Tuesday, September 28, 2010

ਬੇ-ਚਿਹਰਾ ਮੁਸਕਾਨ...:: ਲੇਖਕ : ਅਤੁਲਾ ਨੰਦ ਗੋਸਵਾਮੀ

ਆਸਾਮੀ ਕਹਾਣੀ :
ਬੇ-ਚਿਹਰਾ ਮੁਸਕਾਨ...
ਲੇਖਕ : ਅਤੁਲਾ ਨੰਦ ਗੋਸਵਾਮੀ
 ਉਰਦੂ ਤੋਂ ਅਨੁਵਾਦ : ਮਹਿੰਦਰ ਬੇਦੀ,ਜੈਤੋ


ਕਾਬਿਨ ਨੇ ਅਜਿਹੀ ਹੀ ਕਿਸੇ ਮੁਸਕਾਨ ਬਾਰੇ ਕਿਤੇ ਪੜ੍ਹਿਆ ਸੀ। ਉਹ ਮੁਸਕਾਨ ਜਿਹੜੀ ਵੇਖਣ ਵਾਲੇ ਨੂੰ ਹਮੇਸ਼ਾ ਤੁਣਕਾ ਜਿਹਾ ਮਾਰਦੀ ਰਹਿੰਦੀ ਹੈ। ਦੂਜੇ ਸੰਸਾਰ ਯੁੱਧ ਦੌਰਾਨ ਆਜ਼ਾਦ ਹਿੰਦ ਫੌਜ ਹੋਂਦ ਵਿਚ ਆਈ ਸੀ। ਬਰਤਾਨਵੀ ਫੌਜ ਵਿਚ ਭਰਤੀ ਹਿੰਦੁਸਤਾਨੀ ਸਿਪਾਹੀਆਂ ਨੇ ਹੀ ਉਸ ਫੌਜ ਦੀ ਨੀਂਹ ਰੱਖੀ ਸੀ, ਉਹਨਾਂ ਸਿਪਾਹੀਆਂ ਵਿਚ ਇਕ ਆਸਾਮੀ ਫੌਜੀ ਵੀ ਸੀ। ਆਜ਼ਾਦ ਹਿੰਦ ਫੌਜ ਲਗਭਗ ਤਿੰਨ ਸਾਲ ਤਕ ਜਾਪਾਨ ਦੀ ਕਮਾਂਡ ਹੇਠ ਰਹੀ। ਜਾਪਾਨੀ ਸਿਪਾਹੀ ਹਮੇਸ਼ਾ ਚੀਨੀ ਸੁਹੀਆਂ ਤੋਂ ਚੁਕੰਨੇ ਤੇ ਹੁਸ਼ਿਆਰ ਰਹਿੰਦੇ। ਉਹਨੀਂ ਦਿਨੀ ਤੇਰਾਂ ਚੀਨੀ ਸੁਹੀਆਂ ਦੀ ਇਕ ਟੋਲੀ ਫੜ੍ਹੀ ਗਈ—ਜਿਹਨਾਂ ਵਿਚ ਗਿਆਰਾਂ ਮਰਦ ਤੇ ਦੋ ਔਰਤਾਂ ਸਨ। ਉਹਨਾਂ ਦੀ ਸਜ਼ਾ ਉਸੇ ਵੇਲੇ ਸੁਣਾ ਦਿੱਤੀ ਗਈ ਸੀ। ਅਜਿਹੇ ਲੋਕਾਂ ਦੀ ਸਜ਼ਾ ਸਿਰਫ ਮੌਤ ਹੀ ਹੁੰਦੀ ਸੀ। ਮਰਦਾਂ ਨੂੰ  ਗੋਲੀ ਦਾ ਨਿਸ਼ਾਨਾ ਬਣਾਇਆ ਜਾਣਾ ਸੀ ਜਦਕਿ ਔਰਤਾਂ ਦੇ ਸਿਰ, ਧੜ ਨਾਲੋਂ ਵੱਖ ਕੀਤੇ ਜਾਣੇ ਸਨ। ਇਹਨਾਂ ਵਿਚੋਂ ਇਕ ਔਰਤ ਦਾ ਸਿਰ, ਧੜ ਨਾਲੋਂ ਵੱਖ ਕਰਨ ਦੀ ਜ਼ਿੰਮੇਵਾਰੀ ਉਸ ਆਸਾਮੀ ਸਿਪਾਹੀ ਨੂੰ ਦੇ ਦਿੱਤੀ ਗਈ ਸੀ। ਸਾਰੇ ਮੁਲਜ਼ਮਾਂ ਨੂੰ ਇਕ ਕਤਾਰ ਵਿਚ, ਤਾਜੇ ਪੁੱਟੇ ਹੋਏ ਟੋਇਆਂ ਕੋਲ, ਖੜ੍ਹਾ ਕਰ ਦਿੱਤਾ ਗਿਆ ਤੇ ਉਹਨਾਂ ਦੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਦਿੱਤੀ ਗਈ। ਉਹਨਾਂ ਵਿਚੋਂ ਜਿਹੜੀ ਵੱਡੀ ਉਮਰ ਦੀ ਔਰਤ ਸੀ, ਉਸ ਨੇ ਦੂਸਰੀ ਔਰਤ ਦੇ ਚਿਹਰੇ ਨੂੰ ਬੜੇ ਪਿਆਰ ਨਾਲ ਟੋਹਿਆ-ਟਟੋਲਿਆ। ਉਸ ਦੇ ਚਿਹਰੇ ਉੱਤੇ ਇਕ ਮੁਸਕਾਨ ਪੈਦਾ ਹੋਈ। ਇਹ ਆਖ਼ਰੀ ਪਲ ਸਨ, ਆਖ਼ਰੀ ਜਜ਼ਬੇ ਦਾ ਪ੍ਰਗਟਾਵਾ। ਜਦੋਂ ਉਸ ਦਾ ਸਿਰ, ਧੜ ਨਾਲੋਂ ਵੱਖ ਹੋਇਆ, ਉਸ ਦੇ ਬੁੱਲ੍ਹਾਂ ਉੱਤੇ ਉਹੀ ਮੁਸਕਾਨ ਸੀ। ਉਸ ਮੁਸਕਾਨ ਦੀ ਕੋਈ ਉਦਹਾਰਣ ਨਹੀਂ ਦਿੱਤੀ ਜਾ ਸਕਦੀ। ਉਹ ਮੁਸਕਾਨ ਅੱਜ ਵੀ ਉਸ ਬੇਬਸ ਆਸਾਮੀ ਸਿਪਾਹੀ ਉਮੇਸ਼ ਚੰਦਰ ਦੇਵ ਚੌਧਰੀ ਨੂੰ ਪ੍ਰੇਸ਼ਾਨ ਕਰਦੀ ਰਹਿੰਦੀ ਹੈ। ਅਜਿਹੀ ਮੁਸਕਾਨ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਕੀ ਉਹ ਮੁਸਕਾਨ ਕਦੀ ਉਸ ਸਿਪਾਹੀ ਦੇ ਮੋਢਿਆਂ ਉੱਤੇ ਬੋਝ ਬਣ ਕੇ ਸਵਾਰ ਹੋਈ ਹੋਏਗੀ? ਇਸ ਗੱਲ ਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਕਿ ਕਤਲ ਕਰਨ ਵਾਲਾ ਉਸ ਚੀਨੀ ਔਰਤ ਨੂੰ ਜਾਣਦਾ ਹੋਏਗਾ...ਤੇ ਜੇ ਉਹ ਜੱਲਾਦ ਵੀ ਸੀ ਤਾਂ ਵੀ ਤਾਂ ਆਪਣੇ ਗ਼ੈਰ ਮੁਲਕੀ ਆਕਾਵਾਂ ਦੇ ਹੱਥ ਦੀ ਕਠਪੁਤਲੀ ਹੀ ਸੀ।

