Sunday, September 19, 2010

ਇਕ ਨਰਕ ਦੂਜਾ ਨਰਕ...:: ਲੇਖਕ : ਭਗਵਤੀ ਚਰਨ ਵਰਮਾ




ਹਿੰਦੀ ਕਹਾਣੀ :
ਇਕ ਨਰਕ ਦੂਜਾ ਨਰਕ...ਭਗਵਤੀ ਚਰਨ ਵਰਮਾ
ਲੇਖਕ :
ਅਨੁਵਾਦ : ਮਹਿੰਦਰ ਬੇਦੀ, ਜੈਤੋ


ਭੀੜ ਭਰੇ ਥਰਡ ਕਲਾਸ ਦੇ ਡੱਬੇ ਦੀ ਬੈਂਚ ਹੇਠ ਖਿਲਾਵਨ ਲੇਟਿਆ ਹੋਇਆ ਸੀ। ਉਹ ਸੁੱਤਾ ਨਹੀਂ ਸੀ ਹੋਇਆ। ਸੋਣ ਦਾ ਕੋਈ ਵੇਲਾ ਵੀ ਨਹੀਂ ਸੀ, ਇਹ। ਬਸ, ਪਿਆ ਸੀ ਤਾਂ ਕਿ ਚੈਕਰ ਦੀਆਂ ਨਜ਼ਰਾਂ ਤੋਂ ਬਚਿਆ ਰਹਿ ਸਕੇ।
ਉਹ ਪੂਰੇ ਤਿੰਨ ਸਾਲ ਪਿੱਛੋਂ ਬੰਬਈ ਤੋਂ ਆਪਣੇ ਪਿੰਡ ਵਾਪਸ ਜਾ ਰਿਹਾ ਸੀ। ਦੋ ਦਿਨਾਂ ਦਾ ਸਫ਼ਰ ਉਸ ਨੇ ਦੋ ਹਫ਼ਤਿਆਂ ਵਿਚ ਮੁਕਾਇਆ ਸੀ...ਉਹ ਗੱਡੀ ਚੜ੍ਹਦਾ ਤੇ ਉਤਾਰ ਦਿੱਤਾ ਜਾਂਦਾ। ਖੈਰ! ਇਹ ਉਸ ਦੀ ਆਖ਼ਰੀ ਮੰਜ਼ਿਲ ਸੀ ਤੇ ਨਾਲੇ ਹੁਣ ਤਾਈਂ ਉਸ ਨੂੰ ਬਗ਼ੈਰ ਟਿਕਟ ਸਫ਼ਰ ਕਰਨ ਦਾ ਚੋਖਾ ਤਜ਼ਰਬਾ ਵੀ ਹੋ ਚੁੱਕਾ ਸੀ। ਸੋ ਐਤਕੀਂ, ਦੂਰੋਂ ਹੀ ਚੈਕਰ ਨੂੰ ਆਉਂਦਾ ਵੇਖ ਕੇ ਉਹ ਬੈਂਚ ਹੇਠ ਜਾ ਲੇਟਿਆ ਸੀ...ਤੇ ਪੰਦਰਾਂ ਮਿੰਟ ਚੈਕਰ ਡੱਬੇ ਵਿਚ ਰਿਹਾ ਪਰ ਉਸ ਵੱਲ ਉਸ ਦਾ ਧਿਆਨ ਹੀ ਨਹੀਂ ਸੀ ਗਿਆ।
