Tuesday, September 14, 2010

ਗਵਾਹ...:: ਲੇਖਕ : ਬੀਰ ਰਾਜਾ

ਉਰਦੂ ਕਹਾਣੀ :
ਗਵਾਹ...
ਲੇਖਕ : ਬੀਰ ਰਾਜਾ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਨਦੀ ਦੇ ਨਾਲ-ਨਾਲ ਤੁਰਦਾ ਹੋਇਆ ਮੈਂ ਮੰਦਰ ਤੋਂ ਖਾਸੀ ਦੂਰ ਨਿਕਲ ਗਿਆ ਸਾਂ—ਏਡੀ ਰਾਤ ਨੂੰ ਇਕੱਲੇ ਨਿਕਲ ਆਉਣਾ ਅੰਦਰ ਇਕ ਡਰ ਨੂੰ ਜਗਾਅ ਦੇਂਦਾ ਹੈ, ਜਿਹੜਾ ਕਿਸੇ ਨਵੀਂ ਜਗ੍ਹਾ ਆਪਣੇ ਆਪ ਪੈਦਾ ਹੋ ਜਾਂਦਾ ਹੈ। ਅੱਧੀ ਰਾਤ ਨੂੰ ਨਿਕਲ ਆਉਣ ਪਿੱਛੇ ਕੋਈ ਅਜਿਹੀ ਖਿੱਚ ਜਾਂ ਮੋਹ ਵੀ ਨਹੀਂ ਸੀ, ਜੋ ਚਾਨਣੀਆਂ ਰਾਤਾਂ ਵਿਚ ਅਕਸਰ ਲੋਕਾਂ ਦੇ ਦਿਲਾਂ ਵਿਚ  ਪੈਦਾ ਹੋ ਜਾਂਦਾ ਹੈ—ਸਿਰਫ ਬਹੁਤ ਸਾਰੇ ਕਮਰਿਆਂ ਵਿਚੋਂ ਕਿਸੇ ਇਕ ਵਿਚ ਬੰਦ ਹੋ ਰਹਿਣ ਨਾਲੋਂ ਇਹੀ ਬਿਹਤਰ ਲੱਗਿਆ ਸੀ ਕਿ ਬਾਹਰ ਨਿਕਲ ਜਾਵਾਂ। ਮੰਦਰ ਦੇ ਪਿੱਛਲੇ ਪਾਸੇ ਬਣੀ ਧਰਮਸ਼ਾਲਾ ਵਿਚ ਯਾਤਰੀਆਂ ਦੇ ਠਹਿਰਣ ਲਈ ਕਈ ਕਮਰੇ ਬਣੇ ਹੋਏ ਸਨ—ਸਾਰੇ ਖ਼ਾਲੀ ਪਏ ਸਨ। ਦਰਵਾਜ਼ਿਆਂ ਨੂੰ ਲੱਗੇ ਜਿੰਦਰਿਆਂ ਨੇ, ਅੰਦਰ ਇਕ ਉਕਤਾਹਟ ਜਿਹੀ ਭਰ ਦਿੱਤੀ ਸੀ। ਉਹਨਾਂ ਸਿਲ੍ਹ ਭਰੇ ਕਮਰਿਆਂ ਵਿਚੋਂ ਕਿਸੇ ਇਕ ਵਿਚ ਰਾਤ ਬਿਤਾਉਣ ਨਾਲੋਂ ਚੰਗਾ ਸੀ, ਉੱਥੇ ਘੁੰਮ-ਫਿਰ ਕੇ ਹੀ ਰਾਤ ਬਿਤਾਅ ਦਿਆਂ।
ਧਰਮਸ਼ਾਲਾ ਦੇ ਪਿੱਛੇ ਇਕ ਵੱਡਾ ਘਾਟ ਸੀ—ਜਿੱਥੇ ਪੌੜੀਆਂ ਖ਼ਤਮ ਹੁੰਦੀਆਂ ਸਨ, ਉੱਥੋਂ ਇਕ ਪਗਡੰਡੀ ਨਦੀ ਦੇ ਨਾਲ ਨਾਲ ਜਾ ਰਹੀ ਸੀ—ਜਿਹੜੀ ਮੈਨੂੰ ਵੀ ਮੰਦਰ ਦੀ ਦੁਨੀਆਂ ਤੋਂ ਬਾਹਰ ਲੈ ਗਈ। ਵਗਦੇ ਪਾਣੀ ਦੀਆਂ ਆਵਾਜ਼ਾਂ, ਸਰਕੜਿਆਂ ਦੀਆਂ ਉੱਚੀਆਂ-ਉੱਚੀਆਂ ਝਾੜੀਆਂ ਦੀ ਸਰਸਰਾਹਟ, ਰੁੱਖਾਂ ਦੇ ਝੁੰਡ, ਲੰਮੀਆਂ ਕਤਾਰਾਂ ਵਿਚ ਝੂੰਮਦੇ ਸਫ਼ੇਦਿਆਂ ਦੀਆਂ ਛਤਰੀਆਂ ਦੇ ਪਰਛਾਵੇਂ, ਦੂਰ ਧੱਬਿਆਂ ਵਾਂਗ ਦਿਖਾਈ ਦਿੰਦਾ ਹੋਇਆ ਪਿੰਡ—ਕਦੀ ਕਿਸੇ ਪਰਿੰਦੇ ਦੀ ਫੜਫੜਾਹਟ, ਇਸ ਬੋਝਲ ਚੁੱਪ ਨੂੰ ਚੀਰ ਕੇ ਵਾਤਾਵਰਣ ਨੂੰ ਹੋਰ ਭਿਆਨਕ ਬਣਾ ਦੇਂਦੇ।
ਕਦੀ ਅਜਿਹੇ ਪਲ ਵੀ ਆਉਂਦੇ ਨੇ ਜਦੋਂ ਬੰਦਾ ਹਵਾ ਨਾਲ ਗੱਲਾਂ ਕਰਨ ਲੱਗ ਪੈਂਦਾ ਹੈ, ਆਕਾਸ਼ ਨਾਲ ਬਹਿਸਾਂ ਛੇੜ ਬਹਿੰਦਾ ਹੈ, ਪਾਣੀ ਦੀਆਂ ਆਵਾਜ਼ਾਂ ਵਿਚੋਂ ਵੀ ਅਜਿਹਾ ਹੀ ਭਰਮ ਹੋਣ ਲੱਗਦਾ ਹੈ...ਇੰਜ ਉਦੋਂ ਹੁੰਦਾ ਹੈ ਜਦੋਂ ਮਨ ਵਿਚ ਕੁਝ ਹੋਵੇ ਤੇ ਸੁਣਨ ਵਾਲਾ ਕੋਈ ਨਾ ਹੋਵੇ। ਮੈਂ ਵੀ ਕੁਝ ਇਹੋ-ਜਿਹਾ ਹੀ ਮਹਿਸੂਸ ਕਰ ਰਿਹਾ ਸਾਂ—ਪਾਣੀ ਦੀ ਗਤੀ, ਆਵਾਜ਼ਾਂ, ਭੈ, ਖਿੱਚ, ਮੋਹ ਤੇ ਅਜਿਹੀਆਂ ਹੀ ਗੱਲਾਂ ਦੇ ਪ੍ਰਤੀ ਸੋਚਣ ਲੱਗਾ; ਉਹਨਾਂ ਸੰਸਕਾਰਾਂ ਦੀਆਂ ਗੱਲਾਂ ਜਿਹੜੇ ਨਦੀ ਤੇ ਪੂਰੀ ਸਰਿਸ਼ਟੀ ਦੇ ਪ੍ਰਤੀ ਮੇਰੇ ਅੰਦਰ ਜੜਾਂ ਫੜੀ ਬੈਠੀਆਂ ਸਨ।
ਉਪਰ ਬੱਦਲਾਂ ਦੀ ਓਟ ਵਿਚੋਂ ਜਦੋਂ ਚੰਦ ਬਾਹਰ ਨਿਕਲ ਆਉਂਦਾ, ਹਰ ਚੀਜ਼ ਸਾਫ ਦਿਖਾਈ ਦੇਣ ਲੱਗ ਪੈਂਦੀ। ਹਰ ਚੀਜ਼ ਗੱਲਾਂ ਕਰ ਰਹੀ ਜਾਪਦੀ। ਜਦੋਂ ਤੇਜ਼-ਤੇਜ਼ ਭੱਜਦੇ ਹੋਏ ਬੱਦਲ ਚੰਦ ਨੂੰ ਢਕ ਦੇਂਦੇ, ਇਕ ਅਣਜਾਣ ਡਰ ਕਿਸੇ ਰਹੱਸ ਵਾਂਗ ਚਿਪਕ ਜਾਂਦਾ। ਓਪਰੀ ਜਗ੍ਹਾ ਇਕੱਲੇ ਹੋਣ ਦਾ ਭੈ! ਜਿਹੜਾ ਗਿੱਦੜਾਂ ਦੇ ਹੁਆਂਕਣ ਤੇ ਕੁੱਤਿਆਂ ਦੇ ਭੌਂਕਣ ਦੀਆਂ ਆਵਾਜ਼ਾਂ ਸਦਕਾ ਹੋਰ ਵੀ ਜ਼ਿਆਦਾ ਹੋ ਜਾਂਦਾ। ਬੀਂਡਿਆਂ ਦਾ ਰਾਗ ਆਪਣੀ ਲੈ ਵਿਚ ਜਾਰੀ ਸੀ। ਮਨ ਸਭਨਾਂ ਨਾਲੋਂ ਵੱਖ ਖਲੋ ਕੇ, ਉਹਨਾਂ ਨੂੰ ਅੱਡੋ-ਅੱਡ ਕਰਕੇ ਘੋਖਣ ਲੱਗਾ। ਇੰਜ ਆਪਣੇ ਆਪ ਹੋਣ ਲੱਗ ਪਿਆ ਸੀ।
ਉਦੋਂ ਹੀ ਇਕ ਸਰਸਰਾਹਟ ਜਿਹੀ ਸੁਣਾਈ ਦਿੱਤੀ। ਰੁੱਖਾਂ ਤੋਂ ਕਈ ਪਰਿੰਦੇ ਉੱਡ ਕੇ ਆਕਾਸ਼ ਵਿਚ ਫੜਫੜਾਉਣ ਲੱਗੇ। ਝੜੀਆਂ ਵਿਚੋਂ ਇਕ ਖ਼ਰਗੋਸ਼ ਨਿਕਲ ਕੇ ਦੂਰ ਨੱਸ ਗਿਆ। ਕੁਝ ਆਵਾਜ਼ਾਂ ਸਾਫ ਸੁਣਾਈ ਦੇਣ ਲੱਗੀਆਂ—ਆਵਾਜ਼ਾਂ ਉੱਚੀਆਂ ਤੇ ਹਿੰਸਕ ਸਨ। ਸੋਟੀਆਂ ਤੇ ਪੈਰਾਂ ਦੇ ਖੜਾਕ ਵਿਚ ਹਾਸਿਆਂ ਤੇ ਠਹਾਕਿਆਂ ਦੀਆਂ ਆਵਾਜ਼ਾਂ; ਫਾਹਸ਼ ਤੇ ਗੰਦੇ ਮਜ਼ਾਕ—ਸਾਰਾ ਮਾਹੌਲ ਭੈ-ਭੀਤ ਹੋ ਗਿਆ।