ਇਸ ਘਟਨਾ ਦਾ ਕਾਬਿਨ ਨਾਲ ਕੋਈ ਸੰਬੰਧ ਨਹੀਂ, ਪਰ ਫੇਰ ਵੀ ਪਿਛਲੇ ਇਕ ਸਾਲ ਤੋਂ ਅਜਿਹੀ ਹੀ ਇਕ ਮੁਸਕਾਨ ਕਾਬਿਨ ਦੇ ਦਿਲ-ਦਿਮਾਗ਼ ਉਪਰ ਪੂਰੀ ਤਰ੍ਹਾਂ ਸਵਾਰ ਹੈ। ਇਹ ਮੁਸਕਾਨ ਉਸਨੂੰ ਆਪਣੇ ਬਿਲਕੁਲ ਸਾਹਮਣੇ ਜਿਊਂਦੀ ਜਾਗਦੀ ਨਜ਼ਰ ਆਉਂਦੀ ਹੈ। ਕਦੀ ਕਦੀ ਉਹ ਉਸਨੂੰ ਆਪਣੇ ਮੋਢਿਆਂ ਉੱਤੇ ਸਵਾਰ ਮਹਿਸੂਸ ਕਰਦਾ ਹੈ—ਇਹ ਵੱਖਰੀ ਗੱਲ ਹੈ ਕਿ ਉਸ ਮੁਸਕਾਨ ਦਾ ਕੋਈ ਜਿਸਮ ਨਹੀਂ, ਪਰ ਫੇਰ ਵੀ ਕਾਬਿਨ ਉਸ ਦਾ ਬੋਝ ਮਹਿਸੂਸ ਕਰਦਾ ਰਹਿੰਦਾ ਹੈ ਤੇ ਇਸ ਨਾਲੋਂ ਵੀ ਭਿਆਨਕ ਗੱਲ ਇਹ ਹੈ ਕਿ ਉਹ ਕਾਬਿਨ ਨਾਲ ਗੱਲਾਂ ਵੀ ਕਰਦੀ ਹੈ! ਜਦੋਂ ਵੀ ਕਾਬਿਨ ਇਕੱਲਾ ਹੁੰਦਾ ਹੈ ਜਾਂ ਕੋਈ ਕੰਮ-ਧੰਦਾ ਕਰ ਰਿਹਾ ਹੁੰਦਾ ਹੈ ਜਾਂ ਫੇਰ ਉਹਨਾਂ ਕਾਗਜ਼ਾਂ ਉੱਤੇ ਕੰਮ ਕਰ ਰਿਹਾ ਹੁੰਦਾ ਹੈ ਜਿਹਨਾਂ ਨੂੰ ਅੱਜ ਹੀ ਜਮ੍ਹਾਂ ਕਰਵਾਉਣਾ ਹੁੰਦਾ ਹੈ...ਤਾਂ ਉਹ ਮੁਸਕਾਨ ਉਸ ਨਾਲ ਗੱਲਾਂ ਕਰਨ ਲੱਗਦੀ...:
''ਇਸ ਵਾਰੀ ਤੈਨੂੰ ਕਿੰਨਾ ਲਾਭ ਹੋਏਗਾ ਕਾਬਿਨ?''
ਆਵਾਜ਼ ਉਸ ਦੇ ਕੰਨਾਂ ਵਿਚ ਗੂੰਜੀ। ਕਾਬਿਨ ਨੇ ਚਾਰੇ ਪਾਸੇ ਭੌਂ ਕੇ ਵੇਖਿਆ ਪਰ ਉਸ ਨੂੰ ਕੋਈ ਦਿਖਾਈ ਨਹੀਂ ਦਿੱਤਾ, ਉਸ ਦਾ ਹੱਥ ਆਪ ਮੁਹਾਰੇ ਆਪਣੇ ਮੋਢੇ ਉਪਰ ਚਲਾ ਗਿਆ ਪਰ ਉੱਥੇ ਵੀ ਕੁਝ ਨਹੀਂ ਸੀ...ਹਾਂ ਉਹ ਬੋਝ ਜਿਵੇਂ ਦਾ ਤਿਵੇਂ ਸੀ।
ਕਾਬਿਨ ਘਬਰਾ ਕੇ ਨੌਕਰ ਨੂੰ ਆਵਾਜ਼ ਮਾਰਦਾ ਹੈ, ''ਨੰਦਾ...'' ਨੰਦਾ ਕਾਹਲ ਨਾਲ ਕਮਰੇ ਵਿਚ ਆਉਂਦਾ ਹੈ। ਕਾਬਿਨ ਨੂੰ ਆਪਣੇ ਮੋਢਿਆਂ ਦਾ ਭਾਰ ਅਚਾਨਕ ਗ਼ਾਇਬ ਹੋ ਗਿਆ ਲੱਗਦਾ ਹੈ। ਕਮਰੇ ਅੰਦਰ ਆ ਕੇ ਨੰਦਾ ਮੂਰਖਾਂ ਵਾਂਗ ਕਾਬਿਨ ਦੇ ਮੂੰਹ ਵੱਲ ਤੱਕ ਰਿਹਾ ਹੈ। ਕਾਬਿਨ ਬੌਂਦਲਿਆ ਹੋਇਆ ਹੈ, ਉਸ ਨੂੰ ਸੁੱਝ ਨਹੀਂ ਰਿਹਾ ਕਿ ਕੀ ਕਹੇ...ਉਸ ਨੇ ਨੰਦੇ ਨੂੰ ਇਕ ਗ਼ਲਾਸ ਪਾਣੀ ਲੈ ਆਉਣ ਲਈ ਕਿਹਾ। ਨੰਦੇ ਨੂੰ ਬੜੀ ਹੈਰਾਨੀ ਹੋਈ...ਮੇਜ਼ ਉੱਤੇ ਪਾਣੀ ਦਾ ਭਰਿਆ ਹੋਇਆ ਗ਼ਲਾਸ ਪਿਆ ਸੀ। ਕਾਬਿਨ ਨੇ ਗ਼ਲਾਸ ਚੁੱਕਿਆ ਤੇ ਇਕੇ ਸਾਹ 'ਚ ਪੂਰਾ ਗ਼ਲਾਸ ਖ਼ਾਲੀ ਕਰ ਦਿੱਤਾ।
ਨੰਦਾ ਏਨਾ ਮੂਰਖ ਵੀ ਨਹੀਂ, ਉਹ ਸਮਝ ਗਿਆ ਹੈ ਕਿ ਕਾਬਿਨ ਕਿਸੇ ਗੱਲੋਂ ਭੈਭੀਤ ਹੈ। ਪਰ ਕਾਬਿਨ ਤੇ ਭੈਭੀਤ...? ਉਹ ਕਾਬਿਨ ਜਿਹੜਾ ਇਨਸਾਨ ਤੇ ਸ਼ੈਤਾਨ ਸਾਰਿਆਂ ਨੂੰ ਆਪਣੀ ਜੁੱਤੀ ਦੀ ਨੋਕ 'ਤੇ ਰੱਖਦਾ ਹੈ!...ਉਹ ਭੈਭੀਤ ਹੈ! ਤੇ ਉਹ ਵੀ ਦਿਨ ਦੇ ਚਿੱਟੇ ਚਾਨਣ ਵਿਚ!...ਕਾਬਿਨ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਨੰਦੇ ਨੂੰ ਜਾਣ ਲਈ ਕਿਹਾ, ''ਬਸ ਜਾਹ।'' ਕਾਬਿਨ ਨੇ ਇਸ ਘਟਨਾਂ ਦਾ ਜ਼ਿਕਰ ਕਿਸੇ ਕੋਲ ਨਹੀਂ ਕੀਤਾ...ਤੇ ਜੇ ਉਹ ਕਰਦਾ ਵੀ ਤਾਂ ਕਿਸ ਨੇ ਮੰਨਣਾ ਸੀ?...ਜ਼ਿਕਰ ਨਾ ਕਰਨ ਦਾ ਇਕ ਖਾਸ ਕਾਰਣ ਵੀ ਹੈ...