ਖਿਲਾਵਨ ਸੋਚਣ ਲੱਗਾ : ਅੱਜ ਤਿੰਨਾਂ ਵਰ੍ਹਿਆਂ ਪਿੱਛੋਂ ਮੈਂ ਆਪਣੇ ਪਿੰਡ ਜਾ ਰਿਹਾਂ। ਉੱਥੇ ਮੇਰੀ ਮਾਂ ਏਂ, ਪਿਓ ਏ ਤੇ ਇਕ ਨਿੱਕਾ ਵੀਰ ਏ...ਤੇ ਨਾਲੇ ਮੇਰੀ ਸੁਖੀਆ ਵੀ। ਤਿੰਨ ਵਰ੍ਹੇ ਬੀਤ ਗਏ, ਉਦੋਂ ਮੈਂ ਪ੍ਰਦੇਸ ਕਮਾਉਣ ਚੱਲਿਆ ਸਾਂ ਤਾਂ ਸੁਖੀਆ ਕਿੰਨੀ ਰੋਈ ਸੀ। ਅਜੇ ਉਹਨਾਂ ਦੇ ਵਿਆਹ ਨੂੰ ਸਾਲ ਵੀ ਨਹੀਂ ਸੀ ਹੋਇਆ।
ਸੁਖੀਆ ਦੀਆਂ ਗੱਲਾਂ ਚੇਤੇ ਕਰਕੇ ਖਿਲਾਵਨ ਮੁਸਕਰਾਉਣ ਲੱਗਾ। ਉਸ ਦੇ ਮੁੜ ਆਉਣ ਨਾਲ ਸੁਖੀਆ ਕਿੰਨੀ ਖੁਸ਼ ਹੋਵੇਗੀ...ਉਸ ਦੇ ਘਰ ਵਿਚ ਪੈਰ ਧਰਦਿਆਂ ਹੀ ਸੁਖੀਆ ਕਿੰਜ ਘੁੰਡ ਓਹਲਿਓਂ, ਚੋਰ-ਨਜ਼ਰੇ ਉਸ ਵੱਲ ਤੱਕੇਗੀ ਤੇ—ਪਰ ਉਸ ਨੂੰ ਕਾਂਬਾ ਛਿੜ ਪਿਆ।
ਮਾਂ, ਬਾਪੂ, ਵੀਰਾ ਤੇ ਘਰਵਾਲੀ...ਸਾਰੇ ਹੀ ਉਸ ਵੱਲ ਆਸ ਭਰੀਆਂ ਨਜ਼ਰਾਂ ਨਾਲ ਤੱਕ ਰਹੇ ਹੋਣਗੇ ਕਿ ਪਤਾ ਨਹੀਂ ਕੀ-ਕੀ ਕਮਾਅ ਕੇ ਲਿਆਇਆ ਏ।...ਤੇ ਫੇਰ ਉਹ ਕੀ ਜਵਾਬ ਦਏਗਾ? ਸਿਵਾਏ ਤਨ ਦੇ ਕੱਪੜਿਆਂ ਤੋਂ ਉਸ ਕੋਲ ਕੁਝ ਵੀ ਨਹੀਂ ਸੀ। ਦੋ ਮਹੀਨਿਆਂ ਦੀ ਲੰਮੀ ਹੜਤਾਲ ਨੇ ਨੰਗ ਕਰ ਦਿੱਤਾ ਸੀ, ਉਸ ਨੂੰ। ਮਕਾਨ-ਮਾਲਕ ਅੱਡ ਜੇਲ ਭਿਜਵਾਉਣਾ ਚਾਹੁੰਦਾ ਸੀ ਤੇ ਉਹ ਆਪਣੇ ਸਾਰੇ ਕੱਪੜੇ-ਲੀੜੇ ਉਸੇ ਕੋਠੜੀ ਵਿਚ ਛੱਡ ਕੇ ਨੱਸ ਆਇਆ ਸੀ। ਪਰ ਹੁਣ ਉਹ ਘਰਦਿਆਂ ਨੂੰ ਕੀ ਜਵਾਬ ਦਏਗਾ?
