਿਉਂ? ਇਹੀ ਤਾਂ ਕਮਜ਼ੋਰੀ ਹੈ ਓਂਕਾਰ ਵਿਚ...ਚਾਹੁੰਦਿਆਂ ਹੋਇਆਂ ਵੀ ਜਾਨਵਰ ਨਹੀਂ ਬਣ ਸਕਦਾ।
ਚਲੋ ਨਿੰਮੀ ਹੀ ਸਹੀ...ਤੇ ਹੋਰ ਵੀ ਤਾਂ ਹੋ ਸਕਦੀਆਂ ਹਨ। ਅੱਜ ਤੋਂ ਚੰਦਾ ਦੇ ਪੈਸੇ ਬੰਦ। ਉਸਦਾ ਹਿੱਸਾ...ਰੰਡੀ ਦੇ ਕੋਠੇ ਜਾਏਗਾ। ਭਰਪੂਰ ਜੀਵਨ ਜਿਊਂਵੇਗਾ ਉਹ...ਜਿਊਂਦੇ ਜੀਅ। ਸਰੀਰ ਹੈ ਤਾਂ ਵੇਚਣ ਵਿਚ ਬੁਰਾਈ ਕਾਹਦੀ ਹੈ? ਸਰੀਤ ਤਕ ਸੀਮਤ ਨੈਤਿਕਤਾ ਵਿਚ ਉੱਕਾ ਯਕੀਨ ਨਹੀਂ ਹੈ ਓਂਕਾਰ ਨੂੰ। ਪਰ ਕੀ ਉਹ ਆਪਣੀ ਮਰਜ਼ੀ ਨਾਲ ਸਰੀਰ ਵੇਚਦੀਆਂ ਹਨ? ਓਂਕਾਰ ਸਹਿ ਸੁਭਾਅ ਗੁਣਗੁਣਾਉਣ ਲੱਗ ਪਿਆ :
'ਮਦਦ ਚਾਹਤੀ ਹੈ ਹਵਾ ਕੀ ਬੇਟੀ,
ਯਸ਼ੋਦਾ ਕੀ ਹਮ ਜਿੰਸ, ਰਾਧਾ ਕੀ ਬੇਟੀ,
ਪਯੰਬਰ ਕੀ ਉੱਮਤ, ਜੁਲੈਖਾ ਕੀ ਬੇਟੀ...'
ਮੰਨਿਆਂ ਸਰੀਰ ਤਕ ਸੀਮਤ ਨੈਤਿਕਤਾ ਨੂੰ ਨਹੀਂ ਮੰਨਦਾ ਉਹ...ਪਰ ਇਹ ਇਕ ਕੁਰੀਤੀ ਤਾਂ ਹੈ ਨਾ...ਉਂਜ ਦੇਖੀਏ ਤਾਂ 'ਵੇਚਣ ਵਾਲੀ' ਆਪਣੇ ਸਰੀਰ ਦੀ ਮਾਲਕ ਸ਼ਖਸੀਅਤ ਹੀ ਕਦੋਂ ਹੁੰਦੀ ਹੈ? ਸਿਰਫ ਘਾਹ-ਫੂਸ ਦਾ ਭਰਿਆ ਬੋਰਾ ਨਹੀਂ ਰਹਿ ਜਾਂਦੀ? ਰੁਟੀਨ ਵਿਚ ਵਿਕਦੀ ਇਕ ਜਿਨਸ!
ਪਰ ਓਂਕਾਰ ਨੂੰ ਵੀ ਤਾਂ ਜਿਊਣ ਦਾ ਹੱਕ ਹੈ। ਸਮਾਜਿਕ ਕੁਰੀਤੀਆਂ ਦੂਰ ਕਰਨ ਦਾ ਠੇਕਾ ਉਸ ਇਕੱਲੇ ਨੇ ਹੀ ਤਾਂ ਨਹੀਂ ਲਿਆ ਨਾ? ਇਕ ਗਾਹਕ ਦੀ ਹੈਸੀਅਤ ਨਾਲ ਖਰੀਦਣ ਦਾ ਹੱਕ ਹੈ ਉਸਨੂੰ ਵੀ—ਚਾਹੇ ਕੋਈ ਵਸਤੂ ਵਿਕੇ, ਚਾਹੇ ਵਿਅਕਤੀ। ਸੋਧਵਾਦ ਤਾਂ ਵਿਚਾਲੜੀ ਟਰਮ ਹੈ। ਅਜੀਬ ਨਿਰਾਸ਼ਾ ਵੱਸ ਉਤੇਜਿੱਤ ਹੋ ਕੇ ਕੂਕਿਆ ਓਂਕਾਰ—
'ਗਾਹਕ ਜ਼ਿੰਦਾ-ਬਾਦ !