ਕਾਬਿਨ ਇਸ ਮੁਸਕਾਨ ਨੂੰ ਬੜੀ ਚੰਗੀ ਤਰ੍ਹਾਂ ਪਛਾਣ ਗਿਆ ਹੈ। ਭਾਵੇਂ ਉਸ ਦਾ ਸਰੀਰ ਨਹੀਂ, ਪਰ ਅਕਸ ਜ਼ਰੂਰ ਹੈ। ਬਿਨਾਂ ਸ਼ੱਕ ਇਹ ਇਕ ਬਿਨਾਂ ਜਿਸਮ ਤੇ ਚਿਹਰਾ-ਹੀਣ ਮੁਸਕਾਨ ਹੈ ਪਰ ਜਿਵੇਂ ਕਾਬਿਨ ਕਿਸੇ ਹੱਡ ਮਾਸ ਦੇ ਬੰਦੇ ਨੂੰ ਪਛਾਣ ਸਕਦਾ ਹੈ ਉਵੇਂ ਹੀ ਇਹ ਮੁਸਕਾਨ ਵੀ ਕਬਿਨ ਲਈ ਜਾਣੀ-ਪਛਾਣੀ ਹੈ। ਉਹ ਮੁਸਕਾਨ ਉਸ ਉੱਤੇ ਵਿਅੰਗ ਕਰਦੀ ਹੈ, ਉਸ ਦਾ ਮਜ਼ਾਕ ਉਡਾਉਂਦੀ ਹੈ—
''ਤੂੰ ਕਿੱਧਰੋਂ ਕਿੱਧਰ ਜਾ ਪਹੁੰਚਿਆ ਏਂ ਕਾਬਿਨ? ਆਖ਼ਰ ਕਰਨਾ ਕੀ ਚਾਹੁੰਦੇ ਏਂ ਤੂੰ?'' ਪਰ ਇਹ ਆਵਾਜ਼ ਸਿਰਫ ਕਾਬਿਨ ਨੂੰ ਹੀ ਸੁਣਾਈ ਦਿੰਦੀ ਹੈ।
ਕਾਬਿਨ ਨੂੰ ਨਿੱਜੀ ਸਿਕਿਓਰਟੀ ਗਾਰਡ ਮਿਲਿਆ ਹੋਇਆ ਹੈ, ਪਰ ਉਹ ਹਰ ਸਮੇਂ ਉਸਨੂੰ ਨਾਲ ਤਾਂ ਨਹੀਂ ਰੱਖ ਸਕਦਾ ਨਾ। ਉਸਨੂੰ ਸੈਂਕੜੇ ਕੰਮ ਹੁੰਦੇ ਨੇ, ਉਹ ਸਾਰੇ ਉਸ ਦੀ ਮੌਜ਼ੂਦਗੀ ਵਿਚ ਨਹੀਂ ਹੋ ਸਕਦੇ। ਆਪਣੇ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਦਿਆਂ ਜਾਂ ਪੁਲਿਸ ਨਾਲ ਕੁਝ ਤੈਅ ਕਰਣ ਲੱਗਿਆਂ ਉਸ ਨੂੰ ਇਕੱਲਾ ਹੀ ਰਹਿਣਾ ਪੈਂਦਾ ਹੈ। ਅਜਿਹੇ ਮੌਕਿਆਂ ਉੱਤੇ ਕਿਸੇ ਨੂੰ ਨਾਲ ਰੱਖਣਾ ਸੰਭਵ ਨਹੀਂ ਹੁੰਦਾ। ਫੇਰ ਵੀ ਉਹ ਕਦੀ ਇਕੱਲਾ ਨਹੀਂ ਹੁੰਦਾ। ਉਸ ਦੇ ਨਾਲ ਹਰ ਵੇਲੇ ਕੋਈ ਨਾ ਕੋਈ ਹਾਜ਼ਰ ਹੁੰਦਾ ਹੈ। ਜਦੋਂ ਉਹ ਇਕੱਲਾ ਆਪਣੀ ਕਾਰ ਵੱਲ ਵਧ ਰਿਹਾ ਹੁੰਦਾ ਹੈ ਉਦੋਂ ਵੀ ਉਸਨੂੰ ਆਪਣੇ ਮੋਢਿਆਂ ਉੱਤਲੇ ਭਾਰ ਦਾ ਅਹਿਸਾਸ ਹੁੰਦਾ ਹੈ।
''ਇਸ ਵਾਰੀ ਤਾਂ ਕੰਮ ਹੋ ਜਾਏਗਾ ਨਾ?'' ਮੁਸਕਾਨ ਉਸ ਨੂੰ ਸਵਾਲ ਕਰਦੀ ਹੈ। ਕਾਬਿਨ ਝੱਟ ਕਹਿਣਾ ਚਾਹੁੰਦਾ ਹੈ, 'ਕਿਉਂ ਨਹੀਂ,' ਪਰ ਉਹ ਕਹਿੰਦਾ ਨਹੀਂ। ਜੇ ਉਹ ਇਹ ਕਹੇਗਾ ਤਾਂ ਦੂਸਰੇ ਲੋਕ ਵੀ ਸੁਣ ਲੈਣਗੇ ਤੇ ਉਹ ਕੀ ਸੋਚਣਗੇ ਕਿ ਉਹ ਕਿਸ ਨਾਲ ਗੱਲਾਂ ਕਰ ਰਿਹਾ ਹੈ? ਇਸ ਖ਼ਿਆਲ ਦੇ ਆਉਂਦਿਆਂ ਹੀ ਉਸਨੂੰ ਇੰਜ ਲੱਗਦਾ ਹੈ ਜਿਵੇਂ ਠੰਡਾ ਪਸੀਨਾ ਉਸ ਦੀ ਧੌਣ ਉਪਰੋਂ ਚੋ ਰਿਹਾ ਹੋਵੇ।
''ਅੱਛਾ!...ਤੈਨੂੰ ਬਿਨਾਂ ਹੱਥ ਪੈਰ ਮਾਰਿਆਂ ਇਹ ਕੰਨਟ੍ਰੇਕਟ ਮਿਲ ਗਿਆ...! ਕੀ ਦੂਜਿਆਂ ਨੂੰ ਪਤਾ ਨਹੀਂ ਲੱਗੇਗਾ?'' ਮੁਸਕਰਾਹਟ ਨੇ ਉਸ ਨੂੰ ਸਵਾਲ ਕੀਤਾ। 'ਫੇਰ ਮੈਂ ਕੀ ਕਰਾਂ?' ਕਾਬਿਨ ਨੇ ਚਾਹਿਆ ਕਿ ਪੁੱਛ ਲਵੇ ਪਰ ਆਪਣੇ ਆਪ ਉੱਤੇ ਕਾਬੂ ਰੱਖਿਆ। ''ਪਰ ਦੂਜੇ ਠੇਕੇਦਾਰਾਂ ਨੂੰ ਤਾਂ ਮੌਕਾ ਨਹੀਂ ਮਿਲਿਆ।''
'ਜੇ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਤਾਂ ਇਹ ਉਹਨਾਂ ਦਾ ਮਸਲਾ ਏ।' ਕਾਬਿਨ ਨੇ ਜਵਾਬ ਦੇਣਾ ਚਾਹਿਆ ਪਰ ਦੇ ਨਹੀਂ ਸਕਿਆ।
''ਇਨਸਾਫ! ਕੀ ਹੋਇਆ ਇਨਸਾਫ ਨੂੰ? ਬੇਇਨਸਾਫੀ ਦੇ ਖ਼ਿਲਾਫ਼ ਉਹ ਜੰਗ, ਜਿਸ ਦੀਆਂ ਤੂੰ ਗੱਲਾਂ ਕਰਦਾ ਹੁੰਦਾ ਸੀ...ਉਸਦਾ ਕੀ ਬਣੇਗਾ?''
