Sunday, September 19, 2010

ਆਤੰਕ...:: ਲੇਖਕ : ਰਾਮਧਾਰੀ ਸਿੰਘ ਦਿਵਾਕਰ

ਹਿੰਦੀ ਕਹਾਣੀ :
ਆਤੰਕ...
ਲੇਖਕ : ਰਾਮਧਾਰੀ ਸਿੰਘ ਦਿਵਾਕਰ
ਅਨੁਵਾਦ : ਮਹਿੰਦਰ ਬੇਦੀ, ਜੈਤੋ
 

ਬੜਾ ਸੰਖੇਪ ਜਿਹਾ ਤਾਰ ਆਇਆ ਸੀ, ਪਿੰਡੋਂ!...ਕੋਈ ਸਪਸ਼ਟ ਗੱਲ ਤਾਰ ਦੀ ਭਾਸ਼ਾ ਵਿਚ ਨਹੀਂ ਸੀ। ਬੱਸ, ਛੇਤੀ ਪਹੁੰਚਣ ਲਈ ਲਿਖਿਆ ਸੀ, ਤੇ ਹੇਠਾਂ ਵੱਡੇ ਵੀਰ ਦਾ ਨਾਂ ਸੀ—ਰਾਮ ਨਰੇਸ਼।
ਵੱਡੇ ਵੀਰ ਦਾ ਤਾਰ ਦੇਣਾ ਆਪਣੇ ਆਪ ਵਿਚ ਇਕ ਵੱਡੀ ਗੱਲ ਸੀ—ਅਵੱਲ ਤਾਂ ਉਹ ਖ਼ਤ ਵੀ ਕਦੀ-ਕਦਾਰ ਹੀ ਲਿਖਦੇ ਹਨ। ਪਿੱਛਲੇ ਦੋ ਸਾਲਾਂ ਵਿਚ ਉਹਨਾਂ ਦੇ ਸਿਰਫ ਤਿੰਨ ਖ਼ਤ ਆਏ ਸਨ—ਪਹਿਲਾ ਵੱਡੇ ਜੀਜੇ ਦੀ ਮੌਤ ਦੀ ਖ਼ਬਰ ਦਾ ਸੀ, ਦੂਜੇ ਵਿਚ ਨਿੱਕੀ ਭੈਣ ਦੇ ਵਿਆਹ ਦੀ ਤਾਰੀਖ਼ ਦੱਸੀ ਗਈ ਸੀ ਤੇ ਤੀਜਾ ਵੱਡੇ ਵੀਰ ਦੀ ਕੁੜੀ ਮਾਲਤੀ ਦੇ ਵਿਆਹ ਦੀ ਸੂਚਨਾ ਲੈ ਕੇ ਆਇਆ ਸੀ। ਬਸ, ਕੁਲ ਮਿਲਾ ਕੇ ਇਹੀ ਤਿੰਨੇ ਖ਼ਤ ਪਿੱਛਲੇ ਦੋ ਸਾਲ ਦੇ ਅਰਸੇ ਵਿਚ ਆਏ ਸਨ।...ਪਰ ਅਚਾਨਕ ਇਹ ਤਾਰ? ਮੇਰੀ ਸਮਝ ਵਿਚ ਨਾ ਆਇਆ ਕਿ ਕਾਰਨ ਦੀ ਹੋ ਸਕਦਾ ਹੈ? ਜੇ ਕੋਈ ਬਿਮਾਰ ਹੁੰਦਾ ਜਾਂ ਕਿਸੇ ਦੀ ਮੌਤ ਵਗ਼ੈਰਾ ਹੋ ਗਈ ਹੁੰਦੀ ਤਾਂ ਵੀ ਤਾਰ ਦੀ ਸੰਖੇਪ ਭਾਸ਼ਾ ਵਿਚ ਲਿਖਿਆ ਜਾ ਸਕਦਾ ਸੀ। ਇਹ ਤਾਰ—ਮੈਂ ਪ੍ਰੇਸ਼ਾਨ ਵੀ ਸਾਂ ਤੇ ਗੁੱਸਾ ਵੀ ਆ ਰਿਹਾ ਸੀ ਮੈਨੂੰ—ਸਾਫ ਸਾਫ ਕਿਉਂ ਨਹੀਂ ਲਿਖ ਦਿੱਤਾ ਵੱਡੇ ਵੀਰ ਨੇ!
ਖ਼ੈਰ, ਦਫ਼ਤਰ ਵਿਚ ਅਚਾਨਕ ਲੋੜੀਂਦੀ ਛੁੱਟੀ ਦੀ ਆਰਜ਼ੀ ਸੁੱਟੀ ਤੇ ਰਾਤ ਵਾਲੀ ਗੱਡੀ ਫੜ੍ਹ ਕੇ ਪਿੰਡ ਰਵਾਨਾ ਹੋ ਗਿਆ। ਅਗਲੇ ਦਿਨ ਸਵੇਰੇ ਪਿੰਡ ਦੇ ਸਟੇਸ਼ਨ ਉੱਤੇ ਜਾ ਉੱਤਰਿਆ। ਸਟੇਸ਼ਨ ਦੇ ਨੇੜੇ ਹੀ ਬਣੇ ਦੁਰਗਾ ਮੰਦਰ ਦੇ ਅਹਾਤੇ ਵਿਚ ਦੁਸ਼ਹਿਰੇ ਦੇ ਮੇਲੇ ਦੀਆਂ ਤਿਆਰੀਆਂ ਹੋ ਰਹੀਆਂ ਸਨ—ਦੁਕਾਨਾਂ ਦੇ ਤੰਬੂ-ਸ਼ੰਬੂ ਗੱਡੇ ਜਾ ਰਹੇ ਸਨ, ਸਰਕੜੇ ਦੀਆਂ ਚਟਾਈਆਂ, ਕਿੱਲੇ, ਰੱਸੇ, ਤਿਰਪਾਲਾਂ ਵਗ਼ੈਰਾ ਜਗ੍ਹਾ ਜਗ੍ਹਾ ਪਏ ਸਨ। ਅੱਸੂ ਦੀ ਸੱਤੇਂ ਦੀ ਧੁੰਦ ਦੀ ਪਤਲੀ ਜਿਹੀ ਚਾਦਰ ਵਿਚ ਲਿਪਟੀ ਤੇ ਮਿੱਠੀ-ਨਿੱਘੀ ਧੁੱਪ ਵਾਲੀ ਸਵੇਰ ਸੀ ਉਹ! ਦੁਰਗਾ ਮੰਦਰ ਵੱਲੋਂ ਢੋਲ ਦੀ ਆਵਾਜ਼ ਆ ਰਹੀ ਸੀ। ਮੈਂ ਕੁਝ ਪਲਾਂ ਲਈ ਚਿੰਤਾ ਮੁਕਤ ਜਿਹਾ ਹੋ ਕੇ ਢੋਲ ਦੀ ਆਵਾਜ਼ ਦੇ ਸਰੂਰ ਵਿਚ ਗਵਾਚ ਗਿਆ। ਮੇਰੇ ਸ਼ਬਦ 'ਸਰੂਰ' ਉੱਤੇ ਸ਼ਹਿਰੀ ਮਾਹੌਲ ਵਿਚ ਪਲੇ ਕਿਸੇ ਆਦਮੀ ਨੂੰ ਹਾਸਾ ਆ ਸਕਦਾ ਹੈ...ਪਰ ਇਹ ਸੱਚ ਹੈ ਕਿ ਮੇਰੇ ਵਰਗੇ ਪਿੰਡ ਵਿਚ ਜੰਮੇਂ-ਪਲੇ ਬੰਦੇ ਲਈ ਅੱਸੂ ਦੇ ਢੋਲ ਦੀ ਆਵਾਜ਼ ਸਿਰਫ ਆਵਾਜ਼ ਨਹੀਂ ਹੁੰਦੀ—ਧੁੰਦ ਲਿਪਟੀ ਸਵੇਰ ਵਿਚ ਇਕ ਪੂਰਾ ਪ੍ਰਵੇਸ਼ ਹੁੰਦਾ ਹੈ। ਨਿਰੋਲ ਉਦਾਸੀ ਵਿਚ ਬਿਰਹਾ ਗਾਉਂਦੀ ਕਿਸੇ ਪਾਲੀ ਦੀ ਵੰਝਲੀ ਨੂੰ ਕੀ ਨਾਂਅ ਦਿੱਤਾ ਜਾਏ? ਤਰੇਲ ਧੋਤੀ ਅੱਸੂ ਮਹੀਨੇ ਦੀ ਸਵੇਰ ਵਿਚ 'ਮਾਲ-ਡੰਗਰ' ਉੱਤੇ ਛਾਈ ਕੋਹਰੇ ਦੀ ਪਾਰਦਰਸ਼ੀ ਨੀਲੀ ਭਾਅ ਦੀ ਛੂਹ ਦੇ ਆਨੰਦ ਨੂੰ ਸਿਰਫ ਮਾਣਿਆਂ ਹੀ ਜਾ ਸਕਦਾ ਹੈ!