ਮੈਂ ਸਰਕੜਿਆਂ ਦੇ ਉੱਚੇ ਝੁੰਡ ਦੀ ਓਟ ਵਿਚ ਹੋ ਗਿਆ। ਝੜੀਆਂ ਦੇ ਦੂਜੇ ਪਾਸੇ ਲੰਮੀਆਂ ਡਾਂਗਾਂ ਦੇ ਸਿਰੇ ਦਿਖਾਈ ਦਿੱਤੇ, ਫੇਰ ਉਹ ਵੀ ਨਜ਼ਰ ਆਉਣ ਲੱਗ ਪਏ। ਉਹ ਛੇ ਸਨ ਤੇ ਉਸੇ ਪਗਡੰਡੀ ਉੱਤੇ ਤੁਰੇ ਆ ਰਹੇ ਸਨ, ਜਿਸ ਉੱਤੋਂ ਮੈਂ ਆਇਆ ਸਾਂ। ਉਹ ਵੈਲੀ ਬੰਦੇ ਹੀ ਜਾਪਦੇ ਸਨ। ਉੱਚੇ ਲੰਮੇਂ ਲਠੈਤ, ਦੋ ਦੇ ਮੋਢਿਆਂ ਉੱਤੇ ਬੰਦੂਕਾਂ ਵੀ ਸਨ। ਉਹਨਾਂ ਵਿਚਕਾਰ ਇਕ ਔਰਤ ਦਿਖਾਈ ਦਿੱਤੀ। ਇਕ ਮਿਟਮੈਲੀ ਜਿਹੀ ਧੋਤੀ ਵਿਚ ਲਿਪਟੀ ਹੋਈ ਔਰਤ...ਹੋ ਸਕਦਾ ਹੈ, ਧੋਤੀ ਬਸੰਤੀ ਰੰਗ ਦੀ ਹੋਵੇ, ਪਰ ਹਨੇਰਾ ਹੋਣ ਕਰਕੇ ਮਿਟਮੈਲੀ ਹੀ ਲੱਗ ਰਹੀ ਸੀ। ਉਸਦੇ ਮੂੰਹ ਉੱਤੇ ਇਕ ਪੱਟੀ ਬੱਧੀ ਹੋਈ ਸੀ ਤੇ ਦੋਵੇਂ ਹੱਥ ਪਿੱਠ ਪਿੱਛੇ ਜਕੜੇ ਹੋਏ ਸਨ। ਦੋ ਲਠੈਤ ਕੁੜੀ ਦੇ ਅੱਗੇ, ਦੋ ਪਿੱਛੇ ਤੇ ਇਕ-ਇਕ ਸੱਜੇ-ਖੱਬੇ ਸੀ। ਉਹ ਉਸਨੂੰ ਕਿਸੇ ਜਾਨਵਰ ਵਾਂਗ ਹੀ ਅੱਗੇ ਵੱਲ ਧਕੇਲ ਰਹੇ ਸਨ...ਸੋਟੀਆਂ ਦੀਆ ਹੁੱਜਾਂ ਨਾਲ। ਭੈ-ਭੀਤ ਕਰ ਦੇਣ ਵਾਲਾ ਦ੍ਰਿਸ਼ ਸੀ ਉਹ।
''ਚੱਲ ਕੁੱਤੀਏ...ਅਗਾਂਹ ਤੁਰ।''
''ਜ਼ਰਾ ਛੇਤੀ ਤੁਰ, ਰੰਡੀਏ।''
''ਬੱਸ, ਏਥੇ ਈ ਠੀਕ ਐ।''
''ਕਿਉਂ ?...ਉਸ ਤੋਂ ਡਰ ਰਿਹੈਂ; ਉਹ ਤਾਂ ਡਰੂਗਾ ਸਾਥੋਂ।''
ਇਕ ਸੋਟੀ ਕੁੜੀ ਦੇ ਸਿਰ ਉਪਰ ਵੱਜੀ, ਦੂਜੀ ਪਿੱਠ ਉੱਤੇ। ਉਹ ਥਾਵੇਂ ਢੇਰ ਹੋ ਗਈ। ਉਹਨਾਂ ਉਸਨੂੰ ਚੁੱਕਿਆ ਤੇ ਭੋਇੰ ਪਟਕ ਦਿੱਤਾ—ਇੰਜ ਤਿੰਨ ਚਾਰ ਵਾਰੀ ਕੀਤਾ ਗਿਆ। ਉਸਦਾ ਮੂੰਹ ਬੰਨ੍ਹਿਆਂ ਹੋਇਆ ਸੀ, ਫੇਰ ਵੀ ਇਕ 'ਘਉਂ-ਘਉਂ' ਜਿਹੀ ਸੁਣਾਈ ਦਿੱਤੀ। ਮੈਨੂੰ ਲੱਗਿਆ ਸੋਟੀਆਂ ਮੇਰੇ ਉੱਤੇ ਵਰ੍ਹ ਰਹੀਆਂ ਨੇ ਤੇ ਉਹ ਮੈਨੂੰ ਹੀ ਚੁੱਕ-ਚੁੱਕ ਕੇ ਸੁੱਟ ਰਹੇ ਨੇ। ਮੈਂ ਝਾੜੀਆਂ ਦੀ ਓਟ ਵਿਚੋਂ ਬਾਹਰ ਨਿਕਲ ਆਇਆ—ਇਹ ਕਿਉਂ ਤੇ ਕਿਵੇਂ ਹੋਇਆ ਮੈਨੂੰ ਇਸਦੀ ਸੁੱਧ ਨਹੀਂ, ਮੈਂ ਤਾਂ ਬੱਸ ਏਨਾ ਹੀ ਜਾਣਦਾ ਸਾਂ ਕਿ ਸੋਟੀਆਂ ਦੀ ਮਾਰ ਸਦਕਾ ਮੈਂ ਛਟਪਟਾ ਰਿਹਾ ਸਾਂ।
ਉਹ ਦਿਲ ਹਿਲਾਅ ਦੇਣ ਵਾਲਾ ਪਲ ਸੀ।
'ਖ਼ਬਰਦਾਰ! ਜਿੱਥੇ ਹੈਂ, ਉੱਥੇ ਹੀ ਖੜ੍ਹਾ ਰਹੀਂ...।'' ਉਹਨਾਂ ਦੀ ਚਿਤਾਵਨੀ ਸੁਣਾਈ ਦਿੱਤੀ। ਮੈਂ ਜੋ ਕਹਿਣਾ ਤੇ ਕਰਨਾ ਚਾਹੁੰਦਾ ਸਾਂ, ਉਹ ਵੀ ਭੁੱਲ ਗਿਆ। ਇਹ ਵੀ ਨਹੀਂ ਸੁੱਝ ਰਿਹਾ ਸੀ ਕਿ ਅਜਿਹੀ ਸਥਿਤੀ ਵਿਚ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ? ਜਾਂ, ਮੈਂ ਕੀ ਕਰ ਸਕਦਾ ਹਾਂ? ਇਸ ਗੱਲ ਉੱਤੇ ਹੈਰਾਨ ਵੀ ਸਾਂ ਕਿ ਉਹਨਾਂ ਨੂੰ ਮੇਰੀ ਮੌਜ਼ੂਦਗੀ ਦਾ ਪਤਾ ਕਿਵੇਂ ਲੱਗਿਆ? ਕਿਉਂਕਿ ਮੈਂ ਤਾਂ ਧਰਮਸ਼ਾਲਾ ਦੇ ਕੰਧਾਂ-ਕੌਲਿਆਂ ਤੀਕ ਨੂੰ ਵੀ ਦੱਸ ਕੇ ਨਹੀਂ ਸਾਂ ਆਇਆ ਕਿ ਮੈਂ ਕਿੱਥੇ ਜਾ ਰਿਹਾ ਹਾਂ? ਨਾ ਹੀ ਇਹ ਮੈਂ ਖ਼ੁਦ ਜਾਣਦਾ ਸਾਂ ਕਿ ਕਿਸ ਪਾਸੇ ਨਿਕਲ ਜਾਵਾਂਗਾ? ਫੇਰ ਉਹਨਾਂ ਨੂੰ ਕਿਸ ਨੇ ਦੱਸਿਆ ਹੋਇਆ? ਉਹਨਾਂ ਨੂੰ ਮੇਰੀ ਹੋਂਦ ਜਾਂ ਕੀੜੀ ਵਿਚ ਕੋਈ ਫ਼ਰਕ ਨਹੀਂ ਸੀ ਲੱਗ ਰਿਹਾ—ਨਾ ਉਹਨਾਂ ਦੇ ਅਪਰਾਧ ਵਿਚ ਮੈਂ ਕੋਈ ਰੁਕਾਵਟ ਹੀ ਲੱਗਦਾ ਸਾਂ—ਨਹੀਂ ਤਾਂ ਮੈਨੂੰ ਮਾਰ ਕੇ ਹੁਣ ਤੀਕ ਉਹ ਨਦੀ ਵਿਚ ਰੋੜ੍ਹ ਚੁੱਕੇ ਹੁੰਦੇ।
ਦੋ ਲਠੈਤਾਂ ਨੇ ਫੜ੍ਹ ਕੇ ਉਸਨੂੰ ਖੜ੍ਹੀ ਕਰ ਦਿੱਤਾ। ਬਾਕੀ ਚਾਰਾਂ ਨੇ ਉਸਦੀ ਗਰਦਨ ਨੂੰ ਦੋ ਸੋਟੀਆਂ ਵਿਚਕਾਰ ਕਸ ਲਿਆ...ਕੁੜੀ ਤੜਫਨ ਲੱਗੀ, ਲੱਤਾ ਮਾਰਨ ਲੱਗੀ ਤਾਂ ਉਹਨਾਂ ਸੋਟੀਆਂ ਦੇ ਸਹਾਰੇ ਉਸਨੂੰ ਉਤਾਂਹ ਚੁੱਕ ਲਿਆ। ਕਿਸੇ ਰਬੜ ਦੀ ਗੁੱਡੀ ਵਾਂਗ ਹੀ ਉਹ ਸੋਟੀਆਂ ਵਿਚਕਾਰ ਝੂਲਦੀ ਹੋਈ ਜ਼ਮੀਨ ਤੋਂ ਖਾਸੀ ਉਤਾਂਹ ਉਠ ਗਈ—ਉਦੋਂ ਉਹ ਰਬੜ ਦੀ ਗੁੱਡੀ ਨਹੀਂ ਸੋਟੀਆਂ ਸਹਾਰੇ ਤੜਫਦੀ ਹੋਈ ਰਬੜ ਦੀ ਮੱਛੀ ਲੱਗੀ। 'ਈਂ...ਈਂ' ਦੀਆਂ ਆਵਾਜ਼ਾਂ ਨਾਲ ਉਸਦਾ ਦਮ ਟੁੱਟ ਗਿਆ। ਨਿਰਜਿੰਦ ਲਾਸ਼ ਝੁਲਣ ਲੱਗੀ। ਸੋਟੀਆਂ ਦਾ ਸ਼ਿਕੰਜਾ ਢਿੱਲਾ ਹੋਇਆ, ਉਹ 'ਧੜੰਮ' ਹੇਠਾਂ ਡਿੱਗੀ। ਇਕ ਨੇ ਉਸਦੀਆਂ ਲੱਤਾਂ ਫੜ੍ਹੀਆਂ, ਦੂਜੇ ਨੇ ਸਿਰ...ਤੇ ਪੂਰੇ ਜ਼ੋਰ ਨਾਲ ਉਛਾਲ ਕੇ ਨਦੀ ਵਿਚ ਸੁੱਟ ਦਿੱਤਾ। ਰੱਸੀ ਤੇ ਪੱਟੀ ਦਾ ਵੀ ਗੋਲਾ ਜਿਹਾ ਬਣਾ ਕੇ ਪਾਣੀ ਵਿਚ ਤਾਰ ਦਿੱਤਾ ਗਿਆ। ਫੇਰ ਉਹ ਹੱਸਣ ਲੱਗ ਪਏ, ਕੁਝ ਗਾਲ੍ਹ ਮੰਦਾ ਵੀ ਬਕੇ...
'ਜਾਹ, ਮਈਆ ਦੀ ਗੋਦ ਵਿਚ ਜਾ ਕੇ ਸੌਂ...''
ਉਹ ਜਿਸ ਦਲੇਰੀ ਨਾਲ ਆਏ ਸਨ, ਉਸੇ ਲਾਪ੍ਰਵਾਹੀ ਨਾਲ ਵਾਪਸ ਪਰਤ ਗਏ। ਉਹ ਮੇਰੇ ਅੱਗੋਂ ਹੀ ਲੰਘੇ...ਉਹਨਾਂ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ, ਮੈਂ ਸੋਚਣ ਲੱਗਿਆ ਕਿ ਇਸ ਖ਼ਤਰੇ ਦਾ ਮੁਕਾਬਲਾ ਕਿੰਜ ਕਰਾਂਗਾ?...ਪਰ ਉਹਨਾਂ ਮੇਰੇ ਵੱਲ ਦੇਖਿਆ ਵੀ ਨਹੀਂ। ਉਹ ਮੇਰੀ ਮੌਜ਼ੂਦਗੀ ਨੂੰ ਵੀ ਭੁੱਲ ਚੁੱਕੇ ਸਨ ਸ਼ਾਇਦ!
