Friday, September 17, 2010

ਸਾਹਬੀ ਕਰਾਮਾਤ...:: ਲੇਖਕ : ਸਆਦਤ ਹਸਨ ਮੰਟੋ




ਉਰਦੂ ਕਹਾਣੀ :
ਸਾਹਬੀ ਕਰਾਮਾਤ...
ਲੇਖਕ : ਸਆਦਤ ਹਸਨ ਮੰਟੋ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਬੁੱਢੇ ਬੋਹੜ ਦੀ ਸੰਘਣੀ ਛਾਂ ਹੇਠ, ਉਲਾਣੀ ਮੰਜੀ ਉੱਤੇ ਬੈਠਾ ਮੌਜੂ ਚੌਧਰੀ, ਮੌਜ ਨਾਲ ਹੁੱਕਾ ਪੀ ਰਿਹਾ ਸੀ। ਧੂੰਏਂ ਦੇ ਹਲਕੇ-ਹਲਕੇ ਬੱਦਲ ਉਸਦੇ ਮੂੰਹ ਵਿਚੋਂ ਨਿਕਲਦੇ ਸਨ ਤੇ ਹੌਲੀ-ਹੌਲੀ ਦੁਪਹਿਰ ਦੀ ਟਿਕੀ ਹੋਈ ਹਵਾ ਵਿਚ ਅਲੋਪ ਹੋ ਜਾਂਦੇ ਸਨ।
ਉਹ ਸਵੇਰ ਸਾਰ ਆ ਕੇ ਆਪਣੇ ਖੇਤ ਵਿਚ ਹਲ ਵਾਹੁਣ ਲੱਗ ਪਿਆ ਸੀ, ਤੇ ਹੁਣ ਕਾਫੀ ਥੱਕਿਆ ਹੋਇਆ ਸੀ। ਧੁੱਪ ਏਨੀ ਤਿੱਖੀ ਸੀ ਕਿ ਇੱਲ੍ਹ ਵੀ ਆਪਣਾ ਆਂਡਾ ਛੱਡ ਜਾਵੇ, ਪਰ ਉਹ ਮੌਜ ਨਾਲ ਬੈਠਾ ਹੁੱਕੇ ਦੇ ਸੂਟੇ ਲਾਈ ਜਾ ਰਿਹਾ ਸੀ, ਜਿਹੜਾ ਪਲਾਂ ਵਿਚ ਉਸਦੀ ਸਾਰੀ ਥਕਾਣ ਲਾਹ ਦੇਂਦਾ ਸੀ।
ਉਸਦਾ ਪਸੀਨਾ ਸੁੱਕ ਗਿਆ ਸੀ ਤੇ ਹਵਾ ਦੀ ਤਪਸ਼ ਪਿੰਡੇ ਨੂੰ ਲੂਹ ਰਹੀ ਸੀ, ਪਰ ਹੁੱਕੇ ਦਾ ਠੰਡਾ ਤੇ ਮਜ਼ੇਦਾਰ ਧੂੰਆਂ ਕਾਲਜੇ ਵਿਚ ਠੰਡ ਪਾ ਰਿਹਾ ਸੀ ਤੇ ਚਿੱਤ ਨੂੰ ਇਕ ਅਜੀਬ ਜਿਹੀ ਸ਼ਾਂਤੀ ਮਹਿਸੂਸ ਹੋ ਰਹੀ ਸੀ।
ਰੋਟੀ ਵੇਲਾ ਹੋ ਗਿਆ ਸੀ—ਉਸਦੀ ਇਕਲੌਤੀ ਧੀ ਜੀਨਾ ਘਰੋਂ ਰੋਟੀਆਂ ਤੇ ਲੱਸੀ ਵਾਲਾ ਕੁੱਜਾ ਚੁੱਕ ਕੇ ਤੁਰ ਪਈ ਹੋਵੇਗੀ। ਅਕਸਰ ਉਹ ਵੇਲੇ ਸਿਰ ਹੀ ਪਹੁੰਚ ਜਾਂਦੀ ਹੈ। ਹਾਲਾਂਕਿ ਘਰ ਵਿਚ ਉਸਦਾ ਹੱਥ ਵੰਡਾਉਣ ਵਾਲਾ ਹੋਰ ਕੋਈ ਵੀ ਨਹੀਂ। ਉਸਦੀ ਮਾਂ ਜਿਊਂਦੀ ਹੈ, ਪਰ ਦੋ ਸਾਲ ਪਹਿਲਾਂ ਇਕ ਘਰੇਲੂ ਝਗੜੇ ਦੌਰਾਨ ਮੌਜੂ ਨੇ ਉਸਨੂੰ ਤਲਾਕ ਦੇ ਦਿੱਤਾ ਸੀ।
ਉਸਦੀ ਮੁਟਿਆਰ ਧੀ ਜੀਨਾ ਬੜੀ ਆਗਿਆਕਾਰੀ ਕੁੜੀ ਸੀ ਤੇ ਉਸਦਾ ਬੜਾ ਖ਼ਿਆਲ ਰੱਖਦੀ ਸੀ। ਘਰ ਦਾ ਕੰਮ-ਧੰਦਾ ਨਬੇੜ ਕੇ ਵਿਹਲੇ ਸਮੇਂ ਉਹ ਚਰਖਾ ਡਾਹ ਲੈਂਦੀ ਤੇ ਆਪਣੀਆਂ ਸਹੇਲੀਆਂ ਨਾਲ ਜਿਹੜੀਆਂ ਗਿਣਤੀ ਦੀਆਂ ਹੀ ਸਨ—ਗੱਲਾਂ ਮਾਰਦੀ ਰਹਿੰਦੀ।
ਚੌਧਰੀ ਮੌਜੂ ਕੋਲ ਆਪਣੀ ਜ਼ਮੀਨ ਜ਼ਿਆਦਾ ਨਹੀਂ ਸੀ ਪਰ ਗੁਜ਼ਾਰਾ ਚੰਗਾ ਰਿੜ੍ਹ ਰਿਹਾ ਸੀ। ਪਿੰਡ ਛੋਟਾ ਜਿਹਾ ਸੀ। ਰੇਲਵੇ ਲਾਈਨ ਤੇ ਮੇਨ ਸੜਕ ਤੋਂ ਖਾਸੀ ਦੂਰ ਸੀ। ਇਕ ਕੱਚਾ ਰੱਸਤਾ ਉਸਨੂੰ ਇਕ ਕਸਬੇ ਨਾਲ ਮਿਲਾਉਂਦਾ ਸੀ, ਜਿਸ ਵਿਚ ਦੋ ਤਿੰਨ ਦੁਕਾਨਾਂ ਹੀ ਸਨ। ਚੌਧਰੀ ਮੌਜੂ ਆਪਣੀ ਘੋੜੀ ਉੱਤੇ ਸਵਾਰ ਹੋ ਕੇ ਮਹੀਨੇ ਵਿਚ ਦੋ ਵਾਰੀ ਉਸ ਕਸਬੇ ਵਿਚ ਜਾਂਦਾ ਤੇ ਲੋੜੀਂਦੀਆਂ ਵਸਤਾਂ ਲੈ ਆਉਂਦਾ।
ਸ਼ੁਰੂ ਸ਼ੁਰੂ ਵਿਚ ਉਹ ਬੜਾ ਖ਼ੁਸ਼ ਰਹਿੰਦਾ ਸੀ, ਉਸਨੂੰ ਕੋਈ ਚਿੰਤਾ-ਫਿਕਰ ਨਹੀਂ ਸੀ ਹਾਲਾਂਕਿ ਉਹਦੇ ਘਰ ਕੋਈ ਨਰ-ਸੰਤਾਨ ਨਹੀਂ ਸੀ ਤੇ ਇਸ ਖ਼ਿਆਲ ਨੇ ਮੁੱਢਲੇ ਦੋ ਤਿੰਨ ਸਾਲ ਉਸਨੂੰ ਪ੍ਰੇਸ਼ਾਨ ਵੀ ਕੀਤਾ ਸੀ, ਪਰ ਫੇਰ ਇਹ ਸੋਚ ਕੇ ਚਿੱਤ ਨੂੰ ਧਰਵਾਸਾ ਹੋ ਗਿਆ ਸੀ ਕਿ 'ਹੁੰਦਾ ਸਿਰਫ ਓਹੀ ਹੈ ਜੋ ਖ਼ੁਦਾ ਨੂੰ ਮੰਜ਼ੂਰ ਹੁੰਦੈ।' ਤੇ ਜਿੱਦੇਂ ਦਾ ਉਸਨੇ ਆਪਣੀ ਤੀਵੀਂ ਨੂੰ ਤਲਾਕ ਦਿੱਤਾ ਸੀ, ਤੇ ਉਹ ਆਪਣੇ ਪੇਕੇ ਚਲੀ ਗਈ ਸੀ, ਉਸਨੂੰ ਆਪਣੀ ਜ਼ਿੰਦਗੀ ਹੁੱਕੇ ਦੀ ਨੜੀ ਵਾਂਗ ਖੋਖਲੀ ਜਿਹੀ ਮਹਿਸੂਸ ਹੋਣ ਲੱਗ ਪਈ ਸੀ—ਜਿਸ ਵਿਚ ਨਾ ਕੋਈ ਲਚਕ ਹੁੰਦੀ ਹੈ ਤੇ ਨਾ ਕੋਈ ਤਾਜ਼ਗੀ।
ਚੌਧਰੀ ਮੌਜੂ ਇਕ ਧਾਰਮਿਕ ਬੰਦਾ ਸੀ, ਪਰ ਆਪਣੇ ਧਰਮ ਬਾਰੇ ਦੋ ਤਿੰਨ ਗੱਲਾਂ ਹੀ ਜਾਣਦਾ ਸੀ...:
ਇਕ : ਖ਼ੁਦਾ ਇਕ ਹੈ, ਜਿਸਦੀ ਬੰਦਗੀ ਕਰਨੀ ਚਾਹੀਦੀ ਹੈ।
ਦੋ : ਮੁਹੰਮਦ ਉਸਦੇ ਰਸੂਲ ਸਨ, ਜਿਹਨਾਂ ਦੇ ਹੁਕਮ ਨੂੰ ਮੰਨਣਾ ਬੰਦੇ ਦਾ ਫਰਜ਼ ਹੈ।
ਤਿੰਨ : ਕੁਰਾਨੇ ਪਾਕ ਖ਼ੁਦਾ ਦਾ ਕਲਾਮ ਹੈ, ਜੋ ਮੁਹੰਮਦ ਸਾਹਬ ਉਪਰ ਨਾਜ਼ਲ ਹੋਇਆ ਸੀ।
...ਤੇ ਬਸ !
ਉਂਜ ਨਮਾਜ਼-ਰੋਜ਼ੇ ਪੱਖੋਂ ਵੀ ਉਹ ਊਣਾ ਹੀ ਸੀ। ਛੋਟਾ ਜਿਹਾ ਪਿੰਡ ਸੀ। ਮਸਜਿਦ ਕੋਈ ਹੈ ਨਹੀਂ ਸੀ। ਦਸ ਪੰਦਰਾਂ ਘਰ ਸਨ, ਉਹ ਵੀ ਇਕ ਦੂਜੇ ਤੋਂ ਦੂਰ-ਦੂਰ। ਲੋਕੀ ਅੱਲਾ-ਅੱਲਾ ਕਰ ਛੱਡਦੇ ਸਨ। ਉਹਨਾਂ ਦੇ ਦਿਲਾਂ ਵਿਚ ਉਸ ਜਾਤ-ਪਾਕ (ਪਵਿੱਤਰ-ਆਤਮਾਂ) ਦਾ ਭੈ ਤਾਂ ਹੈ ਸੀ, ਪਰ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਸੀ।
ਹਰ ਘਰ ਵਿਚ ਕੁਰਾਨ ਸੀ, ਪਰ ਪੜ੍ਹਨਾ ਕੋਈ ਵੀ ਨਹੀਂ ਸੀ ਜਾਣਦਾ। ਉਹਨਾਂ ਨੇ ਉਸ ਨੂੰ ਜੁਜ਼ਦਾਨ (ਕਿਤਾਬ ਲਪੇਟਣ ਵਾਲਾ ਕੱਪੜਾ ਜਾਂ ਥੈਲੀ-ਅਨੁ.) ਵਿਚ ਲਪੇਟ ਕੇ ਉੱਚੀ ਥਾਵੇਂ ਰੱਖ ਛੱਡਿਆ ਸੀ। ਉਸਦੀ ਲੋੜ ਸਿਰਫ ਉਦੋਂ ਹੀ ਮਹਿਸੂਸ ਕੀਤੀ ਜਾਂਦੀ ਸੀ ਜਦੋਂ ਕੋਈ ਸੌਂਹ ਚੁਕਾਉਣੀ ਹੁੰਦੀ ਸੀ ਜਾਂ ਸੱਚ ਉਗਲਵਾਉਣਾ ਹੁੰਦਾ ਸੀ।
ਪਿੰਡ ਵਿਚ ਮੌਲਵੀ ਸਾਹਬ ਦੀ ਸ਼ਕਲ ਕਿਸੇ ਮੁੰਡੇ ਜਾਂ ਕੁੜੀ ਦੇ ਨਿਕਾਹ ਸਮੇਂ ਹੀ ਵੇਖੀ ਜਾ ਸਕਦੀ ਸੀ। ਮੌਤ ਸਮੇਂ ਨਮਾਜ਼-ਜਨਾਜ਼ਾ ਉਹ ਆਪੇ ਪੜ੍ਹ-ਪੜ੍ਹਾਅ ਲੈਂਦੇ ਸਨ। ਅਜਿਹੇ ਕੰਮਾਂ ਲਈ ਚੌਧਰੀ ਮੌਜੂ ਹੀ ਵਾਧੂ ਸੀ। ਉਸਦੀ ਆਵਾਜ਼ ਬੜੀ ਪ੍ਰਭਾਵਸ਼ਾਲੀ ਸੀ। ਜਿਸ ਢੰਗ ਨਾਲ ਉਹ ਮਰਨ ਵਾਲੇ ਦੀਆਂ ਖ਼ੁਬੀਆਂ ਬਿਆਨ ਕਰਦਾ ਸੀ, ਉਹ ਉਸਦਾ ਆਪਣਾ ਹੀ ਢੰਗ ਸੀ।
ਜਦੋਂ ਪਿੱਛਲੇ ਸਾਲ ਉਸਦੇ ਦੋਸਤ ਦੀਨੂ ਦਾ ਜਵਾਨ ਮੁੰਡਾ ਮਰਿਆ ਸੀ, ਉਸਨੂੰ ਕਬਰ ਵਿਚ ਉਤਾਰਨ ਤੋਂ ਪਿੱਛੋਂ ਮੌਜੂ ਨੇ ਕਿਹਾ ਸੀ...:
ਹਾਏ ਕਿੱਡਾ ਸੋਹਣਾ ਜਵਾਨ ਮੁੰਡਾ ਸੀ। ਥੁੱਕਦਾ ਹੁੰਦਾ ਸੀ, ਤਾਂ ਵੀਹ ਗਜ ਦੁਰ ਜਾ ਕੇ ਡਿੱਗਦਾ ਹੁੰਦਾ ਸੀ। ਯਾਰੋ ਇਸ ਦੇ ਪਿਸ਼ਾਬ ਦੀ ਧਾਰ ਦਾ ਮੁਕਾਬਲਾ ਕਰਨ ਵਾਲਾ ਤਾਂ ਸਾਰੇ ਇਲਾਕੇ 'ਚ ਕੋਈ ਨਹੀਂ ਸੀ ਜੰਮਿਆਂ। ਬਈ ਮੋਰਚਾ ਛੁਡਾਣ ਵਿਚ ਵੀ ਇਸਦਾ ਜੁਆਬ ਨਹੀਂ ਸੀ—'ਏ, ਆਹ-ਜਾਅ', ਕਹਿੰਦਾ ਤੇ ਇੰਜ ਵੀਣੀ ਛੁਡਾਅ ਜਾਂਦਾ ਜਿਵੇਂ ਕਾਜ 'ਚੋਂ ਬਟਨ ਕੱਢ ਲਿਆ ਹੁੰਦੈ। ਦੀਨੂ ਯਾਰਾ ਤੇਰੇ ਭਾਣੇ ਤਾਂ ਅੱਜੇ ਕਿਆਮਤ ਆ-ਗੀ ਓਇ...ਤੈਥੋਂ ਇਹ ਸਦਮਾ ਝੱਲ ਕਿੰਜ ਹੋਊ! ਯਾਰੋ ਇਹੀ ਮਰ ਜਾਂਦਾ।...
