Sunday, September 26, 2010

ਅੰਤਰ...:: ਲੇਖਕ : ਨਿਰਮਲ ਵਰਮਾ



ਪ੍ਰਵਾਸੀ ਹਿੰਦੀ ਕਹਾਣੀ :
ਅੰਤਰ...
ਲੇਖਕ : ਨਿਰਮਲ ਵਰਮਾ
ਅਨੁਵਾਦ : ਮਹਿੰਦਰ ਬੇਦੀ, ਜੈਤੋ



ਬੱਸ ਵਿਚੋਂ ਉੱਤਰ ਕੇ ਉਹ ਬਾਜ਼ਾਰ ਦੇ ਚੌਰਾਹੇ 'ਤੇ ਖੜ੍ਹਾ ਹੋ ਗਿਆ। ਸਾਹਮਣੇ ਟਾਊਨ ਹਾਲ ਦੀ ਇਮਾਰਤ ਸੀ—ਲੰਮੀ ਤੇ ਡਰਾਵਨੀ ਜਿਹੀ। ਪਹਿਲੀ ਮੰਜ਼ਿਲ ਉੱਤੇ ਲੰਮੀਆਂ, ਮੈਲੀਆਂ ਖਿੜਕੀਆਂ ਸਨ, ਜਿਹਨਾਂ ਦੇ ਸ਼ੀਸ਼ਿਆਂ 'ਤੇ ਸ਼ਾਮ ਦੀ ਧੁੱਪ ਹੋਰ ਵੀ ਮੈਲੀ ਦਿਖ ਰਹੀ ਸੀ। ਉਸ ਤੋਂ ਜ਼ਰਾ ਹਟ ਕੇ ਕੁਝ ਦੁਕਾਨਾਂ ਸਨ—ਇਕ ਪੱਬ, ਇਕ ਨਾਈ ਦੀ ਦੁਕਾਨ ਤੇ ਦੋ ਜਨਰਲ ਸਟੋਰ। ਅੱਗੇ ਛੋਟਾ-ਜਿਹਾ ਸਕਵੇਅਰ ਸੀ।
“ਆਖ਼ਰੀ ਬੱਸ ਕਿੰਨੇ ਵਜੇ ਜਾਏਗੀ?” ਉਸਨੇ ਉਸੇ ਬੱਸ ਦੇ ਕੰਡਕਟਰ ਨੂੰ ਪੁੱਛਿਆ, ਜਿਸ ਵਿਚ ਉਹ ਆਇਆ ਸੀ।
“ਦਸ ਵਜੇ...” ਕੰਡਕਟਰ ਨੇ ਚਲਵੀਂ-ਜਿਹੀ ਨਿਗਾਹ ਨਾਲ ਉਸ ਵੱਲ ਦੇਖਿਆ ਤੇ ਓਵਰ ਕੋਟ ਦੀ ਜੇਬ ਵਿਚੋਂ ਬੀਅਰ ਕੱਢ ਲਈ।
ਉਹ ਦੁਕਾਨਾਂ ਵੱਲ ਤੁਰ ਆਇਆ। ਉਹ ਇੱਥੇ ਪਹਿਲੀ ਵਾਰ ਆਇਆ ਸੀ, ਪਰ ਉਸਨੂੰ ਵਿਸ਼ੇਸ਼ ਅੰਤਰ ਨਹੀਂ ਸੀ ਲੱਗਿਆ। ਉਹ ਜਦੋਂ ਕਦੀ ਪਰਾਗ ਤੋਂ ਦੂਰ, ਛੋਟੇ ਸ਼ਹਿਰਾਂ ਵਿਚ, ਜਾਂਦਾ ਸੀ—ਉਹ ਉਸਨੂੰ ਇਕੋ-ਜਿਹੇ ਹੀ ਦਿਖਾਈ ਦਿੰਦੇ ਸਨ। ਟਾਊਨ ਹਾਲ, ਚਰਚ ਤੇ ਵਿਚਕਾਰ ਸਕਵੇਅਰ ਤੇ ਇਕ ਖ਼ਾਲੀ-ਜਿਹਾ ਉਨੀਂਦਾਪਨ।
ਹਵਾ ਠੰਢੀ ਸੀ, ਹਾਲਾਂਕਿ ਮਈ ਦਾ ਮਹੀਨਾ ਅੱਗੇ ਵਧ ਚੁੱਕਿਆ ਸੀ। ਉਸਨੇ ਆਪਣੇ ਡਫਲ ਬੈਗ ਵਿਚੋਂ ਮਫ਼ਲਰ ਕੱਢ ਲਿਆ। ਦਸਤਾਨੇ ਉਸਦੇ ਕੋਟ ਦੀ ਜੇਬ ਵਿਚ ਸਨ। ਉਹ ਅਜੇ ਉਹਨਾਂ ਨੂੰ ਨਹੀਂ ਸੀ ਪਾਉਣਾ ਚਾਹੁੰਦਾ। ਉਸਦੀ ਪਿੱਠ 'ਤੇ ਸਲੀਪਿੰਗ ਕਿਟ ਸੀ। ਜੇ ਕਿਤੇ ਰਾਤ ਦੀ ਬੱਸ ਨਾ ਫੜ੍ਹ ਸਕਿਆ ਤਾਂ ਬਾਹਰ ਸੌਂ ਜਾਏਗਾ ਉਹ। ਉਸਨੂੰ ਹੋਟਲ ਦੀ ਬਜਾਏ ਬਾਹਰ ਸੌਣਾ ਹਮੇਸ਼ਾ ਚੰਗਾ ਲੱਗਦਾ ਸੀ—ਜੇ ਠੰਢ ਬਹੁਤੀ ਨਾ ਹੋਵੇ।
ਜਦੋਂ ਪਿਛਲੀਆਂ ਗਰਮੀਆਂ ਵਿਚ ਉਹ ਉਸਦੇ ਨਾਲ ਮੋਰਾਵੀਆ ਗਈ ਸੀ, ਤਦ ਵੀ ਉਹ ਬਾਹਰ ਸੁੱਤੇ ਸਨ। ਇਕੋ ਸਲੀਪਿੰਗ ਕਿਟ ਵਿਚ। ਉਹ ਇਸੇ ਤਰ੍ਹਾਂ ਸਾਰਾ ਮੋਰਾਵੀਆ ਘੁੰਮ ਲਏ ਸਨ। ਉਸਦੇ ਨਾਲ ਪਹਿਲਾਂ-ਪਹਿਲ ਉਸਨੂੰ ਬਾਹਰ ਸੌਣ ਦੀ ਆਦਤ ਪੈ ਗਈ ਸੀ। ਹੋਟਲ ਦੀ ਜਿਹੜੀ ਬੱਚਤ ਹੁੰਦੀ ਸੀ, ਉਸਨੂੰ ਉਹ ਹਮੇਸ਼ਾ ਬੀਅਰ 'ਤੇ ਖ਼ਰਚ ਕਰ ਦਿੰਦੇ ਸਨ।
ਉਹ ਕੁਝ ਚਿਰ ਤਕ ਪਿਛਲੀਆਂ ਗਰਮੀਆਂ ਬਾਰੇ ਸੋਚਦਾ ਰਿਹਾ। ਫੇਰ ਉਸਨੇ ਮਫ਼ਲਰ ਚੰਗੀ ਤਰ੍ਹਾਂ ਗਲ਼ੇ ਤੇ ਕੰਨਾਂ ਦੁਆਲੇ ਲਪੇਟ ਲਿਆ। ਠੰਢ ਕਾਫੀ ਹੈ—ਉਸਨੇ ਸੋਚਿਆ—ਪਰ ਉਹ ਬਰਦਾਸ਼ਤ ਦੀ ਹੱਦ ਤੋਂ ਬਾਹਰ ਨਹੀਂ ਹੈ।
ਬਰਦਾਸ਼ਤ ਦੀ ਹੱਦ ਤੋਂ ਬਾਹਰ ਸ਼ਾਇਦ ਕੁਝ ਵੀ ਨਹੀਂ ਹੈ। ਉਸਦੇ ਲਈ ਵੀ ਨਹੀਂ। ਸ਼ੁਰੂ ਵਿਚ ਉਹ ਬੜਾ ਡਰ ਗਈ ਸੀ। ਹੁਣ ਉਹ ਠੀਕ ਹੋਵੇਗੀ। ਹੁਣ ਕੋਈ ਡਰ ਨਹੀਂ...ਉਸਨੇ ਸੋਚਿਆ। ਹੁਣ ਬਿਲਕੁਲ ਕੋਈ ਡਰ ਨਹੀਂ ਹੈ—ਉਸਨੇ ਦੁਬਾਰਾ ਆਪਣੇ-ਆਪ ਨੂੰ ਕਿਹਾ।
ਉਹ ਕੁਝ ਚਿਰ ਤਕ ਖਾਣ ਵਾਲੀਆਂ ਚੀਜ਼ਾਂ ਦੇ ਸਟੋਰ ਸਾਹਵੇਂ ਖੜ੍ਹਾ ਰਿਹਾ, ਸ਼ੋ ਵਿੰਡੋ ਵਿਚ ਗੌਰ ਨਾਲ ਦੇਖਦਾ ਰਿਹਾ, ਫੇਰ ਕੁਝ ਸੋਚ ਕੇ ਅੰਦਰ ਲੰਘ ਆਇਆ।
ਦੁਕਾਨ ਵਿਚ 'ਸੈਲਫ ਸਰਵਿਸ' ਸੀ। ਉਸਨੇ ਕਾਊਂਟਰ ਹੇਠੋਂ ਇਕ ਟੋਕਰੀ ਕੱਢ ਲਈ। ਦੋਵੀਂ ਪਾਸੀਂ ਲੰਮੀਆਂ ਕਤਾਰਾਂ ਵਿਚ ਛੋਟੇ ਵੱਡੇ ਟੀਨ ਤੇ ਡੱਬੇ ਰੱਖੇ ਸਨ। ਇਹਨੀਂ ਦਿਨੀਂ ਤਾਜੇ ਫਲ ਦੇਖਣ ਨੂੰ ਵੀ ਨਹੀਂ ਸੀ ਮਿਲਦੇ। ਉਸਨੇ ਆੜੂ ਤੇ ਅਨਾਨਾਸ ਦੇ ਦੋ ਟਿਨ ਟੋਕਰੀ ਵਿਚ ਰੱਖ ਲਏ। ਅੱਧਾ ਕਿੱਲੋ 'ਸਲਾਮੀ' ਤੇ ਫਰੈਂਚ ਪਨੀਰ ਦੀਆਂ ਕੁਝ ਟਿੱਕੀਆਂ ਵੀ ਲਿਫ਼ਾਫ਼ੇ ਵਿਚ ਬੰਨ੍ਹਵਾ ਲਈਆਂ। ਉਸਨੂੰ 'ਫਰੈਂਚ ਚੀਜ਼' ਹਮੇਸ਼ਾ ਹੀ ਬੜਾ ਪਸੰਦ ਸੀ। ਰਾਤ ਨੂੰ ਜਦੋਂ ਕਦੀ ਉਹ ਉਸਦੇ ਕਮਰੇ ਵਿਚ ਸੌਂਦੀ ਸੀ, ਤਾਂ ਇਕ ਚੂਹੇ ਵਾਂਗ ਉਸਨੂੰ ਵਾਰੀ-ਵਾਰੀ ਕੁਤਰਦੀ ਰਹਿੰਦੀ ਸੀ।
