Thursday, September 23, 2010

ਕਿਤੇ ਕੁਛ ਗ਼ਲਤ...:: ਲੇਖਕ : ਐੱਮ. ਮੁਬੀਨ





ਉਰਦੂ ਕਹਾਣੀ :

ਕਿਤੇ ਕੁਛ ਗ਼ਲਤ...
ਲੇਖਕ : ਐੱਮ. ਮੁਬੀਨ

ਸੰਪਰਕ : ਅਦਬ ਨਾਮਾ, 303, ਕਲਾਸਿਕ ਪਲਾਜਾ, ਤਿੰਨ ਬੱਤੀ, ਭਿਵੰਡੀ-421302, ਜ. ਠਾਣੇ (ਮਹਾਰਾਸ਼ਟਰ)

Mobile : 09322338918.


ਅਨੁਵਾਦ : ਮਹਿੰਦਰ ਬੇਦੀ, ਜੈਤੋ



ਤਿੰਨ ਦਿਨਾਂ ਤੋਂ ਪ੍ਰਸਥਿਤੀਆਂ ਉਸਦੇ ਬਿਲਕੁਲ ਵਪਰੀਤ ਚੱਲ ਰਹੀਆਂ ਸਨ ਤੇ ਉਸਦੀ ਕੁਝ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ?
ਤਿੰਨ ਦਿਨ ਪਹਿਲਾਂ ਕਿਸ਼ੋਰ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਉਸਨੂੰ ਹਸਪਤਾਲ ਵਿਚ ਦਾਖ਼ਲ ਕਰਨਾ ਪਿਆ ਸੀ।
ਜਿਸ ਦਿਨ ਕਿਸ਼ੋਰ ਹਸਪਤਾਲ ਵਿਚ ਦਾਖ਼ਲ ਹੋਇਆ ਸੀ, ਉਸ ਦਿਨ ਸ਼ਹਿਰ ਵਿਚ ਉਸਦੀਆਂ ਚਾਰ ਸਭਾਵਾਂ ਸਨ...ਚਾਰ ਵੱਡੇ-ਵੱਡੇ ਉਪ-ਨਗਰਾਂ ਦੀਆਂ ਮਹਿਲਾ-ਮੰਡਲ ਸ਼ਾਖਾਵਾਂ, ਉਸਦੀ ਪ੍ਰਧਾਨਗੀ ਹੇਠ, ਸ਼੍ਰੀਮਤੀ ਲਤਾ ਗੁਪਤਾ ਉੱਤੇ ਹੋਏ ਅਤਿਆਚਾਰ ਦੇ ਵਿਰੋਧ ਵਿਚ ਕੀਤੀਆਂ ਜਾ ਰਹੀਆਂ ਸਨ। ਉਸਨੇ ਸਿਰਫ ਪ੍ਰਧਾਨਗੀ ਹੀ ਨਹੀਂ ਸੀ ਕਰਨੀ ਸਗੋਂ ਉਹਨਾਂ ਵਿਚ ਰੋਹੀਲੇ ਭਾਸ਼ਣ ਵੀ ਦੇਣੇ ਸਨ।
ਰਾਤ ਹੀ ਉਸਨੇ ਸਾਰੀ ਤਿਆਰੀ ਕਰ ਲਈ ਸੀ।
ਤਿੰਨ ਸਭਾਵਾਂ ਵਿਚ ਕੀ ਭਾਸ਼ਣ ਦੇਣਾ ਹੈ, ਉਸਨੇ ਲਿਖ ਲਿਆ ਸੀ। ਤਿੰਨਾਂ ਸਭਾਵਾਂ ਵਿਚ ਭਾਸ਼ਣ ਤਾਂ ਇਕੋ ਹੀ ਸੀ, ਬਸ ਤਰਤੀਬ ਵਿਚ ਥੋੜ੍ਹਾ-ਥੋੜ੍ਹਾ ਅੰਤਰ ਕਰ ਲਿਆ ਸੀ ਉਹਨੇ। ਕਿਸ ਸਭਾ ਵਿਚ ਕਿਹੜੀ ਸਾੜ੍ਹੀ, ਕਿਹੜੇ ਗਹਿਣੇ ਪਾਉਣ ਨੇ—ਕੈਸਾ ਮੈਕਅੱਪ ਕਰਨਾ ਹੈ, ਪੂਰਾ ਮਨ ਬਣਾ ਲਿਆ ਸੀ।
ਪਰ ਸਵੇਰੇ 6 ਵਜੇ ਕਿਸ਼ੋਰ ਦੀ ਛਾਤੀ ਵਿਚ ਹਲਕਾ ਜਿਹਾ ਦਰਦ ਹੋਇਆ।
ਪਹਿਲੀ ਇਲਾਜ਼ ਸੇਵਾ ਪਿੱਛੋਂ ਵੀ ਜਦੋਂ ਆਰਾਮ ਨਾ ਆਇਆ ਤਾਂ ਉਸਨੇ ਆਪਣੇ ਫੈਮਲੀ ਡਾਕਟਰ ਨੂੰ ਫ਼ੋਨ ਕਰਕੇ ਬੁਲਾ ਲਿਆ।
ਡਾਕਟਰ ਨੇ ਮੁਆਇਨਾ ਕਰਨ ਪਿੱਛੋਂ ਐਲਾਨ ਕਰ ਦਿੱਤਾ ਕਿ ਦਿਲ ਦੇ ਦੌਰੇ ਦੇ ਆਸਾਰ ਨੇ, ਤੁਰੰਤ ਹਸਪਤਾਲ ਲੈ ਜਾਣਾ ਜ਼ਰੂਰੀ ਹੈ।
ਕਿਸ਼ੋਰ ਨੂੰ ਇਕ ਹਾਰਟ ਸਪੈਸ਼ਲਿਸਟ ਕੋਲ ਲੈ ਜਾਇਆ ਗਿਆ। ਉਸਨੇ ਤੁਰੰਤ ਕਿਸ਼ੋਰ ਨੂੰ ਇਨਸੈਂਟਿਵ ਕੇਅਰ ਯੂਨਿਟ ਵਿਚ ਦਾਖਲ ਕਰਕੇ ਇਲਾਜ਼ ਸ਼ੁਰੂ ਕਰ ਦਿੱਤਾ।
ਗਿਆਰਾਂ ਵੱਜ ਗਏ ਸਨ।
ਗਿਆਰਾਂ ਵਜੇ ਉਸਦੀ ਦਾਦਰ ਦਫ਼ਤਰ ਵਿਚ ਸਭਾ ਸੀ।
ਉਸ ਲਈ ਬੜੇ ਵੱਡੇ ਇਮਤਿਹਾਨ ਦੀ ਘੜੀ ਸੀ ਇਹ—ਇਕ ਪਾਸੇ ਪਤੀ ਸੀ, ਦੂਜੇ ਪਾਸੇ ਸਭਾ।
ਜੇ ਪਤੀ ਦਾ ਧਿਆਨ ਰੱਖਦੀ ਹੈ ਤੇ ਸਭਾ ਵਿਚ ਨਹੀਂ ਜਾਂਦੀ ਤਾਂ ਅੱਜ ਤਕ ਜਿਹੜਾ ਇੱਜ਼ਤ-ਮਾਣ ਬਣਿਆ ਸੀ, ਫਿੱਕਾ ਪੈ ਸਕਦਾ ਹੈ।
