Wednesday, September 15, 2010

ਨਾਸਤਕ, ਮੰਦਰ ਤੇ ਮੀਟ ਦੀ ਦੁਕਾਨ…:: ਲੇਖਕ : ਜੈਨੰਦਨ




ਹਿੰਦੀ ਕਹਾਣੀ :
ਨਾਸਤਕ, ਮੰਦਰ ਤੇ ਮੀਟ ਦੀ ਦੁਕਾਨ…
ਲੇਖਕ : ਜੈਨੰਦਨ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਪਰਸਰਾਮ ਪਾਂਡੇ ਨੂੰ ਭਗਵਾਨ ਨਾਲ ਨਫ਼ਰਤ ਸੀ ਤੇ ਉਹ ਪੱਕਾ ਨਾਸਤਕ ਸੀ—ਪਰ ਇਹ ਇਕ ਅਜੀਬ ਦੁਖਾਂਤ ਸੀ ਕਿ ਉਸਨੂੰ ਇਕ ਮੰਦਰ ਦਾ ਪੁਜਾਰੀ ਬਨਣਾ ਪਿਆ। ਢਿੱਡ ਭਰਣ ਦਾ ਇਸ ਨਾਲੋਂ ਆਸਾਨ ਦੂਜਾ ਕੋਈ ਉਪਾਅ ਉਸ ਕੋਲ ਹੈ ਨਹੀਂ ਸੀ। ਇਹ ਪਤਾ ਲੱਗਣ 'ਤੇ ਕਿ ਉਹ ਜਾਤ ਦਾ ਬ੍ਰਾਹਮਣ ਹੈ, ਲੋਕੀ ਉਸਨੂੰ ਦਿਹਾੜੀ ਤਾਂ ਕੀ ਕਿਸੇ ਹੋਰ, ਛੋਟੇ-ਮੋਟੇ, ਕੰਮ-ਧੰਦੇ 'ਤੇ ਵੀ ਨਹੀਂ ਸੀ ਰੱਖਦੇ ਹੁੰਦੇ। ਉਸਨੇ ਵੀ ਦੇਖਿਆ ਕਿ ਪੁਜਾਰੀ ਬਨਣ ਵਿਚ ਜਿਸ ਕਿਸਮ ਦਾ ਆਰਾਮ ਤੇ ਸਨਮਾਨ ਹੈ, ਓਹੋ-ਜਿਹਾ ਕਿਸੇ ਹੋਰ ਧੰਦੇ-ਕਿੱਤੇ ਵਿਚ ਨਹੀਂ। ਧਰਮ-ਪੁਜਾਰੀ ਬਨਣ ਪਿੱਛੋਂ ਲੋਕ ਉਸਦੇ ਪੈਰੀਂ ਹੱਥ ਲਾਉਣ ਲੱਗੇ, ਆਦਰ-ਸਤਿਕਾਰ ਨਾਲ ਬੁਲਾਉਣ ਲੱਗੇ ਤੇ ਸ਼ਰਧਾ ਭਰੀਆਂ ਨਿਗਾਹਾਂ ਨਾਲ ਦੇਖਣ ਲੱਗੇ ਸਨ। ਉਂਜ ਉਸਨੂੰ ਪੈਰੀਂ ਹੱਥ ਲੁਆਉਣੇ ਚੰਗੇ ਨਹੀਂ ਸੀ ਲੱਗਦੇ, ਪਰ ਕਿਸੇ ਨੂੰ ਮਨ੍ਹਾਂ ਵੀ ਕਿੰਜ ਕਰਦਾ! ਵੈਸੇ ਜਾਤ ਦਾ ਬ੍ਰਾਹਮਣ ਹੋਣ ਨੂੰ ਹੀ ਲੋਕ ਪੂਰਾ-ਭਾਂਡਾ ਮੰਨ ਬਹਿੰਦੇ ਨੇ—ਹਾਲਾਂਕਿ ਖ਼ੁਦ ਉਸਨੂੰ ਇਸ ਗੱਲ ਵਿਚ ਉੱਕਾ ਹੀ ਵਿਸ਼ਵਾਸ ਨਹੀਂ ਸੀ।
ਇਹ ਮੰਦਰ ਦੁਸਾਧਾਂ, ਮੁਸਹਰਾਂ ਦੀ ਬਸਤੀ ਵਿਚਕਾਰ ਬਣਿਆ ਹੋਇਆ ਸੀ ਤੇ ਪਿੱਛੇ ਜਿਹੇ ਹੀ ਉਹਨਾਂ ਲੋਕਾਂ ਨੇ ਖ਼ੁਦ ਹੀ ਬਣਵਾਇਆ ਸੀ।
ਪਰਸਰਾਮ ਪਾਂਡੇ ਇਸ ਮੰਦਰ ਵਿਚ ਲੱਗਣ ਤੋਂ ਪਹਿਲਾਂ ਦਰ-ਦਰ ਦੇ ਠੇਡੇ ਖਾ ਰਿਹਾ ਸੀ। ਕਿੰਨੇ ਹੀ ਜਾਤ-ਬਰਾਦਰੀ ਵਾਲੇ, ਸਰਦੇ-ਪੁਜਦੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਦੀ ਦਹਿਲੀਜ਼ 'ਤੇ ਮੱਥਾ ਰਗੜ ਚੁੱਕਿਆ ਸੀ ਪਰ ਕਿਸੇ ਨੇ ਉਸਦੀ ਬਾਤ ਨਹੀਂ ਸੀ ਪੁੱਛੀ।
ਜਗਦਾਤਾ ਉਪਾਧਿਆਏ ਉਸਦਾ ਚਚੇਰਾ ਜੀਜਾ ਸੀ। ਉਹ ਇਕ ਵੱਡਾ ਟ੍ਰਾਂਸਪੋਰਟਰ ਸੀ। ਉਸਦੇ ਕਈ ਟੱਰਕ ਚਲਦੇ ਸੀ...ਬੱਸਾਂ ਸਨ...ਤੇ ਕਈ ਕਾਰਾਂ ਵੀ—ਹਵੇਲੀ ਵਰਗਾ ਮਕਾਨ ਸੀ। ਕਈ ਨੌਕਰ, ਕਈ ਡਰਾਈਵਰ ਸਨ। ਪਰਸਰਾਮ ਨੇ ਉਸ ਦੀ ਮਿੰਨਤ ਕਰਦਿਆਂ ਹੋਇਆਂ, ਉਸਦੇ ਪੈਰੀਂ ਸਿਰ ਰੱਖ ਕੇ ਕਿਹਾ ਸੀ, “ਦਰ-ਦਰ ਠੇਡੇ ਖਾਂਦਾ ਫਿਰ ਰਿਹਾਂ ਜੀਜਾ ਜੀ, ਮੈਨੂੰ ਡਰਾਈਵਰੀ-ਕਲੀਨਰੀ 'ਤੇ ਈ ਰੱਖ ਲਓ...ਜੇ ਨਹੀਂ ਤਾਂ ਆਪਣੇ ਘਰੇ ਈ ਨੌਕਰ ਬਣਾਅ ਕੇ ਰੱਖ ਲਵੋ।”
ਉਪਾਧਿਆਏ ਨੇ ਬੜੀ ਰੁੱਖੀ ਤੇ ਕੁਸੈਲੀ ਜਿਹੀ ਆਵਾਜ਼ ਵਿਚ ਕਿਹਾ ਸੀ, “ਤੂੰ ਜਿੰਨੇ ਦਿਨ ਚਾਹੇਂ, ਮੇਰੇ ਘਰੇ ਮਹਿਮਾਨ ਬਣ ਕੇ ਰਹਿ ਲੈ, ਪਰ ਮੈਂ ਤੈਨੂੰ ਨੌਕਰ ਬਣਾ ਕੇ ਨਹੀਂ ਰੱਖ ਸਕਦਾ ਬਾਈ ਸਿਆਂ। ਆਪਣਾ ਆਦਮੀ ਏਂ, ਕੋਈ ਊਚ-ਨੀਚ ਹੋ ਗਈ ਤਾਂ ਤੈਨੂੰ ਤਾਂ ਕੁਛ ਕਹਿ ਨਹੀਂ ਸਕਾਂਗਾ; ਲੋਕੀ ਖਾਹਮਖਾਹ ਉਂਗਲਾਂ ਉਠਾਉਣਗੇ ਬਈ ਦੇਖੋ ਆਪਣੇ ਰਿਸ਼ਤੇਦਾਰ ਤੋਂ ਚਾਕਰੀ ਕਰਵਾ ਰਿਹਾ ਐ...।”
ਪਰਸਰਾਮ ਨੂੰ ਬੜੀ ਨਿਰਾਸ਼ਾ ਹੋਈ। ਲੋਕ ਕਹਿੰਦੇ ਨੇ ਕਿ ਦੁਨੀਆਂ ਵਿਚ ਆਪਣੀ ਜਾਤ ਵਾਲਿਆਂ ਤੇ ਰਿਸ਼ਤੇਦਾਰਾਂ ਦਾ ਬੜਾ ਪੱਖ ਪੂਰਿਆ ਜਾਂਦਾ ਹੈ...ਪਰ ਉਸਦਾ ਆਪਣਾ ਤਜ਼ੁਰਬਾ ਤਾਂ ਇਸ ਗੱਲ ਦੀ ਬਿਲਕੁਲ ਵੀ ਪੁਸ਼ਟੀ ਨਹੀਂ ਸੀ ਕਰਦਾ...ਅੱਜ ਤਕ ਕਿਸੇ ਵੀ ਜਾਤ–ਬਰਾਦਰੀ ਵਾਲੇ ਨੇ ਉਸਦੀ ਜ਼ਰਾ ਵੀ ਮਦਦ ਨਹੀਂ ਸੀ ਕੀਤੀ। ਸਗੋਂ ਐਨ ਉਲਟ ਉਸਦੀ ਜਾਤ ਵਾਲਿਆਂ ਨੇ ਹੀ ਉਸ ਦਾ ਸਭ ਕੁਝ ਲੁੱਟ-ਪੁੱਟ ਕੇ ਉਸਨੂੰ ਯਤੀਮਾਂ ਵਰਗੀ, ਨਿਰਆਸਰਾ, ਜ਼ਿੰਦਗੀ ਦੇ ਹਵਾਲੇ ਕਰ ਦਿੱਤੀ ਸੀ। ਜਾਤ ਦਾ ਲਾਭਵੰਤ ਇਸਤੇਮਾਲ ਤਾਂ ਸ਼ਾਇਦ ਲੋਕੀ, ਅੱਖਾਂ ਮੀਚ ਕੇ, ਇਕੋ ਕੰਮ ਲਈ ਕਰਦੇ ਨੇ ਤੇ ਉਹ ਕੰਮ ਹੈ ਵੋਟਾਂ ਪਾਉਣ ਦਾ—ਉਮੀਦਵਾਰ ਕਿੰਨਾ ਵੀ ਨਿਕੰਮਾਂ, ਕਮੀਨਾ, ਜ਼ਾਲਿਮ ਤੇ ਨਾਲਾਇਕ ਕਿਉਂ ਨਾ ਹੋਵੇ, ਜੇ ਆਪਣੀ ਜਾਤ ਦਾ ਹੈ ਤਾਂ ਵੋਟ ਉਸਨੂੰ ਹੀ ਪਾਉਣੀ ਹੈ। ਵੋਟਾਂ ਲਈ ਜਾਤ ਨਾਲੋਂ ਵਧ ਕੇ ਦੂਜੀ ਕੋਈ ਕਸਵੱਟੀ ਨਹੀਂ ਹੁੰਦੀ। ਇਹੀ ਕਾਰਣ ਹੈ ਕਿ ਕੁਝ ਲੋਕ ਆਪਣੀ ਜਾਤ ਵਾਲਿਆਂ ਦੀ ਵਧ ਗਿਣਤੀ ਕਰਕੇ ਹੀ ਬਿਨਾਂ ਕੋਈ ਕੰਮ ਕੀਤਿਆਂ, ਵਾਰ-ਵਾਰ ਤੇ ਲਗਾਤਾਰ, ਜਿੱਤਦੇ ਰਹਿੰਦੇ ਨੇ...ਤੇ ਲੱਖ ਗੁੰਡੇ, ਧੱਕੜ ਤੇ ਸੰਵਿਧਾਨ ਤੌਰ 'ਤੇ ਅਯੋਗ ਹੋਣ ਦੇ ਬਾਵਜੂਦ ਵੀ ਵਰ੍ਹਿਆਂ ਬੱਧੀ ਸੱਤਾ ਵਿਚ ਅੜੇ ਬੈਠੇ ਰਹਿੰਦੇ ਨੇ। ਪਰਸਰਾਮ ਦੇ ਖੇਤਰ ਦਾ ਵਿਧਾਇਕ ਲੋਕੇਸ਼ ਤਿਵਾੜੀ ਉਸਦੇ ਕਿਸੇ ਕੰਮ ਨਹੀਂ ਸੀ ਆਇਆ, ਹਾਲਾਂਕਿ ਉਸਨੇ ਉਸ ਕੋਲ ਵੀ ਕਈ ਵਾਰੀ ਮਦਦ ਲਈ ਫਰਿਆਦ ਕੀਤੀ ਸੀ।...ਫੇਰ ਵੀ ਜਦੋਂ ਵੀ ਵੋਟਾਂ ਆਉਂਦੀਆਂ, ਉਹ ਉਸੇ ਨੂੰ ਵੋਟ ਪਾਉਂਦਾ ਸੀ—ਹੁਣ ਉਸਨੂੰ ਇੰਜ ਲੱਗਦਾ ਹੈ ਕਿ ਉਹ ਸਰਾਸਰ ਗ਼ਲਤ ਕੰਮ ਕਰਦਾ ਰਿਹਾ ਹੈ।