ਰੇਲਵੇ ਸਟੇਸ਼ਨ ਦੇ ਉਸ ਪਾਰ ਸੜਕ ਦੇ ਮੁਹਾਨੇ ਉਪਰ ਹੀ ਸਿਰਦੇਵ ਚਾਚੇ ਨਾਲ ਮੁਲਾਕਾਤ ਹੋ ਗਈ। ਉਸ ਨੇ ਮੇਰੇ ਵੱਲ ਕੁੜਿੱਤਣ ਜਿਹੀ ਨਾਲ ਝਾਕਦਿਆਂ ਕਿਹਾ, ''ਬੜੀ ਦੇਰ ਕਰ ਦਿੱਤੀ ਆਉਣ ਲੱਗਿਆਂ, ਸ਼ਿਵੇਸ਼!''
''ਦੇਰ?...ਕਿੱਥੇ ਚਾਚਾ ਤਾਰ ਵਿੰਹਦਿਆਂ ਈ ਤੁਰ ਪਿਆ ਸਾਂ। ਵੈਸੇ ਤਾਰ ਵਿਚ ਕੁਝ ਲਿਖਿਆ ਵੀ ਨਹੀਂ ਸੀ ਕਿ ਗੱਲ ਕੀ ਹੈ?'' ਮੈਂ ਸਿਰਦੇਵ ਚਾਚੇ ਵੱਲ ਤੱਕਿਆ, ਜਿਵੇਂ ਵਿਚਲੀ ਗੱਲ ਪੁੱਛੀ ਹੋਵੇ।
'ਕੁਝ ਨਹੀਂ ਸੀ ਲਿਖਿਆ?'' ਸਿਰਦੇਵ ਚਾਚਾ ਨੇ ਮੇਰੇ ਵਾਂਗ ਹੀ ਹੈਰਾਨੀ ਪ੍ਰਗਟ ਕਰਦਿਆਂ ਹੋਇਆਂ ਕਿਹਾ, ''ਬਈ ਡਾਕਾ ਪੈ ਗਿਆ ਏ ਤੁਹਾਡੇ ਘਰ। ਖ਼ੈਰ, ਹੁਣ ਤੂੰ ਆ ਈ ਗਿਐਂ...ਸਿੱਧਾ ਹਸਪਤਾਲ ਜਾਵੀਂ। ਤੇਰਾ ਵੱਡਾ ਭਰਾ ਖਾਸਾ ਫੱਟੜ ਹੋ ਗਿਆ ਸੀ, ਓਥੇ ਈ ਐ ਚੌਂਹ ਪੰਜਾਂ ਦਿਨਾਂ ਦਾ। ਜਾਨ ਬਚ ਗਈ ਇਹੀ ਸੁੱਖ ਐ।''
'ਹੈਂ...!'' ਬਿੰਦ ਦੇ ਬਿੰਦ ਮੇਰਾ ਮੂੰਹ ਅੱਡਿਆ ਰਹਿ ਗਿਆ। ਲਗਭਗ ਭੱਜਦਾ ਹੋਇਆ ਮੈਂ ਪਿੰਡ ਦੀ ਸਟੇਟ ਡਿਸਪੈਂਸਰੀ ਵਿਚ ਪਹੁੰਚਿਆ—ਵੱਡਾ ਵੀਰ ਡਿਸਪੈਂਸਰੀ ਦੇ ਵਰਾਂਡੇ ਵਿਚ ਹੀ ਪਿਆ ਸੀ। ਉਸ ਦੇ ਸਰੀਰ ਉੱਤੇ ਕਈ ਜਗ੍ਹਾ ਪੱਟੀਆਂ ਬੱਝੀਆਂ ਹੋਈਆਂ ਸਨ। ਭਾਬੀ ਤੇ ਵਿਚਕਾਰਲੀ ਭੈਣ ਉਸ ਕੋਲ ਬੈਠੀਆਂ ਸਨ। ਵੱਡਾ ਭਤੀਜਾ, ਅਮਰੇਂਦਰ ਕੰਧ ਨਾਲ ਢੋਅ ਲਾਈ ਖੜ੍ਹਾ ਸੀ। ਵੱਡੇ ਵੀਰ ਦੇ ਨੀਂਦ ਦਾ ਟੀਕਾ ਲਾਇਆ ਹੋਇਆ ਸੀ...ਉਹ ਬੇਸੁੱਧ ਪਏ ਸਨ। ਪਤਾ ਲੱਗਿਆ, ਬਰਛੇ ਤੇ ਛੁਰੇ ਦੇ ਕਈ ਜਖ਼ਮ ਹਨ ਸਰੀਰ ਉੱਤੇ। ਸਿਰ ਤੇ ਚਿਹਰੇ ਦੀਆਂ ਪੱਟੀਆਂ ਸਦਕਾ, ਵੀਰ ਜੀ ਦੀ ਪਛਾਣ ਹੀ ਗਵਾਚ ਗਈ ਸੀ। ਅਚਾਣਕ ਵਾਤਾਵਰਣ ਅੱਤ ਕਰੁਣਾਮਈ ਲੱਗਣ ਲੱਗਾ। ਡਾਕਟਰ ਨਾਲ ਮੁਲਾਕਾਤ ਹੋਈ...ਉਹਨਾਂ ਕਿਹਾ, ''ਚਿੰਤਾ ਵਾਲੀ ਕੋਈ ਗੱਲ ਨਹੀਂ...ਜਾਨ ਬਚ ਗਈ ਹੈ।'' ਭਾਬੀ ਨੇ ਅੱਖਾਂ ਪੂੰਝਦਿਆਂ ਦੱਸਿਆ ਕਿ ਡਾਕੂਆਂ ਨੇ ਕੁਝ ਵੀ ਨਹੀਂ ਛੱਡਿਆ। ਸਾਰਾ ਗਹਿਣਾ-ਕੱਪੜਾ, ਭਾਂਡਾ-ਟੀਂਡਾ ਚੁੱਕ ਕੇ ਲੈ ਗਏ ਸਨ। ਭਤੀਜੀ ਮਾਲਤੀ ਮੁਕਲਾਵੇ ਤੋਂ ਪਿੱਛੋਂ ਪਹਿਲੀ ਵੇਰ ਆਈ ਸੀ...ਉਸ ਦਾ ਵੀ ਸਾਰਾ ਸਾਮਾਨ ਲੈ ਗਏ ਸਨ, ਡਾਕੂ।
ਪਿੱਛੋਂ ਪਤਾ ਲੱਗਿਆ, ਪਿਛਲੇ ਮਹੀਨੇ ਦੇ ਵਿਚ ਇਹ ਤੀਜਾ ਡਾਕਾ ਪਿਆ ਸੀ ਪਿੰਡ ਵਿਚ। ਇਸ ਤੋਂ ਪਹਿਲਾਂ ਭਗਤ ਜੀ ਕੇ ਡਾਕਾ ਪਿਆ—ਭਗਤ ਜੀ ਦਾ ਮੁੰਡਾ ਮਹਿੰਦਰ, ਉਸ ਵਿਚ ਮਾਰਿਆ ਗਿਆ। ਮਹਿੰਦਰ ਮੇਰਾ ਸਕੂਲ ਦਾ ਸਾਥੀ ਸੀ। ਜਦ ਕਦੀ ਮੈਂ ਪਿੰਡ ਆਉਂਦਾ, ਮੇਰਾ ਵਧੇਰੇ ਸਮਾਂ ਉਸ ਨਾਲ ਬੀਤਦਾ। ਦੋ ਤਿੰਨ ਡੰਗਾਂ ਦਾ ਫਸਟ ਕਲਾਸ ਖਾਣਾ ਤਾਂ ਉਸ ਨਾਲ ਖਾਣਾ ਈ ਪੈਂਦਾ ਸੀ। ਆਪਣੇ ਲੰਗੋਟੀਏ ਯਾਰ ਦੀ ਮੌਤ ਦੀ ਖ਼ਬਰ ਸੁਣ ਕੇ ਬੜਾ ਦੁਖ ਹੋਇਆ ਸੀ ਮੈਨੂੰ। ਦੂਜਾ ਡਾਕਾ ਪੰਚਮ ਯਾਦਵ ਦੇ ਘਰ ਪਿਆ ਸੀ ਤੇ ਉਸ ਤੋਂ ਅੱਠ ਦਿਨ ਬਾਅਦ ਸਾਡੇ। ਇਕੋ ਕੜੀ ਵਿਚ ਤਿੰਨ ਡਕੈਤੀਆਂ ਦਹਿਸ਼ਤ ਪੈਦਾ ਕਰਦੀਆਂ ਸਨ।