ਅਜਿਹੀ ਹਾਲਤ ਵਿਚ ਪਤੀ ਨੂੰ ਛੱਡ ਕੇ ਸਭਾ ਵਿਚ ਜਾਂਦੀ ਹੈ ਤਾਂ ਸਾਰੇ ਪਾਸਿਓਂ ਉਸ ਉੱਤੇ ਉਂਗਲਾਂ ਉਠਣਗੀਆਂ—
“ਦੇਖੋ, ਕੈਸੀ ਔਰਤ ਏ...ਪਤੀ ਦੀ ਜਾਨ 'ਤੇ ਬਣੀ ਹੋਈ ਏ ਤੇ ਇਸਨੂੰ ਨੇਤਾਗਿਰੀ ਦੀ ਪਈ ਏ।”
“ਨਾਰੀ ਮੁਕਤੀ ਦਾ ਨਾਅਰਾ ਲਾਉਣ ਵਾਲੀਆਂ ਔਰਤਾਂ ਅਕਸਰ ਇਵੇਂ ਕਰਦੀਆਂ ਨੇ ਜੀ।”
“ਓ ਭਾਈ ਸਾਹਬ ਇਹ ਅਧੁਨਿਕ ਨਾਰੀਆਂ ਨੇ...ਇਹਨਾਂ ਲਈ ਤਾਂ ਇਹਨਾਂ ਦੀ ਸੁਤੰਤਰਤਾ ਤੇ ਅਧੁਨਿਕਤਾ ਹੀ ਸਭ ਕੁਝ ਏ। ਮਨੁੱਖੀ ਰਿਸ਼ਤੇ ਭਾਵੇਂ ਪਤੀ ਹੋਏ ਜਾਂ ਬੱਚੇ ਹੋਣ—ਇਹਨਾਂ ਲਈ ਕੋਈ ਮਹੱਤਵ ਨਹੀਂ ਰੱਖਦੇ।”
ਜਦੋਂ ਉਸ ਤੋਂ ਸਬਰ ਨਾ ਹੋਇਆ ਤਾਂ ਉਸ ਜਗ੍ਹਾ ਫ਼ੋਨ ਲਾਇਆ ਜਿੱਥੇ ਸਭਾ ਹੋਣੀ ਸੀ।
“ਮਿਸੇਜ ਵਰਮਾ,” ਦੂਜੇ ਪਾਸਿਓਂ ਕਿਹਾ ਗਿਆ, “ਸਾਰੇ ਮਹਿਮਾਨ ਸਮੇਂ 'ਤੇ ਆ ਗਏ ਨੇ, ਸਭਾ ਲਈ ਵੀ ਖਾਸੀ ਭੀੜ ਜਮ੍ਹਾਂ ਹੋ ਗਈ ਏ—ਬਸ ਤੁਹਾਡਾ ਈ ਇੰਤਜ਼ਾਰ ਏ। ਤੁਸੀਂ ਆਓ ਤਾਂ ਸਭਾ ਦੀ ਕਾਰਵਾਈ ਸ਼ੁਰੂ ਕਰੀਏ।”
ਉਸਨੇ ਫ਼ੋਨ ਤਾਂ ਇਸ ਲਈ ਕੀਤਾ ਸੀ ਕਿ ਉਹ ਸਭਾ ਦੀ ਸਕੱਤਰ ਨੂੰ ਦੱਸ ਦਏ ਕਿ ਉਹ ਸਭਾ ਵਿਚ ਨਹੀਂ ਆ ਸਕਦੀ, ਅਜਿਹੀ ਮਜ਼ਬੂਰੀ ਹੈ...ਪਰ ਦੂਜੇ ਪਾਸੇ ਦੀ ਰਿਪੋਰਟ ਸੁਣ ਕੇ ਉਸਨੂੰ ਲੱਗਿਆ ਕਿ ਜੇ ਉਹ ਸਭਾ ਵਿਚ ਨਾ ਗਈ ਤਾਂ ਸਭਾ ਫਲਾਪ ਹੋ ਜਾਏਗੀ ਤੇ ਸਭਾ ਵਿਚ ਨਾ ਜਾਣ ਕਰਕੇ ਉਸਦੇ ਨਾਂਅ 'ਤੇ ਵੀ ਧੱਬਾ ਲੱਗੇਗਾ।
“ਬਸ ਮੈਂ ਆ ਰਹੀ ਆਂ।” ਕਹਿ ਕੇ ਉਸਨੇ ਫ਼ੋਨ ਰੱਖ ਦਿੱਤਾ।
ਉਸੇ ਸਮੇਂ ਡਾਕਟਰ ਨੇ ਆ ਕੇ ਉਸਨੂੰ ਖੁਸ਼ਖਬਰੀ ਸੁਣਾਈ—
“ਮਿਸੇਜ ਵਰਮਾ ਘਬਰਾਉਣ ਤੇ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਹੁਣ ਮਿਸਟਰ ਵਰਮਾ ਖਤਰੇ 'ਚੋਂ ਬਾਹਰ ਨੇ—ਮਾਮੂਲੀ ਜਿਹਾ ਦੌਰਾ ਸੀ, ਜਿਸ ਉੱਤੇ ਅਸੀਂ ਕਾਬੂ ਪਾ ਲਿਆ ਏ। ਹੁਣ ਉਹਨਾਂ ਨੂੰ ਆਰਾਮ ਦੀ ਲੋੜ ਏ। ਤੁਸੀਂ ਚਾਹੋ ਤਾਂ ਉਹਨਾਂ ਨੂੰ ਮਿਲ ਸਕਦੇ ਓ।”
ਡਾਕਟਰ ਦੀ ਇਹ ਗੱਲ ਸੁਣਦਿਆਂ ਹੀ ਉਹ ਤੀਰ ਵਾਂਗ ਕਿਸ਼ੋਰ ਕੋਲ ਪਹੁੰਚ ਗਈ।
“ਕਿਸ਼ੋਰ ਤੁਸੀਂ ਕੈਸੇ ਓ ਹੁਣ?”
“ਹੁਣ ਠੀਕ ਆਂ।” ਕਿਸ਼ੋਰ ਦੇ ਬੁੱਲ੍ਹਾਂ ਦੁਆਲੇ ਫਿੱਕੀ ਜਿਹੀ ਮੁਸਕਾਨ ਖਿੱਲਰ ਗਈ—ਉਸਦਾ ਚਿਹਰਾ ਪੀਲਾ ਹੋਇਆ-ਹੋਇਆ ਸੀ ਤੇ ਖਾਸਾ ਕਮਜ਼ੋਰ ਲੱਗ ਰਿਹਾ ਉਹ।
“ਤੁਹਾਨੂੰ ਕੋਈ ਤਕਲੀਫ਼ ਤਾਂ ਨਹੀਂ ਨਾ ?”
“ਨਹੀਂ, ਹੁਣ ਮੈਂ ਬਿਲਕੁਲ ਠੀਕ ਆਂ ।”
“ਤੁਹਾਨੂੰ ਮੇਰੀ ਜ਼ਰੂਰਤ ਤਾਂ ਨਹੀਂ ?”
“ਕਿਉਂ ? ਇਹ ਸਵਾਲ ਕਿਉਂ ਪੁੱਛ ਰਹੀ ਏਂ ਤੂੰ ?”
“ਕਿਸ਼ੋਰ ਤੁਸੀਂ ਤਾਂ ਜਾਣਦੇ ਈ ਓ, ਚਾਰੇ ਉਪ-ਨਗਰਾਂ ਵਿਚ ਅੱਜ ਮੇਰੀਆਂ ਸਭਾਵਾਂ ਨੇ...ਦਾਦਰ ਵਾਲੀ ਸਭਾ ਤਾਂ ਸ਼ੁਰੂ ਹੋਣ ਵਾਲੀ ਏ, ਬਸ ਮੇਰੀ ਉਡੀਕ ਹੋ ਰਹੀ ਏ...ਮੈਂ ਜਾਵਾਂ?”