ਦਲਾਲ ਮੁਰਦਾ-ਬਾਦ !
ਰੰਡੀਆਂ ਨੂੰ ਵੋਟ ਦਿਓ। '
ਓਇ, ਪਾਗਲ ਹੋ ਗਿਆ ਏਂ ਓਂਕਾਰਾ !
ਨਹੀਂ, ਨਹੀਂ, ਉਸਦੇ ਹਮਲੇ ਦਾ ਇਕੋ ਨਿਸ਼ਾਨਾ ਹੈ ਅੱਜ—ਨਿੰਮੀ। ਸਾਢੇ ਦਸ ਵੱਜੇ ਸਨ ਰਾਤ ਦੇ...ਉਸਦਾ ਪਤੀ ਨਾਂਅ ਦਾ ਜਾਨਵਰ ਕੱਚੀ ਸ਼ਰਾਬ ਦੇ ਠੇਕੇ 'ਤੇ ਆਊਟ ਪਿਆ ਹੋਏਗਾ। ਘੱਟੋ-ਘੱਟ ਰਾਤੀਂ ਦੋ ਵਜੇ ਤਕ ਪਿਆ ਰਹੇਗਾ...ਪੱਕਾ ਪਤਾ ਸੀ ਓਂਕਾਰ ਨੂੰ; ਸਵੇਰੇ ਹੀ ਤਾਂ ਨਿੰਮੀ ਦੀ ਬਿਮਾਰੀ ਦਾ ਬਹਾਨਾ ਕਰਕੇ ਰੁਪਏ ਮਾਂਠ ਕੇ ਲੈ ਗਿਆ ਸੀ ਉਸ ਤੋਂ।...ਬੇਸ਼ਰਮ, ਕਮੀਨਾ ਕਿਤੋਂ ਦਾ।
ਓਂਕਾਰ ਨੇ ਸੀਟੀ ਵਜਾਉਣੀ ਚਾਹੀ, ਵੱਜੀ ਨਹੀਂ...ਹਵਾ ਜੀਭ ਦੇ ਦੋਏ ਪਾਸਿਓਂ ਨਿਕਲ ਗਈ। ਕੱਚਾ ਜਿਹਾ ਹੋ ਕੇ ਉਸਨੇ ਆਸਮਾਨ ਵੱਲ ਦੇਖਿਆ—ਰਾਤ ਹਨੇਰੀ ਸੀ, ਸੋ ਤਾਰੇ ਕਾਫੀ ਸੰਘਣੇ ਸਨ। ਇਹ ਆਸਮਾਨ ਅੱਜ ਏਨਾ ਨੀਵਾਂ ਕਿਉਂ ਲੱਗ ਰਿਹਾ ਹੈ? ਸਪਾਟ ਜਿਹਾ! ਇਹ ਘੁਟਣ ਜਿਹੀ ਕਿਉਂ ਮਹਿਸੂਸ ਹੋ ਰਹੀ ਹੈ?