ਇਸ ਜਾਤ-ਬਿਰਾਦਰੀ ਦਾ ਇਸਤੇਮਾਲ ਇਕ ਜਗ੍ਹਾ ਹੋਰ ਵੀ ਹੁੰਦਾ ਹੈ—ਤੇ ਉਹ ਹੈ ਵਿਆਹ-ਸ਼ਾਦੀ ਵਿਚ। ਵਧੇਰੇ ਲੋਕ ਸ਼ਾਦੀ ਆਪਣੀ ਬਿਰਾਦਰੀ ਵਿਚ ਹੀ ਕਰਦੇ ਨੇ। ਇਹ ਵੀ ਹੈਰਾਨੀ ਹੈ ਕਿ ਸ਼ਾਦੀ ਲਈ ਜਾਤ-ਬਿਰਾਦਰੀ ਤਾਂ ਆਪਣੀ ਹੀ ਲੱਭਦੇ ਨੇ ਪਰ ਦਹੇਜ ਦੇ ਨਾਂਅ 'ਤੇ ਅਗਲੇ ਨੂੰ ਗੰਨੇ ਵਾਂਗ ਪੀੜ ਸੁੱਟਣ ਤੋਂ ਵੀ ਸੰਕੋਚ ਨਹੀਂ ਕਰਦੇ ਤੇ ਜੇ ਕੋਈ ਕਸਰ-ਕਮੀ ਰਹਿ ਜਾਵੇ ਤਾਂ ਆਪਣੀ ਹੀ ਜਾਤ ਦੀ ਬੱਚੀ ਨੂੰ ਸਾੜ ਕੇ ਮਾਰਣ ਲੱਗਿਆਂ, ਜ਼ਰਾ ਵੀ ਹਾਏ–ਦਯਾ ਨਹੀਂ ਵਿਖਾਉਂਦੇ। ਭਲਾ ਜਾਤੀ ਦੇ ਨਾਂਅ 'ਤੇ ਇਹ ਕੈਸੀ ਮੇਰ ਹੋਈ? ਜਿੱਥੋਂ ਤਕ ਪਰਸੇ ਦਾ ਸੰਬੰਧ ਹੈ—ਉਸਦੀ ਜਾਤ ਵਾਲਿਆਂ ਨੇ ਉਸਨੂੰ ਇਸ ਲਾਇਕ ਵੀ ਨਹੀਂ ਸੀ ਸਮਝਿਆ ਕਿ ਉਸਦੀ ਜੋੜੀ ਹੀ ਬਣਾ ਦੇਂਦੇ। ਅਨਾਥ ਹੋਣ ਤੇ ਗਰੀਬੀ ਕਰਕੇ ਉਸਨੂੰ ਕਿਸੇ ਅੰਨ੍ਹੇ-ਲੰਗੜੇ ਦੇ ਭਾਅ ਵੀ ਨਹੀਂ ਸੀ ਤੋਲਿਆ ਗਿਆ—ਜਾਤ ਦਾ ਮੋਹ ਇਸ ਰੂਪ ਵਿਚ ਵੀ ਉਸ ਲਈ ਵਿਅਰਥ ਹੀ ਸਿੱਧ ਹੋਇਆ ਸੀ।
ਜਾਤ ਦੇ ਇਸ ਮੋਹ-ਭੰਗ ਸਦਕਾ ਪਰਸੇ ਨੂੰ ਇਹ ਗੱਲ ਵੀ ਹਜ਼ਮ ਨਹੀਂ ਸੀ ਆਉਂਦੀ ਹੁੰਦੀ ਕਿ ਬ੍ਰਾਹਮਣ ਉੱਚੀ ਜਾਤੀ ਦਾ ਤੇ ਹਰੀਜਨ ਨੀਵੀਂ ਜਾਤੀ ਦਾ ਹੁੰਦਾ ਹੈ। ਉੱਚਾ ਹੋਣਾ ਤਾਂ ਉਸੇ ਨੂੰ ਕਿਹਾ ਜਾ ਸਕਦਾ ਹੈ...ਜਿਸਦੇ ਕੰਮ ਉੱਚੇ ਹੋਣ—ਤੇ ਉਹ ਤਾਂ ਕਿਸੇ ਵੀ ਜਾਤ ਦੇ ਬੰਦੇ ਹੋ ਸਕਦੇ ਨੇ। ਮਧੋਕ ਮਲਾਹ ਸੁਰੱਖਿਅਤ ਸੀਟ ਦਾ ਲਾਭ ਉਠਾਉਂਦਾ ਹੋਇਆ ਕਈ ਵਾਰੀ ਸੰਸਦੀ ਚੋਣ ਜਿੱਤਿਆ ਹੈ ਤੇ ਇਕ ਵਾਰੀ ਕੇਂਦਰ ਵਿਚ ਵੀ ਉਸਨੂੰ ਮੰਤਰੀ ਬਣ ਜਾਣ ਦਾ ਸ਼ੁਭ-ਲਾਭ ਪ੍ਰਾਪਤ ਹੋਇਆ ਹੈ। ਉਸਨੇ ਇਸ ਇਲਾਕੇ ਵਿਚ ਇਕ ਤੋਂ ਇਕ ਵੱਡਾ ਕੰਮ ਕਰਵਾਇਆ—ਕਈ ਬ੍ਰਹਾਮਣ ਤੇ ਰਾਜਪੂਤ ਮੁੰਡਿਆਂ ਨੂੰ ਰੇਲ ਵਿਚ ਤੇ ਸੜਕ ਨਿਰਮਾਣ ਵਿਭਾਗ ਵਿਚ ਠੇਕੇਦਾਰੀ ਜਾਂ ਨੌਕਰੀ ਦਿਵਾਈ। ਜਦੋਂ ਕਿ ਲੋਕੇਸ਼ ਤਿਵਾੜੀ ਨੇ ਅੱਜ ਤਕ ਲੋਕਹਿਤ ਦਾ ਇਕ ਵੀ ਸਾਂਝਾ ਕੰਮ ਨਹੀਂ ਕਰਵਾਇਆ। ਉਲਟਾ ਆਪਣੇ ਰਸੂਖ਼ ਦੀ ਵਰਤੋਂ ਪਿੰਡ ਨੂੰ ਉਜਾੜਨ ਤੇ ਬਰਬਾਦ ਕਰਨ ਲਈ ਹੀ ਕਰਦਾ ਰਿਹਾ।
ਉਸਦੀ ਆਪਣੀ ਜਾਤ ਦਾ ਹੀ ਭੁਨੇਸ਼ਰ ਚੌਬੇ ਇਸ ਪਿੰਡ ਦਾ ਸਭ ਤੋਂ ਵੱਡਾ ਜ਼ਿਮੀਂਦਾਰ—ਦਰਜਨਾਂ ਹਰੀਜਨ ਔਰਤਾਂ ਦੇ ਯੌਨ ਸ਼ੋਸ਼ਨ ਤੇ ਦਰਜਨਾਂ ਹਰੀਜਨ ਮਜ਼ਦੂਰਾਂ ਨੂੰ ਜਾਨਵਰਾਂ ਵਾਂਗ ਬੰਧੁਆ ਬਣਾ ਕੇ ਰੱਖਣ ਲਈ ਮਸ਼ਹੂਰ ਸੀ। ਪਿੰਡ ਵਿਚ ਉਸਨੇ ਕਿਸੇ ਨੂੰ ਵੀ ਉਠਣ ਨਹੀਂ ਸੀ ਦਿੱਤਾ...ਇੱਥੋਂ ਤਕ ਕਿ ਆਪਣੀ ਜਾਤ ਦੇ ਲੋਕਾਂ ਦੇ ਪੱਕੇ ਮਕਾਨ ਬਨਾਉਣ 'ਤੇ ਵੀ ਉਸਨੂੰ ਸਾੜਾ ਹੁੰਦਾ।
ਪਰਸਰਾਮ ਪਾਂਡੇ ਦੇ ਪਿਓ ਨੇ ਉਸਦਾ ਵਿਰੋਧ ਕੀਤਾ ਤਾਂ ਉਹ ਉਸਦੀ ਜਾਨ ਦਾ ਦੁਸ਼ਮਣ ਬਣ ਗਿਆ ਤੇ ਇਕ ਦਿਨ ਉਸਦੀ ਗਰਦਨ ਕੱਟੀ ਲਾਸ਼ ਕਸਾਰੀ ਦੇਵੀ ਦੇ ਮੰਦਰ ਵਿਚ ਪਈ ਮਿਲੀ...ਚੇਤਾਵਨੀ ਸ਼ਪਸਟ ਸੀ ਕਿ ਜਿਹੜਾ ਵੀ ਉਸਦੇ ਰਸਤੇ ਵਿਚ ਆਵੇਗਾ, ਬਲੀ ਚੜ੍ਹਾ ਦਿੱਤਾ ਜਾਣਾ ਹੀ ਉਸਦਾ ਹਸ਼ਰ ਹੋਵੇਗਾ। ਮਾਂ ਪਹਿਲਾਂ ਹੀ ਆਤਮ ਹੱਤਿਆ ਕਰਕੇ ਦੁਨੀਆਂ ਤੋਂ ਕੂਚ ਕਰ ਗਈ ਸੀ। ਇਸ ਦੀ ਵਜਾਹ ਵੀ ਰਾਕਸ਼ ਭੁਨੇਸ਼ਰ ਹੀ ਸੀ। ਪਿਤਾ ਦੀ ਗੈਰਮੌਜ਼ੂਦਗੀ ਵਿਚ ਅਕਸਰ ਉਹ ਮਾਂ ਦੀ ਸੁੰਦਰਤਾ ਉੱਤੇ ਲਾਲਾਂ ਸੁੱਟਣ ਆ ਜਾਂਦਾ ਸੀ।
ਪਿਤਾ ਨੂੰ ਜਦੋਂ ਪਤਾ ਲੱਗਿਆ ਤਾਂ ਉਹਨਾਂ ਪੱਕੀ ਧਾਰ ਲਈ ਕਿ ਕਿਸੇ ਦਿਨ ਘਰੇ ਲੁਕ ਕੇ ਬਹਿਣਗੇ ਤੇ ਤਿੱਖੇ ਹਸੀਏ ਨਾਲ ਸਾਲੇ ਕੁਕਰਮੀਂ ਦਾ ਲਿੰਗ ਵੱਢ ਸੁੱਟਣਗੇ...ਸਾਲਾ, ਨਾ ਮਰਦ ਰਹੇਗਾ; ਨਾ ਜ਼ੁਲਮ ਢਾਅਵੇਗਾ। ਸਾਰੇ ਫਸਾਦ ਦੀ ਜੜ, ਇਸ ਹਰਾਮੀ ਦਾ ਲਿੰਗ ਈ ਏ...ਕਿੰਨੀਆਂ ਨਾਲ ਬਲਾਤਕਾਰ ਤੇ ਕਿੰਨੀਆਂ ਦੇ ਨਾਜਾਇਜ਼ ਗਰਭ...ਨਾ ਰਹੇਗਾ ਬਾਂਸ, ਨਾ ਵੱਜੇਗੀ ਬੰਸਰੀ। ਮਾਂ ਨੇ ਸਮਝ ਲਿਆ ਸੀ ਕਿ 'ਕਰੋ ਜਾਂ ਮਰੋ' ਵਾਲੀ ਜ਼ਿਦ ਵਿਚੋਂ 'ਮਰੋ' ਹੀ ਠੀਕ ਤੇ ਸਫਲ ਹੋਵੇਗੀ। ਭੁਨੇਸ਼ਰ ਦੀ ਚੰਡਾਲ ਬਿਰਤੀ ਕਿਸੇ ਵੀ ਵਿਰੋਧ ਦਾ ਦਮਨ ਕੀਤੇ ਬਿਨਾਂ ਕਿੱਥੇ ਮੰਨਣ ਵਾਲੀ ਸੀ? ਸੋ ਉਹ ਪਹਿਲਾਂ ਹੀ ਛੱਪਰ ਦੀ ਬਾਲੀ ਨਾਲ ਸਾੜੀ ਦਾ ਫਾਹਾ ਪਾ ਕੇ ਝੂਲ ਗਈ।