ਸਟੋਰ ਵਿਚੋਂ ਬਾਹਰ ਨਿਕਲਦਿਆਂ ਹੋਇਆਂ ਉਸਨੂੰ ਕੁਝ ਯਾਦ ਆਇਆ ਤੇ ਉਸਨੇ ਦੁਬਾਰਾ ਮੁੜ ਕੇ 'ਲੀਪਾ' ਦਾ ਇਕ ਪੈਕੇਟ ਖ਼ਰੀਦ ਲਿਆ। ਹਸਪਤਾਲ ਵਿਚ ਸ਼ਾਇਦ ਉਸ ਦੇ ਕੋਲ ਸਿਗਰਟ ਨਹੀਂ ਹੋਣੇ—ਉਸਨੇ ਸੋਚਿਆ।
ਸਾਰਾ ਸਾਮਾਨ ਉਸਨੇ ਆਪਣੇ ਡਫਲ ਬੈਗ ਵਿਚ ਪਾ ਲਿਆ। ਸਟੋਰ 'ਚੋਂ ਬਾਹਰ ਨਿਕਲ ਕੇ ਉਸਨੂੰ ਪਿਆਸ-ਜਿਹੀ ਲੱਗੀ ਮਹਿਸੂਸ ਹੋਈ। ਸਮਾਂ ਕਾਫੀ ਹੈ—ਉਸਨੇ ਸੋਚਿਆ। ਬਹੁਤਾ ਨਹੀਂ—ਪਰ ਉਹ ਇਕ ਛੋਟੀ ਬੀਅਰ ਲਈ ਕਾਫੀ ਹੈ। ਸਕਵੇਅਰ ਪਾਰ ਕਰਕੇ ਉਹ ਪੱਬ ਵਿਚ ਚਲਾ ਗਿਆ।
ਉਹ ਬੈਠਿਆ ਨਹੀਂ। ਬਾਰ ਦੇ ਕਾਊਂਟਰ ਸਾਹਮਣੇ ਖੜ੍ਹਾ ਰਿਹਾ।
“ਇਕ ਛੋਟੀ ਬੀਅਰ।” ਉਸਨੇ ਕਿਹਾ। ਬਾਰਮੈਨ ਨੇ ਬਿਨਾਂ ਉਸ ਵੱਲ ਦੇਖਿਆਂ ਇਕ ਮਗ ਬੀਅਰ-ਨਲ ਹੇਠ ਰੱਖ ਦਿੱਤਾ। ਜਦੋਂ ਮਗ ਵਿਚ ਝੱਗ ਉਪਰ ਚੜ੍ਹ ਕੇ ਬਾਹਰ ਤਿਲ੍ਹਕਣ ਲੱਗੀ, ਉਦੋਂ ਉਸਨੇ ਟੂਟੀ ਬੰਦ ਕਰ ਦਿੱਤੀ। ਇਕ ਮੈਲੇ ਤੌਲੀਏ ਨਾਲ ਮਗ ਸਾਫ ਕੀਤਾ ਤੇ ਉਸਦੇ ਸਾਹਮਣੇ ਰੱਖ ਦਿੱਤਾ।
ਉਸਨੇ ਮਗ ਬੁੱਲ੍ਹਾਂ ਨਾਲ ਲਾਇਆ। ਬੀਅਰ ਕੁਸੈਲੀ ਤੇ ਗੁਣਗੁਣੀ-ਜਿਹੀ ਸੀ, ਫੇਰ ਵੀ ਉਸਨੂੰ ਬੁਰੀ ਨਹੀਂ ਲੱਗੀ। ਬਾਰਮੈਨ ਇਸ ਦੌਰਾਨ ਜੇਬ ਵਿਚੋਂ ਇਕ ਸਾਸੇਜ਼ ਕੱਢ ਕੇ ਖਾਣ ਲੱਗ ਪਿਆ ਸੀ। ਉਹ ਇਕ ਪੱਕੀ ਉਮਰ ਦਾ ਆਦਮੀ ਸੀ। ਉਸਦੀਆਂ ਨੀਲੀਆਂ ਅੱਖਾਂ ਵਿਚ ਅੱਥਰੂ ਤੈਰ ਰਹੇ ਸਨ।
“ਤੁਸੀਂ ਦੱਸ ਸਕਦੇ ਓ, ਹਸਪਤਾਲ ਕਿਸ ਪਾਸੇ ਐ?” ਉਸਨੇ ਪੁੱਛਿਆ।
ਬਾਰਮੈਨ ਨੇ ਗਹੁ ਨਾਲ ਉਸ ਦੇਖਿਆ, ਫੇਰ ਉਸਦੀਆਂ ਅੱਖਾਂ ਉਸਦੀ ਸਲੀਪਿੰਗ ਕਿਟ ਉੱਤੇ ਅਟਕ ਗਈਆਂ—“ਪਰਾਗ ਤੋਂ ਆਏ ਓ ਕਿ...?”
ਉਸਨੇ ਸਿਰ ਹਿਲਾਅ ਦਿੱਤਾ।
ਉਹ ਜ਼ਰਾ ਸ਼ੱਕੀ-ਜਿਹੀਆਂ ਨਜ਼ਰਾਂ ਨਾਲ ਉਸ ਵੱਲ ਦੇਖਦਾ ਰਿਹਾ।
“ਟਾਊਨ ਹਾਲ ਤੋਂ ਖੱਬੇ ਹੱਥ...ਸਮਿੱਟਰੀ ਤੋਂ ਜ਼ਰਾ ਅੱਗੇ।” ਉਸਨੇ ਕਿਹਾ।
“ਕੀ ਬਹੁਤੀ ਦੂਰ ਏ?” ਉਸਨੇ ਪੁੱਛਿਆ।
ਉਸਨੇ ਅੱਧੀ ਕੁਤਰੀ ਹੋਈ ਸਾਸੇਜ ਨੂੰ ਅਸ਼ਲੀਲ ਢੰਗ ਨਾਲ ਉਪਰ ਕਰ ਦਿੱਤਾ—“ਇਕ ਕਿਲੋਮੀਟਰ...” ਉਸਨੇ ਹੱਸਦਿਆਂ ਹੋਇਆਂ ਕਿਹਾ।
ਉਸਨੇ ਉਸਨੂੰ ਧੰਨਵਾਦ ਕੀਤਾ, ਤਿੰਨ ਕਰਾਊਨ ਦਾ ਨੀਲਾ ਨੋਟ ਕਾਊਂਟਰ ਉੱਤੇ ਰੱਖ ਦਿੱਤਾ ਤੇ ਬਿਨਾਂ ਬਕਾਇਆ ਦੀ ਉਡੀਕ ਕੀਤਿਆਂ ਬਾਹਰ ਆ ਗਿਆ।
ਬਾਹਰ ਬਸੰਤ ਦਾ ਚਮਕੀਲਾਪਨ ਸੀ...ਓਹੋ-ਜਿਹਾ ਬੋਝਲ ਨਹੀਂ, ਜਿਹੋ-ਜਿਹਾ ਗਰਮੀਆਂ ਵਿਚ ਹੁੰਦਾ ਹੈ...ਇਕ ਹਲਕਾ ਧੁੰਦਲਾ-ਜਿਹਾ ਚਾਨਣ, ਜਿਹੜਾ ਲੰਮੀ ਸਰਦੀ ਪਿੱਛੋਂ ਹੁੰਦਾ ਹੈ।
ਦਸ ਮਿੰਟ ਦਾ ਰਸਤਾ ਸੀ ਤੇ ਉਹ ਤੇਜ਼-ਤੇਜ਼ ਤੁਰ ਰਿਹਾ ਸੀ। ਉਸਨੂੰ ਹੁਣ ਓਨੀ ਘਬਰਾਹਟ ਨਹੀਂ ਸੀ, ਜਿੰਨੀ ਬੱਸ ਵਿਚ ਹੋ ਰਹੀ ਸੀ। ਬੀਅਰ ਪਿੱਛੋਂ ਉਸਨੂੰ ਹਲਕਾ ਜਿਹਾ ਲੱਗ ਰਿਹਾ ਸੀ। ਸਕਵੇਅਰ ਛੱਡਣ ਪਿੱਛੋਂ ਉਹ ਇਕ ਖੁੱਲ੍ਹੇ ਰਸਤੇ 'ਤੇ ਆ ਗਿਆ ਸੀ। ਹਵਾ ਰੁਕ ਗਈ ਸੀ ਤੇ ਕਦੀ-ਕਦੀ ਦੂਰ ਖੇਤਾਂ ਵਿਚ ਟ੍ਰੈਕਟਰ ਦੀ ਘੁਰ-ਘੁਰ ਦੀ ਆਵਾਜ਼ ਮੱਖੀਆਂ ਦੀ ਭਿਣਭਿਣਾਹਟ ਵਾਂਗ ਸੁਣਾਈ ਦੇ ਜਾਂਦੀ ਸੀ।
ਸਮਿਟਰੀ ਦੇ ਕੋਲ ਆ ਕੇ ਉਸਨੇ ਸਿਗਰਟ ਲਾਈ, ਫੇਰ ਡਫਲ ਬੈਗ ਨੂੰ ਇਕ ਮੋਢੇ ਤੋਂ ਲਾਹ ਕੇ ਦੂਜੇ ਮੋਢੇ ਉੱਤੇ ਲਮਕਾਅ ਲਿਆ। ਸਮਿਟਰੀ ਦੇ ਇਰਦ-ਗਿਰਦ ਬਰਵਾ ਦੇ ਰੁੱਖ ਸਨ ਤੇ ਉਹਨਾਂ ਦੀਆਂ ਨਵੀਆਂ ਪੱਤੀਆਂ ਡੁੱਬਦੀ ਹੋਈ ਧੁੰਪ ਵਿਚ ਝਿਲਮਿਲਾ ਰਹੀਆਂ ਸਨ। ਕੱਚੀ ਸੜਕ ਉੱਤੇ ਬਰਫ਼ ਦੇ ਪਿਘਣ ਨਾਲ ਕਿਤੇ-ਕਿਤੇ ਦਲਦਲ ਜਿਹੀ ਬਣੀ ਹੋਈ ਸੀ ਤੇ ਉਸ ਉੱਤੇ ਮੋਟਰਾਂ-ਲਾਰੀਆਂ ਤੇ ਟਰਕਾਂ ਦੇ ਟੈਰਾਂ ਦੇ ਨਿਸ਼ਾਨ ਸਨ। ਉਸਨੇ ਪੈਂਟ ਦੇ ਪਹੁੰਚੇ ਚੜ੍ਹਾ ਲਏ—ਉਸਨੂੰ ਖੁਸ਼ੀ ਹੋਈ ਕਿ ਇੱਥੇ ਉਸਨੂੰ ਦੇਖਣ ਵਾਲਾ ਕੋਈ ਨਹੀਂ ਹੈ। ਪਰ ਉਹ ਉਸਨੂੰ ਦੇਖ ਕੇ ਜ਼ਰੂਰ ਹੈਰਾਨ ਹੋ ਜਾਵੇਗੀ। ਉਹ ਸ਼ਾਇਦ ਖੁਸ਼ ਵੀ ਹੋਵੇਗੀ, ਪਰ ਉਸ ਬਾਰੇ ਉਹ ਨਿਸ਼ਚਿੰਤ ਨਹੀਂ ਸੀ। ਉਸਨੇ ਪਰਾਗ ਤੋਂ ਆਉਣ ਵੇਲੇ ਉਸਨੂੰ ਮਨ੍ਹਾਂ ਕੀਤਾ ਸੀ। ਉਹ ਨਹੀਂ ਚਾਹੁੰਦੀ ਸੀ ਕਿ ਕਿਸੇ ਨੂੰ ਕੋਈ ਸ਼ੱਕ ਹੋਵੇ। ਉਹਨਾਂ ਇਹ ਫੈਸਲਾ ਕੀਤਾ ਸੀ ਕਿ ਉਹ ਦੋ ਦਿਨ ਇੱਥੇ ਹਸਪਤਾਲ ਵਿਚ ਰਹੇਗੀ, ਬਾਅਦ ਵਿਚ ਜਦੋਂ ਉਹ ਵਾਪਸ ਪਰਾਗ ਆਵੇਗੀ, ਤਾਂ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗੇਗਾ।