“ਜਾਅ...” ਕਿਸ਼ੋਰ ਨੇ ਮਰੀ ਜਿਹੀ ਆਵਾਜ਼ ਵਿਚ ਉਤਰ ਦਿੱਤਾ।
“ਕਿਸ਼ੋਰ ਮੈਨੂੰ ਵਾਪਸੀ 'ਤੇ ਦੇਰ ਵੀ ਹੋ ਸਕਦੀ ਏ।”
“ਕੋਈ ਗੱਲ ਨਹੀਂ,” ਕਿਸ਼ੋਰ ਬੋਲਿਆ, “ਮੇਰੀ ਦੇਖ-ਭਾਲ ਲਈ ਡਾਕਟਰ ਤੇ ਨਰਸਾਂ ਨੇ।”
“ਥੈਂਕਸ ਕਿਸ਼ੋਰ, ਤੁਸੀਂ ਕਿੰਨੇ ਸਮਝਦਾਰ ਓ, ਮੇਰਾ ਕਿੰਨਾ ਖ਼ਿਆਲ ਰੱਖਦੇ ਓ। ਭਗਵਾਨ ਤੁਹਾਡੇ ਵਰਗਾ ਸਮਝਦਾਰ ਪਤੀ ਹਰੇਕ ਜ਼ਨਾਨੀ ਨੂੰ ਦਏ।” ਕਹਿੰਦੀ ਹੋਈ ਉਹ ਕਿਸ਼ੋਰ ਦਾ ਮੱਥਾ ਚੁੰਮ ਕੇ ਬਿਜਲੀ ਵਾਂਗ ਵਾਰਡ ਵਿਚੋਂ ਬਾਹਰ ਨਿਕਲ ਗਈ।

ਸਭਾ ਵਿਚ ਉਸਨੇ ਬੜਾ ਜ਼ੋਰਦਾਰ ਭਾਸ਼ਣ ਦਿੱਤਾ। ਉਸਦੇ ਹਰ ਵਾਕ ਉੱਤੇ ਹਾਲ ਵਿਚ ਤਾੜੀਆਂ ਗੂੰਜੀਆਂ।
ਹੁਣ ਉਹ ਜ਼ਮਾਨਾ ਲਦ ਗਿਆ, ਜਦੋਂ ਔਰਤਾਂ ਘੁੰਡ ਵਿਚ ਲਿਪਟੀਆਂ ਘਰ ਦੀ ਚਾਰਦੀਵਾਰੀ ਵਿਚ ਸਾਰਾ ਜੀਵਨ ਗੁਜ਼ਾਰ ਦੇਂਦੀਆਂ ਸਨ। ਅੱਜ ਦੀ ਔਰਤ ਜੀਵਨ ਦੇ ਹਰ ਖੇਤਰ ਵਿਚ ਮਰਦਾਂ ਦੇ ਨਾਲ-ਨਾਲ, ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਨਾਂ ਚਾਹੁੰਦੀ ਏ। ਵੱਡੇ-ਵੱਡੇ ਵਿਦਵਾਨਾਂ ਨੇ ਇਸ ਗੱਲ ਨੂੰ ਮੰਨ ਲਿਆ ਹੈ ਕਿ ਦੇਸ਼ ਦੀ ਪ੍ਰਗਤੀ ਲਈ ਔਰਤਾਂ ਦੀ ਮਦਦ ਤੇ ਰਾਸ਼ਟਰੀ ਕੰਮਾਂ ਵਿਚ ਉਹਨਾਂ ਦੀ ਬਰੋਬਰ ਦੀ ਹਿੱਸੇਦਾਰੀ ਹੋਣਾ ਬੜੀ ਜ਼ਰੂਰੀ ਹੈ। ਅੱਜ ਉਹੀ ਦੇਸ਼ ਪ੍ਰਗਤੀ ਕਰ ਰਹੇ ਨੇ ਜਿਹਨਾਂ ਦੇਸ਼ਾਂ ਦੀਆਂ ਔਰਤਾਂ ਦੇਸ਼ ਦੇ ਰਾਸ਼ਟਰੀ ਕੰਮਾਂ ਵਿਚ ਹਿੱਸਾ ਲੈਂਦੀਆਂ ਨੇ। ਮਹਿਲਾ-ਮੰਡਲ ਵੀ ਇਕ ਅਜਿਹੀ ਸੰਸਥਾ ਹੈ ਜਿਹੜੀ ਰਾਸ਼ਟਰ ਦੇ ਹਿਤ ਤੇ ਦੇਸ਼ ਦੀ ਤੱਰਕੀ ਲਈ ਨਵੇਂ-ਨਵੇਂ ਕਾਰਜ-ਕਰਮ ਚਲਾਉਦਾ ਹੈ। ਉਹਨਾਂ ਕਾਰਜ-ਕੰਮਾਂ ਵਿਚ ਔਰਤਾਂ ਦਾ ਸ਼ਾਮਲ ਹੋਣਾ ਦੇ ਦੇਸ਼ ਦੀ ਪ੍ਰਗਤੀ ਵਿਚ ਹੱਥ ਵੰਡਾਉਣਾ ਮੁੱਖ ਮੁੱਦਾ ਹੁੰਦਾ ਹੈ। ਲਤਾ ਗੁਪਤਾ ਵੀ ਉਹਨਾਂ ਕਾਰਜ-ਕੰਮਾਂ ਵਿਚ ਸ਼ਾਮਲ ਹੁੰਦੀ ਸੀ ਤੇ ਦੇਸ਼ ਦੀ ਪ੍ਰਗਤੀ ਲਈ ਕੰਮ ਕਰ ਰਹੀ ਸੀ। ਉਸਦਾ ਮਹਿਲਾ-ਮੰਡਲ ਦੇ ਕਾਰਜ-ਕੰਮਾਂ ਵਿਚ ਸ਼ਾਮਲ ਹੋਣਾ ਕੀ ਕੋਈ ਪਾਪ ਸੀ? ਜੇ ਨਹੀਂ ਸੀ ਤਾਂ ਫੇਰ ਉਸਨੂੰ ਇਹਨਾਂ ਕਾਰਜ-ਕੰਮਾਂ ਵਿਚ ਸ਼ਾਮਲ ਹੋਣ ਤੋਂ ਕਿਉਂ ਰੋਕਿਆ ਗਿਆ? ਨਾ ਸਿਰਫ ਰੋਕਿਆ ਗਿਆ ਸਗੋਂ ਉਸਨੂੰ ਉਸਦੇ ਇਸ ਕਾਰਜ ਦੀ ਅਜਿਹੀ ਘਿਣਾਉਣੀ ਸਜ਼ਾ ਦਿੱਤੀ ਗਈ ਕਿ ਸਦੀਆਂ ਤਕ ਉਸ ਸਜ਼ਾ ਨੂੰ ਸੁਣ ਕੇ ਮਾਨਵਤਾ ਕੰਬੇਗੀ। ਉਸਦੇ ਹੱਥ, ਪੈਰ ਤੇ ਚਿਹਰਾ ਤਪਦੀਆਂ ਸਲਾਖਾਂ ਨਾਲ ਦਾਗ਼ ਦਿੱਤੇ ਗਏ ਤੇ ਇਹ ਘਿਣੋਨਾ ਕਾਰਜ ਜਾਂ ਅਪਰਾਧ ਕਰਨ ਵਾਲੇ ਵਿਨੋਦ ਗੁਪਤਾ ਨੇ, ਉਸਦੇ ਪਤੀ—ਜਿਹੜੇ ਹੁਣ ਤਕ ਆਪਣੀ ਪਹੁੰਚ ਕਾਰਕੇ ਆਜ਼ਾਦ ਨੇ। ਤੇ ਕੇਡੀ ਵੱਡੀ ਤਰਾਸਦੀ ਹੈ ਇਹ ਕਿ ਅੱਜ ਦੇ ਯੁੱਗ ਵਿਚ ਜਦੋਂ ਸਾਰੀ ਦੁਨੀਆਂ ਵਿਚ ਔਰਤ ਦੀ ਆਜ਼ਾਦੀ ਦੀ ਗੱਲ ਹੋ ਰਹੀ ਹੈ, ਬਰਾਬਰੀ ਦੀ ਗੱਲ ਹੋ ਰਹੀ ਹੈ, ਇੱਥੇ ਭਾਰਤੀ ਨਾਰੀ ਦਮਨ ਤੇ ਅਤਿਆਚਾਰ ਦੀ ਸ਼ਿਕਾਰ ਹੋ ਰਹੀ ਹੈ। ਉਸ ਲਈ ਆਪਣੀ ਆਜ਼ਾਦੀ ਦੀ ਗੱਲ ਕਰਨਾ ਪਾਪ ਹੈ। ਮਿਸੇਜ ਗੁਪਤਾ ਨੇ ਇਹ ਹੌਸਲਾ ਕੀਤਾ ਤਾਂ ਉਸਦੀ, ਉਸਨੂੰ ਇਹ ਸਜ਼ਾ ਮਿਲੀ ਕਿ ਉਸਦੇ ਹੱਥਾਂ ਤੇ ਚਿਹਰੇ ਨੂੰ ਗਰਮ ਸਲਾਖਾਂ ਨਾਲ ਦਾਗ਼ ਦਿੱਤਾ ਗਿਆ ਤੇ ਇਹ ਅਪਰਾਧ ਕਰਨ ਵਾਲਾ ਉਸਦਾ ਅਪਰਾਧੀ ਪਤੀ ਅੱਜ ਤਕ ਆਜ਼ਾਦ ਘੁੰਮ ਰਿਹਾ ਹੈ। ਲਤਾ ਦੇ ਨਾਲ ਇਨਸਾਫ਼ ਨਹੀਂ ਹੋਇਆ। ਅਸੀਂ ਲਤਾ ਲਈ ਇਨਸਾਫ਼ ਚਾਹੁੰਦੇ ਹਾਂ। ਜੇ ਲਤਾ ਨਾਲ ਨਿਆਂ ਨਾ ਕੀਤਾ ਗਿਆ, ਉਸਦੇ ਪਤੀ ਨੂੰ ਉਸਦੀ ਕੋਝੀ ਹਰਕਤ ਦੀ ਸਜ਼ਾ ਨਹੀਂ ਦਿੱਤੀ ਗਈ ਤਾਂ ਸਾਡੀ ਸਮੁੱਚੀ ਔਰਤ ਜਾਤੀ ਇਸ ਲਈ ਅੰਦੋਲਨ ਕਰੇਗੀ।'