ਡਕੈਤਾਂ ਬਾਰੇ ਲੋਕ ਗੱਲ ਕਰਨੋਂ ਵੀ ਝਿਜਕਦੇ ਸਨ। ਤੀਜੇ ਦਿਨ ਵੀਰ ਨਾਲ ਗੱਲ ਹੋਈ। ਉਹਨਾਂ ਦੱਸਿਆ ਕਿ ਡਕੈਤ ਆਏ ਤਾਂ ਖਾਸਾ ਰੌਲਾ-ਰੱਪਾ ਪਿਆ। ਉਹਨਾਂ ਦਾ ਵੱਡਾ ਮੁੰਡਾ ਅਮਰੇਂਦਰ ਦਲਾਨ ਵਿਚ ਸੁੱਤਾ ਹੋਇਆ ਸੀ—ਬਾਹਰ ਭੱਜ ਗਿਆ, ਸਾਰੇ ਪਿੰਡ ਵਿਚ ਦੌੜਦਾ ਤੇ ਚੀਕਦਾ-ਕੂਕਦਾ ਫਿਰਿਆ, ਪਰ ਇਕ ਆਦਮੀ ਵੀ ਘਰੋਂ ਬਾਹਰ ਨਹੀਂ ਸੀ ਨਿਕਲਿਆ। ਲੋਕਾਂ ਡਕੈਤਾਂ ਬਾਰੇ ਸੁਣ ਕੇ ਅੰਦਰੋਂ ਕੁੰਡੇ ਲਾ ਲਏ ਸਨ। ਡਕੈਤ ਲੁੱਟ-ਮਾਰ ਕਰਕੇ ਤੁਰ ਗਏ ਤਾਂ ਪਿੰਡ ਦੇ ਲੋਕ ਇਕੱਠੇ ਹੋਏ। ਵੱਡੇ ਵੀਰ ਨੇ ਕਰਾਹੁੰਦਿਆਂ ਤੇ ਫੁਸਫੁਸਾਉਂਦਿਆਂ ਮੈਨੂੰ ਦੱਸਿਆ ਕਿ ਹਸਪਤਾਲ ਵਿਚ ਨਹੀਂ, ਘਰੇ ਚੱਲ ਕੇ ਪੂਰੀ ਗੱਲ ਦਸਾਂਗਾ। ਭਾਬੀ ਨੇ ਇਕਾਂਤ ਵਿਚ ਲਿਜਾਅ ਕੇ ਦੱਸਿਆ ਕਿ ਡਕੈਤਾਂ ਦੀ ਸ਼ਨਾਖ਼ਤ ਤਾਂ ਆਸਾਨੀ ਨਾਲ ਹੋ ਸਕਦੀ ਹੈ ਤੇ ਉਹ ਆਸਾਨੀ ਨਾਲ ਫੜ੍ਹੇ ਵੀ ਜਾ ਸਕਦੇ ਨੇ—ਪਰ ਨਾਂ ਦਸਣੇ ਖਤਰੇ ਤੋਂ ਖਾਲੀ ਨਹੀਂ ਹੋਣਗੇ। ਦਰੋਗਾ ਜੀ ਵੀ ਪੁੱਛ ਰਹੇ ਸਨ, ਕਿਸੇ ਨੂੰ ਪਛਾਣਦੇ ਹੋ ਤਾਂ ਦਸੋ...ਪਰ ਦਸਦਾ ਕੌਣ? ਕੀ ਦਰੋਗਾ ਜੀ ਆਪ ਨਹੀਂ ਜਾਣਦੇ? ਫੇਰ ਵੀ ਪੁੱਛਣ ਲੱਗੇ, 'ਡਕੈਤ ਕਿਹੜੀ ਭਾਸ਼ਾ ਬੋਲਦੇ ਸਨ? ਕਿੰਨੇ ਜਣੇ ਸਨ? ਡੀਲ-ਡੌਲ ਕੈਸਾ ਸੀ? ਗੋਲ-ਮੋਲ ਜਿਹਾ ਦੱਸ ਦਿੱਤਾ ਸੀ ਤੇਰੇ ਵੀਰ ਨੇ, ਪਰ ਅਸਲ ਗੱਲ ਨਹੀਂ ਸੀ ਦੱਸੀ।'
ਸੁਣ ਕੇ ਮੈਂ ਚਕਰਾ ਗਿਆ ਸਾਂ। ਭਾਬੀ ਤੋਂ ਪੁੱਛਣ ਲੱਗਾ, ''ਆਖ਼ਰ ਡਰ ਕਿਸ ਗੱਲ ਦਾ ਏ, ਭਾਬੀ? ਜਦੋਂ ਵੀਰ ਜੀ ਪਛਾਣਦੇ ਨੇ, ਤੁਸੀਂ ਵੀ ਕੁਝ ਕੁ ਨੂੰ ਪਛਾਣ ਲਿਆ ਏ—ਤਾਂ ਪੁਲਸ ਨੂੰ ਦੱਸਣ ਵਿਚ ਕੀ ਹਿਚਕ ਏ?''
ਵੱਡੇ ਵੀਰ ਨਾਲ ਵੀ ਗੱਲ ਹੋਈ। ਹਸਪਤਾਲ ਵਿਚ ਕੁਝ ਦੱਸਣ ਤੋਂ ਉੱਕਾ ਹੀ ਇਨਕਾਰ ਕਰ ਦਿੱਤਾ ਸੀ ਉਹਨਾਂ। ਪਰ ਤੀਜੇ ਦਿਨ ਜਦੋਂ, ਗੱਡੇ ਵਿਚ ਪਾ ਕੇ ਉਹਨਾਂ ਨੂੰ ਘਰ ਲੈ ਆਂਦਾ ਗਿਆ ਤੇ ਮੈਂ ਫੇਰ ਉਹੀ ਸਵਾਲ ਕੀਤੇ, ''ਤੁਸੀਂ ਪਛਾਣ ਲਿਆ ਸੀ ਨਾ, ਡਕੈਤਾਂ ਨੂੰ?'' ਵੀਰ ਜੀ ਏਧਰ ਉਧਰ ਵੇਖ ਕੇ ਹੌਲੀ ਜਿਹੀ  ਬੋਲੇ, ''ਬਈ ਪਛਾਨਣ ਵਾਲੀ ਕਿਹੜੀ ਗੱਲ ਸੀ—ਰੋਜ਼ ਹੀ ਵੇਖਦੇ ਆਂ, ਪਰ...।''
''ਪਰ ਕੀ? ਜਦੋਂ ਤੁਸੀਂ ਪਛਾਣ ਹੀ ਲਏ ਸਨ ਤਾਂ ਦਸ ਦੇਣਾ ਸੀ ਦਰੋਗਾ ਜੀ ਨੂੰ-—ਹੁਣ ਵੀ ਕੁਝ ਨਹੀਂ ਵਿਗੜਿਆ।''
ਵੀਰ ਜੀ ਯਕਦਮ ਸਖ਼ਤ ਹੋ ਗਏ। ''ਤੂੰ ਨਹੀਂ ਸਮਝਦਾ ਸ਼ਿਵੇਸ਼। ਮੈਂ ਸਿਰਫ ਦੋ ਨੂੰ ਛੱਡ ਕੇ ਬਾਕੀ ਚੌਦਾਂ-ਪੰਦਰਾਂ ਨੂੰ ਪਛਾਣਦਾ ਆਂ। ਉਹ ਆਪਣਾ ਹਾਲੀ ਹੁੰਦਾ ਸੀ ਨਾ ਬਿਸਨਾ?...ਉਹੀ ਤੁਰ-ਫਿਰ ਕੇ ਘਰ ਵਿਚ ਰੱਖੀਆਂ ਚੀਜਾਂ ਬਾਰੇ ਦਸਦਾ ਪਿਆ ਸੀ। ਮੂੰਹ ਸਿਰ ਤਾਂ ਲਪੇਟਿਆ ਹੋਇਆ ਸੀ, ਪਰ ਆਵਾਜ਼ ਤੇ ਬੋਲੀ ਨੂੰ ਕਿੱਥੇ ਲਕੋਂਦਾ। ਦੁਲੀਆ ਮੋਹਰੀ ਸੀ ਉਹਨਾਂ ਦਾ, ਨਾਲ ਵਾਲੇ ਪਿੰਡ ਦਾ ਏ। ਕਈ ਵਾਰੀ ਆਇਐ ਮੇਰੇ ਕੋਲੋਂ ਖਰਚਾ ਪਾਣੀ ਮੰਗਣ। ਇਹਨਾਂ ਸਾਰੇ ਬਦਮਾਸ਼ਾਂ ਦੇ ਸਿਰ ਉਪਰ ਆਪਣੇ ਮੁਖੀਆ ਜੀ ਦਾ ਹੱਥ ਏ। ਉਹਨਾਂ ਦੀ ਬੰਦੂਕ ਈ ਵਰਤੀ ਜਾਂਦੀ ਏ ਡਾਕਿਆਂ ਵਿਚ। ਪਿਛਲੇ ਸਾਲ ਨੇਪਾਲ ਦੇ ਬਾਰਡਰ 'ਤੇ ਕੁਝ ਡਕੈਤ ਫੜੇ ਗਏ ਸਨ ਨਾ—ਉਹਨਾਂ ਕੋਲੋਂ ਮੁਖੀਆ ਜੀ ਦੀ ਬੰਦੂਕ ਫੜ੍ਹੀ ਗਈ ਸੀ...ਪਰ ਮੁਖੀਆ ਜੀ ਨੇ ਗਿਟਮਿਟ ਕਰਕੇ ਬੰਦੂਕ ਲੈ ਲਈ ਸੀ ਦਰੋਗਾ ਜੀ ਤੋਂ। ਬੰਦੂਕ ਵਾਲੀ ਗੱਲ ਈ ਗੋਲ ਕਰ ਦਿੱਤੀ ਗਈ ਸੀ। ਦੁਲੀਆ ਵੀ ਫੜਿਆ ਗਿਆ ਸੀ ਓਦੋਂ। ਉਸ ਦੀ ਪੈਰਵੀ ਹੋਣ ਲੱਗੀ, ਆਪਣੇ ਵਿਧਾਇਕ ਜੀ ਖ਼ੁਦ ਪੈਰਵੀ ਕਰ ਰਹੇ ਸਨ...