ਗੱਡੀ ਰੁਕੀ ਤਾਂ ਇਕ ਝਟਕਾ ਜਿਹਾ ਲੱਗਿਆ ਤੇ ਖਿਲਾਵਨ ਦਾ ਸਿਰ ਬੈਂਚ ਦੇ ਪਾਵੇ ਨਾਲ ਜਾ ਵੱਜਿਆ। ਉਸ ਨੇ ਦੋਹਾਂ ਹੱਥਾਂ ਨਾਲ ਆਪਣਾ ਸਿਰ ਘੁੱਟ ਕੇ ਫੜ੍ਹ ਲਿਆ। ਉਦੋਂ ਹੀ ਬੂਹੇ ਦੇ ਖੁੱਲ੍ਹਣ ਤੇ ਮੁੜ ਭੀੜੇ ਜਾਣ ਦੀਆਂ ਆਵਾਜ਼ਾਂ ਆਈਆਂ।
ਚੈਕਰ ਜਾ ਚੁੱਕਿਆ ਸੀ। ਉਹ ਚੋਰਾਂ ਵਾਂਗ ਬੈਂਚ ਹੇਠੋਂ ਨਿਕਲ ਕੇ ਬਾਰੀ ਕੋਲ ਜਾ ਖਲੋਤਾ ਤੇ ਧੌਣ ਬਾਹਰ ਕੱਢ ਕੇ ਬਾਹਰ ਵੱਲ ਵੇਖਣ ਲੱਗਾ। ਚਾਣਚੱਕ ਰੇਲ ਦੇ ਖਲਾਸੀ ਦੀ ਆਵਾਜ਼ ਗੂੰਜੀ, 'ਬਹਾਦਰਪੁਰ, ਬਈ-ਓ ਸਟੇਸ਼ਨ ਬਹਾਦਰਪੁਰ...' ਤੇ ਉਦੋਂ ਹੀ ਇੰਜਨ ਨੇ ਕੂਕ ਮਾਰੀ।
ਤੇ ਖਿਲਾਵਨ ਕਾਹਲ ਨਾਲ ਗੱਡੀ 'ਚੋਂ ਹੇਠਾਂ ਉਤਰ ਗਿਆ...ਬਹਾਦਰਪੁਰ ਦੇ ਸਟੇਸ਼ਨ 'ਤੇ ਹੀ ਤਾਂ ਉਸ ਨੇ ਉਤਰਨਾ ਸੀ।
ਗੱਡੀ ਤੁਰ ਗਈ...ਖਿਲਾਵਨ ਨੇ ਆਪਣੇ ਚੌਹੀਂ ਪਾਸੀਂ ਨਿਗਾਹ ਮਾਰੀ। ਬਹੁਤਾ ਟਾਈਮ ਨਹੀਂ ਸੀ ਹੋਇਆ, ਸਿਰਫ ਸਾਢੇ ਛੇ ਵੱਜੇ ਸਨ ਤਾਂ ਵੀ ਚੌਹੀਂ ਪਾਸੀਂ ਹਨੇਰਾ ਉਤਰ ਆਇਆ ਸੀ। ਅਸਮਾਨ ਵਿਚ ਕਾਲੇ ਬੱਦਲ ਤੈਰ ਰਹੇ ਸਨ ਤੇ ਦੂਰ ਕਿਤੇ ਬਿਜਲੀ ਵੀ ਲਿਸ਼ਕ ਰਹੀ ਸੀ।
ਉਹ ਭਵੰਤਰਿਆ ਜਿਹਾ ਕਾਫੀ ਦੇਰ ਤਾਈਂ ਉੱਥੇ ਹੀ ਖੜ੍ਹਾ ਰਿਹਾ। ਸਟੇਸ਼ਨ ਸੁੰਨ-ਮਸਾਨ ਪਿਆ ਸੀ। ਇਕ ਦੋ ਸਵਾਰੀਆਂ ਉਤਰੀਆਂ ਸਨ ਜਿਹਨਾਂ ਦੀ ਪੈੜ ਚਾਲ ਹਨੇਰੇ ਵਿਚ ਹੌਲੀ-ਹੌਲੀ ਦੂਰ ਹੁੰਦੀ ਜਾ ਰਹੀ ਸੀ। ਸਟੇਸ਼ਨ ਦੇ ਖਲਾਸੀ ਨੇ, ਸਟੇਸ਼ਨ ਮਾਸਟਰ ਨੂੰ ਰਿਪੋਰਟ ਦਿੱਤੀ ਕਿ ਸਭ ਕੁਝ ਠੀਕ-ਠਾਕ ਹੈ।
