Tuesday, September 28, 2010

...ਪਰ ਤੁਸੀਂ ਅਜੇ ਚੁੱਪ ਹੋ! :: ਲੇਖਕ : ਐਮ. ਸ਼ੁਲਿਮਸਨ

ਅੰਗਰੇਜ਼ੀ ਕਹਾਣੀ:
...ਪਰ ਤੁਸੀਂ ਅਜੇ ਚੁੱਪ ਹੋ!
ਲੇਖਕ : ਐਮ. ਸ਼ੁਲਿਮਸਨ
ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ


ਬਰਫ਼-ਬਾਰੀ ਨਹੀਂ ਹੋ ਰਹੀ ਸੀ ਤੇ ਹਵਾ ਬੰਦ ਸੀ। ਬਰਫ਼ ਸੀ ਤੇ ਚਾਰੇ ਪਾਸੇ ਫ਼ੈਲੀ ਹੋਈ ਸੀ। ਦਰਵਾਜ਼ੇ ਦੇ ਬਾਹਰ—ਬਸ, ਠੰਡ ਹੀ ਠੰਡ ਸੀ...ਜਿਸਦਾ ਕੋਈ ਅੰਤ ਨਹੀਂ ਸੀ। ਅਚਾਨਕ ਬਰਫ਼ ਫੇਰ ਪੈਣ ਲੱਗ ਪਈ। ਠੰਡ ਹੋਵੇ ਜਾਂ ਬਰਫ਼, ਛੱਜੇ ਹੇਠ ਖਲੋ ਕੇ ਤੁਸੀਂ ਇਹਨਾਂ ਤੋਂ 'ਪਿੰਡ' ਨਹੀਂ ਛੁਡਾਅ ਸਕਦੇ। ਇਹ ਤੁਹਾਨੂੰ ਵੱਢਦੀਆਂ-ਟੁੱਕਦੀਆਂ ਨਹੀਂ, ਪਰ ਘੇਰ ਲੈਂਦੀਆਂ ਨੇ ਤੇ ਤੁਸੀਂ ਇਹਨਾਂ ਤੋਂ ਬਚ ਨਹੀਂ ਸਕਦੇ।
ਬੁੱਢੇ ਆਦਮੀ ਨੇ ਮੈਨੂੰ ਬੱਤੀ ਜਗਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ, ਕਿਉਂਕਿ ਅੰਦਰ ਕੁਝ ਮੁੰਡੇ ਸੁੱਤੇ ਹੋਏ ਸਨ। ਮੈਂ ਅੰਦਰ ਆ ਗਿਆ ਤੇ ਇਕ ਖਾਲੀ ਮੰਜੇ ਵੱਲ ਵਧਿਆ...ਸੜਕ ਵਾਲੇ ਪਾਸਿਓਂ ਮੰਜਿਆਂ ਨੂੰ ਦੇਖਣ ਜੋਗੀ ਰੋਸ਼ਨੀ ਅੰਦਰ ਆ ਰਹੀ ਸੀ। ਮੈਂ ਬੈਠ ਕੇ ਆਪਣੇ ਬੂਟਾਂ ਦੇ ਤਸਮੇਂ ਖੋਲ੍ਹਣ ਲੱਗ ਪਿਆ। ਦੋ ਮੁੰਡੇ ਆਪੋ ਵਿਚ ਕੁਝ ਘੁਸਰ-ਫੁਸਰ ਕਰ ਰਹੇ ਸਨ। ਇਕ ਵਾਰੀ-ਵਾਰੀ ਖੰਘ ਰਿਹਾ ਸੀ ਤੇ ਇਕ ਤਮਾਕੂ ਚਬੋਲ ਰਿਹਾ ਸੀ। ਉਹ ਮੁੰਡਾ ਜਿਹੜਾ ਨਾਲ ਵਾਲੇ ਮੰਜੇ ਉੱਤੇ ਪਿਆ ਸੀ, ਮੈਨੂੰ ਕਹਿਣ ਲੱਗਾ, ''ਤੂੰ ਕੋਈ ਹੋਰ ਮੰਜਾ ਮੱਲ ਲਏਂ ਤਾਂ ਚੰਗਾ ਰਹੇਂਗਾ, ਇਸ ਹੇਠ ਇਕ ਟਰੰਕ ਪਿਆ ਏ...