ਏਨਾ ਗਭਰੂ ਜਵਾਨ ਮੁੰਡਾ ਸੀ ਇਹ ਕਿ ਨੇਤੀ ਸੁਨਿਆਰੀ ਅਰਗੀ ਖ਼ੂਬਸੂਰਤ ਤੇ ਅੜੀਅਲ ਤੀਵੀਂ, ਇਹਨੂੰ ਫਾਹੁਣ ਵਾਸਤੇ ਤਾਗੇ-ਤਵੀਤ ਕਰਾਉਂਦੀ ਫਿਰਦੀ ਸੀ, ਪਰ ਅਸ਼ਕੇ ਬਈ ਦੀਨੂਆਂ ਤੇਰੇ ਮੁੰਡੇ ਦੇ, ਇਹ ਲੰਗੋਟੇ ਦਾ ਪੱਕਾ ਰਿਹਾ। ਰੱਬ ਕਰੇ ਜੱਨਤ ਵਿਚ ਇਸਨੂੰ ਸਾਰਿਆਂ ਤੋਂ ਸੋਹਣੀ ਹੂਰ ਮਿਲੇ ਤੇ ਇਹ ਉੱਥੇ ਵੀ ਇਵੇਂ ਈ ਲੰਗੋਟੇ ਦਾ ਪੱਕਾ ਰਹੇ...ਫੇਰ ਅੱਲਾ ਮੀਆਂ ਖ਼ੁਸ਼  ਹੋ ਕੇ ਇਸ ਉੱਤੇ ਆਪਣੀਆਂ ਸਾਰੀਆਂ ਰਹਿਮਤਾਂ ਨਾਜ਼ਲ ਕਰ ਦੇਣਗੇ—ਆਮੀਨ!'
ਉਸਦਾ ਇਹ ਭਾਸ਼ਣ ਸੁਣ ਕੇ ਉੱਥੇ ਹਾਜ਼ਰ ਵੀਹ ਦੇ ਵੀਹ ਬੰਦੇ ਤੇ ਦੀਨੂ ਉੱਚੀ ਉੱਚੀ ਰੋਣ ਲੱਗ ਪਏ ਸਨ ਤੇ ਉਸਦੀਆਂ ਆਪਣੀਆਂ ਅੱਖਾਂ ਵਿਚੋਂ ਵੀ ਹੰਝੂ ਵਗ ਤੁਰੇ ਸਨ।
ਜਦੋਂ ਮੌਜੂ ਨੇ ਆਪਣੀ ਪਤਨੀ ਭਾਤਾਂ ਨੂੰ ਤਲਾਕ ਦਿੱਤੀ ਸੀ, ਕਿਸੇ ਮੌਲਵੀ ਨੂੰ ਬੁਲਾਉਣ ਦੀ ਲੋੜ ਨਹੀਂ ਸੀ ਸਮਝੀ ਗਈ—ਕਿਉਂਕਿ ਉਸਨੇ ਆਪਣੇ ਬਜ਼ੁਰਗਾਂ ਤੋਂ ਸੁਣਿਆਂ ਹੋਇਆ ਸੀ ਕਿ ਤਿੰਨ ਵਾਰੀ ਤਲਾਕ, ਤਲਾਕ, ਤਲਾਕ ਕਹਿ ਦਿਓ, ਕਿੱਸਾ ਖ਼ਤਮ ਹੋ ਜਾਂਦਾ ਹੈ ਤੇ ਉਸਨੇ ਉਹ ਕਿੱਸਾ ਇੰਜ ਹੀ ਖ਼ਤਮ ਕਰ ਦਿੱਤਾ ਸੀ। ਪਰ ਦੂਜੇ ਦਿਨ ਇਹ ਸੋਚ ਕੇ ਉਸਨੂੰ ਬੜਾ ਦੁੱਖ ਹੋਇਆ ਸੀ ਕਿ ਉਹ ਇਹ ਕੀ ਕਰ ਬੈਠਾ ਸੀ...ਘਰਾਂ ਵਿਚ ਲੜਾਈਆਂ-ਝਗੜੇ ਤਾਂ ਹੁੰਦੇ ਈ ਰਹਿੰਦੇ ਨੇ, ਘਰ-ਘਰ ਤਲਾਕ ਤਾਂ ਨਹੀਂ ਹੋ ਜਾਂਦੇ। ਉਸਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ।
ਭਾਤਾਂ ਭਾਵੇਂ ਜਵਾਨ ਨਹੀਂ ਸੀ ਰਹੀ, ਪਰ ਅਜੇ ਵੀ ਚੰਗੀ ਲੱਗਦੀ ਸੀ। ਉਸਦਾ ਸਰੀਰ ਉਸਨੂੰ ਪਸੰਦ ਸੀ, ਉਸਦੀਆਂ ਗੱਲਾਂ ਚੰਗੀਆਂ ਲੱਗਦੀਆਂ ਸਨ ਤੇ ਉਹ ਉਸਦੀ ਜੀਨਾ ਦੀ ਮਾਂ ਵੀ ਸੀ। ਜਦ ਤੀਰ ਕਮਾਨ ਵਿਚੋਂ ਨਿਕਲ ਜਾਏ ਵਾਪਸ ਨਹੀਂ ਮੁੜਦਾ—ਇਹ ਸੋਚ ਕੇ ਹੁੱਕੇ ਦਾ ਮਨਪਸੰਦ ਧੂੰਆਂ ਵੀ ਉਸਦੇ ਸੰਘ ਨੂੰ ਚੀਰ ਪਾਉਣ ਲੱਗ ਪਿਆ।
ਜੀਨਾ ਇੰਨ-ਬਿੰਨ ਆਪਣੀ ਮਾਂ 'ਤੇ ਗਈ ਸੀ। ਇਹਨਾਂ ਦੋਹਾਂ ਸਾਲਾਂ ਵਿਚ ਉਹਨੇ ਯਕਦਮ ਵਧਣਾ ਸ਼ੁਰੂ ਕਰ ਦਿੱਤਾ ਸੀ। ਉਸਦੇ ਜੁੱਸੇ ਦੀ ਨੁਹਾਰ ਹੀ ਬਦਲ ਗਈ ਸੀ—ਵਿੰਹਦਿਆਂ-ਵਿੰਹਦਿਆਂ ਮੁਟਿਆਰ ਹੋ ਗਈ ਸੀ ਉਹ। ਹੁਣ ਚੌਧਰੀ ਮੌਜੂ ਨੂੰ ਉਸਦੇ ਹੱਥ ਪੀਲੇ ਕਰ ਦੇਣ ਦਾ ਫਿਕਰ ਪੈ ਗਿਆ ਸੀ। ਇਸ ਲਈ ਵੀ ਭਾਤਾਂ ਉਸਨੂੰ ਯਾਦ ਆਉਂਦੀ ਸੀ—ਉਹ ਇਸ ਕਾਰਜ ਨੂੰ ਬੜੀ ਆਸਾਨੀ ਨਾਲ ਸਿਰੇ ਚੜ੍ਹਾ ਸਕਦੀ ਸੀ।
ਉਲਾਣੇ ਮੰਜੇ ਉਤੇ ਬੈਠੇ ਨੂੰ ਅਚਵੀ ਜਿਹੀ ਮਹਿਸੂਸ ਹੋਣ ਲੱਗੀ। ਉਸਨੇ ਆਪਣਾ ਤੰਬਾ ਠੀਕ ਕਰਦਿਆਂ ਇਕ ਲੰਮਾਂ ਸਾਰਾ ਸੂਟਾ ਖਿੱਚਿਆ ਤਾਂ ਖੰਘ ਛਿੜ ਪਈ; ਖੰਘਦੇ ਦੇ ਕੰਨੀਂ ਆਵਾਜ਼ ਪਈ, ''ਅਸਲਾਮ ਆਲੇਕੁਮ, ਰਹਿਮਤੇ ਅੱਲਾ ਵ ਬਰਕਤਾਂ।'' ਗਰਦਨ ਭੁਆਂ ਕੇ ਦੇਖਿਆ, ਸਾਹਮਣੇ ਇਕ ਕਦਾਵਰ ਬਜ਼ੁਰਗ ਚਿੱਟੇ ਕੱਪੜੇ ਪਾਈ ਖੜ੍ਹਾ ਸੀ। ਉਸਨੇ ਸਲਾਮ ਦਾ ਜੁਆਬ ਦੇਂਦਿਆਂ ਸੋਚਿਆ, 'ਇਹ ਸ਼ਖ਼ਸ ਕੌਣ ਹੋ ਸਕਦਾ ਹੈ?'
ਫੇਰ ਉਸਦੀਆਂ ਮੋਟੀਆਂ ਮੋਟੀਆਂ ਰੋਅਬਦਾਰ ਸੁਰਮੇ ਭਰੀਆਂ ਅੱਖਾਂ, ਅੱਧਿਓਂ ਵੱਧ ਚਿੱਟੇ, ਲੰਮੇਂ ਲੰਮੇਂ, ਦਾੜ੍ਹੀ ਕੇਸ, ਸਿਰ ਉੱਤੇ ਬੱਧਾ ਅਮਾਮਾ (ਸਾਫਾ) ਮੋਢਿਆਂ 'ਤੇ ਝੂਲਦਾ ਕੱਢਿਆ ਹੋਇਆ ਰੇਸ਼ਮੀ ਰੁਮਾਲ, ਹੱਥ ਵਿਚ ਚਾਂਦੀ ਦੀ ਮੁੱਠ ਵਾਲਾ ਅੱਸਾ (ਡੰਡਾ) ਤੇ ਪੈਰੀਂ ਪਾਈ ਲਾਲ ਕੁਰਮ ਦੀ ਜੁੱਤੀ ਨੂੰ ਵੇਖ ਕੇ ਮੱਲੋਮੱਲੀ ਚੌਧਰੀ ਮੌਜੂ ਦੇ ਦਿਲ ਵਿਚ ਉਸਦੇ ਪ੍ਰਤੀ ਅਥਾਹ ਸ਼ਰਧਾ ਪੈਦਾ ਹੋ ਗਈ ਸੀ। ਉਸਨੇ ਕਾਹਲੀ ਨਾਲ ਮੰਜੇ ਤੋਂ ਉੱਠਦਿਆਂ ਕਿਹਾ, ''ਆਓ, ਬੈਠੋ ਜੀ। ਕਿੰਜ ਦਰਸ਼ਨ ਦਿੱਤੇ? ਕਿੱਧਰੋਂ ਆਉਣੇ ਹੋਏ?''
ਬਜ਼ੁਰਗ ਦੇ ਸ਼ਰਈ ਬੁੱਲ੍ਹਾਂ (ਇਸਲਾਮੀ ਪਰੰਪਰਾ ਅਨੁਸਾਰ ਕਤਰੀਆਂ ਮੁੱਛਾਂ ਵਾਲੇ ਬੁੱਲ੍ਹ-ਅਨੁ.) ਉੱਤੇ ਮੁਸਕਾਨ ਥਿਰਕਣ ਲੱਗੀ, ਉਸ ਕਿਹਾ, ''ਸਾਡਾ ਫ਼ਕੀਰਾਂ ਦਾ ਕੋਈ ਪੱਕਾ ਠਿਕਾਣਾ ਵੀ ਹੁੰਦੈ ਭੋਲਿਆ? ਕੀ ਦੱਸੀਏ ਕਿਧਰੋਂ ਆਉਣੇ ਹੋਏ? ਸਾਡੇ ਆਉਣ-ਜਾਣ ਦਾ ਤਾਂ ਵਕਤ ਵੀ ਨਿਸ਼ਚਿਤ ਨਹੀਂ ਹੁੰਦਾ। ਬੱਸ...ਅੱਲਾ ਤਬਾਰਕ ਤਾਅਲਾ ਨੇ ਜਿਧਰ ਹੁਕਮ ਦਿੱਤਾ ਤੁਰ ਪਏ। ਜਿੱਥੇ ਹੁਕਮ ਹੋਇਆ, ਬੈਠ ਗਏ।''
ਇਹਨਾਂ ਸ਼ਬਦਾਂ ਨੇ ਚੌਧਰੀ ਮੌਜੂ ਨੂੰ ਹੋਰ ਵਧੇਰੇ ਪ੍ਰਭਾਵਿਤ ਕਰ ਦਿੱਤਾ। ਉਸਨੇ ਅਗਾਂਹ ਵਧ ਕੇ ਬਜ਼ੁਰਗ ਦਾ ਹੱਥ ਆਪਣੇ ਹੱਥਾਂ ਵਿਚ ਫੜਿਆ ਤੇ ਅਥਾਹ ਸਤਿਕਾਰ ਨਾਲ ਚੁੰਮ ਕੇ ਅੱਖਾਂ ਨੂੰ ਲਾਂਦਿਆਂ ਕਿਹਾ, ''ਚੌਧਰੀ ਮੌਜੂ ਦਾ ਘਰ, ਤੁਹਾਡਾ ਆਪਣਾ ਘਰ ਹੈ ਜੀ।''
ਬਜ਼ੁਰਗ ਮੁਸਕਰਾਉਂਦਾ ਹੋਇਆ ਮੰਜੇ ਉੱਤੇ ਬੈਠ ਗਿਆ ਤੇ ਆਪਣੇ ਚਾਂਦੀ ਦੇ ਮੁੱਠੇ ਵਾਲੇ ਅੱਸੇ ਨੂੰ ਦੋਹਾਂ ਹੱਥਾਂ ਵਿਚ ਫੜ੍ਹ ਕੇ ਉਸ ਉੱਤੇ ਸਿਰ ਨਿਵਾਂਦਿਆਂ ਬੋਲਿਆ, ''ਉਸ ਮਿਹਰਬਾਨ ਅੱਲਾ ਨੂੰ, ਪਤਾ ਨਹੀਂ, ਤੇਰੀ ਕਿਹੜੀ ਅਦਾ ਪਸੰਦ ਆ ਗਈ ਏ ਮੌਜੂ ਕਿ ਆਪਣੇ ਇਸ ਹਕੀਰ ਤੇ ਆਰਜ਼ੀ ਬੰਦੇ ਨੂੰ ਤੇਰੇ ਕੋਲ ਭੇਜ ਦਿੱਤਾ ਹੈ...।''
ਚੌਧਰੀ ਮੌਜੂ ਦਾ ਅੰਦਰ-ਬਾਹਰ ਖਿੜ-ਪੁੜ ਗਿਆ। ਉਸ ਪੁੱਛਿਆ, ''ਤਾਂ ਤੁਸੀਂ ਉਸਦੇ ਹੁਕਮ ਨਾਲ ਆਏ ਓ, ਮੌਲਵੀ ਸਾਹਬ...?''