ਹੌਲੀ-ਹੌਲੀ ਖਿਲਾਵਨ ਆਪਣੇ ਆਪੇ ਵਿਚ ਆਇਆ। ਤਾਰਾਂ ਟੱਪ ਕੇ ਉਹ ਸੜਕ ਉੱਤੇ ਆ ਪਹੁੰਚਿਆ ਸੀ। ਉੱਥੇ ਖਲੋ ਕੇ ਉਸ ਨੇ ਹਿਸਾਬ ਲਾਇਆ...ਪਿੰਡ ਇੱਥੋਂ ਲਗਭਗ ਡੇਢ ਕੋਹ ਵਾਟ ਹੋਊ। ਫੇਰ ਉਸ ਨੇ ਅਸਮਾਨ ਵੱਲ ਵੇਖਿਆ, ਬੱਦਲ ਭਰੇ-ਪੀਤੇ ਖੜ੍ਹੇ ਸਨ, ਕਦੋਂ ਵੀ ਮੀਂਹ ਪੈ ਸਕਦਾ ਸੀ।
ਉਹ ਆਪਣੇ ਪਿੰਡ ਵੱਲ ਤੁਰ ਪਿਆ। ਪਰ ਪੈਰ ਉਹਦਾ ਸਾਥ ਨਹੀਂ ਸਨ ਦੇ ਰਹੇ। ਮਨ ਮਾਰ ਕੇ ਉਹ ਤੇਜ਼-ਤੇਜ਼ ਤੁਰਦਾ ਰਿਹਾ। ਉਸ ਦੀ ਮਨੋਦਸ਼ਾ ਉਸ ਦੇ ਤਨ ਉੱਤੇ ਭਾਰੂ ਸੀ।
ਉਸਨੂੰ ਨਹੀਂ ਸੀ ਪਤਾ ਕਿ ਉਸਨੇ ਕਿੰਨੀ ਕੁ ਵਾਟ ਮੁਕਾ ਲਈ ਸੀ...ਉਸ ਦੀ ਸੋਚ ਤੇ ਅਹਿਸਾਸ ਸਿੱਲ-ਪੱਥਰ ਹੋਏ ਹੋਏ ਸਨ। ਪਰ ਚਾਣਚੱਕ ਹੀ ਉਹ ਤ੍ਰਬਕ ਗਿਆ ਸੀ...ਇਕ ਮੋਟੀ ਸਾਰੀ ਕਣੀ ਉਸ ਉੱਤੇ ਡਿੱਗੀ ਸੀ, ਫੇਰ ਦੂਜੀ, ਫੇਰ ਤੀਜੀ ਤੇ ਫੇਰ ਮੀਂਹ ਲੱਥ ਪਿਆ ਸੀ।
ਖਿਲਾਵਨ ਇਕ ਰੁੱਖ ਹੇਠ ਜਾ ਖਲੋਤਾ...ਸਾਹਮਣੇ ਦੋ ਕੁ ਫਰਲਾਂਗ ਦੂਰ ਉਸ ਦਾ ਆਪਣਾ ਪਿੰਡ ਸੀ। ਅੰਤਾਂ ਦਾ ਮੀਂਹ ਵਰ੍ਹਨ ਲੱਗ ਪਿਆ ਸੀ। ਵਿੰਹਦਿਆਂ ਵਿੰਹਦਿਆਂ ਰੁੱਖ ਹੇਠ ਵੀ ਘਰਾਲੇ ਵਗਣ ਲੱਗ ਪਏ।
ਉਦੋਂ ਹੀ ਬਿਜਲੀ ਲਿਸ਼ਕੀ...ਤੇ ਉਸ ਦੇ ਚਮਕਾਰੇ ਵਿਚ ਖਿਲਾਵਨ ਨੂੰ ਉਹ ਢੱਠਾ ਪੁਰਾਣਾ ਮੰਦਰ ਦਿਸ ਪਿਆ ਜਿੱਥੇ ਉਹ ਬਚਪਨ ਵਿਚ ਖੇਡਦਾ ਹੁੰਦਾ ਸੀ। ਮੰਦਰ ਤੋਂ ਉਹ ਲਗਭਗ ਦਸ ਗਜ਼ ਦੂਰ ਸੀ ਤੇ ਫੇਰ ਉਹ ਨੱਸ ਕੇ ਮੰਦਰ ਵਿਚ ਜਾ ਵੜਿਆ।