ਇਸੇ ਕਿਸਮ ਦੇ ਭਾਸ਼ਣ ਉਸਨੇ ਚਾਰੇ ਸਭਾਵਾਂ ਵਿਚ ਦਿੱਤੇ—ਉਸਦੇ ਭਾਸ਼ਣ ਨੇ ਖ਼ੂਬ ਤਾੜੀਆਂ ਖੱਟੀਆਂ ਤੇ ਜੈ-ਜੈਕਾਰ ਵੀ ਹੋਈ। ਲਤਾ ਗੁਪਤਾ, ਸੁਮਨ ਵਰਮਾ ਜ਼ਿੰਦਾਬਾਦ। ਵਿਨੋਦ ਗੁਪਤਾ ਹਾਏ-ਹਾਏ ਦੇ ਨਾਅਰੇ ਵੀ ਲੱਗੇ।
ਰਾਤ ਦੇ ਗਿਆਰਾਂ ਵਜੇ ਉਸਦੀ ਅੰਤਮ ਸਭਾ ਸਮਾਪਤ ਹੋਈ ਤੇ ਉਹ ਸਭਾ 'ਚੋਂ ਸਿੱਧੀ ਹਸਪਤਾਲ ਪਹੁੰਚੀ।
ਇਸ ਵਿਚ ਉਸਨੇ ਕਈ ਵਾਰੀ ਚਾਹਿਆ ਕਿ ਉਹ ਹਸਪਤਾਲ ਫ਼ੋਨ ਕਰਕੇ ਕਿਸ਼ੋਰ ਨਾਲ ਗੱਲ ਕਰ ਲਏ, ਉਸਦੀ ਤਬੀਅਤ ਬਾਰੇ ਪੁੱਛੇ—ਪਰ ਸਮਾਂ ਹੀ ਨਹੀਂ ਸੀ ਮਿਲ ਸਕਿਆ।
ਜਦੋਂ ਉਹ ਹਸਪਤਾਲ ਪਹੁੰਚੀ, ਕਿਸ਼ੋਰ ਗੂੜ੍ਹੀ ਨੀਂਦ ਸੁੱਤਾ ਹੋਇਆ ਸੀ।
“ਅਸੀਂ ਉਹਨਾਂ ਨੂੰ ਨੀਂਦ ਦਾ ਇੰਜੈਕਸ਼ਨ ਦੇ ਦਿੱਤਾ ਏ ਤਾਂਕਿ ਗੂੜ੍ਹੀ ਨੀਂਦ ਆਏ ਤੇ ਜ਼ਿਆਦਾ ਤੋਂ ਜ਼ਿਆਦਾ ਆਰਾਮ ਮਿਲੇ।” ਡਾਕਟਰ ਨੇ ਉਸਨੂੰ ਦੱਸਿਆ।
“ਮਿਸੇਜ ਵਰਮਾ ਤੁਸੀਂ ਸਾਰਾ ਦਿਨ ਕਿੱਥੇ ਸੌ? ਕਿਸ਼ੋਰ ਸਾਹਬ ਵਾਰੀ-ਵਾਰੀ ਤੁਹਾਡੇ ਬਾਰੇ ਪੁੱਛ ਰਹੇ ਸਨ?”
“ਮੈਂ ਬੜੇ ਜ਼ਰੂਰੀ ਕੰਮ ਵਿਚ ਫਸੀ ਹੋਈ ਸਾਂ ਡਾਕਟਰ ਸਾਹਬ।” ਉਸ ਬੋਲੀ, “ਮੈਂ ਉਹਨਾਂ ਨੂੰ ਦੱਸ ਕੇ ਗਈ ਸਾਂ, ਫੇਰ ਵੀ ਮੇਰੇ ਬਾਰੇ ਪੁੱਛ ਰਹੇ ਸਨ?”
“ਹਾਂ,” ਡਾਕਟਰ ਨੇ ਕਿਹਾ, “ਉਹਨਾਂ ਦੀ ਤਕਲੀਫ਼ ਕੁਝ ਵਧ ਗਈ ਸੀ। ਜ਼ਾਹਰ ਹੈ, ਅਜਿਹੀ ਹਾਲਤ ਵਿਚ ਉਹ ਤੁਹਾਨੂੰ ਹੀ ਪੁੱਛਣਗੇ। ਵੈਸੇ ਅਸੀਂ ਦਵਾਈਆਂ ਨਾਲ ਵਧ ਰਹੀ ਤਕਲੀਫ਼ ਉੱਤੇ ਕਾਬੂ ਕਰ ਲਿਆ ਸੀ, ਪਰ ਉਹ ਕਹਿੰਦੇ ਨੇ ਨਾ ਕਿ ਕਦੀ-ਕਦੀ ਦਵਾਈ ਨਾਲੋਂ ਵੱਧ ਪ੍ਰਭਾਵਸ਼ਾਲੀ ਕਿਸੇ ਆਪਣੇ ਦਾ ਕੋਲ ਹੋਣਾ ਹੁੰਦਾ ਏ—ਇਸ ਲਈ ਮੇਰਾ ਇਹੋ ਮਸ਼ਵਰਾ ਏ ਤੁਸੀਂ ਵੱਧ ਤੋਂ ਵੱਧ ਸਮਾਂ ਮਿਸਟਰ ਵਰਮਾ ਕੋਲ ਰਹਿਣ ਦਾ ਯਤਨ ਕਰੋ।”
“ਜੀ।” ਉਸਨੇ ਕਿਹਾ ਤੇ ਡਾਕਟਰ ਕਮਰੇ ਵਿਚੋਂ ਬਾਹਰ ਚਲਾ ਗਿਆ।
ਕਿਸ਼ੋਰ ਪਲੰਘ ਉਪਰ ਘੂਕ ਸੁੱਤਾ ਹੋਇਆ ਸੀ।
ਸਾਰੇ ਦਿਨ ਦੀ ਭੱਜ ਨੱਠ ਪਿੱਛੋਂ ਉਸਦਾ ਸਾਰਾ ਸਰੀਰ ਟੁੱਟ ਰਿਹਾ ਸੀ। ਅੱਖਾਂ ਨੀਂਦ-ਵੱਸ ਮਿਚਦੀਆਂ ਜਾ ਰਹੀਆਂ ਸਨ। ਮਨ ਚਾਹ ਰਿਹਾ ਸੀ ਗੂੜ੍ਹੀ ਨੀਂਦ ਸੌਂ ਜਾਏ ਤੇ ਇਹ ਸਾਰੀ ਥਕਾਣ ਲਾਹ ਲਏ।
ਪਰ ਉਸਨੂੰ ਗੂੜ੍ਹੀ ਨੀਂਦ ਸਿਰਫ ਆਪਣੇ ਬਿਸਤਰੇ, ਆਪਣੇ ਪਲੰਘ ਤੇ ਹੀ ਆ ਸਕਦੀ ਸੀ।
ਕਿਸ਼ੋਰ ਕੋਲ ਕੋਈ ਨਹੀਂ ਸੀ। ਉਸਦੇ ਆਉਣ ਪਿੱਛੋਂ ਨਰਸਾਂ ਵੀ ਚਲੀਆਂ ਗਈਆਂ ਸਨ। ਸ਼ਾਇਦ ਇਹ ਸੋਚ ਕੇ ਕਿ ਹੁਣ ਉਹ ਆ ਗਈ ਹੈ, ਉਹੀ ਕਿਸ਼ੋਰ ਦੀ ਦੇਖਭਾਲ ਕਰੇਗੀ।
ਉਸਦਾ ਕਿਸ਼ੋਰ ਕੋਲ ਰੁਕਣਾ ਬੜਾ ਜ਼ਰੂਰੀ ਸੀ। ਪਰ ਉਹ ਰੁਕ ਨਹੀਂ ਸੀ ਸਕਦੀ।
ਕਿਉਂਕਿ ਦਿਨ ਭਰ ਦੀ ਥਕਾਣ ਲਾਹੁਣ ਲਈ ਗੂੜ੍ਹੀ ਨੀਂਦ ਸੌਣਾ ਜ਼ਰੂਰੀ ਸੀ ਤੇ ਇੰਜ ਕਿਸ਼ੋਰ ਕੋਲ ਹਸਪਤਾਲ ਵਿਚ ਨਹੀਂ ਸੀ ਹੋ ਸਕਦਾ।
ਕਲ੍ਹ ਵੀ ਅੱਜ ਵਾਂਗ ਹੀ ਭੱਜ-ਦੌੜ ਭਰਿਆ ਦਿਨ ਹੋਏਗਾ। ਦੋ ਮੰਤਰੀਆਂ ਨੂੰ ਮਿਲ ਕੇ ਮੈਮੋਰੈਂਡਮ ਦੇਣਾ ਸੀ। ਪਰਸੋਂ ਦੇ ਮੋਰਚੇ ਦੀ ਤਿਆਰੀ ਕਰਨੀ ਸੀ। ਜਲੂਸ ਕੱਢਣ ਲਈ ਪੁਲਿਸ ਦੀ ਇਜਾਜ਼ਤ ਲੈਣੀ ਸੀ—ਮੋਰਚੇ ਵਿਚ ਸ਼ਾਮਿਲ ਹੋਣ ਲਈ ਕਈ ਜਣਿਆ ਨੂੰ ਸੂਚਤ ਕਰਨਾ ਸੀ। ਪੱਤਰਕਾਰ-ਸਭਾ ਨੂੰ ਮੋਰਚੇ ਦੇ ਉਦੇਸ਼ ਬਾਰੇ ਦੱਸਣਾ ਸੀ। ਮੁੱਖ ਉਦੇਸ਼ ਵਿਨੋਦ ਦੀ ਗਿਰਫ਼ਤਾਰੀ, ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣਾ ਸੀ। ਲਤਾ ਗੁਪਤਾ ਨਾਲ ਇਹੋ ਸਭ ਤੋਂ ਵੱਡਾ ਇਨਸਾਫ਼ ਹੋਏਗਾ।