'ਤੇ ਹੋਰ ਕੀ ਤੇਰੇ ਹੁਕਮ ਨਾਲ ਆਏ ਹਾਂ?'' ਮੌਲਵੀ ਸਾਹਬ ਨੇ ਅੱਸੇ ਤੋਂ ਸਿਰ ਚੁੱਕਦਿਆਂ, ਰਤਾ ਖਰ੍ਹਵੀ ਆਵਾਜ਼ ਵਿਚ, ਪੁੱਛਿਆ, ''ਅਸੀਂ ਤੇਰੇ ਬੰਦੇ ਹਾਂ ਜਾਂ ਉਸ ਮਾਲਿਕ ਦੇ, ਜਿਸਦੀ ਪੂਰੇ ਚਾਲ੍ਹੀ ਸਾਲ ਇਬਾਦਤ ਕਰਕੇ ਅਸੀਂ ਇਹ ਥੋੜ੍ਹਾ ਬਹੁਤ ਰੁਤਬਾ ਹਾਸਿਲ ਕੀਤਾ ਹੈ?''
ਮੌਜੂ ਕੰਬਣ ਲੱਗ ਪਿਆ। ਉਸਨੇ ਮੌਲਵੀ ਸਾਹਬ ਦੇ ਪੈਰ ਫੜ੍ਹ ਲਏ ਤੇ ਆਪਣੇ ਖਾਸ ਪੈਂਡੂ ਅੰਦਾਜ਼ ਵਿਚ ਗਿੜਗਿੜਾਇਆ, ''ਜੀ ਮੌਲਵੀ ਸਾਹਬ ਜੀ, ਸਾਡੇ ਅਰਗੇ ਅਣਪੜ ਬੰਦਿਆਂ ਤੋਂ, ਜਿਹਨਾਂ ਨੂੰ ਚੱਜ ਨਾਲ ਨਮਾਜ਼ ਵੀ ਨਈਂ ਪੜ੍ਹਨੀ ਆਉਂਦੀ, ਐਹੋਜੀਆਂ ਗਲਤੀਆਂ ਹੋ ਈ ਜਾਂਦੀਆਂ ਨੇ ਜੀ—ਗੁਨਾਹਗਾਰ ਜੁ ਹੋਏ—ਸਾਨੂੰ ਬਖ਼ਸ਼ਵਾਣਾ ਤੁਹਾਡਾ ਕੰਮ ਐ-ਜੀ।''
ਮੌਲਵੀ ਸਾਹਬ ਨੇ ਆਪਣੀਆਂ ਮੋਟੀਆਂ ਮੋਟੀਆਂ ਸੁਰਮੇਂ ਰੱਤੀਆਂ ਅੱਖਾਂ ਮੀਚ ਕੇ ਕਿਹਾ, ''ਇਸੇ ਕਰਕੇ ਤਾਂ ਅਸੀਂ ਆਏ ਹਾਂ ਮੌਜੂ।''
ਚੌਧਰੀ ਭੁੰਜੇ ਹੀ ਬੈਠ ਕੇ ਮੌਲਵੀ ਸਾਹਬ ਦੀਆਂ ਲੱਤਾਂ ਘੁੱਟਣ ਲੱਗ ਪਿਆ। ਉਦੋਂ ਹੀ ਜੀਨਾ ਰੋਟੀ ਲੈ ਕੇ ਆ ਗਈ। ਉਸਨੇ ਮੌਲਵੀ ਸਾਹਬ ਨੂੰ ਦੇਖ ਕੇ ਪਰਦਾ ਕਰ ਲਿਆ। ਮੌਲਵੀ ਸਾਹਬ ਨੇ ਬੰਦ ਅੱਖਾਂ ਨਾਲ ਹੀ ਪੁੱਛਿਆ, ''ਕੌਣ ਆਇਆ ਏ, ਚੌਧਰੀ ਮੌਜੂ?''
'ਜੀ ਮੇਰੀ ਲੜਕੀ ਐ ਮੌਲਵੀ ਸਾਹਬ—ਜੀਨਾ।''
ਮੌਲਵੀ ਸਾਹਬ ਨੇ ਜਰਾ ਜਿੰਨੀ ਅੱਖ ਖੋਲ੍ਹ ਕੇ ਜੀਨਾ ਵੱਲ ਤੱਕਿਆ ਤੇ ਮੌਜੂ ਨੂੰ ਕਿਹਾ, ''ਮੌਜੂ ਇਸ ਨੂੰ ਪੁੱਛ, ਸਾਥੋਂ ਫ਼ਕੀਰਾਂ ਤੋਂ ਕੀ ਪਰਦਾ ਏ?''
'ਹਾਂ ਜੀ, ਪਰਦਾ ਕਾਹਦੈ ਜੀ? ਕੋਈ ਪਰਦਾ ਨਹੀਂ।'' ਤੇ ਫੇਰ ਜੀਨਾ ਵੱਲ ਮੂੰਹ ਭੁਆਂ ਕੇ ਕਿਹਾ, ''ਪੁੱਤ ਜੀਨਾ, ਇਹ ਮੌਲਵੀ ਸਾਹਬ ਨੇ, ਖ਼ੁਦਾ ਦੇ ਖਾਸ ਬੰਦੇ। ਇਹਨਾਂ ਕੋਲੋਂ ਕਾਹਦਾ ਪਰਦਾ? ਚੁੱਕ ਸੁੱਟ ਘੁੰਡ ਆਪਣਾ।''
ਜੀਨਾ ਨੇ ਘੁੰਡ ਚੁੱਕ ਦਿੱਤਾ। ਮੌਲਵੀ ਸਾਹਬ ਆਪਣੀਆਂ ਸੁਰਮੇਂ ਲਿੱਪੀਆਂ ਅੱਖਾਂ ਨਾਲ ਜੀਨਾ ਵੱਲ ਤੱਕਦੇ ਹੋਏ ਬੋਲੇ, ''ਮੌਜੂ ਤੇਰੀ ਲੜਕੀ ਬੜੀ ਸੁਣੱਖੀ ਹੈ...''
ਜੀਨਾ ਸ਼ਰਮਾਅ ਗਈ। ਮੌਜੂ ਨੇ ਝੱਟ ਆਖਿਆ, ''ਜੀ, ਆਪਣੀ ਮਾਂ 'ਤੇ ਗਈ ਐ ਜੀ, ਮੌਲਵੀ ਸਾਹਬ।''
'ਇਸ ਦੀ ਮਾਂ ਕਿੱਥੇ ਈ ਬਈ?'' ਮੌਲਵੀ ਸਾਹਬ ਦੀਆਂ ਨਜ਼ਰਾਂ ਜੀਨਾ ਦਾ ਜਿਸਮ ਚੂੰਡ ਰਹੀਆਂ ਸਨ।
ਮੌਜੂ ਸੋਚਣ ਲੱਗਾ—'ਕੀ ਜਵਾਬ ਦੇਵੇ?'
ਮੌਲਵੀ ਸਾਹਬ ਨੇ ਫੇਰ ਪੁੱਛਿਆ, '' ਇਸ ਦੀ ਮਾਂ ਕਿੱਥੇ ਹੈ ਮੌਜੂ?''
''ਜੀ ਮਰ ਗਈ...'' ਤੁਰੰਤ ਮੌਜੂ ਨੂੰ ਇਹੀ ਫੁਰਿਆ ਸੀ।
ਮੌਲਵੀ ਸਾਹਬ ਦੀਆਂ ਨਜ਼ਰਾਂ ਜੀਨਾ 'ਤੇ ਟਿਕੀਆਂ ਹੋਈਆਂ ਸਨ। ਉਹ ਉਸਦੇ ਚਿਹਰੇ ਦੇ ਭਾਵ ਤਾੜ ਕੇ ਕੜਕੇ, ''ਚੌਧਰੀਆ, ਤੂੰ ਝੂਠ ਬੋਲ ਰਿਹਾ ਏਂ...''
ਮੌਜੂ ਨੇ ਮੌਲਵੀ ਸਾਹਬ ਦੇ ਪੈਰ ਫੜ੍ਹ ਲਏ ਤੇ ਛਿੱਥਾ ਜਿਹਾ ਪੈ ਕੇ ਬੋਲਿਆ, ''ਹਾਂ ਜੀ—ਮੈਂ ਝੂਠਾ ਬੰਦਾ ਆਂ ਜੀ—ਮੈਨੂੰ ਮਾਫ ਕਰ ਦਿਓ, ਜੀ ਮੈਂ ਬੜਾ ਝੂਠਾ ਬੰਦਾਂ ਜੀ। ਸੱਚ ਪੁੱਛੋ ਤਾਂ ਮੈਂ ਉਸਨੂੰ ਤਲਾਕ ਦੇ ਦਿੱਤੈ ਮੌਲਵੀ ਸਾਹਬ।''
'ਹੂੰ...'' ਮੌਲਵੀ ਸਾਹਬ ਨੇ ਇਕ ਲੰਮੀਂ ਹੂੰਗਰ ਮਾਰੀ। ਜੀਨਾ ਦੇ ਚਿਹਰੇ ਤੋਂ ਅੱਖਾਂ ਹਟਾਅ ਕੇ ਮੌਜੂ ਵੱਲ ਤੱਕਿਆ ਤੇ ਕਿਹਾ, ''ਤੂੰ ਬੜਾ ਵੱਡਾ ਗੁਨਾਹਗਾਰ ਏਂ...ਕੀ ਕਸੂਰ ਸੀ ਉਸ ਵਿਚਾਰੀ ਦਾ?''
ਮੌਜੂ ਨਮੋਸ਼ੀ ਦੇ ਸਮੁੰਦਰ ਵਿਚ ਗੋਤੇ ਖਾਣ ਲੱਗਾ। ਫੇਰ ਬਰੜਾਇਆ, ''ਜੀ ਕੋਈ ਕਸੂਰ ਨਹੀਂ ਸੀ। ਬਸ, ਮਾਮੂਲੀ ਜਿਹੀ ਗੱਲ ਸੀ, ਵਧ ਕੇ ਤਲਾਕ ਤਾਈਂ ਪਹੁੰਚ ਗਈ—ਮੈਂ ਸੱਚਮੁਚ ਬੜਾ ਵੱਡਾ ਗੁਨਾਹਗਾਰ ਆਂ। ਤਲਾਕ ਦੇ ਦੂਜੇ ਦਿਨ ਈ ਮੈਂ ਸੋਚਿਆ ਸੀ ਬਈ 'ਮੌਜੂ ਤੂੰ ਇਹ ਕੀ ਕਰ ਬੈਠੈਂ?' ਪਰ ਉਦੋਂ ਕੀ ਹੋ ਸਕਦਾ ਸੀ ਜੀ? ਚਿੜੀਆਂ ਖੇਤ ਚੁਗ ਲਿਆ ਸੀ—ਉਦੋਂ! ਫੇਰ ਪਛਤਾਇਆਂ ਕੀ ਬਣਦਾ ਸੀ ਮੌਲਵੀ ਸਾਹਬ?''
ਮੌਲਵੀ ਸਾਹਬ ਨੇ ਚਾਂਦੀ ਦੇ ਮੁੱਠੇ ਵਾਲਾ ਅੱਸਾ ਮੌਜੂ ਦੇ ਮੋਢੇ ਉੱਤੇ ਰੱਖ ਦਿੱਤਾ ਤੇ ਕਿਹਾ, ''ਅੱਲਾ ਤਬਾਰਕ ਤਾਅਲਾ ਦੀ ਜਾਤ ਬੜੀ ਵੱਡੀ ਏ ਮੌਜੂ...ਉਹ ਰਹੀਮ ਹੈ, ਬੜਾ ਕਰੀਮ ਹੈ। ਉਹ ਚਾਹੇ ਤਾਂ ਹਰ ਬਿਗੜੀ ਬਣਾ ਸਕਦਾ ਹੈ। ਉਸਦਾ ਹੁਕਮ ਹੋਇਆ ਤਾਂ ਇਹ ਫ਼ਕੀਰ ਤੇਰੀ ਖਲਾਸੀ ਦਾ ਕੋਈ ਰਾਹ ਕੱਢ ਲਏਗਾ।''
ਅਹਿਸਾਨਮੰਦ ਤੇ ਸ਼ੁਕਰਗੁਜ਼ਾਰ ਚੌਧਰੀ ਮੌਜੂ, ਮੌਲਵੀ ਸਾਹਬ ਦੀਆਂ ਲੱਤਾਂ ਨਾਲ ਚਿੰਬੜ ਗਿਆ ਤੇ ਉੱਚੀ ਉੱਚੀ ਰੋਣ ਲੱਗ ਪਿਆ। ਮੌਲਵੀ ਸਾਹਬ ਨੇ ਜੀਨਾ ਵੱਲ ਵੇਖਿਆ, ਉਸ ਦੀਆਂ ਅੱਖਾਂ ਵਿਚ ਵੀ ਹੰਝੂ ਭਰੇ ਹੋਏ ਸਨ। ਉਹਨਾਂ ਕਿਹਾ ਏਧਰ ਆ ਕੁੜੀਏ...''
ਮੌਲਵੀ ਸਾਹਬ ਦਾ ਹੁਕਮ ਨਾ ਮੰਨਣ ਦੀ ਸੱਤਿਆ ਘੱਟੋਘਟ ਜੀਨਾ ਵਿਚ ਤਾਂ ਹੈ ਨਹੀਂ ਸੀ।...ਉਹ ਰੋਟੀਆਂ ਤੇ ਲੱਸੀ ਵਾਲਾ ਕੁੱਜਾ ਹੇਠ ਰੱਖ ਕੇ, ਮੰਜੇ ਕੋਲ ਆਣ ਖਲੋਤੀ। ਮੌਲਵੀ ਸਾਹਬ ਨੇ ਉਸਦੀ ਬਾਂਹ ਫੜ ਕੇ ਕਿਹਾ, ''ਬੈਠ ਜਾਹ...''