ਖਾਸੀ ਦੇਰ ਤੀਕ ਮੈਂ ਉੱਥੇ ਖੜ੍ਹਾ ਰਿਹਾ। ਮੈਨੂੰ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾ ਕਿ ਸਭ ਕੁਝ ਮੈਂ ਆਪਣੀ ਅੱਖੀਂ ਵੇਖਿਆ ਹੈ। ਮੇਰੇ ਆਲੇ-ਦੁਆਲੇ ਦਾ ਮਾਹੌਲ ਓਵੇਂ ਦਾ ਜਿਵੇਂ ਸੀ, ਜਿਵੇਂ ਉਹ ਪਹਿਲਾਂ ਸੀ...ਵਗਦਾ ਹੋਇਆ ਪਾਣੀ, ਲੁਕਣ-ਮੀਟੀ ਖੇਡਦਾ ਚੰਦ, ਸੰਘਣੇ ਬੱਦਲ, ਰੁੱਖਾਂ ਤੇ ਸਰਕੜਿਆਂ ਦੀ ਸਰਸਰਾਹਟ, ਅੱਖਾਂ ਵਿਚ ਰੜਕਦੀ ਤੇ ਕੰਨਾਂ ਵਿਚ ਸ਼ੂਕਦੀ ਤੇਜ਼ ਹਵਾ, ਦੂਰ-ਦੂਰ ਤੀਕ ਫੈਲੇ ਹੋਏ ਖੇਤ। ਫੇਰ ਵੀ ਸਭ ਓਹੋ-ਜਿਹਾ ਨਹੀਂ ਸੀ ਰਿਹਾ, ਜਿਹੋ-ਜਿਹਾ ਉਸਨੂੰ ਹੋਣਾ ਚਾਹੀਦਾ ਸੀ। ਉਹ ਹਰ ਸ਼ੈ ਤੋਂ ਕੁਝ ਖੋਹ ਕੇ ਲੈ ਗਏ ਸਨ। ਪਾਣੀ ਦੀਆਂ ਆਵਾਜ਼ਾਂ, ਸਰਕੜਿਆਂ ਤੇ ਰੁੱਖਾਂ ਵਿਚੋਂ ਲੰਘਦੀ ਹਵਾ ਦੀਆਂ ਆਵਾਜ਼ਾਂ ਤੇ ਹੋਰ ਦੂਸਰੀਆਂ ਸਾਰੀਆਂ ਆਵਾਜ਼ਾਂ ਵਿਚ ਹੱਤਿਆਰਿਆਂ ਵਰਗੀ ਬੂ ਘੁਲੀ ਹੋਈ ਸੀ।
ਅਚਾਨਕ ਸਰਕੜਿਆਂ ਦੇ ਝੂੰਡ ਵਿਚ ਸਰਸਰਾਹਟ ਹੋਈ, ਇਕ ਡਰਾ ਦੇਣ ਵਾਲਾ ਖੜਾਕ...ਲੱਗਿਆ, ਉਹ ਫੇਰ ਮੁੜ ਆਏ ਨੇ; ਕੋਈ ਅਧੂਰਾ ਕੰਮ ਪੂਰਾ ਕਰਨ ਵਾਸਤੇ। ਪਰ ਉਹ ਨਹੀਂ ਸਨ, ਕੋਈ ਜਾਨਵਰ ਝਾੜੀਆਂ ਵਿਚੋਂ ਨਿਕਲ ਕੇ ਖੇਤਾਂ ਦੇ ਹਨੇਰੇ ਵਿਚ ਗੁੰਮ ਹੋ ਗਿਆ ਸੀ। ਪਤਾ ਨਹੀਂ ਕਿਸ ਡਰ ਸਦਕਾ ਹੁਣ ਤੀਕ ਝਾੜੀਆਂ ਵਿਚ ਲੁਕਿਆ ਰਿਹਾ ਸੀ! ਮੈਂ ਹਮੇਸ਼ਾ ਸੋਚਦਾ ਹੁੰਦਾ ਹਾਂ ਕਿ ਕੀ ਅਸੀਂ ਸਾਰੇ ਹੁਣ ਏਨੇ ਕਾਇਰ ਨਹੀਂ ਹੋ ਗਏ ਸਾਂ ਕਿ ਵੱਡੀ ਤੋਂ ਵੱਡੀ ਹਿੰਸਾ ਵੀ ਸਾਡੇ ਲਈ ਸਿਰਫ ਅਖ਼ਬਾਰ ਵਿਚ ਪੜ੍ਹਨ ਵਾਲੀ ਚੀਜ਼ ਬਣ ਕੇ ਰਹਿ ਗਈ ਹੈ? ਅਸੀਂ ਉਸਨੂੰ ਪੜ੍ਹਦੇ ਹਾਂ, ਪੜ੍ਹ ਕੇ ਸਿਰਫ ਚੁੱਪ ਕਰ ਜਾਂਦੇ ਹਾਂ...ਉਸਦਾ ਹੱਲ ਨਹੀਂ ਖੋਜਦੇ, ਬਿੰਦ ਦਾ ਬਿੰਦ ਖਿਝ ਕੇ ਦੂਜੀ ਖ਼ਬਰ ਦਾ ਇੰਤਜ਼ਾਰ ਕਰਨ ਲੱਗ ਪੈਂਦੇ ਹਾਂ।
ਪਰ ਅੱਜ ਉਹ ਗੱਲ ਨਹੀਂ ਸੀ। ਮੇਰੀਆਂ ਅੱਖਾਂ ਸਾਹਮਣੇ ਇਕ ਹੱਤਿਆ ਹੋਈ ਸੀ। ਮੈਂ ਸਭ ਕੁਝ ਦੇਖਿਆ ਸੀ, ਪਰ  ਕੁਝ ਕਰ ਵੀ ਨਹੀਂ ਸੀ ਸਕਿਆ। ਕੁਝ ਕਰਨਾ ਵੀ ਚਾਹੁੰਦਾ ਤਾਂ ਕੀ ਕਰ ਲੈਂਦਾ?
ਉਹ ਕੌਣ ਸਨ? ਉਹਨਾਂ ਉਸਨੂੰ ਕਤਲ ਕਿਉਂ ਕੀਤਾ? ਉਹ ਉਹਨਾਂ ਦੀ ਧੀ ਹੋ ਸਕਦੀ ਹੈ; ਨੂੰਹ ਹੋ ਸਕਦੀ ਹੈ—ਕੁਲ਼ ਦਾ ਕਲੰਕ ਹੋ ਸਕਦੀ ਹੈ। ਹੋ ਸਕਦਾ ਹੈ ਉਸਦੀ ਪਤ ਲੁੱਟ ਕੇ ਉਸਦੀ ਹੱਤਿਆ ਕਰਾਅ ਦਿੱਤੀ ਗਈ ਹੋਵੇ। ਉਹ ਕਿਰਾਏ ਦੇ ਕਾਤਲ ਵੀ ਹੋ ਸਕਦੇ ਸਨ...
ਮੈਂ ਉਸ ਥਾਂ ਉੱਤੇ ਜਾ ਕੇ ਖੜ੍ਹਾ ਹੋ ਗਿਆ ਜਿੱਥੇ ਕਤਲ ਹੋਇਆ ਸੀ। ਮੈਨੂੰ ਲੱਗਿਆ ਜਿਵੇਂ ਉਹ ਕੜਕਦੇ ਹੋਏ ਵਾਪਸ ਆ ਰਹੇ ਨੇ, ਕਿਉਂਕਿ ਮੈਨੂੰ ਉਹਨਾਂ ਇਸ ਥਾਂ ਆਉਣ ਤੋਂ ਮਨ੍ਹਾਂ ਜੋ ਕੀਤਾ ਸੀ। ਪਰ ਉਹ, ਉਹ ਨਹੀਂ ਸਨ—ਉਪਰ ਬੱਦਲ ਗੱਜ ਰਹੇ ਸਨ।
ਖ਼ੂੰਖ਼ਾਰ ਵਗਦੇ ਪਾਣੀ ਦੀ ਤਹਿ ਉਪਰ ਵਾਰੀ ਵਾਰੀ ਕੁੜੀ ਦੀ ਕਾਇਆ ਦੇ ਵਿਖਾਲੀ ਦੇਣ ਦਾ ਭਰਮ ਹੁੰਦਾ—ਕਦੀ ਤੜਫਦੀ ਹੋਈ, ਕਦੀ ਲੱਤਾਂ ਚਲਾਉਂਦੀ ਹੋਈ। ਕਦੀ ਦਹਿਸ਼ਤ ਨਾਲ ਬਾਹਰ ਵੱਲ ਨਿਕਲੀਆਂ ਅੱਖਾਂ ਤੇ ਕਦੀ ਨਿਰਜਿੰਦ ਝੂਲਦੀ ਹੋਈ ਦੇਹ ਦਿਖਾਈ ਦੇਂਦੀ। ਜਿਸ ਤਰੀਕੇ ਨਾਲ ਉਹਨਾਂ ਉਸਨੂੰ ਨਦੀ ਵਿਚ ਸੁੱਟਿਆ ਸੀ, ਉਸ ਕਰੂਰ ਦ੍ਰਿਸ਼ ਨੇ ਅੰਦਰ ਇਕ ਕੰਬਣੀ ਛੇੜ ਦਿੱਤੀ ਸੀ...।
ਆਕਾਸ਼ ਕਾਲਾ ਹੋ ਗਿਆ। ਹਰ ਚੀਜ਼ ਹਨੇਰੇ ਵਿਚ ਲੁਕ ਗਈ। ਚੰਦ ਦਾ ਕਿਤੇ ਨਾਂ ਨਿਸ਼ਾਨ ਵੀ ਨਹੀਂ ਸੀ। ਜੇ ਹੱਤਿਆ ਮੇਰੇ ਸਾਹਮਣੇ ਨਾ ਹੋਈ ਹੁੰਦੀ ਤਾਂ ਸ਼ਾਹਿਦ ਇਹ ਹਨੇਰਾ ਏਨਾ ਭਿਆਨਕ ਨਾ ਲੱਗਦਾ। ਕਾਲੇ ਬੱਦਲ ਕਾਹਲ ਨਾਲ ਵਧੇ ਆ ਰਹੇ ਸਨ ਜਿਵੇਂ ਉਹਨਾਂ ਹੱਤਿਆਰਿਆਂ ਦਾ ਪਿੱਛਾ ਕਰ ਰਹੇ ਹੋਣ। ਬੱਦਲਾਂ ਦੇ ਟਕਰਾਉਣ ਦੀ ਆਵਾਜ਼ ਕਿਸੇ ਬੰਬ ਧਮਾਕੇ ਨਾਲੋਂ ਘੱਟ ਨਹੀਂ ਸੀ। ਸੱਪ ਵਾਂਗ ਦੌੜਦੀ ਹੋਈ ਬਿਜਲੀ ਜਦੋਂ ਚਮਕਦੀ ਤਾਂ ਪੂਰੇ ਮਾਹੌਲ ਨੂੰ ਰੁਸ਼ਨਾਅ ਦੇਂਦੀ ਤੇ ਦੂਰ ਜਾ ਕੇ ਇੰਜ ਅਲੋਪ ਹੋ ਜਾਂਦੀ ਜਿਵੇਂ ਉਹਨਾਂ ਦੀਆਂ ਪੈੜਾਂ ਮਗਰ ਭੱਜਦੀ, ਰੁਕਣਾ ਭੁੱਲ ਗਈ ਹੋਵੇ। ਮੀਂਹ ਪੈਣਾ ਸ਼ੁਰੂ ਹੋ ਗਿਆ। ਉਹਨਾਂ ਦੀਆਂ ਪੈੜਾਂ ਦੇ ਨਿਸ਼ਾਨ ਵੀ ਮਿਟਣ ਲੱਗੇ। ਕੁਦਰਤ ਵੀ ਜਿਵੇਂ ਉਹਨਾਂ ਨੂੰ ਬਚਾਉਣ ਦੀਆਂ ਤਦਬੀਰਾਂ ਕਰ ਰਹੀ ਹੋਵੇ...।
ਮੈਨੂੰ ਹੁਣੇ ਜਾ ਕੇ ਥਾਣੇ 'ਚ ਰਿਪੋਰਟ ਲਿਖਵਾਉਣੀ ਚਾਹੀਦੀ ਹੈ। ਭਿੱਜਦਿਆਂ ਹੋਇਆਂ ਮੈਂ ਸੋਚਿਆ। ਪਰ ਜੇ ਉਹਨਾਂ ਪੁੱਛਿਆ ਕਿ ਮੈਂ ਇੱਥੇ ਕੀ ਕਰ ਰਿਹਾ ਸੀ...ਫੇਰ?
ਹੁਣ ਮੇਰੇ ਅੰਦਰ ਇਕ ਨਵਾਂ ਡਰ ਪੈਦਾ ਹੋ ਗਿਆ ਸੀ। ਕਿਸੇ ਕਤਲ ਦੇ ਜ਼ੁਰਮ ਵਿਚ ਫਸ ਜਾਣ ਦਾ ਡਰ। ਅੱਜ ਦੇ ਸਮੇਂ ਵਿਚ ਇਕ ਆਦਮੀ ਨੂੰ ਉਸਦੀ ਔਕਾਤ ਸਮਝਾ ਦੇਣ ਵਾਲਾ ਖ਼ੌਫ਼! ਮੈਨੂੰ ਲੱਗਿਆ ਕਿ ਕੋਈ ਵੀ ਨਿਰਦੋਸ਼ ਬੰਦਾ ਕਿਸੇ ਵੀ ਜ਼ੁਰਮ ਵਿਚ ਫਸ ਸਕਦਾ ਹੈ। ਕੀ ਕਿਸੇ ਨੂੰ ਕੁਝ ਦੱਸੇ ਬਿਨਾਂ ਮੈਨੂੰ ਇੱਥੋਂ ਵਾਪਸ ਚਲੇ ਜਾਣਾ ਚਾਹੀਦਾ ਹੈ?