ਹਸਪਤਾਲ ਦੇ ਗੇਟ ਦੇ ਸਾਹਮਣੇ ਉਹ ਰੁਕ ਗਿਆ। ਛੋਟੀ-ਜਿਹੀ ਪਹਾੜੀ ਉਪਰ ਉਸਦੀ ਇਮਾਰਤ ਕਿਸੇ ਕਾਲਜ ਹੋਸਟਲ ਵਰਗੀ ਦਿਖਾਈ ਦੇ ਰਹੀ ਸੀ—ਓਨੀ ਹੀ ਜਾਣੀ-ਪਛਾਣੀ ਤੇ ਨਿਰਦੋਸ਼। ਹਸਪਤਾਲ ਦੀ ਇਮਾਰਤ ਵਿਚ ਅਕਸਰ ਜਿਹੜਾ ਕੰਬਦਾ ਹੋਇਆ ਨੰਗਾਪਨ ਹੁੰਦਾ ਹੈ, ਉਹ ਉਸ ਵਿਚ ਬਿਲਕੁਲ ਨਹੀਂ ਸੀ।
ਉਸਨੇ ਪੈਂਟ ਦੇ ਪਹੁੰਚੇ ਹੇਠਾਂ ਕੀਤੇ ਤੇ ਮੋੜ ਲਏ ਤੇ ਦਰਵਾਜ਼ਾ ਖੋਲ੍ਹ ਕੇ ਅੰਦਰ ਵੜ ਆਇਆ। ਸਾਹਮਣੇ ਇਕ ਲੰਮਾਂ ਕਾਰੀਡੋਰ ਸੀ। ਵਿਚ ਵਿਚ ਫੁੱਲਾਂ ਦੇ ਗੁਲਦਸਤੇ ਰੱਖੇ ਸਨ। ਸਾਫ਼-ਸੁਥਰੇ ਫਰਸ਼ ਉੱਤੇ ਕਾਰੀਡੋਰ ਦੇ ਖੰਭਿਆਂ ਦੀ ਟੇਢੀ ਛਾਂ, ਜਾਂਦੀ ਧੁੱਪ ਵਿਚ, ਵਿਛੀ ਹੋਈ ਸੀ।
ਪੌੜੀਆਂ ਕੋਲ ਉਸਨੂੰ ਇਕ ਵੱਡਾ ਸਾਰਾ ਡੈਕਸ ਦਿਖਾਈ ਦਿੱਤਾ। ਉਪਰ ਰਿਸੈਪਸ਼ਨ ਦਾ ਸਾਈਨ ਬੋਰਡ ਲੱਗਿਆ ਸੀ। ਉਸਦੇ ਪਿੱਛੇ ਇਕ ਔਰਤ ਨਰਸ ਦੀ ਪੁਸ਼ਾਕ ਵਿਚ ਬੈਠੀ ਸੀ। ਉਹ ਅਖ਼ਬਾਰ ਪੜ੍ਹ ਰਹੀ ਸੀ ਤੇ ਉਸਦਾ ਚਿਹਰਾ ਨਹੀਂ ਸੀ ਦੇਖਿਆ ਜਾ ਸਕਦਾ।
ਉਹ ਕੁਝ ਝਿਜਕਦਾ ਹੋਇਆ ਡੈਕਸ ਵੱਲ ਵਧ ਗਿਆ।
ਨਰਸ ਨੇ ਅਖ਼ਬਾਰ ਪਿੱਛੋਂ ਸਿਰ ਕੱਢ ਕੇ ਉਸ ਵੱਲ ਦੇਖਿਆ।
“ਕਿਸ ਨੂੰ ਮਿਲਣਾ ਚਾਹੁੰਦੇ ਓ?”
ਉਸਨੇ ਨਾਂਅ ਦੱਸਿਆ। ਉਸਨੂੰ ਲੱਗਿਆ ਉਹ ਨਰਸ ਹੀ ਨਹੀਂ, ਨਰਸ ਦੀ ਪੁਸ਼ਾਕ ਵਿਚ ਇਕ ਔਰਤ ਵੀ ਹੈ। ਇਸ ਖ਼ਿਆਲ ਨਾਲ ਉਸਨੂੰ ਕੁਝ ਤੱਸਲੀ-ਜਿਹੀ ਹੋਈ।
ਉਸਨੇ ਡੈਕਸ ਦੀ ਦਰਾਜ਼ ਵਿਚੋਂ ਇਕ ਲਿਸਟ ਕੱਢੀ।
“ਮੈਟਰਨਿਟੀ ਵਾਰਡ ਵਿਚ?” ਉਸਨੇ ਪੁੱਛਿਆ।
ਉਹ ਇਕ ਛਿਣ ਲਈ ਛਿਛੋਪੰਜ ਵਿਚ ਪੈ ਗਿਆ, ਫੇਰ ਉਸਨੇ ਮੱਥੇ ਦਾ ਪਸੀਨਾ ਪੂੰਝਿਆ।
“ਮੈਨੂੰ ਇਹ ਨਹੀਂ ਪਤਾ। ਮੈਂ ਪਹਿਲੀ ਵੇਰ ਇੱਥੇ ਆਇਆ ਆਂ। ਕੀ ਤੁਸੀਂ ਲਿਸਟ ਵਿਚ ਦੇਖ ਸਕਦੇ ਓ?” ਉਸਨੇ ਕਿਹਾ। ਹਾਲਾਂਕਿ ਇਹ ਕਹਿਣ ਦੀ ਕੋਈ ਲੋੜ ਨਹੀਂ ਸੀ। ਉਹ ਪਹਿਲਾਂ ਹੀ ਲਿਸਟ ਦੇਖ ਰਹੀ ਸੀ।
“ਮੈਟਰਨਿਟੀ ਵਾਰਡ ਵਿਚ ਤੁਹਾਡੀ ਪਤਨੀ ਦਾ ਨਾਂ ਨਹੀਂ।” ਨਰਸ ਨੇ ਸਵਾਲੀਆ ਨਿਗਾਹਾਂ ਨਾਲ ਉਸ ਵੱਲ ਦੇਖਿਆ।
“ਉਹ ਮੇਰੀ ਪਤਨੀ ਨਹੀਂ।” ਉਸਨੇ ਕਿਹਾ, “ਮੇਰਾ ਮਤਲਬ ਏ, ਅਜੇ ਤਕ ਅਸੀਂ ਵਿਆਹੇ ਨਹੀਂ ਆਂ...।” ਉਸਨੇ ਡੇਸਪੇਰਟ ਹੋ ਕੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ। ਫੇਰ ਉਸਨੂੰ ਲੱਗਿਆ ਕਿ ਇਹ ਸਪਸ਼ਟੀਕਰਣ ਨਾ ਸਿਰਫ਼ ਅਰਥਹੀਣ ਹੈ, ਬਲਕਿ ਮੂਰਖਤਾ ਭਰਪੂਰ ਵੀ।
ਨਰਸ ਨੇ ਕੁਝ ਅਜੀਬ ਰੁੱਖੇ ਢੰਗ ਨਾਲ ਉਸ ਵੱਲ ਦੇਖਿਆ ਤੇ ਫੇਰ ਹੌਲੀ-ਜਿਹੀ ਆਪਣੇ ਵਾਲ ਪਿੱਛੇ ਸਮੇਟ ਲਏ।
“ਤੁਹਾਨੂੰ ਪਹਿਲਾਂ ਮੈਨੂੰ ਇਹ ਦੱਸ ਦੇਣਾ ਚਾਹੀਦਾ ਸੀ।” ਉਸਨੇ ਕਿਹਾ। ਉਸਦੀ ਆਵਾਜ਼ ਵਿਚ ਖਿਝ ਨਹੀਂ ਸੀ, ਸਿਰਫ਼ ਇਕ ਠਰਿਆ ਜਿਹਾ ਤੌਲਖ਼ਾ ਸੀ। ਉਸਨੇ ਡੈਕਸ ਵਿਚੋਂ ਦੂਜੀ ਲਿਸਟ ਕੱਢ ਲਈ। ਇਕ ਵਾਰੀ ਫੇਰ ਨਾਂਅ ਪੁੱਛਿਆ।
ਉਹ ਚੁੱਪਚਾਪ ਉਡੀਕ ਕਰਨ ਲੱਗਾ।
“ਪਹਿਲੀ ਮੰਜ਼ਿਲ, ਸੱਜੇ ਪਾਸੇ ਸਰਜੀਕਲ ਵਾਰਡ।” ਉਸਨੇ ਸਰਸਰੀ ਨਜ਼ਰ ਨਾਲ ਉਸ ਦੇਖਿਆ ਤੇ ਫੇਰ ਅਖ਼ਬਾਰ ਪੜ੍ਹਨ ਲੱਗ ਪਈ।