ਜੇ ਕੁਝ ਗਵਾਚ ਗਿਆ ਤਾਂ ਤੇਰੇ ਨਾਂ ਲੱਗ ਜਾਣੈ।''
''ਮਿਹਰਬਾਨੀ!'' ਮੈਂ ਕਿਹਾ ਤੇ ਜਾ ਕੇ ਇਕ ਹੋਰ ਮੰਜੇ ਉੱਤੇ ਪੈਂਟ ਸਮੇਤ ਹੀ ਪੈ ਗਿਆ; ਮੇਰੇ ਇਕ ਹੱਥ ਵਿਚ ਕੋਟ ਤੇ ਇਕ ਵਿਚ ਬੂਟ ਫੜੇ ਹੋਏ ਸਨ।
ਸਵੇਰੇ ਜਦੋਂ ਮੈਂ ਬਾਹਰ ਜਾਣ ਲੱਗਿਆ ਤਾਂ ਇਕ ਜਣਾ, ਜਿਹੜਾ ਚੌਹਰੇ ਸਲੀਪਰ ਦੇ ਸਭ ਤੋਂ ਉਪਰਲੇ ਫੱਟੇ ਉੱਤੇ ਪਿਆ ਸੀ, ਕਹਿਣ ਲੱਗਾ, ''ਭਰਾ, ਜ਼ਰਾ ਉਹ ਸਿਗਰੇਟ ਫੜਾਵੀਂ।'' ਉਸ ਨੇ ਜ਼ਮੀਨ ਉੱਤੇ ਪਏ ਸਿਗਰੇਟ ਦੇ ਟੋਟੇ ਵੱਲ ਇਸ਼ਾਰਾ ਕੀਤਾ ਸੀ, ਜਿਹੜਾ ਥੁੱਕ ਨਾਲ ਗੱਚ ਹੋਇਆ ਹੋਇਆ ਸੀ। ਮੈਂ ਆਪਣੇ ਕੋਲੋਂ ਇਕ ਸਿਗਰੇਟ ਦੇ ਦਿੱਤੀ...ਪਰ ਉਸ ਨੇ ਕਿਹਾ, ''ਇਸ ਦਾ ਸ਼ੁਕਰੀਆ, ਪਰ ਮੈਨੂੰ ਉਹ ਟੋਟਾ ਵੀ ਫੜਾ ਈ ਦੇਅ।''
ਮੈਂ ਬੜੀ ਸਾਵਧਾਨੀ ਨਾਲ ਉਹ ਟੋਟਾ ਚੁੱਕ ਕੇ ਉਸ ਨੂੰ ਫੜਾ ਦਿੱਤਾ।

ਰੇਲਰੋਡ ਸਟੇਸ਼ਨ ਦੇ ਉਸ ਮਰਦਾਂ ਵਾਲੇ ਕਮਰੇ ਵਿਚ ਅਸੀਂ ਕਈ ਜਣੇ ਸਾਂ—ਇਕ-ਦੋ ਮੁੰਡੇ ਬੈਂਚਾਂ ਉਤੇ ਸੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਕ ਬੁੱਢਾ ਸ਼ਰਾਬੀ ਸੀ, ਜਿਹੜਾ ਏਨਾ ਗਲੀਚ ਦਿਸ ਰਿਹਾ ਸੀ ਜਿਵੇਂ ਕਈ ਥੁੱਕ-ਦਾਨ ਉਸ ਉੱਤੇ ਉਲਟ ਦਿੱਤੇ ਗਏ ਹੋਣ।