ਜੀਨਾ ਭੁੰਜੇ ਬੈਠਣ ਲੱਗੀ ਤਾਂ ਮੌਲਵੀ ਸਾਹਬ ਨੇ ਖਿੱਚ ਕੇ ਉਸਨੂੰ ਮੰਜੇ ਉੱਤੇ ਹੀ ਬਿਠਾ ਲਿਆ, ''ਏਥੇ, ਮੇਰੇ ਕੋਲ...।''
ਜੀਨਾ 'ਕੱਠੀ ਜਿਹੀ ਹੋ ਕੇ ਬੈਠ ਗਈ। ਮੌਲਵੀ ਸਾਹਬ ਨੇ ਉਸਦੇ ਲੱਕ ਦੁਆਲੇ ਬਾਂਹ ਵਲੀ ਤੇ ਉਸਨੂੰ ਆਪਣੇ ਨੇੜੇ ਖਿੱਚ ਲਿਆ ਤੇ ਆਪਣੇ ਨਾਲ  ਘੁੱਟਦੇ ਹੋਏ ਬੋਲੇ, ''ਕੀ ਲਿਆਈ ਏਂ, ਸਾਡੇ ਖਾਣ ਵਾਸਤੇ?''
ਜੀਨਾ ਨੇ ਉਠਣ ਦੀ ਕੋਸ਼ਿਸ਼ ਕੀਤੀ, ਪਰ ਪਕੜ ਖਾਸੀ ਮਜ਼ਬੂਤ ਸੀ। ਉਸਨੂੰ ਜੁਆਬ ਦੇਣਾ ਪਿਆ, ''ਜੀ...ਰੋਟੀਆਂ, ਸਾਗ ਤੇ ਲੱਸੀ...''
ਮੌਲਵੀ ਸਾਹਬ ਨੇ ਜੀਨਾ ਦੇ ਪਤਲੇ, ਠੋਸ ਲੱਕ ਨੂੰ ਆਪਣੇ ਪੰਜੇ ਨਾਲ ਘੁੱਟਦਿਆਂ ਕਿਹਾ, ''ਚੱਲ ਖੋਲ੍ਹ...ਤੇ ਚਖਾਅ ਸਾਨੂੰ।''
ਜੀਨਾ ਉਠ ਕੇ ਚਲੀ ਗਈ। ਮੌਲਵੀ ਸਾਹਬ ਨੇ ਮੌਜੂ ਦੇ ਮੋਢੇ ਉੱਤੇ ਅੱਸੇ ਦੀ ਪੋਲੀ ਜਿਹੀ ਜਰਬ ਲਾਂਦਿਆਂ ਕਿਹਾ, ''ਉਠ ਮੌਜੂ, ਸਾਡੇ ਹੱਥ ਧੁਆ।''
ਮੌਜੂ ਉਠਿਆ ਤੇ ਤੁਰੰਤ ਖ਼ੂਹ ਵਿਚੋਂ ਪਾਣੀ ਭਰ ਲਿਆਇਆ। ਅਸੀਮ ਸ਼ਰਧਾ ਭਾਵ ਨਾਲ ਉਹਨਾਂ ਦੇ ਹੱਥ ਧੁਆਏ। ਤਦ ਤਕ ਜੀਨਾ ਨੇ ਮੰਜੇ ਉੱਤੇ ਖਾਣਾ ਲਾ ਦਿੱਤਾ ਸੀ। ਸਾਰਾ ਖਾਣਾ ਮੁਕਾਅ ਕੇ ਮੌਲਵੀ ਸਾਹਬ ਨੇ ਜੀਨਾ ਨੂੰ ਹੁਕਮ ਦਿੱਤਾ ਕਿ ਉਹ ਉਹਨਾਂ ਦੇ ਹੱਥ ਧੁਆਏ। ਇੱਛਾ ਨਾ ਹੋਣ ਦੇ ਬਾਵਜੂਦ ਵੀ ਜੀਨਾ ਹੁਕਮ ਅਦੂਲੀ ਨਹੀਂ ਸੀ ਕਰ ਸਕੀ। ਮੌਲਵੀ ਸਾਹਬ ਦਾ ਵਿਅਕਤੀਤਵ ਤੇ ਗੱਲਬਾਤ ਕਰਨ ਦਾ ਢੰਗ ਹੀ ਏਨਾ ਪ੍ਰਭਾਵਸ਼ਾਲੀ ਸੀ।
ਇਕ ਉੱਚੀ ਡਕਾਰ ਮਾਰ ਕੇ 'ਅਲ ਹਮਦੁਲ ਲਿਲ੍ਹਾ' ਕਹਿੰਦਿਆਂ ਹੋਇਆਂ ਮੌਲਵੀ ਸਾਹਬ ਨੇ ਗਿੱਲਾ ਹੱਥ ਆਪਣੀ ਦਾੜ੍ਹੀ ਉੱਤੇ ਫੇਰਿਆ, ਇਕ ਡਕਾਰ ਹੋਰ ਮਾਰੀ ਤੇ ਮੰਜੇ ਉੱਤੇ ਲੇਟ ਕੇ ਅੱਖਾਂ ਬੰਦ ਕਰ ਲਈਆਂ। ਅਸਲ ਵਿਚ ਉਹ ਅੱਧ ਖੁੱਲ੍ਹੀਆਂ ਅੱਖਾਂ ਨਾਲ ਜੀਨਾ ਦੀ ਢਿਲਕੀ ਚਾਦਰ ਵੱਲ ਦੇਖ ਰਹੇ ਸਨ। ਜਦੋਂ ਜੀਨਾ ਭਾਂਡੇ ਸਮੇਟ ਕੇ ਚਲੀ ਗਈ, ਮੌਲਵੀ ਸਾਹਬ ਨੇ ਅੱਖਾਂ ਬੰਦ ਕਰ ਲਈਆਂ ਤੇ ਕਿਹਾ, ''ਚੌਧਰੀਆ, ਹੁਣ ਅਸੀਂ ਸੌਵਾਂਗੇ।''
ਕੁਝ ਚਿਰ ਤਾਂ ਚੌਧਰੀ ਮੌਜੂ ਉਹਨਾਂ ਦੀਆਂ ਲੱਤਾਂ ਘੁੱਟਦਾ ਰਿਹਾ ਤੇ ਜਦੋਂ ਉਹ ਸੌਂ ਗਏ ਤਾਂ ਉਠ ਕੇ ਉਸਨੇ ਗੋਹਾ ਧੁਖਾਇਆ ਤੇ ਹੁੱਕਾ ਭਰ ਕੇ ਭੁੱਖੇ ਢਿੱਡ ਹੀ ਪੀਣ ਲੱਗ ਪਿਆ। ਪਰ ਉਹ ਖ਼ੁਸ਼ ਸੀ। ਉਸਨੂੰ ਇੰਜ ਲੱਗਦਾ ਸੀ ਜਿਵੇਂ ਉਸ ਦੇ ਮਨ ਦਾ ਅਥਾਹ ਬੋਝ ਲੱਥ ਗਿਆ ਹੋਵੇ। ਉਸਨੇ ਦਿਲ ਹੀ ਦਿਲ ਵਿਚ ਆਪਣੇ ਪੈਂਡੂ ਪਰ ਨਿੱਘੇ ਸੁਭਾਅ ਅਨੁਸਾਰ ਉਸ ਅੱਲਾ ਤਾਅਲਾ ਦਾ ਸ਼ੁਕਰ ਅਦਾ ਕੀਤਾ ਜਿਸ ਨੇ ਉਚੇਚਾ ਆਪਣੇ ਹਜ਼ੂਰ ਵਿਚੋਂ ਮੌਲਵੀ ਸਾਹਬ ਦੇ ਭੇਸ ਵਿਚ ਇਕ ਰਹਿਮਤ ਦਾ ਫ਼ਰਿਸ਼ਤਾ ਭੇਜ ਦਿੱਤਾ ਸੀ।
ਪਹਿਲਾਂ ਉਸ ਸੋਚਿਆ ਕਿ ਮੌਲਵੀ ਸਾਹਬ ਦੇ ਕੋਲ ਹੀ ਬੈਠਾ ਰਹਾਂ, ਹੋ ਸਕਦਾ ਏ ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਪੈ ਜਾਏ—ਪਰ ਜਦੋਂ ਉਹ ਖਾਸੀ ਦੇਰ ਤਕ ਸੁੱਤੇ ਰਹੇ ਤਾਂ ਉਹ ਉਠ ਕੇ ਖੇਤਾਂ ਵੱਲ ਗੇੜਾ ਮਾਰਨ ਤੁਰ ਪਿਆ। ਉੱਥੇ ਪਹੁੰਚ ਕੇ ਨਿੱਕੇ-ਮੋਟੇ ਕੰਮਾਂ ਵਿਚ ਅਜਿਹਾ ਉਲਝਿਆ ਤੇ ਇਹ ਵੀ ਭੁੱਲ ਗਿਆ ਕਿ ਉਹ ਢਿੱਡੋਂ ਭੁੱਖਾ ਸੀ। ਉਸਨੂੰ ਤਾਂ ਬਸ ਇਸ ਗੱਲ ਦੀ ਖ਼ੁਸ਼ੀ ਸੀ ਕਿ ਮੌਲਵੀ ਸਾਹਬ ਨੇ ਉਸਦੇ ਵੰਡੇ ਦਾ ਖਾਣਾ ਖਾਧਾ ਹੈ ਤੇ ਇੰਜ ਉਸਨੂੰ ਇਕ ਮਹਾਨ ਸਵਾਬ (ਪੁੰਨ-ਕਰਮ ) ਦਾ ਮੌਕਾ ਨਸੀਬ ਹੋਇਆ ਹੈ।
ਸ਼ਾਮ ਹੋਣ ਤੋਂ ਪਹਿਲਾਂ ਹੀ ਉਹ ਵਾਪਸ ਮੁੜ ਆਇਆ, ਪਰ ਉਸ ਨੂੰ ਇਹ ਵੇਖ ਕੇ ਬੜਾ ਦੁੱਖ ਹੋਇਆ ਕਿ ਮੌਲਵੀ ਸਾਹਬ ਉੱਥੇ ਨਹੀਂ ਹਨ। ਉਹ ਆਪਣੇ ਆਪ ਨੂੰ ਲਾਹਨਤਾਂ ਪਾਉਣ ਲੱਗਾ ਕਿ ਉਹ ਇੱਥੋਂ ਗਿਆ ਹੀ ਕਿਉਂ ਸੀ—ਉਸ ਨੂੰ ਏਥੇ ਹੀ ਬੈਠਾ ਰਹਿਣਾ ਚਹੀਦਾ ਸੀ। ਸ਼ਾਇਦ ਉਹ ਨਾਰਾਜ਼ ਹੋ ਕੇ ਚਲੇ ਗਏ ਨੇ। ਕਿਤੇ ਕੋਈ ਬਦਅਸੀਸ ਈ ਨਾ ਦੇ ਗਏ ਹੋਣ। ਇਹ ਸੋਚ ਕੇ ਮੌਜੂ ਦਾ ਦਿਲ ਡਰ ਗਿਆ ਤੇ ਅੱਖਾਂ ਭਰ ਆਈਆਂ।
ਸ਼ਾਮ ਗੂੜ੍ਹੀ ਹੋਣ ਲੱਗ ਪਈ, ਮੌਲਵੀ ਸਾਹਬ ਦਾ ਕਿਧਰੇ ਪਤਾ ਨਹੀਂ ਸੀ। ਥੱਕ ਹਾਰ ਕੇ ਉਹ ਆਪਣੇ ਆਪੇ ਨੂੰ ਫਟਕਾਰਦਾ ਹੋਇਆ, ਧੌਣ ਸੁੱਟ ਕੇ ਘਰ ਵਲ ਤੁਰ ਪਿਆ। ਰਾਹ ਵਿਚ ਉਸਨੂੰ ਦੋ ਨੌਜਵਾਨ ਮਿਲੇ, ਜਿਹੜੇ ਬੜੇ ਹੀ ਘਬਰਾਏ ਹੋਏ ਸਨ। ਜਦੋਂ ਮੌਜੂ ਨੇ ਉਹਨਾਂ ਦੀ ਪ੍ਰੇਸ਼ਾਨੀ ਦਾ ਸਬੱਬ ਪੁੱਛਿਆ ਤਾਂ ਪਹਿਲਾਂ ਤਾਂ ਉਹਨਾਂ ਉਸਨੂੰ ਟਾਲਣਾ ਚਾਹਿਆ, ਪਰ ਫੇਰ ਅਸਲ ਗੱਲ ਦੱਸ ਦਿੱਤੀ ਕਿ ਉਹ ਰੂੜੀ ਦੀ ਸ਼ਰਾਬ, ਹੱਥੀਂ ਕੱਢ ਕੇ, ਪੀਣ ਲੱਗੇ ਸਨ ਕਿ ਇਕ ਰੋਅਬਦਾਰ ਚਿਹਰੇ ਵਾਲਾ ਬਜ਼ੁਰਗ ਪਤਾ ਨਹੀਂ ਕਿੱਥੋਂ ਪ੍ਰਗਟ ਹੋਇਆ ਤੇ ਕਹਿਰ ਵਰ੍ਹਾਂਦੀਆਂ ਨਜ਼ਰਾਂ ਨਾਲ ਉਹਨਾਂ ਨੂੰ ਘੂਰਦਾ ਹੋਇਆ ਕੜਕਿਆ, ''ਹਰਾਮ ਕਾਰੀ ਕਰਨ ਡਹੇ ਹੋ, ਜਿਸ ਸ਼ੈ ਨੂੰ ਅੱਲਾ ਤਬਾਰਕ ਤਾਅਲਾ ਨੇ ਹਰਾਮ ਆਖਿਆ ਏ, ਉਸਨੂੰ ਪੀ ਕੇ ਮਹਾ ਪਾਪ ਕਰਨ ਡਏ ਹੋ...ਜਿਸ ਦਾ ਕੋਈ ਕਫ਼ਾਰਾ (ਜਾਪ/ਉਪਾਅ) ਨਹੀਂ। '' ਉਹਨਾਂ ਦਾ ਏਨਾ ਹੀਆ ਨਹੀਂ ਸੀ ਪਿਆ ਕਿ ਅੱਗੋਂ ਕੁਝ ਕਹਿ ਸਕਣ। ਬਸ ਸਿਰ 'ਤੇ ਪੈਰ ਰੱਖ ਕੇ ਭੱਜ ਤੁਰੇ ਸਨ।