ਕਾਬਿਨ ਠਿਠਕ ਕੇ ਰੁਕ ਗਿਆ ਤੇ ਮੁੜ ਕੇ ਦੇਖਿਆ ਕਿ ਵਾਕਈ ਕਿਸੇ ਨੇ ਉਸਨੂੰ ਕੁਝ ਪੁੱਛਿਆ ਹੈ? ਨਹੀਂ! ਨਹੀਂ ਕੋਈ ਨਹੀਂ...ਇਸ ਦੇ ਨਾਲ ਹੀ ਉਸ ਉਸਦੇ ਮੋਢਿਆਂ ਤੋਂ ਭਾਰ ਲੱਥ ਜਾਂਦਾ ਹੈ।
ਪਿਛਲੇ ਕੁਝ ਦਿਨਾਂ ਤੋਂ ਉਸ ਮੁਸਕਾਨ ਨੇ ਉਸਨੂੰ ਬੜਾ ਹੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਆਪਣੇ ਮੋਢਿਆਂ ਉਪਰਲੇ ਬੋਝ ਨੂੰ ਮੁਸਕਰਾਂਦਾ ਹੋਇਆ ਮਹਿਸੂਸ ਕਰਦਾ ਹੈ। ਦਿਨੋ-ਦਿਨ ਇਹ ਮੁਸਕਾਨ ਵਧੇਰੇ ਸਾਫ-ਸਪਸ਼ਟ ਤੇ ਤਿੱਖੀ ਹੁੰਦੀ ਜਾ ਰਹੀ ਹੈ। ਇਹ ਮੁਸਕਾਨ ਉਸ ਨੂੰ ਉਸ ਸਖ਼ਸ਼ ਵਰਗੀ ਲੱਗਦੀ ਹੈ ਜਿਹੜਾ ਉਸ ਦੀ ਮੇਜ਼ ਦੇ ਦੂਜੇ ਪਾਸੇ ਖੜ੍ਹਾ ਹੋਵੇ ਤੇ ਉਸ ਉੱਤੇ ਵਿਅੰਗ ਕਰ ਰਿਹਾ ਹੋਵੇ।
''ਇਹ ਸਭ ਸਿਰਫ ਭਾਸ਼ਣਾ ਵਿਚ ਸੁਨਣਾ ਚੰਗਾ ਲੱਗਦਾ ਏ ਨਾ?'' ਮੁਸਕਾਨ ਨੇ ਉਸਨੂੰ ਪੁੱਛਿਆ।
''ਕੀ ਸਭ?'' ਕਾਬਿਨ ਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ। ਕਾਬਿਨ ਨੇ ਘਬਰਾ ਕੇ ਚਾਰੇ ਪਾਸੇ ਦੇਖਿਆ, ਕਿਸੇ ਨੇ ਸੁਣਿਆਂ ਤਾਂ ਨਹੀਂ?' ਨਹੀਂ ਉੱਥੇ ਉਸ ਦੇ ਆਸੇ-ਪਾਸੇ ਕੋਈ ਨਹੀਂ ਸੀ ਜਿਹੜਾ ਸੁਣਦਾ, ਸਿਵਾਏ ਉਸ ਮੁਸਕਾਨ ਦੇ। ''ਇਨਸਾਫ, ਬੇਇਨਸਾਫੀ, ਖੁਸ਼ਹਾਲੀ, ਮੰਦਹਾਲੀ ਤੇ ਹੋਰ ਪਤਾ ਨਹੀਂ ਕੀ ਕੀ...''
''ਚੁੱਪ...'' ਇਸ ਵਾਰੀ ਕਾਬਿਨ ਚੀਕਿਆ।
'ਮੈਨੂੰ ਬੁਲਾਇਆ ਏ ਸਾਹਬ?'' ਸਕਿਓਰਟੀ ਗਾਰਡ ਨੇ ਅੰਦਰ ਆ ਕੇ ਪੁੱਛਿਆ। ਕਾਬਿਨ ਨੇ ਉਸ ਨੂੰ ਹੱਥ ਦੇ ਇਸ਼ਾਰੇ ਨਾਲ ਜਾਣ ਲਈ ਕਿਹਾ। ਸਾਹਬ ਨੇ ਕਿਸੇ ਨੂੰ ਨਹੀਂ ਬੁਲਾਇਆ ਸੀ, ਕਮਰੇ ਵਿਚ ਹੋਰ ਕੋਈ ਹੈ ਨਹੀਂ ਸੀ, ਫੇਰ ਸਾਹਬ ਚੀਕੇ ਕਿਸ ਉੱਤੇ ਸਨ? ਗਾਰਡ ਦੀ ਕੁਝ ਸਮਝ ਵਿਚ ਨਹੀਂ ਆਇਆ ਤੇ ਉਹ ਚੁੱਪਚਾਪ ਬਾਹਰ ਚਲਾ ਗਿਆ।
ਉਸ ਰਾਤ ਜਦੋਂ ਕਾਬਿਨ ਆਪਣੇ ਬਿਸਤਰੇ ਉੱਤੇ ਸੌਣ ਲਈ ਲੇਟਿਆ ਤਾਂ ਉਹ ਬੱਤੀ ਨਹੀਂ ਸੀ ਬੁਝਾਉਣਾ ਚਾਹੁੰਦਾ। ਇਸ ਲਈ ਉਸ ਨੇ ਨੰਦੇ ਨੂੰ ਕਿਹਾ ਕਿ ਜਦੋਂ ਉਹ ਸੌਂ ਜਾਏ ਤਦ ਬੱਤੀ ਬੁਝਾ ਦੇਵੇ। ਕਾਬਿਨ ਆਪਣੇ ਬਿਸਤਰੇ ਉੱਤੇ ਪਿਆ ਹੁਣ ਵੀ ਜਾਗ ਰਿਹਾ ਸੀ। ਕੁਝ ਚਿਰ ਬੀਤ ਜਾਣ ਪਿੱਛੋਂ ਨੰਦਾ ਕਮਰੇ ਵਿਚ ਆਇਆ ਤੇ ਇਹ ਸਮਝ ਕੇ ਕਿ ਸਾਹਬ ਸੌਂ ਗਏ ਨੇ, ਉਸ ਨੇ ਬੱਤੀ ਬੰਦ ਕਰ ਦਿੱਤੀ। ਕਾਬਿਨ ਲਗਭਗ ਬੁੜ੍ਹਕ ਕੇ ਉੱਠਿਆ ਸੀ।
''ਕਿਉਂ? ਤੂੰ ਬੱਤੀ ਕਿਉਂ ਬੁਝਾਈ ਏ ਓਇ?'' ਕਾਬਿਨ ਸੱਚਮੁੱਚ ਨੰਦੇ ਉੱਤੇ ਹਿਰਖ ਗਿਆ ਸੀ। ''ਮੈਂ ਸਮਝਿਆ ਤੁਸੀਂ ਸੌਂ ਗਏ ਓ।'' ਨੰਦੇ ਨੇ ਬੱਤੀ ਜਗਾਉਂਦਿਆਂ ਹੋਇਆਂ ਕਿਹਾ ਤੇ ਦਰਵਾਜ਼ਾ ਬੰਦ ਕਰਦਾ ਹੋਇਆ ਬਾਹਰ ਚਲਾ ਗਿਆ।
''ਤੈਨੂੰ ਹਨੇਰੇ ਵਿਚ ਸੌਣ ਤੋਂ ਡਰ ਲੱਗਾ ਏ; ਹੈ ਨਾ ਕਾਬਿਨ?''
ਕਾਬਿਨ ਸਹਿਮ ਗਿਆ, ਪਰ ਉਹ ਆਪਣੀ ਥਾਂ ਤੋਂ ਹਿੱਲਿਆ ਨਹੀਂ। ਉਸ ਨੂੰ ਮਹਿਸੂਸ ਹੋਇਆ ਇਹ ਬੇ-ਚਿਹਰਾ ਮੁਸਕਾਨ ਉਸ ਨੂੰ ਨੁਕਸਾਨ ਨਹੀਂ ਪਹੁੰਚਾਏਗੀ। ਜੇ ਇਹ ਮੁਸਕਾਨ ਉਸਦਾ ਇਵੇਂ ਪਿੱਛਾ ਕਰਦੀ ਰਹੀ ਤਾਂ ਉਸ ਦਾ ਕੀ ਹਾਲ ਹੋਏਗਾ...ਉਸਦੀ ਮਾਨਸਿਕ ਸ਼ਾਂਤੀ ਬਿਲਕੁਲ ਖ਼ਤਮ ਹੋ ਜਾਏਗੀ।
''ਚੇਤੇ ਹੈ, ਕਾਬਿਨ ਤੇਰਾ ਚਾਚਾ ਮਰ ਚੁੱਕਿਆ ਏ। ਉਸ ਦਾ ਮੁੰਡਾ ਤੇਰੇ ਕੋਲ ਕੁਝ ਮਦਦ ਮੰਗਣ ਲਈ ਆਇਆ ਸੀ ਪਰ ਤੂੰ ਉਸ ਨੂੰ ਨਿਰਾਸ਼ ਮੋੜ ਦਿੱਤਾ ਸੀ।...ਤੇ  ਅੱਜ ਉਸ ਅਫ਼ਸਰ ਨੂੰ ਤੂੰ ਪੰਜ ਹਜ਼ਾਰ ਰੁਪਏ ਦਿੱਤੇ ਨੇ।''
'ਦਿੱਤੇ ਨੇ, ਫੇਰ ਕੀ ਹੋਇਆ?' ਕਾਬਿਨ ਨੇ ਪੁੱਛਣਾ ਚਾਹਿਆ। 'ਉਸ ਨੇ ਮੇਰੇ ਮਕਾਨ ਦੀ ਉਸਾਰੀ ਨਾਲ ਸੰਬੰਧਤ ਸਾਰੇ ਕਾਗਜ਼ ਪੂਰੇ ਕਰਵਾ ਦਿੱਤੇ ਨੇ।' ਕਾਬਿਨ ਇਹ ਸਭ ਕੁਝ ਕਹਿਣਾ ਚਾਹੁੰਦਾ ਸੀ ਪਰ ਕਹੇ ਤਾਂ ਕਿਸ ਨੂੰ?