ਮੈਂ ਕੰਧ ਨਾਲ ਢੋਅ ਲਾ ਕੇ ਖੜ੍ਹਾ ਹੋ ਗਿਆ।
ਦੋ ਸਿਪਾਹੀ ਅੰਦਰ ਆ ਵੜੇ। ਉਹਨਾਂ ਵਿਚੋਂ ਇਕ ਬੋਲਿਆ, ''ਚਲੋ ਬਈ ਮੁੰਡਿਓ, ਹੁਣ ਫੁੱਟ ਲਓ ਇੱਥੋਂ।''
''ਚਲੋ ਦੌੜੋ ਓਇ।'' ਦੂਜਾ ਵੀ ਬੋਲਿਆ ਤੇ ਉਹ ਦੋਵੇਂ ਜਣੇ ਮੁੰਡਿਆਂ ਨੂੰ ਧੱਕੇ ਮਾਰ ਕੇ ਬਾਹਰ ਕੱਢਣ ਲੱਗ ਪਏ।
ਬਾਹਰ ਬੜੀ ਠੰਡ ਸੀ। ਮੈਂ ਅੰਦਰ ਹੀ ਰਹਿਣਾ ਚਾਹੁੰਦਾ ਸਾਂ। ਸੋ ਉਹਨਾਂ ਦੀ ਨਜ਼ਰ ਬਚਾਅ ਕੇ ਟੱਟੀਆਂ ਵਿਚ ਜਾ ਘੁਸਿਆ, ਪਰ ਨਹੀਂ, ਸਿਪਾਹੀ ਨੇ ਦੇਖ ਲਿਆ ਸੀ ਤੇ ਮੇਰੇ ਪਿੱਛੇ ਆ ਕੇ ਖਲੋ ਗਿਆ ਸੀ...ਤੇ ਫੇਰ ਕੁਝ ਚਿਰ ਪਿੱਛੋਂ ਬੋਲਿਆ ਸੀ, ''ਬਸ ਬਈ, ਬਹੁਤ ਹੋ ਗਿਆ...ਤੂੰ ਪਹਿਲਾਂ ਈ ਰਿਕਾਰਡ ਤੋੜ ਦਿੱਤੇ ਨੇ।'' ਮੈਨੂੰ ਕੱਚਾ ਜਿਹਾ ਹੋ ਕੇ ਇਸ ਗੱਲ ਉੱਤੇ ਹੱਸਣਾ ਪਿਆ ਸੀ ਤੇ ਮੈਂ ਸਟੇਸ਼ਨ 'ਚੋਂ ਬਾਹਰ  ਨਿਕਲ ਆਇਆ ਸਾਂ। ਬਾਹਰ ਬੜੀ ਠੰਡ ਸੀ, ਪਰ ਮੈਂ ਕਿਤੇ ਰੁਕਿਆ ਨਹੀਂ—ਤੁਰਦਾ ਰਿਹਾ।

ਜਦੋਂ ਮੈਂ ਉਸ ਦੇ ਲਾਗੇ ਪਹੁੰਚਿਆ ਸਾਂ, ਉਹ ਇਕ ਖੰਭੇ ਨਾਲ ਲੱਗੀ ਖੜ੍ਹੀ ਸੀ। ਮੈਨੂੰ ਦੇਖ ਕੇ ਉਸ ਨੇ ਦੋਹਾਂ ਲੱਤਾਂ ਨੂੰ ਇੰਜ ਅੱਗੇ ਵੱਲ ਪਸਾਰ ਲਿਆ ਸੀ ਕਿ ਮੇਰੀ ਨਿਗਾਹ ਖੁੰਝ ਨਾ ਜਾਏ...ਤੇ ਮੁਸਕਰਾਉਣ ਲੱਗ ਪਈ ਸੀ। ਪਰ ਮੈਂ ਚੁੱਪਚਾਪ ਅੱਗੇ ਲੰਘ ਗਿਆ ਤਾਂ ਉਸ ਨੇ ਪਿੱਛੋਂ ਆਵਾਜ਼ ਮਾਰੀ, ''ਕਿਉਂ, ਕੀ ਖ਼ਿਆਲ ਏ ਇਸ ਬਾਰੇ?''