ਚੌਧਰੀ ਮੌਜੂ ਨੇ ਉਹਨਾਂ ਨੂੰ ਦੱਸਿਆ ਕਿ ਉਹ ਸੱਚਮੁਚ ਪਹੁੰਚੇ ਹੋਏ ਬਜ਼ੁਰਗ ਸਨ। ...ਤੇ ਫੇਰ ਉਸਨੇ ਆਪਣੀ ਸ਼ੰਕਾ ਜਾਹਰ ਕੀਤੀ ਸੀ ਕਿ ਪਿੰਡ ਉੱਤੇ ਕੋਈ ਆਫ਼ਤ ਆਉਣ ਵਾਲੀ ਹੈ—ਇਕ ਗਲਤੀ ਤਾਂ ਉਹ ਆਪ ਹੀ ਕਰੀ ਬੈਠਾ ਸੀ ਤੇ ਦੂਜੀ ਇਹ ਲੋਕ ਹਰਾਮ ਸ਼ੈ ਪੀ ਰਹੇ ਸਨ।
'ਹੁਣ ਤਾਂ ਅੱਲਾ ਹੀ ਰੱਖੇ...ਉਹੀ ਬਖ਼ਸ਼ੇ ਤਾਂ ਠੀਕ ਐ—ਮੇਰੇ ਬੱਚਿਓ...'' ਉਹ ਬੜਬੜਾਉਂਦਾ ਹੋਇਆ ਘਰ ਵਲ ਤੁਰ ਪਿਆ।
ਜੀਨਾ ਘਰੇ ਹੀ ਸੀ। ਉਸਨੇ ਉਸ ਨਾਲ ਕੋਈ ਗੱਲ ਨਾ ਕੀਤੀ, ਸਿੱਧਾ ਮੰਜੇ 'ਤੇ ਜਾ ਬੈਠਾ ਤੇ ਹੁੱਕਾ ਗੁੜਗੁੜਾਉਂਣ ਲੱਗ ਪਿਆ। ਜਦੋਂ ਜੀਨਾ ਨੇ ਪੁੱਛਿਆ, ''ਮੌਲਵੀ ਸਾਹਬ ਕਿੱਥੇ ਨੇ?'' ਤਾਂ ਉਸਨੇ ਦੁੱਖਾਂ ਵਿੰਨ੍ਹੀ ਆਵਾਜ਼ ਵਿਚ ਕਿਹਾ, ''ਚਲੇ ਗਏ। ਉਹਨਾਂ ਦਾ ਸਾਡੇ ਵਰਗੇ ਗੁਨਾਹਗਾਰਾਂ ਵਿਚਕਾਰ ਕੀ ਕੰਮ?'' ਸੁਣ ਕੇ ਜੀਨਾ ਨੂੰ ਵੀ ਬੜਾ ਦੁੱਖ ਹੋਇਆ ਸੀ—ਉਸਨੇ ਮੌਲਵੀ ਸਾਹਬ ਲਈ ਵੀ ਖਾਣਾ ਬਣਾਇਆ ਹੋਇਆ ਸੀ—ਨਾਲੇ ਉਹਨਾਂ ਕਿਹਾ ਸੀ ਕਿ ਉਹ ਕੋਈ ਅਜਿਹਾ ਰਸਤਾ ਲੱਭ ਲੈਣਗੇ ਜਿਸ ਨਾਲ ਉਸਦੀ ਮਾਂ ਵਾਪਸ ਆ ਜਾਏਗੀ, ਪਰ ਉਹ ਆਪ ਹੀ ਪਤਾ ਨਹੀਂ ਕਿੱਥੇ ਚਲੇ ਗਏ ਸਨ। ਹੁਣ ਉਹ ਰਸਤਾ ਕੌਣ ਲੱਭੇਗਾ? ਜੀਨਾ ਚੁੱਪਚਾਪ ਪੀੜ੍ਹੀ ਉੱਤੇ ਬੈਠ ਗਈ, ਖਾਣਾ ਠੰਡਾ ਹੋ ਰਿਹਾ ਸੀ।
ਕੁਝ ਚਿਰ ਬਾਅਦ ਬਹਰਲਾ ਬੂਹਾ ਖੜਕਿਆ, ਪਿਓ ਧੀ ਦੋਵੇਂ ਤ੍ਰਬਕ ਗਏ। ਮੌਜੂ ਉਠ ਕੇ ਬਾਹਰ ਵੱਲ ਤੁਰ ਪਿਆ।...ਤੇ ਜਦੋਂ ਉਹ ਅੰਦਰ ਆਇਆ ਤਾਂ ਮੌਲਵੀ ਸਾਹਬ ਵੀ ਉਸਦੇ ਨਾਲ ਸਨ। ਦੀਵੇ ਦੀ ਕੰਬਦੀ ਹੋਈ ਲੋਅ ਵਿਚ , ਜੀਨਾ ਨੇ ਵੇਖਿਆ, ਮੌਲਵੀ ਸਾਹਬ ਝੂਲ ਰਹੇ ਸਨ ਤੇ ਉਹਨਾਂ ਨੇ ਇਕ ਵੰਡਾ ਸਾਰਾ ਕੁੱਜਾ ਚੁੱਕਿਆ ਹੋਇਆ ਸੀ।
ਮੌਜੂ ਨੇ ਸਹਾਰਾ ਦੇ ਕੇ ਉਹਨਾਂ ਨੂੰ ਮੰਜੇ ਉੱਤੇ ਬਿਠਾ ਦਿੱਤਾ। ਮੌਲਵੀ ਸਾਹਬ ਨੇ ਕੁੱਜਾ ਮੌਜੂ ਵੱਲ ਵਧਾਂਦਿਆਂ, ਲੜਖੜਾਉਂਦੀ ਹੋਈ ਆਵਾਜ਼ ਵਿਚ ਕਿਹਾ, ''ਅੱਜ ਖ਼ੁਦਾ ਨੇ ਸਾਡਾ ਬੜਾ ਕਰੜਾ ਇਮਤਿਹਾਨ ਲਿਆ ਏ ਮੌਜੂ—ਤੇਰੇ ਪਿੰਡ ਦੇ ਦੋ ਜਵਾਨ ਲੜਕੇ ਸ਼ਰਾਬ ਕੱਢ ਕੇ ਪੀਣ ਲੱਗੇ ਸਨ ਕਿ ਅਸੀਂ ਪਹੁੰਚ ਗਏ...ਸਾਨੂੰ ਵੇਖਦਿਆਂ ਹੀ ਉਹ ਨੱਸ ਗਏ। ਬੜਾ ਗੁੱਸਾ ਆਇਆ ਸੀ ਸਾਨੂੰ—ਬਈ ਏਡੀ ਛੋਟੀ ਉਮਰ ਤੇ ਏਡਾ ਵੱਡਾ ਗੁਨਾਹ ਕਰਨ ਲੱਗੇ ਸਨ ਉਹ।...ਪਰ ਅਸਾਂ ਸੋਚਿਆ, ਏਸ ਉਮਰ ਵਿਚ ਅਕਸਰ ਇਨਸਾਨ ਗਲਤੀ ਕਰ ਬੈਠਦੈ, ਸੋ ਉਹਨਾਂ ਵਾਸਤੇ ਅਸੀਂ ਅੱਲਾ ਤਬਾਰਕ ਤਾਅਲਾ ਤੋਂ ਦੁਆ ਮੰਗੀ ਕਿ ਇਹਨਾ ਮੂਰਖਾਂ ਦਾ ਗੁਨਾਹ ਮੁਆਫ਼ ਕਰ ਦਿੱਤਾ ਜਾਏ।...ਪਤਾ ਈ, ਜੁਆਬ ਕੀ ਮਿਲਿਆ?''
ਮੌਜੂ ਨੇ ਕੰਬਦੀ ਹੋਈ ਆਵਾਜ਼ ਵਿਚ ਕਿਹਾ, ''ਨਹੀਂ ਜੀ...''
ਜੁਆਬ ਮਿਲਿਆ ਸੀ, ''ਕੀ ਤੂੰ ਉਹਨਾਂ ਦਾ ਗੁਨਾਹ ਆਪਣੇ ਸਿਰ ਲੈਣ ਲਈ ਤਿਆਰ ਐਂ ?...ਤੇ ਮੈਂ ਅੱਗੋਂ ਕਹਿ ਦਿੱਤਾ ਸੀ, 'ਹਾਂ, ਬਾਰੀ ਤਾਅਲਾ।' ਆਵਾਜ਼ ਆਈ, 'ਜਾਹ ਅਸੀਂ ਉਹਨਾਂ ਨੂੰ ਮੁਆਫ਼ ਕੀਤਾ, ਪਰ ਇਹ ਸਾਰੀ ਸ਼ਰਾਬ ਤੈਨੂੰ ਪੀਣੀ ਪਏਗੀ।' ''
ਮੌਜੂ ਇਕ ਅਜੀਬ ਦੁਨੀਆਂ ਵਿਚ ਪਹੁੰਚ ਗਿਆ, ਜਿਹੜੀ ਉਸਦੀ ਕਲਪਨਾ ਦੀ ਸਾਜੀ-ਨਿਵਾਜੀ ਹੋਈ ਸੀ ਤੇ ਉਸਦੇ ਲੂੰ-ਕੰਡੇ ਖੜ੍ਹੇ ਹੋ ਗਏ, ''ਤੇ ਤੁਸੀਂ ਪੀ ਲਈ?''
ਮੌਲਵੀ ਸਾਹਬ ਦੀ ਆਵਾਜ਼ ਕੁਝ ਵਧੇਰੇ ਹੀ ਲੜਖੜਾਉਂਣ ਲੱਗੀ, ''ਹਾਂ, ਪੀ ਲਈ...ਉਹਨਾਂ ਦੇ ਗੁਨਾਹ ਆਪਣੇ ਸਿਰ ਲੈਣ ਵਾਸਤੇ...ਰੱਬ ਅਜ਼ੀਮ ਦੀਆਂ ਨਜ਼ਰਾਂ ਵਿਚ ਸੁਰਖਰੂ ਹੋਣ ਵਾਸਤੇ, ਪੀ ਲਈ। ਇਸ ਵਿਚ ਹੋਰ ਵੀ ਹੈ...ਮੈਂ ਇਹ ਸਾਰੀ ਪੀਵਾਂਗਾ। ਜਾਹ, ਇਸ ਨੂੰ ਸਾਂਭ ਕੇ ਰੱਖ ਆ...ਵੇਖੀਂ ਇਕ ਬੂੰਦ ਵੀ ਏਧਰ-ਉਧਰ ਨਾ ਹੋਵੇ...''
ਮੌਜੂ ਕੁੱਜਾ ਚੁੱਕ ਕੇ ਕੋਠੜੀ ਅੰਦਰ ਲੈ ਗਿਆ। ਉਸਦੇ ਮੂੰਹ ਉੱਤੇ ਕੱਪੜਾ ਬੰਨ੍ਹ ਕੇ ਵਾਪਸ ਵਿਹੜੇ ਵਿਚ ਆ ਗਿਆ। ਮੌਲਵੀ ਸਾਹਬ ਜੀਨਾ ਤੋਂ ਸਿਰ ਘੁਟਾਅ ਰਹੇ ਸਨ ਤੇ ਕਹਿ ਰਹੇ ਸਨ, ''ਜਿਹੜਾ ਆਦਮੀ ਦੂਜਿਆਂ ਖਾਤਰ ਕੁਝ ਕਰਦੈ, ਅੱਲਾ ਅਜਲਸ਼ਾਨ ਉਸ ਉੱਤੇ ਬੜਾ ਖ਼ੁਸ਼ ਹੁੰਦਾ ਏ...ਉਹ ਤੇਰੇ 'ਤੇ ਵੀ ਖ਼ੁਸ਼ ਹੈ...ਅਸੀਂ ਵੀ ਤੇਰੇ 'ਤੇ ਖ਼ੁਸ਼ ਹਾਂ।''
ਤੇ ਏਸੇ ਖ਼ੁਸ਼ੀ ਵਿਚ ਮੌਲਵੀ ਸਾਹਬ ਨੇ ਜੀਨਾ ਨੂੰ ਆਪਣੇ ਉਪਰ ਸੁੱਟ ਕੇ ਉਸਦਾ ਮੱਥਾ ਚੁੰਮ ਲਿਆ। ਜੀਨਾ ਨੇ ਉਹਨਾਂ ਉਪਰੋਂ ਉਠਣਾ ਚਾਹਿਆ, ਪਰ ਪਕੜ ਬੜੀ ਮਜ਼ਬੂਤ ਸੀ। ਮੌਲਵੀ ਸਾਹਬ ਉਸਨੂੰ ਛਾਤੀ ਨਾਲ ਘੁੱਟੀ ਪਏ ਸਨ ਤੇ ਕਹਿ ਰਹੇ ਸਨ, ''ਚੌਧਰੀਆ, ਤੇਰੀ ਕੁੜੀ ਦੇ ਭਾਗ ਜਾਗ ਪਏ ਨੇ।''
ਚੌਧਰੀ ਮੌਜੂ ਪੂਰੀ ਤਰ੍ਹਾਂ ਮੌਲਵੀ ਸਾਹਬ ਦੇ ਪ੍ਰਭਾਵ ਹੇਠ ਸੀ। ਉਸ ਕਿਹਾ, ''ਮਿਹਰਬਾਨੀ ਐ ਜੀ ਤੁਹਾਡੀ...ਸਭ ਤੁਹਾਡੀ ਦੁਆ ਦਾ ਅਸਰ ਐ...''