'ਤਾਂ ਕੀ ਤੂੰ ਆਪਣੇ ਪਿਤਾ ਨੂੰ ਇਸ ਘਰ ਵਿਚ ਲਿਆਏਂਗਾ?'' ਮੁਸਕਰਾਹਟ ਨੇ ਪੁੱਛਿਆ। 'ਮੈਂ ਉਹਨਾਂ ਨੂੰ ਲਿਆਵਾਂ ਜਾਂ ਨਾ ਲਿਆਵਾਂ ਤੂੰ ਇਹ ਪੁੱਛਣ ਵਾਲਾ ਕੌਣ ਏਂ?' ਉਹ ਅੰਦਰੇ ਅੰਦਰ ਰਿੱਝਿਆ।
''ਨਹੀਂ, ਉਹਨਾਂ ਨੂੰ ਇੱਥੇ ਨਾ ਲਿਆਵੀਂ। ਉਹ ਇਸ ਪਾਲਿਸ਼ ਕੀਤੇ ਹੋਏ ਮਾਰਬਲ ਦੇ ਫਰਸ਼ ਉੱਤੇ ਤੁਰ ਨਹੀਂ ਸਕਣਗੇ ਤੇ ਐਵੇਂ ਖ਼ਾਹਮਖ਼ਾਹ ਤਿਲ੍ਹਕ ਕੇ ਸੱਟ ਖਾ ਬੈਠਣਗੇ।''
'ਤੂੰ ਕੌਣ ਹੁੰਦਾ ਏਂ ਸਾਡੇ ਘਰੇਲੂ ਮਾਮਲੇ ਵਿਚ ਦਖ਼ਲ ਦੇਣ ਵਾਲਾ?' ਕਾਬਿਨ ਨੇ ਆਪਣੇ ਅੰਦਰ ਹੀ ਅੰਦਰ ਸਵਾਲ ਕੀਤਾ।
''ਅਸੀਂ ਬਿਲਕੁਲ ਇਕੋ ਜਿਹੇ ਹੁੰਦੇ ਸਾਂ ਨਾ ਕਾਬਿਨ...ਮੇਰੇ ਪਿਤਾ ਤੇਰੇ ਪਿਤਾ, ਸਾਡਾ ਖ਼ਾਨਦਾਨ, ਤੁਹਾਡਾ ਖ਼ਾਨਦਾਨ, ਸਾਡਾ ਘਰ?''
ਕਾਬਿਨ ਨੂੰ ਇਸ ਸਵਾਲ ਦਾ ਕੋਈ ਢੁਕਵਾਂ ਜਵਾਬ ਨਹੀਂ ਸੁਝਿਆ। ਮੁਸਕਰਾਹਟ ਨੇ ਉਸਦੀ ਦੁਖਦੀ ਰਗ ਉੱਤੇ ਉਂਗਲ ਰੱਖ ਦਿੱਤੀ ਸੀ। ਕਾਬਿਨ ਮੱਧ ਵਰਗ ਨਾਲ ਸੰਬੰਧ ਰਖਦਾ ਸੀ। ਉਸ ਦੀ ਪ੍ਰਵਰਿਸ਼ ਸਰਤ ਦੇ ਨਾਲ ਹੀ ਹੋਈ ਸੀ...ਸਰਤ?

ਸਰਤ ਲਾਪਤਾ ਹੋ ਗਿਆ ਸੀ। ਇਕ ਦਿਨ ਕਿਸੇ ਨੇ ਉਸਨੂੰ ਅਗਵਾਹ ਕਰ ਲਿਆ ਸੀ। ਇਹ ਗੱਲ ਕਿਸੇ ਦੀ ਸਮਝ ਵਿਚ ਨਹੀਂ ਸੀ ਆਈ ਕਿ ਸਰਤ ਨੂੰ ਅਗਵਾਹ ਕਰਕੇ ਕਿਸੇ ਨੂੰ ਕੀ ਲਾਭ ਹੋ ਸਕਦਾ ਹੈ। ਪਰ ਸਰਤ ਜਾ ਚੁੱਕਿਆ ਸੀ, ਕਦੀ ਵਾਪਸ ਨਾ ਆਉਣ ਵਾਸਤੇ...
ਕਾਬਿਨ ਨੇ ਆਪਣੇ ਭਵਿੱਖ ਲਈ ਕੁਝ ਸੁਪਨੇ ਦੇਖੇ ਸਨ ਤੇ ਉਹਨਾਂ ਦੀ ਪੂਰਤੀ ਲਈ ਉਸਨੇ ਸਰਤ ਦੀ ਗੁੰਮਸ਼ੁਦਗੀ ਤੋਂ ਪਹਿਲਾਂ ਹੀ ਘਰ ਛੱਡ ਦਿੱਤਾ ਸੀ। ਜਿਹੜੇ ਲੋਕ ਉਸਨੂੰ ਜਾਣਦੇ ਸਨ ਉਹ ਕਹਿੰਦੇ ਸਨ ਕਿ ਕਾਬਿਨ ਆਪਣੇ ਘਰ, ਆਪਣੇ ਸਮਾਜ ਤੇ ਆਪਣੇ ਮੁਲਕ ਵਿਚ ਤਬਦੀਲੀ ਲਿਆਉਣਾ ਚਾਹੁੰਦਾ ਹੈ। ਇਕ ਅਜਿਹਾ ਪਰੀਵਤਰਨ ਜਿਸ ਵਿਚ ਕੋਈ ਮਜ਼ਬੂਰ ਤੇ ਲੋੜਵੰਦ ਨਾ ਹੋਵੇ। ਹਰੇਕ ਨੂੰ ਹਰੇਕ ਉਹ ਚੀਜ਼ ਨਸੀਬ ਹੋਏ, ਜਿਸਦੀ ਉਸਨੂੰ ਨੂੰ ਲੋੜ ਹੈ।
''ਤੂੰ ਕਹਿਣਾ ਕੀ ਚਾਹੁੰਦਾ ਏਂ? ਜਿਸਨੂੰ ਜੋ ਚਾਹੀਦਾ ਹੋਵੇਗਾ ਉਹ ਮਿਲੇਗਾ? ਪਰ ਕਿੱਥੋਂ? ਕੀ ਇਸ ਹਵਾ ਵਿਚੋਂ...? ਜਾਂ ਕਿਸੇ ਬਾਬਾ ਜੀ ਦੇ ਚਮਤਕਾਰ ਨਾਲ?'' ਮੁਸਕਾਨ ਨੇ ਪੁੱਛਿਆ।
''ਅਸੀਂ ਉਹਨਾਂ ਸਾਰਿਆਂ ਨਾਲ ਮੁਕਾਬਲਾ ਕਰਾਂਗੇ ਜਿਹੜੇ ਸਾਨੂੰ ਲੁੱਟ ਰਹੇ ਨੇ।''
''ਕੌਣ, ਕਿਸ ਨੂੰ ਲੁੱਟ ਰਿਹੈ? ਜਿਵੇਂ ਉਹ ਪਹਿਲਾਂ ਲੁੱਟਦੇ-ਖਸੁਟਦੇ ਸਨ...ਕੀ ਹੁਣ ਉਸ ਨਾਲੋਂ ਜ਼ਿਆਦਾ ਨਹੀਂ ਲੁੱਟ ਰਹੇ ਨੇ?'' ਮੁਸਕਾਨ ਨੇ ਫੇਰ ਪੁੱਛਿਆ। ਇਸ ਵਾਰੀ ਕਾਬਿਨ ਤਪ ਗਿਆ ਤੇ ਉਸਨੇ ਆਪਣੇ ਸਿਰਹਾਣੇ ਹੇਠ ਰੱਖੀ ਪਿਸਤੌਲ ਨੂੰ ਹੱਥ ਪਾ ਲਿਆ। ਉਹ ਲੋਹੇ ਦਾ ਠੰਡਾ ਟੁਕੜਾ, ਬਿਲਕੁਲ ਯੱਖ ਸੀ, ਏਨਾ ਠੰਡਾ ਜਿਸ ਨਾਲ ਹੱਥ ਠਰਨ ਲੱਗਿਆ। ਕਾਬਿਨ ਨੇ ਹੱਥ ਪਿੱਛੇ ਖਿੱਚ ਲਿਆ।