ਮੈਂ ਬਾਰਿਸ਼ ਵਿਚ ਭਿੱਜਦਾ ਹੋਇਆ ਵਾਪਸ ਤੁਰ ਪਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਕਿਨਾਰਿਆਂ ਦੀ ਮਿੱਟੀ ਖੁਰਦੀ ਤਾਂ ਇਕ ਧਮਾਕਾ ਜਿਹਾ ਹੁੰਦਾ। ਲਿਸ਼ਕਦੀ ਹੋਈ ਬਿਜਲੀ ਦੇ ਚਾਨਣ ਵਿਚ ਪਾਣੀ ਵਿਚ ਵਗੀ ਜਾ ਰਹੀ ਹਰੇਕ ਚੀਜ਼ ਸਾਫ ਨਜ਼ਰ ਆਉਂਦੀ। ਪਰਨਾਲਿਆਂ ਵਾਂਗ ਵਰ੍ਹਦਾ ਹੋਇਆ ਪਾਣੀ, ਮੰਦਰ ਦਾ ਸੁਨਹਿਰੀ ਕਲਸ਼, ਸਫ਼ੇਦ ਇਮਾਰਤ, ਵਿਸ਼ਾਲ ਧਰਮਸ਼ਾਲਾ, ਘਾਟ ਤੇ ਆਸਪਾਸ ਦੀਆਂ ਸਾਰੀਆਂ ਚੀਜ਼ਾਂ ਵੀ ਨਜ਼ਰ ਆ ਜਾਂਦੀਆਂ।
ਮੈਂ ਪਗਡੰਡੀ ਤੋਂ ਹਟ ਕੇ ਕੁਝ ਦੂਰ ਬਣੇ ਰਸਤੇ ਉਪਰ ਤੁਰਨ ਲੱਗਿਆ। ਢਾਬੇ, ਚਾਹ ਤੇ ਪਾਨ-ਬੀੜੀ ਵਾਲੇ ਖੋਖੇ ਤੇ ਹੋਰ ਦੁਕਾਨਾਂ, ਸਭ ਕੁਝ ਰਾਤ ਦੀ ਕੁੱਖ ਵਿਚ ਸ਼ਾਂਤ ਪਿਆ ਸੀ। ਜਿਹੜੇ ਲੋਕ ਵਾਛੜ ਤੋਂ ਸੁਰੱਖਿਅਤ ਸੁੱਤੇ ਪਏ ਸਨ ਉਹਨਾਂ ਨੂੰ ਸ਼ਾਇਦ ਇਹ ਵੀ ਨਹੀਂ ਸੀ ਪਤਾ ਕਿ ਉਹਨਾਂ ਦੇ ਇਰਦ-ਗਿਰਦ ਕੀ ਹੋ ਰਿਹਾ ਹੈ? ਫੁੱਲਾਂ ਵਾਲਾ ਮੋਮੀ ਕਾਗਜ਼ ਨਾਲ ਆਪਣੀ ਛੱਤ ਢਕਣ ਵਿਚ ਰੁਝਿਆ ਹੋਇਆ ਸੀ।
''ਐਨੀ ਦੂਰ ਕਿਉਂ ਚਲੇ ਗਏ ਸੋ ਬਾਊ ਜੀ?''
ਮੈਨੂੰ ਦੇਖਦਿਆਂ ਹੀ ਫੁੱਲਾਂ ਵਾਲੇ ਨੇ ਪਲਾਸਟਿਕ ਕਾਗਜ਼ ਵਿਛਾਉਣਾ ਬੰਦ ਕਰ ਦਿੱਤਾ। ਛਾਲ ਮਾਰ ਕੇ ਹੇਠਾਂ ਆ ਗਿਆ। ਹੈਰਾਨੀ ਨਾਲ ਮੇਰੇ ਵੱਲ ਦੇਖਣ ਲੱਗਾ। ਉਸਨੇ ਮੈਨੂੰ ਇੰਜ ਪੁੱਛਿਆ ਸੀ ਜਿਵੇਂ ਮੈਂ ਕਿਸੇ ਅਵੈਧ ਜਗ੍ਹਾ, ਬਿਨਾਂ ਇਜਾਜ਼ਤ, ਚਲਾ ਗਿਆ ਹੋਵਾਂ, ਜਿੱਥੋਂ ਜਿਉਂਦੇ ਵਾਪਸ ਮੁੜਨ ਦੀ ਉਮੀਦ ਨਾ ਹੋਵੇ। ਉਹ ਪਹਿਲਾਂ ਦਿੱਲੀ ਵਿਚ ਰਹਿੰਦਾ ਹੁੰਦਾ ਸੀ ਤੇ ਪਿਛਲੇ ਕੁਝ ਸਾਲਾਂ ਤੋਂ ਇੱਥੇ ਮੰਦਰ ਦੇ ਬਾਹਰ ਫੁੱਲ-ਮਾਲਾਵਾਂ ਤੇ ਫੁੱਲ-ਪੱਤੀਆਂ ਦੇ ਡੂਨੇ ਵੇਚ ਕੇ ਰੋਟੀ ਕਮਾ ਰਿਹਾ ਸੀ—''ਪੰਡਿਤ ਜੀ ਬੜੇ ਪ੍ਰੇਸ਼ਾਨ ਨੇ। ਕਈ ਵੇਰ ਆ ਕੇ ਤੁਹਾਡੇ ਬਾਰੇ ਪੁੱਛ ਚੁੱਕੇ ਨੇ।''
ਮੰਦਰ ਦਾ ਫਾਟਕ ਬੰਦ ਸੀ। ਅੰਦਰਲਾ ਪਾਣੀ ਪੌੜੀਆਂ ਥਾਈਂ ਵਗ ਕੇ ਬਾਹਰ ਆ ਰਿਹਾ ਸੀ। ਤੇਜ਼ ਵਾਛੜ ਮੰਦਰ ਦੀਆਂ ਕੰਧਾਂ ਨਾਲ ਟਕਰਾਉਂਦੀ ਤੇ ਜੰਗਲੇ ਵਿਚੋਂ ਉਸਦੀ ਫੁਆਰ ਮੇਰੇ ਚਿਹਰੇ ਉੱਤੇ ਆ ਪੈਂਦੀ। ਅੰਦਰ ਬੱਤੀ ਜਗ ਪਈ। ਪੰਡਤ ਜੀ ਚੌਕੀਦਾਰ ਨਾਲ ਧੀਮੀ ਆਵਾਜ਼ ਵਿਚ ਕੋਈ ਗੱਲ ਕਰ ਰਹੇ ਸਨ। ਉਹਨਾਂ ਦੀ ਛੱਤਰੀ ਹਵਾ ਦੇ ਵੇਗ ਕਾਰਨ ਵਾਰੀ-ਵਾਰੀ ਉੱਡੂੰ-ਉੱਡੂੰ ਕਰਦੀ। ਚੌਕੀਦਾਰ ਤੁਰੰਤ ਉਸਨੂੰ ਸੰਭਾਲ ਲੈਂਦਾ ਤੇ ਠੀਕ ਕਰਕੇ ਫੇਰ ਪੰਡਤ ਜੀ ਉਪਰ ਕਰ ਦੇਂਦਾ। ਫੇਰ ਛੱਤਰੀ ਉਸਨੇ ਉਹਨਾਂ ਨੂੰ ਹੀ ਫੜਾ ਦਿੱਤੀ ਤੇ ਉਹਨਾਂ ਦੇ ਹੱਥੋਂ ਚਾਬੀਆਂ ਵਾਲ ਗੁੱਛਾ ਫੜ੍ਹ ਕੇ ਗੇਟ ਦਾ ਜਿੰਦਰਾ ਖੋਲ੍ਹ ਦਿੱਤਾ। ਪੰਡਤ ਜੀ ਚੁੱਪਚਾਪ ਮੇਰੇ ਵੱਲ ਦੇਖਣ ਲੱਗੇ, ਮੂੰਹੋਂ ਇਕ ਸ਼ਬਦ ਵੀ ਨਹੀਂ ਸਨ ਬੋਲੇ, ਪਰ ਮੈਨੂੰ ਇੰਜ ਲੱਗਿਆ ਸੀ ਜਿਵੇਂ ਉਹ ਬੜਾ ਕੁਝ ਕਹਿਣਾ ਚਾਹੁੰਦੇ ਨੇ ਤੇ ਹੁਣੇ ਹੀ ਮੇਰੇ ਉੱਤੇ ਵਰ੍ਹ ਪੈਣਗੇ—ਪਰ ਨਾ ਤਾਂ ਉਹਨਾਂ ਕੁਝ ਕਿਹਾ ਤੇ ਨਾ ਹੀ ਵਰ੍ਹੇ। ਇਸ਼ਾਰਾ ਕਰਨ ਪਿੱਛੋਂ ਉਹ ਲੰਮੇਂ ਵਰਾਂਡੇ ਵਿਚ ਤੁਰਨ ਲੱਗੇ, ਮੈਂ ਕਿਸੇ ਬੱਚੇ ਵਾਂਗ ਹੀ ਉਹਨਾਂ ਦੇ ਪਿੱਛੇ-ਪਿੱਛੇ ਹੋ ਲਿਆ। ਰਾਤ ਦੇ ਤੂਫ਼ਾਨ ਸਦਕਾ ਭਿੱਜੇ ਵਰਾਂਡੇ ਵਿਚ ਉਹਨਾਂ ਦੀਆਂ ਖੜਾਵਾਂ ਦੀ 'ਖਟ-ਖਟ' ਬਿਲਕੁਲ ਵੱਖਰੀ ਕਿਸਮ ਦੀ ਲੱਗੀ; ਉਹਨਾਂ ਦੀ ਚੁੱਪ ਵੀ ਅਜੀਬ ਲੱਗੀ। ਉਹ ਬੜੇ ਸ਼ਾਂਤ ਭਾਵ ਨਾਲ ਤੁਰੇ ਜਾ ਰਹੇ ਸਨ। ਮੈਂ ਸੋਚਿਆ ਕਿ ਮੈਂ ਕਿਉਂ ਸ਼ਾਂਤ ਨਹੀਂ ਹਾਂ? ਚਾਹ ਕੇ ਵੀ ਮੈਂ ਇੰਜ ਕਿਉਂ ਨਹੀਂ ਕਰ ਸਕਦਾ? ਉਹਨਾਂ ਮੇਰੇ ਕਮਰੇ ਦਾ ਬੰਦ ਦਰਵਾਜ਼ਾ ਖੋਲ੍ਹਿਆ, ਜਿਸਨੂੰ ਮੈਂ ਖੁੱਲ੍ਹਾ ਹੀ ਛੱਡ ਗਿਆ ਸਾਂ। ਦਰਵਾਜ਼ਾ ਖੁੱਲ੍ਹਦਿਆਂ ਹੀ ਮੇਜ਼ ਉੱਤੇ ਪਏ ਰਸਾਲਿਆਂ ਦੇ ਪੰਨੇ ਫੜਫੜਾਉਣ ਲੱਗ ਪਏ। ਮੇਰਾ ਸੂਟਕਸ, ਬੈਗ ਤੇ ਬਿਸਤਰਾ ਮੰਜੇ ਉਪਰ ਓਵੇਂ ਦੇ ਜਿਵੇਂ ਪਏ ਸਨ। ਮੈਂ ਮੇਜ਼ ਉੱਤੋਂ ਸਵੇਰ ਦਾ ਅਖ਼ਬਾਰ ਚੁੱਕ ਲਿਆ। ਕਰੋੜਾਂ ਦੀ ਫੜ੍ਹੀ ਗਈ ਹੀਰੋਇਨ, ਕਿਸੇ ਕੁੜੀ ਦੇ ਸੜੇ ਜਾਣ ਦੀ ਖ਼ਬਰ, ਬੈਂਕ ਡਕੈਤੀ ਦੀਆਂ ਸੁਰਖੀਆਂ, ਪ੍ਰਧਾਨ ਮੰਤਰੀ ਦਾ ਭਾਸ਼ਨ ਤੇ ਤਸਵੀਰ...
ਮੈਂ ਬਾਰੀ ਖੋਲ੍ਹ ਦਿੱਤੀ। ਬਾਹਰ ਉਸ ਪਾਸੇ ਵੀ ਵਰਾਂਡਾ ਸੀ। ਉਸਦੇ ਨਾਲ ਘਾਟ ਦੀਆਂ ਪੌੜੀਆਂ ਤੇ ਪੌੜੀਆਂ ਅੱਗੇ ਨਦੀ ਦਾ ਪਾਟ...ਜਦੋਂ ਬਿਜਲੀ ਲਿਸ਼ਕਦੀ ਪਲ ਛਿਣ ਲਈ ਸਭੋ ਕੁਝ ਇਕੋ ਵੇਰ ਦਿਖਾਈ ਦੇ ਜਾਂਦਾ।
'ਪ੍ਰਮਾਤਮਾਂ ਦੀ ਕ੍ਰਿਪਾ ਨਾਲ ਏਥੇ ਅੱਜ ਤੱਕਰ ਕਿਸੇ ਯਾਤਰੀ ਨਾਲ ਕੋਈ ਮੰਦੀ ਘਟਨਾ ਨਹੀਂ ਵਾਪਰੀ...ਤੁਸੀਂ ਤੀਰਥ ਯਾਤਰੀ ਓ, ਬਿਨਾਂ ਦੱਸੇ ਤੁਹਾਨੂੰ ਨਦੀ ਵਾਲੀ ਪਗਡੰਡੀ ਵੱਲ ਨਹੀਂ ਜਾਣਾ ਚਾਹੀਦਾ ਸੀ। ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਸੀ, ਜਿਸ ਨਾਲ ਮੰਦਰ ਬਦਨਾਮ ਹੋਵੇ...।''
''ਤੁਹਨੂੰ ਕਿੰਜ ਪਤਾ ਲੱਗਾ ਕਿ ਮੈਂ ਉੱਥੇ ਗਿਆ ਸਾਂ?''