      --- --- ---
ਨਿੰਮੀ ਬੈਠੀ ਸੀ—ਬਿਲਕੁਲ ਓਵੇਂ ਹੀ...ਇਕ ਗੋਦ, ਇਕ ਬੱਚਾ, ਇਕ ਜੋੜੀ ਮਜ਼ਬੂਰੀ ਮਾਰੀਆਂ ਅੱਖਾਂ। ਬੱਚਾ ਉਂਜ ਵੀ ਕਾਫੀ ਕਮਜ਼ੋਰ ਸੀ, ਪਰ ਅੱਜ ਤਾਂ ਬਿਲਕੁਲ ਨਿਢਾਲ ਹੋਇਆ ਪਿਆ ਸੀ।
ਨਿੰਮੀ ਦੁਖੀ ਹੁੰਦੀ ਹੈ ਤਾਂ ਰੋਂਦੀ ਸਿਸਕਦੀ ਨਹੀਂ। ਬਸ, ਹੋਰ ਖਾਮੋਸ਼ ਹੋ ਜਾਂਦੀ ਹੈ; ਰੋਂਦੀਆਂ, ਵਿਰਲਾਪ ਕਰਦੀਆਂ ਹਨ, ਬਸ ਉਸਦੀਆਂ ਅੱਖਾਂ।
ਅਜਿਹਾ ਵਹਿਸ਼ੀ ਗੁੱਸਾ ਚੜ੍ਹਿਆ ਹੋਇਆ ਸੀ ਓਂਕਾਰ ਨੂੰ—ਕਿ ਬੱਚੇ ਨੂੰ ਇਕ ਪਾਸੇ ਵਗਾਹ ਮਾਰੇ ਤੇ ਝਪਟ ਪਏ ਨਿੰਮੀ ਉੱਤੇ...ਪਰ ਨਿੰਮੀ ਦੀਆਂ ਦੁਖ ਪਰੁੱਚੀਆਂ ਅੱਖਾਂ—ਕੁਝ ਵੀ ਨਹੀਂ ਸੀ ਕਰ ਸਕਿਆ ਓਂਕਾਰ। ਉਸਦੇ ਹਿੱਸੇ 'ਚ ਤਾਂ ਸਿਰਫ ਰਹਿਮ ਕਰਨਾ, ਕੁਝ ਦੇਣਾ ਤੇ ਆਪਣੀ ਰਾਹ ਟੁਰ ਜਾਣਾ ਹੀ ਲਿਖਿਆ ਹੈ।
'ਉੱਠ ਡਾਕਟਰ ਕੋਲ ਚੱਲੀਏ।'' ਓਂਕਾਰ ਨੇ ਬੱਚੇ ਨੂੰ ਉਸਦੀ ਗੋਦ ਵਿਚੋਂ ਚੁੱਕ ਲਿਆ ਤੇ ਕਿਸੇ ਮਸ਼ੀਨ ਵਾਂਗ ਹੀ ਨਿੰਮੀ ਉੱਠ ਕੇ ਖੜ੍ਹੀ ਹੋ ਗਈ।
ਡਾਕਟਰ ਓਂਕਾਰ ਦਾ ਵਾਕਿਫ਼ ਸੀ। ਪਰ ਵਾਕਫ਼ੀਅਤ ਤੇ ਫੀਸ ਦੋ ਵੱਖ-ਵੱਖ ਚੀਜ਼ਾਂ ਹੁੰਦੀਆਂ ਹਨ। ਤਿਪਹੀਏ ਸਕੂਟਰ ਵਾਲੇ ਨੇ ਨਾਈਟ ਚਾਰਜ ਵੱਖਰਾ ਲਿਆ। ਦਸ ਰੁਪਏ ਬਚ ਗਏ ਹਨ ਬਾਕੀ। 'ਪੇ' ਮਿਲੇਗੀ ਚਾਰ ਦਿਨ ਬਾਅਦ। ਤਦ ਤਕ ਲੰਚ ਦੀ ਛੁਟੀ...ਚੱਲੋ, ਇੰਜ ਹੀ ਸਹੀ...।
ਸੁੱਤੇ ਹੋਏ ਬੱਚੇ ਨੂੰ ਨਿੰਮੀ ਦੇ ਹੱਥਾਂ ਉੱਤੇ ਟਿਕਾਅ ਦਿੱਤਾ ਓਂਕਾਰ ਨੇ। ਨਿੰਮੀ ਦੀਆਂ ਖਾਮੋਸ਼ ਅੱਖਾਂ ਨੇ ਉਸ ਵੱਲ ਤੱਕਿਆ...