ਕਾਬਿਨ ਜਾਂ ਉਸਦੇ ਸਾਥੀ ਕਦੇ ਵੀ ਆਪਣੇ ਉਪਰ ਕੋਈ ਅਲੋਚਨਾ ਜਾਂ ਧੋਖੇਬਾਜੀ ਬਰਦਾਸ਼ਤ ਨਹੀਂ ਸਨ ਕਰਦੇ। ਉਹ ਜਿਹੜੇ ਉਹਨਾਂ ਨਾਲ ਧੋਖਾ ਕਰਦੇ ਸਨ, ਉਹਨਾਂ ਸਾਰੇ ਧੋਖੇਬਾਜਾਂ ਤੇ ਗੱਦਾਰਾਂ ਦੀ ਇਕੋ ਸਜ਼ਾ ਹੁੰਦੀ ਸੀ...ਸਜ਼ਾਏ ਮੌਤ! ਉਹਨਾਂ ਨੂੰ ਮੌਕੇ ਉੱਤੇ ਹੀ ਗੋਲੀ ਮਾਰ ਦੇਣਾ ਜਾਂ ਫੇਰ ਅਗਵਾਹ ਕਰਕੇ ਲਿਆਉਣਾ ਤੇ ਇਕ ਲਾਈਨ ਵਿਚ ਖੜ੍ਹੇ ਕਰਕੇ ਗੋਲੀਆਂ ਨਾਲ ਭੁੰਨ ਦੇਣਾ ਹੀ ਤਕਰੀਬਨ ਉਹਨਾਂ ਦੀ ਸਜ਼ਾ ਹੁੰਦੀ ਸੀ।
ਫਿਰੌਤੀ ਤੋਂ ਪ੍ਰਾਪਤ ਹੋਣ ਵਾਲੀ ਰਕਮ ਬੰਦੂਕਾਂ ਤੇ ਗੋਲੀਆਂ ਖਰੀਦਣ ਲਈ ਕੰਮ ਆਉਂਦੀ ਤੇ ਉਸ ਲਈ ਅਮੀਰਾਂ ਨੂੰ ਅਗਵਾਹ ਕੀਤਾ ਜਾਂਦਾ। ਇਸ ਵਿਚ ਕੁਝ ਵੀ ਨਵਾਂ ਜਾਂ ਅਨੋਖਾ ਨਹੀਂ ਹੈ...ਇੰਜ ਹਮੇਸ਼ਾ ਤੋਂ ਪੂਰੀ ਦੁਨੀਆਂ ਵਿਚ ਹੁੰਦਾ ਆਇਆ ਹੈ। ਸਰਤ ਦਾ ਅਗਵਾਹ ਇਸ ਕਰਕੇ ਹੋਇਆ ਕਿ ਉਹ ਗੱਦਾਰ ਹੈ। ਪਰ ਇਹ ਸਹੀ ਨਹੀਂ ਸੀ। ਇੰਜ ਸ਼ਾਇਦ ਉਸਦੇ ਸਾਥੀਆਂ ਦੀ ਗਲਤੀ ਨਾਲ ਹੋਇਆ ਸੀ, ਕਿਉਂਕਿ ਉਸੇ ਸਮੇਂ ਇਕ ਅਮੀਰ ਕਾਰੋਬਾਰੀ ਨੂੰ ਵੀ ਅਗਵਾਹ ਕੀਤਾ ਗਿਆ ਸੀ। ਉਸ ਨੇ ਤਾਂ ਕਿਵੇਂ ਨਾ ਕਿਵੇਂ ਫਿਰੌਤੀ ਦੀ ਰਕਮ ਅਦਾਅ ਕਰ ਦਿੱਤੀ ਸੀ। ਸਰਤ ਵੀ ਉੱਥੇ ਹੀ ਸੀ, ਇਸ ਲਈ ਉਹਨਾਂ ਲੋਕਾਂ ਨੇ ਸਰਤ ਨੂੰ ਵੀ ਉਸ ਗਿਰੋਹ ਦਾ ਹਿੱਸਾ ਸਮਝ ਲਿਆ।
ਤਨਜੀਮ ਨੂੰ ਗਵਾਹਾਂ ਤੋਂ ਵੱਡਾ ਖਤਰਾ ਹੁੰਦਾ ਹੈ ਤੇ ਵਧੇਰੇ ਖਤਰਨਾਕ ਗੱਲ ਇਹ ਸੀ ਕਿ ਸਰਤ, ਕਾਬਿਨ ਨੂੰ ਜਾਣਦਾ ਸੀ। ਉਪਰੋਂ ਆਏ ਹੁਕਮ ਮੁਤਾਬਿਕ ਸਰਤ ਲਈ ਸਜਾਏ ਮੌਤ ਸੀ ਤੇ ਉਹ ਵੀ ਕਿਸੇ ਹੋਰ ਦੇ ਨਹੀਂ ਬਲਕਿ ਕਾਬਿਨ ਦੇ ਹੱਥੋਂ। ਤੇ ਜਿਵੇਂ ਕਿ ਹੁੰਦਾ ਹੈ, ਇਕ ਮਿਥੇ ਗਏ ਸਮੇਂ ਤੇ ਦਿਨ...ਸਰਤ ਨੂੰ ਸੰਘਣੇ ਜੰਗਲ ਵਿਚ ਇਕ ਤਾਜ਼ਾ ਪੁੱਟੇ ਟੋਏ ਕੋਲ ਖੜ੍ਹਾ ਕਰ ਦਿੱਤਾ ਗਿਆ—ਹੋਰ ਵੀ ਕਈ ਜਣੇ ਸਨ ਉਸ ਨਾਲ। ਉਹਨਾਂ ਵਿਚ ਸਰਤ ਦੇ ਐਨ ਬਰਾਬਰ ਖੜ੍ਹਾ ਆਦਮੀ ਭੈ ਨਾਲ ਕੰਬ ਰਿਹਾ ਸੀ ਤੇ ਆਪਣੇ ਦੋਹੇਂ ਹੱਥ ਜੋੜ ਕੇ ਆਪਣੀ ਜਾਨ ਬਖ਼ਸ਼ ਦੇਣ ਦੀਆਂ ਦੁਹਾਈਆਂ ਦੇ ਰਿਹਾ ਸੀ। ਸਰਤ ਦਾ ਧਿਆਨ ਉਸ ਵਿਚ ਏਨਾ ਖੁੱਭ ਗਿਆ ਕਿ ਉਸਨੂੰ ਪਤਾ ਹੀ ਨਹੀਂ ਸੀ ਲੱਗਿਆ ਕਿ ਕਾਬਿਨ ਆ ਗਿਆ ਹੈ ਤੇ ਉਸ ਤੋਂ ਪੰਜ ਕਰਮਾਂ ਦੇ ਫਾਸਲੇ ਉੱਤੇ ਉਸ ਵੱਲ ਪਿਸਤੌਲ ਤਾਣੀ ਖੜ੍ਹਾ ਹੈ।
''ਕਾਬਿਨ ਤੂੰ? ਤੂੰ ਮੈਨੂੰ ਮਾਰਨਾ ਚਾਹੁੰਦਾ ਏਂ? ਤੂੰ ਮੈਨੂੰ ਮਾਰ ਕੇ ਇਸ ਮੁਲਕ ਦੀ ਕੀ ਖ਼ਿਦਮਤ ਕਰੇਂਗਾ?'' ਸਰਤ ਨੇ ਉਸ ਵੱਲ ਉਂਗਲ ਸਿੰਨ੍ਹ ਕੇ ਮੁਸਕਰਾਉਂਦਿਆਂ ਹੋਇਆਂ ਕਾਬਿਨ ਤੋਂ ਪੁੱਛਿਆ ਤੇ ਐਨ ਉਸੇ ਵੇਲੇ ਦੋ ਵੱਖ-ਵੱਖ ਪਿਸਤੌਲਾਂ ਦੀਆਂ ਠੰਡੀਆਂ ਨਾਲਾਂ ਨੇ ਦੋ ਗੋਲੀਆਂ ਉਗਲ ਦਿੱਤੀਆਂ।
ਕਾਬਿਨ ਉਸ ਮੁਸਕਾਨ ਨੂੰ ਦੇਖਦਾ ਰਹਿੰਦਾ ਹੈ। ਉਹ ਉਸਨੂੰ ਹਨੇਰੀਆਂ ਰਾਤਾਂ ਵਿਚ ਜੁਗਨੂੰ ਵਰਗੀ ਲੱਗਦੀ ਹੈ। ਕਾਲੀ ਰਾਤ ਵਿਚ ਰੌਸ਼ਨੀ ਦੀ ਇਕ ਕਿਰਨ ਵਾਂਗ ਲਿਸ਼ਕਦੀ ਹੈ ਕਦੀ ਇੱਥੇ, ਕਦੀ ਉੱਥੇ। ਉਸਨੂੰ ਲੱਗਦਾ ਹੈ ਸਰਤ ਹਰ ਵੇਲੇ ਇਹੀ ਪੁੱਛਦਾ ਰਹਿੰਦਾ ਹੈ ਕਿ ਤੂੰ ਮੈਨੂੰ ਮਾਰ ਕੇ ਇਸ ਮੁਲਕ ਦੀ ਕੀ ਸੇਵਾ ਕਰ ਰਿਹਾ ਹੈਂ?