ਪਰਸਰਾਮ ਉਦੋਂ ਸਿਰਫ ਬਾਰਾਂ ਸਾਲ ਦਾ ਸੀ। ਉਸਦੀ ਹਾਲਤ ਮੇਲੇ ਵਿਚ ਗਵਾਚੇ ਕਿਸੇ ਬੱਚੇ ਵਰਗੀ ਹੋ ਗਈ ਸੀ। ਉਹ ਕਦੀ ਨਾਨੀ, ਕਦੀ ਮਾਸੀ, ਕਦੀ ਭੂਆ ਦੇ ਘਰ—ਉਹਨਾਂ ਦੇ ਅੱਕ ਜਾਣ ਤੇ ਧੱਕੇ ਮਾਰ ਕੇ ਕੱਢ ਦਿੱਤੇ ਜਾਣ ਤਕ—ਵਾਰੀ ਨਾਲ, ਜਿਵੇਂ-ਤਿਵੇਂ, ਕਿਸੇ ਢੀਠ-ਅੱਕ ਵਾਂਗ ਪਲਦਾ ਰਿਹਾ। ਆਪਣਾ ਮਾਂ-ਪਿਓ ਨਾ ਹੋਵੇ ਤਾਂ ਬੱਚਿਆਂ ਦੀ ਸਹਿਣ ਸ਼ਕਤੀ ਰੂਪੀ ਖਲੜੀ ਖ਼ੁਦ ਹੀ ਮੋਟੀ ਹੋ ਜਾਂਦੀ ਹੈ। ਪਰਸਰਾਮ ਜਦੋਂ ਬੱਚਾ ਨਾ ਰਿਹਾ ਤਾਂ ਉਸਨੂੰ ਖ਼ੁਦ ਹੀ ਸਮਝ ਆ ਗਿਆ ਕਿ ਇਸ ਦੁਨੀਆਂ ਵਿਚ ਉਹ ਕਿਸੇ ਰੁੱਖ ਨਾਲੋਂ ਝੜੇ ਸੁੱਕੇ ਪੱਤੇ ਵਾਂਗਰ ਹੈ—ਜਿਹੜਾ ਬੰਦਾ ਇਸ ਤਰ੍ਹਾਂ ਦਾ ਹੁੰਦਾ ਹੈ, ਉਸਦਾ ਕੋਈ ਸ਼ੁਭ-ਚਿੰਤਕ ਵੀ ਨਹੀਂ ਹੁੰਦਾ; ਨਾ ਸਕੇ ਸੰਬੰਧੀ, ਨਾ ਜਾਤ ਬਿਰਾਦਰੀ ਦੇ ਲੋਕ। ਉਸਦੀ ਭਟਕਣਾ ਤੇ ਪਲ ਪਲ ਖੁਰਨੇ ਨੂੰ ਦੇਖ ਕੇ ਦਯਾ ਆਈ ਵੀ ਤਾਂ ਇਕ ਅਜਿਹੇ ਆਦਮੀ ਨੂੰ ਜਿਹੜਾ ਉਸਦੀ ਜਾਤ-ਬਿਰਾਦਰੀ ਜਾਂ ਰਿਸ਼ਤੇਦਾਰਾਂ ਵਿਚੋਂ ਨਹੀਂ ਸੀ।
ਬੁੱਢੇ ਹੋ ਗਏ ਰਿਟਾਇਰਡ ਸਾਂਸਦ ਮਧੋਕ ਮਲਾਹ ਨੇ ਉਸਨੂੰ ਆਪਣੇ ਨਾਲ ਲਿਜਾਅ ਕੇ ਨਾਲ ਵਾਲੇ ਕਸਬੇ ਦੀ ਹਰੀਜਨ ਬਸਤੀ ਵਿਚ ਬਣੇ ਨਵੇਂ ਮੰਦਰ ਦੀ ਕਮੇਟੀ ਦੇ ਪ੍ਰਧਾਨ ਤੁਲਾਰਾਮ ਨਾਲ ਉਸਦੀ ਮੁਲਾਕਾਤ ਕਰਵਾ ਦਿੱਤੀ ਤੇ ਸਿਫਾਰਸ਼ ਕਰਦਿਆਂ ਹੋਇਆਂ ਕਿਹਾ ਕਿ 'ਇਹ ਆਦਮੀ ਗਰੀਬ ਬ੍ਰਾਹਮਣ ਹੈ, ਇਸਨੂੰ ਪੁਜਾਰੀ ਦੇ ਤੌਰ 'ਤੇ ਮੰਦਰ ਵਿਚ ਰੱਖ ਲਓ।'
ਤੁਲਾਰਾਮ ਆਪਣੀਆਂ ਸ਼ਾਂਤ ਅੱਖਾਂ ਨਾਲ ਉਸ ਵੱਲ ਇਕ ਟੱਕ ਵਿੰਹਦਾ ਰਿਹਾ। ਮਧੋਕ ਉਸਦੇ ਭਾਵ ਸਮਝ ਗਏ ਤੇ ਫੇਰ ਕਿਹਾ, “ਘਿਰਣਾ ਨਾਲ ਮੂੰਹ ਮੋੜ ਕੇ ਚਲੇ ਗਏ ਪਹਿਲੇ ਪੰਡਿਤਾਂ ਵਰਗਾ ਇਸਨੂੰ ਨਾ ਸਮਝੋ। ਪਰਸ਼ੁਰਾਮ ਆਪਣੀ ਜਾਤ ਦੇ ਪ੍ਰੇਤ ਤੋਂ ਮੁਕਤ ਏ, ਇਸ ਲਈ ਮੈਨੂੰ ਵਿਸ਼ਵਾਸ ਏ ਕਿ ਇਹ ਆਦਮੀ ਇੱਥੇ ਜ਼ਰੂਰ ਟਿਕੇਗਾ।”
ਤੁਲਾਰਾਮ ਨੇ ਉਸਨੂੰ ਸਾਫ-ਸਾਫ ਦੱਸਦਿਆਂ ਹੋਇਆਂ ਕਿਹਾ, “ਸਰਬ-ਸਾਂਝੇ ਕਹੇ ਜਾਣ ਵਾਲੇ ਮੰਦਰਾਂ ਵਿਚ ਸਾਡੀ ਛੋਟੀ ਜਾਤ ਵਾਲਿਆਂ ਨਾਲ ਭੇਦ-ਭਾਵ ਵਰਤਿਆ ਜਾਂਦਾ ਸੀ, ਇਸ ਲਈ ਸਾਨੂੰ ਆਪਣਾ ਭਗਵਾਨ ਵੱਖਰਾ ਕਰਨਾ ਪੈ ਗਿਆ। ਹੁਣ ਕਿਉਂਕਿ ਇਹ ਮੰਦਰ ਹਰੀਜਨ ਬਸਤੀ ਦੇ ਐਨ ਵਿਚਕਾਰ ਏ, ਸੋ ਸਪਸ਼ਟ ਏ ਕਿ ਇੱਥੇ ਪੂਜਾ-ਪਾਠ ਕਰਨ ਸ਼ੂਦਰ ਕਹੇ ਜਾਣ ਵਾਲੇ ਗਰੀਬ-ਗੁਰਬੇ ਤੇ ਲਿੱਬੜੇ-ਤਿੱਬੜੇ ਲੋਕੀ ਈ ਆਉਣਗੇ। ਇਹ ਸਥਿਤੀ ਦੇਖ ਕੇ ਹੁਣ ਤਕ ਕਈ ਪੰਡਿਤ ਇੱਥੋਂ ਨੱਠ ਚੁੱਕੇ ਨੇ। ਜੇ ਤੁਸੀਂ ਟਿਕਣਾ ਚਾਹੋਂ ਤਾਂ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੋਵੇਗੀ।”
ਅੰਨ੍ਹਾਂ ਕੀ ਭਾਲੇ, ਦੋ ਅੱਖਾਂ। ਪਰਸੇ ਨੇ ਕਿਹਾ, “ਮੈਨੂੰ ਮੌਕਾ ਦੇ ਕੇ ਦੇਖੋ...ਅੱਜ ਜੋ ਮੇਰੀ ਹਾਲਤ ਏ, ਉਸ ਵਿਚ ਤਿਨਕਾ ਵੀ ਮਿਲ ਜਾਵੇ ਤਾਂ ਮੈਂ ਉਸੇ ਨੂੰ ਸਹਾਰਾ ਬਣਾ ਲਵਾਂਗਾ...ਮੰਦਰ ਤਾਂ ਫੇਰ ਵੀ ਮੇਰਾ ਠਿਕਾਣਾ ਏਂ, ਜਿਹੜੀ ਇਕ ਚਮਚਮ ਕਰਦੀ ਪੱਕੀ ਤੇ ਪਵਿੱਤਰ ਇਮਾਰਤ ਏ ਤੇ ਇੱਥੇ ਇਕ ਦੇਵਤਾ ਏ, ਭਾਵੇਂ ਉਹ ਪੱਥਰ ਦਾ ਹੀ ਸਹੀ, ਪਰ ਉਸ ਦੇਵਤਾ ਦੀ ਪੂਰੀ ਬਸਤੀ ਵਾਲਿਆਂ ਨਾਲ ਸਾਂਝ ਏ। ਮੰਦਰ ਨਾਲ ਜੁੜਨਾ, ਮਤਲਬ ਹਜ਼ਾਰਾਂ ਬਸਤੀ ਵਾਲਿਆਂ ਨਾਲ ਜੁੜ ਜਾਣਾ—ਇਸ ਨਾਲੋਂ ਵੱਡੀ ਗੱਲ ਹੋਰ ਕੀ ਹੋਵੇਗੀ ਕਿ ਜਿਸਨੂੰ ਤਿਨਕਾ ਵੀ ਨਹੀਂ ਮਿਲ ਰਿਹਾ ਸੀ, ਉਸਨੂੰ ਹਜ਼ਾਰਾਂ ਹੱਥ ਮਿਲ ਰਹੇ ਨੇ।”
ਪਰਸਾ ਉੱਥੇ ਟਿਕ ਗਿਆ ਕਿਉਂਕਿ ਦੋਵਾਂ ਨੂੰ ਹੀ ਇਕ ਦੂਜੇ ਦੀ ਲੋੜ ਸੀ; ਮੰਦਰ ਨੂੰ ਪੁਜਾਰੀ ਦੀ ਤੇ ਉਸਨੂੰ ਛੱਤ ਦੀ। ਉਸਨੂੰ ਬੇਹੱਦ ਹੈਰਾਨੀ ਹੋਈ ਕਿ ਲੱਖ ਗਰੀਬੀ, ਭੁੱਖਮਰੀ ਤੇ ਬੇਇੱਜ਼ਤੀ ਝੱਲਣ ਵਾਲੇ ਦੁਸਾਧਾਂ ਤੇ ਮੁਸਹਰਾਂ ਦੀ ਇਸ ਬਸਤੀ ਦੇ ਲੋਕਾਂ ਦੀ ਅੱਜ ਵੀ ਭਗਵਾਨ ਵਿਚ ਆਸਥਾ ਸੀ, ਜਦੋਂਕਿ ਇਹਨਾਂ ਕਾਰਣਾ ਕਰਕੇ ਹੀ ਉਸਦਾ ਮੋਹ-ਭੰਗ ਹੋਇਆ ਸੀ ਤੇ ਉਸਨੇ ਈਸ਼ਵਰ ਦੀ ਹੋਂਦ ਨੂੰ ਨਕਾਰਨਾਂ ਸ਼ੁਰੂ ਕਰ ਦਿੱਤਾ ਸੀ।
ਹੁਣ ਇਸ ਅੰਦਰਲੇ ਵਿਰੋਧ ਦਾ ਭਲਾ ਉਹ ਕੀ ਕਰੇ ਕਿ ਈਸ਼ਵਰ ਨੂੰ ਨਾ ਮੰਨਣ ਦੇ ਬਾਵਜੂਦ ਉਸਨੂੰ ਢੋਈ ਮਿਲੀ ਵੀ ਤਾਂ ਈਸ਼ਵਰ ਦੇ ਘਰ ਯਾਨੀ ਮੰਦਰ ਵਿਚ ਹੀ। ਜਿਸ ਢੋਂਗ ਪਾਖੰਡ ਦੇ ਪ੍ਰਤੀ ਉਹ ਨਫ਼ਰਤ ਦੇ ਭਾਵ ਰੱਖਦਾ ਰਿਹਾ ਸੀ—ਉਸਨੂੰ ਖ਼ੁਦ, ਹੱਥੀ, ਕਰਨਾ ਪੈ ਰਿਹਾ ਸੀ। ਸ਼ਿਵਲਿੰਗ ਨੂੰ ਧੋਣਾ, ਫੁੱਲ ਚੜ੍ਹਾਉਣੇ, ਮੰਤਰ ਉਚਾਰਣ ਕਰਨੇ, ਆਰਤੀ ਕਰਨੀ, ਸ਼ਰਧਾਲੂਆਂ ਦੇ ਮੱਥੇ ਉੱਤੇ ਤਿਲਕ ਲਾਉਣਾ, ਉਹਨਾਂ ਨੂੰ ਪ੍ਰਸ਼ਾਦ ਦੇਣਾ...।