ਉਹ ਗੇਲਰੀ ਦੇ ਅੰਤਮ ਸਿਰੇ 'ਤੇ ਪਹੁੰਚ ਕੇ ਪੌੜੀਆਂ ਚੜ੍ਹਨ ਲੱਗ ਪਿਆ। ਦੋਵੇਂ ਪਾਸੇ ਦਰਵਾਜ਼ੇ ਖੁੱਲ੍ਹ ਸਨ। ਔਰਤਾਂ ਆਪਣੀਆਂ ਜੁਪਾਨੋ (ਲੰਮੀ ਸਕਰਟ) ਵਿਚ ਬਿਸਤਰਿਆਂ 'ਤੇ ਬੈਠੀਆਂ ਸਨ। ਦਰਵਾਜ਼ਿਆਂ ਦੇ ਬਾਹਰ ਰੱਸੀਆਂ 'ਤੇ ਨਾਈਲਾਨ ਦੀਆਂ ਜੁਰਾਬਾਂ, ਬ੍ਰੇਸਿਅਰ ਤੇ ਅੰਡਰ ਵੀਅਰ ਸੁੱਕ ਰਹੇ ਸਨ। ਹਵਾ ਵਿਚ ਇਕ ਖੱਟੀ, ਗਿਲਗਿਲੀ ਜਿਹੀ ਗੰਧ ਭਰੀ ਹੋਈ ਸੀ, ਜਿਹੜੀ ਅਕਸਰ ਔਰਤਾਂ ਦੀਆਂ ਘਰੇਲੂ ਦੇਹਾਂ ਜਾਂ ਕੱਪੜਿਆਂ 'ਚੋਂ ਆਉਂਦੀ ਹੈ। ਲੋਹੇ ਦੀ ਰੇਲਿੰਗ ਨਾਲ, ਰੇਤ ਨਾਲ ਭਰੀਆਂ ਹੋਈਆਂ, ਲਾਲ ਨੀਲੀਆਂ ਬਾਲਟੀਆਂ ਲਟਕ ਰਹੀਆਂ ਸਨ-ਸ਼ਾਇਦ ਅੱਗ ਬੁਝਾਉਣ ਲਈ; ਉਸਨੇ ਸੋਚਿਆ।
ਜਦੋਂ ਉਹ ਸਰਜੀਕਲ ਵਾਰਡ ਵੱਲ ਮੁੜਿਆ, ਉਸਨੂੰ ਲੱਗਿਆ ਜਿਵੇਂ ਕਿਸੇ ਨੇ ਉਸਦਾ ਹੱਥ ਫੜ੍ਹ ਲਿਆ ਹੋਵੇ। ਉਹ ਤ੍ਰਬਕ ਕੇ ਪਿੱਛੇ ਮੁੜਿਆ। ਇਕ ਲੰਮੇ ਕਦ ਦਾ ਸਿਹਤਮੰਦ ਆਦਮੀ ਉਸਦੇ ਸਾਹਮਣੇ ਖੜ੍ਹਾ ਸੀ। ਉਸਨੇ ਲੰਮਾਂ ਸਫ਼ੇਦ ਕੋਟ ਤੇ ਪਾਜਾਮਾ ਪਾਇਆ ਹੋਇਆ ਸੀ, ਜਿਹੜੀ ਇੱਥੇ ਡਾਕਟਰਾਂ ਦੀ ਪੁਸ਼ਾਕ ਹੁੰਦੀ ਹੈ।
“ਕਿਸ ਨੂੰ ਮਿਲਣਾ ਏਂ?” ਉਸਨੇ ਪੁੱਛਿਆ।
ਉਸਨੇ ਫੇਰ ਨਾਂਅ ਦੱਸਿਆ।
“ਅੱਛਾ...ਪਰ ਇਸਨੂੰ ਏਥੇ ਛੱਡ ਦੇਣਾ ਪਏਗਾ।” ਉਸਨੇ ਅੰਗੂਠੇ ਨਾਲ ਉਸਦੀ ਸਲੀਪਿੰਗ ਕਿਟ ਵੱਲ ਇਸ਼ਾਰਾ ਕੀਤਾ।
ਉਸਨੇ ਸਲੀਪਿੰਗ ਕਿਟ ਪਿੱਠ ਤੋਂ ਲਾਹ ਕੇ ਇਕ ਕੋਨੇ ਵਿਚ ਰੱਖ ਦਿੱਤੀ।
“ਇਸ ਵਿਚ ਕੀ ਏ?” ਉਸਨੇ ਉਸਦੇ ਡਫਲ ਬੈਗ ਵੱਲ ਦੇਖਿਆ।
ਉਸਨੇ ਚੁੱਪਚਾਪ ਮੋਢੇ ਤੋਂ ਬੈਗ ਲਾਹ ਕੇ ਉਸਦੇ ਸਾਹਮਣੇ ਰੱਖ ਦਿੱਤਾ।
ਡਾਕਟਰ ਨੇ ਸਰਸਰੀ ਨਜ਼ਰ ਨਾਲ ਬੈਗ ਵਿਚ ਰੱਖੇ ਡੱਬਿਆਂ ਨੂੰ ਦੇਖਿਆ ਤੇ ਫੇਰ ਹੌਲੀ-ਜਿਹੀ ਹੱਸ ਪਿਆ।
“ਸੋ...ਯੂ ਆਰ ਦਿ ਮੈਨ।” ਉਸਨੇ ਆਪਣੀ ਭਾਸ਼ਾ ਛੱਡ ਕੇ ਅੰਗਰੇਜ਼ੀ ਵਿਚ ਕਿਹਾ।
“ਕੀ ਮਤਲਬ?”
“ਕੁਛ ਨਹੀਂ...” ਉਹ ਫੇਰ ਆਪਣੀ ਭਾਸ਼ਾ 'ਤੇ ਉਤਰ ਆਇਆ ਸੀ।
“ਬੈੱਡ ਨੰਬਰ 17...ਸਿਰਫ਼ ਅੱਧਾ ਘੰਟਾ। ਉਹ ਅਜੇ ਖਾਸੀ ਕਮਜ਼ੋਰ ਏ।” ਉਸਨੇ ਰੁੱਖੇ ਵਪਾਰਕ ਸ਼ਬਦਾਂ ਵਿਚ ਕਿਹਾ—“ਤੁਸੀਂ ਅੰਦਰ ਜਾ ਸਕਦੇ ਓ।”
ਪਰ ਉਸ ਪਿੱਛੋਂ ਉਹ ਤੁਰੰਤ ਅੰਦਰ ਨਹੀਂ ਜਾ ਸਕਿਆ। ਕੁਝ ਦੇਰ ਤਕ ਡਫਰ ਬੈਗ ਨੂੰ ਬੱਚਿਆਂ ਵਾਂਗ ਦੋਵਾਂ ਹੱਥਾਂ ਵਿਚ ਫੜੀ ਖੜ੍ਹਾ ਰਿਹਾ।
ਦਰਵਾਜ਼ੇ ਕੋਲ ਇਕ ਖ਼ਾਲੀ ਵਹੀਲ-ਚੇਅਰ ਪਈ ਸੀ। ਸਾਹਮਣੇ ਵੱਡਾ ਹਾਲ ਸੀ। ਦੋਵੇਂ ਪਾਸੇ ਛੋਟੇ-ਛੋਟੇ ਕਿਊਬੀਕਲ ਸਨ ਤੇ ਉਹਨਾਂ ਵਿਚ ਲੰਮੇ ਗੁਲਾਬੀ ਰੰਗ ਦੇ ਪਰਦੇ ਲਟਕ ਰਹੇ ਸਨ। ਹਰੇਕ ਕਿਊਬੀਕਲ ਪਿੱਛੇ ਇਕ ਮੱਧਮ ਜਿਹੀ ਰੌਸ਼ਨੀ ਟਿਮਟਿਮਾ ਰਹੀ ਸੀ। ਹਾਲ ਵਿਚ ਇਕ ਕੋਨੇ ਵਿਚ ਸਟਰੇਚਰ ਪਿਆ ਸੀ। ਉਸ ਉੱਤੇ ਕੁਝ ਰੂੰ ਤੇ ਗੰਦੀ ਪੱਟੀ—ਸ਼ਾਇਦ ਕੋਈ ਨਰਸ ਕਾਹਲ ਵਿਚ ਚੁੱਕਣਾ ਭੁੱਲ ਗਈ ਸੀ।
ਉਹ ਅੰਦਰ ਆ ਗਿਆ। ਸਲੀਪਿੰਗ ਕਿਟ ਲਾਹੁਣ ਪਿੱਛੋਂ ਉਸਨੂੰ ਆਪਣੀ ਪਿੱਠ ਹਲਕੀ ਜਿਹੀ ਲੱਗ ਰਹੀ ਸੀ। ਸਤਾਰਾਂ ਨੰਬਰ ਦੇ ਅੱਗੇ ਆ ਕੇ ਖੜ੍ਹਾ ਹੋ ਗਿਆ। ਅੰਦਰ ਠੋਸ ਸ਼ਾਂਤੀ ਸੀ। ਉਹ ਸ਼ਾਇਦ ਸੁੱਤੀ ਹੋਈ ਸੀ...ਉਸਨੇ ਸੋਚਿਆ।
ਪਹਿਲੇ ਛਿਣ ਉਸਨੂੰ ਉਹ ਦਿਖਾਈ ਨਹੀਂ ਦਿੱਤੀ।
ਸਾਹਮਣੇ ਇਕ ਵੱਡਾ ਸਾਰਾ ਬਿਸਤਰਾਸੀ ਬਿਲਕੁਲ ਸਮਤਲ ਤੇ ਸਫ਼ੇਦ। ਉਪਰ ਦੋ ਲੰਮੀਆਂ ਚਾਦਰਾਂ ਸਨ, ਉਹ ਵੀ ਬਿਲਕੁਲ ਸਫ਼ੇਦ ਸਨ। ਇਹ ਪਤਾ ਲਾਉਣਾ ਮੁਸ਼ਕਲ ਸੀ ਕਿ ਸਿਰਹਾਣਾ ਕਿਸ ਪਾਸੇ ਹੈ। ਬਿਸਤਰੇ 'ਤੇ ਕਿਤੇ ਵੀ ਕੋਈ ਉਤਾਰ ਚੜ੍ਹਾ ਨਹੀਂ ਸੀ। ਇਕ ਛਿਣ ਲਈ ਉਸਨੂੰ ਲੱਗਿਆ, ਉਹ ਖ਼ਾਲੀ ਹੈ।
ਉਹ ਖ਼ਾਲੀ ਨਹੀਂ ਸੀ। ਚਾਦਰ ਵਿਚੋਂ ਉਸਦਾ ਸਿਰ ਬਾਹਰ ਆਇਆ, ਫੇਰ ਅੱਖਾਂ। ਉਹ ਉਸਨੂੰ ਦੇਖ ਰਹੀ ਸੀ, ਫੇਰ ਇਕ ਛੋਟੀ ਜਿਹੀ ਮੁਸਕਾਨ ਉਸਦੇ ਬੁੱਲ੍ਹਾਂ ਉੱਤੇ ਪਸਰ ਗਈ। ਉਹ ਪਛਾਣ ਗਈ ਸੀ।
ਉਸਨੇ ਅੱਖਾਂ ਨਾਲ ਸਟੂਲ ਵੱਲ ਇਸ਼ਾਰਾ ਕੀਤਾ। ਉਸ ਉੱਤੇ ਦੁੱਧ ਦਾ ਭਰਿਆ ਇਕ ਕੱਪ ਰੱਖਿਆ ਸੀ।
“ਤੂੰ ਪੀਤਾ ਨਹੀਂ?” ਉਸਨੇ ਝੁਕ ਕੇ ਕਿਹਾ।
“ਬਾਅਦ ਵਿਚ...ਇਸਨੂੰ ਹੇਠਾਂ ਰੱਖ ਦਿਓ।”
ਉਸਨੇ ਸਟੂਲ ਬਿਸਤਰੇ ਕੇ ਕੋਲ ਖਿਸਕਾ ਲਿਆ।
“ਕਦੋਂ ਆਏ?”