ਜ਼ਮਾਨਤ ਹੋ ਗਈ। ਡਕੈਤੀ ਤੇ ਮਰਡਰ ਦੇ ਕਈ ਕੇਸ ਚੱਲ ਰਹੇ ਨੇ ਦੁਲੀਏ ਉਪਰ—ਕਈਆਂ ਵਿਚ ਵਰੰਟ ਵੀ ਨਿਕਲੇ ਹੋਏ ਨੇ...ਪਰ ਸ਼ਰੇਆਮ ਘੁੰਮਦਾ ਫਿਰਦੈ। ਪੁਲਸ ਦੇਖਦੀ ਹੈ...ਪਰ ਕੁਝ ਕਰਦੀ ਨਹੀਂ। ਇਕ ਹੋਰ ਗੈਂਗ ਏ, ਸਮਸੁਲਵਾ ਹੁਰਾਂ ਦਾ। ਤਿੰਨ ਚਾਰ ਮਹੀਨੇ ਪਹਿਲਾਂ ਸਮਸੁਲਵਾ, ਸ਼ਾਮੀ ਮੋਟਰ ਸਾਈਕਲ 'ਤੇ ਆਇਆ, ਪਿੰਡ ਦਾ ਹਾਟ ਬਾਜ਼ਾਰ (ਮਾਸਿਕ ਮਾਲ-ਅਸਬਾਬ ਮੰਡੀ) ਲੱਗਾ ਸੀ, ਉਸ ਦਿਨ। ਲੋਕੀ ਦੁਕਾਨਾਂ ਤੋਂ ਸੌਦਾ-ਪੱਤਾ ਖਰੀਦ ਰਹੇ ਸਨ। ਉਹ ਸਿੱਧਾ ਚੌਕ ਵਿਚ ਜਾ ਪਹੁੰਚਿਆ ਤੇ ਦੁਲੀ ਚੰਦ ਨੂੰ ਗੋਲੀ ਮਾਰ ਕੇ ਤੁਰਦਾ ਹੋਇਆ। ਗੋਲੀ ਮਾਰਨ ਤੋਂ ਪਹਿਲਾਂ ਕਹਿਣ ਲੱਗਾ, 'ਬੇਈਮਾਨੀ ਤੇ ਦਗਾਬਾਜ਼ੀ ਦੀ ਸਜਾ ਦੇਣ ਆਇਆਂ...' ਜਾਂਦਾ ਜਾਂਦਾ ਇਹ ਚੇਤਾਵਨੀ ਵੀ ਦੇ ਗਿਆ ਉਸ ਦੇ ਮੁੰਡੇ ਨੂੰ ਕਿ ਜੇ ਕਿਸੇ ਨੂੰ ਉਸ ਦਾ ਨਾਂਅ ਦੱਸਿਆ ਤਾਂ ਪੂਰੇ ਖਾਨਦਾਨ ਨੂੰ ਗੋਲੀ ਮਾਰ ਦਿੱਤੀ ਜਾਏਗੀ। ਸਵੇਰੇ ਦਰੋਗਾ ਜੀ ਆਏ। ਫੇਰ ਉਹੀ ਸਵਾਲ ਪੁੱਛਣ ਲੱਗੇ...'ਪਛਾਣਿਆਂ ਕਿਸੇ ਨੇ? ਕੌਣ ਸੀ?' ਪਰ ਦੁਲੀ ਚੰਦ ਦੇ ਮੁੰਡੇ ਨੇ ਨਾਂਅ ਨਾ ਦੱਸਿਆ।''
'ਤਾਂ ਇਹ ਹਾਲ ਹੋ ਗਏ ਨੇ ਆਪਣੇ ਪਿੰਡਾਂ ਦੇ!'' ਮੇਰੀ ਉਹ 'ਲੋਕ-ਬੋਲੀ' ਸੁਣ ਕੇ ਵੀਰ ਜੀ ਫੇਰ ਕਰਾਹੁਣ ਲੱਗੇ। ਜ਼ਖਮਾਂ ਨਾਲ ਭਰੇ ਹੋਏ ਉਹਨਾਂ ਦੇ ਚਿਹਰੇ ਉੱਤੇ ਦੀਨਤਾ ਤੇ ਮਜ਼ਬੂਰੀ ਦੇ ਉਹ ਭਾਵ ਉੱਕਰੇ ਹੋਏ ਸਨ, ਜਿਹਨਾਂ ਨੂੰ ਵੇਖ ਕੇ ਮੈਂ ਚੁੱਪ ਹੀ ਰਿਹਾ। ਵੀਰ ਜੀ ਫੇਰ ਕਹਿਣ ਲੱਗੇ, ''ਕੌਣ ਆਫ਼ਤ ਮੁੱਲ ਲਏ, ਨਾਂਅ ਦੱਸ ਕੇ?...ਪੰਚਮ ਯਾਦਵ ਦੇ ਡਾਕਾ ਪਿਆ ਸੀ ਨਾ—ਕੁਝ ਦਿਨਾਂ ਬਾਅਦ ਈ ਡਾਕੂਆਂ ਦਾ 'ਏਜੰਟ' ਯਾਦਵ ਹੁਰਾਂ ਕੇ ਘਰ ਆ ਕੇ ਕਹਿਣ ਲੱਗਾ, 'ਮਾਲ ਪਿਐ, ਵਾਪਸ ਲੈਣਾ ਹੋਏ ਤਾਂ ਰਿਆਇਤੀ ਮੁੱਲ 'ਤੇ ਮਿਲ ਸਕਦੈ।' ਪੰਚਮ ਯਾਦਵ ਦਾ ਮੁੰਡਾ ਗਿਆ ਤੇ ਜ਼ਰੂਰੀ ਜ਼ਰੂਰੀ ਚੀਜਾਂ ਖਰੀਦ ਕੇ ਲੈ ਆਇਆ। ਪੁਲਸ ਕੋਲ ਕੌਣ ਜਾਏ? ਤੇ ਜਾ ਕੇ ਵੀ ਕੀ ਹੋਣ ਲਗੈ? ਸਾਰਿਆਂ ਦੇ ਗਾਂਢੇ-ਸਾਂਢੇ ਕੀਤੇ ਹੋਏ ਨੇ। ਬਸ, ਦਿਖਾਵੇ ਲਈ ਗ੍ਰਿਫਤਾਰੀਆਂ ਹੁੰਦੀਆਂ ਨੇ, ਕੇਸ ਦਰਜ਼ ਕੀਤੇ ਜਾਂਦੇ ਨੇ, ਮੁਕੱਦਮੇਂ ਚੱਲਦੇ ਨੇ! ਕੁਝ ਦਿਨ ਪਹਿਲਾਂ ਜਦੋਂ ਦੁੱਲੇ ਡਕੈਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਐਮ.ਐਲ.ਏ., ਪੰਚਾਂ, ਸਰਪੰਚਾਂ ਦੀ ਹੇੜ ਆ ਬੈਠੀ ਸੀ ਏਥੇ...ਬਈ ਦੇਖਦੇ ਆਂ ਕਿਹੜਾ ਦੁੱਲੇ 'ਤੇ ਗਵਾਹੀ ਭਰੂ...।''
ਮੈਂ ਅੰਦਰੇ-ਅੰਦਰ ਬਲ-ਬੁਝ ਗਿਆ ਸਾਂ। ਜੋਸ਼ ਵਿਚ ਆ ਕੇ ਬੋਲਿਆ, ''ਪਰ ਏਦਾਂ ਚੁੱਪ ਬੈਠਣ ਨਾਲ ਵੀ ਤਾਂ ਨਹੀਂ ਸਰਨਾ...ਹੌਸਲੇ ਹੋਰ ਵਧ ਜਾਣਗੇ ਅਪਰਾਧੀਆਂ ਦੇ। ਲੋਕ ਏਦਾਂ ਹੀ ਡਰ ਕੇ ਡਕੈਤਾਂ ਦੇ ਨਾਂਅ ਦਸਣ ਤੋਂ ਕਤਰਾਉਂਦੇ ਰਹੇ ਤਾਂ ਹੋਰ ਲੋਕ ਵੀ ਇਹੀ ਕਿੱਤਾ ਫੜ ਲੈਣਗੇ।'' ਵੀਰ ਦੇ ਚਿਹਰੇ ਉੱਤੇ ਬੇਵੱਸੀ ਦੇ ਆਸਾਰ ਸਨ। ''ਸੋ ਤਾਂ ਹੈ ਸ਼ਿਵੇਸ਼—ਪਰ ਇਸ ਆਫਤ ਨੂੰ ਮੁੱਲ ਕੌਣ ਲਵੇ? ਨਾਂਅ ਦੱਸ ਦੇਣ ਨਾਲ ਗਵਾਹ ਨਹੀਂ ਮਿਲਣਗੇ...ਜੇ ਉਹ ਫੜੇ ਵੀ ਗਏ ਤਾਂ ਪੈਰਵੀ ਨਾਲ ਛੁੱਟ ਵੀ ਆਉਣਗੇ।...