ਅੰਦਰ ਪਹੁੰਚ ਕੇ ਉਸ ਨੇ ਸੁਖ ਦਾ ਸਾਹਾ ਲਿਆ, ਗੂੜ੍ਹਾ ਹਨੇਰਾ ਪਸਰਿਆ ਹੋਇਆ ਸੀ। ਬਾਹਰ ਝੱਖੜ ਝੁੱਲ ਰਿਹਾ ਸੀ। ਬੱਦਲ ਗਰਜ ਰਹੇ ਸਨ ਤੇ ਬਿਜਲੀ ਚਮਕ ਰਹੀ ਸੀ।
ਤੇ ਖਿਲਾਵਨ ਨੂੰ ਇੰਜ ਜਾਪਿਆ ਕਿ ਮੰਦਰ ਦੇ ਅੰਦਰਲੇ ਹਿੱਸੇ ਵਿਚ ਕੋਈ ਹੋਰ ਵੀ ਹੈ। ਉਸ ਦੇ ਕੰਨ ਖੜ੍ਹੇ ਹੋ ਗਏ, ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕੀਤੀ...ਕੋਈ ਕਹਿ ਰਿਹਾ ਸੀ, 'ਅਹਿ ਮੀਂਹ ਵੀ ਅਜੀਬ ਮੌਕੇ ਸ਼ੁਰੂ ਹੋ ਗਿਐ...ਰੱਬ ਜਾਣੇ ਕਦੋਂ ਤਾਈਂ ਵਰ੍ਹਦਾ ਰਹੂ!'
ਤੇ ਉਸ ਦੇ ਉਤਰ ਵਿਚ ਕਿਹਾ ਗਿਆ, 'ਤੈਨੂੰ ਕੀ...ਸ਼ਾਮਤ ਤਾਂ ਮੇਰੀ ਆਊ। ਅੰਮਾਂ ਜੀ, ਪੁੱਛੂ...ਕਿੱਥੇ ਰਹੀ...ਕੀ ਜਵਾਬ ਦੇਊਂ? ਤੇ ਅੰਮਾਂ ਜੀ ਬਾਪੂ ਨੂੰ ਇਕ ਦੀਆਂ ਸੌ-ਸੌ ਬਣਾ ਕੇ ਦੱਸੂ।'
ਤੇ ਖਿਲਾਵਨ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਸੀ; ਇਹ ਤਾਂ ਸੁਖੀਆ ਦੀ ਆਵਾਜ਼ ਸੀ। ਸੁਖੀਆ ਏਸ ਵੇਲੇ ਮੰਦਰ 'ਚ ਤੇ ਉਸ ਦੇ ਨਾਲ ਕੋਈ ਓਪਰਾ ਮਰਦ? ਪੋਲੇ ਪੈਰੀਂ ਉਹ ਰਤਾ ਅਗਾਂਹ ਵੱਲ ਰਿਸਕਿਆ।
ਮਰਦ ਨੇ ਕਿਹਾ, 'ਓ ਕੁਸ਼ ਨੀਂ ਹੁੰਦਾ। ਤੇਰੀ ਸੱਸ ਭੌਂਕ-ਭੂੰਕ ਕੇ ਚੁੱਪ ਕਰ-ਜੂ। ਹਾਂ ਸੱਚ...ਓਦੇਂ ਤੇਰੇ ਸਹੁਰੇ ਨੇ ਮੈਨੂੰ ਵੇਖ ਲਿਆ ਸੀ, ਫੇਰ ਕੀ ਹੋਇਆ ਸੀ?'
