Wednesday, September 22, 2010

ਸ਼ੁਕਰਾਨਾ...:: ਲੇਖਕਾ : ਉਸ਼ਾ ਰਾਜੇ ਸਕਸੇਨਾ




ਪ੍ਰਵਾਸੀ ਹਿੰਦੀ ਕਹਾਣੀ :
ਸ਼ੁਕਰਾਨਾ
ਲੇਖਕਾ : ਉਸ਼ਾ ਰਾਜੇ ਸਕਸੇਨਾ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਰੋਜ਼ ਵਾਂਗ, ਉਸ ਦਿਨ ਵੀ, ਸਵੇਰੇ ਸਾਢੇ ਛੇ ਵਜੇ ਮੇਰੀ ਅੱਖ ਤਾਂ ਖੁੱਲ੍ਹ ਗਈ, ਪਰ ਦੇਹ ਅਲਸਾਈ ਰਹੀ। ਬਿਸਤਰਾ ਛੱਡਣ ਨੂੰ ਮਨ ਈ ਨਹੀਂ ਸੀ ਕਰ ਰਿਹਾ। ਅਚਾਨਕ ਚੇਤਾ ਆਇਆ, ਸਵਾ ਅੱਠ ਵਜੇ ਫਿਓਨਾ ਨੂੰ ਇੰਸ਼ੋਰੇਂਸ ਦੇ ਸਿਲਸਿਲੇ ਵਿਚ ਉਸਦੇ ਦਫ਼ਤਰ ਵਿਚ ਮਿਲਣਾ ਏਂ ਮੈਂ—ਹੁਣ ਭਾਵੇਂ ਦੇਹ ਅਲਸਾਏ, ਭਾਵੇਂ ਮਨ, ਉਠਣਾ ਈ ਪਏਗਾ। ਕਿਵੇਂ ਨਾ ਕਿਵੇਂ ਸਰੀਰ ਨੂੰ ਪੈਰਾਂ ਉੱਤੇ ਘਸੀਟਦੀ ਹੋਈ ਸ਼ਾਵਰ ਹੇਠ ਲੈ ਆਈ। ਸ਼ਾਵਰ ਦੀ ਤਿੱਖੀ ਧਾਰ ਵਾਲੇ ਗੁਣਗੁਣੇ ਪਾਣੀ ਨੇ ਸਰੀਰ ਨੂੰ ਗੁਦਗੁਦਾਇਆ ਤਾਂ ਸਾਰੀ ਖੁਮਾਰੀ ਇਕ ਛਿਣ ਵਿਚ ਛੂ-ਮੰਤਰ ਹੋ ਗਈ। ਫੇਰ ਮੈਂ ਵੀਹ ਮਿੰਟਾਂ ਵਿਚ ਈ ਆਪਣੀ ਪੂਰੀ ਫਾਰਮ ਵਿਚ ਸਾਂ।
ਠੀਕ ਸਵਾ ਸੱਤ ਵਜੇ ਮੈਂ ਘਰ ਦਾ ਦਰਵਾਜ਼ਾ ਬੰਦ ਕੀਤਾ ਤੇ ਗੇਟੋਂ ਬਾਹਰ ਨਿਕਲ ਆਈ।
ਸੜਕ ਦੇ ਦੋਵੇਂ ਪਾਸੀਂ ਕਾਲੇ ਬੈਗਾਂ ਦੇ ਢੇਰ ਬੜੇ ਢੰਗ ਨਾਲ ਲਾਏ ਹੋਏ ਸਨ। ਅਗਲੇ ਮੋੜ ਉੱਤੇ ਖੜ੍ਹੀ ਕੁੜਾ ਗੱਡੀ, ਆਰਾ ਮਸ਼ੀਨ ਵਾਂਗ ਸ਼ੋਰ ਮਚਾ ਰਹੀ ਸੀ। ਡਸਟਬਿਨ-ਮੈਨ ਬੜੀ ਮੁਸ਼ਤੈਦੀ ਨਾਲ ਗਮਬੂਟ ਤੇ ਰਬੜ ਦੇ ਦਸਤਾਨੇ ਪਾਈ ਕੁੜਾ ਚੁੱਕ-ਚੁੱਕ ਵੈਨ ਵਿਚ ਸੁੱਟੀ ਜਾ ਰਹੇ ਸਨ। ਗੱਡੀ ਵਿਚ ਲੱਗੀ ਕੂੜਾ-ਮਸ਼ੀਨ ਕੂੜੇ ਵਾਲੇ ਬੈਗਾਂ ਨੂੰ ਕਿਸੇ ਦੈਂਤ ਵਾਂਗ ਨਿਗਲਦੀ ਜਾ ਰਹੀ ਸੀ। ਵਿੰਹਦਿਆਂ-ਵਿੰਹਦਿਆਂ ਸੜਕ ਸਾਫ ਹੋ ਜਾਏਗੀ। ਫੇਰ ਹਫ਼ਤੇ ਭਰ ਲਈ ਘਰਾਂ ਵਿਚ ਕੂੜਾ ਇਕੱਠਾ ਹੋਏਗਾ। ਉਸਨੂੰ ਛੋਟੇ-ਛੋਟੇ ਬੈਗਾਂ ਵਿਚ ਪਾ ਦਿੱਤਾ ਜਾਏਗਾ, ਮੰਗਲ ਦੀ ਰਾਤ ਨੂੰ ਘਰ ਵਾਲੇ ਉਹਨਾਂ ਬੈਗਾਂ ਨੂੰ ਇਕੱਠਾ ਕਰਕੇ ਰੱਸੀ ਨਾਲ ਬੰਨ੍ਹਣਗੇ ਤੇ ਸੜਕ ਦੇ ਕਿਨਾਰੇ ਡਸਟਬਿਨ-ਮੈਨ ਲਈ ਸਜ਼ਾ ਕੇ ਰੱਖ ਦੇਣਗੇ।...ਤੇ ਇਹ ਸਿਲਸਿਲਾ ਚਲਦਾ ਰਹੇਗਾ।
ਅਜੇ ਮੈਂ ਇਹ ਸੋਚ ਈ ਰਹੀ ਸਾਂ ਕਿ ਕਿਸੇ ਨੇ ਪਿੱਛੋਂ ਆਵਾਜ਼ ਮਾਰੀ, “ਐਕਸਕਿਊਜ਼ ਮੀ ਮਿਸੇਜ਼...” ਮੈਂ ਭੌਂ ਕੇ ਦੇਖਿਆ, ਆਵਾਜ਼ ਡਸਟਬਿਨ-ਮੈਨ ਦੇ ਪਹਿਰਾਵੇ ਨਾਲ ਮੈਚ ਨਹੀਂ ਸੀ ਕਰ ਰਹੀ ਕਿਉਂਕਿ ਆਵਾਜ਼ ਜ਼ਨਾਨਾ ਸੀ।