ਤੇ ਫੇਰ ਨਤੀਜਾ ਕੌਣ ਭੁਗਤੇਗਾ? ਪਿੰਡ ਦੀ ਹਾਲਤ ਤਾਂ ਇਹੋ ਜਿਹੀ ਹੋ ਗਈ ਏ ਕਿ ਕਿਤੇ ਡਾਕਾ ਪੈਂਦਾ ਸੁਣਦੇ ਨੇ ਤਾਂ ਘਰੀਂ ਵੜ ਕੇ ਕੁੰਡੇ ਬੰਦ ਕਰ ਲੈਂਦੇ ਨੇ। ਕੋਈ ਘਰੋਂ ਬਾਹਰ ਹੀ ਨਹੀਂ ਨਿਕਲਦਾ। ਇਲਾਕੇ ਦੇ ਜਿੰਨੇ ਅਮੀਰ ਲੋਕ ਨੇ, ਸਾਰਿਆਂ ਨੇ ਡਕੈਤ ਪਾਲੇ ਹੋਏ ਨੇ। ਕਿਸੇ ਡਕੈਤ ਨੂੰ ਜੇਲ ਹੋ ਜਾਂਦੀ ਏ ਤਾਂ ਉਸ ਦੇ ਪਰਿਵਾਰ ਨੂੰ ਰੋਟੀ-ਕੱਪੜਾ ਇਹੀ ਧਨੀ ਲੋਕ ਦਿੰਦੇ ਨੇ। ਵੋਟਾਂ ਸਮੇਂ ਨੇਤਾ ਇਹਨਾਂ ਦੀ ਮਦਦ ਲੈਂਦੇ ਨੇ। ਜਿਹੜੇ ਡਕੈਤ ਨਹੀਂ ਪਾਲਦੇ, ਉਹਨਾਂ ਦੇ ਘਰੀਂ ਡਾਕੇ ਪੈਂਦੇ ਨੇ...ਉਹਨਾਂ ਦੀ ਹੀ ਜਾਨ ਜਾਂਦੀ ਐ।''
ਮੈਂ ਆਪਣੇ ਤਰਕ ਉੱਤੇ ਅੜਿਆ ਖਲੋਤਾ ਸਾਂ, ''ਪਰ ਵੀਰ ਜੀ ਇੰਜ ਚੁੱਪ ਰਹਿਣ ਨਾਲ ਤਾਂ ਕੰਮ ਨਹੀਂ ਚੱਲਣਾ। ਮੈਂ ਕੱਲ੍ਹ ਸਵੇਰੇ ਪਹਿਲੀ ਬੱਸ 'ਤੇ ਈ ਜਾਨਾਂ ਤੇ ਮਿਲਦਾਂ ਐਮ.ਪੀ. ਸਾਹਬ ਨੂੰ। ਸੱਚੀ ਗੱਲ ਦੱਸਾਂਗਾ ਕਿ ਕਿੱਦਾਂ ਆਤੰਕ ਫੈਲਾਇਆ ਜਾ ਰਿਹਾ ਏ ਪਿੰਡਾਂ ਵਿਚ...''
ਵੀਰ ਜੀ ਅਚਾਨਕ ਘਬਰਾ ਗਏ, ''ਨਾ-ਨਾ ਸ਼ਿਵੇਸ਼! ਇਹ ਕੰਮ ਨਾ ਕਰੀਂ। ਰਹਿਣਾ ਏਂ ਅਸਾਂ ਲੋਕਾਂ ਇੱਥੇ; ਤੂੰ ਤਾਂ ਪਲੀਤਾ ਲਾ ਕੇ ਤੁਰਦਾ ਹੋਏਂਗਾ, ਪਿੱਛੋਂ ਕਿਸੇ ਦਿਨ ਤੈਨੂੰ ਖਬਰ ਮਿਲੇਗੀ ਰਾਮ ਨਰੇਸ਼ ਮਾਰ ਦਿੱਤਾ ਗਿਆ। ਨਾ ਮੇਰੀ ਸੌਂਹ...''
ਮੈਂ ਚੁੱਪ ਹੋ ਗਿਆ। ਅੰਦਰੇ ਅੰਦਰ ਪਾਣੀ ਵਾਂਗ ਰਿਝਦੀ ਚੁੱਪ ਅਸ਼ਾਂਤ ਕਰ ਰਹੀ ਸੀ ਮੈਨੂੰ।
    ੦੦੦  
ਸ਼ਾਮੀਂ ਕੁਝ ਚਿਰ ਲਈ ਬਾਜ਼ਾਰ ਵਲ ਜਾ ਰਿਹਾ ਸਾਂ। ਰਸਤੇ ਵਿਚ ਸਿਰਦੇਵ ਚਾਚਾ ਮਿਲ ਪਿਆ, ਮੈਨੂੰ ਇਕਾਂਤ ਵਿਚ ਲਿਜਾ ਕੇ ਕਹਿਣ ਲੱਗਾ, ''ਤੈਨੂੰ ਸਭ ਕੁਝ ਪਤਾ ਲੱਗ ਈ ਗਿਆ ਹੋਣੈ...ਪਰ ਕਿਸੇ ਕੋਲ ਗੱਲ ਨਾ ਕਰੀਂ ਸ਼ਿਵੇਸ਼। ਜੇ ਚਾਹੁਣੈ ਬਈ ਤੇਰੇ ਪਰਿਵਾਰ 'ਤੇ ਕੋਈ ਆਫਤ ਨਾ ਆਏ ਤਾਂ ਮਨ ਦੀ ਗੱਲ ਮਨ 'ਚ ਈ ਰੱਖੀਂ, ਬੱਸ।'' ਸੁਣ ਕੇ ਮੈਂ ਹੱਕਾ-ਬੱਕਾ ਰਹਿ ਗਿਆ। ਪਿੰਡ ਦਾ ਹਰੇਕ ਬੰਦਾ ਏਨਾਂ ਭੈ-ਭੀਤ ਹੈ ਕਿ ਖੁੱਲ੍ਹ ਕੇ ਗੱਲ ਵੀ ਨਹੀਂ ਕਰ ਸਕਦਾ ਇਹ ਨਪੁੰਨਸਕਤਾ ਬੜੀ ਡਰਾਵਨੀ ਲੱਗੀ ਸੀ ਮੈਨੂੰ।
    ੦੦੦
ਉਸ ਦਿਨ ਪਿੰਡ ਵਿਚ ਮੰਡੀ ਲੱਗੀ ਸੀ, ਹਰ ਵਾਰੀ ਹਾਈ ਸਕੂਲ ਦੇ ਸਾਹਮਣੇ ਲੱਗਦੀ ਹੈ। ਮੈਂ ਇਕ ਪੁਰਾਣੇ ਬੋਹੜ ਹੇਠ ਬਣੇ ਚਬੂਤਰੇ ਕੋਲ ਜਾ ਖੜ੍ਹਾ ਹੋਇਆ। ਦਿਲ ਹੀ ਦਿਲ ਵਿਚ ਸੋਚਣ ਲੱਗਾ, ਜੇ ਕੋਈ ਪੁਰਾਣਾ ਸਾਥੀ ਮਿਲ ਪਵੇ ਤਾਂ ਦਿਲ ਖੋਲ੍ਹ ਕੇ ਗੱਲਾਂ-ਬਾਤਾਂ ਹੀ ਕਰ ਲਵਾਂ। ਓਦੋਂ ਹੀ ਮੇਰਾ ਭਤੀਜਾ ਅਮਰੇਂਦਰ ਮੇਰੇ ਕੋਲ ਆਣ ਖੜ੍ਹਾ ਹੋਇਆ ਤੇ ਘੁਸਰ-ਮੁਸਰ ਜਿਹੀ ਕਰਨ ਲੱਗਾ, ''ਚਾਚੇ, ਪੀਚ ਰੋਡ ਦੇ ਓਧਰਲੇ ਪਾਸੇ, ਉਹ ਆਦਮੀ ਜਿਹੜਾ ਮੁਖੀਆ ਜੀ ਨਾਲ ਗੱਲਾਂ ਕਰ ਰਿਹਾ ਏ ਨਾ...ਦਿਸਿਆ? ਉਹ ਉੱਚਾ ਲੰਮਾਂ ਆਦਮੀਂ...ਉਹੀ ਦੁੱਲਾ ਏ। ਓਸੇ ਨੇ ਡਾਕਾ ਮਾਰਿਆ ਸੀ ਆਪਣੇ ਘਰ।'' ਕਹਿੰਦਿਆਂ ਹੋਇਆਂ ਅਮਰੇਂਦਰ ਡਰ ਰਿਹਾ ਸੀ।
ਦੁੱਲੇ ਨੂੰ ਚੰਗੀ ਤਰ੍ਹਾਂ ਪਛਾਣਨ ਲਈ ਮੈਂ ਜ਼ਰਾ ਅਗਾਂਹ ਵਧਿਆ। ਮੁਖੀਆ ਜੀ ਨੇ ਮੈਨੂੰ ਵੇਖਿਆ ਤਾਂ ਦੁੱਲੇ ਨੂੰ ਛੱਡ ਕੇ ਮੇਰੇ ਵੱਲ ਅਹੁਲੇ, ''ਓ ਸ਼ਿਵੇਸ਼? ਕਦੋਂ ਆਇਆ? ਉਸੇ ਗੱਲ ਕਰਕੇ ਆਇਆ ਹੋਏਂਗਾ...?''