“ਹੁਣੇ, ਕੁਛ ਚਿਰ ਪਹਿਲਾਂ...”
ਉਸਦੇ ਬੁੱਲ੍ਹ ਜਾਮਨੀ ਰੰਗ ਦੇ ਹੋ ਗਏ ਸਨ। ਜਗ੍ਹਾ-ਜਗ੍ਹਾ ਤੋਂ ਲਿਪਸਟਿਕ ਦੀ ਲਾਈਨ ਟੁੱਟ ਗਈ ਸੀ।
“ਕਦ ਹੋਇਆ?” ਉਸਨੇ ਪੁੱਛਿਆ।
“ਸਵੇਰੇ...। ਆਪਣਾ ਕੋਟ ਲਾਹ ਦਿਓ।” ਉਸਨੇ ਆਪਣਾ ਕੋਟ ਤੇ ਡਫਲ ਬੈਗ ਲਾਹ ਕੇ ਸਟੂਲ ਦੇ ਪਿੱਛੇ ਰੱਖ ਦਿੱਤਾ। ਖਿੜਕੀ ਬੰਦ ਸੀ। ਹੇਠਾਂ ਉਸਦਾ ਸੂਟਕੇਸ ਪਿਆ ਸੀ, ਜਿਹੜਾ ਉਹ ਪਰਾਗ ਤੋਂ ਆਪਣੇ ਨਾਲ ਲਿਆਈ ਸੀ।
“ਬਹੁਤੀ ਦੇਰ ਤਾਂ ਨਹੀਂ ਲੱਗੀ?” ਉਸਨੇ ਪੁੱਛਿਆ।
“ਨਹੀਂ...ਉਹਨਾਂ ਕਲੋਰੋਫਾਰਮ ਦੇ ਦਿੱਤਾ ਸੀ। ਮੈਨੂੰ ਕੁਛ ਵੀ ਪਤਾ ਨਹੀਂ ਲੱਗਿਆ।” ਉਸਨੇ ਕਿਹਾ।
“ਮੈਂ ਤੈਨੂੰ ਕਿਹਾ ਸੀ ਕਿ ਤੈਨੂੰ ਕੁਛ ਵੀ ਪਤਾ ਨਹੀਂ ਲੱਗਣਾ...ਤੂੰ ਮੰਨਦੀ ਨਹੀਂ ਸੈਂ।” ਉਸਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ।
ਉਹ ਚੁੱਪਚਾਪ ਉਸ ਵੱਲ ਦੇਖਦੀ ਰਹੀ।
“ਮੈਂ ਤੁਹਾਨੂੰ ਆਉਣ ਲਈ ਮਨ੍ਹਾਂ ਕੀਤਾ ਸੀ।” ਉਸਨੇ ਕਿਹਾ।
“ਮੈਨੂੰ ਪਤਾ ਏ...ਪਰ ਹੁਣ ਮੈਂ ਏਥੇ ਆਂ।”
ਉਹ ਬਿਸਤਰੇ 'ਤੇ ਝੁਕ ਗਿਆ। ਉਸਨੇ ਉਸਦੇ ਭੂਰੇ ਵਾਲਾਂ ਨੂੰ ਚੁੰਮਿਆਂ...ਫੇਰ ਬੁੱਲ੍ਹਾਂ ਨੂੰ। ਕਮਰੇ ਦੀ ਗਰਮੀ ਦੇ ਬਾਵਜੂਦ ਉਸਦਾ ਚਿਹਰਾ ਬਿਲਕੁਲ ਠੰਢਾ ਸੀ। ਉਹ ਚੁੰਮਦਾ ਰਿਹਾ। ਉਹ ਸਿਰਹਾਣੇ ਤੇ ਸਿਰ ਸਿੱਧਾ ਰੱਖੀ ਲੇਟੀ ਰਹੀ।
“ਤੁਸੀਂ ਹੁਣ ਖ਼ਸ਼ ਓਂ?” ਉਸਦੀ ਆਵਾਜ਼ ਬੜੀ ਧੀਮੀ ਸੀ।
“ਆਪਾਂ ਦੋਵੇਂ ਪਹਿਲਾਂ ਵੀ ਖ਼ੁਸ਼ ਸਾਂ” ਉਸਨੇ ਕਿਹਾ।
“ਹਾਂ...ਪਰ ਹੁਣ ਤੁਸੀਂ ਖ਼ੁਸ਼ ਓ?”
“ਤੂੰ ਜਾਣਦੀ ਏਂ...ਇਹੀ ਸਾਡੇ ਦੋਵਾਂ ਲਈ ਠੀਕ ਸੀ...ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ।”
ਚਾਦਰ ਉਸਦੀ ਛਾਤੀ ਤੋਂ ਹੇਠਾਂ ਖਿਸਕ ਆਈ। ਉਸਨੇ ਹਰੇ ਰੰਗ ਦੀ ਨਾਈਟ ਸ਼ਰਟ ਪਾਈ ਹੋਈ ਸੀ। ਉਸ ਉੱਤੇ ਕਾਲੇ ਰੰਗ ਦੇ ਫੁੱਲ ਸਨ। ਆਪਣੇ ਕਮਰੇ ਵਿਚ ਉਹਨਾਂ ਫੁੱਲਾਂ ਨੂੰ ਦੇਖ ਕੇ ਉਸਦੀ ਦੇਹ ਵਿਚ ਮਿੱਠਾ-ਜਿਹਾ ਤਣਾਅ ਪੈਦਾ ਹੋ ਜਾਂਦਾ ਹੁੰਦਾ ਸੀ। ਹੁਣ ਉਹ ਉਸਦੀਆਂ ਅੱਖਾਂ ਨੂੰ ਚੁਭ ਰਹੇ ਸਨ।
“ਇਹ ਕੀ ਏ?” ਉਸਨੇ ਡਫਲ ਬੈਗ ਵਲ ਦੇਖਿਆ।
“ਕੁਛ ਨਹੀਂ...। ਮੈਂ ਕੁਛ ਚੀਜ਼ਾਂ ਇੱਥੋਂ ਖ਼ਰੀਦ ਲਈਆਂ ਸਨ।” ਉਹ ਵਾਰੀ-ਵਾਰੀ ਹਰ ਚੀਜ਼ ਨੂੰ ਬੈਗ ਵਿਚੋਂ ਕੱਢ ਕੇ ਬਿਸਤਰੇ ਉੱਤੇ ਰੱਖਣ ਲੱਗਾ—ਆੜੂ ਤੇ ਅਨਾਨਾਸ ਦੇ ਟਿਨ, ਸਲਾਮੀ, ਫਰੇਂਚ ਪਨੀਰ, ਲੀਪਾ ਦਾ ਪੈਕੇਟ।
“ਤੂੰ ਇਕ ਪਨੀਰ ਹੁਣੇ ਲਵੇਂਗੀ?”
“ਨਹੀਂ...ਬਾਅਦ ਵਿਚ।” ਉਹ ਬਿਸਤਰੇ 'ਤੇ ਖਿੱਲਰੀਆਂ ਚੀਜ਼ਾਂ ਵੱਲ ਦੇਖਦੀ ਰਹੀ।
“ਇਹਨੀਂ ਦਿਨੀਂ ਤੈਨੂੰ ਖਾਣ ਪੀਣ ਵੱਲੋਂ ਲਾਪ੍ਰਵਾਹੀ ਨਹੀਂ ਕਰਨੀ ਚਾਹੀਦੀ।” ਉਸਨੇ ਕਿਹਾ।
“ਓਥੇ ਕਿਸੇ ਨੇ ਮੇਰੇ ਬਾਰੇ ਪੁੱਛਿਆ ਤਾਂ ਨਹੀਂ ਸੀ?”