“ਕਿਉਂ ਕੀ ਗੱਲ ਏ?” ਮੈਂ ਆਪਣੀ ਹੈਰਾਨੀ ਉੱਤੇ ਕਾਬੂ ਰੱਖਦਿਆਂ ਕਿਹਾ।
“ਤੁਹਾਡੇ ਨਾਲ ਕੋਈ ਗੱਲ ਕਰਨੀ ਏ।” ਡਸਬਿਨ-ਮੈਨ ਦੀ ਪੁਸ਼ਾਕ ਵਿਚ ਖੜ੍ਹੀ ਲੰਮੀ-ਝੰਮੀ ਉਸ ਮੁਟਿਆਰ ਨੇ ਕਿਹਾ।
“ਮੈਂ ਜ਼ਰਾ ਜਲਦੀ 'ਚ ਆਂ, ਬ੍ਰਿਕਸਟਨ 'ਚ ਮੇਰੀ ਕਿਸੇ ਨਾਲ ਅਪਾਇੰਟਮੈਂਟ ਏ।”
ਉਹ ਜ਼ਰਾ ਕੁ ਹੱਸੀ। ਡਸਟਬਿਨ-ਮੈਨ ਦੇ ਉਹਨਾਂ ਕੱਪੜਿਆਂ ਵਿਚੋਂ ਆਉਂਦਾ ਉਹ ਮਸਤ ਹਾਸਾ ਬੜਾ ਭਲਾ ਲੱਗਿਆ।
“ਉਹ ਗੱਲ ਨਹੀਂ, ਤੁਸੀਂ ਸ਼ਾਇਦ ਮੈਨੂੰ ਪਛਾਣਿਆ ਨਹੀਂ!” ਉਸਦੀ ਆਵਾਜ਼ ਕੁਝ ਥਿੜਕੀ ਤੇ ਧੀਮੀ ਹੋ ਗਈ, “ਮੈਂ ਸ਼ੁਕਰਾਨਾ ਆਂ।”

ਅੱਜ ਤੋਂ ਠੀਕ ਛੇ ਵਰ੍ਹੇ ਪਹਿਲਾਂ ਦੀ ਗੱਲ ਏ, ਮੇਰੇ ਦੋਵਾਂ ਬੱਚਿਆਂ ਦੇ 'ਏ' ਤੇ 'ਓ' ਲੇਵਲ ਦੇ ਇਮਤਿਹਾਨ ਅਗਲੇ ਸਾਲ ਹੋਣੇ ਸੀ। ਸੁਚੇਤ ਹਿੰਦੁਸਤਾਨੀ ਮਾਂ ਹੋਣ ਦੇ ਨਾਤੇ ਮੇਰਾ ਖ਼ਿਆਲ ਸੀ ਕਿ ਉਹਨਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਵਿਚ ਘਰੇ ਬੈਠ ਕੇ ਪੜ੍ਹਾਈ ਕਰਨੀ ਚਾਹੀਦੀ ਏ। ਪਰ ਉਹਨਾਂ ਮੇਰੀ ਇਕ ਨਹੀਂ ਸੀ ਮੰਨੀ। ਦੋਵਾਂ ਨੇ ਹੈਰਡਸ ਡਿਪਾਰਟਮੈਂਟਲ ਸਟੋਰ ਵਿਚ ਨੌਕਰੀ ਦੇ ਨਾਲ-ਨਾਲ ਸ਼ਾਮ ਨੂੰ ਕੈਰੇਬੀਅਨ ਕਾਰਨੀਵਾਲ ਸ਼ੌ ਵਿਚ ਡਾਂਸ ਦੀ ਰਿਹਰਸਲ ਵੀ ਸ਼ੁਰੂ ਕਰ ਦਿੱਤੀ ਸੀ। ਉਸ ਦਿਨ ਮੈਂ 'ਉਹਨਾਂ' ਨੂੰ ਛੱਡਣ ਏਅਰ ਪੋਰਟ ਜਾਣਾ ਸੀ। ਦੋਵਾਂ ਬੱਚਿਆਂ ਨੇ ਮਿੰਨਤ ਜਿਹੀ ਕੀਤੀ ਕਿ ਡੈਡੀ ਨੂੰ ਏਅਰ ਪੋਰਟ ਛੱਡ ਕੇ ਸਿੱਧੇ ਘਰ ਜਾਣ ਦੀ ਬਜਾਏ ਪੋਰਟੋਬੇਲੋ ਪਹੁੰਚ ਜਾਵਾਂ...ਕਿਉਂਕਿ ਉਸ ਦਿਨ ਉਹਨਾਂ ਦੇ ਕਾਰਨੀਵਾਲ ਦਾ ਸਭ ਤੋਂ ਵੱਡਾ ਸ਼ੌ ਹੋਣਾ ਏਂ। ਬੱਚਿਆਂ ਨੇ ਸਾਢੇ-ਛੇ ਸੱਤ ਵਜੇ ਦੇ ਕਰੀਬ ਆਉਣਾ ਸੀ। ਹੁਣ ਇਹ ਇਕ ਘੰਟਾ ਕਿੰਜ ਬਿਤਾਇਆ ਜਾਏ!...ਮੈਂ ਅਜੇ ਉੱਥੇ ਖੜ੍ਹੀ ਇਹ ਸੋਚ ਈ ਰਹੀ ਸਾਂ ਕਿ ਗੱਡੀ ਵਿਚ ਬੈਠ ਕੇ ਰੇਡੀਓ ਸੁਣਦੀ ਰਹਾਂ ਜਾਂ ਬਾਹਰ ਮੈਦਾਨ ਵਿਚ ਟਹਿਲਦੀ ਹੋਈ ਸਮਾਂ ਬਿਤਾਵਾਂ? ਉਦੋਂ ਈ ਇਕ ਬਾਰ੍ਹਾਂ-ਤੇਰ੍ਹਾਂ ਸਾਲਾਂ ਦੀ ਲੰਮਢੀਂਗ ਜਿਹੀ ਕੁੜੀ, ਢਿੱਲਾ ਜਿਹਾ ਫਰਾਕ ਪਾਈ, ਆਪਣੇ ਛੋਟੇ ਭਰਾ ਦਾ ਹੱਥ ਫੜ੍ਹ ਕੇ ਟਹਿਲਦੀ ਹੋਈ ਨਜ਼ਰ ਆਈ।