''ਜੀ, ਹਾਂ-ਜੀ।''
'ਬਈ ਮੈਂ ਤਾਂ ਕਿਹਾ ਸੀ ਰਾਮ ਨਰੇਸ਼ ਜੇ ਕਿਸੇ ਨੂੰ ਪਛਾਣਿਆਂ ਏਂ ਤਾਂ ਦੱਸ। ਦਰੋਗਾ ਜੀ ਵੀ ਪੁੱਛ ਰਹੇ ਸਨ...ਪਰ ਕਿਸੇ ਨੂੰ ਪਛਾਣ ਈ ਨਹੀਂ ਸਕਿਆ, ਰਾਮ ਨਰੇਸ਼। ਇਧਰ ਪਿੰਡ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਏ—ਦਿਨੋਂ-ਦਿਨ। ਡਕੈਤੀ, ਮਰਡਰ ਏਨੇ ਵਧ ਗਏ ਨੇ ਕਿ ਕੁਝ ਭੇਤ ਈ ਨਹੀਂ ਆਉਂਦਾ। ਦਰੋਗਾ ਜੀ ਦਾ ਤਬਾਦਲਾ ਹੋ ਗਿਐ, ਇਸੇ ਕਰਕੇ।...ਨਵਾਂ ਦਰੋਗਾ ਆ ਰਿਹੈ, ਚਾਰਜ ਲੈਣ!''
ਮੈਂ ਮੁਸਕਰਾਇਆ, ''ਕੀ ਦਰੋਗਾ ਜੀ ਦੇ ਤਬਾਦਲੇ ਨਾਲ ਸਭ ਕੁਝ ਠੀਕ-ਠਾਕ ਹੋ ਜਾਏਗਾ, ਮੁਖੀਆ ਜੀ?''
ਮੁਖੀਆ ਜੀ ਨਜ਼ਰਾਂ ਚੁਰਾਉਣ ਲੱਗੇ, ''ਸੋ ਬਾਤ ਤੋ ਨਹੀਂ ਹੈ...ਸ਼ਿਵੇਸ਼। ਪਰ ਸਰਕਾਰ ਤਾਂ ਆਪਣਾ ਕੰਮ ਕਰੇਗੀ ਹੀ।'' ਕਹਿੰਦੇ ਹੋਏ ਮੁਖੀਆ ਜੀ ਅੱਗੇ ਤੁਰ ਗਏ। ਮੈਂ ਉੱਥੇ ਹੀ ਖੜ੍ਹਾ ਰਿਹਾ। ਕੋਈ ਅਜਿਹਾ ਬੰਦਾ ਨਹੀਂ ਸੀ ਦਿਸ ਰਿਹਾ ਜਿਸ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਾਂ। ਜਿਸ ਪਿੰਡ ਵਿਚ ਸਾਰਾ ਬਚਪਨ ਬੀਤਿਆ ਸੀ, ਜਿਸ ਪਿੰਡ ਦਾ ਹਰੇਕ ਚਿਹਰਾ ਜਾਣਿਆਂ-ਪਛਾਣਿਆਂ ਸੀ—ਉਸੇ ਪਿੰਡ ਦੀ ਹਾਟ ਵਿਚ ਅਨੇਕਾਂ ਲੋਕਾਂ ਨੂੰ ਪਛਾਣਦਿਆਂ ਹੋਇਆਂ ਵੀ ਮੈਂ ਇਕੱਲਾ ਖੜ੍ਹਾ ਸਾਂ। ਕੋਈ ਬਚਪਨ ਦਾ ਸਾਥੀ ਦਿਖਾਈ ਵੀ ਦੇਂਦਾ ਸੀ ਤਾਂ ਅੱਖ ਬਚਾ ਕੇ ਅੱਗੇ ਲੰਘ ਜਾਂਦਾ ਸੀ। ਕਿਤੇ ਉਹਨਾਂ ਨੂੰ ਇੰਜ ਤਾਂ ਨਹੀਂ ਲੱਗ ਰਿਹਾ ਕਿ ਮੈਂ ਡਕੈਤਾਂ ਬਾਰੇ ਪੁੱਛਗਿੱਛ ਕਰਾਂਗਾ? ਇੰਜ ਮੈਨੂੰ ਆਪਣਾ ਅਪਮਾਨ ਹੁੰਦਾ ਮਹਿਸੂਸ ਹੋਇਆ। ਉੱਥੇ, ਮਹਾਨਗਰ ਦੀ ਭੀੜ ਵਿਚ, ਕੋਈ ਗੱਲ ਕਰਨ ਵਾਲਾ ਨਾ ਹੋਵੇ ਤਾਂ ਓਪਰਾ ਨਹੀਂ ਲੱਗਦਾ...ਪਰ ਇਹ ਤਾਂ ਆਪਣਾ ਪਿੰਡ ਹੈ! ਇਹੀ ਸਭ ਸੋਚ ਰਿਹਾ ਸਾਂ ਕਿ ਚਾਹ ਦੀ ਦੁਕਾਨ ਸਾਹਮਣੇ ਖੜ੍ਹੇ ਇਕ ਆਦਮੀ ਉੱਤੇ ਨਜ਼ਰ ਪਈ। ਤਿੰਨ ਚਾਰ ਆਦਮੀਆਂ ਵਿਚ ਘਿਰੇ ਉਸ ਕਦਾਵਰ ਜਵਾਨ ਨੂੰ ਮੈਂ ਪਛਾਣ ਲਿਆ ਤੇ ਚੁੱਪਚਾਪ ਉਸ ਦੇ ਕੋਲ ਜਾ ਖੜ੍ਹਾ ਹੋਇਆ। ਪਤਾ ਨਹੀਂ ਕੀ ਸ਼ਰਾਰਤ ਸੁਝੀ ਕਿ ਜ਼ੋਰ ਨਾਲ ਉਸ ਦੀ ਬਾਂਹ ਫੜ ਲਈ ਤੇ ਝਟਕਾ ਦੇ ਕੇ ਕਿਹਾ, ''ਕਿਉਂ ਇੰਦਰਾ...ਦੇਖ ਕੇ ਅੱਖਾਂ ਚੁਰਾਅ ਰਿਹੈਂ, ਪੁੱਤਰਾ?''
ਇੰਦਰ ਹਾਈ ਸਕੂਲ ਤਕ ਮੇਰੇ ਨਾਲ ਪੜ੍ਹਿਆ ਸੀ। ਬਚਪਨ ਤੋਂ ਹੀ ਅਸੀਂ ਇਕੱਠੇ ਖੇਡਦੇ ਰਹੇ ਸਾਂ। ਮੈਨੂੰ ਵੇਖ ਕੇ ਪਹਿਲਾਂ ਉਹ ਸਹਿਮ ਗਿਆ, ਫੇਰ ਮੁਸਕਰਾਉਣ ਲੱਗਾ। ਉਸ ਦੀ ਮੁਸਕਾਨ ਵਿਚ ਸੁਭਾਵਿਕਤਾ ਨਹੀਂ ਸੀ, ਇਕ ਬਨਾਉਟੀਪਣ ਸੀ। ਜਾਂ ਵਿਹਾਰੀ ਜਿਹਾ ਛਲ...ਜਿਹੜਾ ਮੈਥੋਂ ਲੁਕਿਆ ਨਹੀਂ ਰਿਹਾ। ਉੱਥੇ ਖਲੋ ਕੇ ਹੀ ਅਸੀਂ ਚਾਹ ਪੀਤੀ ਤੇ ਏਧਰ ਉਧਰ ਦੀਆਂ ਕੁਝ ਗੱਲਾਂ ਕੀਤੀਆਂ...ਪਰ ਮੈਨੂੰ ਇੰਜ ਮਹਿਸੂਸ ਹੁੰਦਾ ਰਿਹਾ ਜਿਵੇਂ ਇੰਦਰ ਅੰਦਰੋਂ ਬੇਚੈਨ ਹੈ ਤੇ ਮੈਥੋਂ ਖਹਿੜਾ ਛੁਡਾਉਣਾ ਚਾਹੁੰਦਾ ਹੈ। ਫੇਰ ਮਿਲਣ ਦਾ ਕਹਿ ਕੇ ਇੰਦਰ ਆਪਣੇ ਸ਼ਾਗਿਰਦਾਂ ਨਾਲ ਜਾ ਰਲਿਆ। ਉਦੋਂ ਹੀ ਅਮਰੇਂਦਰ ਫੇਰ ਮੇਰੇ ਕੋਲ ਆਣ ਖੜ੍ਹਾ ਹੋਇਆ ਤੇ ਕਹਿਣ ਲੱਗਿਆ, ''ਚਾਚੇ ਇਹ ਕਿਸ ਨਾਲ ਗੱਲਾਂ ਕਰ ਰਿਹਾ ਸੈਂ?''