ਮੌਲਵੀ ਸਾਹਬ ਨੇ ਇਕ ਵਾਰ ਫੇਰ ਜੀਨਾ ਨੂੰ ਆਪਣੀ ਹਿੱਕ ਨਾਲ ਘੁੱਟ ਲਿਆ ਤੇ ਕਿਹਾ, ''ਅੱਲਾ ਮਿਹਰਬਾਨ ਤਾਂ ਸੌ ਕਲਾਵਾਂ ਮਿਹਰਬਾਨ। ਜੀਨਾ ਅਸੀਂ ਤੈਨੂੰ ਇਕ ਵਜ਼ੀਫਾ (ਮੰਤਰ) ਦੱਸਾਂਗੇ—ਹਰ ਰੋਜ਼ ਪੜ੍ਹਿਆ ਕਰੀਂ, ਅੱਲਾ ਸਦਾ ਮਿਹਰਬਾਨ ਰਹੇਗਾ।''
     ੦੦੦  ੦੦੦  ੦੦੦
ਦੂਜੇ ਦਿਨ ਮੌਲਵੀ ਸਾਹਬ ਜ਼ਰਾ ਲੇਟ ਉਠੇ ਸਨ। ਮੌਜੂ ਖੇਤਾਂ ਵੱਲ ਵੀ ਨਹੀਂ ਸੀ ਗਿਆ। ਉਹ ਕੱਲ੍ਹ ਦਾ ਡਰਿਆ ਹੋਇਆ ਸੀ, ਵਿਹੜੇ ਵਿਚ ਉਹਨਾਂ ਦੇ ਮੰਜੇ ਕੋਲ ਹੀ ਬੈਠਾ ਰਿਹਾ। ਉਠ ਕੇ ਉਹਨਾਂ ਨੇ ਦਾਤਨ-ਕੁਰਲੀ ਕੀਤੀ, ਇਸ਼ਨਾਨ ਕੀਤਾ ਤੇ ਹੁਕਮ ਦਿੱਤਾ ਕਿ ਕੱਲ੍ਹ ਰਾਤ ਵਾਲਾ ਕੁੱਜਾ ਉਹਨਾਂ ਦੇ ਕੋਲ ਲਿਆ ਕੇ ਰੱਖ ਦਿੱਤਾ ਜਾਵੇ। ਮੌਜੂ ਝੱਟ ਅੰਦਰੋਂ ਕੁੱਜਾ ਲੈ ਆਇਆ। ਮੌਲਵੀ ਸਾਹਬ ਨੇ ਕੁਝ ਪੜ੍ਹ ਕੇ ਉਸ ਦਾ ਮੂੰਹ ਖੋਲ੍ਹਿਆ, ਵਿਚ ਤਿੰਨ ਫੂਕਾਂ ਮਾਰੀਆਂ ਤੇ ਦੋ ਛੰਨੇ ਭਰ ਕੇ ਪੀ ਲਏ। ਉਪਰ ਆਸਮਾਨ ਵੱਲ ਵੇਖ ਕੇ ਕੁਝ ਬੁੜਬੁੜਾਉਂਦੇ ਰਹੇ ਤੇ ਫੇਰ ਜ਼ਰਾ ਉੱਚੀ ਆਵਾਜ਼ ਵਿਚ ਬੋਲੇ, ''ਅਸੀਂ ਤੇਰੇ ਹਰ ਇਮਤਿਹਾਨ ਵਿਚ ਪੂਰੇ ਉਤਰਾਂਗੇ ਮੌਲਾ।'' ਤੇ ਫੇਰ ਚੌਧਰੀ ਮੌਜੂ ਨੂੰ ਕਿਹਾ, ''ਜਾਹ! ਹੁਕਮ ਮਿਲਿਆ ਏ ਜਾ ਕੇ ਆਪਣੀ ਘਰਵਾਲੀ ਨੂੰ ਲੈ ਆ...ਰਸਤਾ ਮਿਲ ਗਿਆ ਏ ਸਾਨੂੰ।''
ਚੌਧਰੀ ਦਾ ਅੰਦਰ ਬਾਹਰ ਖਿੜ-ਪੁੜ ਗਿਆ। ਕਾਹਲੀ ਕਾਹਲੀ ਘੋੜੀ ਉਤੇ ਕਾਠੀ ਕੱਸੀ ਤੇ ਇਹ ਕਹਿ ਕੇ ਕਿ ਦੂਜੇ ਦਿਨ ਸਵੇਰੇ ਹੀ ਵਾਪਸ ਆ ਜਾਏਗਾ...ਤੇ ਜੀਨਾ ਨੂੰ ਮੌਲਵੀ ਸਾਹਬ ਦਾ ਖ਼ਿਆਲ ਰੱਖਣ ਦੀ ਹਦਾਇਤ ਕਰਦਾ ਹੋਇਆ... ਉਹ ਤੁਰ ਗਿਆ। ਜੀਨਾ ਭਾਂਡੇ ਮਾਂਜ ਰਹੀ ਸੀ। ਮੌਲਵੀ ਸਾਹਬ ਮੰਜੇ ਉੱਤੇ ਬੈਠੇ ਸ਼ਰਾਬ ਪੀਂਦੇ ਤੇ ਉਹ ਵੱਲ ਵਿੰਹਦੇ ਰਹੇ। ਫੇਰ ਉਹਨਾਂ ਜੇਬ ਵਿਚੋਂ ਮੋਟੇ ਮੋਟੇ ਮਣਕਿਆਂ ਦੀ ਮਾਲਾ ਕੱਢੀ ਤੇ ਫੇਰਨ ਲੱਗ ਪਏ।
ਜਦੋਂ ਉਹ ਕੰਮ-ਧੰਦੇ ਤੋਂ ਵਿਹਲੀ ਹੋਈ, ਉਹਨਾਂ ਕਿਹਾ, ''ਜੀਨਾ ਜਾਹ ਵਜ਼ੂ (ਨਮਾਜ਼ ਪੜ੍ਹਨ ਤੋਂ ਪਹਿਲਾਂ ਹੱਥ, ਮੂੰਹ, ਪੈਰ ਵਗੈਰਾ ਧੋਣੇ) ਕਰ ਆ।''
''ਜੀ ਮੈਨੂੰ ਕਰਨਾ ਨਹੀਂ ਆਉਂਦਾ ਮੌਲਵੀ ਸਾਹਬ।'' ਜੀਨਾ ਨੇ ਬੜੇ ਭੋਲੇਪਣ ਨਾਲ ਕਿਹਾ।
ਮੌਲਵੀ ਸਾਹਬ ਨੇ ਪਿਆਰ ਨਾਲ ਝਿੜਕਿਆ, ''ਵਜ਼ੂ ਕਰਨਾ ਨਹੀਂ ਆਉਂਦਾ...ਫੇਰ ਅੱਲਾ ਨੂੰ ਕੀ ਜਵਾਬ ਦਏਂਗੀ ?'' ਕਹਿ ਕੇ ਉਹ ਉਠ ਖੜ੍ਹੇ ਹੋਏ ਤੇ ਆਪ ਉਸ ਨੂੰ ਵਜ਼ੂ ਕਰਵਾਉਣ ਲੱਗੇ। ਇਸ ਬਹਾਨੇ ਉਹਨਾਂ ਉਸਦੇ ਅੰਗਾਂ ਦੇ ਸਾਰੇ ਉਤਾਰ-ਚੜ੍ਹਾ ਨਾਪ ਲਏ ਸਨ।
ਤੇ ਜਦ ਮੌਲਵੀ ਸਾਹਬ ਨੇ ਜਾ-ਨਮਾਜ਼ ਮੰਗੀ ਤੇ ਉਹ ਵੀ ਨਾ ਮਿਲੀ ਤਾਂ ਫੇਰ ਡਾਂਟਿਆ, ਪਰ ਅਤਿ ਮਿੱਠੜੇ ਅੰਦਾਜ਼ ਵਿਚ। ਖੇਸ ਮੰਗਾ ਕੇ ਅੰਦਰਲੀ ਕੋਠੜੀ ਵਿਚ ਵਿਛਾਇਆ ਤੇ ਜੀਨਾ ਨੂੰ ਹੁਕਮ ਦਿੱਤਾ ਕਿ ਉਹ ਬਾਹਰਲਾ ਦਰਵਾਜ਼ਾ ਬੰਦ ਕਰ ਆਵੇ। ਜਦੋਂ ਉਹ ਕੁੰਡਾ ਲਾ ਆਈ, ਉਹਨਾਂ ਕੁੱਜਾ ਤੇ ਛੰਨਾ ਵੀ ਅੰਦਰ ਹੀ ਮੰਗਵਾ ਲਿਆ। ਮੌਲਵੀ ਸਾਹਬ ਨੇ ਕੁੱਜੇ ਵਿਚੋਂ ਛੰਨਾ ਭਰਿਆ, ਅੱਧਾ ਪੀ ਕੇ ਅੱਧਾ ਆਪਣੇ ਸਾਹਮਣੇ ਰੱਖ ਲਿਆ ਤੇ ਮਾਲਾ ਫੇਰਨ ਲੱਗ ਪਏ। ਜੀਨਾ ਉਹਨਾਂ ਦੇ ਨੇੜੇ ਹੀ ਚੁੱਪਚਾਪ ਬੈਠੀ ਹੋਈ ਸੀ।
ਖਾਸਾ ਚਿਰ ਮੌਲਵੀ ਸਾਹਬ ਅੱਖਾਂ ਬੰਦ ਕਰੀ ਬੈਠੇ ਮਾਲਾ ਫੇਰਦੇ ਰਹੇ। ਫੇਰ ਉਹਨਾਂ ਅੱਖਾਂ ਖੋਲ੍ਹ ਕੇ ਸਾਹਮਣੇ ਪਏ ਛੰਨੇ ਵਿਚ ਤਿੰਨ ਫੂਕਾਂ ਮਾਰੀਆਂ ਤੇ ਜੀਨਾ ਵੱਲ ਵਧਾ ਕੇ ਹੁਕਮ ਦਿੱਤਾ, ''ਪੀ ਜਾ।''
ਜੀਨਾ ਨੇ ਛੰਨਾ ਫੜ੍ਹ ਲਿਆ ਪਰ ਉਸ ਦੇ ਹੱਥ ਕੰਬ ਰਹੇ ਸਨ। ਮੌਲਵੀ ਸਾਹਬ ਦੀ ਪ੍ਰਭਾਵਸ਼ਾਲੀ ਆਵਾਜ਼ ਫੇਰ ਗੂੰਜੀ, ''ਮੈਂ ਕਿਹਾ, ਪੀ ਜਾ...ਸਭ ਦਲਿੱਦਰ ਦੂਰ ਹੋ ਜਾਣਗੇ ਤੇਰੇ।''
ਜੀਨਾ ਪੀ ਗਈ। ਮੌਲਵੀ ਸਾਹਬ ਆਪਣੀਆਂ ਪਤਲੀਆਂ ਬੁੱਲ੍ਹੀਆਂ ਵਿਚ ਮੁਸਕਰਾਏ, ''ਅਸੀਂ ਫੇਰ ਵਜ਼ੀਫ਼ਾ ਸ਼ੁਰੂ ਕਰਨ ਲੱਗੇ ਆਂ...ਜਦ ਸ਼ਹਾਦਤ ਦੀ ਉਂਗਲੀ (ਪਹਿਲੀ ਉਂਗਲੀ) ਉਠਾਈਏ, ਝੱਟ ਅੱਧਾ ਛੰਨਾ ਭਰ ਕੇ ਪੀ ਲਵੀਂ...ਸਮਝੀ?''
ਮੌਲਵੀ ਸਾਹਬ ਨੇ ਉਸਦੇ ਕੁਝ ਕਹਿਣ ਤੋਂ ਪਹਿਲਾਂ ਹੀ ਅੱਖਾਂ ਬੰਦ ਕਰ ਲਈਆਂ ਤੇ ਮਰਾਕਬੇ (ਸਮਾਧੀ) ਵਿਚ ਚਲੇ ਗਏ। ਜੀਨਾ ਦੇ ਮੂੰਹ ਦਾ ਸਵਾਦ ਕੁਸੈਲਾ ਹੋ ਗਿਆ, ਅੰਦਰ ਅੱਗ ਜਿਹੀ ਲੱਗੀ ਮਹਿਸੂਸ ਹੋਈ...ਦਿਲ ਕੀਤਾ ਉਠ ਕੇ ਠੰਡਾ ਪਾਣੀ ਪੀ ਆਵਾਂ, ਪਰ ਉਠ ਕਿਵੇਂ ਸਕਦੀ ਸੀ...ਮੌਲਵੀ ਸਾਹਬ ਪਤਾ ਨਹੀਂ ਕਦੋਂ ਇਸ਼ਾਰਾ ਕਰ ਦੇਣ। ਔਖੇ ਸੁਖਾਲੇ ਬੈਠੀ ਰਹੀ।
ਮੌਲਵੀ ਸਾਹਬ ਨੇ ਉਂਗਲ ਖੜ੍ਹੀ ਕੀਤੀ...ਜਾਪਦਾ ਸੀ, ਜੀਨਾ ਨੂੰ ਕਿਸੇ ਨੇ ਹਿਪਨਾਟਾਈਜ਼ ਕਰ ਦਿੱਤਾ ਹੈ...ਉਸਨੇ ਫੌਰਨ ਕੁੱਜੇ ਵਿਚੋਂ ਅੱਧਾ ਛੰਨਾ ਭਰਿਆ ਤੇ ਪੀ ਲਿਆ। ਥੁੱਕਣਾ ਚਾਹਿਆ ਪਰ ਉਠ ਨਹੀਂ ਸਕੀ।
ਮੌਲਵੀ ਸਾਹਬ ਉਸੇ ਮੁਦਰਾ 'ਚ ਬੈਠੇ ਮਾਲਾ ਫੇਰਦੇ ਰਹੇ। ਜੀਨਾ ਨੂੰ ਸਭ ਕੁਝ ਘੁੰਮ ਰਿਹਾ ਮਹਿਸੂਸ ਹੋਇਆ...ਤੇ ਫੇਰ ਉਸਨੂੰ ਨੀਂਦ ਆਉਣ ਲੱਗ ਪਈ।
ਅੱਧ-ਚੇਤਨ ਅਵਸਥਾ ਵਿਚ ਉਸਨੂੰ ਇੰਜ ਮਹਿਸੂਸ ਹੋਇਆ, ਜਿਵੇਂ ਉਹ ਕਿਸੇ ਮੰਨੇ-ਮੂੰਹ ਵਾਲੇ ('ਕਲੀਨ-ਸ਼ੇਵਡ') ਨੌਜਵਾਨ ਦੀ ਗੋਦ ਵਿਚ ਲੇਟੀ ਹੋਈ ਸੀ ਤੇ ਉਹ ਉਸ ਨੂੰ ਜੱਨਤ ਦੀ ਸੈਰ ਕਰਵਾ ਰਿਹਾ ਹੈ।
    ੦੦੦  ੦੦੦  ੦੦੦
ਜਦੋਂ ਜੀਨਾ ਦੀ ਅੱਖ ਖੁੱਲ੍ਹੀ, ਉਹ ਖੇਸ ਉੱਤੇ ਲੇਟੀ ਹੋਈ ਸੀ। ਅੱਧ ਖੁੱਲ੍ਹੀਆਂ, ਅਲਸਾਈਆਂ ਅੱਖਾਂ ਨਾਲ ਚਾਰੇ ਪਾਸੇ ਦੇਖਦੀ ਹੋਈ ਸੋਚਣ ਲੱਗੀ; 'ਮੌਲਵੀ ਸਾਹਬ ਕਿੱਥੇ ਨੇ?...ਤੇ ਉਹ ਜੱਨਤ?' ਸਭ ਕੁਝ ਧੁੰਦ ਵਿਚ ਲਿਪਟਿਆ ਹੋਇਆ ਸੀ। ਉਹ ਉਠ ਕੇ ਬੈਠ ਗਈ, ਸਭ ਕੁਝ ਰਲ-ਗੱਡ ਹੋ ਗਿਆ ਸੀ।
ਉਠ ਕੇ ਵਿਹੜੇ ਵਿਚ ਆਈ ਦਿਨ ਢਲ ਰਿਹਾ ਸੀ। ਮੌਲਵੀ ਸਾਹਬ ਘੜੇ ਕੋਲ ਬੈਠੇ ਵਜ਼ੂ ਕਰ ਰਹੇ ਸਨ। ਪੈੜ ਚਾਪ ਸੁਣ ਕੇ ਉਹਨਾਂ ਉਸ ਵੱਲ ਤੱਕਿਆ ਤੇ ਮੁਸਕਰਾ ਪਏ। ਜੀਨਾ ਮੁੜ ਕੋਠੜੀ ਅੰਦਰ ਜਾ ਕੇ ਆਪਣੀ ਮਾਂ ਬਾਰੇ ਸੋਚਣ ਲੱਗ ਪਈ—ਜਿਸ ਨੂੰ ਉਸ ਦਾ ਅੱਬਾ ਲੈਣ ਗਿਆ ਹੋਇਆ ਸੀ—ਪੂਰੀ ਇਕ ਰਾਤ ਪਈ ਸੀ ਉਹਨਾਂ ਦੇ ਆਉਣ ਵਿਚ।…
ਉਸਨੂੰ ਭੁੱਖ ਲੱਗੀ ਹੋਈ ਸੀ ਪਰ ਅੱਜ ਉਸਨੇ ਕੁਝ ਰਿੰਨਿਆਂ-ਪਕਾਇਆ ਹੀ ਨਹੀਂ ਸੀ। ਉਸਦੇ ਮਾਸੂਮ ਦਿਮਾਗ ਵਿਚ ਅਜੀਬ ਅਜੀਬ ਖ਼ਿਆਲ ਆ ਰਹੇ ਸਨ...ਉਦੋਂ ਹੀ ਮੌਲਵੀ ਸਾਹਬ ਅੰਦਰ ਆਏ ਤੇ ਇਹ ਆਖ ਕੇ ਵਾਪਸ ਚਲੇ ਗਏ ਕਿ ਉਹਨਾਂ ਉਸਦੇ ਬਾਪ ਖਾਤਰ ਵੀ ਵਜ਼ੀਫਾ ਪੜ੍ਹਨਾ ਹੈ, ਸਾਰੀ ਰਾਤ ਕਿਸੇ ਕਬਰ ਕੋਲ ਬੈਠਣਾ ਪਏਗਾ, ਤੜਕੇ ਸਾਹਜਰੇ ਹੀ ਮੁੜ ਆਉਣਗੇ ਤੇ ਉਸ ਦੀ ਖਾਤਰ ਵੀ ਦੁਆ ਕਰਨਗੇ।
    ੦੦੦  ੦੦੦  ੦੦੦
ਦੂਜੇ ਦਿਨ ਮੌਲਵੀ ਸਾਹਬ ਸਵੇਰੇ ਸਾਹਜਰੇ ਹੀ ਵਾਪਸ ਮੁੜ ਆਏ। ਉਹਨਾਂ ਦੀਆਂ ਮੋਟੀਆਂ ਮੋਟੀਆਂ ਅੱਖਾਂ ਵਿਚੋਂ ਸੁਰਮੇਂ ਦੀਆਂ ਧਾਰੀਆਂ ਅਲੋਪ ਸਨ ਤੇ ਅੱਖਾਂ ਲਾਲ-ਸੁਰਖ ਹੋਈਆਂ ਹੋਈਆਂ ਸਨ। ਆਵਾਜ਼ ਥਿੜਕ ਰਹੀ ਸੀ, ਲੱਤਾਂ ਲੜਖੜਾ ਰਹੀਆਂ ਸਨ। ਵਿਹੜੇ ਵਿਚ ਆ ਕੇ ਉਹਨਾਂ ਜੀਨਾ ਵੱਲ ਤੱਕਿਆ, ਮੁਸਕਰਾਏ ਤੇ ਅਗਾਂਹ ਵਧ ਕੇ ਉਸਨੂੰ ਹਿੱਕ ਨਾਲ ਲਾ ਲਿਆ...ਉਸਦਾ ਮੂੰਹ ਚੁੰਮ ਕੇ ਮੰਜੇ ਉੱਤੇ ਬੈਠ ਗਏ।
ਜੀਨਾ ਇਕ ਕੋਨੇ ਵਿਚ ਪਈ ਪੀੜ੍ਹੀ ਡਾਹ ਕੇ ਬੈਠ ਗਈ ਤੇ ਬੀਤੀਆਂ ਧੁੰਦਲੀਆਂ ਯਾਦਾਂ ਵਿਚ ਗਵਾਚ ਗਈ। ਉਹ ਆਪਣੇ ਪਿਓ ਨੂੰ ਵੀ ਉਡੀਕ ਰਹੀ ਸੀ, ਜਿਸ ਨੂੰ ਹੁਣ ਤਕ ਆ ਜਾਣਾ ਚਾਹੀਦਾ ਸੀ...ਮਾਂ ਨਾਲੋਂ ਵਿਛੜਿਆਂ ਦੋ ਸਾਲ ਹੋ ਗਏ ਸਨ...ਤੇ ਜੱਨਤ...ਉਹ ਜੱਨਤ...ਕਿਹੋ ਜਿਹੀ ਸੀ, ਉਹ ਜੱਨਤ! ਕੀ ਮੌਲਵੀ ਸਾਹਬ ਸਨ?...ਪਰ ਨਹੀਂ, ਉਸਨੂੰ ਧੁੰਦਲਾ ਜਿਹਾ ਯਾਦ ਹੈ, ਉਹ ਕੋਈ ਅਣਦਾੜ੍ਹੀਆ ਮਰਦ ਸੀ, ਨੌਜਵਾਨ ਮਰਦ!