“ਨਹੀਂ...ਕਿਸੇ ਨੂੰ ਨਹੀਂ ਪਤਾ ਕਿ ਤੂੰ ਇੱਥੇ ਏਂ।” ਉਸਨੇ ਕਿਹਾ। ਉਹ ਕੁਝ ਚਿਰ ਤਕ ਅੱਖਾਂ ਬੰਦ ਕਰਕੇ ਲੇਟੀ ਰਹੀ। ਉਸਦੇ ਵਾਲ ਪਹਿਲਾਂ ਵੀ ਛੋਟੇ ਸਨ...ਸਿਰਹਾਣੇ ਨਾਲ ਰਗੜੀਂਦੇ ਰਹਿਣ ਕਾਰਨ ਹੋਰ ਵੀ ਚਿਪਕ ਗਏ ਸਨ। ਪਿੱਛਲੀਆਂ ਗਰਮੀਆਂ ਵਿਚ ਉਸਨੇ ਉਹਨਾਂ ਨੂੰ ਕਾਲੀ ਸ਼ੇਡ ਵਿਚ ਰੰਗਵਾ ਲਿਆ ਸੀ—ਸਿਰਫ ਉਸਨੂੰ ਖ਼ੁਸ਼ ਕਰਨ ਲਈ। ਉਸਨੂੰ ਬਹੁਤੇ ਚੰਗੇ ਨਹੀਂ ਸੀ ਲੱਗੇ। ਫੇਰ ਉਹ ਫੇਰ ਹੌਲ- ਹੌਲੀ ਭੂਰੇ ਹੋ ਚੱਲੇ ਸਨ, ਹਾਲਾਂਕਿ ਹੁਣ ਵੀ ਵਿਚਕਾਰ ਕਿਤੇ-ਕਿਤੇ ਕਾਲਾ ਸ਼ੇਡ ਦਿਖਾਈ ਦੇ ਜਾਂਦਾ ਸੀ।
“ਤੈਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਏ?” ਉਸਨੇ ਉਸਦਾ ਹੱਥ ਆਪਣੇ ਹੱਥ ਵਿਚ ਫੜ੍ਹ ਲਿਆ। “ਨਹੀਂ...” ਉਸਨੇ ਉਸ ਵੱਲ ਦੇਖਿਆ। ਫੇਰ ਉਸਦਾ ਹੱਥ ਚਾਦਰ ਹੇਠ ਘਸੀਟ ਲਿਆ। ਹੌਲੀ-ਹੌਲੀ ਉਹ ਉਸਨੂੰ ਆਪਣੇ ਪੇਟ 'ਤੇ ਲੈ ਗਈ।
“ਕੁਛ ਫਰਕ ਲੱਗਦਾ ਏ?” ਉਸਨੇ ਪੁੱਛਿਆ। ਉਸਦਾ ਹੱਥ ਉਸਦੇ ਨੰਗੇ, ਗਰਮ ਪੇਟ 'ਤੇ ਪਿਆ ਰਿਹਾ।
“ਤੈਨੂੰ ਕੋਈ ਤਕਲੀਫ਼ ਤਾਂ ਨਹੀਂ?”
“ਨਹੀਂ।” ਉਹ ਹੌਲੀ-ਜਿਹੀ ਹੱਸ ਪਈ। “ਹੁਣ ਮੈਨੂੰ ਬੜਾ ਹਲਕਾ-ਹਲਕਾ ਜਿਹਾ ਲੱਗਦਾ ਏ। ਹੁਣ ਇੱਥੇ ਕੁਛ ਵੀ ਨਹੀਂ।” ਉਸਨੇ ਉਸ ਵੱਲ ਦੇਖਿਆ...ਉਸਦੇ ਬੁੱਲ੍ਹਾਂ ਦੀ ਰੁੱਖੀ ਲਿਪਸਟਿਕ ਰੋਸ਼ਨੀ ਵਿਚ ਚਮਕ ਰਹੀ ਸੀ। ਉਸਨੇ ਹੌਲੀ-ਜਿਹੇ ਆਪਣਾ ਹੱਥ ਬਾਹਰ ਖਿੱਚ ਲਿਆ।
“ਤੈਨੂੰ ਬਹੁਤਾ ਬੋਲਣਾ ਨਹੀਂ ਚਾਹੀਦਾ।” ਉਸਨੇ ਕਿਹਾ।
“ਮੈਨੂੰ ਬੜਾ ਹਲਕਾ ਜਿਹਾ ਲੱਗ ਰਿਹਾ ਏ।” ਉਸਨੇ ਕਿਹਾ।
“ਡਾਕਟਰ ਨੇ ਤੈਨੂੰ ਕੁਛ ਕਿਹਾ ਸੀ?”
“ਨਹੀਂ...ਪਰ ਇਕ ਮਹੀਨਾ ਪਹਿਲਾਂ ਆ ਜਾਂਦੀ, ਤਾਂ ਏਨੀ ਕਮਜ਼ੋਰੀ ਨਹੀਂ ਸੀ ਹੋਣੀ।”
“ਤੈਨੂੰ ਕਾਫੀ ਕਮਜ਼ੋਰੀ ਮਹਿਸੂਸ ਹੋ ਰਹੀ ਏ?” ਉਸਨੇ ਪੁੱਛਿਆ।
“ਨਹੀਂ, ਮੈਨੂੰ ਬੜਾ ਹਲਕਾ-ਜਿਹਾ ਲੱਗ ਰਿਹਾ ਏ।”
“ਮੈਂ ਤੈਨੂੰ ਪਹਿਲਾਂ ਵੀ ਜਲਦੀ ਆਉਣ ਲਈ ਕਿਹਾ ਸੀ...ਪਰ ਤੂੰ ਟਾਲਦੀ ਰਹੀ।”
“ਤੁਸੀਂ ਹਰ ਗੱਲ ਪਹਿਲਾਂ ਹੀ ਠੀਕ ਕਹਿੰਦੇ ਓਂ।” ਉਸਨੇ ਕਿਹਾ।
ਉਹ ਚੁੱਪ ਰਿਹਾ ਤੇ ਦੂਜੇ ਪਾਸੇ ਦੇਖਣ ਲੱਗਾ।
“ਤੁਸੀਂ ਬੁਰਾ ਮੰਨ ਗਏ?” ਉਹ ਕੁਹਣੀ ਦੇ ਸਹਾਰੇ ਬੈਠ ਕੇ ਉਸ ਵੱਲ ਦੇਖਣ ਲੱਗੀ।
“ਨਹੀਂ...ਪਰ ਤੈਨੂੰ ਜ਼ਿਆਦਾ ਨਹੀਂ ਬੋਲਣਾ ਚਾਹੀਦਾ।” ਉਸਨੇ ਉਸਦੇ ਵਾਲਾਂ ਨੂੰ ਪਲੋਸਦਿਆਂ ਹੋਇਆਂ ਕਿਹਾ।
“ਦੋਖੋ...ਹੁਣ ਕੋਈ ਫਿਕਰ ਨਹੀਂ।” ਉਸਨੇ ਕਿਹਾ—“ਹੁਣ ਮੈਂ ਠੀਕ ਆਂ।”
“ਪਰ ਤੂੰ ਹੁਣ ਵੀ ਉਸਦੇ ਬਾਰੇ ਸੋਚਦੀ ਏਂ।” ਉਸਨੇ ਕਿਹਾ।
“ਮੈਂ ਕਿਸੇ ਦੇ ਬਾਰੇ ਨਹੀਂ ਸੋਚਦੀ।” ਉਸਨੇ ਕਿਹਾ। ਉਸਨੇ ਉਸਦੇ ਕੋਟ ਦੇ ਬਟਨ ਖੋਲ੍ਹ ਦਿੱਤੇ।
“ਤੁਸੀਂ ਸਵੈਟਰ ਨਹੀਂ ਪਾਇਆ?” ਉਸਨੇ ਪੁੱਛਿਆ।
“ਅੱਜ ਬਹੁਤੀ ਸਰਦੀ ਨਹੀਂ ਸੀ।” ਉਸਨੇ ਕਿਹਾ। ਉਹ ਕੁਝ ਚਿਰ ਤਕ ਚੁੱਪ ਰਹੇ। ਵਿਚਕਾਰ ਨਰਸ ਆਈ ਸੀ। ਉਹ ਬਲੌਂਡ ਸੀ ਤੇ ਦੇਖਣ ਵਿਚ ਖਾਸੀ ਖ਼ੁਸ਼ਮਿਜਾਜ਼ ਲੱਗਦੀ ਸੀ। ਉਸਨੇ ਉਹਨਾਂ ਦੋਵਾਂ ਨੂੰ ਦੇਖਿਆ, ਫੇਰ ਬਿਸਤਰੇ ਕੋਲ ਆ ਗਈ।
“ਤੈਨੂੰ ਅਜੇ ਇੰਜ ਨਹੀ ਬੈਠਣਾ ਚਾਹੀਦਾ।” ਨਰਸ ਨੇ ਉਸਦਾ ਸਿਰ ਸਿਰਹਾਣੇ 'ਤੇ ਟਿਕਾਅ ਦਿੱਤਾ। ਫੇਰ ਉਸਨੇ ਇਕ ਨਜ਼ਰ ਉਸ ਦੇਖਿਆ।
“ਇਸ ਉੱਤੇ ਬਹੁਤਾ ਸਟ੍ਰੇਨ ਪਾਉਣਾ ਠੀਕ ਨਹੀਂ ਹੋਵੇਗਾ।”
“ਮੈਂ ਕੁਛ ਦੇਰ ਵਿਚ ਚਲਾ ਜਾਵਾਂਗਾ।” ਉਸਨੇ ਕਿਹਾ।
ਨਰਸ ਨੇ ਬਿਸਤਰੇ 'ਤੇ ਖਿੱਲਰੀਆਂ ਚੀਜ਼ਾਂ ਨੂੰ ਦੇਖਿਆ। ਉਹ ਉਸ ਵੱਲ ਮੁੜੀ ਤੇ ਮੁਸਕਰਾ ਪਈ—“ਤੁਹਾਨੂੰ ਭਵਿੱਖ ਵਿਚ ਸਾਵਧਾਨ ਰਹਿਣਾ ਚਾਹੀਦਾ ਏ।” ਉਸਨੇ ਕਿਹਾ। ਉਸਦੀ ਆਵਾਜ਼ ਵਿਚ ਹਲਕਾ-ਜਿਹਾ ਮਜ਼ਾਕ ਸੀ। ਉਹ ਚੁੱਪ ਰਿਹਾ ਤੇ ਦੂਜੇ ਪਾਸੇ ਦੇਖਣ ਲੱਗਾ। ਜਾਂਦਿਆਂ ਹੋਇਆਂ ਉਹ ਰੁਕ ਗਈ।
“ਤੇਰੇ ਕੋਲ ਰੂੰ ਕਾਫੀ ਹੈ ਨਾ?” ਉਸਨੇ ਪੁੱਛਿਆ।
“ਹਾਂ, ਧੰਨਵਾਦ ਸਿਸਟਰ।” ਉਸਨੇ ਕਿਹਾ। ਨਰਸ ਬਾਹਰ ਚਲੀ ਗਈ।
“ਤੁਸੀਂ ਜ਼ਰਾ ਦੂਜੇ ਪਾਸੇ ਘੁੰਮ ਜਾਓ।” ਉਸਨੇ ਹੌਲੀ-ਜਿਹੀ ਕਿਹਾ। ਉਹ ਸਿਰਹਾਣੇ ਹੇਠੋਂ ਕੁਝ ਕੱਢ ਰਹੀ ਸੀ।