ਤੁਲਾਰਾਮ ਦੀ ਧੀ ਜਗਨੀ ਮੰਦਰ ਤੇ ਅੰਦਰ-ਬਾਹਰ ਦੀ ਸਫਾਈ ਤੇ ਝਾੜੂ-ਪੋਚਾ ਕਰਦੀ ਸੀ। ਪਰਸਾ ਮਹਿਸੂਸ ਕਰਦਾ ਕਿ ਜਗਨੀ ਮੰਦਰ ਦਾ ਕੰਮ ਕਰਦਿਆਂ ਹੋਇਆਂ ਪੂਰੀ ਤਰ੍ਹਾਂ ਭਗਤੀ ਭਾਵ ਵਿਚ ਡੁੱਬੀ ਹੁੰਦੀ ਹੈ ਜਿਵੇਂ ਸਾਫ-ਸਫਾਈ ਨਹੀਂ, ਸੱਚੇ ਮਨ ਨਾਲ, ਪ੍ਰਾਥਨਾਂ ਕਰ ਰਹੀ ਹੋਵੇ। ਉਸਨੂੰ ਲੱਗਿਆ ਕਿ ਮੰਦਰ ਵਿਚ ਹੋਣ ਦੀ ਯੋਗਤਾ ਉਸ ਨਾਲੋਂ, ਜਗਨੀ ਵਿਚ ਵਧ ਹੈ।
ਤੁਲਾਰਾਮ ਪੱਕੀ ਉਮਰ ਦੇ ਹੋ ਗਏ ਸਨ ਤੇ ਉਹ ਆਪਣੇ ਧੰਦੇ ਤੋਂ ਬਾਅਦ ਬਚਿਆ ਵਧੇਰੇ ਸਮਾਂ ਮੰਦਰ ਤੇ ਇਕ ਕੋਨੇ ਵਿਚ ਬੈਠ ਕੇ ਧਿਆਨ ਲਾਉਣ ਵਿਚ ਬਿਤਾਅ ਦਿੰਦੇ ਸਨ। ਤੁਲਾਰਾਮ ਕਸਬੇ ਦੇ ਇਕ ਚਹਿਲ-ਪਹਿਲ ਵਾਲੇ ਇਲਾਕੇ ਵਿਚ ਮੀਟ ਦੀ ਦੁਕਾਨ ਕਰਦੇ ਸਨ। ਦੁਕਾਨ ਖ਼ੂਬ ਚੱਲਦੀ ਸੀ, ਪਰ ਹਮੇਸ਼ਾ ਪ੍ਰਾਣ-ਹਰਣ, ਵੱਢਾ-ਟੁੱਕੀ, ਲਹੂ-ਮਾਸ ਦੀ ਕਾਰਵਾਈ ਹੁੰਦਿਆਂ ਦੇਖ ਕੇ ਮਨ ਵਿਚ ਦੁੱਖ ਤੇ ਪਛਤਾਵੇ ਦੀ ਭਾਵਨਾ ਭਰੀ ਰਹਿੰਦੀ ਸੀ, ਜਿਸ ਤੋਂ ਮੁੱਕਤੀ ਪਾਉਣ ਖਾਤਰ ਉਹ ਮੰਦਰ ਵਿਚ ਸ਼ਰਣ ਲੈਂਦੇ ਸਨ। ਬਸਤੀ ਦੇ ਕਈ ਅਜਿਹੇ ਲੋਕ ਹੋਰ ਵੀ ਸਨ, ਜਿਹਨਾਂ ਦੇ ਜੀਵਨ ਵਿਚ ਕੋਈ ਸੁਖ ਨਹੀਂ ਸੀ ਤੇ ਉਹ ਘੋਰ ਕਸ਼ਟਾਂ ਵਿਚ ਜਿਊਂ ਰਹੇ ਸਨ, ਮੰਦਰ ਵਿਚ ਆ ਕੇ ਪੂਜਾ-ਪਾਠ ਵਿਚ ਖ਼ੁਦ ਨੂੰ ਘੰਟਿਆਂ ਬੱਧੀ ਲਾਈ ਰੱਖਦੇ। ਪਰਸ਼ੁ ਨੂੰ ਬੜੀ ਹੈਰਾਨੀ ਸੀ ਕਿ ਜੀਵਨ ਵਿਚ ਬੁਰੀ ਤਰ੍ਹਾਂ ਸਤਾਏ ਤੇ ਠੱਗੇ ਗਏ ਇਹ ਲੋਕ ਆਪਣੀ ਦੁਰਦਸ਼ਾ ਨੂੰ ਭਗਵਾਨ ਦੀ ਮਰਜ਼ੀ ਮੰਨ ਕੇ ਆਪਣੇ ਦਿਨਾਂ ਦੇ ਫਿਰਨ ਦੀ ਉਮੀਦ ਨਾਲ ਭਰੇ ਹੋਏ ਨੇ!
ਜਿਵੇਂ ਪਰਸੇ ਨੇ ਬ੍ਰਾਹਮਣ ਹੁੰਦਿਆਂ ਹੋਇਆਂ ਵੀ ਕਦੇ ਖ਼ੁਦ ਨੂੰ ਬ੍ਰਾਹਮਣ ਨਹੀਂ ਸੀ ਸਮਝਿਆ...ਤੇ ਮੰਦਰ ਵਿਚ ਰਹਿੰਦਿਆਂ ਹੋਇਆਂ ਵੀ ਕਦੇ ਖ਼ੁਦ ਨੂੰ ਪੁਜਾਰੀ ਨਹੀਂ ਸੀ ਮੰਨਿਆਂ...ਓਵੇਂ ਹੀ ਜਗਨੀ, ਤੁਲਾਰਾਮ ਜਾਂ ਬਸਤੀ ਦੇ ਹੋਰ ਲੋਕਾਂ ਲਈ ਉਸਦੇ ਮਨ ਵਿਚ ਉਹਨਾਂ ਨੂੰ ਛੋਟਾ ਜਾਂ ਸ਼ੂਦਰ ਮੰਨਣ ਦਾ ਹੋਛਾ ਵਿਚਾਰ ਵੀ ਕਦੇ ਨਹੀਂ ਸੀ ਆਇਆ—ਬਲਕਿ ਉਹ ਖ਼ੁਦ ਨੂੰ ਇਹਨਾਂ ਦੀ ਸ਼੍ਰੇਣੀ ਦਾ ਆਦਮੀ ਸਮਝਦਾ ਰਿਹਾ। ਆਪਣੇ ਆਪ ਨੂੰ ਉਹ ਉਹਨਾਂ ਨਾਲੋਂ ਸ਼੍ਰੇਸ਼ਟ ਸਮਝੇ, ਅਜਿਹਾ ਉਸ ਕੋਲ ਕੋਈ ਕਾਰਣ ਵੀ ਨਹੀਂ ਸੀ। ਸੋ ਜਗਨੀ ਨਾਲ ਤੇ ਉਸਦੇ ਪਰਿਵਾਰ ਨਾਲ ਉਸਦੀ ਨੇੜਤਾ ਵਧਦੀ ਗਈ। ਉਸਨੂੰ ਜੀਵਨ ਵਿਚ ਕੋਈ ਕੁੜੀ ਮਿਲੇਗੀ, ਇਸ ਦੀ ਬੁਝਦੀ ਜਾ ਰਹੀ ਆਸ ਜਗਨੀ ਨੂੰ ਦੇਖ ਕੇ ਇਕ ਵਾਰੀ ਫੇਰ ਉਸਦੇ ਮਨ ਵਿਚ ਪੂੰਗਰਨ ਲੱਗੀ। ਦੋਵਾਂ ਨੂੰ ਹੀ ਲੱਗਿਆ ਕਿ ਉਹ ਇਕ ਦੂਜੇ ਲਈ ਸਹੀ ਚੋਣ ਨੇ। ਜਗਨੀ ਨੇ ਕਿਹਾ ਕਿ ਉਸਦੇ ਪਿਤਾ ਦੀ ਸਹਿਮਤੀ ਵੀ ਮਿਲ ਜਾਵੇ ਤਾਂ ਉਹ ਵਧੇਰੇ ਬੇਫਿਕਰੀ ਨਾਲ ਜੀਵਨ ਬਸਰ ਕਰ ਸਕਣਗੇ।
ਪਰਸਰਾਮ ਇਕ ਵਾਰ ਫੇਰ ਮਧੋਕ ਮਲਾਹ ਦੀ ਸ਼ਰਣ ਵਿਚ ਚਲਾ ਗਿਆ। ਮਧੋਕ ਨੂੰ ਸੁਣ ਕੇ ਹੈਰਾਨੀ ਨਹੀਂ ਹੋਈ...ਜਾਣਦੇ ਸਨ ਕਿ ਪਰਸਰਾਮ ਖ਼ੁਦ ਆਪਣੇ ਬਾਰੇ ਨਹੀਂ ਸੋਚੇਗਾ ਤਾਂ ਹੋਰ ਕੋਈ ਉਸਦੀ ਚਿੰਤਾ ਕਰੇਗਾ—ਅਜਿਹੇ ਵਿਚਾਰੇ ਦੇ ਕਰਮ ਨਹੀਂ। ਉਹ ਇਹ ਵੀ ਜਾਣਦੇ ਸਨ ਕਿ ਪਰਸਰਾਮ ਵਰਗੇ ਲੋਕ ਕਿਸੇ ਜਾਤ ਦੇ ਨਹੀਂ ਹੁੰਦੇ। ਮਧੋਕ ਨੇ ਤੁਲਾਰਾਮ ਨਾਲ ਗੱਲ ਕੀਤੀ। ਤੁਲਾਰਾਮ ਦੀ ਪਰਸਰਾਮ ਨਾਲ ਚੰਗੀ ਬਣਦੀ ਸੀ ਤੇ ਉਹ ਉਸਨੂੰ ਚੰਗਾ ਆਦਮੀ ਸਮਝਦਾ ਸੀ, ਪਰ ਜਾਤ ਦੇ ਏਡੇ ਵੱਡੇ ਪਾੜੇ ਕਾਰਣ ਇਸ ਸੰਬੰਧ ਬਾਰੇ ਸੁਣ ਕੇ ਹੈਰਾਨੀ ਵਿਚ ਪੈ ਜਾਣਾ ਉਸ ਲਈ ਲਾਜ਼ਮੀ ਸੀ। ਮਧੋਕ ਨੇ ਉਸਨੂੰ ਸਮਝਾਇਆ ਤਾਂ ਮਨ ਵਿਚੋਂ ਸ਼ੰਕਾ ਨਿਕਲ ਜਾਣ ਵਿਚ ਬਹੁਤੀ ਦੇਰ ਨਹੀਂ ਲੱਗੀ ਤੇ ਰਾਜ਼ੀ ਹੋ ਗਿਆ। ਜਗਨੀ ਤੇ ਪਰਸਰਾਮ ਦੀ ਉਸੇ ਮੰਦਰ ਵਿਚ ਸ਼ਾਦੀ ਹੋ ਗਈ। ਹੁਣ ਪਰਸ਼ੁਰਾਮ ਪੱਕੇ ਤੌਰ 'ਤੇ ਤੁਲਾਰਾਮ ਪਰਿਵਾਰ ਦਾ ਮੈਂਬਰ ਬਣ ਗਿਆ।

ਜਗਨੀ ਤੇ ਪਰਸੇ ਦੀ ਖ਼ੂਬ ਗਾੜ੍ਹੀ ਨਿਭੀ। ਦੋਵਾਂ ਨੇ ਇਕ ਦੂਜੇ ਨੂੰ ਪੂਰਾ ਪਿਆਰ ਦਿੱਤਾ। ਉਹਨਾਂ ਦੇ ਦੋ ਪੁੱਤਰ ਹੋਏ—ਰਾਮਹਿਤ ਤੇ ਸਾਮਦੇਵ। ਪਰਸ਼ੁ ਦੇ ਨਾ ਚਾਹੁੰਦਿਆਂ ਹੋਣ ਦੇ ਬਾਵਜੂਦ ਜਗਨੀ ਨੇ ਉਹਨਾਂ ਦੇ ਨਾਂ ਦੇ ਨਾਲ ਪਾਂਡੇ ਲਾ ਦਿੱਤਾ। ਸਕੂਲ ਵਿਚ ਉਹ ਰਾਮਹਿਤ ਪਾਂਡੇ ਤੇ ਸਾਮਦੇਵ ਪਾਂਡੇ ਦੇ ਨਾਂ ਨਾਲ ਦਾਖ਼ਲ ਕਰਵਾਏ ਗਏ। ਪਰਸ਼ੁ ਨੇ ਜਗਨੀ ਦੀ ਕਿਸੇ ਵੀ ਇੱਛਾ ਅੱਗੇ ਕਦੀ ਆਪਣੀ ਅਸਹਿਮਤੀ ਨੂੰ ਅੜਿਕਾ ਨਹੀਂ ਸੀ ਬਨਣ ਦਿੱਤਾ। ਜਗਨੀ ਜੋ ਕਹੇ, ਉਸਨੂੰ ਸਭ ਮੰਜ਼ੂਰ। ਉਂਜ ਵੀ ਆਪਣੀ ਜਾਤ ਦਾ ਉਸਨੂੰ ਕਦੀ ਮਾਣ ਨਹੀਂ ਸੀ ਰਿਹਾ ਤੇ ਉਹ ਹਮੇਸ਼ਾ ਇਹੀ ਸਮਝਦਾ ਰਿਹਾ ਸੀ ਕਿ ਉਸ ਵਰਗਾ ਆਦਮੀ ਜਾਤ ਦੇ ਚੌਖਟੇ ਵਿਚ ਫਿੱਟ ਹੋ ਕੇ ਆਪਣਾ ਭਲਾ ਨਹੀਂ ਕਰ ਸਕਦਾ। ਪਰ ਜਾਤ ਨੂੰ ਲੈ ਕੇ ਜਗਨੀ ਵਿਚ ਸ਼ਾਇਦ ਕਿਤੇ ਨਾ ਕਿਤੇ ਇਕ ਗ੍ਰੰਥੀ ਬਚੀ ਹੋਈ ਸੀ, ਇਸ ਲਈ ਉਹ ਆਪਣੇ ਪੁੱਤਰਾਂ ਨੂੰ ਪਤੀ ਦੀ ਪਛਾਣ ਦੇਣ ਲਈ ਉਤਸੁਕ ਸੀ, ਜਾਂ ਹੋ ਸਕਦਾ ਹੈ ਕਿ ਉਸਦੀ ਇਸ ਸੋਚ ਪਿੱਛੇ ਪਰਸੇ ਪ੍ਰਤੀ ਆਪਣੀ ਆਸਥਾ ਤੇ ਆਪਣਾਪਨ ਪ੍ਰਗਟ ਕਰਨਾ ਛਿਪਿਆ ਹੋਇਆ ਹੋਵੇ।