ਲਤਾ ਹਸਪਤਾਲ ਵਿਚ ਸੀ। ਪੁਲਿਸ ਨੇ ਵਿਨੋਦ ਨੂੰ ਗਿਰਫ਼ਤਾਰ ਕੀਤਾ ਸੀ, ਪਰ ਫੇਰ ਜਮਾਨਤ ਉੱਤੇ ਛੱਡ ਵੀ ਦਿੱਤਾ ਸੀ ਕਿਉਂਕਿ ਲਤਾ ਅਜੇ ਤਕ ਆਪਣਾ ਬਿਆਨ ਨਹੀਂ ਦੇ ਸਕੀ ਸੀ, ਜਿਸ ਦੇ ਆਧਾਰ ਉੱਤੇ ਵਿਨੋਦ ਨੂੰ ਗਿਰਫ਼ਤਾਰ ਕਰਕੇ ਉਸਦੇ ਵਿਰੁੱਧ ਕਾਰਵਾਈ ਕੀਤੀ ਜਾ ਸਕੇ।
ਤੇ ਉਹਨਾਂ ਲੋਕਾਂ ਦੀ ਮੰਗ ਸੀ ਕਿ ਵਿਨੋਦ ਨੂੰ ਤੁਰੰਤ ਗਿਰਫ਼ਤਾਰ ਕਰਕੇ ਜੇਲ ਭੇਜਿਆ ਜਾਏ। ਲਤਾ ਦਾ ਬਿਆਨ ਆਉਂਦਾ ਰਹੇਗਾ। ਲਤਾ ਉਪਰ ਵਿਨੋਦ ਨੇ ਜਿਹੜਾ ਅਤਿਆਚਾਰ ਕੀਤਾ ਹੈ, ਉਸ ਪਿੱਛੋਂ ਲਤਾ ਉਸਦੇ ਖ਼ਿਲਾਫ਼ ਹੀ ਬਿਆਨ ਦਏਗੀ। ਲਤਾ ਦੇ ਪਿੱਛੇ ਪੂਰੇ ਮੰਡਲ ਦੀ ਤਾਕਤ ਹੈ। ਮੰਡਲ ਲਤਾ ਨੂੰ ਨਿਆਂ ਦਿਵਾ ਕੇ ਹੀ ਰਹੇਗਾ।
ਪਰ ਪੁਲਿਸ ਨੇ ਇਹ ਕਹਿ ਕੇ ਦੁਬਾਰਾ ਵਿਨੋਦ ਨੂੰ ਗਿਰਫ਼ਤਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਬਿਨਾਂ ਲਤਾ ਦੇ ਬਿਆਨ ਦੇ ਅਸੀਂ ਵਿਨੋਦ ਨੂੰ ਹੱਥ ਨਹੀਂ ਪਾ ਸਕਦੇ। ਬਸ ਇਸੇ ਦੇ ਵਿਰੋਧ ਵਿਚ ਉਹਨਾਂ ਇਹ ਅੰਦੋਲਨ ਛੇੜਿਆ ਹੋਇਆ ਸੀ। ਲਤਾ ਉਹਨਾਂ ਦੇ ਮੰਡਲ ਦੀ ਇਕ ਇਕਾਈ ਦੀ ਮੈਂਬਰ ਸੀ। ਉਹ ਮੰਡਲ ਦੀਆਂ ਮੀਟਿੰਗਾਂ ਵਿਚ ਲਗਾਤਾਰ ਆਉਂਦੀ ਸੀ, ਇਸ ਕਰਕੇ ਉਸ ਤੇ ਉਸਦੇ ਪਤੀ ਵਿਚਕਾਰ ਵਾਰ-ਵਾਰ ਝਗੜਾ ਹੁੰਦਾ ਸੀ। ਪਤੀ ਦਾ ਕਹਿਣਾ ਸੀ ਘਰ ਦੇ ਜ਼ਰੂਰੀ ਕੰਮ ਛੱਡ ਕੇ ਉਹ ਮੀਟਿੰਗਾਂ ਵਿਚ ਨਾ ਜਾਇਆ ਕਰੇ ਤੇ ਲਤਾ ਪਤੀ ਦੀ ਗੱਲ ਨਹੀਂ ਮੰਨਦੀ ਸੀ। ਇਸ ਗੱਲ ਉਪਰ ਝਗੜਾ ਵਧ ਗਿਆ।
ਲਤਾ ਮੀਟਿੰਗ ਵਿਚ ਜਾਣ 'ਤੇ ਅੜੀ ਰਹੀ। ਇਸ ਉੱਤੇ ਵਿਨੋਦ ਨੇ ਗਰਮ ਸਲਾਖ਼ਾਂ ਨਾਲ ਉਸਦੇ ਹੱਥ, ਪੈਰ, ਚਿਹਰਾ ਦਾਗ਼ ਦਿੱਤਾ ਸੀ।
ਉਫ਼!
ਇਹ ਸੁਣ ਕੇ ਹਰ ਕੋਈ ਕੰਬ ਜਾਂਦਾ ਸੀ ਤੇ ਹਿਰਖ-ਭੜਕ ਜਾਂਦਾ ਸੀ। ਅਪਰਧੀ ਨੂੰ ਸਜ਼ਾ ਦਿਵਾਉਣ ਲਈ ਹਰੇਕ ਨੇ ਕਮਰ ਕਸੀ ਹੋਈ ਸੀ ਇਸੇ ਲਈ ਇਹ ਅੰਦੋਲਨ ਛਿੜਿਆ ਹੋਇਆ ਸੀ। ਪ੍ਰਧਾਨ ਹੋਣ ਦੇ ਨਾਤੇ ਉਹ ਵੀ ਖਾਸੀ ਸਰਗਰਮ ਸੀ, ਪਰ ਕਿਸ਼ੋਰ ਦੀ ਬਿਮਾਰੀ ਰਾਹ ਦਾ ਰੋੜਾ ਬਣ ਗਈ।
ਇਹੀ ਗੱਲਾਂ ਸੋਚਦੀ ਸੋਚਦੀ ਉਹ ਨਾਲ ਵਾਲੇ ਪਲੰਘ ਉਪਰ ਸੌਂ ਗਈ।
ਕਦੋਂ ਅੱਖ ਖੁੱਲ੍ਹੀ ਪਤਾ ਨਹੀਂ ਪਰ ਏਨਾ ਅਹਿਸਾਸ ਹੋਇਆ ਕਿ ਕਿਸ਼ੋਰ ਉਸਨੂੰ ਬੁਲਾਅ ਮਾਰ ਰਿਹਾ ਸੀ।
“ਕੀ ਗੱਲ ਏ?” ਉਹ ਅੱਖਾਂ ਮਲਦੀ ਹੋਈ ਉਠ ਗਈ।
“ਪਾਣੀ ਦੇਵੀਂ।” ਕਿਸ਼ੋਰ ਬੋਲਿਆ, “ਮੈਂ ਕਦੋਂ ਦਾ ਆਵਾਜ਼ਾਂ ਮਾਰ ਰਿਹਾਂ...ਘੰਟੀ ਵਜਾਈ ਪਰ ਕੋਈ ਨਰਸ ਵੀ ਨਹੀਂ ਆਈ।”
ਉਸਨੇ ਕਿਸ਼ੋਰ ਨੂੰ ਪਾਣੀ ਦਿੱਤਾ ਤੇ ਜਾ ਕੇ ਡਿਊਟੀ ਨਰਸ ਉੱਤੇ ਵਰ੍ਹ ਪਈ—
“ਮੇਰੇ ਪਤੀ ਕਦੋਂ ਦੇ ਘੰਟੀ ਵਜਾ ਰਹੇ ਨੇ, ਕੋਈ ਸੁਣਦਾ ਈ ਨਹੀਂ। ਕੀ ਏਸੇ ਗੱਲ ਦੇ ਤੁਸੀਂ ਲੋਕ ਏਨੇ ਪੈਸੇ ਚਾਰਜ ਕਰਦੇ ਓ? ਕੀ ਇਹੋ ਸੇਵਾਵਾਂ ਨੇ ਤੁਹਾਡੀਆਂ? ਮੈਂ ਉਪਰ ਤਕ ਤੁਹਾਡੀ ਲੋਕਾਂ ਦੀ ਸ਼ਿਕਾਇਤ ਕਰਾਂਗੀ।”
“ਮੈਡਮ ਅਸੀਂ ਸਮਝੇ ਤੁਸੀਂ ਕੋਲ ਓ, ਇਸ ਲਈ ਨਹੀਂ ਆਏ।” ਨਰਸ ਨੇ ਡਰਦਿਆਂ-ਡਰਦਿਆਂ ਕਿਹਾ।
“ਮੈਂ ਸੌਂ ਗਈ ਸੀ।” ਉਸਨੇ ਹਿਰਖ ਕੇ ਕਿਹਾ, “ਜੇ ਮੇਰੀ ਅੱਖ ਨਾ ਖੁੱਲ੍ਹਦੀ ਤਾਂ ਕੀ ਮੇਰਾ ਪਤੀ ਤੜਫ-ਤੜਫ ਕੇ ਪਿਆਸਾ ਮਰ ਜਾਂਦਾ?” ਉਹ ਹਿਰਖ ਵੱਸ ਪੈਰ ਪਟਕਦੀ ਹੋਈ ਫੇਰ ਕਮਰੇ ਵਿਚ ਆ ਗਈ।
“ਸੁਮਨ ਆ ਮੇਰੇ ਕੋਲ ਬੈਠ।” ਕਿਸ਼ੋਰ ਕਿਹਾ, “ਮੈਨੂੰ ਨੀਂਦ ਨਹੀਂ ਆ ਰਹੀ।”
“ਤੁਹਾਡੀ ਤਬੀਅਤ ਤਾਂ ਠੀਕ ਏ ਨਾ?”