ਮੈਂ ਕਿਹਾ, ''ਬਹੁਤਾ ਬੁਰਾ ਨਹੀਂ, ਪਰ ਜੇ ਏਸ ਵੇਲੇ ਮੇਰੇ ਕੋਲ ਪੈਸੇ ਹੁੰਦੇ ਤਾਂ ਮੈਂ ਕੁਝ ਖਾ ਲੈਣ ਨੂੰ ਵਧੇਰੇ ਠੀਕ ਸਮਝਦਾ।''
ਉਹ ਬੋਲੀ, ''ਏਧਰ ਆ।'' ਮੈਂ ਵਾਪਸ ਪਰਤ ਆਇਆ। ''ਸੱਚਮੁਚ ਭੁੱਖ ਕੱਟਣੀ ਬੜੀ ਮੁਸ਼ਕਿਲ ਹੁੰਦੀ ਏ,'' ਉਸ ਕਿਹਾ, ''ਜੇ ਤੂੰ ਉਪਰ ਚੱਲੇਂ ਤਾਂ ਮੈਂ ਤੈਨੂੰ ਇਕ ਕੱਪ ਕਾਫੀ ਤੇ ਕੁਝ ਖਾਣ ਲਈ ਦੇ ਸਕਦੀ ਆਂ।''
''ਮਿਹਰਬਾਨੀ !'' ਮੈਂ ਖਿੜ-ਪੁੜ ਗਿਆ, ''ਮੈਨੂੰ ਕਾਫੀ ਪੀ ਕੇ ਬੜੀ ਖੁਸ਼ੀ ਹੋਏਗੀ।'' ਤੇ ਅਸੀਂ ਦੋਵੇਂ ਉਪਰ ਆ ਗਏ। ਉਹ ਰਸੋਈ ਵਿਚ ਚਲੀ ਗਈ। ਫੇਰ ਕੁਝ ਚਿਰ ਬਾਅਦ ਦੋ ਉਬਲੇ ਆਂਡੇ ਤੇ ਇਕ ਕੱਪ ਕਾਫੀ ਲੈ ਆਈ ਤੇ ਮੈਨੂੰ ਫੜਾਉਂਦੀ ਹੋਈ ਬੋਲੀ, ''ਬੁਰਾ ਨਾ ਮੰਨੀ, ਜ਼ਰਾ ਛੇਤੀ ਕਰ, ਖਾ ਪੀ ਤੇ ਤੁਰਦਾ ਹੋ। ਅੱਜ ਸ਼ਾਇਦ ਉਹ ਛੇਤੀ ਆ ਜਾਏ!''
ਮੈਂ ਫਟਾਫਟ ਖਾ ਪੀ ਕੇ ਉਸ ਦਾ ਧੰਨਵਾਦ ਕੀਤਾ ਤੇ ਹੇਠਾਂ ਉਤਰ ਆਇਆ। ਮੋੜ 'ਤੇ ਪਹੁੰਚ ਕੇ ਪਿੱਛੇ ਭੌਂ ਕੇ ਦੇਖਿਆ, ਉਹ ਫੇਰ ਉਸੇ ਤਰ੍ਹਾਂ ਖੰਭੇ ਨਾਲ ਲੱਗੀ ਖੜ੍ਹੀ ਸੀ। ਮੈਂ ਉਸ ਵੱਲ ਦੇਖ ਕੇ ਹੱਥ ਹਿਲਾਇਆ, ਉਸ ਨੇ ਵੀ ਹੱਥ ਹਿਲਾਅ ਦਿੱਤਾ।...ਮੈਂ ਫੇਰ ਤੁਰ ਪਿਆ।

ਜਿਵੇਂ ਹੀ ਉਹ ਛੋਟਾ ਮੁੰਡਾ ਦੌੜਦਾ ਹੋਇਆ ਅੰਦਰ ਆਇਆ, ਪਾਦਰੀ ਨੇ ਕੂਕ ਕੇ ਕਿਹਾ, ''ਉੱਚੀ ਗਾਓ!''
ਅਸੀਂ ਜ਼ਰਾ ਉੱਚੀਆਂ ਸੁਰਾਂ ਵਿਚ ਗਾਉਣ ਲੱਗ ਪਏ।
ਉਦੋਂ ਹੀ ਪਾਦਰੀ ਦੀ ਪਤਨੀ ਤਿੰਨ ਔਰਤਾਂ ਤੇ ਇਕ ਮਰਦ ਨਾਲ ਅੰਦਰ ਆਈ। ਪਾਦਰੀ ਧੀਮੀ ਆਵਾਜ਼ ਵਿਚ ਫੁਸਫੁਸਾਇਆ, ''ਏਧਰ-ਉਧਰ ਨਹੀਂ ਦੇਖਣਾ।''
ਮੇਰੇ ਨਾਲ ਖੜ੍ਹੇ ਮੁੰਡੇ ਨੇ ਮੈਨੂੰ ਕਿਹਾ, ''ਮੈਂ ਤਾਂ ਰਾਜਧਾਨੀ ਵਾਲੀ ਗੱਡੀ ਚਲਾ ਜਾਣਾ ਏਂ, ਅੱਜ...ਮੇਰੇ ਨਾਲ ਚੱਲਣੈ?''