'ਯਤਰੀ ਦੀ ਸੁਰੱਖਿਆ ਵਿਚ ਹੀ ਸਾਡੀ ਆਪਣੀ ਸੁਰੱਖਿਆ ਹੈ।''
'ਸੁਰੱਖਿਆ...'' ਮੈਂ ਚੀਖ਼ਿਆ। ਮੇਰੇ ਅੰਦਰ ਇਕ ਨਫ਼ਰਤ ਜਿਹੀ ਭਰ ਗਈ ਸੀ। ਮੈਂ ਆਪਣੇ ਆਪ ਨੂੰ ਪਹਿਲਾਂ ਨਾਲੋਂ ਵਧੇਰੇ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਿਆ ਸਾਂ।
'ਤੁਹਾਨੂੰ ਕਿਸ ਨੇ ਦੱਸਿਆ ਹੈ?'' ਮੈਂ ਕੜਕ ਕੇ ਪੁੱਛਿਆ। ਸ਼ਾਇਦ ਭੈ ਉੱਤੇ ਭਾਰੂ ਹੋ ਜਾਣ ਦਾ ਇਹੀ ਉਪਾਅ ਸੁੱਝਿਆ ਸੀ ਮੈਨੂੰ। ਉਦੋਂ ਹੀ ਅੰਦਰ ਇਕ ਭਾਵਨਾ ਉੱਠੀ ਕਿ ਵਾਰਦਾਤ ਸਮੇਂ ਮੈਂ ਇਹ ਸਾਹਸ ਕਿਉਂ ਨਹੀਂ ਸੀ ਦਿਖਾਇਆ?
'ਸਾਨੂੰ ਯਾਤਰੀਆਂ ਦੀ ਸੁਰੱਖਿਆ ਲਈ ਬੜਾ ਕੁਝ ਕਰਨਾਂ ਪੈਦਾ ਏ...ਹੁਣ ਤੁਸੀਂ ਆਰਾਮ ਕਰੋ, ਕੱਪੜੇ ਵੀ ਬਦਲ ਲੈਣਾ—ਕਿਤੇ ਠੰਡ ਨਾ ਲੱਗ ਜਾਏ।''
ਉਹ ਚਲੇ ਗਏ। ਦੇਰ ਤੀਕ ਉਹਨਾਂ ਦੀਆਂ ਖੜਾਵਾਂ ਦੀ 'ਠਕ-ਠਕ' ਸੁਣਾਈ ਦੇਂਦੀ ਰਹੀ। ਅਚਾਨਕ ਬਿਜਲੀ ਚਲੀ ਗਈ। ਕਮਰੇ ਵਿਚ ਹਨੇਰਾ ਭਰ ਗਿਆ। ਚੌਕੀਦਾਰ ਉਹਨਾਂ ਨੂੰ ਛੱਡ ਕੇ ਵਾਪਸ ਆ ਗਿਆ ਤੇ ਵਰਾਂਡਿਆਂ ਦੇ ਚੱਕਰ ਲਾਉਣ ਲੱਗਿਆ। ਟਾਰਚ ਦੀ ਰੌਸ਼ਨੀ ਧਰਮਸ਼ਾਲਾ ਦੇ ਪੱਕੇ ਫਰਸ਼ ਉੱਤੇ ਘੁੰਮਦੀ ਹੋਈ ਬੰਦ ਕਮਰਿਆਂ ਉੱਤੇ ਰੁਕ ਜਾਂਦੀ...ਫੇਰ ਅੱਗੇ ਵਧਦੀ ਤੇ ਘਾਟ ਦੀਆਂ ਪੌੜੀਆਂ ਵੱਲ ਦੌੜ ਜਾਂਦੀ। ਜਦੋਂ ਉਹ ਸਾਹਮਣੇ ਵਾਲੇ ਕਮਰਿਆਂ ਕੋਲ ਪਹੁੰਚਿਆ ਤਾਂ ਰੌਸ਼ਨੀ ਦੀ ਲਕੀਰ ਨੇ ਮੇਰੇ ਕਮਰੇ ਕੋਲ ਆ ਕੇ ਮੈਨੂੰ ਡਰਾ ਦਿੱਤਾ...ਉਹ ਕਦੀ ਕੰਧ, ਕਦੀ ਫਰਸ਼, ਤੇ ਕਦੀ ਮੇਰੇ ਉੱਤੇ ਆ ਰੁਕਦੀ—ਜਿਵੇਂ ਮੇਰਾ ਹੀ ਪਿੱਛਾ ਕਰ ਰਹੀ ਹੋਵੇ...
ਚੌਕੀਦਾਰ ਵੀ ਕਈ ਵਾਰੀ ਕਹਿ ਗਿਆ ਸੀ ਕਿ ਪ੍ਰਦੇਸ ਵਿਚ ਮੈਨੂੰ ਇੰਜ ਬਾਹਰ ਨਹੀਂ ਸੀ ਨਿਕਲਣਾ ਚਾਹੀਦਾ, ਰਾਤ ਨੂੰ।
ਧਰਮਸ਼ਾਲਾ, ਪੁਜਾਰੀ, ਚੌਕੀਦਾਰ ਤੇ ਹੱਤਿਆਰੇ...ਹੱਤਿਆ, ਫੁੱਲਾਂ ਵਾਲਾ ਤੇ ਤੇਜ਼ ਤੂਫ਼ਾਨ—ਇਕੋ ਰਹੱਸ ਦੀਆਂ ਕੜੀਆਂ ਜਾਪਦੇ ਸਨ ਸਾਰੇ। ਅੱਖਾਂ ਬੰਦ ਕਰਦਿਆਂ ਹੀ ਕੁੜੀ ਦੀ ਕਾਇਆ ਸਾਹਮਣੇ ਆ ਖਲੋਂਦੀ ਤੇ ਅੱਖਾਂ ਖੋਲ੍ਹਦਿਆਂ ਹੀ ਕਿਸ ਵੱਡੇ ਸਕੈਂਡਲ ਦਾ ਅਹਿਸਾਸ ਹੋਣ ਲੱਗਦਾ।
ਮੈਂ ਬਾਰੀ ਕੋਲ ਜਾ ਖੜ੍ਹਾ ਹੋਇਆ ਤੇ ਨਾਲ ਨਾਲ ਵਗਦੀ ਨਦੀ ਨੂੰ ਦੇਖਣ ਲੱਗਾ। ਇਸ ਨਦੀ ਦੀ ਹੇਠਲੀ ਤੈਹ ਵਿਚ ਪਤਾ ਨਹੀਂ ਕਿੰਨੇ ਨਿਰਦੋਸ਼ ਲੋਕਾਂ ਦੀਆਂ ਹੱਡੀਆਂ ਪਈਆਂ ਹੋਣਗੀਆਂ। ਹੁਣ ਤੀਕ ਕੁੜੀ ਵੀ ਹੱਡੀਆਂ ਵਿਚ ਬਦਲ ਚੁੱਕੀ ਹੋਏਗੀ ਤੇ ਆਪਣੀ ਪਛਾਣ ਗੰਵਾਅ ਚੁੱਕੀ ਹੋਏਗੀ। ਉਸਦੀ ਕਹਾਣੀ ਖ਼ਤਮ ਹੋ ਗਈ, ਜਿਹੜੀ ਉਸਦੀ ਕਹਾਣੀ ਨਾ ਹੋ ਕੇ ਇਸ ਬੇਰਹਿਮ ਵਕਤ ਤੇ ਸਮਾਜ ਦੀ ਕਹਾਣੀ ਹੋ ਸਕਦੀ ਹੈ।
ਸਵੇਰੇ ਅਜੇ ਬੱਦਲਾਂ ਦਾ ਮੇਲਾ ਪੂਰੀ ਤਰ੍ਹਾਂ ਨਾਲ ਨਹੀਂ ਸੀ ਵਿਛੜਿਆ। ਮੀਂਹ ਬੰਦ ਹੋ ਚੁੱਕਿਆ ਸੀ, ਪਰ ਨਦੀ ਦਾ ਵੇਗ ਹੁਣ ਵੀ ਖ਼ੂੰਖ਼ਾਰ ਤੇ ਤਬਾਹ ਕਰ ਦੇਣ ਵਾਲ ਸੀ। ਪਰਲੇ ਕਿਨਾਰੇ ਦੇ ਨਾਲ ਵੱਡੀਆਂ ਕਿਸ਼ਤੀਆਂ ਡੋਲ ਰਹੀਆਂ ਸਨ। ਲਹਿਰਾਂ ਦੀਆਂ ਆਵਾਜ਼ਾਂ ਸਾਫ ਸੁਣਾਈ ਦੇ ਰਹੀਆਂ ਸਨ। ਮੈਂ ਓਧਰ ਦੇਖਿਆ, ਜਿਧਰ ਵਾਰਦਾਤ ਹੋਈ ਸੀ। ਉਪਰ ਆਕਾਸ਼ ਵਿਚ ਇੱਲ੍ਹਾਂ ਤੇ ਕੁਝ ਹੋਰ ਪੰਛੀ ਉੱਡ ਰਹੇ ਸਨ। ਕੋਈ ਅਜਿਹਾ ਨਿਸ਼ਾਨ ਬਾਕੀ ਨਹੀਂ ਸੀ ਜਿਸ ਨਾਲ ਏਨਾ ਵੀ ਪਤਾ ਲੱਗ ਸਕੇ ਕਿ ਰਾਤ ਉੱਥੇ ਕੋਈ ਹਿੰਸਾ ਵਾਪਰੀ ਸੀ। ਘਾਟ ਉਪਰ ਕੁਝ ਲੋਕ ਨਹਾ ਰਹੇ ਸਨ—ਸਲੋਕਾਂ ਦੀ ਆਵਾਜ਼, ਮੰਦਰ ਵਿਚੋਂ ਆਉਂਦੀ ਘੰਟੀਆਂ ਦੀ ਆਵਾਜ਼ ਤੇ ਵਜਦੇ ਹੋਏ ਸੰਖਾਂ ਦੀ ਆਵਾਜ਼ ਰਲਗਡ ਹੋ ਰਹੀ ਸੀ।
ਮੰਦਰ ਦੇ ਬਾਹਰ ਵਾਲੀਆਂ ਸਾਰੀਆਂ ਦੁਕਾਨਾਂ ਖੁੱਲ੍ਹ ਚੁੱਕੀਆਂ ਸਨ। ਚਾਹ ਵਾਲੇ ਖੋਖੇ ਵਿਚ ਕੇਤਲੀ ਵਿਚੋਂ ਉੱਬਲਦੇ ਪਾਣੀ ਦੀ ਭਾਫ ਨਿਕਲਦੀ ਦਿਖਾਈ ਦਿੱਤੀ। ਭੱਠੀ ਉਪਰ ਕੜਾਹੀ ਵਿਚ ਤੇਲ ਉੱਬਲ ਰਿਹਾ ਸੀ।
'ਚਾਹ ਪੀਓਗੇ ਨਾ?'' ਦੁਕਾਨਦਾਰ ਨੇ ਮੈਥੋਂ ਸਹਿਮਤੀ ਲਏ ਬਿਨਾਂ ਹੀ ਸਾਸਪੈਨ ਵਿਚ ਪਾਣੀ ਉੱਬਲਨਾ ਰੱਖ ਦਿੱਤਾ—ਮੁੰਡੇ ਨੇ ਕੱਪੜੇ ਨਾਲ ਬੈਂਚ ਸਾਫ ਕਰ ਦਿੱਤਾ।
'ਰਾਤ ਤੁਹਾਨੂੰ ਨਦੀ 'ਤੇ ਏਨੀ ਦੂਰ ਤਕ ਘੁੰਮਣ ਨਹੀਂ ਜਾਣਾ ਚਾਹੀਦਾ ਸੀ।'' ਮੈਂ ਤ੍ਰਬਕ ਕੇ ਉਸ ਵੱਲ ਦੇਖਿਆ। ਉਹ ਕਿਤੇ ਹੋਰ ਹੀ ਗਵਾਚਿਆ ਹੋਇਆ ਸੀ। ਸ਼ਾਇਦ, ਉਸ ਇਲਾਕੇ ਦੇ ਭੂਗੋਲ ਤੇ ਇਤਿਹਾਸ ਵਿਚ ਛਿਪੀਆਂ ਵਾਰਦਾਤਾਂ ਦੀ ਦੁਨੀਆਂ ਵਿਚ—ਇਕ ਪਿੱਛੋਂ ਇਕ ਕਿਸੇ ਨਾ ਕਿਸੇ ਘਟਨਾ ਦੀ ਚਰਚਾ ਕਰ ਰਿਹਾ ਸੀ ਉਹ।
ਮੈਂ ਚਾਹ ਦਾ ਗ਼ਲਾਸ ਚੁੱਕ ਕੇ ਕੋਨੇ ਵਿਚ ਪਏ ਬੈਂਚ ਉੱਤੇ ਜਾ ਬੈਠਿਆ। ਅੰਦਰ ਬੈਠੇ ਹੋਏ ਲੋਕ ਵੀ ਰਾਤ ਵਾਲੀ ਘਟਨਾ ਦੀਆਂ ਗੱਲਾਂ ਕਰ ਰਹੇ ਸਨ। ਮੈਨੂੰ ਦੇਖ ਕੇ ਉਹਨਾਂ ਦੀਆਂ ਆਵਾਜ਼ਾਂ ਅਤਿ ਧੀਮੀਆਂ ਹੋ ਗਈਆਂ। ਸਾਰੇ ਲੰਮੇਂ-ਝੰਮੇਂ ਤੇ ਨਰੋਏ ਮਰਦ ਸਨ। ਸਿਰਾਂ ਉੱਤੇ ਪੱਗਾਂ ਬੱਝੀਆਂ ਸਨ, ਲੰਮੀਆਂ ਲੰਮੀਆਂ ਮੁੱਛਾਂ ਰੱਖੀਆਂ ਹੋਈਆਂ ਸਨ ਤੇ ਕੋਲ ਹੀ ਸੋਟੀਆਂ ਪਈਆਂ ਸਨ। ਰਾਤ ਵਾਲਾ ਭੈ ਫੇਰ ਜਾਗ ਪਿਆ...ਲੱਗਿਆ, ਇਹ ਉਹੀ ਨੇ—ਪਰ, ਉਹ ਉਹੀ ਨਹੀਂ ਸਨ; ਕਿਸੇ ਬੱਸ ਨੂੰ ਉਡੀਕ ਰਹੇ ਸਨ। ਬਾਹਰ ਚਿੱਕੜ ਵਿਚ ਖੜ੍ਹੇ ਕੁਝ ਬੰਦੇ ਕਿਸੇ ਪੁਰਾਣੀ ਦੁਸ਼ਮਣੀ ਦੀਆਂ ਗੱਲਾਂ ਕਰ ਰਹੇ ਸਨ—ਕੁਝ ਕਿਸੇ ਕੁੜੀ ਦੇ ਚਰਿੱਤਰ ਉੱਤੇ ਚਿੱਕੜ ਉਛਾਲ ਕੇ ਸਵਾਦ ਲੈ ਰਹੇ ਸਨ।
ਮੈਂ ਫੁੱਲਾਂ ਵਾਲੇ ਦੀ ਦੁਕਾਨ ਵੱਲ ਦੇਖਿਆ। ਮਾਲਾਵਾਂ ਲਟਕ ਰਹੀਆਂ ਸਨ, ਡੂਨਿਆਂ ਵਿਚ ਗ਼ੁਲਾਬ ਦੀਆਂ ਪੱਤੀਆਂ ਉੱਤੇ ਰੱਖੇ ਨਿੱਕੇ-ਨਿੱਕੇ ਦੀਵੇ ਬੜੇ ਹੀ ਸੋਹਣੇ ਲੱਗੇ।
''ਪੂਜਾ ਲਈ ਤਾਜ਼ੇ ਫੁੱਲ ਲੈ ਜਾਓ...''