ਕੁਝ ਚਿਰ ਬਾਅਦ ਮੌਲਵੀ ਸਾਹਬ ਨੇ ਕਿਹਾ, ''ਜੀਨਾ ਅਜੇ ਤਕ ਮੌਜੂ ਨਹੀਂ ਆਇਆ...''
ਜੀਨਾ ਚੁੱਪ ਰਹੀ।
ਮੌਲਵੀ ਸਾਹਬ ਫੇਰ ਬੋਲੇ, ''ਸਾਰੀ ਰਾਤ ਮੈਂ ਇਕ ਪੁਰਾਣੀ ਕਬਰ ਕੋਲ ਬੈਠਾ ਉਸ ਖਾਤਰ ਵਜ਼ੀਫਾ ਪੜ੍ਹਦਾ ਰਿਹਾ...ਉਹ ਉਸਨੂੰ ਲੈ ਵੀ ਆਏਗਾ ਕਿ ਨਹੀਂ?''
ਜੀਨਾ ਨੇ ਕਿਹਾ, ''ਸ਼ਾਇਦ ਆਉਂਦੇ ਈ ਹੋਣੇ ਐਂ ਜੀ...ਅੰਮੀ ਵੀ ਆ ਜਾਏਗੀ...ਪਰ ਪੱਕਾ ਪਤਾ ਨਹੀਂ।''
ਉਦੋਂ ਹੀ ਬਾਹਰਲਾ ਕੁੰਡਾ ਖੁੱਲ੍ਹਿਆ, ਜੀਨਾ ਉਠ ਕੇ ਖੜ੍ਹੀ ਹੋ ਗਈ। ਉਸਦੀ ਮਾਂ ਅੰਦਰ ਆਈ ਤੇ ਉਸਨੇ ਨੱਸ ਕੇ ਉਸਨੂੰ ਜੱਫੀ ਜਾ ਪਾਈ—ਦੋਵੇਂ ਰੋਣ ਲੱਗ ਪਈਆਂ ਸਨ। ਫੇਰ ਮੌਜੂ ਵੀ ਅੰਦਰ ਆ ਗਿਆ। ਉਸਨੇ ਬੜੇ ਸਤਿਕਾਰ ਨਾਲ ਮੌਲਵੀ ਸਾਹਬ ਨੂੰ ਸਲਾਮ ਕੀਤੀ ਤੇ ਆਪਣੀ ਪਤਨੀ ਨੂੰ ਕਿਹਾ, ''ਭਾਤਾਂ, ਇਹ ਮੌਲਵੀ ਸਾਹਬ ਨੇ...ਸਲਾਮ ਕਰ।''
ਭਾਤਾਂ ਨੇ ਜੀਨਾ ਨਾਲੋਂ ਵੱਖ ਹੁੰਦਿਆਂ ਹੰਝੂ ਪੂੰਝੇ ਤੇ ਮੌਲਵੀ ਸਾਹਬ ਨੂੰ ਸਲਾਮ ਕੀਤੀ। ਮੌਲਵੀ ਸਾਹਬ ਨੇ ਆਪਣੀਆਂ ਲਾਲ ਲਾਲ ਅੱਖਾਂ ਨਾਲ ਉਸ ਵੱਲ ਵੇਖਦਿਆਂ ਮੌਜੂ ਨੂੰ ਕਿਹਾ, ''ਮੈਂ ਸਾਰੀ ਰਾਤ ਸੁੰਨਸਾਨ ਕਬਰਸਤਾਨ ਵਿਚ ਬੈਠਾ, ਤੇਰੀ ਖਾਤਰ ਵਜ਼ੀਫਾ ਪੜ੍ਹਦਾ ਰਿਹਾਂ...ਹੁਣੇ ਉਠ ਕੇ ਆਇਆਂ...ਅੱਲਾ ਨੇ ਤੇਰੀ ਸੁਣ ਲਈ, ਮੌਜੂ। ਸਭ ਠੀਕ-ਠਾਕ ਹੋ ਜਾਏਗਾ।''
ਚੌਧਰੀ ਮੌਜੂ ਭੁੰਜੇ ਬੈਠ ਕੇ ਮੌਲਵੀ ਸਾਹਬ ਦੀਆਂ ਲੱਤਾਂ ਘੁੱਟਣ ਲੱਗਾ। ਉਹ ਏਨਾ ਭਾਵੁਕ ਹੋ ਗਿਆ ਸੀ ਕਿ ਉਹਨਾਂ ਦਾ ਧੰਨਵਾਦ ਵੀ ਨਹੀਂ ਸੀ ਕਰ ਸਕਿਆ। ਭਰੇ ਗੱਚ ਨਾਲ ਉਸਨੇ ਭਾਤਾਂ ਵੱਲ ਮੂੰਹ ਭੁੰਆਂ ਕੇ ਕਿਹਾ, ''ਆ, ਏਧਰ ਆ ਭਾਤਾਂ, ਤੂੰਹੀਓਂ ਧੰਨਵਾਦ ਕਰ ਮੌਲਵੀ ਸਾਹਬ ਦਾ। ਮੈਨੂੰ ਗੰਵਾਰ ਨੂੰ ਤਾਂ ਧੰਨਵਾਦ ਵੀ ਨਹੀਂ ਕਰਨਾ ਆਉਂਦਾ, ਚੱਜ ਨਾਲ।''
ਭਾਤਾਂ ਆਪਣੇ ਪਤੀ ਕੋਲ ਭੁੰਜੇ ਹੀ ਬੈਠ ਗਈ ਤੇ ਏਨਾ ਹੀ ਕਹਿ ਸਕੀ, ''ਅਸੀਂ ਗਰੀਬ ਜੀ, ਕੀ ਧੰਨਵਾਦ ਕਰਨ ਜੋਗੇ ਆਂ...!''
ਮੌਲਵੀ ਸਾਹਬ ਨੇ ਗੌਰ ਨਾਲ ਭਾਤਾਂ ਵੱਲ ਤੱਕਿਆ। ਫੇਰ ਬੋਲੇ, ''ਤੂੰ ਠੀਕ ਪਿਆ ਕਹਿੰਦਾ ਸੈਂ...ਬਈ ਤੇਰੀ ਪਤਨੀ ਵੀ ਖਾਸੀ ਖ਼ੂਬਸੂਰਤ ਹੈ। ਬਿਲਕੁਲ ਦੂਜੀ ਜੀਨਾ, ਬਲਕਿ ਉਸ ਨਾਲੋਂ ਵੀਹ...ਅਸੀਂ ਸਭ ਠੀਕ ਕਰ ਦਿਆਂਗੇ ਭਾਤਾਂ...ਅੱਲਾ ਦਾ ਫਜ਼ਲ ਤੇ ਕਰਮ ਹੋ ਗਿਐ...।''
ਪਤੀ ਪਤਨੀ ਚੁੱਪਚਾਪ ਬੈਠੇ ਰਹੇ। ਮੌਜੂ ਮੌਲਵੀ ਸਾਹਬ ਦੀਆਂ ਲੱਤਾਂ ਘੁੱਟਦਾ ਰਿਹਾ। ਜੀਨਾ ਚੁੱਲ੍ਹੇ-ਚੌਂਕੇ ਦੇ ਆਹਰ ਜਾ ਲੱਗੀ।
ਕੁਝ ਚਿਰ ਬਾਅਦ ਮੌਲਵੀ ਸਾਹਬ ਉਠੇ ਭਾਤਾਂ ਦੇ ਸਿਰ ਉੱਤੇ ਪਿਆਰ ਭਰਿਆ ਹੱਥ ਫੇਰਿਆ ਤੇ ਮੌਜੂ ਨੂੰ ਕਹਿਣ ਲੱਗੇ, ''ਚੌਧਰੀ ਮੌਜੂ ਅੱਲਾ ਤਾਅਲਾ ਦਾ ਹੁਕਮ ਹੈ ਜਦ ਕੋਈ ਆਦਮੀ ਆਪਣੀ ਔਰਤ ਨੂੰ ਤਲਾਕ ਦੇ ਦੇਵੇ ਤੇ ਦੁਬਾਰਾ ਉਸੇ ਨੂੰ ਆਪਣੇ ਘਰ ਵਸਾਉਣਾ ਚਾਹਵੇ ਤਾਂ ਉਸ ਦੀ ਸਜ਼ਾ ਇਹ ਹੈ ਕਿ ਪਹਿਲਾਂ ਉਹ ਔਰਤ ਕਿਸੇ ਹੋਰ ਮਰਦ ਨਾਲ ਸ਼ਾਦੀ ਕਰੇ ਤੇ ਉਹ ਮਰਦ ਆਪਣੀ ਮਰਜ਼ੀ ਨਾਲ ਉਸ ਨੂੰ ਤਲਾਕ ਦੇਵੇ ਤਾਂ ਜਾਇਜ਼ ਹੈ...।''
ਮੌਜੂ ਨੇ ਬੜੀ ਧੀਮੀ ਆਵਾਜ਼ ਵਿਚ ਕਿਹਾ, ''ਇਹ ਮੈਂ ਸੁਣ ਚੁੱਕਿਆਂ ਮੌਲਵੀ ਸਾਹਬ''
ਮੌਲਵੀ ਸਾਹਬ ਨੇ ਮੌਜੂ ਨੂੰ ਖੜ੍ਹੇ ਹੋਣ ਦਾ ਇਸ਼ਾਰਾ ਕੀਤਾ। ਫੇਰ ਉਸਦੇ ਮੋਢੇ 'ਤੇ ਹੱਥ ਰੱਖਦਿਆਂ ਕਿਹਾ, ''ਪਰ ਅਸੀਂ ਖ਼ੁਦਾ ਦੇ ਹਜ਼ੂਰ ਵਿਚ ਗਿੜਗਿੜਾ ਕੇ ਦੁਆ ਮੰਗੀ ਸੀ ਮੌਜੂ ਕਿ ਗਰੀਬ ਨੂੰ ਏਨੀ ਸਖ਼ਤ ਸਜ਼ਾ ਨਾ ਦਿੱਤੀ ਜਾਵੇ...ਉਸ ਤੋਂ ਭੁੱਲ ਹੋ ਗਈ ਏ। ਆਵਾਜ਼ ਆਈ, 'ਅਸੀਂ ਤੇਰੀਆਂ ਰੋਜ਼ ਰੋਜ਼ ਦੀਆਂ ਸਿਫਾਰਸ਼ਾਂ ਕਦੋਂ ਤਕ ਸੁਣਦੇ ਰਹਾਂਗੇ...ਤੂੰ ਆਪਣੀ ਖਾਤਰ ਕੁਝ ਵੀ ਮੰਗ, ਅਸੀਂ ਬਖ਼ਸ਼ਣ ਲਈ ਤਿਆਰ ਹਾਂ।' ਮੈਂ ਅਰਜ਼ ਕੀਤੀ, 'ਹੇ ਮੇਰੇ ਸ਼ਹਿਨਸ਼ਾਹ, ਜਲ ਥਲ ਦੇ ਮਾਲਿਕ, ਮੈਨੂੰ ਕੁਝ ਨਹੀਂ ਚਾਹੀਦਾ, ਤੇਰਾ ਦਿੱਤਾ ਸਭ ਕੁਝ ਹੈ ਮੇਰੇ ਕੋਲ, ਪਰ ਚੌਧਰੀ ਮੌਜੂ ਨੂੰ ਆਪਣੀ ਘਰਵਾਲੀ ਨਾਲ ਅਥਾਹ ਪ੍ਰੇਮ ਹੈ।' ਫੁਰਮਾਨ ਹੋਇਆ, 'ਅੱਛਾ, ਅਸੀਂ ਉਸਦੇ ਪ੍ਰੇਮ ਦਾ ਤੇ ਤੇਰੇ ਈਮਾਨ ਦਾ ਇਮਤਿਹਾਨ ਲੈਣਾ ਚਾਹੁੰਦੇ ਹਾਂ। ਇਕ ਦਿਨ ਖਾਤਰ ਤੂੰ ਉਸ ਨਾਲ ਨਿਕਾਹ ਕਰ ਤੇ ਦੂਜੇ ਦਿਨ ਤਲਾਕ ਦੇ ਕੇ ਉਸ ਦੇ ਹਵਾਲੇ ਕਰ ਦੇਵੀਂ...ਅਸੀਂ ਤੇਰੀ ਖਾਤਰ ਬਸ ਇਹੀ ਕਰ ਸਕਦੇ ਹਾਂ, ਕਿਉਂਕਿ ਤੂੰ ਚਾਲੀ ਸਾਲ ਸਾਡੀ ਇਬਾਦਤ ਕੀਤੀ ਹੈ...।' '' ਫੇਰ ਮੌਲਵੀ ਸਾਹਬ ਨੇ ਅੱਖਾਂ ਮੀਚੀਆਂ, ਕੁਝ ਪੜ੍ਹਿਆ, ਦੋਹਾਂ 'ਤੇ ਇਕ ਇਕ ਫੂਕ ਮਾਰੀ ਤੇ ਅਸਮਾਨ ਵੱਲ ਵਿੰਹਦੇ ਹੋਏ ਬੋਲੇ, ''ਯਾ ਅੱਲਾ ਤਬਾਰਕ ਤਾਅਲਾ ਸਾਨੂੰ ਸਾਰਿਆਂ ਨੂੰ ਇਸ ਇਮਤਿਹਾਨ ਵਿਚ ਪੂਰਾ ਉਤਰਨ ਦੀ ਹਿੰਮਤ ਬਖ਼ਸ਼ੀਂ।'' ਤੇ ਫੇਰ ਉਹਨਾਂ ਮੌਜੂ ਨੂੰ ਕਿਹਾ, ''ਮੌਜੂ ਮੈਂ ਹੁਣ ਚੱਲਦਾਂ। ਤੂੰ ਤੇ ਜੀਨਾ ਅੱਜ ਦੀ ਰਾਤ ਕਿਤੇ ਬਾਹਰ ਚਲੇ ਜਾਇਓ, ਸਵੇਰੇ ਸਾਹਜਰੇ ਈ ਵਾਪਸ ਆ ਜਾਇਓ।''