ਕੁੜੀ ਨੂੰ ਵੀ ਸ਼ਾਇਦ ਮੈਨੂੰ ਉੱਥੇ ਵੇਖ ਕੇ ਕੁਝ ਹੈਰਾਨੀ ਹੋਈ ਸੀ। ਉਹ ਆਪਣੇ ਭਰਾ ਨਾਲ ਹੌਲੀ-ਹੌਲੀ ਤੁਰਦੀ ਹੋਈ ਮੈਥੋਂ ਕੁਝ ਫਾਸਲੇ ਉੱਤੇ ਆਣ ਕੇ ਰੁਕ ਗਈ ਤੇ ਮੇਰਾ ਨਿਰੀਖਣ ਕਰਦੀ ਰਹੀ। ਮੈਂ ਇਸ਼ਾਰੇ ਨਾਲ ਉਸਨੂੰ ਕੋਲ ਬੁਲਾਇਆ। ਸ਼ਾਇਦ ਉਹ ਮੇਰੇ ਬੁਲਾਵੇ ਦੀ ਉਡੀਕ ਈ ਕਰ ਰਹੀ ਸੀ। ਮੈਂ ਉਸਨੂੰ ਪੁੱਛਿਆ, “ਕੀ ਤੂੰ ਏਥੇ ਈ ਰਹਿੰਦੀ ਏਂ?” ਉਸਨੇ ਕੁਝ ਪਲ ਮੈਨੂੰ ਉੱਪਰੋਂ ਹੇਠਾਂ ਤੀਕ ਅਜੀਬ ਜਿਹੀਆਂ ਨਜ਼ਰਾਂ ਨਾਲ ਵੇਖਿਆ ਫੇਰ 'ਹਾਂ' ਵਿਚ ਸਿਰ ਹਿਲਾਉਂਦਿਆਂ ਹੋਇਆਂ ਕਿਹਾ, “ਤੁਸੀਂ ਤਾਂ ਇੱਥੋਂ ਦੇ ਬਿਲਕੁਲ ਨਹੀਂ ਲੱਗਦੇ? ਰਸਤਾ ਭੁੱਲ ਗਏ ਓ ਕਿ?” ਉਸਦੇ ਸਵਾਲ ਪੁੱਛਣ ਦੇ ਢੰਗ ਉੱਤੇ ਮੈਨੂੰ ਹਾਸੀ ਆ ਗਈ। ਉਸਦੀ ਅੰਗਰੇਜ਼ੀ ਦੱਸ ਰਹੀ ਸੀ ਕਿ ਖ਼ੁਦ ਉਸਨੂੰ ਇਸ ਮੁਲਕ ਵਿਚ ਆਇਆਂ ਸਾਲ ਦੋ ਸਾਲ ਤੋਂ ਵੱਧ ਨਹੀਂ ਹੋਏ।
ਮੈਂ ਮਜ਼ਾ ਲੈਂਦਿਆਂ ਹੋਇਆਂ ਕਿਹਾ, “ਹਾਂ, ਗੱਲ ਤਾਂ ਠੀਕ ਏ ਪਰ ਪਹਿਲਾਂ ਇਹ ਦੱਸ ਬਈ ਏਥੇ ਕੋਈ ਡੀਸੈਂਟ ਕੈਫ਼ੇ ਹੈ?”
“ਹਾਂ-ਹਾਂ ਹੈ, ਹੈ ਕਿਉਂ ਨਹੀਂ? ਮੈਂ ਇਕ ਕੈਫ਼ੇ ਜਾਣਦੀ ਆਂ ਜਿਹੜਾ ਬੜਾ ਚੰਗਾ ਏ। ਉੱਥੇ ਵੱਡੇ-ਵੱਡੇ ਅੰਗਰੇਜ਼ ਲੋਕ ਕਾਫੀ ਪੀਣ ਆਉਂਦੇ ਨੇ।” ਤੇ ਉਹ ਮੈਨੂੰ ਆਪਣੇ ਨਾਲ ਲੈ ਕੇ ਇਕ ਪਾਸੇ ਤੁਰ ਪਈ ਜਿਵੇਂ ਮੈਂ ਸੱਚਮੁੱਚ ਈ ਕੋਈ ਭੁੱਲਿਆ-ਭਟਕਿਆ ਰਾਹੀ ਹੋਵਾਂ। ਥੋੜ੍ਹੀ ਦੇਰ ਵਿਚ ਅਸੀਂ ਇਕ ਰੋਡ-ਸਾਈਡ ਕੈਫ਼ੇ ਦੇ ਸਾਹਮਣੇ ਖੜ੍ਹੇ ਸਾਂ। ਕੈਫ਼ੇ ਕੀ ਸੀ, ਸੜਕ ਉੱਤੇ ਬਣੀਆ ਕਈ ਛੋਟੀਆਂ-ਛੋਟੀਆਂ ਦੁਕਾਨਾਂ ਵਿਚਕਾਰ ਇਕ ਗੂੜ੍ਹੇ ਨੀਲੇ ਰੰਗ ਦਾ ਕਮਰਾ, ਜਿਸ ਦੇ ਬਾਹਰ ਬੇਕਨ ਤੇ ਸਾਸੇਜ ਦੇ ਤਲੇ ਜਾਣ ਦੀ ਤਿੱਖੀ ਗੰਧ ਫੈਲੀ ਹੋਈ ਸੀ।
ਮੈਂ ਉਸਨੂੰ ਕਿਹਾ, “ਨਾ ਬਈ, ਏਥੇ ਨਹੀਂ।” ਉਸਨੂੰ ਕੁਛ ਨਿਰਾਸ਼ਾ ਹੋਈ। ਉਦੋਂ ਈ ਮੈਨੂੰ ਹਸਪਤਾਲ ਦਾ ਨਿਸ਼ਾਨ ਦਿਸ ਪਿਆ, ਮੈਂ ਉਸਨੂੰ ਕਿਹਾ, “ਚੱਲੋ ਓਥੇ ਚੱਲਦੇ ਆਂ। ਓਥੇ ਸਾਫ-ਸੁਥਰਾ ਤੇ ਚੰਗਾ ਕੈਫ਼ੇ ਹੋਏਗਾ। ਖਾਣ-ਪੀਣ ਲਈ ਖਾਸੀ ਵਰਾਇਟੀ ਵੀ ਹੋਏਗੀ।” ਏਡੀ ਵੱਡੀ ਜਗ੍ਹਾ ਬਾਰੇ ਸੁਣ ਕੇ ਉਸਨੂੰ ਘਬਰਾਹਟ ਜਿਹੀ ਹੋਣ ਲੱਗ ਪਈ, ਪਰ ਉਹ ਮੇਰੇ ਪਿੱਛੇ-ਪਿੱਛੇ ਤੁਰ ਪਈ। ਜਗ੍ਹਾ-ਜਗ੍ਹਾ ਲੱਗੇ ਸਾਈਨ ਬੋਰਡਾਂ ਦੇ ਸਹਾਰੇ ਮੈਨੂੰ ਕੈਫ਼ੇ ਲੱਭਣ ਵਿਚ ਕੋਈ ਦਿੱਕਤ ਨਹੀਂ ਸੀ ਹੋ ਰਹੀ...