'ਹੋਣਾ ਤਾਂ ਕੀ ਸੀ?' ਤੀਵੀਂ ਦੀ ਆਵਾਜ਼ ਗੂੰਜੀ, 'ਪਹਿਲਾਂ ਤਾਂ ਵਾਹਵਾ ਤੜਿੰਗ ਹੋਇਆ...ਅਖੇ, 'ਨੱਕ ਕੱਟ ਕੇ ਘਰੋਂ ਕੱਢ-ਦੂੰ' ਪਰ ਜਦੋਂ ਚਾਂਦੀ ਦੀ ਹਸਲੀ ਵੇਖੀ ਤੇ ਤੇਰੇ ਦਿੱਤੇ ਪੰਜ ਰੁਪਈਏ ਮੈਂ ਲੜ ਨਾਲੋਂ ਖੋਹਲ ਕੇ ਅੰਮਾਂ ਜੀ ਦੀ ਹਥੇਲੀ 'ਤੇ ਧਰ ਦਿੱਤੇ ਤਾਂ ਚੁੱਪ ਵੱਟ-ਗੇ ਸਾਰੇ।' ਤੇ ਉਹ ਖਿੜ-ਖਿੜ ਕਰਕੇ ਹੱਸ ਪਈ।
ਖਿਲਾਵਨ ਨੂੰ ਕੱਚੀਆਂ ਤਰੇਲੀਆਂ ਆਉਣ ਲੱਗ ਪਈਆਂ ਸਨ।
ਤੇ ਮਰਦ ਫੇਰ ਬੋਲਿਆ, 'ਤੇ ਉਹ ਤੇਰਾ ਉਹ? ਉਸਦੀ ਕੋਈ ਖਬਰ ਸਾਰ ਆਈ!'
'ਊਂ-ਹੂੰ, ਪੂਰੇ ਛੀ ਮਹੀਨੇ ਹੋ-ਗੇ...ਨਾ ਕੋਈ ਪੈਸਾ ਭੇਜਿਐ, ਨਾ ਕੋਈ ਚਿੱਠੀ-ਚੀਰਾ ਆਇਐ। ਜਾਪਦੈ ਕਿਸੇ ਰੰਨ ਦੇ ਫੇਰ 'ਚ ਪੈ ਗਿਆ ਐ। ਨਾਸ ਪੱਟਿਆ ਜਾਏ ਉਸ ਦਾ। ਐਧਰ ਘਰੇ ਸਾਰੇ ਭੁੱਖੇ ਮਰਦੇ ਐ, ਤੇਰੇ ਵਾਲੇ ਪੰਜ ਰੁਪਈਆਂ ਨਾਲ ਰੋਟੀ ਪੱਕੀ ਐ, ਅੱਜ।' ਕੁਝ ਚਿਰ ਚੁੱਪ ਵਰਤੀ ਰਹੀ। ਫੇਰ ਉਹ ਬੋਲੀ, 'ਮੇਰੇ ਦਿਓਰ ਨੂੰ ਇਕ ਅੱਧਾ ਵਿੱਘਾ ਜ਼ਮੀਨ ਈ ਦੁਆ ਦੇ। ਜਿਲੇਦਾਰ ਹੋ ਕੇ ਐਨਾ ਵੀ ਨੀਂ ਕਰ ਸਕਦਾ?'