ਜਗਨੀ ਨੂੰ ਤਾਂ ਕੀ ਪਰਸੇ ਨੂੰ ਵੀ ਇਸ ਗੱਲ ਦਾ ਉੱਕਾ ਹੀ ਇਲਮ ਨਹੀਂ ਸੀ ਕਿ ਉਹਨਾਂ ਦੇ ਇਸ ਕਾਰਜ ਦਾ ਕੋਈ ਦੂਰਗਾਮੀ ਸਿੱਟਾ ਵੀ ਨਿਕਲੇਗਾ।
ਦੋਵੇਂ ਪੁੱਤਰ ਪੜ੍ਹ ਲਿਖ ਕੇ ਵੱਡੇ ਹੋ ਗਏ।
ਰਾਮਹਿਤ ਤੇ ਸਾਮਦੇਵ ਪਿਤਾ ਦੇ ਨਾਂ ਵਾਲਾ ਪਾਂਡੇ ਉਪਨਾਂਅ ਲਾ ਕੇ ਵੱਖ-ਵੱਖ ਨੌਕਰੀਆਂ ਵਾਲੇ ਇਮਤਿਹਾਨਾਂ ਵਿਚ ਬੈਠਣ ਤੇ ਪੜ੍ਹਾਈ ਲਿਖਾਈ ਵਿਚ ਬੇਹੱਦ ਔਸਤ ਦਰਜੇ ਦੇ ਹੋਣ ਕਾਰਕੇ ਫੇਲ੍ਹ ਹੋਣ ਦੀ ਗਿਣਤੀ ਵਿਚ ਵਾਧਾ ਕਰਨ ਲੱਗੇ। ਉਹ ਜਾਣਦੇ ਸਨ ਕਿ ਨੌਕਰੀ ਮਿਲਣੀ ਆਸਾਨ ਨਹੀਂ—ਤੇ ਉਹ ਇਹ ਵੀ ਜਾਣਦੇ ਸਨ ਕਿ ਕੋਈ ਨੌਕਰੀ ਨਾ ਮਿਲਣ ਦੀ ਹਾਲਤ ਵਿਚ, ਆਖ਼ਰ, ਉਹਨਾਂ ਨੂੰ ਮੀਟ ਦੀ ਦੁਕਾਨ 'ਤੇ ਹੀ ਬੈਠਣਾ ਪਵੇਗਾ। ਉਹਨਾਂ ਦੇ ਨਾਨਾ ਤੁਲਾਰਾਮ ਖਾਸੇ ਬੁੱਢੇ ਹੋ ਗਏ ਸਨ ਤੇ ਇਕਲੌਤੀ ਧੀ ਜਗਨੀ ਦੇ ਸਿਵਾਏ ਉਹਨਾਂ ਦਾ ਕੋਈ ਹੋਰ ਵਾਰਸ ਵੀ ਨਹੀਂ ਸੀ। ਦੁਕਾਨ ਤੋਂ ਖ਼ੂਬ ਚੰਗੀ ਆਮਦਨ ਹੋ ਰਹੀ ਸੀ ਤੇ ਘਰ ਦਾ ਸਾਰਾ ਖ਼ਰਚ ਉਸੇ ਨਾਲ ਚਲਦਾ ਸੀ। ਜ਼ਾਹਿਰ ਹੈ ਬੇਰੁਜ਼ਗਾਰ ਹੋਣ ਦੀ ਸਥਿਤੀ ਵਿਚ ਦੁਕਾਨ ਦੀ ਜ਼ਿੰਮੇਵਾਰੀ ਰਾਮਹਿਤ ਜਾਂ ਸਾਮਦੇਵ ਨੂੰ ਹੀ ਸੰਭਾਲਣੀ ਪੈਣੀ ਸੀ।
ਰਾਮਹਿਤ ਦੇ ਦਿਮਾਗ਼ ਵਿਚ ਅਚਾਨਕ ਇਕ ਖ਼ਿਆਲ ਆਇਆ ਕਿ ਕਿਉਂ ਨਾ ਮਾਂ ਦੀ ਜਾਤ ਨੂੰ ਅਸਤਰ ਬਣਾਅ ਲਿਆ ਜਾਵੇ? ਅੱਜਕੱਲ੍ਹ ਕਾਨੂੰਨ ਦੀਆਂ ਨਜ਼ਰਾਂ ਵਿਚ ਆਦਮੀ, ਔਰਤ ਦੋਵਾਂ ਦਾ ਦਰਜ਼ਾ ਬਰਾਬਰ ਹੈ ਤਾਂ ਕੋਈ ਔਲਾਦ ਪਿਤਾ ਦੀ ਜਾਤ ਦੀ ਜਗ੍ਹਾ ਮਾਂ ਦੀ ਜਾਤ ਦਾ ਕਵਚ ਕਿਉਂ ਪਾ ਲਵੇ? ਖਾਸ ਤੌਰ 'ਤੇ ਜਦੋਂ ਮਾਂ ਦੀ ਜਾਤ ਦਾ ਕਵਚ ਪਾ ਕੇ ਛੋਟਾਂ-ਸੌਖਾਂ ਦਾ ਨਵਾਂ ਦਰਵਾਜ਼ਾ ਖੁੱਲ੍ਹ ਰਿਹਾ ਹੋਵੇ! ਉਹ ਜਾਣਦਾ ਸੀ ਕਿ ਜਾਤ ਇਕ ਅਜਿਹਾ ਲੇਬਲ ਹੈ ਜਿਹੜਾ ਇਕ ਵਾਰੀ ਚਿਪਕ ਜਾਵੇ ਤਾਂ ਉਸ ਤੋਂ ਖਹਿੜਾ ਛੁਡਾਉਣਾ ਆਸਾਨ ਨਹੀਂ ਹੁੰਦਾ। ਫੇਰ ਵੀ ਉਸਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਤੇ ਇਕ ਕਮੇਟੀ ਅਧਿਕਾਰੀ ਤੇ ਜ਼ਿਲਾ ਅਧਿਕਾਰੀ ਦਫ਼ਤਰ ਦਾ ਬੂਹਾ ਖੜਕਾਉਣ ਪਿੱਛੋਂ ਮਾਮਲੇ ਨੂੰ ਅਦਾਲਤ ਤਕ ਲੈ ਗਿਆ।
ਪਰਸਰਾਮ ਹੈਰਾਨ ਸੀ ਕਿ ਜਾਤ ਦੇ ਜਿਸ ਅਜਗਰ ਨੂੰ ਉਹ ਹਮੇਸ਼ਾ ਪਰ੍ਹਾਂ ਧਰੀਕਦਾ ਰਿਹਾ ਸੀ, ਉਹ ਵਾਰੀ-ਵਾਰੀ ਉਸਦੇ ਗਲ਼ੇ ਆਣ ਲਿਪਟਦਾ ਸੀ। ਜਾਤ ਤੋਂ ਨੱਸਣ ਦੇ ਬਾਵਜੂਦ, ਜਾਤ ਦੇ ਆਧਾਰ 'ਤੇ ਹੀ ਉਸਨੂੰ ਮੰਦਰ ਵਿਚ ਜਗ੍ਹਾ ਮਿਲੀ। ਈਸ਼ਵਰ ਵਿਚ ਆਸਥਾ ਨਾ ਹੁੰਦਿਆਂ ਹੋਇਆਂ ਵੀ ਪੂਜਾ ਪਾਠ ਕਰਨ ਦੀ ਮਜ਼ਬੂਰੀ ਗਲ਼ੇ ਪੈ ਗਈ। ਜਾਤ ਨੂੰ ਅਗੂੰਠਾ ਵਿਖਾਅ ਕੇ ਗੈਰ ਜਾਤੀ ਵਿਚ ਵਿਆਹ ਕਰਵਾਇਆ ਤਾਂ ਬੱਚਿਆਂ ਉੱਤੇ ਫੇਰ ਉਹੀ ਜਾਤ ਚਿਪਕ ਗਈ...ਕੁਝ ਇਸ ਤਰ੍ਹਾਂ ਕਿ ਉਸ ਤੋਂ ਛੁਟਕਾਰਾ ਪਾਉਣਾ ਚਾਹੋ ਤਾਂ ਉਹ ਵੀ ਆਸਾਨ ਨਹੀਂ। ਪਰ ਇੱਥੇ ਦੁਖਾਂਤ ਇਹ ਸੀ ਕਿ ਜਾਤ ਤੋਂ ਛੁਟਕਾਰਾ ਪਾਉਣ ਲਈ ਨਹੀਂ ਬਲਕਿ ਲਾਹਾ ਲੈਣ ਲਈ ਜਾਤ ਨੂੰ ਕਵਚ ਬਣਾਉਣ ਦੀ ਕਾਰਵਾਈ ਕਰਨੀ ਪੈ ਰਹੀ ਸੀ।
ਖ਼ੈਰ ਫੈਸਲਾ ਰਾਮਹਿਤ ਦੇ ਪੱਖ ਵਿਚ ਹੋ ਗਿਆ। ਉਸਨੂੰ ਅਦਾਲਤ ਨੇ ਉਸਦੀ ਮਾਂ ਦੇ ਆਧਾਰ 'ਤੇ ਅਨੁਸੂਚਿਤ ਜਾਤੀ ਵਿਚ ਸ਼ਾਮਿਲ ਕਰਨ ਤੇ ਆਰਕਸ਼ਣ ਲੈਣ ਦੀ ਇਜਾਜ਼ਤ ਦੇ ਦਿੱਤੀ। ਹੁਣ ਉਹ ਵਿਧਾਨਿਕ ਰੂਪ ਵਿਚ ਆਪਣੀ ਜਾਤ ਦੁਸਾਧ ਐਲਾਨ ਕਰਦਿਆਂ ਹੋਇਆਂ ਆਪਣੀ ਯੋਗਤਾ ਦੇ ਆਧਾਰ 'ਤੇ ਕਿਸੇ ਵੀ ਰਾਖਵੀਂ ਨੌਕਰੀ ਲਈ ਅਰਜੀ ਦੇ ਸਕਦਾ ਸੀ।
ਰਾਮਹਿਤ ਦੀ ਜੁਗਤ ਕਾਮਯਾਬ ਹੋ ਗਈ। ਉਸਨੂੰ ਪਹਿਲੇ ਹੱਲੇ ਵਿਚ ਹੀ ਸਰਕਾਰੀ ਸਕੂਲ ਵਿਚ ਟੀਚਰ ਦੀ ਨੌਕਰੀ ਮਿਲ ਗਈ। ਤੁਲਾਰਾਮ ਖੁਸ਼ ਹੋਇਆ ਕਿ ਚਲੋ ਹੁਣ ਰਾਮਹਿਤ ਨੂੰ ਮੀਟ ਦੀ ਦੁਕਾਨ ਤੋਂ ਛੁਟਕਾਰਾ ਮਿਲ ਗਿਆ। ਅੰਦਰੋਂ ਉਹ ਵੀ ਨਹੀਂ ਸੀ ਚਾਹੁੰਦਾ ਕਿ ਉਸ ਵਾਂਗ ਹੀ ਉਸਦੇ ਬੱਚਿਆਂ ਨੂੰ ਵੀ ਇਸ ਧੰਦੇ ਵਿਚ ਪੈਣਾ ਪਵੇ।
ਰਾਮਹਿਤ ਦਾ ਮਕਸਦ ਪੂਰਾ ਹੋ ਜਾਣ ਕਾਰਣ ਹੁਣ ਇਹੋ ਰਸਤਾ ਛੋਟੇ ਭਰਾ ਸਾਮਦੇਵ ਲਈ ਵੀ ਖੁੱਲ੍ਹ ਗਿਆ ਸੀ। ਉਹ ਵੀ ਹੁਣ ਆਪਣੇ ਭਰਾ ਵਾਂਗ ਹੀ ਮਾਂ ਦੀ ਜਾਤ ਦੁਸਾਧ ਅਪਣਾਉਣ ਦੀ ਆਗਿਆ ਅਦਾਲਤ ਕੋਲੋਂ ਲੈ ਸਕਦਾ ਸੀ। ਪਰਸਰਾਮ ਪਾਂਡੇ ਖੁਸ਼ ਸੀ ਕਿ ਚੱਲੋ ਇਸ ਆਧਾਰ 'ਤੇ ਇਸ ਮੁੰਡੇ ਦਾ ਵੀ ਜ਼ਰੂਰ ਕੁਝ ਨਾ ਕੁਝ ਹੋ ਹੀ ਜਾਵੇਗਾ। ਕੁਝ ਹੋ ਜਾਣ ਪਿੱਛੋ ਐਲਾਨੀਆਂ ਤੌਰ 'ਤੇ ਇਸ ਘਰ ਵਿਚ ਉਸਦੇ ਸਿਵਾਏ ਕੋਈ ਪਾਂਡੇ ਨਹੀਂ ਰਹਿ ਜਾਵੇਗਾ। ਉਹ ਹੈ ਵੀ ਤਾਂ ਕੁਝ ਇਸ ਤਰ੍ਹਾਂ ਹੀ ਕਿ ਉਸਦੇ ਹੋਣ, ਨਾ ਹੋਣ ਦਾ ਕੋਈ ਅਰਥ ਨਹੀਂ ਹੈ।