***

ਮੈਂ ਕਾਹਲ ਨਾਲ ਪਿੰਡ ਵੱਲ ਤੁਰ ਗਿਆ। ਉੱਥੇ ਖਾਸੀ ਰੌਣਕ ਦਿਖਾਈ ਦਿੱਤੀ। ਸਾਰੀਆਂ ਦੁਕਾਨਾਂ ਇੰਜ ਖੁੱਲ੍ਹੀਆਂ ਸਨ ਜਿਵੇਂ ਰਾਤ ਨੂੰ ਵੀ ਕਦੀ ਬੰਦ ਨਾ ਹੋਈਆਂ ਹੋਣ। 'ਫਿਟ-ਫਿਟ' ਕਰਦੇ ਸਕੂਟਰ, ਟੈਂਪੂ ਤੇ 'ਪਿੱਚ-ਪਿੱਚ' ਕਰਦੀਆਂ ਬਲਦ-ਗੱਡੀਆਂ ਤੇ ਰਿਕਸ਼ੇ ਚਿੱਕੜ ਵਿਚ ਨੱਸੇ ਫਿਰਦੇ ਸਨ। ਕੰਧਾਂ ਉੱਤੇ ਫਿਲਮਾਂ, ਖਾਦਾਂ, ਬੀਜਾਂ ਤੇ ਪਰਿਵਾਰ ਨਿਯੋਜਨ ਦੇ ਪੋਸਟਰ ਚਿਪਕੇ ਹੋਏ ਸਨ—ਜਵਾਨੀ ਤੇ ਤਾਕਤ ਮੁੜ ਬਹਾਲ ਕਰਨ ਦੇ ਦਾਅਵੇ ਲਿਖੇ ਸਨ।
ਮੇਰੇ ਉੱਤੇ ਲੋਕਾਂ ਦੀਆਂ ਨਿਗਾਹਾਂ ਟਿਕ ਜਾਂਦੀਆਂ, ਘੁਸਰ-ਮੁਸਰ ਹੋਣ ਲੱਗਦੀ, ਕਈ ਮੈਨੂੰ ਘੂਰਨ ਲੱਗਦੇ—ਉਹ ਮੇਰੇ ਵੱਲ ਇੰਜ ਦੇਖ ਰਹੇ ਸਨ ਜਿਵੇਂ ਮੈਂ ਕੋਈ ਅਪਰਾਧੀ ਹੋਵਾਂ ਤੇ ਉਹਨਾਂ ਦੀ ਸਹਿਜ ਜ਼ਿੰਦਗੀ ਵਿਚ ਕੋਈ ਧਮਾਕਾ ਕਰਨਾ ਚਾਹੁੰਦਾ ਹੋਵਾਂ। ਕੱਲ੍ਹ ਸ਼ਾਮ ਨੂੰ ਜਦੋਂ ਮੈਂ ਇੱਥੇ ਆਇਆ ਸਾਂ ਤਾਂ ਮੈਨੂੰ ਇੰਜ ਮਹਿਸੂਸ ਨਹੀਂ ਸੀ ਹੋਇਆ। ਨਾ ਹੀ ਕੋਈ ਬੇਚੈਨ ਹਲਚਲ ਹੀ ਦਿਖਾਈ ਦਿੱਤੀ ਸੀ। ਮੈਂ ਪੰਸਾਰੀ ਦੀ ਦੁਕਾਨ ਉੱਤੇ ਜਾ ਖਲੋਤਾ। ਚੀਜ਼ਾਂ ਉੱਤੇ ਧੂੜ ਦੀਆਂ ਤੈਹਾਂ ਚੜ੍ਹੀਆਂ ਹੋਈਆਂ ਸਨ। ਕੁਝ ਜੜੀਆਂ ਬੂਟੀਆਂ ਬਾਹਰਲੇ ਫੱਟੇ ਉੱਤੇ ਹੀ ਪਈਆਂ ਸਨ। ਉਹ ਮੈਨੂੰ ਦੇਖਦਾ ਹੀ ਹੱਥ ਜੋੜ ਕੇ ਉਠ ਖੜ੍ਹਾ ਹੋਇਆ ਸੀ।
''ਪੂਜਾ ਦੀ ਸਮੱਗਰੀ ਨੋਟ ਕਰ ਲਓ ਜ਼ਰਾ...।'' ਇਕ ਵਾਰੀ ਤਾਂ ਮਨ ਵਿਚ ਆਇਆ ਸੀ ਕਿ ਸਾਮਾਨ ਕਿਤੋਂ ਹੋਰ ਲੈ ਆਵਾਂ, ਪਰ ਉੱਥੇ ਇਸ ਨਾਲੋਂ ਚੰਗੀ ਹੋਰ ਕੋਈ ਦੁਕਾਨ ਨਹੀਂ ਸੀ।
'ਤੁਹਾਡਾ ਸਾਰਾ ਸਾਮਾਨ ਮੰਦਰ ਪਹੁੰਚ ਚੁੱਕਿਆ ਐ-ਜੀ।''
ਲਿਸਟ ਉਸਨੂੰ ਪੰਡਤ ਜੀ ਨੇ ਭੇਜ ਦਿੱਤੀ ਸੀ। ਉਸਨੇ ਮੈਥੋਂ ਪੈਸੇ ਵੀ ਨਹੀਂ ਲਏ। ਪੰਡਤ ਜੀ ਨੂੰ ਦੇ ਦੇਣ ਲਈ ਕਿਹਾ।
'ਭਗਤ ਜੀ ਤੁਸੀਂ ਦਰਿਆ ਵੱਲ ਗਏ ਸੀ ਰਾਤੀਂ?'' ਉਸਦੀ ਸੋਟੀ ਉੱਥੇ ਹੀ ਇਕ ਕੋਨੇ ਵਿਚ ਪਈ ਸੀ, ਪਰ ਮੈਨੂੰ ਇਹੀ ਅਹਿਸਾਸ ਹੋ ਰਿਹਾ ਸੀ ਜਿਵੇ ਉਹ ਮੇਰੇ ਸਿਰ ਵਿਚ ਵੱਜ ਰਹੀ ਹੈ। ਮੈਨੂੰ ਲੱਗਿਆ ਰਾਤ ਦਾ ਹੀ ਕੋਈ ਮੇਰੀ ਜਾਸੂਸੀ ਕਰ ਰਿਹਾ ਹੈ। ਮੇਰੀ ਹਰ ਗੱਲ ਨੂੰ ਇਸ ਇਲਾਕੇ ਵਿਚ ਪ੍ਰਚਾਰਿਆ ਜਾ ਰਿਹਾ ਹੈ। ਪਰ ਮੈਨੂੰ ਕੋਈ ਵੀ ਆਦਮੀ ਅਜਿਹਾ ਨਹੀਂ ਸੀ ਲੱਗਿਆ ਜਿਹੜਾ ਮੇਰਾ ਪਿੱਛਾ ਕਰ ਰਿਹਾ ਹੋਵੇ। ਫੇਰ ਵੀ ਕੋਈ ਭੇਤ ਅਜਿਹਾ ਹੈ ਸੀ, ਜਿਹੜਾ ਮੇਰੀ ਪਕੜ ਤੋਂ ਦੂਰ ਸੀ।
ਪਤਾ ਲੱਗਿਆ, ਅਖ਼ਬਾਰਾਂ ਦਾ ਬੰਡਲ ਥਾਣੇ ਵਿਚ ਹੀ ਆਉਂਦਾ ਹੈ। ਉੱਥੋਂ ਹੀ ਵੰਡਿਆ ਜਾਂਦਾ ਹੈ। ਕਿਉਂ ਨਾ ਉੱਥੇ ਹੀ ਜਾਵਾਂ, ਇਸ ਬਹਾਨੇ ਰਿਪੋਰਟ ਵੀ ਦਰਜ਼ ਕਰਵਾ ਦਿਆਂਗਾ। ਫੇਰ ਮਨ ਵਿਚ ਆਇਆ ਕਿ ਜੇ ਉਹਨਾਂ ਨੇ ਉਹਨਾਂ ਦਾ ਹੁਲੀਆ ਪੁੱਛਿਆ ਤਾਂ ਕੀ ਦਸਾਂਗਾ?...ਲੱਖ ਕੋਸ਼ਿਸ਼ ਕਰਨ 'ਤੇ ਵੀ ਮੈਨੂੰ ਚਿਹਰੇ ਨਹੀਂ ਸਨ ਯਾਦ ਆ ਰਹੇ। ਹਾਲਾਂਕਿ ਰਾਤ ਦੇ ਉਹ ਮੇਰੇ ਅਹਿਸਾਸ ਉੱਤੇ ਹਾਵੀ ਹੋਏ ਹੋਏ ਸਨ; ਉਹਨਾਂ ਦੀਆਂ ਅਸ਼ਲੀਲ ਗਾਲ੍ਹਾਂ ਦਿਮਾਗ਼ ਵਿਚ ਘੁੰਮ ਰਹੀਆਂ ਸਨ।...ਦੂਰ-ਦੂਰ ਤੀਕ ਸੜਕ ਦੇ ਦੋਵੇਂ ਪਾਸੀਂ ਸਫ਼ੇਦਿਆਂ ਦੀਆਂ ਉੱਚੀਆਂ ਕਤਾਰਾਂ ਦਿਖਾਈ ਦਿੱਤੀਆਂ। ਕਲ੍ਹ ਬੱਸ ਵਿਚ ਆਉਂਦਿਆਂ ਉਹ ਝੂੰਮ ਰਹੇ ਦਿਖਾਈ ਦਿੱਤੇ ਸਨ ਤੇ ਬੜੇ ਸੋਹਣੇ ਲੱਗੇ ਸਨ। ਹੁਣ ਉਹਨਾਂ ਦੀਆਂ ਝੂੰਮਦੀਆਂ ਹੋਈਆਂ ਛੱਤਰੀਆਂ ਦੀ ਛਾਂ ਵਿਚ ਤੁਰਦਿਆਂ ਇੰਜ ਨਹੀਂ ਲੱਗਿਆ ਕਿ ਕੋਈ ਨਵਾਂ ਅਹਿਸਾਸ ਜਨਮ ਲੈ ਰਿਹਾ ਹੈ। ਸੜਕ ਦੇ ਦੋਵੇਂ ਪਾਸੇ ਖੇਤਾਂ ਵਿਚ ਬਰਸਾਤ ਦਾ ਪਾਣੀ ਭਰਿਆ ਹੋਇਆ ਸੀ। ਲੰਮੀਆਂ ਚੂੰਝਾਂ ਵਾਲੇ ਬਗਲੇ ਜਗ੍ਹਾ ਜਗ੍ਹਾ ਪਾਣੀ ਵਿਚ ਚੂੰਝਾਂ ਮਾਰ ਰਹੇ ਸਨ।
ਦੂਰੋਂ ਹੀ ਇਕ ਜਾਣੀ-ਪਛਾਣੀ ਜਿਹੀ ਪੀਲੀ ਇਮਾਰਤ ਦਿਖਾਈ ਦਿੱਤੀ। ਇਹ ਇਮਾਰਤ ਹਰ ਜਗ੍ਹਾ ਲਗਭਗ ਇਕੋ ਜਿਹੀ ਹੁੰਦੀ ਹੈ—ਇਕੋ ਜਿਹੀ ਦਿੱਖ ਤੇ ਇਕੋ ਜਿਹਾ ਡਰ ਪੈਦਾ ਕਰ ਦੇਣ ਵਾਲੀ। ਜਿੱਥੇ ਨਾ ਜਾਣ ਲਈ ਸੈਂਕੜੇ ਨਹੀਂ ਹਜ਼ਾਰਾਂ ਲੋਕਾਂ ਤੋਂ ਸੁਣ ਚੁੱਕਿਆ ਹਾਂ। ਜਿਸ ਸਥਾਨ ਨੂੰ ਦੇਖਦਿਆਂ ਹੀ ਸੁਰੱਖਿਆ ਦਾ ਅਹਿਸਾਸ ਪੈਦਾ ਹੋਣਾ ਚਾਹੀਦਾ ਸੀ, ਉਸਨੂੰ ਦੇਖਦਿਆਂ ਹੀ ਮਨ ਡਰ ਗਿਆ ਹੈ।
ਆਲੇ ਦੁਆਲੇ ਦੀ ਦੁਨੀਆਂ ਨਾਲੋਂ ਬਿਲਕੁਲ ਵੱਖਰੀ ਤੇ ਓਪਰੀ ਓਪਰੀ ਜਿਹੀ ਦੁਨੀਆਂ। ਬਾਹਰ ਤਿੰਨ ਟਰੱਕ ਖੜ੍ਹੇ ਸਨ। ਇਕ ਟਰੱਕ ਥਾਣੇ ਅੰਦਰ ਵੀ ਖੜ੍ਹਾ ਸੀ। ਇਕ ਰੁੱਖ ਹੇਠ ਇਕ ਜੀਪ ਪਤਾ ਨਹੀਂ ਕਿੰਨੇ ਸਾਲਾਂ ਦੀ ਕੂੜਾ ਬਣੀ ਖੜ੍ਹੀ ਸੀ। ਕੰਧ ਨਾਲ ਟੁੱਟੇ-ਭੱਜੇ, ਜਰ ਖਾਧੇ, ਸਾਈਕਲਾਂ ਦਾ ਢੇਰ ਲੱਗਿਆ ਹੋਇਆ ਸੀ।