ਤੇ ਉਹ ਆਪਣੇ ਗਿਰਦ ਬਣਾਏ ਹੋਏ ਵੱਡੇ ਵਿਅਕਤੀਤਵ ਦੇ ਘੇਰੇ ਵਿਚੋਂ ਸਹਿਜੇ-ਸਹਿਜੇ ਬਾਹਰ ਆ ਰਹੀ ਸੀ। ਕਿਉਂਕਿ ਇਸ ਕਿਸਮ ਦੇ ਵਾਤਾਵਰਣ ਤੋਂ ਉਹ ਪੂਰੀ ਤਰ੍ਹਾਂ ਅਣਜਾਣ ਸੀ। ਮੁੱਕਦੀ ਗੱਲ ਇਹ ਕਿ ਉਹ ਮੇਰੇ ਨਾਲ-ਨਾਲ ਬਿਲਕੁਲ ਮੁਰਗੀ ਦੇ ਚੂਚੇ ਵਾਂਗ ਚਿਪਕੀ ਹੋਈ ਤੁਰ ਰਹੀ ਸੀ। ਉਸਦਾ ਭਰਾ ਉਸਦੇ ਨਾਲ ਚਿਪਕਿਆ ਹੋਇਆ ਸੀ। ਕੈਫ਼ੇ ਸੈਲਫ਼ ਸਰਵਿਸ ਸੀ। ਮੈਂ ਟ੍ਰੇ ਵਿਚ ਤਿੰਨ ਕੱਪ ਕਾਫੀ ਤੇ ਤਿੰਨ ਟੁਕੜੇ ਬਲੈਕ ਫਾਰੇਸਟ ਗੈਓ ਰੱਖਿਆ, ਪੇਮੈਂਟ ਕਰਨ ਪਿੱਛੋਂ ਕਾਂਟੇ, ਛੁਰੀਆਂ, ਚੱਮਚ ਤੇ ਨੈਪਕਿਨ ਵੀ ਰੱਖੇ। ਉਹ ਹੈਰਾਨ, ਬੁੱਤ ਬਣੀ ਸਭ ਕੁਝ ਦੇਖਦੀ ਰਹੀ। ਮੈਂ ਕਾਫੀ ਵਿਚ ਚੀਨੀ ਨਹੀਂ ਲੈਂਦੀ ਇਸ ਲਈ ਚੀਨੀ ਦੇ ਸੈਸ਼ੇ ਰੱਖਣੇ ਭੁੱਲ ਗਈ। ਟੇਬਲ 'ਤੇ ਬੈਠਦਿਆਂ ਈ ਮੈਨੂੰ ਧਿਆਨ ਆਇਆ ਕਿ ਬੱਚਿਆਂ ਨੂੰ ਤਾਂ ਚੀਨੀ ਚਾਹੀਦੀ ਹੋਏਗੀ। ਸੋ ਮੈਂ ਕੁੜੀ ਨੂੰ ਕਿਹਾ, “ਜਾ ਕੇ ਆਪਣੇ ਤੇ ਭਰਾ ਲਈ ਚੀਨੀ ਲੈ ਆ। ਦੇਖ ਉੱਥੇ ਉਸ ਡੱਬੇ ਵਿਚ ਸਫੇਦ ਤੇ ਭੂਰੀ ਚੀਨੀ ਦੇ ਸੈਸ਼ੇ ਰੱਖੇ ਹੋਏ ਨੇ। ਕਾਫੀ ਵਿਚ ਬਹੁਤੇ ਲੋਕ ਭੂਰੀ ਚੀਨੀ ਪਾਉਂਦੇ ਨੇ ਪਰ ਤੈਨੂੰ ਜੇ ਸਫੇਦ ਚੀਨੀ ਚੰਗੀ ਲੱਗੇ ਤਾਂ ਉਹੀ ਲੈ ਆਵੀਂ...ਨਹੀਂ ਤਾਂ, ਦੋਵੇਂ ਈ ਲੈ ਆਵੀਂ। ਤੂੰ ਪੜ੍ਹ ਤਾਂ ਸਕਦੀ ਏਂ ਨਾ?” ਅਜੇ ਤਕ ਮੈਂ ਉਸਨੂੰ ਉਸਦੀ ਪੜ੍ਹਾਈ ਬਾਬਤ ਕੁਛ ਨਹੀਂ ਸੀ ਪੁੱਛਿਆ। ਉਸਨੇ ਹਾਂ ਵਿਚ ਸਿਰ ਹਿਲਾਇਆ ਪਰ ਉਹ ਉਠੀ ਨਹੀਂ। ਸ਼ਾਇਦ ਉਸਦਾ ਆਤਮ-ਵਿਸ਼ਵਾਸ ਡੋਲ ਰਿਹਾ ਸੀ ਜਾਂ ਫੇਰ ਉਹ ਅੰਗਰੇਜ਼ੀ ਵਿਚ ਸਾਖਰ ਨਹੀਂ ਸੀ।
ਮੈਨੂੰ ਉਸਦਾ ਮਨੋਵਿਗਿਆਨ ਕੁਛ-ਕੁਛ ਸਮਝ ਆ ਰਿਹਾ ਸੀ। ਅਖ਼ੀਰ ਉਸਦੇ ਮੋਢੇ ਉੱਤੇ ਪਿਆਰ ਨਾਲ ਹੱਥ ਰੱਖਦਿਆਂ ਹੋਇਆਂ ਮੈਂ ਕਿਹਾ, “ਆ ਮੇਰੇ ਨਾਲ ਆ। ਚੀਨੀ ਦੇ ਕੋਈ ਪੈਸੇ ਨਹੀਂ ਦੇਣੇ ਪੈਂਦੇ। ਤੁਸੀਂ ਜਿੰਨੀ ਚਾਹੋ ਆਪਣੀ ਕਾਫੀ ਵਿਚ ਪਾ ਸਕਦੇ ਓ।” ਉਸਦੀਆਂ ਅੱਖਾਂ ਵਿਚ ਤੇ ਚਿਹਰੇ ਉੱਤੇ ਆਈ ਖੁਸ਼ੀ ਦੀ ਚਮਕ ਮੈਨੂੰ ਚੰਗੀ ਲੱਗ ਰਹੀ ਸੀ। ਮੇਰੇ ਆਪਣੇ ਅੰਦਰ ਇਕ ਨੇਕ ਅਹਿਸਾਸ ਦਾ ਜਨਮ ਹੋ ਰਿਹਾ ਸੀ।
“ਤ-ਤੁਸੀਂ ਇਹ ਕੇਕ ਤੇ ਕਾਫੀ ਸਾਡੇ ਲਈ ਖਰੀਦਿਆ ਏ?”