ਇਸ ਦੌਰਾਨ ਤੁਲਾਰਾਮ ਬੀਮਾਰ ਹੋ ਕੇ ਬਿਸਤਰੇ 'ਤੇ ਪੈ ਗਿਆ। ਦੁਕਾਨ ਹੁਣ ਨੌਕਰਾਂ ਦੇ ਭਰੋਸੇ ਚੱਲਣ ਲੱਗੀ ਤੇ ਆਮਦਨ ਅੱਧੀ ਰਹਿ ਗਈ। ਦੁਕਾਨ ਦੀ ਨਿਗਰਾਣੀ ਦੀ ਜ਼ਿੰਮੇਵਾਰੀ ਸਾਮਦੇਵ 'ਤੇ ਆਣ ਪਈ। ਉਹ ਇਸ ਜ਼ਿੰਮੇਵਾਰੀ ਨੂੰ ਸ਼ਾਮ ਵੇਲੇ ਉੱਥੇ ਜਾ ਕੇ ਸਿਰਫ ਹਿਸਾਬ ਲੈਣ ਤਕ ਨਿਭਾਉਣ ਲੱਗਾ। ਜਦੋਂ ਕਿ ਲੋੜ ਉੱਥੇ ਪੂਰਾ ਸਮਾਂ ਬੈਠਣ ਦੀ ਸੀ। ਉੱਥੇ ਦੀ ਹਰੇਕ ਕਾਰਵਾਈ ਉੱਤੇ ਨਜ਼ਰ ਰੱਖਣੀ ਪੈਣੀ ਸੀ...ਕਿੰਨੇ ਬੱਕਰੇ ਕੱਟੇ ਗਏ, ਕਿੰਨੇ ਕਿੱਲੋ ਮੀਟ ਵਿਕਿਆ, ਪੈਟੀ, ਸਿਰੀ, ਖਰੌੜੇ, ਖੱਲ ਤੇ ਚਰਬੀ ਆਦੀ ਕਿਸ ਭਾਅ ਨਿਬੇੜੇ ਜਾਂਦੇ ਨੇ...ਗਾਹਕਾਂ ਨਾਲ ਕੇਹਾ ਸਲੂਕ ਕੀਤਾ ਜਾਂਦਾ ਹੈ।
ਬੀਮਾਰ ਤੁਲਾਰਾਮ ਇਕ ਦਿਨ ਪ੍ਰਲੋਕ ਸਿਧਾਰ ਗਏ। ਹੁਣ ਦੁਕਾਨ ਦਾ ਕੋਈ ਸਥਾਈ ਹੱਲ ਕੱਢਣਾ ਪੈਣਾ ਸੀ। ਦੁਕਾਨ ਦੀ ਆਮਦਨ ਕਿਸੇ ਵੀ ਨੌਕਰੀ ਨਾਲੋਂ ਕਈ ਗੁਣਾ ਬਿਹਤਰ ਸੀ। ਸਾਮਦੇਵ ਸਾਹਮਣੇ ਦੋਵੇਂ ਰਸਤੇ ਖੁੱਲ੍ਹੇ ਸਨ ਤੇ ਪਰਸ਼ੁ ਤੇ ਜਗਨੀ ਦੋਵੇਂ ਹੀ ਚਾਹੁੰਦੇ ਸਨ ਕਿ ਸਾਮਦੇਵ ਦੁਕਾਨ ਚਲਾਉਣ ਵੱਲ ਧਿਆਨ ਦਵੇ।
ਬੜੇ ਦਿਨਾਂ ਤਕ ਕੁਝ ਨਾ ਹੁੰਦਿਆਂ ਦੇਖ ਕੇ ਪਰਸੇ ਨੇ ਇਕ ਦਿਨ ਉਸਨੂੰ ਪੁੱਛ ਲਿਆ, “ਕਿਉਂ ਬਈ ਸਾਮ, ਕੀ ਕਰਨ ਦਾ ਇਰਾਦਾ ਏ? ਜਲਦੀ ਫੈਸਲਾ ਕਰ। ਦੁਕਾਨ ਨੂੰ ਇੰਜ ਅੱਧਾ-ਅਧੂਰਾ ਚਲਾਉਣਾ ਠੀਕ ਨਹੀਂ—ਪੈਂਠ ਮਰ ਜਾਏਗੀ ਤੇ ਫੇਰ ਉਸਨੂੰ ਲੀਹ 'ਤੇ ਲਿਆਉਣਾ ਮਸ਼ਕਿਲ ਹੋ ਜਾਵੇਗਾ।”
ਸਾਮਦੇਵ ਨੇ ਦੁਚਿੱਤੀ ਵਿਚ ਫਸਿਆ ਹੋਣ ਦਾ ਅਹਿਸਾਸ ਕਰਵਾਂਦਿਆਂ ਹੋਇਆਂ ਕਿਹਾ, “ਮੈਥੋਂ ਦੁਕਾਨ ਨਹੀਂ ਸੰਭਾਲੀ ਜਾਣੀ ਬਾਊਜੀ। ਬੱਕਰੇ ਦਾ ਕੱਟਿਆ ਜਾਣਾ, ਉਸਦਾ ਮਿਮਿਆਉਣਾ, ਖ਼ੂਨ ਵਗਣਾ, ਧੜ ਦਾ ਬੋਟੀ-ਬੋਟੀ ਕਰਨਾਂ...ਇਸ ਸਭ ਮੈਥੋਂ ਨਹੀਂ ਦੇਖਿਆ ਜਾਂਦਾ। ਜਾਣਦਾ ਆਂ ਦੁਕਾਨ ਖ਼ੂਬ ਵਧੀਆ ਕਮਾਈ ਦੇ ਰਹੀ ਏ ਤੇ ਸਾਰਿਆਂ ਦਾ ਨਿਰਵਾਹ ਉਸੇ 'ਤੇ ਹੋ ਰਿਹਾ ਏ, ਪਰ ਮੈਂ ਏਸ ਕੰਮ ਲਈ ਆਪਣੇ ਆਪ ਨੂੰ ਤਿਆਰ ਨਹੀਂ ਕਰ ਸਕਿਆ। ਇਹ ਵੀ ਜਾਣਦਾ ਆਂ ਕਿ ਜੇ ਇਸ ਦੁਕਾਨ ਨੂੰ ਆਪਾਂ ਕਿਸੇ ਹੋਰ ਕਾਰੋਬਾਰ ਵਿਚ ਬਦਲ ਦੇਈਏ ਤਾਂ ਉਹ ਕਾਮਯਾਬ ਹੋਵੇਗਾ, ਇਸ ਦੀ ਵੀ ਕੋਈ ਗੁੰਜਾਇਸ਼-ਗਾਰੰਟੀ ਨਹੀਂ। ਇੱਥੇ ਸਿਰਫ ਮੀਟ ਹੀ ਵਿਕ ਸਕਦਾ ਏ, ਕਿਉਂਕਿ 'ਤੁਲਾਰਾਮ ਮੀਟ ਵਾਲਾ' ਦੁਕਾਨ ਦਾ ਨਾਂ ਚੰਗੇ ਤੇ ਭਰੋਸੇ ਯੋਗ ਮੀਟ ਲਈ ਇਕ ਬਰੈਂਡ ਨੇਮ ਬਣ ਚੁੱਕਿਆ ਏ।”
ਪਰਸਾ ਡੂੰਘੀ ਸੋਚ ਵਿਚ ਡੁੱਬ ਗਿਆ। ਬੜੀ ਦੇਰ ਸੋਚ ਵਿਚਾਰ ਕਰਨ ਪਿੱਛੋਂ ਉਸਨੇ ਕਿਹਾ, “ਠੀਕ ਏ ਤੂੰ ਦੁਕਾਨ ਦੀ ਚਿੰਤਾ ਛੱਡ ਦੇਅ। ਮੈਂ ਉਸਦਾ ਕੋਈ ਇੰਤਜਾਮ ਕਰ ਲਵਾਂਗਾ। ਤੂੰ ਰਾਮਹਿਤ ਵਾਂਗ ਅਨੁਸੂਚਿਤ ਜਾਤੀ ਦਾ ਦਰਜਾ ਪ੍ਰਾਪਤ ਕਰ, ਤੇ ਕੋਈ ਵੀ ਨੌਕਰੀ ਵਗ਼ੈਰਾ ਕਰ ਲੈ। ਮਨ ਮਾਰ ਕੇ ਤੈਨੂੰ ਕੁਛ ਕਰਨਾ ਪਏ, ਅਸੀਂ ਇਹ ਕਦੀ ਨਹੀਂ ਚਾਹਾਂਗੇ। ਜਿਸ ਵਿਚ ਤੈਨੂੰ ਖੁਸ਼ੀ ਮਿਲੇ, ਤੂੰ ਉਹੀ ਕੰਮ ਕਰ।”
ਸਾਮਦੇਵ ਨੇ ਆਪਣੇ ਦਵੰਧ ਵਿਚ ਹੋਰ ਡੂੰਘਾ ਉਤਰਦਿਆਂ ਹੋਇਆਂ ਕਿਹਾ, “ਮੈਂ ਆਪਣੀ ਜਾਤ ਵੀ ਬਦਲਣ ਦੇ ਪੱਖ ਵਿਚ ਨਹੀਂ ਆਂ। ਮੈਂ ਪਾਂਡੇ ਹੀ ਬਣਿਆ ਰਹਿਣਾ ਚਾਹੁੰਦਾ ਆਂ। ਮੇਰਾ ਮਨ ਨਹੀਂ ਮੰਨਦਾ ਪਿਆ ਕਿ ਇਕ ਮਾਮੂਲੀ ਜਿਹੀ ਨੌਕਰੀ ਖ਼ਾਤਰ ਮੈਂ ਪਾਂਡੇ ਤੋਂ ਦੁਸਾਧ ਯਾਨੀ ਸਵਰਨ ਤੋਂ ਸ਼ੂਦਰ ਬਣ ਜਾਵਾਂ।” ਪਰਸਾ ਜਿਵੇਂ ਆਸਮਾਨ ਤੋਂ ਭੋਇੰ ਆਣ ਡਿੱਗਿਆ...ਤੇ ਡੌਰ–ਭੌਰ ਜਿਹਾ ਹੋਇਆ ਉਸਦੇ ਮੂੰਹ ਵੱਲ ਤੱਕਣ ਲੱਗਿਆ। ਕੀ ਜਾਤ ਦੀ ਗ੍ਰੰਥੀ ਦਾ ਉੱਚ ਬੋਧ ਉਸਦੀ ਜੀਂਨ ਵਿਚ ਵੀ ਆ ਗਿਆ? ਉਸਨੇ ਤਾਂ ਕਦੀ ਅਜਿਹਾ ਪ੍ਰਦਰਸ਼ਨ ਨਹੀਂ ਕੀਤਾ ਤੇ ਨਾ ਹੀ ਕਦੀ ਸੰਸਕਾਰ ਪਰੋਣ ਦੀ ਕੋਸ਼ਿਸ਼ ਕੀਤੀ ਹੈ। ਫੇਰ ਕਥਿਤ ਵੱਡੀ ਜਾਤ ਦੀ ਹੈਂਕੜੀ ਤੇ ਕਥਿਤ ਛੋਟੀ ਜਾਤ ਦੇ ਪ੍ਰਤੀ ਹੀਣਤਾ ਦਾ ਬੀਜ ਇਸ ਵਿਚ ਕਿੰਜ ਪਲਦਾ ਰਿਹਾ? ਪਰਸ਼ੁ ਦੇ ਸਾਹਮਣੇ ਇਕ ਵਾਰੀ ਫੇਰ ਉਹੀ ਪਿੰਜਰਾ ਆ ਗਿਆ ਸੀ, ਜਿਸ ਤੋਂ ਮੁਕਤ ਹੋ ਜਾਣ ਲਈ ਉਹ ਖੰਭ ਮਾਰਦਾ ਰਹਿੰਦਾ ਸੀ। ਉਸਦੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਉਹ ਮੁੰਡਾ ਉਸ ਜਾਤ ਦੇ ਪ੍ਰਤੀ ਹੀਣਭਾਵ ਕਿੰਜ ਰੱਖ ਸਕਦਾ ਹੈ ਜਿਸ ਜਾਤ ਦੀ ਖ਼ੁਦ ਉਸਦੀ ਮਾਂ ਹੈ...ਜਿਸਦਾ ਲਹੂ ਉਸਦੀਆਂ ਰਗਾਂ ਵਿਚ ਹੈ...ਜਿਸਦਾ ਦੁੱਧ ਪੀ ਕੇ ਉਸਨੇ ਖ਼ੁਦ ਨੂੰ ਵਿਕਸਤ ਕੀਤਾ ਹੈ!