ਵਰਾਂਡੇ ਵਿਚ ਇਕ ਛੋਟੀ ਜਿਹੀ ਮੇਜ਼ ਪਿੱਛੇ ਇਕ ਦਰੋਗਾ ਬੈਠਾ ਸੀ, ਆਸੇ ਪਾਸੇ ਕਈ ਸਿਪਾਹੀ ਤੁਰੇ ਫਿਰਦੇ ਸਨ। ਟਰੱਕਾਂ ਦੇ ਡਰਾਈਵਰ ਇਕ ਪਾਸੇ ਖੜ੍ਹੇ ਦਰੋਗੇ ਦੀਆਂ ਗੱਲਾਂ ਸੁਣ-ਸੁਣ ਕੇ ਮੁਸਕਰਾ ਰਹੇ ਸਨ। ਅਖ਼ਬਾਰ ਦੇ ਇੰਤਜ਼ਾਰ ਵਿਚ ਉੱਥੇ ਇਕ ਬੰਦਾ ਹੋਰ ਵੀ ਬੈਠਾ ਸੀ। ਮੈਂ ਫਾਟਕ ਕੋਲ ਬੋਹੜ ਹੇਠ ਬਣੇ ਚੂਤਰੇ ਉੱਤੇ ਜਾ ਬੈਠਾ। ਸਾਹਮਣੇ ਖੇਤ ਵਿਚ ਇਕ ਬਗਲੇ ਨੇ ਇਕ ਨਿੱਕੀ ਜਿਹੀ ਮੱਛੀ ਫੜ੍ਹ ਲਈ ਮੈਂ ਹੈਰਾਨ ਸਾਂ ਕਿ ਰਾਤ ਹੀ ਤਾਂ ਮੀਂਹ ਪਿਆ ਹੈ, ਫੇਰ ਏਨੀ ਛੇਤੀ ਮੱਛੀ ਕਿਵੇਂ ਆ ਗਈ?...ਤੇ ਬਗਲਾ ਵੀ!
ਇਕ ਸਿਪਾਹੀ ਕੋਲ ਆ ਕੇ ਖੜ੍ਹਾ ਹੋ ਗਿਆ। ਮੈਂ ਗਰਦਨ ਚੁੱਕ ਕੇ ਉਸ ਵੱਲ ਦੇਖਿਆ, ''ਤੁਹਾਨੂੰ ਦਰੋਗਾ ਸਾਹਬ ਯਾਦ ਕਰ ਰਹੇ ਨੇ।''
ਮੈਂ ਵਰਾਂਡੇ ਵੱਲ ਦੇਖਿਆ। ਦਰੋਗਾ ਸਾਹਬ ਹੱਥ ਦੇ ਇਸ਼ਾਰੇ ਨਾਲ ਮੈਨੂੰ ਬੁਲਾ ਰਹੇ ਸਨ। ਇਹ ਹੈਰਾਨ ਕਰ ਦੇਣ ਵਾਲੀ ਘਟਨਾ ਸੀ, ਜਿਸ ਵਿਚ ਡਰ ਵੀ ਸ਼ਾਮਲ ਹੁੰਦਾ ਹੈ। ਮੈਂ ਉੱਠ ਕੇ ਅੰਦਰ ਚਲਾ ਗਿਆ ਤੇ ਉਸਦੇ ਕੋਲ ਜਾ ਖੜ੍ਹਾ ਹੋਇਆ।
''ਇੱਥੇ ਕਿੱਦਾਂ ਆਉਣੇ ਹੋਏ?''
''ਅਖ਼ਬਾਰ ਲੈਣ ਆਇਆ ਸਾਂ ਜੀ।''
''ਓ...'' ਉਹਨਾਂ ਮੁਸਕਰਾ ਕੇ ਮੇਰੇ ਵੱਲ ਦੇਖਿਆ, ''ਤਾਂ ਇਕ ਅਖ਼ਬਾਰ ਪੜ੍ਹ ਕੇ ਤੁਸੀਂ ਲੋਕ ਸਮਝ ਲੈਂਦੇ ਓ ਬਈ  ਤੁਹਾਨੂੰ ਸਭ ਕਾਸੇ ਦਾ ਗਿਆਨ ਹੋ ਗਿਐ?''
ਉਸਦੀ ਗੱਲ ਮੇਰੀ ਸਮਝ ਵਿਚ ਨਾ ਆਈ। ਏਨਾ ਜ਼ਰੂਰ ਮਹਿਸੂਸ ਹੋਇਆ ਕਿ ਗੁੱਸਾ ਉਸਨੂੰ ਮੇਰੇ ਸ਼ਹਿਰੀ ਹੋਣ ਉਪਰ ਹੈ।
''ਤੁਸੀਂ ਰਾਤੀਂ ਨਦੀ ਵੱਲ ਗਏ ਸੀ?''
''ਜੀ, ਗਿਆ ਸਾਂ।''
''ਕਿਉਂ ਗਏ ਸੀ ਤੁਸੀਂ ਉੱਥੇ?''
ਇਸ ਸਵਾਲ ਨੇ ਮੇਰੇ ਅੰਦਰ ਬੇਚੈਨੀ ਪੈਦਾ ਕਰ ਦਿੱਤੀ। ਇਕ ਡਰ ਜਿਹਾ ਵੀ ਲੱਗਿਆ ਕਿ ਥਾਣੇ ਵਿਚ ਵੀ ਇਹ ਖ਼ਬਰ ਮੈਥੋਂ ਪਹਿਲਾਂ ਮੌਜ਼ੂਦ ਹੈ। ਮੈਂ ਕਿੱਥੇ ਫਸ ਗਿਆ ਹਾਂ?
''ਇਸ ਇਲਾਕੇ ਬਾਰੇ ਤੁਸੀਂ ਨਹੀਂ ਜਾਣਦੇ। ਕੋਈ ਹਾਦਸਾ ਹੋ ਜਾਂਦਾ ਤਾਂ...? ਤੁਸੀਂ ਇਸ ਵੇਲੇ ਸ਼ਹਿਰ ਵਿਚ ਨਹੀਂ ਜਨਾਬ...ਤੁਹਾਨੂੰ ਉਧਰ ਨਹੀਂ ਜਾਣਾ ਚਾਹੀਦਾ ਸੀ, ਸਮਝੇ?''
ਉਸਦੇ ਚਿਹਰੇ ਉੱਤੇ ਗੁੱਸੇ ਦੇ ਭਾਵ ਸਾਫ ਪੜ੍ਹੇ ਜਾ ਸਕਦੇ ਸਨ। ਦਰੋਗਾ ਤੀਹ-ਪੈਂਤੀ ਸਾਲ ਦਾ ਨੌਜਵਾਨ ਮਰਦ ਸੀ—ਬੇਫਿਕਰ ਚਿਹਰਾ, ਮਜ਼ਬੂਤ ਜਿਸਮ।
'ਮੈਂ ਤੁਹਾਡੇ ਵੱਲ ਹੀ ਆਉਣ ਲੱਗਿਆ ਸਾਂ।'' ਉਸਨੇ ਆਪਣੀ ਮੋਟਰ ਸਾਈਕਲ ਵੱਲ ਇਸ਼ਾਰਾ ਕੀਤਾ, ਜਿਸਨੂੰ ਕੋਈ ਟਾਕੀ ਨਾਲ ਚਮਕਾ ਰਿਹਾ ਸੀ।
ਉਸਦੇ ਘਰੋਂ ਇਕ ਛੋਟੀ ਜਿਹੀ ਕੁੜੀ ਇਕ ਟਰੇ ਵਿਚ ਦੋ ਕੱਪ ਚਾਹ ਤੇ ਕੁਝ ਨਮਕੀਨ ਲੈ ਆਈ—ਉਸਦੇ ਪਿੱਛੇ-ਪਿੱਛੇ ਦਰੋਗੇ ਦੀ ਪਤਨੀ ਵੀ ਸੀ ਜਿਸਦੇ ਹੱਥ ਵਿਚ ਦੋ ਹੋਰ ਪਲੇਟਾਂ ਸਨ। ਮੈਂ ਉੱਠ ਕੇ ਉਸਦਾ ਸਵਾਗਤ ਕੀਤਾ ਤੇ ਚਾਹ ਲਈ ਧੰਨਵਾਦ।
ਮੈਨੂੰ ਲੱਗਿਆ ਜਿਵੇਂ ਚਾਹ ਦੇ ਬਹਾਨੇ ਉਹ ਵੀ ਸਿਰਫ ਮੈਨੂੰ ਹੀ ਦੇਖਣ ਆਈ ਹੈ; ਚਾਹ ਤਾਂ ਹੋਰ ਕੋਈ ਵੀ ਲਿਆ ਸਕਦਾ ਸੀ।
''ਮੇਰੇ ਨਦੀ ਵੱਲ ਜਾਣ ਬਾਰੇ ਤਾਂ ਇੱਥੇ ਸਾਰੇ ਹੀ ਜਾਣਦੇ ਨੇ।''
''ਕੋਈ ਨਹੀਂ ਜਾਣਦਾ, ਤੇ ਨਾ ਹੀ ਤੁਸੀਂ ਇਹ ਗੱਲ ਕਿਸੇ ਨਾਲ ਕਰੋਗੇ।''
ਮੈਂ ਚੁੱਪਚਾਪ ਚਾਹ ਪੀਂਦਾ ਰਿਹਾ।
'ਹਰੇਕ ਸ਼ਹਿਰੀ ਦੇ ਉੱਚੇ ਸੰਪਰਕ ਹੁੰਦੇ ਨੇ। ਤੁਸੀਂ ਤਾਂ ਹੋ ਵੀ ਦਿੱਲੀ ਦੇ—ਦਿੱਲੀ ਵਾਲੇ ਤਾਂ ਉਂਜ ਈ ਮੁਸੀਬਤ ਬਣ ਜਾਂਦੇ ਨੇ।''
ਮੰਦਰ ਦੇ ਰਜਿਸਟਰ ਵਿਚੋਂ ਉਸਨੂੰ ਮੇਰਾ ਨਾਂ, ਪਤਾ ਸਭ ਕੁਝ ਪਤਾ ਲੱਗ ਚੁੱਕਿਆ ਸੀ। ਦਰੋਗੇ ਦੇ ਕਹਿਣ ਦਾ ਢੰਗ ਵੀ ਕੁਝ ਅਜਿਹਾ ਸੀ ਜਿਵੇਂ ਕਹਿ ਰਿਹਾ ਹੋਵੇ, 'ਦੇਖ ਲੈ ਸਾਨੂੰ ਸਭ ਕੁਝ ਪਤਾ ਈ।'
'ਹੁਣੇ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਇਸ ਇਲਾਕੇ ਨੂੰ ਨਹੀਂ ਜਾਣਦੇ। ਜਿੰਨ੍ਹੀਂ ਦਿਨੀਂ ਮੈਂ ਸਰਵਿਸ ਵਿਚ ਨਵਾਂ-ਨਵਾਂ ਆਇਆ ਸਾਂ, ਮੈਂ ਸਮਝਦਾ ਹੁੰਦਾ ਸਾਂ ਕਿ ਇਲਾਕਾ ਉਹ ਹੈ ਜਿਸ ਵਿਚ ਮੇਰੀ ਪੋਸਟਿੰਗ ਹੋਈ ਏ। ਪਰ ਇਹ ਗੱਲ ਨਹੀਂ—ਇਲਾਕਾ ਦੇ ਅਰਥ ਤਾਂ ਕੁਝ ਹੋਰ ਹੀ ਹੁੰਦੇ ਨੇ...ਏਨੀ ਗੱਲ ਸਮਝਣ ਲਈ ਮੈਨੂੰ ਕਈ ਸਾਲ ਲੱਗ ਗਏ। ਦਫ਼ਾ ਵੀ ਅਪਰਾਧੀ ਉੱਤੇ ਉਹ ਨਹੀਂ ਲੱਗਦੀ, ਜਿਹੜੀ ਕਾਨੂੰਨ ਦੀ ਕਿਤਾਬ ਵਿਚ ਦਰਜ਼ ਹੁੰਦੀ ਹੈ...ਉਹ ਵੀ ਕਈ ਹੋਰ ਹਾਲਤਾਂ ਦੀ ਮੁਥਾਜ ਹੁੰਦੀ ਏ। ਹੁਣ ਤੁਸੀਂ ਆਪੇ ਹੀ ਦੱਸੋ ਬਈ ਇਲਾਕਾ ਕਿਸ ਦਾ ਹੁੰਦੈ...ਤੇ ਕਿਸ ਦੀ ਸਮਝ ਵਿਚ ਆ ਸਕਦਾ ਏ?''  