“ਹਾਂ, ਅੱਜ ਤੁਸੀਂ ਮੇਰੇ ਮਹਿਮਾਨ ਓ। ਖਾਣਾ ਖਾਓਗੇ?” ਮੈਨੂੰ ਉਸ ਬੱਚੀ ਦੇ ਹਾਵਭਾਵ ਤੇ ਗੱਲਬਾਤ ਦੇ ਤਰੀਕੇ ਵਿਚ ਆਨੰਦ ਜਿਹਾ ਆਉਣ ਲੱਗਾ।
“ਹਾਂ, ਜੇ ਤੁਸੀਂ ਖਾਓਗੇ ਤਾਂ।”
“ਓ ਨਹੀਂ, ਮੈਂ ਤਾਂ ਵੈਸੇ ਵੀ ਘੱਟ ਈ ਖਾਂਦੀ ਆਂ ਉਹ ਤਾਂ ਟਾਈਮ ਪਾਸ ਕਰਨ ਲਈ ਕੈਫ਼ੇ ਲੱਭ ਰਹੀ ਸਾਂ। ਫੇਰ ਹੁਣ ਤੁਸੀਂ ਮਿਲ ਗਏ ਓ ਤਾਂ ਚੰਗਾ ਲੱਗ ਰਿਹਾ ਏ। ਮੈਨੂੰ ਬੱਚੇ ਚੰਗੇ ਲੱਗਦੇ ਨੇ ਤੇ ਤੂੰ ਤਾਂ ਬੜੀ ਹੀ ਚੰਗੀ ਕੁੜੀ ਏਂ।”
ਪਲ ਭਰ ਲਈ ਉਸਦੀਆਂ ਅੱਖਾਂ ਵਿਚ ਉਦਾਸੀ ਤੈਰ ਗਈ। ਫੇਰ ਚਹਿਕਦੀ ਹੋਈ ਬੋਲੀ, “ਕਿਉਂ, ਕੀ ਤੁਹਾਡੇ ਕੋਈ ਬੱਚਾ ਨਹੀਂ?”
“ਹੈ ਕਿਉਂ ਨਹੀਂ, ਉਹ ਜਿਹੜਾ ਕਾਰਨੀਵਾਲ ਹੋ ਰਿਹਾ ਏ, ਉਸ ਵਿਚ ਉਹ ਲੋਕ ਡਾਂਸ ਕਰ ਰਹੇ ਨੇ ਨਾ। ਉਹੀ ਤਾਂ ਦੇਖਣ ਆਈ ਆਂ।” ਮੈਂ ਖਿੜ ਕੇ ਕਿਹਾ।
“ਓਹ ਹਾਂ, ਅੱਛਾ! ਤਾਂ ਤੁਹਾਡੀ ਕੁੜੀ ਏ। ਤੁਹਾਡੇ ਵਰਗੀ ਈ ਲੱਗਦੀ ਏ। ਮੋਢਿਆਂ ਤਕ ਕਾਲੇ ਵਾਲ ਨੇ ਉਸਦੇ। ਉਹ ਵੀ ਤੁਹਾਡੇ ਵਾਂਗਰ ਬੜੀ ਚੰਗੀ ਏ।”
“ਅੱਛਾ, ਤੂੰ ਉਸਨੂੰ ਜਾਣਦੀ ਏਂ?”
“ਹਾਂ-ਹਾਂ, ਉਹ ਤਾਂ ਮੇਰੀ ਦੋਸਤ ਏ।”
ਉਹ ਥੋੜ੍ਹੀ ਦੇਰ ਮੇਰੇ ਵੱਲ ਵਿੰਹਦੀ ਰਹੀ। ਉਸਦੇ ਚਿਹਰੇ ਤੋਂ ਸਾਫ ਜ਼ਾਹਰ ਹੋ ਰਿਹਾ ਸੀ ਕਿ ਉਹ ਅੰਦਰੇ-ਅੰਦਰ ਇਹ ਫੈਸਲਾ ਕਰ ਰਹੀ ਏ ਕਿ ਸੱਚ ਬੋਲਣ ਵਿਚ ਵਧੇਰੇ ਲਾਭ ਹੈ ਜਾਂ ਝੂਠ ਬੋਲਣ ਵਿਚ। ਨਾਲ ਈ ਮੈਂ ਇਹ ਵੀ ਨੋਟ ਕੀਤਾ ਕਿ ਜਿਹਨਾਂ ਸਵਾਲਾਂ ਦੇ ਉਤਰ ਉਹ ਨਹੀਂ ਦੇਣੇ ਚਾਹੁੰਦੀ, ਉਹਨਾਂ ਦੀ ਜਗ੍ਹਾ ਉਹ ਬਿਨਾਂ ਝਿਜਕ ਪ੍ਰਤੀ ਉਤਰ ਵਿਚ ਸਵਾਲ ਕਰ ਲੈਂਦੀ ਏ। ਮੇਰੇ ਸਵਾਲ ਦੇ ਜਵਾਬ ਵਿਚ, ਇਸ ਵਾਰੀ ਫੇਰ ਉਸਨੇ ਮੈਨੂੰ ਇਕ ਮੋਹਕ ਸਵਾਲ ਕੀਤਾ...:
“ਤੁਸੀਂ ਅਮੀਰ ਓ?”