    ੦੦੦  ੦੦੦  ੦੦੦
ਸ਼ਾਮ ਨੂੰ ਜਦੋਂ ਉਹ ਵਾਪਸ ਆਏ ਮੌਜੂ ਤੇ ਜੀਨਾ ਜਾਣ ਦੀਆਂ ਤਿਆਰੀਆਂ ਕਰੀ ਬੈਠੇ ਸਨ। ਉਹਨਾਂ ਵਿਚਕਾਰ ਬਹੁਤੀ ਗੱਲਬਾਤ ਵੀ ਨਹੀਂ ਸੀ ਹੋਈ। ਮੌਲਵੀ ਸਾਹਬ ਕੁਝ ਪੜ੍ਹ ਰਹੇ ਸਨ...ਅਖ਼ੀਰ ਉਹਨਾਂ ਮੌਜੂ ਨੂੰ ਚਲੇ ਜਾਣ ਦਾ ਇਸ਼ਾਰਾ ਕੀਤਾ। ਉਹ ਫੌਰਨ ਤੁਰ ਗਏ।
ਮੌਲਵੀ ਸਾਹਬ ਬਾਹਰਲਾ ਕੁੰਡਾ ਬੰਦ ਕਰ ਆਏ ਤੇ ਭਾਤਾਂ ਨੂੰ ਕਹਿਣ ਲੱਗੇ, ''ਅੱਜ ਦੀ ਰਾਤ ਤੂੰ ਮੇਰੀ ਏਂ...ਜਾਹ ਅੰਦਰੋਂ ਬਿਸਤਰਾ ਕੱਢ ਲਿਆ ਤੇ ਵਿਛਾ ਦੇ...ਮੈਂ ਇੱਥੇ ਈ ਪਵਾਂਗਾ।''
ਭਾਤਾਂ ਅੰਦਰੋਂ ਬਿਸਤਰਾ ਕੱਢ ਲਿਆਈ ਤੇ ਮੰਜੇ ਤੇ ਵਿਛਾਅ ਦਿੱਤਾ।
ਮੌਲਵੀ ਸਾਹਬ ਨੇ ਕਿਹਾ, ''ਬੀਵੀ, ਤੂੰ ਜ਼ਰਾ ਬੈਠ ਮੈਂ ਹੁਣੇ ਆਇਆ।'' ਤੇ ਉਹ ਕੋਠੜੀ ਅੰਦਰ ਚਲੇ ਗਏ। ਅੰਦਰ ਦੀਵਾ ਬਲ ਰਿਹਾ ਸੀ। ਇਕ ਕੋਨੇ ਵਿਚ ਭਾਂਡਿਆਂ ਵਾਲੇ ਟੋਕਰੇ ਕੋਲ ਉਹਨਾਂ ਦਾ ਕੁੱਜਾ ਪਿਆ ਹੋਇਆ ਸੀ। ਉਸਨੂੰ ਮੂੰਹ ਲਾ ਕੇ ਉਹਨਾਂ ਬਾਕੀ ਬਚੀ ਸ਼ਰਾਬ ਦੇ ਕਈ ਘੁੱਟ ਭਰੇ ਤੇ ਮੋਢਿਆਂ 'ਤੇ ਝੂਲਦੇ ਰੇਸ਼ਮੀ ਰੁਮਾਲ ਨਾਲ ਬੁੱਲ੍ਹ ਪੂੰਝੇ।
ਜਦੋਂ ਉਹ ਬਾਹਰ ਆਏ, ਭਾਤਾਂ ਮੰਜੇ ਉੱਤੇ ਬੈਠੀ ਹੋਈ ਸੀ। ਉਹਨਾਂ ਆਪਣੇ ਹੱਥ ਵਿਚ ਫੜ੍ਹੇ ਛੰਨੇ ਵਿਚ ਤਿੰਨ ਫੂਕਾਂ ਮਾਰ ਕੇ ਭਾਤਾਂ ਵੱਲ ਵਧਾਂਦਿਆਂ ਕਿਹਾ, ''ਲੈ, ਪੀ ਲੈ, ਇਹਨੂੰ।''
ਭਾਤਾਂ ਪੀ ਗਈ। ਵੱਤ ਆਉਣ ਲੱਗਿਆ ਤਾਂ ਮੌਲਵੀ ਸਾਹਬ ਨੇ ਉਸਦੀ ਪਿੱਠ ਥਾਪੜ ਦਿੱਤੀ, ''ਬਸ, ਹੁਣੇ ਠੀਕ ਹੋ ਜਾਏਂਗੀ।'' ਕੁਝ ਕੋਸ਼ਿਸ਼ ਭਾਤਾਂ ਨੇ ਕੀਤੀ ਤੇ ਕਾਫੀ ਹੱਦ ਤਕ ਉਹ ਠੀਕ ਹੋ ਗਈ।
    ੦੦੦  ੦੦੦  ੦੦੦
ਅਗਲੀ ਸਵੇਰ ਜਦੋਂ ਮੌਜੂ ਤੇ ਜੀਨਾ ਵਾਪਸ ਆਏ, ਭਾਤਾਂ ਵਿਹੜੇ ਵਿਚ ਹੀ ਸੁੱਤੀ ਹੋਈ ਸੀ। ਪਰ ਮੌਲਵੀ ਸਾਹਬ ਦਾ ਕਿਧਰੇ ਪਤਾ ਨਹੀਂ ਸੀ। ਮੌਜੂ ਨੇ ਸੋਚਿਆ 'ਬਾਹਰ' ਹੋਣ ਗਏ ਹੋਣਗੇ। ਉਸਨੇ ਭਾਤਾਂ ਨੂੰ ਹਲੁਣਿਆਂ...ਪਹਿਲਾਂ ਤਾਂ ਉਸਨੇ 'ਗੌਂ-ਗੌਂ' ਕੀਤੀ ਫੇਰ ਬੜਬੜਾਈ, 'ਜੱਨਤ...ਜੱਨਤ।' ਤੇ ਜਦੋਂ ਉਸਦੀ ਨਜ਼ਰ ਮੌਜੂ ਤੇ ਪਈ, ਉਹ ਤ੍ਰਬਕ ਕੇ ਮੰਜੇ ਉੱਤੇ ਉੱਠ ਬੈਠੀ ਹੋਈ।
ਮੌਜੂ ਨੇ ਪੁੱਛਿਆ, ''ਮੌਲਵੀ ਸਾਹਬ ਕਿੱਥੇ ਨੇ?''
ਭਾਤਾਂ ਨੂੰ ਸ਼ਾਇਦ ਅਜੇ ਪੂਰੀ ਸੁਰਤ ਨਹੀਂ ਸੀ ਆਈ, ਉਸਨੇ ਕਿਹਾ, ''ਮੌਲਵੀ ਸਾਹਬ! ਕਿਹੜੇ ਮੌਲਵੀ ਸਾਹਬ?...ਉਹ ਤਾਂ...ਉਹ ਤਾਂ, ਪਤਾ ਨਹੀਂ ਕਿੱਥੇ ਐ? ਏਥੇ ਤਾਂ ਹੈ ਨਹੀਂ।''
'ਏਥੇ ਹੈ ਨਹੀਂ?'' ਮੌਜੂ ਹੈਰਾਨ ਸੀ, ''ਮੈਂ ਦੇਖ ਕੇ ਆਉਨਾਂ ਉਹਨਾਂ ਨੂੰ...''
ਅਜੇ ਉਹ ਬਾਹਰ ਵੱਲ ਅਹੁਲਿਆ ਹੀ ਸੀ ਕਿ ਵਿਹੜੇ ਵਿਚ ਭਾਤਾਂ ਦੀ ਚੀਕ ਗੂੰਜੀ। ਪਲਟ ਕੇ ਉਸਨੇ ਵੇਖਿਆ ਕਿ ਉਹ ਸਿਰਹਾਣੇ ਹੇਠੋਂ ਕੋਈ ਚਿੱਟੀ-ਕਾਲੀ ਜਿਹੀ ਸ਼ੈ ਕੱਢ ਰਹੀ ਹੈ। ਜਦੋਂ ਸਭ ਕੁਝ ਸਾਹਮਣੇ ਆਇਆ, ਉਹ ਕੂਕੀ, ''ਇਹ ਕੀ ਐ?''
ਮੌਜੂ ਨੇ ਕਿਹਾ, ''ਵਾਲ...''
ਭਾਤਾਂ ਨੇ ਵਾਲਾਂ ਦਾ ਗੁੱਛਾ ਭੁੰਜੇ ਸੁੱਟ ਦਿੱਤਾ। ਮੌਜੂ ਉਸਨੂੰ ਚੁੱਕ ਕੇ ਗਹੁ ਨਾਲ ਵਿੰਹਦਿਆਂ ਬੜਬੜਾਇਆ, ''ਦਾੜ੍ਹੀ-ਕੇਸ !''
ਜੀਨਾ ਨੇੜੇ ਹੀ ਖੜ੍ਹੀ ਸੀ, ਅਚਾਨਕ ਉਸਦੇ ਮੂੰਹੋਂ ਨਿਕਲਿਆ, ''ਮੌਲਵੀ ਸਾਹਬ ਦੇ ਦਾੜ੍ਹੀ-ਕੇਸ...!''
ਮੰਜੇ ਉੱਤੇ ਬੈਠੀ ਭਾਤਾਂ ਢਿੱਲੀ ਜਿਹੀ ਆਵਾਜ਼ ਵਿਚ ਬੋਲੀ, ''ਹਾਂ, ਮੌਲਵੀ ਸਾਹਬ ਦੇ ਦਾੜ੍ਹੀ ਕੇਸ...''
ਮੌਜੂ ਅਜ਼ੀਬ ਛਛੋਪੰਜ ਵਿਚ ਸੀ, ''ਪਰ ਉਹ ਆਪ ਕਿੱਥੇ ਨੇ?'' ਤੇ ਫੇਰ ਝੱਟ ਉਸ ਸਿਧਰੇ ਨੇ ਆਖਿਆ, ''ਜੀਨਾ, ਭਾਤਾਂ ਤੁਸੀਂ ਨਹੀਂ ਸਮਝ ਸਕਦੀਆਂ, ਕੋਈ ਕਰਾਮਾਤ ਵਾਲੇ ਬਜ਼ੁਰਗ ਸਨ। ਸਾਡਾ ਕੰਮ ਬਣਾਅ ਗਏ...ਤੇ ਜਾਂਦੇ ਜਾਂਦੇ ਇਹ ਨਿਸ਼ਾਨੀ ਛੱਡ ਗਏ।''
ਉਸਨੇ ਵਾਲਾਂ ਦੇ ਉਸ ਗੁੱਛੇ ਨੂੰ ਚੁੱਕਿਆ, ਚੁੰਮਿਆਂ, ਅੱਖਾਂ ਨੂੰ ਲਾਇਆ ਤੇ ਜੀਨਾ ਨੂੰ ਫੜਾ ਕੇ ਬੋਲਿਆ, ''ਲੈ ਇਹਨਾਂ ਨੂੰ ਕਿਸੇ ਸਾਫ ਕੱਪੜੇ ਵਿਚ ਲਪੇਟ ਕੇ ਅੰਦਰ ਸੰਦੂਕ ਵਿਚ ਰੱਖ ਆ...ਖ਼ੁਦਾ ਦੇ ਹੁਕਮ ਨਾਲ ਘਰ ਵਿਚ ਬਰਕਤਾਂ ਹੀ ਬਰਕਤਾਂ ਰਹਿਣਗੀਆਂ...।''
ਜੀਨਾ ਅੰਦਰ ਚਲੀ ਗਈ। ਉਹ ਭਾਤਾਂ ਕੋਲ ਆਣ ਬੈਠਾ ਤੇ ਕਹਿਣ ਲੱਗਾ, ''ਹੁਣ ਮੈਂ ਨਮਾਜ਼ ਪੜ੍ਹਨੀ ਸਿੱਖਾਂਗਾ...ਤੇ ਉਸ ਬਜ਼ੁਰਗ ਖ਼ਾਤਰ ਦੁਆ ਮੰਗਿਆ ਕਰਾਂਗਾ, ਜਿਸ ਨੇ ਅਸਾਂ ਦੋਹਾਂ ਨੂੰ ਮਿਲਾ ਦਿਤੈ...।''
ਭਾਤਾਂ ਚੁੱਪ ਬੈਠੀ ਰਹੀ।
     ੦੦੦  ੦੦੦  ੦੦੦  
    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
    ਮੋਬਾਇਲ ਨੰ : 94177 30600.
    --- --- ---

No comments:

Post a Comment