ਕੁਝ ਚਿਰ ਬਾਅਦ ਮੈਂ ਕਿਸੇ ਨੂੰ ਕਹਿੰਦਿਆਂ ਸੁਣਿਆਂ ਸੀ ਕਿ 'ਸਟੇਸ਼ਨ ਉੱਤੇ ਇਕ ਮੁੰਡਾ ਮਰ ਗਿਆ ਏ।' ਮੈਂ ਉਸ ਆਦਮੀ ਦੇ ਪਿੱਛੇ-ਪਿੱਛੇ ਹੋ ਲਿਆ। ਜ਼ਰਾ ਤੇਜ਼ ਤੁਰ ਕੇ ਉਸ ਦੇ ਬਰਾਬਰ ਪਹੁੰਚਦਿਆਂ ਪੁੱਛਿਆ, ''ਸਟੇਸ਼ਨ 'ਤੇ ਕੌਣ ਮਰ ਗਿਐ?''
ਉਸ ਨੇ ਦੱਸਿਆ, ''ਕੋਈ ਬੇਵਕੂਫ਼ ਦੋ ਡੱਬਿਆਂ ਵਿਚਕਾਰ ਜਾ ਕੇ ਸੌਂ ਗਿਆ ਸੀ। ਗੱਡੀ ਚੱਲੀ ਤਾਂ ਡਿੱਗ ਪਿਆ ਤੇ ਕੱਟਿਆ ਗਿਆ...ਸਿਰ ਤੋਂ ਪੇਟ ਤੱਕ!...ਕੋਈ ਨਹੀਂ ਜਾਣਦਾ, ਉਹ ਕੌਣ ਏਂ।'' ਮੈਂ ਵੀ ਨਹੀਂ ਜਾਣਦਾ ਸਾਂ। ਮੈਂ ਫੇਰ ਸਟੇਸ਼ਨ 'ਤੇ ਜਾ ਪਹੁੰਚਿਆ ਤੇ ਇਕ ਬੈਂਚ ਉੱਤੇ ਬੈਠ ਗਿਆ। ਉੱਥੇ ਹੁਣੇ ਸਫਾਈ ਕੀਤੀ ਜਾਪਦੀ ਸੀ। ਇਕ ਮੁੰਡਾ ਕੂੜੇ ਦੇ ਢੇਰ ਵਿਚੋਂ ਸਿਗਰੇਟ ਦੇ ਟੋਟੇ ਲੱਭ ਰਿਹਾ ਸੀ। ਯਕਦਮ ਉਹ ਇਕ ਬੈਂਚ ਹੇਠ ਵੜਿਆ ਤੇ ਇਕ ਟੋਟਾ ਚੁੱਕ ਕੇ ਉਠ ਖੜ੍ਹਾ ਹੋਇਆ। ਟੋਟਾ ਮੁਸ਼ਕਿਲ ਨਾਲ ਢਾਈ ਸੈਂਟੀਮੀਟਰ ਦਾ ਸੀ...ਉਹ ਕੁਝ ਪਲ ਉਸ ਨੂੰ ਘੂਰ ਘੂਰ ਕੇ ਵਿੰਹਦਾ ਰਿਹਾ ਫੇਰ ਖਿਝ ਕੇ ਪਰ੍ਹਾਂ ਵਗਾਹ ਮਾਰਿਆ।
ਮੈਂ ਹੱਸ ਪਿਆ।
''ਬੜੇ ਮਾੜੇ ਦਿਨ ਆ ਗਏ ਨੇ ਭਰਾ!'' ਮੈਂ ਕਿਹਾ।
ਉਹ ਵੀ ਮੁਸਕੁਰਾ ਪਿਆ।