ਹੁਣ ਮੇਰੇ ਲਈ ਇਕ ਸਮੱਸਿਆ ਖੜ੍ਹੀ ਹੋ ਗਈ ਸੀ ਕਿ ਰਿਪੋਰਟ ਕਿੱਥੇ ਦਰਜ਼ ਕਰਵਾਈ ਜਾਏ...ਕੀ ਕੋਈ ਅਜਿਹੀ ਜਗ੍ਹਾ ਹੈ ਜਿੱਥੇ ਮੇਰੇ ਉਪਰ ਬੀਤ ਰਹੀ ਦੇ ਕੁਝ ਅਰਥ ਹੋ ਸਕਦੇ ਹੋਣ? ਮੈਂ ਸੋਚਿਆ ਜੇ ਮੈਨੂੰ ਹੁਣੇ ਫੜ੍ਹ ਕੇ ਅੰਦਰ ਬੰਦ ਕਰ ਦਿੱਤਾ ਜਾਵੇ ਤੇ ਰਾਤ ਵਾਲੀ ਹੱਤਿਆ ਦਾ ਇਲਜ਼ਾਮ ਲਾ ਦਿੱਤਾ ਜਾਵੇ ਤਾਂ ਮੈਂ ਕਿਸੇ ਦਾ ਕੀ ਕਰ ਲਵਾਂਗਾ...ਇੱਥੇ ਮੈਨੂੰ ਕੋਈ ਜਾਣਦਾ-ਪਛਾਣਦਾ ਵੀ ਤਾਂ ਨਹੀਂ, ਕੋਈ ਜਮਾਨਤ ਦੇਣ ਵਾਲਾ ਵੀ ਨਹੀਂ ਲੱਭਣਾ।
'ਮੈਂ ਜਾਣਦਾ ਸਾਂ ਕਿ ਤੁਸੀਂ ਇਕ ਐਫ.ਆਈ.ਆਰ. ਲਿਖਵਾਉਣ ਜ਼ਰੂਰ ਆਓਗੇ—ਇਸੇ ਲਈ ਤੁਹਾਡੇ ਵੱਲ ਆ ਰਿਹਾ ਸਾਂ ਕਿ ਕਿਤੇ ਕੋਈ ਗ਼ਲਤੀ ਨਾ ਕਰ ਬੈਠਣਾ, ਉਦੋਂ ਹੀ ਇਹ ਟਰੱਕ ਆ ਗਏ।''
ਮੈਨੂੰ ਲੱਗਿਆ ਕਿ ਉਹ ਸਿਰਫ ਖਾਲਸ ਪੁਲਸੀਏ ਲਹਿਜ਼ੇ ਵਿਚ ਹੀ ਨਹੀਂ ਬੋਲ ਰਿਹਾ...ਉਸਦੀਆਂ ਗੱਲਾਂ ਇਕ ਅਸਲੀਅਤ ਵੱਲ ਵੀ ਇਸ਼ਾਰਾ ਕਰ ਰਹੀਆਂ ਨੇ। ਅਚਾਨਕ ਉਹ ਕੁਝ ਗੰਭੀਰ ਹੋ ਗਿਆ।
'ਹਰੇਕ ਐਰਾ-ਗੈਰਾ ਸਾਨੂੰ ਗਾਲ੍ਹਾਂ ਕੱਢਦੈ। ਕੀ ਸਾਡੇ ਕੋਲ ਜਾਦੂ ਐ, ਜਿਸ ਨਾਲ ਅਸੀਂ ਅਪਰਾਧ ਰੋਕ ਦੇਈਏ! ਤੁਸੀਂ ਕਦੀ ਸੋਚਿਆ ਏ ਕਿ ਅਪਰਾਧ ਕਿਉਂ ਹੁੰਦੇ ਨੇ...? ਕੌਣ ਕਰਦਾ ਹੈ...? ਕੌਣ ਕਰਵਾਉਂਦਾ ਹੈ...? ਹੁਣ ਤੁਸੀਂ ਹੀ ਦੇਖੋ ਰਾਤ ਵਾਲੀ ਹੱਤਿਆ ਦੇ ਤੁਸੀਂ ਚਸ਼ਮਦੀਦ ਗਵਾਹ ਹੋ...ਕੀ ਤੁਸੀਂ ਸਾਬਤ ਕਰ ਸਕਦੇ ਹੋ ਕਿ ਹੱਤਿਆਰੇ ਕੌਣ ਸਨ, ਜਾਂ ਹੱਤਿਆ ਕਿਸ ਦੀ ਹੋਈ ਹੈ? ਗਵਾਹ ਮਿਲ ਵੀ ਜਾਏ ਤਾਂ ਉਹ ਗਵਾਹੀ ਤੋਂ ਪਹਿਲਾਂ ਹੀ ਉਪਰ ਚਲਾ ਜਾਏਗਾ। ਨਾ ਵੀ ਜਾਏ ਤਾਂ ਇਨਸਾਫ ਕਿਹੜਾ ਕਰੇਗਾ?'' ਮੈਂ ਉਸਦੇ ਇਸ਼ਾਰੇ ਨੂੰ ਸਮਝ ਲਿਆ। ਸਵਰਗ ਜਾਣ ਦੇ ਸਿੱਧੇ ਮਾਰਗ ਦੀ ਸੋਝੀ ਵੀ ਹੋ ਗਈ; ਜਿਸ ਲਈ ਨਾ ਕਿਸੇ ਤੀਰਥ ਤੇ ਜਾਣ ਦੀ ਲੋੜ ਸੀ ਤੇ ਨਾ ਹੀ ਪੂਜਾ ਪਾਠ ਦੀ।
'ਮੈਂ ਡਰਾ ਨਹੀਂ ਰਿਹਾ ਤੁਹਾਨੂੰ। ਇਹੀ ਸੱਚ ਹੈ। ਇੱਥੇ ਜੋ ਕੁਝ ਵੀ ਹੋ ਰਿਹੈ, ਉਹ ਤੁਹਾਨੂੰ ਇਸ ਜਗ੍ਹਾ ਖਲੋ ਕੇ ਦਿਖਾਈ ਨਹੀਂ ਦਵੇਗਾ। ਉਸਨੂੰ ਖੋਜਦੇ ਖੋਜਦੇ ਤੁਸੀਂ ਉੱਥੇ ਹੀ ਪਹੁੰਚ ਜਾਓਗੇ, ਜਿੱਥੋਂ ਆਏ ਹੋ।''
'ਰਾਤ ਵਾਲੇ ਹੱਤਿਆਰੇ?''
''ਉਹ ਹਰੇਕ ਜਗ੍ਹਾ ਹੁੰਦੇ ਨੇ। ਅਜੇ ਵੀ ਤੁਸੀਂ ਇਹ ਗੱਲ ਨਹੀਂ ਸਮਝੇ...''
ਮੈਂ ਉਸ ਵੱਲ ਦੇਖਦਾ ਰਹਿ ਗਿਆ। ਉਹ ਮੈਨੂੰ ਮੇਰੇ ਅੰਦਰੋਂ ਕੱਢ ਕੇ ਬਾਹਰ ਦੂਰ ਲੈ ਗਿਆ ਸੀ...ਬਿਨਾਂ ਕਿਸੇ ਦਰਸ਼ਨ ਸ਼ਾਸਤਰ ਦੀ ਮਦਦ ਤੋਂ ਇਕ ਵੱਡਾ ਸੱਚ ਸਾਕਾਰ ਹੋ ਗਿਆ ਸੀ। ਇਹ ਕਿੰਨੀ ਅਜੀਬ ਗੱਲ ਸੀ ਕਿ ਇਹਨਾਂ ਗੱਲਾਂ ਨੂੰ ਮਹਿਸੂਸ ਕਰਦਿਆਂ ਹੋਇਆਂ ਵੀ ਉਸਨੇ ਟਰੱਕ ਡਰਾਈਵਰਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਜਾਣ ਦੀ ਆਗਿਆ ਦੇ ਦਿੱਤੀ।
''ਅਖ਼ਬਾਰ ਤੁਹਾਡੇ ਕੋਲ ਮੰਦਰ ਵਿਚ ਹੀ ਪਹੁੰਚ ਜਾਏਗਾ।''
ਮੈਂ ਵਾਪਸ ਹੋ ਲਿਆ। ਏਨੀ ਕੁ ਦੇਰ ਵਿਚ ਕਿੰਨਾ ਅੰਤਰ ਆ ਗਿਆ ਸੀ—ਮਾਹੌਲ ਵਿਚ ਵੀ ਤੇ ਮੇਰੇ ਵਿਚ ਵੀ। ਹੁਣ ਹਰੇਕ ਚੀਜ਼ ਪਿੱਛੇ ਰਹੱਸ ਦੀ ਇਕ ਪਰਿਭਾਸ਼ਾ ਸੀ। ਹੁਣ ਹਵਾ, ਪਾਣੀ, ਬੱਦਲ, ਨਦੀ ਹਰ ਚੀਜ਼ ਦੇ ਅਰਥ ਬਦਲ ਚੁੱਕੇ ਸਨ। ਮੈਨੂੰ ਲੱਗਿਆ ਸਿਵਾਏ ਮੇਰੇ ਹਰੇਕ ਆਦਮੀ ਜਾਣਦਾ ਹੈ ਕਿ ਰਾਤੀਂ ਕੀ ਹੋਇਆ ਸੀ। ਸਾਹਮਣੇ ਮੰਦਰ ਦਿਸ ਰਿਹਾ ਸੀ—ਬੱਦਲਾਂ ਦੇ ਘੁਸਮੁਸੇ ਵਿਚ ਘਿਰਿਆ ਹੋਇਆ। ਮਨ ਵਿਚ ਆਇਆ ਕਿ ਬਿਨਾਂ ਪੂਜਾ ਕੀਤੇ ਹੀ ਭੱਜ ਜਾਵਾਂ...
***

'ਅਖ਼ਬਾਰ ਖ਼ਾਤਰ ਏਨੀ ਦੂਰ ਜਾਣ ਦੀ ਕੀ ਲੋੜ ਸੀ, ਸ਼੍ਰੀਮਾਨ? ਉਹ ਤਾਂ ਹਰੇਕ ਯਾਤਰੀ ਦੇ ਕਮਰੇ ਵਿਚ ਪਹੁੰਚ ਜਾਂਦਾ ਹੈ।''
ਪੂਜਾਰੀ ਜੀ ਦਾ ਚਮਕਦਾ ਹੋਇਆ ਚਿਹਰਾ ਮੇਰੇ ਸਾਹਮਣੇ ਸੀ। ਮੈਨੂੰ ਦੇਖਦਿਆਂ ਹੀ ਉਹਨਾਂ ਦੇ ਚਿਹਰੇ ਉੱਤੇ ਮੁਸਕਰਾਹਟ ਫੈਲ ਗਈ। ਮੇਰੇ ਮੋਢੇ ਨੂੰ ਥਾਪੜ ਕੇ ਕਹਿ ਗਏ ਕਿ ਮੈਨੂੰ ਪੂਜਾ ਲਈ ਤੁਰੰਤ ਤਿਆਰ ਹੋ ਜਾਣਾ ਚਾਹੀਦਾ ਹੈ।
ਉਹ ਕਾਹਲ ਨਾਲ ਮੰਦਰ ਅੰਦਰ ਚਲੇ ਗਏ। ਮੈਂ ਦੇਖਦਾ ਹੀ ਰਹਿ ਗਿਆ। ਸੋਚਣ ਲੱਗਾ ਕਿ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਅਖ਼ਬਾਰ ਲੈਣ ਉੱਥੇ ਗਿਆ ਸਾਂ…
      ੦੦੦ ੦੦੦ ੦੦੦
     ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
     ਮੋਬਾਇਲ ਨੰ : 94177-30600.

No comments:

Post a Comment