ਪਰਸੇ ਨੇ ਪੁੱਛਿਆ, “ਪਰ ਤੇਰੇ ਭਰਾ ਨੇ ਇੰਜ ਕੀਤਾ ਤੇ ਇੰਜ ਕਰਨ ਨਾਲ ਉਹ ਛੋਟਾ ਨਹੀਂ ਹੋ ਗਿਆ। ਕਿਸੇ ਨੇ ਨਾ ਤਾਂ ਉਸ ਉਪਰ ਉਂਗਲ ਉਠਾਈ, ਨਾ ਕਿਸੇ ਨੇ ਮਜ਼ਾਕ ਉਡਾਇਆ।”
“ਭਰਾ ਵੀ ਹੋਇਆ ਤਾਂ ਕੀ ਹੋਇਆ...ਦੋ ਭਰਾਵਾਂ ਦਾ ਮਨੋਵਿਗਿਆਨ ਜਾਂ ਪਸੰਦ ਇਕੋ ਜਿਹੀ ਹੋਵੇ ਇਹ ਕੋਈ ਜ਼ਰੂਰੀ ਤਾਂ ਨਹੀਂ। ਇਕੋ ਰੁੱਖ ਦੇ ਸਾਰੇ ਫਲ ਵੀ ਇਕੋ-ਜਿਹੇ ਹੋਏ ਨੇ ਕਦੀ? ਉਸਨੂੰ ਜੋ ਚੰਗਾ ਲੱਗਿਆ, ਉਸਨੇ ਕੀਤਾ। ਮੈਨੂੰ ਤਾਂ ਬਸ ਇਹੀ ਲੱਗਦਾ ਏ ਕਿ ਮੈਨੂੰ ਪਾਂਡੇ ਯਾਨੀ ਬ੍ਰਾਹਮਣ ਬਣ ਕੇ ਰਹਿਣਾ ਚਾਹੀਦਾ ਏ, ਤੇ ਬ੍ਰਾਹਮਣ ਦੇ ਜਿਹੜੇ ਕਰਮ ਕਾਰਜ ਨੇ, ਉਹੀ ਅਪਣਾਉਣੇ ਚਾਹੀਦੇ ਨੇ।”
“ਯਾਨੀ ਤੂੰ ਦੁਕਾਨ 'ਤੇ ਵੀ ਨਹੀਂ ਬੈਠੇਂਗਾ ਤੇ ਨੌਕਰੀ ਵੀ ਨਹੀਂ ਕਰੇਂਗਾ...ਫੇਰ ਤੂੰ ਕਰਨਾਂ ਕੀ ਚਾਹੁੰਦਾ ਏਂ...ਕੀ ਨੇ ਬ੍ਰਾਹਮਣ ਦੇ ਕਰਮ-ਕਾਰਜ?”
“ਬਾਊਜੀ, ਤੁਸੀਂ ਜੋ ਕੰਮ ਕਰਦੇ ਓ ਮੈਂ ਉਹੀ ਕਰਨਾਂ ਚਾਹੁੰਦਾ ਆਂ। ਮੈਂ ਪੁਜਾਰੀ ਬਣਨਾ ਚਾਹੁੰਣਾ...ਭਗਵਾਨ ਦੀ ਭਗਤੀ ਕਰਨਾ ਚਾਹੁੰਣਾ...।”
ਪਰਸਾ ਜਿਵੇਂ ਫੇਰ ਮੂੰਹ ਦੇ ਭਾਰ ਡਿੱਗਿਆ। ਜਿਸ ਭਗਵਾਨ ਨੂੰ ਉਹ ਨਕਾਰਦਾ ਰਿਹਾ...ਜਿਸ ਪੂਜਾ-ਪਾਠ ਨੂੰ ਉਹ ਗਲ਼ ਪਏ ਮਜ਼ਬੂਰੀ ਦੇ ਢੋਲ ਵਾਂਗ ਵਜਾਉਂਦਾ ਰਿਹਾ...ਉਸਦਾ ਪੁੱਤਰ ਉਸੇ ਨੂੰ ਹੀ ਆਪਣਾਉਣਾ ਚਾਹੁੰਦਾ ਸੀ। ਸੈੱਲਫ਼ੋਨ, ਟੈਲੀਵਿਜ਼ਨ, ਇੰਟਰਨੈੱਟ ਤੇ ਕੰਪਿਊਟਰ ਦੇ ਇਸ ਯੁੱਗ ਵਿਚ ਵੀ ਨਵੀਂ ਪੀੜ੍ਹੀ ਵਿਚ ਭਗਵਾਨ, ਭਗਤੀ ਤੇ ਜਾਤੀ ਦਾ ਇਹ ਕੇਡਾ ਗਜ਼ਬ ਦਾ ਕੰਟ੍ਰਾਸਟ (Contrast) ਵਿਕਸਿਤ ਹੋ ਰਿਹਾ ਸੀ?
ਪਰਸੇ ਨੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, “ਜੇ ਮੀਟ ਦੀ ਦੁਕਾਨ ਨਾਲ ਤੈਨੂੰ ਘਿਰਣਾ ਹੋ ਗਈ ਏ ਤਾਂ ਇਹ ਗੱਲ ਸਮਝ ਵਿਚ ਆਉਣ ਵਾਲੀ ਏ। ਤੂੰ ਬੇਸ਼ਕ ਉਸ ਦੁਕਾਨ 'ਤੇ ਨਾ ਬੈਠ। ਹਾਲਾਂਕਿ ਮੈਂ ਤੈਨੂੰ ਕਹਿਣਾ ਚਾਹਾਂਗਾ ਕਿ ਬਕਰੇ ਹੋਣ ਜਾਂ ਮੁਰਗੇ, ਉਹ ਦਰਅਸਲ ਕੱਟੇ ਜਾਣ ਲਈ ਪਾਲੇ ਜਾਂਦੇ ਨੇ। ਇਹਨਾਂ ਦੇ ਮਾਮਲੇ ਵਿਚ ਦਯਾ, ਕਰੁਣਾ ਤੇ ਮਮਤਾ ਦਾ ਪ੍ਰਗਟਾਵਾ ਇਕ ਨਾ-ਸਮਝੀ ਏ। ਉਹ ਇਕ ਉਤਪਾਦਨ  ਏ, ਓਵੇਂ ਹੀ ਜਿਵੇਂ ਕਣਕ, ਜਿਵੇਂ ਸ਼ਹਿਦ, ਜਿਵੇਂ ਦੁੱਧ, ਜਿਵੇਂ ਕੱਪੜੇ, ਜਿਵੇਂ ਇਸਪਾਤ। ਇਹ ਵੀ ਨਹੀਂ ਕਿ ਅੱਜ ਕੱਲ੍ਹ ਧੰਦੇ ਨਾਲ ਜਾਤ ਜਾਂ ਜਾਤ ਨਾਲ ਧੰਦਾ ਬੱਝਿਆ ਹੋਇਆ ਏ। ਤੂੰ ਪੜ੍ਹਿਆ ਲਿਖਿਆ ਏਂ, ਦੇਖ ਹੀ ਰਿਹਾ ਹੋਵੇਂਗਾ ਕਿ ਅਜਿਹੇ ਕਈ ਸੈਲੂਨ ਨੇ ਜਿਹਨਾਂ ਨੂੰ ਰਾਜਪੂਤ ਚਲਾ ਰਹੇ ਨੇ...ਅਜਿਹੀਆਂ ਕਈ ਬੂਟਾਂ ਦੀਆਂ ਦੁਕਾਨਾਂ ਨੇ ਜਿਹਨਾਂ ਨੂੰ ਛੀਂਬੇ ਚਲਾ ਰਹੇ ਨੇ...ਅਜਿਹੀਆਂ ਕਈ ਦਰਜ਼ੀ ਦੀਆਂ ਦੁਕਾਨਾਂ ਨੇ ਜਿਹਨਾਂ ਨੂੰ ਬਾਣੀਏਂ ਚਲਾ ਰਹੇ ਨੇ...ਅਜਿਹੀਆਂ ਕਈ ਕਰਿਆਨੇ ਦੀਆਂ ਦੁਕਾਨਾਂ ਤੇ ਹੋਟਲ ਨੇ ਜਿਹਨਾਂ ਨੂੰ ਬ੍ਰਾਹਮਣ ਚਲਾ ਰਹੇ ਨੇ। ਇਹਨਾਂ ਪ੍ਰਸਥਿਤੀਆਂ ਵਿਚ ਜੇ ਕੋਈ ਮੀਟ ਦੀ ਦੁਕਾਨ ਚਲਾ ਰਿਹਾ ਏ ਤਾਂ ਉਸਦੀ ਜਾਤ ਛੋਟੀ ਕਿਵੇਂ ਹੋ ਗਈ ਬਈ? ਇੰਜ ਕੋਈ ਜਾਤ ਛੋਟੀ ਜਾਂ ਵੱਡੀ ਹੁੰਦੀ ਏ ਭਲਾ?”