ਇਕ ਦਿਨ ਕਾਬਿਨ ਨੇ ਗਰੁੱਪ ਛੱਡ ਦਿੱਤਾ...ਪਰ ਉਸ ਤੋਂ ਪਹਿਲਾਂ ਹੀ ਉਸਨੇ ਫਿਰੌਤੀਆਂ ਤੋਂ ਪ੍ਰਾਪਤ ਕੀਤੀ ਗਈ ਕਾਫੀ ਮੋਟੀ ਰਕਮ ਸਾਫ ਕਰ ਲਈ ਸੀ। ਉਸਨੇ ਹਥਿਆਰ ਸੁੱਟ ਦਿੱਤੇ। ਜਲਦੀ ਹੀ ਉਸਨੇ ਸਮਾਜ ਵਿਚ ਆਪਣਾ ਇਕ ਵੱਖਰਾ ਤੇ ਉੱਚਾ ਸਥਾਨ ਬਣਾ ਲਿਆ ਤੇ ਨਵੀਂ ਪਛਾਣ ਤੇ ਇਕ ਨਵੇਕਲੇ ਇੱਜਤ-ਮਾਣ ਨਾਲ ਭੱਦਰ-ਪੁਰਸ਼ਾਂ ਵਾਂਗ ਰਹਿਣ ਲੱਗਾ। ਇਸ ਦੇ ਨਾਲ ਹੀ ਕਾਬਿਨ ਤੇ ਉਸ ਵਰਗੇ ਹੋਰ ਨੌਜਵਾਨਾਂ ਲਈ ਬਹੁਤ ਸਾਰੀਆਂ ਚੀਜ਼ਾਂ ਹਾਸਿਲ ਕਰਨਾ ਬੜਾ ਹੀ ਸਹਿਜ ਤੇ ਆਸਾਨ ਹੋ ਗਿਆ।
''ਕਾਬਿਨ ਇਕ ਵਾਰੀ ਤੂੰ ਮੇਰੇ ਪਿਤਾ ਜੀ ਨੂੰ ਮਿਲਿਆ ਸੈਂ ਨਾ! ਹੈ ਨਾ?'' ਉਸ ਮੁਸਕਾਨ ਨੇ ਪੁੱਛਿਆ, ''ਤੂੰ ਬੜੇ ਮਾਣ ਨਾਲ ਉਹਨਾਂ ਨੂੰ ਚਾਚਾ ਜੀ ਕਿਹਾ ਸੀ। ਪਰ ਤੂੰ ਉਹਨਾਂ ਨੂੰ ਮੇਰੇ ਬਾਰੇ ਕੁਝ ਨਹੀਂ ਸੀ ਦੱਸਿਆ, ਕਿਉਂ?''
ਕਾਬਿਨ ਕੋਲ ਕੋਈ ਜਵਾਬ ਨਹੀਂ ਸੀ। ਸਰਤ ਦੇ ਘਰਵਾਲਿਆਂ ਨੇ ਉਸ ਦੇ ਲਾਪਤਾ ਹੋਣ ਦਾ ਯਕੀਨ ਕਰ ਲਿਆ ਸੀ। ਪੁਲਿਸ ਤੇ ਸਰਕਾਰ ਉਸਨੂੰ ਵਾਪਸ ਨਹੀਂ ਸੀ ਲਿਆ ਸਕੀ—ਤੇ ਇੱਥੇ ਸਰਤ ਦੀ ਵਾਪਸੀ ਲਈ ਫਿਰੌਤੀ ਦੀ ਮੰਗ ਵੀ ਤਾਂ ਨਹੀਂ ਸੀ ਆਈ—ਤੇ ਪੁਲਿਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਲਿਖ ਕੇ ਫਾਈਲ ਬੰਦ ਕਰ ਦਿੱਤੀ ਸੀ।
''ਪਰ ਉਹ ਲੋਕ ਤੇਰੀ ਬਹੁਤ ਮਦਦ ਕਰਦੇ ਰਹੇ ਨੇ—ਹੈ ਨਾ?''