ਮੈਂ ਕਿਹਾ, “ਨਹੀਂ, ਮੈਂ ਮਾਂ ਆਂ...ਮੇਰੇ ਦੋ ਬੱਚੇ ਨੇ ਜਿਹੜੇ ਤੈਥੋਂ ਵੱਡੇ ਨੇ। ਅਗਲੇ ਸਾਲ ਕਾਲਜ ਦੀ ਪੜ੍ਹਾਈ ਸ਼ੁਰੂ ਕਰ ਦੇਣਗੇ।”
“ਅੱਛਾ।” ਉਹ ਮੁਸਕੁਰਾਈ। ਉਸਦੀ ਮੁਸਕੁਰਾਹਟ ਵਿਚ ਬੱਚਿਆਂ ਵਾਲੀ ਚਤੁਰਾਈ ਦੇ ਨਾਲ-ਨਾਲ ਅਹਿਸਾਨਮੰਦੀ ਦੇ ਆਸਾਰ ਵੀ ਸਨ। ਕੁਝ ਚਿਰ ਚੁੱਪ ਰਹਿਣ ਪਿੱਛੋਂ ਉਸਨੇ ਸਿੱਧਾ ਮੇਰੀਆਂ ਅੱਖਾਂ ਵਿਚ ਦੇਖਿਆ ਤੇ ਕਿਹਾ, “ਮੇਰਾ ਖ਼ਿਆਲ ਏ, ਤੁਸੀਂ ਅਮੀਰ ਤੇ ਨੇਕਦਿਲ ਦੋਵੇਂ ਓ। ਮੈਨੂੰ ਆਦਮੀ ਦੀ ਚੰਗੀ ਪਛਾਣ ਏਂ।”
ਪਲੇਟ ਵਿਚ ਪਏ ਹੋਏ ਮਟਨ ਦੇ ਆਖ਼ਰੀ ਟੁਕੜੇ ਨੂੰ ਕਾਂਟੇ ਵਿਚ ਫਸਾ ਕੇ ਮੂੰਹ ਵਿਚ ਪਾਂਦਿਆਂ ਉਹ ਛਿਣ ਕੁ ਲਈ ਰੁਕੀ, ਫੇਰ ਮੇਰੇ ਵੱਲ ਭੌਂ ਕੇ ਬੋਲੀ...:
“ਮੈਂ ਏਸ ਛੋਟੀ ਜਿਹੀ ਉਮਰ ਵਿਚ ਦੁਨੀਆਂ ਦਾ ਬਡਰੂਪ ਵੇਖਿਆ ਏ, ਯੁੱਧ ਦੀ ਤਬਾਹੀ ਦੇਖੀ ਏ। ਇਨਸਾਨ ਨੂੰ ਦਰਿੰਦਾ ਬਣਿਆ ਦੇਖਿਆ ਏ। ਕੰਨ ਪਾੜਵੀਆਂ ਤੋਪ ਗੋਲਿਆਂ ਤੇ ਬੰਦੂਕਾਂ ਦੀਆਂ ਆਵਾਜ਼ਾਂ ਸੁਣੀਆ ਨੇ। ਲਾਸ਼ਾਂ ਤੇ ਲਹੂ ਨਾਲ ਰੰਗੀ ਧਰਤੀ, ਬਲਾਤਕਾਰ, ਨਫ਼ਰਤ-ਪ੍ਰੇਮ, ਜਨਮ-ਮਰਨ ਸਭੋ ਕੁਝ ਦੇਖ ਲਿਆ ਏ।” ਉਸਦੀਆਂ ਚਮਕਦੀਆਂ ਹੋਈਆਂ ਹਰੀਆਂ ਅੱਖਾਂ ਅਚਾਨਕ ਯਾਦਾਂ ਦੇ ਸਿਆਹ ਪ੍ਰਛਾਵਿਆਂ ਸਦਕਾ ਕਾਲਿਆ ਗਈਆਂ।
ਉਹ ਆਪਣੇ ਹਿੱਸੇ ਦਾ ਖਾਣਾ ਖਾ ਚੁੱਕੀ ਸੀ। ਤੇ ਆਪਣੀ ਭਾਸ਼ਾ ਵਿਚ ਵਾਰੀ-ਵਾਰੀ ਆਪਣੇ ਛੋਟੇ ਭਰਾ ਨੂੰ ਸ਼ਾਇਦ ਸਮਝਾ ਰਹੀ ਸੀ ਕਿ ਅਜਿਹਾ ਖਾਣਾ ਰੋਜ਼-ਰੋਜ਼ ਨਹੀਂ ਮਿਲਦਾ। ਇਸ ਲਈ ਉਸਨੂੰ ਇਹ ਸਭ ਕੁਝ ਖਾ ਲੈਣਾ ਚਾਹੀਦਾ ਏ ਜੋ ਉਸਦੀ ਪਲੇਟ ਵਿਚ ਏ। ਹੁਣ ਭਰਾ ਤੋਂ ਹੋਰ ਖਾਧਾ ਨਹੀਂ ਸੀ ਜਾ ਰਿਹਾ। ਫੇਰ ਅਜੇ ਪੁਡਿੰਗ ਤੇ ਕਾਫੀ ਵੀ ਪਏ ਸਨ। ਮੈਂ ਉਸਦੀ ਮਨ-ਸਥਿਤੀ ਸਮਝਦਿਆਂ ਹੋਇਆਂ ਕਿਹਾ, “ਕੀ ਤੂੰ ਬਾਕੀ ਦਾ ਖਾਣਾ ਘਰ ਲਿਜਾਣਾ ਚਾਹੁੰਦੀ ਏਂ?” ਉਸਦੀਆਂ ਅੱਖਾਂ ਵਿਚ ਕੁਝ ਸ਼ਰਮਿੰਦਗੀ ਤੇ ਕੁਝ ਤਰਲਾ ਜਿਹਾ ਨਜ਼ਰ ਆਇਆ। ਫੇਰ ਉਸਨੇ ਅੰਗਰੇਜ਼ ਵੇਟਰ ਤੇ ਕੁੱਕ ਵੱਲ ਵਿੰਹਦਿਆਂ ਹੋਇਆਂ ਕਿਹਾ, “ਇੰਜ ਕਰਨ ਨਾਲ ਉਹ ਲੋਕ ਮੈਨੂੰ ਤੇ ਮੇਰੇ ਭਰਾ ਨੂੰ ਰੇਸਤਰਾਂ 'ਚੋਂ ਕੱਢ ਤਾਂ ਨਹੀਂ ਦੇਣਗੇ ਨਾ...” ਮੈਨੂੰ ਉਸਦੀ ਸਾਵਧਾਨੀ ਚੰਗੀ ਲੱਗੀ। ਮੈਂ ਕਿਹਾ, “ਨਹੀਂ, ਅਸੀਂ ਮੁਫ਼ਤ ਖਾਣਾ ਨਹੀਂ ਖਾਧਾ। ਪੂਰੇ ਪੈਸੇ ਦਿੱਤੇ ਨੇ। ਅਸੀਂ ਆਪਣਾ ਖਾਣਾ ਖਾਈਏ ਜਾਂ ਘਰ ਲੈ ਜਾਈਏ, ਉਹਨਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ। ਮੈਂ ਹੁਣੇ ਇਕ ਕੈਰੀ-ਬੈਗ ਦਾ ਇੰਤਜ਼ਾਮ ਕਰਦੀ ਆਂ।”
ਕਹਿੰਦੀ ਹੋਈ ਮੈਂ ਟਿਲ 'ਤੇ ਬੈਠੀ ਔਰਤ ਕੋਲ ਗਈ ਤੇ ਉਸ ਤੋਂ ਇਕ ਕੈਰੀ-ਬੈਗ ਮੰਗਿਆ। ਉਸਨੇ ਕੈਰੀ-ਬੈਗ ਦੇ ਨਾਲ ਕੁਝ ਡਿਸਪੋਜ਼ੇਬਲ ਡੱਬੇ ਵੀ ਫੜਾ ਦਿੱਤੇ ਮੈਨੂੰ।
ਕੁੜੀ ਮੇਰੇ ਵਿਹਾਰ ਤੋਂ ਬਹੁਤ ਪ੍ਰਭਾਵਿਤ ਲੱਗ ਰਹੀ ਸੀ। ਜਾਪਦਾ ਸੀ ਉਸਦੇ ਬਾਲ-ਮਨ ਵਿਚ ਬਹੁਤ ਸਾਰੇ ਸਵਾਲ ਉਠ ਰਹੇ ਨੇ। ਅਸੀਂ ਖਾਣਾ ਪੈਕ ਕੀਤਾ। ਉਸਦਾ ਛੋਟਾ ਭਰਾ ਜਿਹੜਾ ਹੁਣ ਤਕ ਚੁੱਪ ਸੀ, ਮੈਨੂੰ ਚੋਰ-ਅੱਖਾਂ ਨਾਲ ਵਿੰਹਦਾ ਹੋਇਆ ਆਪਣੀ ਭਾਸ਼ਾ ਵਿਚ, ਭੈਣ ਦੇ ਕੰਨ ਵਿਚ, ਕੁਝ ਕਹਿਣ ਲੱਗਾ। ਕੁੜੀ ਨੇ ਉਸਦੀ ਪਿੱਠ ਉੱਤੇ ਪਿਆਰ ਨਾਲ ਪੋਲਾ ਜਿਹਾ ਥੱਫਾ ਮਾਰਿਆ, ਫੇਰ ਮੇਰੇ ਵੱਲ ਦੇਖਦੀ ਹੋਈ ਬੋਲੀ, “ਮੇਰਾ ਭਰਾ ਤੁਹਾਨੂੰ ਕਿਸੇ ਜਾਗੀਰਦਾਰ ਦੀ ਬੇਹੱਦ ਰਹਿਮ-ਦਿਲ ਤੇ ਨੇਕ-ਸੁਭਾਅ ਬੇਗ਼ਮ ਸਮਝ ਰਿਹਾ ਏ।”
ਮੈਂ ਤੁਰੰਤ ਕਿਹਾ, “ਨਹੀਂ-ਨਹੀਂ! ਮੈਂ ਬੇਗ਼ਮ ਵਗ਼ੈਰਾ ਕੁਛ ਵੀ ਨਹੀਂ, ਮੈਂ ਤਾਂ ਇੱਥੇ ਬੱਚਿਆਂ ਦੇ ਸਕੂਲ ਵਿਚ ਪੜ੍ਹਾਂਦੀ ਆਂ...ਤੇ ਇਕ ਮਾਂ ਹਾਂ। ਇਸ ਨੂੰ ਕਹਿ ਜੇ ਇਹ ਸਕੂਲ ਜਾਇਆ ਕਰੇ ਤੇ ਦਿਲ ਲਾ ਕੇ ਪੜ੍ਹਿਆ ਕਰੇ, ਤਾਂ ਇਕ ਦਿਨ ਇਹ ਵੀ ਚੰਗਾ ਕਮਾਂਦਾ-ਖਾਂਦਾ ਇਨਸਾਨ ਬਣ ਜਾਏਗਾ।”
“ਅੱਜ ਤੋਂ ਸਾਲ ਭਰ ਪਹਿਲਾਂ ਜਦੋਂ ਅਸੀਂ ਇੱਥੇ ਆਏ ਸਾਂ ਤਾਂ ਮੈਂ ਵੀ ਸਕੂਲ ਜਾਂਦੀ ਹੁੰਦੀ ਸੀ। ਉੱਥੇ ਮੈਂ ਅੰਗਰੇਜ਼ੀ ਸਿੱਖੀ। ਪਰ ਫੇਰ ਮਾਂ ਨੂੰ ਹਸਪਤਾਲ ਲੈ ਜਾਣਾ ਪਿਆ, ਉਹ ਢਿੱਡੋਂ ਸੀ। ਘਰ ਦੀ ਦੇਖ-ਭਾਲ ਆਦੀ ਲਈ ਜਾਂ ਫੇਰ ਕਿਸੇ ਵੀ ਸਰਕਾਰੀ ਕੰਮ ਲਈ ਜੇ ਕਿਤੇ ਵੀ ਜਾਣਾ ਪੈਂਦਾ ਤਾਂ ਮੈਨੂੰ ਨਾਲ ਜਾਣਾ ਪੈਂਦਾ ਕਿਉਂਕਿ ਸਾਡੇ ਘਰ ਵਿਚ ਮੇਰੇ ਸਿਵਾਏ ਕਿਸੇ ਨੂੰ ਅੰਗਰੇਜ਼ੀ ਨਹੀਂ ਆਉਂਦੀ। ਇੰਜ ਸਕੂਲ ਜਾਣਾ ਛੁੱਟ ਗਿਆ।”
“ਤੇਰੇ ਪਿਤਾ ਕੀ ਕੰਮ ਕਰਦੇ ਨੇ?”