“ਹਾਂ, ਠੀਕ ਏ।” ਕਿਸ਼ੋਰ ਨੇ ਕਿਹਾ, “ਸਿਰਫ ਨੀਂਦ ਨਹੀਂ ਆ ਰਹੀ।”
“ਕਿਸ਼ੋਰ ਤੁਸੀਂ ਸੌਣ ਦੀ ਕੋਸ਼ਿਸ਼ ਕਰੋ...” ਉਹ ਬੋਲੀ, “ਮੈਨੂੰ ਕਲ੍ਹ ਬੜਾ ਜ਼ਰੂਰੀ ਕੰਮ ਏਂ; ਸਾਰੇ ਦਿਨ ਦੀ ਭੱਜ-ਦੌੜ ਕਰਕੇ ਬੁਰੀ ਤਰ੍ਹਾਂ ਥੱਕੀ ਹੋਈ ਆਂ—ਪਲੀਜ਼ ਮੈਨੂੰ ਸੌਣ ਦਿਓ।”
“ਓ-ਕੇ ਡਾਰਲਿੰਗ।” ਕਿਸ਼ੋਰ ਬੋਲਿਆ।
ਸਵੇਰੇ ਅੱਖ ਖੁੱਲ੍ਹੀ ਤਾਂ ਛੇ ਵੱਜ ਚੁੱਕੇ ਸਨ; ਫੇਰ ਵੀ ਨੀਂਦ ਦਾ ਖ਼ੁਮਾਰ ਨਹੀਂ ਸੀ ਉਤਰਿਆ।
“ਕਿਸ਼ੋਰ ਤੁਹਾਡੀ ਤਬੀਅਤ ਕੈਸੀ ਐ?”
“ਠੀਕ ਐ ਪਰ ਸਾਰੀ ਰਾਤ ਸੌਂ ਨਹੀਂ ਸਕਿਆ...”
ਕਿਸ਼ੋਰ ਨਾਲ ਇਕ ਦੋ ਗੱਲਾਂ ਕਰਨ ਪਿੱਛੋਂ ਉਹ ਘਰ ਚਲੀ ਗਈ ਇਹ ਕਹਿ ਕੇ ਕਿ ਉਹ ਦੁਪਹਿਰੇ ਆਏਗੀ।
ਘਰ ਪਹੁੰਚੀ ਤਾਂ ਆਇਆ ਸੋਨੂੰ ਨੂੰ ਸਕੂਲ ਜਾਣ ਲਈ ਤਿਆਰ ਕਰ ਰਹੀ ਸੀ।
“ਮੇਮ ਸਾਹਬ ਬਾਬਾ ਸਕੂਲ ਜਾਣ ਲਈ ਨਾਂਹ ਕਹਿ ਰਿਹਾ ਏ।”
“ਕੀ ਗੱਲ ਏ ਬੇਟਾ, ਤੁਸੀਂ ਸਕੂਲ ਕਿਉਂ ਨਹੀਂ ਜਾਣਾ ਚਾਹੁੰਦੇ?”
“ਮੰਮੀ ਮੇਰਾ ਜੀਅ ਨਹੀਂ ਕਰਦਾ।” ਸੋਨੂੰ ਬੋਲਿਆ।
“ਇਹ ਚੰਗੀ ਗੱਲ ਨਹੀਂ ਬੇਟੇ।” ਉਸਨੇ ਸੋਨੂੰ ਨੂੰ ਕਿਹਾ।
“ਮੇਮ ਸਾਹਬ ਬਾਬਾ ਨੂੰ ਕੁਛ-ਕੁਛ ਬੁਖ਼ਾਰ ਵੀ ਲੱਗ ਰਿਹੈ।” ਉਸਨੇ ਸੋਨੂੰ ਦੇ ਮੱਥੇ ਉਪਰ ਹੱਥ ਰੱਖਿਆ ਤਾਂ ਮਨ ਤ੍ਰਾਹ ਗਿਆ।
ਸੋਨੂੰ ਨੂੰ ਵਾਕਈ ਥੋੜ੍ਹਾ ਬੁਖ਼ਾਰ ਸੀ।
“ਆਇਆ ਸੋਨੂੰ ਨੂੰ ਪਹਿਲਾਂ ਡਾਕਟਰ ਨੂੰ ਵਿਖਾਅ ਆਵੀਂ, ਫੇਰ ਕੁਝ ਹੋਰ ਕਰੀਂ...ਮੈਨੂੰ ਅੱਜ ਬੜੇ ਕੰਮ ਨੇ।”
“ਜੀ ਮੇਮ ਸਾਹਬ।” ਆਇਆ ਬੋਲੀ ਤੇ ਉਹ ਤਿਆਰ ਹੋਣ ਲਈ ਆਪਣੇ ਕਮਰੇ ਵੱਲ ਤੁਰ ਗਈ।

ਉਹ ਬੜੀ ਭੱਜ ਨੱਠ ਤੇ ਥਕਾਅ ਦੇਣ ਵਾਲਾ ਦਿਨ ਸੀ। ਇਕ ਦੋ ਮੰਤਰੀਆਂ ਨਾਲ ਗੱਲਾਂ ਹੋਈਆਂ ਸਨ। ਇਕ ਦੋ ਅਧਿਕਾਰੀਆਂ ਨੂੰ ਡਰਾਇਆ-ਧਮਕਾਇਆ ਗਿਆ ਸੀ। ਮੋਰਚੇ ਲਈ ਪੁਲਿਸ ਦੀ ਮੰਜ਼ੂਰੀ ਲਈ ਗਈ ਸੀ ਤੇ ਅੰਤ ਵਿਚ ਸਾਰੀਆਂ ਜਾ ਕੇ ਲਤਾ ਨੂੰ ਮਿਲੀਆਂ ਸਨ ਤੇ ਉਸਨੂੰ ਦੱਸਿਆ ਸੀ ਕਿ ਉਸਨੂੰ ਇਨਸਾਫ ਦਿਵਾਉਣ ਖਾਤਰ ਉਹ ਸਭ ਕੁਝ ਕਰ-ਕਰਾਅ ਰਹੀਆਂ ਨੇ।
“ਇਹ ਸਭ ਤੁਸੀਂ ਕਿਉਂ ਕਰ ਰਹੇ ਓ?” ਸਾਰੀਆਂ ਗੱਲਾਂ ਸੁਣ ਕੇ ਲਤਾ ਬੋਲੀ, “ਇੰਜ ਤਾਂ ਵਿਨੋਦ ਸੰਕਟ 'ਚ ਫਸ ਜਾਣਗੇ।”
“ਅਸੀਂ ਇਹੋ ਚਾਹੁੰਦੇ ਆਂ ਕਿ ਪੁਲਿਸ ਵਿਨੋਦ ਨੂੰ ਗਿਰਫਤਾਰ ਕਰੇ ਤੇ ਕਾਨੂੰਨ ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਏ।”
“ਪਰ ਕਿਸ ਲਈ?”