''ਹੂੰ,'' ਕਾਬਿਨ ਨੇ ਜਿਵੇਂ ਆਪਣੇ ਆਪ ਨੂੰ ਜਵਾਬ ਦਿੱਤਾ।
ਕਾਬਿਨ ਵਿਆਹ ਕਰਵਾਉਣ ਲੱਗਾ ਸੀ। ਉਸਨੇ ਆਪਣੇ ਲਈ ਸਾਰਾ ਇੰਤਜ਼ਾਮ ਖ਼ੁਦ ਹੀ ਕੀਤਾ ਸੀ। ਅਸਲ ਵਿਚ ਤਾਂ ਉਹ ਇਹ ਚਾਹੁੰਦਾ ਸੀ ਕਿ ਉਸਦੇ ਘਰਵਾਲੇ ਉਹ ਲਈ ਰਿਸ਼ਤਾ ਲੱਭਣ, ਮਾਂ-ਪਿਓ ਹੀ ਸਾਰਾ ਇੰਤਜ਼ਾਮ ਕਰਣ। ਚਾਚੇ ਤੇ ਭੂਆ-ਫੁੱਫੜ ਦੌੜ-ਦੌੜ ਕੇ ਸਾਰਾ ਕੰਮ ਸੰਭਾਲਣ। ਪਰ ਇੰਜ ਕੁਝ ਨਹੀਂ ਸੀ ਹੋਇਆ। ਉਸਨੂੰ ਖ਼ੁਦ ਹੀ ਸਾਰੇ ਇੰਤਜ਼ਾਮ ਕਰਨੇ ਪਏ। ਕੁੜੀ ਉਸਦੀ ਕੋਈ ਨੇੜੇ ਦੀ ਰਿਸ਼ਤੇਦਾਰ ਜਾਂ ਜਾਣ-ਪਛਾਣ ਵਾਲਿਆਂ ਵਿਚੋਂ ਨਹੀਂ ਸੀ। ਸ਼ਾਦੀ ਦੀ ਭੱਜ-ਨੱਠ ਪਿੱਛੋਂ ਹੀ ਉਸਨੇ ਆਪਣੇ ਨਵੇਂ ਮਕਾਨ ਦੀ ਉਸਾਰੀ ਸ਼ੁਰੂ ਕਰਵਾਈ ਸੀ। ਉਸਨੇ ਆਪਣੇ ਰਸਖ਼-ਰਸੂਖ਼ ਸਦਕਾ ਹਰੇਕ ਔਕੜ-ਅੜਿੱਕੇ ਨੂੰ ਦੂਰ ਕਰਕੇ ਸਾਰੇ ਕੰਮ ਜਲਦੀ ਹੀ ਨੇਫਰੇ ਚਾੜ੍ਹ ਲਏ ਸਨ। ਹੁਣ ਸਿਰਫ ਇਹ ਮੁਸਕਾਨ ਹੀ ਇਕ ਅੜਿੱਕਾ ਸੀ ਜਿਸਦੇ ਵਿਚਾਰ ਵਿਚ ਉਸਦਾ ਪਿਤਾ ਇਸ ਮਾਰਬਲ ਦੇ ਫਰਸ਼ ਉੱਤੋਂ ਤਿਲ੍ਹਕ ਸਕਦਾ ਹੈ। ਅਸਲ ਵਿਚ ਇਹ ਸਰਦ ਦੀ ਮੁਸਕਾਨ ਸੀ, ਕਿਉਂਕਿ ਉਸਦੇ ਖਾਨਦਾਨ ਬਾਰੇ ਉਹੀ ਸਭ ਕੁਝ ਜਾਣਦਾ ਸੀ, ਪਰ ਹੁਣ ਇਸ ਗੱਲ ਦਾ ਕੋਈ ਖਤਰਾ ਨਹੀਂ ਸੀ ਕਿਉਂਕਿ ਹੋਰ ਕਿਸੇ ਨੂੰ ਇਹ ਸਭ ਪਤਾ ਨਹੀਂ ਹੈ ਤੇ ਉਹ ਹੁਣ ਆਉਣ ਤੋਂ ਰਿਹਾ।
''ਕਾਬਿਨ ਇੰਜ ਨਾ ਸੋਚੀਂ ਕਿ ਮੈਂ ਹੁਣ ਵਾਪਸ ਨਹੀਂ ਆ ਸਕਦਾ...'' ਸਟੇਰਿੰਗ ਵਹੀਲ ਉੱਤੇ ਪਕੜ ਮਜ਼ਬੂਤ ਕਰਦਿਆਂ ਕਾਬਿਨ ਬਰੜਾਇਆ, ''ਚੁੱਪ ਬਦਮਾਸ਼...''
''ਤੇਰੇ ਹੱਥ ਕੰਬ ਰਹੇ ਨੇ ਕਾਬਿਨ! ਤੈਨੂੰ ਚੇਤਾ ਏ ਤੇਰੇ ਪਿਤਾ ਜੀ ਨੇ ਆਪਣੇ ਸਾਈਕਲ ਦੇ ਹੈਂਲਡ ਉੱਤੇ ਰਬੜ ਦੇ ਮੁੱਠੇ ਚੜ੍ਹਵਾਏ ਹੋਏ ਸਨ ਹਾਲਾਂਕਿ ਉਹਨਾਂ ਦੇ ਹੱਥ ਨਹੀਂ ਸੀ ਕੰਬਦੇ ਹੁੰਦੇ—ਠੀਕ ਹੈ ਨਾ ਕਾਬਿਨ?''
ਕਾਬਿਨ ਉਦੋਂ ਆਪਣੀ ਨਵੀਂ ਏਅਰ ਕੰਡੀਸ਼ਨ ਕਾਰ ਵਿਚ ਸੀ। ਸੱਤ ਲੱਖ ਰੁਪਏ ਦੀ ਕਾਰ। ਉਸਦਾ ਸਕਿਉਰਟੀ ਗਾਰਡ ਪਿੱਛੀ ਸੀਟ ਉੱਤੇ ਤਣ ਕੇ ਬੈਠਾ ਹੋਇਆ ਸੀ।
''ਮੁਲਕ ਦੀ ਤਰੱਕੀ ਲਈ ਤੇਰਾ ਤੇ ਤੇਰੇ ਵਰਗੇ ਹੋਰਨਾਂ ਦਾ ਇਹ ਸੱਤ ਲੱਖ ਦੀ ਕਾਰ ਖਰੀਦਨਾ ਕਿੰਨਾ ਜ਼ਰੂਰੀ ਹੈ...ਹੈ ਨਾ?''
''ਚੁੱਪ ਰਹਿ, ਤੂੰ!'' ਕਾਬਿਨ ਲਗਭਗ ਚੀਕਿਆ।
''ਮੈਨੂੰ ਕੁਝ ਕਿਹੈ ਜਨਾਬ ,'' ਗਾਰਡ ਨੇ ਅੱਗੇ ਵੱਲ ਝੁਕਦਿਆਂ ਹੋਇਆ ਪੁੱਛਿਆ। ਹਾਲਾਂਕਿ ਉਸ ਨੇ ਸਾਫ ਸੁਣਿਆਂ ਸੀ 'ਚੁੱਪ ਰਹਿ, ਤੂੰ'। ਕਾਬਿਨ ਨੇ ਕੋਈ ਜਵਾਬ ਨਾ ਦਿੱਤਾ।
''ਵਿਆਹ ਵਿਚ ਵੀ ਤਾਂ ਲਗਭਗ ਦਸ ਲੱਖ ਦਾ ਖਰਚ ਹੋਇਆ ਹੋਣਾ ਏਂ—ਹੈ ਨਾ ਕਾਬਿਨ?'' ਕਾਬਿਨ ਨੇ ਆਪਣੇ ਖੱਬੇ ਹੱਥ ਨਾਲ ਸਟੇਰਿੰਗ ਸੰਭਾਲਿਆ ਤੇ ਉਸਦਾ ਸੱਜਾ ਹੱਥ ਉਸਦੀ ਪੈਂਟ ਦੀ ਪਿੱਛਲੀ ਜੇਬ ਵਿਚ ਪਏ ਪਸਤੌਲ ਤਕ ਪਹੁੰਚ ਗਿਆ। ਲੋਹਾ ਏਨਾ ਠੰਡਾ ਸੀ ਕਿ ਉਸਦੀ ਠੰਡਕ ਉਂਗਲਾਂ ਨੇ ਅੰਦਰ ਤਕ ਮਹਿਸੂਸ ਕੀਤੀ। ਗੁੱਸੇ ਵਿਚ ਅੰਨ੍ਹੇ ਹੋਏ ਕਾਬਿਨ ਨੇ ਆਪਣੇ ਮੋਢੇ 'ਤੇ ਬੈਠੀ ਮੁਸਕਾਨ ਦਾ ਨਿਸ਼ਾਨਾ ਸਿੰਨ੍ਹਿਆਂ ਤੇ ਝੱਟ ਟਰੈਗਰ ਨੱਪ ਦਿੱਤਾ।

ਸਕਿਉਰਟੀ ਗਾਰਡ ਦੇ ਸੱਟਾਂ ਜ਼ਿਆਦਾ ਨਹੀਂ ਸਨ, ਜਦਕਿ ਗੱਡੀ ਪੂਰੀ ਤਰ੍ਹਾਂ ਟੁੱਟ-ਭੱਗ ਗਈ ਸੀ...ਖ਼ਬਰ ਤੋਂ ਪਤਾ ਲੱਗਿਆ ਕਿ ਇਕ ਅਜਿਹੇ ਨੌਜਵਾਨ ਨੇ ਖ਼ੁਦਕਸ਼ੀ ਕਰ ਲਈ ਹੈ, ਜਿਸਨੇ ਕੁਝ ਦਿਨ ਪਹਿਲਾਂ ਹਥਿਆਰ ਸੁੱਟੇ ਸਨ।
ਗੋਲੀ ਦਰਅਸਲ ਕਾਬਿਨ ਦੇ ਆਪਣੇ ਸਿਰ ਨੂੰ ਵਿੰਨ੍ਹ ਗਈ ਸੀ।
   ੦੦੦ ੦੦੦ ੦੦੦
   ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
   ਮੋਬਾਇਲ ਨੰ : 94177-30600.

No comments:

Post a Comment