ਇਕ ਸਿਪਾਹੀ ਨੇ ਇਕ ਮੁੰਡੇ ਦੇ ਹੱਥੋਂ ਇਸ਼ਤਿਹਾਰ ਖੋਹ ਕੇ ਪਰ੍ਹੇ ਸੁੱਟ ਦਿੱਤਾ। ਮੈਂ ਉਸ ਨੂੰ ਚੁੱਕ ਲਿਆ। ਉਸ ਉੱਤੇ ਲਿਖਿਆ ਸੀ 'ਨੌਕਰੀ ਦਿਓ ਜਾਂ ਬੇਰੁਜ਼ਗਾਰੀ ਭੱਤਾ!'...ਮੈਂ ਇਸ ਨੂੰ ਪੜ੍ਹ ਹੀ ਰਿਹਾ ਸਾਂ ਕਿ ਇਕ ਸਿਪਾਹੀ ਨੇ ਆ ਕੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਵਰਦੀ ਵਿਚ ਨਹੀਂ ਸੀ। ਉਸ ਨੇ ਮੇਰੇ ਸਿਰ 'ਤੇ ਖੱਲ-ਮੜ੍ਹਿਆ ਡੰਡਾ ਮਾਰਿਆ। ਮੈਂ ਥਾਵੇਂ ਡਿੱਗ ਪਿਆ। ਮੇਰੀਆਂ ਅੱਖਾਂ ਸਾਹਵੇਂ ਭੰਬੂਤਾਰੇ ਨੱਚਣ ਲੱਗੇ। ਫੇਰ ਕਿਸੇ ਨੇ ਮੈਨੂੰ ਠੁੱਡ ਮਾਰੀ। ਮੈਂ ਉਠਣ ਦੀ ਕੋਸ਼ਿਸ਼ ਕੀਤੀ, ਇਕ ਕੁੜੀ ਨੇ ਮੇਰੀ ਮਦਦ ਕੀਤੀ—ਮੇਰੇ ਦੁਆਲੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ।
ਮੈਂ ਉੱਠ ਤਾਂ ਗਿਆ ਸਾਂ, ਪਰ ਕਾਫੀ ਕੰਮਜ਼ੋਰੀ ਮਹਿਸੂਸ ਕਰ ਰਿਹਾ ਸਾਂ। ਸਿਰ ਸੁੱਜਿਆ-ਸੁੱਜਿਆ ਤੇ ਭਾਰੀ-ਭਾਰੀ ਜਿਹਾ ਲੱਗ ਰਿਹਾ ਸੀ। ਚਿੱਤ ਘਾਉਂ-ਮਾਉਂ ਹੋਣ ਲੱਗਿਆ ਪਿਆ ਸੀ...ਮੈਂ ਕੈ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੁਝ ਵੀ ਤਾਂ ਬਾਹਰ ਨਾ ਨਿਕਲਿਆ।
ਮੈਂ ਉਸ ਕੁੜੀ ਦੇ ਨਾਲ ਤੁਰਦਾ ਹੋਇਆ ਕੁਝ ਦੂਰ ਤਕ ਆ ਗਿਆ ਸਾਂ। ਉਸ ਨੇ ਮੇਰੀ ਟੋਪੀ ਲਾਹੁਣ ਦੀ ਕੋਸ਼ਿਸ਼ ਕੀਤੀ, ਮੇਰੀ ਚੀਕ ਨਿਕਲ ਗਈ। ਖ਼ੂਨ ਵਗਣ ਕਰਕੇ ਟੋਪੀ ਸਿਰ ਨਾਲ ਚਿਪਕ ਗਈ ਸੀ।
ਉਸ ਨੇ ਕਿਹਾ, ''ਸਿਰ ਉੱਤੇ ਕੁਝ ਵੀ ਨਾ ਲਿਆ ਕਰੋ, ਸਾਥੀ!''
ਮੈਂ ਕਿਹਾ, ''ਤੁਸੀਂ ਠੀਕ ਕਹਿ ਰਹੇ ਓ, ਸਾਥੀ!''