'ਨਹੀਂ, ਉਪਰ ਨਹੀਂ ਆਵਾਂਗਾ—ਕਾਫੀ ਵਕਤ ਹੋ ਗਿਆ ਏ—ਹੁਣ ਫਿਕਰ ਕਰਨ ਦੀ ਕੋਈ ਗੱਲ ਨਹੀਂ।'' ਜਬਰੀ ਮੁਸਕਰਾਇਆ ਵੀ ਓਂਕਾਰ।
'ਜਾਓਗੇ !'' ਭਰੜਾਅ ਗਈ ਨਿੰਮੀ ਦੀ ਆਵਾਜ਼। ਕੀ ਉਹ ਰੋ ਰਹੀ ਸੀ? ਨਿੰਮੀ ਦਾ ਖੱਬਾ ਹੱਥ ਉਸਦੇ ਮੋਢੇ ਵੱਲ ਵਧਿਆ, ਸਰੀਰ ਵੀ। ਨਹੀਂ, ਨਹੀਂ ਉਸਨੇ ਬੱਚੇ ਨੂੰ ਹਿੱਕ ਨਾਲ ਘੁੱਟ ਲਿਆ ਤੇ ਫੇਰ ਬੇਆਵਾਜ਼ ਪੌੜੀਆਂ ਚੜ੍ਹਦੀ, ਚਲੀ ਗਈ।
ਜਾਏਗਾ ਹੀ ਓਂਕਾਰ। ਜਾਣਾ ਹੀ ਪਏਗਾ। ਕਿੰਨਾ ਇਕੱਲਾ ਹੈ ਉਹ! ਸਿਰਫ 'ਜਾਓਗੇ' ਤੇ ਕੁਝ ਸਿਸਕੀਆਂ। ਮਨ ਕਿਵੇਂ ਜਿਹੇ ਹੋਣ ਲੱਗ ਪਿਆ ਸੀ—ਜਿਵੇਂ ਕੋਈ ਵਗਦੀ ਹੋਈ ਨਦੀ ਵਿਚ ਪੱਥਰ-ਕੰਕਰ ਸੁੱਟਦਾ ਰਿਹਾ ਹੋਵੇ ਸਾਰਾ ਦਿਨ...ਵਹਿੰਦਾ ਰਹੇ ਪਾਣੀ...ਤੇ ਸ਼ਾਮ ਹੋ ਜਾਏ।
ਓਂਕਾਰ ਦਾ ਜੀਅ ਠਹਾਕਾ ਮਾਰ ਕੇ ਹੱਸਣ ਨੂੰ ਕੀਤਾ, ਪਰ ਇਹ ਰੋਣ ਕਿਉਂ ਨਿਕਲ ਆਇਆ ਹੈ ਉਸਦਾ? ਓਂਕਾਰ ਵੀ ਬਸ, ਓਂਕਾਰ ਹੀ ਹੈ ਤੇ ਰਹੇਗਾ ਵੀ—ਬਿਲਕੁਲ ਨਹੀਂ ਬਦਲੇਗਾ, ਬੁੱਧੂ।
ਓਂਕਾਰ ਨੇ ਆਸਮਾਨ ਵੱਲ ਦੇਖਿਆ। ਚੰਨ ਨਿਕਲ ਆਇਆ ਸੀ। ਏਨੀ ਘੁਟਣ ਵੀ ਨਹੀਂ ਹੈ, ਬਿਲਕੁਲ ਨਿਰਮਲ ਹੈ ਆਕਾਸ਼...ਹੁਣ ਤਾਂ ਏਨਾ ਨੀਵਾਂ ਵੀ ਨਹੀਂ ਲੱਗਦਾ, ਡਿੱਗਣ ਵਾਲਾ ਤਾਂ ਬਿਲਕੁਲ ਹੀ ਨਹੀਂ। ਏਨੀਆਂ ਨਿਰਮਲ ਰਾਤਾਂ ਵਿਚ ਵੀ ਕਦੀ ਆਸਮਾਨ ਡਿੱਗੇ ਨੇ?

      --- --- ---
     ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
     ਮੋਬਾਇਲ ਨੰ : 94177-30600.

    e-mail : mpbedijaitu@yahoo.co.in
    Blog at. : mereanuwad.blogspot.com

No comments:

Post a Comment