ਖਿਲਾਵਨ ਚੁੱਪਚਾਪ ਮੰਦਰ 'ਚੋਂ ਬਾਹਰ ਨਿਕਲ ਆਇਆ। ਉਦੋਂ ਹੀ ਬਿਜਲੀ ਲਿਸ਼ਕੀ ਤੇ ਉਸ ਨੇ ਵੇਖਿਆ ਕਿ ਉਸ ਦੀ ਧੋਤੀ ਫਟੀ ਹੋਈ ਹੈ, ਉਸ ਦਾ ਕੁੜਤਾ ਸੁੱਟਣ ਵਾਲਾ ਹੋਇਆ ਹੋਇਆ ਹੈ।
ਖਿਲਾਵਨ ਤੁਰ ਪਿਆ। ਉਹ ਭਿੱਜ ਰਿਹਾ ਸੀ...ਤੇਜ਼ ਹਵਾ ਚੱਲ ਰਹੀ ਸੀ, ਬਿਜਲੀ ਲਿਸ਼ਕ ਰਹੀ ਸੀ ਤੇ ਬੱਦਲ ਗਰਜ ਰਹੇ ਸਨ; ਤੇ ਖਿਲਾਵਨ ਤੁਰਿਆ ਜਾ ਰਿਹਾ ਸੀ—ਤੇਜ਼, ਹੋਰ ਤੇਜ਼।
ਤੇ ਦੂਰ ਬਿਜਲੀ ਦੀ ਲਿਸ਼ਕ ਵਿਚ ਕਦੀ-ਕਦੀ ਉਸ ਨੂੰ ਸਟੇਸ਼ਨ ਦੀ ਢੱਠੀ ਜਿਹੀ ਇਮਾਰਤ ਦਿਸ ਪੈਂਦੀ ਸੀ।
ਸਟੇਸ਼ਨ 'ਤੇ ਪਹੁੰਚ ਕੇ ਹੀ ਉਸ ਨੇ ਦਮ ਲਿਆ। ਤੇ ਫੇਰ ਪਲੇਟਫਾਰਮ ਉੱਤੇ ਖੜ੍ਹਾ ਉਹ ਭਿੱਜਦਾ ਰਿਹਾ ਤੇ ਸਟੇਸ਼ਨ ਦੀ ਇਮਾਰਤ ਵੱਲ ਦੇਖਦਾ ਰਿਹਾ। ਉਦੋਂ ਉਹ ਬਹਾਦਰਪੁਰ ਤੇ ਬੰਬਈ ਦੇ ਵਿਕਟੋਰੀਆ ਟ੍ਰਮੀਨਸ, ਦੋਹਾਂ ਸਟੇਸ਼ਨਾਂ ਦੀ ਤੁਲਣਾ ਕਰ ਰਿਹਾ ਸੀ। ਆਪਣੇ ਚੌਹੀਂ ਪਾਸੀਂ ਪਸਰੇ ਹੋਏ ਸੁੰਨ ਤੇ ਹਨੇਰਿਆਂ ਤੇ ਬੰਬਈ ਦੇ ਚਹਿਲ-ਪਹਿਲ ਭਰੇ ਚਾਨਣਾ ਬਾਰੇ ਸੋਚ ਰਿਹਾ ਸੀ ਤੇ ਇੰਜ ਉਹ ਉਸ ਗੱਡੀ ਨੂੰ ਉਡੀਕ ਰਿਹਾ ਸੀ ਜਿਹੜੀ ਉਸ ਨੂੰ ਇਕ ਨਰਕ ਵਿਚੋਂ ਕੱਢਕੇ ਦੂਜੇ ਨਰਕ ਵਿਚ ਲੈ ਜਾਏ।
    ੦੦੦    
ਅਜੀਤ 7 ਜੁਲਾਈ 1985.

No comments:

Post a Comment