''ਕਿਉਂ? ਇੰਦਰ ਸੀ—ਇੰਦਰ ਨੰਦ। ਮੇਰਾ ਲੰਗੋਟੀਆ ਯਾਰ ਏ।'' ਅਮਰੇਂਦਰ ਕੱਚਾ ਜਿਹਾ ਹਾਸਾ ਹੱਸਿਆ, ''ਤੁਹਾਡਾ ਲੰਗੋਟੀਆ ਯਾਰ! ਅੱਜ ਕੱਲ੍ਹ ਇਹ ਇੰਦਰਾ ਡਕੈਤ ਵੱਜਦੈ। ਆਪਣੇ ਘਰ ਪਏ ਡਾਕੇ ਵਿਚ ਇੰਦਰਾ ਵੀ ਸ਼ਾਮਲ ਸੀ—ਤੁਹਾਨੂੰ ਨਹੀਂ ਪਤਾ!''
ਮੈਨੂੰ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾਪੀ। ਲੱਗ ਰਿਹਾ ਸੀ ਜਿਵੇਂ ਕਿਸੇ ਓਪਰੀ ਧਰਤੀ ਉੱਤੇ ਖਲੋਤਾ ਹੋਵਾਂ, ਤਿਲਸਮ ਨਗਰੀ ਵਿਚ। ਜਿਵੇਂ ਇਹ ਮੇਰਾ ਪਿੰਡ ਨਹੀਂ ਸੀ।
ਜਦੋਂ ਇੰਦਰਾ ਸਕੂਲ ਵਿਚ ਮੇਰੇ ਨਾਲ ਪੜ੍ਹਦਾ ਹੁੰਦਾ ਸੀ ਤਾਂ ਸਾਡੇ ਘਰ ਵੀ ਆਉਂਦਾ ਹੁੰਦਾ ਸੀ। ਮਾਂ ਤੇ ਭਾਬੀ ਦੇ ਪੈਰੀਂ ਹੱਥ ਲਾਉਂਦਾ; ਅਸੀਂ ਇਕੋ ਥਾਲੀ ਵਿਚ ਖਾਂਦੇ ਤੇ ਉਹੀ ਇੰਦਰਾ ਸਾਡੇ ਘਰ ਡਾਕਾ ਮਾਰਨ ਆਇਆ ਸੀ?
ਆਪਣਾ ਪਿੰਡ ਅਚਾਨਕ ਹੀ ਬੜਾ ਨਰਦਈ ਤੇ ਡਰਾਵਨਾ ਜਿਹਾ ਲੱਗਣ ਲੱਗ ਪਿਆ। ਸ਼ਾਮੀਂ ਘਰ ਮੁੜਦਾ ਹੋਇਆ ਮੈਂ ਇਹੀ ਸੋਚ ਰਿਹਾ ਸਾਂ ਕਿ ਆਪਣੇ ਪਿੰਡ ਨਾਲੋਂ ਵਧ ਸੁਰੱਖਿਅਤ ਤਾਂ 'ਬਿਗਾਨਾ' ਸ਼ਹਿਰ ਹੀ ਹੈ—ਉੱਥੇ ਕੁਝ ਹੁੰਦਾ ਵੀ ਹੈ ਤਾਂ ਘੱਟੋਘੱਟ ਮੇਰੇ ਵਰਗੇ ਪੈਂਡੂ ਬੰਦਿਆਂ ਦੇ ਮਨਾਂ ਵਿਚਲੇ ਮੋਹ ਦੇ ਸ਼ੀਸ਼ੇ ਤਾਂ ਨਹੀਂ ਟੁੱਟਦੇ! ਇਹ ਤੱਸਲੀ ਤਾਂ ਹੁੰਦੀ ਹੈ ਕਿ ਚੱਲੋ, ਇਹ ਸ਼ਹਿਰ ਪਰਾਇਆ ਹੈ...ਆਪਣਾ ਪਿੰਡ ਥੋੜਾ ਹੀ ਹੈ?
ਕੱਚੀ ਸੜਕ ਦੇ ਇਕ ਪਾਸੇ ਪਿੰਡ ਦੀ ਸੱਥ ਸੁੰਨੀ ਪਈ ਸੀ। ਅੱਸੂ ਦੀ ਨੌਮੀਂ ਦਾ ਚੰਦ ਆਸਮਾਨ ਵਿਚ ਚਮਕ ਰਿਹਾ ਸੀ। ਉਸ ਦੀ ਧੁੰਦਲੀ ਜਿਹੀ ਰੌਸ਼ਨੀ ਵਿਚ ਸੱਥ ਦੇ ਚਬੂਤਰੇ ਉੱਤੇ ਬੋਹੜ ਦੀਆਂ ਰੰਡ-ਮੁੰਡ ਜੜਾਂ ਕੱਟੇ ਹੋਏ ਹੱਥਾਂ-ਪੈਰਾਂ ਵਾਂਗ ਦਿਸੀਆਂ। ਚਬੂਤਰਾ ਢਹਿ ਗਿਆ ਸੀ। ਦਿਨੇ ਵੀ ਇਹ ਜਗ੍ਹਾ ਦੇਖੀ ਸੀ, ਹਰ ਪਾਸੇ ਘਾਹ ਉਗਿਆ ਹੋਇਆ ਸੀ। ਲਾਲ, ਭੂਰੀਆਂ ਮਿਟਮੈਲੀਆਂ ਇੱਟਾਂ ਕਈ ਜਗ੍ਹਾ ਤੋਂ ਉੱਖੜ ਕੇ ਹੇਠਾਂ ਡਿੱਗੀਆਂ ਹੋਈਆਂ ਸਨ। ਸਿਰਫ ਵਿਕਾਰਲੀ ਕੁਝ ਜਗ੍ਹਾ ਅਜੇ ਸਲਾਮਤ ਸੀ। ਇਸ ਚਬੂਤਰੇ ਨੂੰ ਵੇਖ ਕੇ ਪਤਾ ਨਹੀਂ ਕਿਉਂ ਮੈਨੂੰ ਮਰਨ-ਆਸਨ ਪਏ ਕੋਹੜੀ ਦੀ ਯਾਦ ਆ ਗਈ ਸੀ, ਜਿਸ ਦਾ ਅੰਗ-ਅੰਗ ਗਲ ਸੜ ਗਿਆ ਹੁੰਦਾ ਹੈ। ਮੈਨੂੰ ਧੁੜਧੁੜੀ ਜਿਹੀ ਆਈ—ਸ਼ਾਇਦ ਮੌਸਮੀ ਹਵਾ ਵਿਚ ਰਚੀ ਹਲਕੀ ਠੰਡ ਕਰਕੇ ਜਾਂ ਫੇਰ ਆਪਣੇ ਦਿਮਾਗ਼ ਵਿਚ ਉਭਰੇ ਇਸ ਭਿਆਨਕ ਖ਼ਿਆਲ ਦੀ ਕਲਪਨਾ ਕਰਕੇ—ਘਿਰਨਾ ਭਰਪੂਰ ਇਸ ਵਿਚਾਰ ਤੋਂ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕਰਦਾ ਹੋਇਆ ਮੈਂ ਘਰ ਵੱਲ ਤੁਰ ਪਿਆ। ਆਸਪਾਸ ਦੇ ਘਰਾਂ ਦੇ ਬਾਹਰ ਕਿਤੇ ਵੀ ਰੌਸ਼ਨੀ ਨਹੀਂ ਸੀ। ਸ਼ਾਮ ਹੋਣ ਸਾਰ ਲੋਕ ਕੱਛੂ ਵਾਂਗ ਆਪਣੇ ਆਪ ਵਿਚ ਸਿਮਟ ਗਏ ਸਨ। ਇਸ ਗਮਗੀਨ ਹਨੇਰੇ ਵਿਚ ਬਲਦੀ ਹੋਈ ਲਾਲਟੈਨ ਦਾ ਮੱਧਮ ਜਿਹਾ ਚਾਨਣ ਸਹਿਮਿਆਂ ਤੇ ਡਰਿਆ ਜਿਹਾ ਲੱਗਿਆ। ਮੈਨੂੰ ਇੰਜ ਲੱਗਿਆ ਜਿਵੇਂ ਦੀਵਾਲੀ ਵਾਲੀ ਰਾਤ ਤੋਂ ਪਹਿਲੀ ਰਾਤ ਘਰ ਦੇ ਪਿਛਲੇ ਪਾਸੇ 'ਯਮ ਦਾ ਦੀਵਾ' ਰੱਖਿਆ ਗਿਆ ਹੋਵੇ...