“ਮੈਂ ਬਾਹਰ ਚਲਾ ਜਾਣਾ...” ਉਸਨੇ ਕਿਹਾ।
“ਨਹੀਂ, ਇਸਦੀ ਕੋਈ ਜ਼ਰੂਰਤ ਨਹੀਂ। ਸਿਰਫ਼ ਆਪਣਾ ਮੂੰਹ ਭੂਆਂ ਲਓ।”
ਉਹ ਪਿੱਛੇ ਕੰਧ ਵੱਲ ਦੇਖਣ ਲੱਗਾ। ਉਸਨੂੰ ਬੜੀ ਪਹਿਲਾਂ ਦੀਆਂ ਰਾਤਾਂ ਯਾਦ ਆ ਗਈਆਂ, ਜਦੋਂ ਉਹ ਉਸਦੇ ਬਿਸਤਰੇ 'ਚੋਂ ਉਠ ਕੇ ਕੱਪੜੇ ਪਾਉਂਦੀ ਹੁੰਦੀ ਸੀ ਤੇ ਉਹ ਕੰਧ ਵੱਲ ਮੂੰਹ ਮੋੜ ਕੇ ਉਸਦੇ ਸਕਰਟ ਦੀ ਸਰਸਰਾਹਟ ਸੁਣਦਾ ਰਹਿੰਦਾ ਸੀ।
“ਬੱਸ...ਠੀਕ ਏ।” ਉਸਨੇ ਕਿਹਾ।
ਉਸਨੇ ਸਟੂਲ ਮੋੜ ਕੇ ਉਸਦੇ ਸਿਰਹਾਣੇ ਕੋਲ ਸਰਕਾ ਲਿਆ। ਹਵਾ ਵਿਚ ਹਲਕੀ-ਜਿਹੀ ਗੰਧ ਸੀ, ਜਿਹੜੀ ਕਲੋਰੋਫਾਰਮ ਦੀ ਗੰਧ ਨਾਲੋਂ ਕੁਝ ਵੱਖਰੀ ਜਾਪਦੀ ਸੀ। ਉਸਦੀਆਂ ਅੱਖਾਂ ਅਚਾਨਕ ਪਲੰਘ ਹੇਠ ਚਿਲਮਚੀ 'ਤੇ ਜਾ ਪਈਆਂ...ਉਸ ਵਿਚ ਖ਼ੂਨ ਵਿਚ ਰੰਗੀਆਂ ਬਹੁਤ ਸਾਰੀਆਂ ਪੱਟੀਆਂ ਪਈਆਂ ਸਨ। ਇਹ ਖ਼ੂਨ ਉਸਦਾ ਹੋ ਸਕਦਾ ਹੈ, ਉਸਨੂੰ ਵਿਸ਼ਵਾਸ ਨਹੀ ਹੋ ਸਕਿਆ।
“ਕੀ ਤੈਨੂੰ ਹੁਣ ਵੀ...” ਉਹ ਵਿਚਕਾਰ ਹੀ ਰੁਕ ਗਿਆ।
“ਨਹੀਂ...ਹੁਣ ਬੜਾ ਘੱਟ ਆ ਰਿਹਾ ਏ।”
ਉਸਨੇ ਝੁਕ ਕੇ ਚਿਲਮਚੀ ਨੂੰ ਪਲੰਘ ਹੇਠ ਖਿਸਕਾ ਦਿੱਤਾ।
“ਤੁਹਾਡੇ ਕੋਲ ਸਿਗਰਟ ਹੈ?” ਉਸਨੇ ਪੁੱਛਿਆ। ਉਹ ਲੇਟ ਗਈ।
ਉਸਨੇ ਲੀਪਾ ਦੀ ਡੱਬੀ ਵਿਚੋਂ ਦੋ ਸਿਗਰਟ ਕੱਢ ਕੇ ਮੂੰਹ ਵਿਚ ਲਏ। ਦੋਵਾਂ ਨੂੰ ਇਕੋ ਤੀਲੀ ਨਾਲ ਸੁਲਗਾਇਆ ਤੇ ਉਹਨਾਂ ਵਿਚੋਂ ਇਕ ਉਸਨੂੰ ਦੇ ਦਿੱਤਾ।
“ਤੂੰ ਇੱਥੇ ਸਿਗਰਟ ਪੀ ਸਕਦੀ ਏਂ?”
“ਨਹੀਂ...ਪਰ ਕੋਈ ਦੇਖਦਾ ਨਹੀਂ।” ਉਸਨੇ ਇਕ ਲੰਮਾ, ਡੁੰਘਾ ਸੂਟਾ ਖਿੱਚਿਆ। ਧੂੰਆਂ ਬਾਹਰ ਕੱਢਣ ਵੇਲੇ ਉਸਦੀਆਂ ਨਾਸਾਂ ਹੌਲੀ-ਹੌਲੀ ਫਰਕ ਰਹੀਆਂ ਸਨ। ਫੇਰ ਉਸਨੇ ਉਸਨੂੰ ਚਿਲਮਚੀ ਵਿਚ ਸੁੱਟ ਦਿੱਤਾ।
“ਮੈਂ ਪੀ ਨਹੀਂ ਸਕਦੀ।” ਇਕ ਪਤਲੀ ਕਮਜ਼ੋਰ ਜਿਹੀ ਮੁਸਕਾਨ ਉਸਦੇ ਬੁੱਲ੍ਹਾਂ 'ਤੇ ਥਿਰਕ ਗਈ। ਉਸਨੇ ਚਿਲਮਚੀ ਵਿਚੋਂ ਸਿਗਰਟ ਕੱਢ ਕੇ ਬੁਝਾ ਦਿੱਤਾ। ਸਿਗਰਟ ਦੇ ਇਕ ਸਿਰੇ ਉੱਤੇ ਉਸਦੀ ਲਿਪਸਟਿਕ ਦਾ ਨਿਸ਼ਾਨ ਜੰਮਿਆਂ ਰਹਿ ਗਿਆ ਸੀ।
“ਤੂੰ ਹੁਣ ਇਕ ਪਨੀਰ ਲਏਂਗੀ?”
“ਨਹੀਂ...ਤੁਹਾਨੂੰ ਹੁਣ ਜਾਣ ਚਾਹੀਦਾ ਏ।”
“ਮੈਂ ਚਲਾ ਜਾਵਾਂਗਾ, ਅਜੇ ਸਮਾਂ ਹੈ।”
ਉਸਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਸਨ। ਲੰਮੀਆਂ, ਭੂਰੀਆਂ ਪਲਕਾਂ ਉਸਦੇ ਪੀਲੇ ਚਿਹਰੇ ਉੱਤੇ ਮੋਮ ਦੀ ਗੁਡੀਆ ਵਰਗੀਆਂ ਦਿਖਾਈ ਦੇ ਰਹੀਆਂ ਸਨ।
“ਤੈਨੂੰ ਨੀਂਦ ਆ ਰਹੀ ਏ...?” ਉਸਨੇ ਧੀਮੀ ਆਵਾਜ਼ ਵਿਚ ਪੁੱਛਿਆ।
“ਨਹੀਂ...” ਉਸਨੇ ਅੱਖਾਂ ਖੋਲ੍ਹ ਦਿੱਤੀਆਂ। ਉਸਦਾ ਹੱਥ ਆਪਣੇ ਹੱਥ ਵਿਚ ਲੈ ਕੇ ਉਹ ਉਸਨੂੰ ਪੋਲਾ-ਪੋਲਾ ਪਲੋਸਣ ਲੱਗੀ।
“ਮੈਂ ਸੋਚਿਆ ਸੀ, ਤੁਸੀਂ ਆਓਗੇ।” ਉਸਨੇ ਕਿਹਾ।
ਉਹ ਚੁੱਪਚਾਪ ਉਸ ਵੱਲ ਦੇਖਦਾ ਰਿਹਾ।
“ਸੁਣੋ...ਹੁਣ ਅਸੀਂ ਪਹਿਲਾਂ ਵਾਂਗ ਰਹਿ ਸਕਾਂਗੇ।” ਉਸਦੀ ਆਵਾਜ਼ ਵਿਚ ਹਲਕੀ-ਜਿਹੀ ਹੈਰਾਨੀ ਸੀ।
“ਤੈਨੂੰ ਯਾਦ ਏ...” ਉਸਨੇ ਉਸਦਾ ਹੱਥ ਘੁੱਟਦਿਆਂ ਕਿਹਾ—“ਪਿਛਲੀਆਂ ਗਰਮੀਆਂ ਵਿਚ ਅਸੀਂ ਇਟਲੀ ਜਾਣਾ ਚਾਹੁੰਦੇ ਸਾਂ...ਹੁਣ ਅਸੀਂ ਉੱਥੇ ਜਾ ਸਕਦੇ ਹਾਂ।”
“ਹੁਣ ਅਸੀਂ ਕਿਤੇ ਵੀ ਜਾ ਸਕਦੇ ਹਾਂ।” ਉਸਨੇ ਉਸ ਵੱਲ ਦੇਖਿਆ—“ਹੁਣ ਕੋਈ ਝੰਜਟ ਨਹੀਂ...।”
ਉਸਨੂੰ ਫੇਰ ਉਸਦੀ ਆਵਾਜ਼ ਕੁਝ ਅਜੀਬ ਜਿਹੀ ਲੱਗੀ, ਪਰ ਉਹ ਮੁਸਕੁਰਾ ਰਹੀ ਸੀ ਤੇ ਉਦੋਂ ਉਸਦਾ ਮਨ ਫੇਰ ਉਲਝ ਗਿਆ।
ਕਾਰੀਡੋਰ ਵਿਚ ਵਹੀਲ-ਚੇਅਰ ਦੇ ਪਹੀਆਂ ਦੀ ਚਰਮਰਾਹਟ ਸੁਣਾਈ ਦਿੱਤੀ ਸੀ...ਨਾਲ ਵਾਲੇ ਕਿਊਬੀਕਲ ਵਿਚ ਕੋਈ ਉੱਚੀ ਆਵਾਜ਼ ਵਿਚ ਚੀਕ ਰਿਹਾ ਸੀ। ਕਿਸੇ ਔਰਤ ਨੇ ਪਰਦਾ ਚੁੱਕ ਕੇ ਅੰਦਰ ਦੇਖਿਆ ਸੀ, ਪਰ ਉਸਨੂੰ ਉੱਥੇ ਬੈਠਾ ਦੇਖ ਕੇ ਉਹ ਛੇਤੀ ਨਾਲ ਵਾਪਸ ਮੁੜ ਗਈ ਸੀ।
ਉਸਨੇ ਘੜੀ ਦੇਖੀ ਤੇ ਫੇਰ ਉਹ ਓਵਰ ਕੋਟ ਪਾਉਣ ਲੱਗਾ।
“ਤੈਨੂੰ ਇਹ ਸਭ ਚੀਜ਼ਾਂ ਖਾਣੀਆਂ ਪੈਣਗੀਆਂ...” ਉਸਨੇ ਅੰਗਰੇਜ਼ੀ ਵਿਚ ਕਿਹਾ।
ਉਸਨੇ ਸਿਰ ਹਿਲਾਇਆ-“ਤੂੰ ਸਮਝੀ ਜੋ ਮੈਂ ਕਿਹੈ?”
“ਤੁਸੀਂ ਕਿਹੈ, ਤੈਨੂੰ ਇਹ ਸਭ ਚੀਜਾਂ ਖਾਣੀਆਂ ਪੈਣਗੀਆਂ।” ਉਸਨੇ ਅੰਗਰੇਜ਼ੀ ਵਿਚ ਉਸਦਾ ਵਾਕ ਦੁਹਰਾ ਦਿੱਤਾ। ਉਹ ਹੌਲੀ-ਜਿਹੀ ਹੱਸ ਪਏ।
ਉਸਨੇ ਆਪਣਾ ਮਫ਼ਲਰ ਗਲੇ ਵਿਚ ਲਪੇਟ ਲਿਆ। ਖ਼ਾਲੀ ਡਫਲ ਬੈਗ ਮੋਢੇ 'ਤੇ ਲਮਕਾਇਆ ਤੇ ਸਟੂਲ ਤੋਂ ਉਠ ਖੜ੍ਹਾ ਹੋਇਆ।
“ਤੁਸੀਂ ਹੁਣ ਜਾਓਗੇ?”
“ਹਾਂ, ਪਰ ਕਲ੍ਹ ਮੈਂ ਏਸੇ ਵੇਲੇ ਆਵਾਂਗਾ” ਉਸਨੇ ਕਿਹਾ। ਉਹ ਪਲਕਾਂ ਝਪਕਾਏ ਬਗ਼ੈਰ ਉਸ ਵੱਲ ਦੇਖਦੀ ਰਹੀ।
“ਏਧਰ ਆਓ।” ਉਸਨੇ ਕਿਹਾ।
ਉਹ ਸਿਰਹਾਣੇ ਕੋਲ ਝੁਕਿਆ। ਉਸਨੇ ਆਪਣੀ ਦੇਹ ਤੋਂ ਚਾਦਰ ਲਾਹ ਦਿੱਤੀ ਤੇ ਦੋਵਾਂ ਹੱਥਾਂ ਨਾਲ ਉਸਦਾ ਚਿਹਰਾ ਆਪਣੀ ਛਾਤੀ ਉੱਤੇ ਘੁੱਟ ਲਿਆ।
“ਕੋਈ ਆ ਜਾਵੇਗਾ।” ਉਸਨੇ ਹੌਲੀ-ਜਿਹੀ ਕਿਹਾ।
“ਆ ਜਾਣ ਦਿਓ।” ਉਸਨੇ ਕਿਹਾ।
ਕੁਝ ਚਿਰ ਬਾਅਦ ਜਦੋਂ ਉਹ ਬਾਹਰ ਆਇਆ, ਬਸੰਤ ਦੀ ਰਾਤ ਝੁਕ ਆਈ ਸੀ। ਹਵਾ ਵਿਚ ਧਰਤੀ ਦੀ ਮਿੱਠੀ-ਜਿਹੀ ਗੰਧ ਦਾ ਅਹਿਸਾਸ ਸੀ। ਉਸਨੇ ਨਿਸ਼ਚਿੰਤ ਹੋ ਕੇ ਠੰਢੀ ਤਾਜ਼ੀ ਹਵਾ ਵਿਚ ਸਾਹ ਲਿਆ। ਹਸਪਤਾਲ ਦੇ ਉਸ ਤੰਗ, ਲੋੜ ਨਾਲੋਂ ਵਧ ਗਰਮ ਕਿਊਬੀਕਲ ਦੇ ਬਾਅਦ ਉਸਨੂੰ ਬਾਹਰਦਾ ਖੁੱਲ੍ਹਪਨ ਬੜਾ ਆਨੰਦਦਾਈ ਮਹਿਸੂਸ ਹੋ ਰਿਹਾ ਸੀ। ਉਸਨੇ ਘੜੀ ਦੇਖੀ। ਅਜੇ ਦਸ ਮਿੰਟ ਬਾਕੀ ਸਨ। ਉਸਨੂੰ ਹਲਕੀ-ਜਿਹੀ ਖ਼ੁਸ਼ੀ ਹੋਈ ਕਿ ਉਹ ਪਰਾਗ ਜਾਣ ਤੋਂ ਪਹਿਲਾਂ ਇਕ ਬੀਅਰ ਪੀ ਸਕੇਗਾ।

ਕੁਝ ਦੇਰ ਤਕ ਉਹ ਪਲੰਘ 'ਤੇ ਅੱਖਾਂ ਮੀਚੀ ਪਈ ਰਹੀ। ਜਦੋਂ ਉਸਨੂੰ ਵਿਸ਼ਵਾਸ ਹੋ ਗਿਆ ਕਿ ਉਹ ਹਸਪਤਾਲ ਤੋਂ ਦੂਰ ਜਾ ਚੁੱਕਿਆ ਹੈ, ਤਾਂ ਹੌਲੀ-ਜਿਹੀ ਉਠੀ। ਖਿੜਕੀ ਖੋਲ੍ਹ ਦਿੱਤੀ। ਬਾਹਰ ਹਨੇਰੇ ਵਿਚ ਉਸ ਛੋਟੇ-ਜਿਹੇ ਸ਼ਹਿਰ ਦੀਆਂ ਬੱਤੀਆਂ ਜਗਮਗਾ ਰਹੀਆਂ ਸਨ। ਉਸਨੂੰ ਪਰਾਗ ਵਿਚ ਆਪਣੇ ਹੋਸਟਲ ਦਾ ਕਮਰਾ ਯਾਦ ਆ ਗਿਆ। ਉਹ ਸਿਰਫ਼ ਦੋ ਦਿਨ ਪਹਿਲਾਂ ਉਸਨੂੰ ਛੱਡ ਕੇ ਆਈ ਸੀ। ਪਰ ਉਸਨੂੰ ਲੱਗ ਰਿਹਾ ਸੀ, ਜਿਵੇਂ ਇਕ ਲੰਮੀ ਮੁਦਤ ਬੀਤ ਗਈ ਹੋਵੇ। ਉਹ ਕੁਝ ਚਿਰ ਉੱਥੇ ਅਹਿੱਲ-ਅਡੋਲ ਖੜ੍ਹੀ ਰਹੀ। ਮੈਟਰਨਿਟੀ ਵਾਰਡ ਵਿਚੋਂ ਕਿਸੇ ਬੱਚੇ ਦੇ ਰੀਂਰਿਆਉਂਣ ਦੀ ਆਵਾਜ਼ ਸੁਣਾਈ ਦਿੱਤੀ ਸੀ, ਫੇਰ ਸਭ ਪਾਸੇ ਚੁੱਪ ਵਾਪਰ ਗਈ ਸੀ।
ਉਹ ਚੁੱਪਚਾਪ ਬਿਸਤਰੇ ਕੋਲ ਆ ਗਈ। ਆਪਣੇ ਸੂਟਕੇਸ ਵਿਚੋਂ ਇਕ ਪੁਰਾਣਾ ਤੌਲੀਆ ਕੱਢਿਆ। ਫੇਰ ਉਸ ਵਿਚ ਆਰਾਮ ਨਾਲ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਾਇਆ, ਲਪੇਟਿਆ—ਜਿਹੜੀਆਂ ਉਹ ਉਸ ਲਈ ਛੱਡ ਗਿਆ ਸੀ। ਖਿੜਕੀ ਕੋਲ ਆ ਕੇ ਉਸਨੇ ਉਹਨਾਂ ਨੂੰ ਬਾਹਰ ਹਨੇਰੇ ਵਿਚ ਸੁੱਟ ਦਿੱਤਾ।
ਜਦੋਂ ਉਹ ਵਾਪਸ ਆਪਣੇ ਬਿਸਤਰੇ ਕੋਲ ਆਈ, ਤਾਂ ਉਸਦਾ ਸਿਰ ਚਕਰਾਉਣ ਲੱਗਿਆ। ਸਟੂਲ 'ਤੇ ਲੀਪਾ ਦਾ ਪੈਕੇਟ ਹੁਣ ਵੀ ਪਿਆ ਸੀ। ਉਸਨੇ ਇਕ ਸਿਗਰਟ ਸੁਲਗਾਇਆ, ਪਰ ਉਸਨੂੰ ਉਸਦਾ ਸਵਾਦ ਫੇਰ ਅਜੀਬ ਜਿਹਾ ਲੱਗਿਆ। ਉਸਨੂੰ ਫਰਸ਼ ਉੱਤੇ ਬੁਝਾ ਕੇ ਉਹ ਪਲੰਘ ਉੱਤੇ ਲੇਟ ਗਈ। ਇਕ ਛੋਟਾ-ਜਿਹਾ ਗਰਮ ਹੰਝੂ ਉਸਦੀਆਂ ਅੱਖਾਂ ਦੇ ਕੋਇਆਂ ਵਿਚੋਂ ਵਗਦਾ ਹੋਇਆ ਉਸਦੇ ਵਾਲਾਂ ਵਿਚ ਗਵਾਚ ਗਿਆ, ਪਰ ਪਤਾ ਨਹੀਂ ਲੱਗਿਆ। ਉਹ ਆਰਾਮ ਨਾਲ ਸੁੱਤੀ ਰਹੀ ਸੀ।
--- --- ---
ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
ਮੋਬਾਇਲ ਨੰ : 94177-30600.

No comments:

Post a Comment