“ਉਸ ਅਪਰਾਧ ਤੇ ਅਤਿਆਚਾਰ ਲਈ ਜਿਹੜਾ ਵਿਨੋਦ ਨੇ ਤੇਰੇ ਉਪਰ ਕੀਤਾ ਏ। ਮਹਿਲਾ ਮੰਡਲ ਦੀਆਂ ਮੀਟਿੰਗਾਂ ਵਿਚ ਸ਼ਾਮਲ ਨਾ ਹੋਣ ਲਈ ਤੇਰੇ ਹੱਥ, ਪੈਰ, ਚਿਹਰਾ ਤੇ ਸਰੀਰ ਨੂੰ ਗਰਮ ਸਲਾਖਾਂ ਨਾਲ ਦਾਗ ਦਿੱਤਾ...”
“ਨਹੀਂ ਇਹ ਝੂਠ ਏ ਕਿ ਉਹਨਾਂ ਮੇਰੇ ਸਰੀਰ ਨੂੰ ਦਾਗਿਆ ਹੈ।” ਲਤਾ ਬੋਲੀ।
“ਇਹ ਸੱਚ ਏ ਕਿ ਉਸ ਦਿਨ ਉਹਨਾਂ ਦੀ ਤਬੀਅਤ ਠੀਕ ਨਾ ਹੋਣ ਕਰਕੇ ਉਹਨਾਂ ਮੈਨੂੰ ਮੀਟਿੰਗ ਵਿਚ ਜਾਣ ਤੋਂ ਰੋਕਿਆ...ਜਦੋਂ ਮੈਂ ਨਹੀਂ ਮੰਨੀ ਤਾਂ ਡਰਾਉਣ ਲਈ ਉਹ ਸਲਾਖ ਗਰਮ ਕਰ ਲਿਆਏ, ਪਰ ਉਹਨਾਂ ਦਾ ਮੈਨੂੰ ਸਾੜਨ ਦਾ ਕਤਈ ਇਰਾਦਾ ਨਹੀਂ ਸੀ। ਘਬਰਾ ਕੇ ਮੈਂ ਉਹਨਾਂ ਨੂੰ ਪਿੱਛੇ ਨੂੰ ਧਰੀਕਿਆ ਤਾਂ ਸਲਾਖ ਉਹਨਾਂ ਦੇ ਹੱਥੋਂ ਛੁੱਟ ਗਈ ਤੇ ਮੇਰੇ ਚਿਹਰੇ ਤੇ ਸਰੀਰ ਨਾਲ ਲੱਗਣ ਕਰਕੇ ਉਹ ਸੜ ਗਿਆ। ਏਨੀ ਗੱਲ ਦੀ ਤੁਸੀਂ ਲੱਲ ਨਾਲ ਬਣਾਓ; ਤੁਹਾਡੇ ਇਸ ਅੰਦੋਲਨ ਕਰਕੇ ਪੁਲਿਸ ਵਿਨੋਦ ਨੂੰ ਗਿਰਫਤਾਰ ਕਰ ਲਏਗੀ। ਸਾਡਾ ਗ੍ਰਹਿਸਤੀ ਜੀਵਨ ਖਤਰੇ ਵਿਚ ਪੈ ਜਾਏਗਾ।”
ਲਤਾ ਦੇ ਇਸ ਬਿਆਨ ਪਿੱਛੋਂ ਉਹ ਸਿਰ ਫੜ ਕੇ ਬੈਠ ਗਈਆਂ। ਉਹਨਾਂ ਨੂੰ ਲੱਗਿਆ ਜਿਵੇਂ ਉਹ ਆਪਣੀਆਂ ਪਰਛਾਈਆਂ ਨਾਲ ਲੜ ਰਹੀਆਂ ਹੈਨ। ਚੰਗਾ ਹੋਇਆ ਲਤਾ ਨੇ ਅਜੇ ਪੁਲਿਸ ਨੂੰ ਬਿਆਨ ਨਹੀਂ ਦਿੱਤਾ, ਵਰਨਾ ਸਾਰੇ ਕੀਤੇ ਕਰਾਏ ਉਪਰ ਪਾਣੀ ਫਿਰ ਜਾਂਦਾ।
ਕਲ੍ਹ ਏਡੇ ਵੱਡੇ ਵਿਸ਼ਾਲ ਮੋਰਚੇ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਇੱਥੇ ਤਾਂ ਉਸਦਾ ਕਾਰਣ ਹੀ ਖ਼ਤਮ ਹੋ ਰਿਹਾ ਏ। ਲਤਾ ਨੂੰ ਬੜੀ ਮੁਸ਼ਕਿਲ ਨਾਲ ਸਮਝਾ-ਬੁਝਾਅ ਕੇ ਇਸ ਗੱਲ ਲਈ ਰੋਕਿਆ ਗਿਆ ਕਿ ਉਹ ਕਲ੍ਹ ਤਕ ਕੋਈ ਵੀ ਬਹਾਨਾ ਬਣਾ ਕੇ ਪੁਲਿਸ ਨੂੰ ਬਿਆਨ ਨਾ ਦਏ।
ਇਹ ਤੈਅ ਕੀਤਾ ਗਿਆ ਕਿ ਕਲ੍ਹ ਨਿਕਲਣ ਵਾਲਾ ਮੋਰਚਾ ਰੱਦ ਨਾ ਕੀਤਾ ਜਾਏ—ਮੋਰਚਾ ਨਾ ਕੱਢਿਆ ਗਿਆ ਤਾਂ ਸਾਰੇ ਮਹਿਲਾ-ਮੰਡਲ ਦੀ ਬਦਨਾਮੀ ਹੋਏਗੀ।
ਕਲ੍ਹ ਦਾ ਮੋਰਚਾ ਸਫਲ ਹੋ ਜਾਏ ਫੇਰ ਭਾਵੇਂ ਕੁਛ ਵੀ ਹੁੰਦਾ ਰਹੇ। ਭਾਵੇਂ ਲਤਾ ਪੁਲਿਸ ਨੂੰ ਬਿਆਨ ਦੇ ਕੇ ਉਸਨੂੰ ਨਿਰਦੋਸ਼ ਸਿੱਧ ਕਰ ਦਏ।
ਸ਼ਾਮ ਨੂੰ ਹਸਪਤਾਲ ਪਹੁੰਚੀ ਤਾਂ ਡਾਕਟਰ ਨਰਸਾਂ ਕਿਸ਼ੋਰ ਦੇ ਦੁਆਲੇ ਜੁੜੇ ਖੜ੍ਹੇ ਸਨ।
“ਕੀ ਹੋਇਆ ਡਾਕਟਰ?” ਕਿਸ਼ੋਰ ਦੀ ਹਾਲਤ ਦੇਖ ਕੇ ਉਸ ਘਬਰਾ ਗਈ ਸੀ।
“ਮਿਸਟਰ ਵਰਮਾ ਦੀ ਛਾਤੀ 'ਚ ਦਰਦ ਫੇਰ ਹੋਇਆ ਸੀ, ਅਸੀਂ ਘਬਰਾ ਗਏ ਕਿ ਕਿਤੇ ਉਹਨਾਂ ਨੂੰ ਫੇਰ ਦੌਰਾ ਨਾ ਪੈ ਗਿਆ ਹੋਏ...ਪਰ ਐਸੀ ਕੋਈ ਗੱਲ ਨਹੀਂ।”
ਡਾਕਟਰ ਤੇ ਨਰਸਾਂ ਚਲੀਆਂ ਗਈਆਂ।
ਉਹ ਕਿਸ਼ੋਰ ਨੂੰ ਹੌਸਲਾ ਦੇਣ ਲੱਗੀ ਕਿ ਉਹ ਨਾ ਘਬਰਾਏ ਉਸਨੂੰ ਕੁਛ ਨਹੀਂ ਹੋਇਆ। ਕਿਸ਼ੋਰ ਇਹ ਪੁੱਛ ਰਿਹਾ ਸੀ ਕਿ ਉਹ ਦੁਪਹਿਰੇ ਹਸਪਤਾਲ ਕਿਉਂ ਨਹੀਂ ਆਈ...ਤੇ ਉਹ ਵਿਸਥਾਰ ਨਾਲ ਕਿਸ਼ੋਰ ਨੂੰ ਦੱਸਣ ਲੱਗੀ ਕਿ ਅੱਜ ਕੀ-ਕੀ ਹੋਇਆ।
ਅਚਾਨਕ ਉਸਨੂੰ ਸੋਨੂੰ ਦੀ ਯਾਦ ਆਈ ਤਾਂ ਉਸਨੇ ਘਰ ਫ਼ੋਨ ਕਰਕੇ ਨੌਕਰਾਣੀ ਤੋਂ ਸੋਨੂੰ ਬਾਰੇ ਪੁੱਛਿਆ।
“ਮੇਮ ਸਾਹਬ ਬਾਬਾ ਦਾ ਬੁਖ਼ਾਰ ਖਾਸਾ ਵਧ ਗਿਆ ਏ। ਉਹ ਤੁਹਾਨੂੰ ਯਾਦ ਕਰ ਰਿਹੈ।”