    ੦੦੦
ਵੱਡਾ ਵੀਰ ਵਰਾਂਡੇ ਪਿਆ ਕਰਾਹ ਰਿਹਾ ਹੈ। ਹੁਣੇ ਹੁਣੇ ਪਿੰਡ ਦਾ ਕੰਪਾਊਡਰ ਟੀਕਾ ਲਾ ਕੇ ਗਿਆ ਹੈ। ਪੁਆਂਦੀ ਬੈਠੀ ਭਾਬੀ ਉਦਾਸ ਜਿਹੀ ਲਾਲਟੈਨ ਦੀ ਰੌਸ਼ਨੀ ਵਲ ਇਕ ਟੱਕ ਵੇਖ ਰਹੀ ਹੈ। ਕਾਲੀ ਚਿਮਨੀ ਵਿਚੋਂ ਚਾਨਣ ਨਹੀਂ, ਚਾਨਣ ਦਾ ਪ੍ਰਛਾਵਾਂ ਜਿਹਾ ਖਿਲਾਰਦੀ ਹੋਈ ਲਾਲਟੈਨ ਸਾਡੇ ਵਿਚਕਾਰ ਪਸਰੀ ਚੁੱਪ ਨੂੰ ਵਧੇਰੇ ਪੀਢੀ ਕਰ ਰਹੀ ਹੈ। ਵੀਰ ਜੀ ਹੌਲੀ ਹੌਲੀ ਕਹਿਣ ਲੱਗੇ, ''ਤੈਨੂੰ ਸਭ ਕੁਛ ਪਤਾ ਲੱਗ ਗਿਆ ਏ। ਪਰ, ਸ਼ਿਵੇਸ਼ ਡਕੈਤਾਂ ਬਾਰੇ ਕਿਸੇ ਨਾਲ ਗੱਲ ਨਾ ਕਰੀਂ। ਨਹੀਂ ਤਾਂ ਸਾਡਾ ਜਿਉਣਾ ਮੁਹਾਲ ਹੋ ਜਾਏਗਾ। ਤੂੰ ਤਾਂ ਏਥੇ ਰਹੇਂਗਾ ਨਹੀਂ, ਭੁਗਤਨਾ ਸਾਨੂੰ ਲੋਕਾਂ ਨੂੰ ਪਏਗਾ।''
ਮੈਂ ਚੁੱਪਚਾਪ ਸੁਣਦਾ ਰਿਹਾ। ਮਾਲਤੀ ਗਰਮ ਪਾਣੀ ਲੈ ਆਈ। ਹਲਕੇ ਹਨੇਰੇ ਵਿਚ ਲਿਪਟੀ ਮਿਟਮੈਲੀ ਜਿਹੀ ਰੌਸ਼ਨੀ ਵਿਚ ਮਾਲਤੀ ਦੀਆਂ ਸੁੰਨੀਆਂ ਬਾਹਾਂ, ਸੁੰਨੇ ਕੰਨ ਤੇ ਸੁੰਨੀ ਗਰਦਨ ਦਿਸੀ। ਗੋਰੇ ਚਿਹਰੇ ਉੱਤੇ ਅੰਤਾਂ ਦੀ ਚੁੱਪ...ਮੈਥੋਂ ਉਹ ਭਿਆਨਕ ਦ੍ਰਿਸ਼ ਦੇਖਿਆ ਨਾ ਗਿਆ। ਮੈਂ ਸੋਚ ਵੀ ਨਹੀਂ ਸਕਦਾ ਸਾਂ ਕਿ ਮੇਰੇ ਬਚਪਨ ਦਾ ਉਹ ਸਾਥੀ ਇੰਦਰ, ਜਿਹੜਾ ਮੇਰੇ ਨਾਲ ਇਕੇ ਥਾਲੀ ਵਿਚ ਖਾਂਦਾ ਰਿਹਾ ਸੀ। ਭਾਬੀ ਸਾਨੂੰ ਆਪ ਖਵਾਂਦੀ ਹੁੰਦੀ ਸੀ ਤੇ ਜਦੋਂ ਤਕ ਅਸੀਂ ਰੱਜ ਨਹੀਂ ਸੀ ਜਾਂਦੇ ਕੋਲ ਬੈਠੀ ਪੱਖਾਂ ਝੱਲਦੀ ਰਹਿੰਦੀ ਸੀ—ਉਸ ਇੰਦਰ ਦੇ ਹੱਥ ਕਿੱਦਾਂ ਉੱਠੇ ਹੋਣਗੇ ਭਾਬੀ ਤੇ ਮਾਲਤੀ ਦੇ ਗਹਿਣਿਆਂ ਵੱਲ! ਇਹ ਸੋਚ ਕੇ ਦਹਿਸ਼ਤ ਜਿਹੀ ਹੋਣ ਲੱਗੀ। ਝਪੱਟਾ ਮਾਰਦੇ ਉਹਨਾਂ ਖ਼ੂੰਖਾਰ ਪੰਜਿਆਂ ਦੀ ਤਸਵੀਰ ਘੁੰਮਣ ਲੱਗੀ ਅੱਖਾਂ ਦੇ ਸਾਹਮਣੇ ਤੇ ਹੌਲੀ ਹੌਲੀ ਉਹ ਪੰਜੇ ਵੱਡੇ ਹੁੰਦੇ ਗਏ।
ਰਾਤ ਕੱਟਣੀ ਮੁਸ਼ਕਿਲ ਹੋ ਗਈ ਸੀ ਮੇਰੇ ਵਾਸਤੇ। ਸਾਰੀ ਰਾਤ ਜਾਗਦਾ ਰਿਹਾ—ਪਿੰਡ ਪ੍ਰਤੀ ਮੋਹ ਦਾ ਧੁੰਦਲਾ ਜਿਹਾ ਅਕਸ ਜਿਹੜਾ ਮਹਾਨਗਰ ਦੇ ਜੀਵਨ ਦੀ ਇਕਾਂਤ ਵਿਚ ਮੇਰੇ ਅੰਦਰ ਹਮੇਸ਼ਾ ਬਣਿਆ ਰਹਿੰਦਾ ਸੀ, ਬਿਲਕੁਲ ਚੂਰ-ਚੂਰ ਹੋ ਗਿਆ।...ਤੇ ਮੇਰੇ ਅੰਦਰ ਵੱਸੀ ਹੋਈ ਅਤੀਤ ਦੀ ਕੋਮਲਤਾ ਵਿਚ ਇਹ ਕੈਂਕਰਾਂ ਬੁਰੀ ਤਰ੍ਹਾਂ ਚੁਭ ਗਈ ਸਨ।
ਵਾਪਸੀ ਵੇਲੇ ਵੱਡਾ ਵੀਰ ਜਖ਼ਮਾਂ ਦੀ ਦਰਦ ਨਾਲ ਕਰਾਹੁੰਦੇ ਹੋਏ ਰੋਣ ਲੱਗਾ। ਭਾਬੀ ਵੀ ਅੱਖਾਂ ਪੂੰਝ ਰਹੀ ਸੀ ਤੇ ਮਾਲਤੀ ਸੁੰਨੀਆਂ ਖ਼ੁਸ਼ਕ ਅੱਖਾਂ ਨਾਲ ਮੇਰੇ ਵੱਲ ਵੇਖ ਰਹੀ ਸੀ। ਵੱਡੇ ਵੀਰ ਤੇ ਭਾਬੀ ਦੇ ਪੈਰੀਂ ਹੱਥ ਲਾਉਂਦਿਆਂ ਮੇਰਾ ਵੀ ਰੋਣ ਨਿਕਲ ਗਿਆ।
ਦੁਸ਼ਹਿਰੇ ਦੀ ਝਾਕੀ ਕੱਢੀ ਜਾਣੀ ਸੀ ਉਸ ਦਿਨ। ਦੁਰਗਾ ਸਥਾਨ ਵੱਲੋਂ ਢੋਲ ਦੀ ਉੱਚੀ ਆਵਾਜ਼ ਆ ਰਹੀ ਸੀ। ਉਸ ਆਵਾਜ਼ ਵਿਚ ਰੁਮਾਨੀ ਅਹਿਸਾਸ ਦੀ ਆਹਟ ਤਕ ਨਹੀਂ ਸੀ—ਮੈਨੂੰ ਲੱਗਾ, ਮਾਤਮ ਦੀ ਮਨਾਹੀ ਕੀਤੀ ਜਾ ਰਹੀ ਹੈ। ਪਿੰਡ ਦੀ ਸੱਥ ਦੇ ਪੁਰਾਣੇ ਬੋਹੜ ਹੇਠ ਪੰਡਤ ਦੁਰਗਾਨਾਥ ਮਿਲ ਪਏ। ਜਦੋਂ 'ਕਲਸ-ਪੰਕ' ਤੇ 'ਜਨਮੀ-ਜਯੰਤੀ' ਚੁੱਕੀ, ਪ੍ਰੋਹਤ ਦਾ ਰਟਿਆ-ਰਟਾਇਆ 'ਵਿਜੈ-ਮੰਤਰ' ਪੜ੍ਹਦਿਆਂ ਉਹਨਾਂ 'ਜਯੰਤੀ' ਮੇਰੇ ਸਿਰ ਉੱਤੇ ਰੱਖਣੀ ਚਾਹੀ ਤਾਂ ਮੈਂ ਵਿਚਕਾਰ ਹੀ ਟੋਕ ਦਿੱਤਾ, ''ਨਹੀਂ ਪੰਡਤ ਜੀ...ਜਯੰਤੀ ਰਹਿਣ ਦਿਓ।''
ਬੋਹੜ ਦੀ ਰੁੰਡ-ਮੁੰਡ ਸ਼ਾਖ ਉੱਤੇ ਬੈਠਾ ਇਕ ਘੋਗੜ ਕਾਂ 'ਅਸ਼ੁਭ' ਦਾ ਰਾਗ ਅਲਾਪ ਰਿਹਾ ਸੀ।
    ੦੦੦ ੦੦੦ ੦੦੦  
ਜੱਗਬਾਣੀ 1 ਅਗਸਤ 1987.

No comments:

Post a Comment