“ਬਾਊਜੀ, ਤਾਂ ਫੇਰ ਇੰਜ ਕਰੋ...ਤੁਸੀਂ ਮੀਟ ਦੀ ਦੁਕਾਨ ਸੰਭਾਲੋ ਤੇ ਮੈਨੂੰ ਮੰਦਰ ਸੰਭਾਲਨ ਦਿਓ। ਮੇਰੀ ਖੁਸ਼ੀ ਲਈ ਇੰਜ ਕਰਨ ਵਿਚ ਸ਼ਾਇਦ ਤੁਹਾਨੂੰ ਕੋਈ ਦੁਸ਼ਵਾਰੀ ਨਹੀਂ ਹੋਵੇਗੀ। ਮੈਂ ਜਾਣਦਾ ਆਂ ਕਿ ਤੁਹਾਨੂੰ ਬ੍ਰਾਹਮਣ ਹੋਣ ਦਾ ਕੋਈ ਵਿਸ਼ੇਸ਼ ਮਾਨ ਨਹੀਂ...ਈਸ਼ਵਰ ਵਿਚ ਵੀ ਕੋਈ ਆਸਥਾ ਨਹੀਂ ਤੇ ਬਕਰੇ ਦੇ ਕੱਟਣ, ਮਿਣਮਿਣਾਉਣ ਦਾ ਵੀ ਤੁਹਾਡੇ 'ਤੇ ਕੋਈ ਅਸਰ ਨਹੀਂ ਹੁੰਦਾ।”
ਇਹ ਸੁਝਾਅ ਸੁਣ ਕੇ ਕੁਝ ਚਿਰ ਲਈ ਪਰਸਰਾਮ ਹੈਰਾਨ-ਪ੍ਰੇਸ਼ਾਨ ਜਿਹਾ ਰਹਿ ਗਿਆ। ਫੇਰ ਖ਼ੁਦ ਨੂੰ ਸੰਭਾਲਦਿਆਂ ਹੋਇਆਂ ਉਸਨੇ ਕਿਹਾ, “ਮੰਦਰ ਦਾ ਪੁਜਾਰੀ ਬਨਣਾ ਕੋਈ ਬਿਹਤਰ ਜੀਵਨ ਜਿਊਣ ਦਾ ਜ਼ਰੀਆ ਨਹੀਂ ਬੇਟਾ। ਇਹ ਕੋਈ ਤਿਰੂਪਤੀ ਦਾ ਬਾਲਾਜੀ ਮੰਦਰ ਜਾਂ ਜਗਨਨਾਥ ਮੰਦਰ ਨਹੀਂ, ਜਿੱਥੇ ਅਗਿਣਤ ਧਨ ਤੇ ਸੋਨੇ ਚਾਂਦੀ ਦਾ ਚੜ੍ਹਾਵਾ ਚੜ੍ਹਦਾ ਏ। ਇਹ ਤਾਂ ਗਰੀਬਾਂ ਤੇ ਦਲਿਤਾਂ ਦਾ ਮੰਦਰ ਏ, ਜਿੱਥੇ ਮਜ਼ਬੂਰੀ ਵੱਸ ਰਹਿ ਕੇ ਮੈਂ ਆਪਣਾ ਢਿੱਡ ਪਾਲ ਸਕਿਆ ਆਂ”
“ਮੈਂ ਇਸ ਮੰਦਰ ਨੂੰ ਵੀ ਇਕ ਵੱਡਾ ਮੰਦਰ ਬਣਾਉਣਾ ਚਾਹੁੰਦਾ ਆਂ ਬਾਊਜੀ। ਮੈਂ ਇਸਨੂੰ ਚਮਤਕਾਰੀ ਤੇ ਅਤੀ ਪ੍ਰਸਿੱਧ ਬਣਾਉਣਾ ਚਾਹੁੰਦਾ ਆਂ...ਅਜਿਹਾ ਕਿ ਦੂਰ-ਦੂਰ ਤਕ ਇਸਦਾ ਨਾਂਅ ਹੋਵੇ...ਦੂਰੋਂ-ਦੂਰੋਂ ਲੋਕੀ ਇੱਥੇ ਆਉਣ। ਮੰਦਰ ਨੂੰ ਮੈਂ ਇਕ ਅਜਿਹੇ ਆਰਥਿਕ ਕੇਂਦਰ ਵਿਚ ਤਬਦੀਲ ਕਰਨਾਂ ਚਾਹੁੰਦਾ ਆਂ, ਜਿਸ ਦੇ ਸਾਹਮਣੇ ਕੋਈ ਵੀ ਦੁਕਾਨ ਜਾਂ ਕੋਈ ਵੀ ਨੌਕਰੀ ਤੁੱਛ ਸਿੱਧ ਹੋਵੇ।”
ਪਰਸਰਾਮ ਪਾਂਡੇ ਸਿਲ-ਪੱਥਰ ਹੋ ਗਿਆ ਸੀ। ਮੰਦਰ ਦੇ ਅਜਿਹੇ ਵਪਾਰੀਕਰਣ ਦਾ ਖ਼ਿਆਲ ਉਸਦੇ ਦਿਮਾਗ਼ ਵਿਚ ਕਦੀ ਨਹੀਂ ਸੀ ਆਇਆ। ਇਸ ਮੰਤਵ ਨਾਲ ਉਸਦੀ ਕਤਈ ਸਹਿਮਤੀ ਨਹੀਂ ਸੀ, ਫੇਰ ਵੀ ਉਹ ਜਾਣਦਾ ਸੀ ਕਿ ਇਸ ਮੁੰਡੇ ਨੂੰ ਸਮਝਾਉਣਾ ਉਸਦੇ ਹੱਥ-ਵੱਸ ਨਹੀਂ।
ਜਗਨੀ ਪਹਿਲਾਂ ਤਾਂ ਧਿਆਨ ਨਾਲ ਉਹਨਾਂ ਦੀਆਂ ਗੱਲਾਂ ਸੁਣਦੀ ਰਹੀ, ਫੇਰ ਉਸਨੇ ਵੀ ਪੁੱਤਰ ਦਾ ਸਮਰਥਨ ਕੀਤਾ, “ਜਦੋਂ ਇਸਨੇ ਮੰਦਰ ਵਿਚ ਬਹਿਣ ਦਾ ਮਨ ਬਣਾ ਲਿਆ ਏ ਤਾਂ ਬਹਿਣ ਦਿਓ, ਕਿਉਂ ਮਨ੍ਹਾਂ ਕਰਦੇ ਓ ਤੁਸੀਂ?...ਮਨ੍ਹਾਂ ਤਾਂ ਗਲਤ ਤੇ ਮਾੜੇ ਕੰਮਾਂ ਤੋਂ ਕੀਤਾ ਜਾਂਦਾ ਐ। ਭਗਤੀ-ਭਾਵ ਤੇ ਪੂਜਾ-ਪਾਠ ਤਾਂ ਅੱਛਾਈ ਤੇ ਨੇਕੀ ਦੇ ਰਸਤੇ ਐ, ਹੈ ਨਾ ਜੀ?”
ਪਰਸਰਾਮ ਨੂੰ ਮਹਿਸੂਸ ਹੋਇਆ ਇਹ ਪਹਿਲਾ ਮੌਕਾ ਹੈ ਜਦੋਂ ਜਗਨੀ ਉਸਦੇ ਕਹਿਣ ਦੇ ਮੰਤਕ ਨੂੰ ਅੱਖੋਂ-ਪਰੋਖੇ ਕਰ ਰਹੀ ਹੈ। ਉਸਨੂੰ ਤਾਂ ਇਸ ਮੰਸ਼ਾ ਵਿਚ ਸਰਾਸਰ ਖੋਟ ਤੇ ਬੁਰਾਈ ਹੀ ਬੁਰਾਈ ਦਿਖਾਈ ਦੇ ਰਹੀ ਸੀ। ਪਰ ਜਦੋਂ ਜਗਨੀ ਨੇ ਕਹਿ ਦਿੱਤਾ ਤਾਂ ਉਸਨੇ ਹੋਰ ਕੁਝ ਨਹੀਂ ਕਿਹਾ।
ਪਰਸਰਾਮ ਨੇ ਕਦੀ ਇਸਦੀ ਕਲਪਨਾ ਵੀ ਨਹੀਂ ਸੀ ਕੀਤੀ ਕਿ ਇਕ ਦਿਨ ਇਸ ਮੰਦਰ ਵਿਚੋਂ ਵੀ ਉਸਨੂੰ ਹਟਣਾ ਪਵੇਗਾ ਤੇ ਉਹ ਵੀ ਆਪਣੇ ਪੁੱਤਰ ਦੇ ਕਾਰਣ।
ਅਗਲੇ ਦਿਨ ਤੋਂ ਉਹ ਦੁਕਾਨ 'ਤੇ ਬੈਠਣ ਲੱਗ ਪਿਆ। ਉੱਥੇ ਤਿੰਨ ਝਟਕਈ ਕੰਮ ਕਰਦੇ ਸਨ। ਉਹਨਾਂ ਦਾ ਕੰਮ ਵਾਰੀ ਵਾਰੀ ਨਾਲ ਬੱਕਰੇ ਕੱਟਣੇ, ਖੱਲਾਂ ਲਾਹੁਣੀਆਂ, ਬੋਟੀਆਂ ਕਰਨੀਆਂ ਤੇ ਤੋਲ ਕੇ ਗਾਹਕਾਂ ਨੂੰ ਦੇ ਦੇਣਾ ਸੀ। ਪਰਸ਼ੁਰਾਮ ਦਾ ਕੰਮ ਸਿਰਫ ਕਾਊਂਟਰ ਉੱਤੇ ਬੈਠ ਕੇ ਦੁਕਾਨ ਦੀਆਂ ਸਾਰੀਆਂ ਗਤੀ-ਵਿਧੀਆਂ ਉਪਰ ਨਜ਼ਰ ਰੱਖਣੀ ਤੇ ਹਿਸਾਬ ਕਰਕੇ ਗਾਹਕਾਂ ਤੋਂ ਪੈਸੇ ਲੈ ਲੈਣ ਤਕ ਸੀਮਿਤ ਸੀ। ਹੌਲੀ-ਹੌਲੀ ਉਸਨੂੰ ਮਹਿਸੂਸ ਹੋਣ ਲੱਗਿਆ ਕਿ ਬੱਕਰੇ ਦਾ ਕੱਟਿਆ ਜਾਣਾ, ਉਸਦਾ ਚੀਕਾਟ, ਉਸਦਾ ਲਹੂ ਵਗਣਾ, ਉਸਦਾ ਟੁਕੜਿਆਂ ਵਿਚ ਤਬਦੀਲ ਹੋਣਾ ਆਦੀ ਕ੍ਰਿਆਵਾਂ ਨੂੰ ਦੇਖ ਕੇ ਬਿਲਕੁਲ ਨਿਰਲੇਪ ਰਹਿ ਸਕਣਾ ਕੋਈ ਆਸਾਨ ਕੰਮ ਨਹੀਂ। ਉਸਨੂੰ ਇੰਜ ਲੱਗਿਆ ਕਿ ਉਸਦੇ ਦਿਲ ਉੱਤੇ ਹਰ ਰੋਜ਼ ਇਕ ਬੋਝ ਜਿਹਾ ਵਧਦਾ ਜਾ ਰਿਹਾ ਹੈ। ਉਹ ਬੈਠ ਕੇ ਸਿਰਫ ਦੇਖ ਰਿਹਾ ਹੈ ਤੇ ਉਸਦੀ ਇਹ ਹਾਲਤ ਹੈ, ਤਾਂ ਜਿਹੜੇ ਉਹਨਾਂ ਨੂੰ ਹੱਥੀਂ ਵੱਢ-ਟੁੱਕ ਤੇ ਵਰਤਾ ਰਹੇ ਨੇ, ਉਹਨਾਂ 'ਤੇ ਕੀ ਬੀਤਦੀ ਹੋਵੇਗੀ?
ਕਹਿਣ ਨੂੰ ਤਾਂ ਉਸਨੇ ਕਹਿ ਦਿੱਤਾ ਸੀ ਕਿ ਬਕਰੇ ਤੇ ਮੁਰਗੇ ਸਿਰਫ ਇਕ ਉਤਪਾਦਨ ਨੇ, ਪਰ ਹੁਣ ਜਦੋਂ ਉਹ ਖ਼ੁਦ ਉਹਨਾਂ ਨੂੰ ਹਲਾਲ ਹੁੰਦਿਆਂ ਦੇਖਦਾ ਤਾਂ ਇਹ ਸੋਚ ਕਿਸੇ ਭੰਵਰ ਵਿਚ ਫਸੀ ਕਿਸ਼ਤੀ ਵਾਂਗ ਡੋਲਣ ਲੱਗਦੀ। ਉਸਨੂੰ ਅਕਸਰ ਮੰਦਰ ਦੀ ਯਾਦ ਆਉਣ ਲੱਗ ਪੈਂਦੀ। ਈਸ਼ਵਰ ਵਿਚ ਆਸਥਾ ਨਾ ਹੋਣ ਦੇ ਬਾਵਜੂਦ ਰੋਜ਼ ਸ਼ਿਵ ਲਿੰਗ ਨੂੰ ਧੋਣਾ, ਫਲ-ਫੁੱਲ ਚੜਾਉਣੇ, ਮੰਤਰ ਉਚਾਰਣ ਕਰਣੇ, ਆਰਤੀ ਕਰਨੀ, ਪ੍ਰਸ਼ਾਦ ਵਰਤਾਉਣਾ ਆਦੀ ਸਾਹ ਲੈਣ ਵਾਂਗ ਉਸਦੀਆਂ ਆਦਤ ਵਿਚ ਸ਼ਾਮਿਲ ਹੋ ਗਏ ਸਨ...ਉਸਦੀ ਨਿੱਤ ਕ੍ਰਿਆ ਜਿਵੇਂ ਕਿਸੇ ਰਾਗ ਦੀਆਂ ਬੰਦਿਸ਼ਾਂ ਵਿਚ ਬੱਝ ਗਈ ਸੀ ਤੇ ਉੱਥੋਂ ਦੇ ਕਣ-ਕਣ ਨਾਲ ਇਕ ਸਾਂਝ ਜਿਹੀ ਹੋ ਗਈ ਸੀ। ਕੋਈ ਬੋਝ ਨਹੀਂ ਸੀ ਹੁੰਦਾ ਦਿਲ-ਦਿਮਾਗ਼ ਉੱਤੇ।
ਹੁਣ ਦਿਲ-ਦਿਮਾਗ਼ ਉੱਤੇ ਵੱਧਦਾ ਜਾ ਰਿਹਾ ਬੋਝ ਜਿਵੇਂ ਉਸਦੀ ਰਗ-ਰਗ ਨੂੰ ਬੇਸੁਰਾ ਕਰਨ ਲੱਗ ਪਿਆ ਸੀ। ਕਿਤੇ ਉਸਦੇ ਅੰਦਰ ਸੁੱਤੇ ਹੋਏ ਬ੍ਰਾਹਮਣੀ ਸੰਸਕਾਰ ਤਾਂ ਨਹੀਂ ਸੀ ਜਾਗਣ ਲੱਗ ਪਏ?
ਪਰਸਰਾਮ ਨੇ ਆਪਣੇ ਚਿੱਤ ਨੂੰ ਕਰੜਾ ਕੀਤਾ, ਜਾਗ ਰਹੇ ਸੰਸਕਾਰਾਂ ਦੇ ਪ੍ਰੇਤ ਨੂੰ ਮੰਦਰ ਲਈ ਛੱਡ ਦਿੱਤਾ ਤੇ ਪੱਕਾ ਫੈਸਲਾ ਕੀਤਾ ਕਿ ਖ਼ੁਦ ਨੂੰ ਡੋਲਣ ਨਹੀਂ ਦਵੇਗਾ...ਤੇ ਦੁਕਾਨ 'ਤੇ ਬੈਠਣਾ ਜ਼ਾਰੀ ਰੱਖੇਗਾ।
      ੦੦੦ ੦੦੦ ੦੦੦
   ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
   ਮੋਬਾਇਲ ਨੰ : 94177-30600.

No comments:

Post a Comment