“ਮੈਂ ਹੁਣੇ ਆਈ।” ਕਹਿ ਕੇ ਉਸਨੇ ਫ਼ੋਨ ਰੱਖ ਦਿੱਤਾ ਤੇ ਕਿਸ਼ੋਰ ਕੋਲ ਆ ਕੇ ਬੋਲੀ...:
“ਕਿਸ਼ੋਰ ਸੋਨੂੰ ਨੂੰ ਬੜਾ ਬੁਖ਼ਾਰ ਏ, ਮੇਰਾ ਉਸ ਕੋਲ ਰਹਿਣਾ ਜ਼ਰੂਰੀ ਏ—ਤੁਸੀਂ ਅੱਜ ਦੀ ਰਾਤ ਕਿਸੇ ਤਰ੍ਹਾਂ ਇਕੱਲੇ ਗੁਜ਼ਾਰ ਲਓ।”
“ਠੀਕ ਏ।” ਉਸਦੀ ਗੱਲ ਸੁਣ ਕੇ ਕਿਸ਼ੋਰ ਨੇ ਮਰੀ ਜਿਹੀ ਆਵਾਜ਼ ਵਿਚ ਕਿਹਾ।
ਸਾਰੀ ਰਾਤ ਸੋਨੂੰ ਨੁੰ ਕਾਫੀ ਬੁਖ਼ਾਰ ਰਿਹਾ। ਉਹ ਥੋੜ੍ਹੀ ਦੇਰ ਲਈ ਸੌਂ ਜਾਂਦੀ। ਜਾਗਦੀ ਤਾਂ ਸੋਨੂੰ ਨੂੰ ਉਸੇ ਹਾਲਤ ਵਿਚ ਦੇਖਦੀ।
ਦਿਨ ਨਿਕਲਿਆ ਤਾਂ ਵੀ ਉਸਦੀ ਸਥਿਤੀ ਓਹੋ ਜਿਹੀ ਹੀ ਸੀ।
ਨਾ ਚਾਹੁੰਦੀ ਹੋਈ ਵੀ ਉਹ ਮੋਰਚੇ ਵਿਚ ਜਾਣ ਦੀ ਤਿਆਰੀ ਕਰਨ ਲੱਗ ਪਈ।
ਸੋਨੂੰ ਰੋ ਰਿਹਾ ਸੀ...:
“ਮੰਮੀ ਮੈਨੂੰ ਛੱਡ ਕੇ ਨਾ ਜਾਓ।”
“ਮੈਂ ਹੁਣੇ ਆ ਜਾਵਾਂਗੀ ਬੇਟਾ।” ਉਹ ਬੋਲੀ, “ਆਇਆ, ਬਾਬਾ ਨੂੰ ਡਾਕਟਰ ਕੋਲ ਲੈ ਜਾਵੀਂ।”
“ਜੀ, ਮੇਮ ਸਾਹਬ।” ਆਇਆ ਬੋਲੀ।
ਉਹ ਘਰੋਂ ਨਿਕਲ ਹੀ ਰਹੀ ਸੀ ਕਿ ਹਸਪਤਾਲੋਂ ਫ਼ੋਨ ਆ ਗਿਆ—ਕਿਸ਼ੋਰ ਨੂੰ ਫੇਰ ਹਲਕਾ ਜਿਹਾ ਦੌਰਾ ਪਿਆ ਹੈ।
ਇਹ ਸੁਣ ਕੇ ਉਹ ਸੁੰਨ ਜਿਹੀ ਹੋ ਗਈ।
“ਠੀਕ ਹੈ ਆ ਰਹੀ ਆਂ।” ਕਹਿੰਦਿਆਂ ਹੋਇਆਂ ਉਸਨੇ ਫ਼ੋਨ ਰੱਖ ਦਿੱਤਾ ਪਰ ਦੁਚਿੱਤੀ ਵਿਚ ਫਸ ਗਈ।
ਹਸਪਤਾਲ ਜਾਏ ਜਾਂ ਮੋਰਚੇ ਵਿਚ। ਦੋਹੇਂ ਜਗ੍ਹਾ ਜਾਣਾ ਜ਼ਰੂਰੀ ਸੀ। ਜੇ ਮੋਰਚੇ ਵਿਚ ਨਹੀਂ ਗਈ ਤਾਂ ਸਾਰੀ ਕੀਤੀ-ਕਰਾਈ ਉੱਤੇ ਪਾਣੀ ਫਿਰ ਜਾਏਗਾ। ਉਸਦੀ ਬੜੀ ਹੇਠੀ ਹੋਏਗੀ।
ਦਿਲ ਕਰੜਾ ਕਰਕੇ ਉਹ ਮੋਰਚੇ ਵਿਚ ਸ਼ਾਮਲ ਹੋਣ ਲਈ ਨਿਕਲ ਪਈ।
ਮੋਰਚੇ ਵਿਚ ਹਿੱਸਾ ਲੈਣ ਵਾਲੀਆਂ ਬਾਕੀ ਔਰਤਾਂ ਆ ਗਈਆਂ ਸਨ ਪਰ ਕੁਝ ਮਹੱਤਵਪੂਰਨ ਹਸਤੀਆਂ ਗਾਇਬ ਸਨ।
“ਮਾਲਤੀ ਕਿਉਂ ਨਹੀਂ ਆਈ?”
“ਉਸਦੀ ਬੇਟੀ ਨੂੰ ਤੇਜ਼ ਬੁਖ਼ਾਰ ਏ ਇਸ ਲਈ ਨਹੀਂ ਆ ਸਕੀ।”
“ਵਿਸ਼ਾਖਾ?”
“ਉਸਦੇ ਘਰ ਮਹਿਮਾਨ ਆਏ ਨੇ।”
“ਬਰਖਾ?”
“ਉਸਦਾ ਪਤੀ ਹਸਪਤਾਲ 'ਚ ਏ।”
“ਰਾਖੀ?”
“ਉਸਦੇ ਬੱਚੇ ਦੇ ਅੱਜ ਪੇਪਰ ਸ਼ੁਰੂ ਹੋਣੇ ਨੇ।”
ਇਹ ਸਭ ਇਸ ਲਈ ਨਹੀਂ ਆਈਆਂ ਤੇ ਉਹ?
ਇਕ ਸਵਾਲ ਉਸਦੇ ਸਾਹਮਣੇ ਆਣ ਖੜ੍ਹਾ ਹੋਇਆ ਸੀ। ਇਸਦਾ ਬੇਟਾ ਘਰੇ ਬੁਖ਼ਾਰ ਵਿਚ ਤਪ ਰਿਹਾ ਹੈ; ਪਤੀ ਹਸਪਤਾਲ ਵਿਚ ਏ—ਫੇਰ ਵੀ ਇਹ ਮੋਰਚੇ ਵਿਚ ਆਈ ਹੈ।
ਤੇ ਉਹ ਲੋਕ ਏਨੀ ਜ਼ਰਾ ਜਿੰਨੀ ਗੱਲ ਦੇ ਕਾਰਨ ਮੋਰਚੇ ਵਿਚ ਨਹੀਂ ਆਈਆਂ।
ਉਸਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਕੌਣ ਸਹੀ ਹੈ, ਕੌਣ ਗ਼ਲਤ? ਉਹ ਜਾਂ ਉਹ...?
ਮੋਰਚੇ ਦੇ ਅੱਗੇ ਅੱਗੇ ਤੁਰਦਿਆਂ ਤੇ ਨਾਅਰੇ ਲਾਉਂਦਿਆਂ ਹੋਇਆਂ ਵੀ ਉਸਨੂੰ ਲੱਗ ਰਿਹਾ ਸੀ ਕਿ ਅੱਜ ਕਿਤੇ ਕੁਛ ਗ਼ਲਤ ਜ਼ਰੂਰ ਹੋਇਆ ਹੈ, ਉਸ ਕੋਲੋਂ...।
     ੦੦੦ ੦੦੦ ੦੦੦

Website :
http://naisadi.tripod.com
http://mmubin.tripod.com
http://adabnama.tripod.com
http://starwarhindi.tripod.com
http://azanhindibook.tripod.com

***

No comments:

Post a Comment