ਤੁਹਾਨੂੰ ਬੇ-ਵਕਤ ਬਾਹਰ ਧਰੀਕ ਦਿੱਤਾ ਜਾਂਦਾ ਹੈ। ਤੁਸੀਂ ਕਾਫੀ ਪੀਂਦੇ ਹੋ ਤੇ ਮੁੜ ਤੁਰਨਾਂ ਸ਼ੁਰੂ ਕਰ ਦਿੰਦੇ ਹੋ। ਰਾਤ ਨੂੰ ਜਿੱਥੇ ਵੀ ਜਗ੍ਹਾ ਮਿਲੇ, ਡੇਰਾ ਲਾ ਲੈਂਦੇ ਹੋ। ਤੁਸੀਂ ਕੁਝ ਨਹੀਂ ਕਹਿੰਦੇ। ਸੌਂ ਜਾਂਦੇ ਹੋ। ਸਵੇਰੇ ਉੱਠ ਕੇ ਫੇਰ ਤੁਰਨਾਂ ਸ਼ੁਰੂ ਕਰ ਦਿੰਦੇ ਹੋ।
ਬਸ, ਤੁਰਦੇ ਰਹਿੰਦੇ ਹੋ।

ਠੰਡ ਬੜੀ ਹੈ।
ਤੁਸੀਂ ਕਿਸੇ ਬੰਦ ਦਰਵਾਜ਼ੇ ਨਾਲ ਲੱਗ ਕੇ ਕੰਬਦੇ ਰਹਿੰਦੇ ਹੋ ਜਾਂ ਰੇਲਰੋਡ ਸਟੇਸ਼ਨ ਦੇ ਬੈਂਚ 'ਤੇ ਬੈਠ ਜਾਂਦੇ ਹੋ। ਤੁਸੀ ਹੋਰ ਕੁਝ ਨਹੀਂ ਦੇਖਦੇ...ਦਿਨ ਚੜ੍ਹਦਾ ਹੈ, ਰਾਤ ਹੁੰਦੀ ਹੈ ਤੇ ਮੁੜ ਦਿਨ...ਤੇ ਫੇਰ ਤੁਸੀਂ ਭੁੱਲ ਜਾਂਦੇ ਹੋ ਕਿ ਪਹਿਲਾਂ ਕੀ ਵਾਪਰਿਆ ਸੀ। ਤੁਸੀਂ ਸਿਰ ਸੁੱਟ ਕੇ ਤੁਰਦੇ ਰਹਿੰਦੇ ਹੋ; ਹਾਲਾਂਕਿ ਇੱਥੇ ਅਜਿਹੇ ਆਦਮੀ ਵੀ ਨੇ ਜਿਹਨਾਂ ਉੱਤੇ ਹਮੇਸ਼ਾ ਮਾਸ ਚੜ੍ਹਦਾ ਰਹਿੰਦਾ ਹੈ ਤੇ ਤੁਸੀਂ ਉਹਨਾਂ ਨੂੰ ਜਾਣਦੇ ਵੀ ਹੋ!...ਇੱਥੇ ਅਜਿਹੇ ਆਦਮੀ ਵੀ ਨੇ ਜਿਹੜੇ ਹਮੇਸ਼ਾ ਭੁੱਖੇ ਪੇਟ ਰਹਿੰਦੇ ਨੇ, ਤੇ ਤੁਸੀਂ ਉਹਨਾਂ ਨੂੰ ਵੀ ਜਾਣਦੇ ਹੋ।
ਤੁਸੀਂ ਬਸ ਤੁਰਦੇ ਰਹਿੰਦੇ ਹੋ; ਮਰ ਜਾਂਦੇ ਹੋ...ਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਕੁਝ ਹੋਣਾ ਚਾਹੀਦਾ ਹੈ, ਪਰ ਹੁੰਦਾ ਕੁਝ ਵੀ ਨਹੀਂ...ਤੇ ਇਹ ਵੀ ਜਾਣਦੇ ਹੋ ਤੁਸੀਂ ! ਜੇ ਤੁਸੀਂ ਜਿਉਣਾ ਚਾਹੁੰਦੋ ਹੋ ਤਾਂ ਕੁਝ ਜ਼ਰੂਰ ਹੋਣਾ ਚਾਹੀਦਾ ਹੈ...ਤੁਸੀਂ ਇਹ ਗੱਲ ਵੀ ਜਾਣਦੇ ਹੋ!...ਤੇ ਜੇ ਤੁਸੀਂ ਜਿਉਣਾ ਚਾਹੁੰਦੇ ਹੋ ਤਾਂ ਸਮਾਜਿਕ ਪਰੀਵਰਤਨ  ਲਾਜ਼ਮੀਂ ਹੈ...ਤੇ ਤੁਸੀਂ ਇਹ ਗੱਲ ਵੀ ਚੰਗੀ ਤਰ੍ਹਾਂ ਜਾਣਦੇ ਹੋ!
...ਪਰ ਤੁਸੀਂ ਅਜੇ ਚੁੱਪ ਹੋ!
     ੦੦੦      

No comments:

Post a Comment