“ਮਿੰਨੀ ਕੈਬ ਡਰਾਈਵਰ ਨੇ...ਪਰ ਮਾਂ ਨੂੰ ਇਸ 'ਤੇ ਯਕੀਨ ਨਹੀਂ, ਕਹਿੰਦੀ ਏ 'ਉਹ ਝੂਠ ਬੋਲਦੈ, ਉਸਨੂੰ ਕਾਰ ਚਲਾਉਣੀ ਤਾਂ ਆਉਂਦੀ ਨਹੀਂ, ਕੈਬ ਡਰਾਈਵਰ ਕਿੰਜ ਬਣ ਸਕਦੈ।'”
“ਅੱਛਾ ਤਾਂ ਤੇਰੀ ਮਾਂ ਕੰਮ ਕਰਦੀ ਏ, ਕੀ ਕੰਮ ਕਰਦੀ ਏ?” ਉਸ ਨੇ ਇਕ ਪਲ ਮੇਰੇ ਵੱਲ ਦੇਖਿਆ ਫੇਰ ਬਗ਼ੈਰ ਕਿਸੇ ਝਿਜਕ ਦੇ ਕਿਹਾ, “ਉਹ ਮਰਦਾਂ ਨਾਲ ਸੌਂਦੀ ਏ ਤੇ ਉਹਨਾਂ ਤੋਂ ਪੈਸੇ ਲੈਂਦੀ ਏ। ਮੈਨੂੰ ਵੀ ਸ਼ਾਇਦ ਇਹੋ ਕੰਮ ਕਰਨਾ ਪਏ। ਪਰ ਮੇਰੀ ਮਾਂ ਕਹਿੰਦੀ ਏ ਜੇ ਇਹ ਕੰਮ ਮੈਂ ਕੀਤਾ ਤਾਂ ਉਹ ਮੇਰਾ ਮੂੰਹ ਕਦੀ ਨਹੀਂ ਦੇਖੇਗੀ ਤੇ ਖ਼ੁਦਕਸ਼ੀ ਕਰ ਲਵੇਗੀ।”
“ਠੀਕ ਕਹਿੰਦੀ ਏ ਤੇਰੀ ਮਾਂ। ਉਸਦੀ ਤਾਂ ਇਹ ਇਕ ਬੜੀ ਵੱਡੀ ਮਜ਼ਬੂਰੀ ਏ। ਇਕ ਮਾਂ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਰੱਖ ਸਕਦੀ। ਉਹ ਉਹਨਾਂ ਲਈ ਆਪਣੇ ਜਿਸਮ ਦੇ ਟੋਟੇ-ਟੋਟੇ ਕਰਕੇ ਭਰੇ ਬਾਜ਼ਾਰ ਵਿਚ ਵੇਚ ਸਕਦੀ ਏ। ਅਜੇ ਤਾਂ ਤੂੰ ਕਿਵੇਂ ਨਾ ਕਿਵੇਂ ਸਕੂਲ ਜਾਇਆ ਕਰ। ਪੜ੍ਹ ਲਿਖ ਕੇ ਕੋਈ ਵੀ ਨੌਕਰੀ ਕਰ ਲਵੀਂ। ਤੂੰ ਸਫਾਈ ਕਰਮਚਾਰੀ ਬਣ ਸਕਦੀ ਏਂ, ਗਾਰਡਨਿੰਗ ਕਰ ਸਕਦੀ ਏਂ, ਬਸ ਕੰਡਕਟਰ ਬਣ ਸਕਦੀ ਏਂ। ਇਹਨਾਂ ਕੰਮਾਂ ਲਈ ਬਹੁਤਾ ਪੜ੍ਹਿਆ ਲਿਖਿਆ ਹੋਣ ਦੀ ਲੋੜ ਨਹੀਂ ਹੁੰਦੀ।”

ਅਗਲੇ ਛਨੀਵਾਰ ਠੀਕ ਸਾਢੇ ਦਸ ਵਜੇ ਸ਼ੁਕਰਾਨਾ ਮੇਰੇ ਦਰਵਾਜ਼ੇ ਉੱਤੇ ਮਹਿਕਦੇ ਹੋਏ ਫੁੱਲਾਂ ਦਾ ਗੁਲਦਸਤਾ ਲਈ ਖੜ੍ਹੀ ਸੀ। ਉਸਦਾ ਚਿਹਰਾ ਆਤਮ-ਵਿਸ਼ਵਾਸ ਨਾਲ ਦਗ਼ ਰਿਹਾ ਸੀ।
“ਕੈਸੀ ਏਂ ਸ਼ੁਕਰਾਨਾ?”
“ਤੁਹਾਡੇ ਅਸ਼ੀਰਵਾਦ ਨਾਲ ਠੀਕ-ਠਾਕ...” ਕਹਿੰਦਿਆਂ ਹੋਇਆਂ ਉਸਨੇ ਮੇਰੇ ਹੱਥਾਂ ਵਿਚ ਉਹ ਖ਼ੂਬਸੂਰਤ ਗੁਲਦਸਤਾ ਫੜਾ ਦਿੱਤਾ, ਨਾਲ ਹੀ ਬੋਸਨਿਯਤ ਢੰਗ ਨਾਲ ਮੇਰੀਆਂ ਗੱਲ੍ਹਾਂ ਨੂੰ ਮੋਹ ਤੇ ਸਤਿਕਾਰ-ਵੱਸ ਚੁੰਮਿਆਂ।
“ਏਨੀ ਖੇਚਲ ਕਰਨ ਦੀ ਕੀ ਲੋੜ ਸੀ ਸ਼ੁਕਰਾਨਾ...” ਮੈਂ ਮਹਿਕਦੇ ਹੋਏ ਗੁਲਦਸਤੇ ਨੂੰ ਫੁੱਲਦਾਨ ਵਿਚ ਸਜਾਉਂਦਿਆਂ ਹੋਇਆਂ ਕਿਹਾ।
“ਖੇਚਲ ਕਾਹਦੀ। ਇਹ ਤਾਂ ਸਿਰਫ ਮੇਰੇ ਅੰਦਰਲੇ ਜਜ਼ਬਾਤਾਂ ਦਾ ਪ੍ਰਤੀਕ ਏ।” ਸ਼ੁਕਰਾਨਾ ਨੇ ਭਾਵੁਕ ਹੋ ਕੇ ਕਿਹਾ।
ਹਾਂ, ਮੈਂ ਸ਼ੁਕਰਾਨਾ ਨੂੰ ਕੁਝ ਸ਼ਬਦ ਈ ਤਾਂ ਦਿੱਤੇ ਸੀ। ਜੇ ਸ਼ਬਦ ਦੀ ਮਹਿਮਾਂ ਪਕੜ ਵਿਚ ਆ ਜਾਏ ਤਾਂ ਜੀਵਨ ਦਾ ਸਾਰ ਮਿਲ ਜਾਂਦਾ ਏ, ਈਸ਼ ਦਰਸ਼ਨ ਹੋ ਜਾਂਦਾ ਏ ਤੇ ਸ਼ਾਇਦ ਨਿਰਵਾਣ ਵੀ ਮਿਲ ਜਾਂਦਾ ਹੋਏ।
    ੦੦੦ ੦੦੦ ੦੦੦
    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
    ਮੋਬਾਇਲ ਨੰ : 94177-30600.

No comments:

Post a Comment