Sunday, September 19, 2010

ਕਜਰੀ ਦੀ ਵਾਪਸੀ...:: ਲੇਖਕ : ਮਾਡਕੰਡਯ ਸਿੰਘ

ਬੰਗਲਾ ਕਹਾਣੀ :
ਕਜਰੀ ਦੀ ਵਾਪਸੀ...
ਲੇਖਕ : ਮਾਡਕੰਡਯ ਸਿੰਘ
      ਹਿੰਦੀ ਤੋਂ ਅਨੁਵਾਦ : ਮਹਿੰਦਰ ਬੇਦੀ, ਜੈਤੋ  


ਉਸ ਦਿਨ, ਰਾਤ ਨੂੰ, ਥੋੜ੍ਹੀ ਜਿਹੀ ਬਾਰਿਸ਼ ਹੋ ਕੇ ਰੁਕ ਗਈ ਸੀ...ਫੇਰ ਵੀ ਵਾਤਾਵਰਣ ਵਿਚ ਇਕ ਸਿਲ੍ਹ ਜਿਹੀ ਭਰ ਗਈ ਸੀ, ਜਿਹੜੀ ਸਿਰਫ ਮਹਿਸੂਸ ਕੀਤੀ ਜਾ ਸਕਦੀ ਸੀ। ਮੈਂ ਵਰਾਂਡੇ ਵਿਚ ਕੁਰਸੀ ਉੱਤੇ ਚੁੱਪਚਾਪ ਬੈਠਾ, ਬਿਨਾਂ ਮਕਸਦ ਸਾਹਮਣੀ ਮਸਜਿਦ ਦੇ ਬਨੇਰਿਆਂ ਉੱਤੇ ਕਲੋਲਾਂ ਕਰਦੇ ਹੋਏ ਕਬੂਤਰਾਂ ਦੇ ਜੋੜਿਆਂ ਨੂੰ ਦੇਖ ਰਿਹਾ ਸਾਂ। ਉਦੋਂ ਹੀ ਪਿੱਛਲੇ ਪਾਸੇ ਕਿਸੇ ਦੇ ਆਉਣ ਦਾ ਖੜਾਕ ਹੋਇਆ। ਜਦ ਤਕ ਮੈਂ ਉਸ ਵੱਲ ਮੁੜਦਾ ਉਹ ਮੇਰੇ ਇਕ ਪਾਸੇ ਆ ਕੇ ਖੜ੍ਹੀ ਹੋ ਗਈ ਸੀ।
''ਓ ਕਜਰੀ ਤੂੰ...ਪਰ ਏਨੀ ਉਦਾਸ ਕਿਉਂ ਏਂ?''
ਮੈਂ ਸੱਚਮੁੱਚ ਪਹਿਲੀ ਵਾਰੀ ਕਜਰੀ ਨੂੰ ਏਨਾ ਉਦਾਸ ਦੇਖਿਆ ਸੀ। ਉਂਜ ਭਾਵੇਂ ਲੱਖ ਦੁੱਖ ਤਕਲੀਫਾਂ ਕਿਉਂ ਨਾ ਹੋਣ...ਉਹ ਹਮੇਸ਼ਾ ਹੱਸਦੀ ਰਹਿੰਦੀ ਹੈ।
''ਸੱਚਮੁਚ ਮੈਂ ਹਾਰ ਗਈ ਆਂ ਭਾਈ ਸਾਹਬ! ਤੁਸੀਂ ਆਖਿਆ ਸੀ ਨਾ—ਜ਼ਿੰਦਗੀ ਖੇਡ ਨਹੀਂ; ਤੇ ਮੈਂ ਵੀ ਤਾਂ ਜ਼ਿੰਦਗੀ ਨੂੰ ਖੇਡ ਨਹੀਂ ਸੀ ਸਮਝਿਆ...ਸਿਰਫ ਉਸ ਉੱਤੇ ਭਰੋਸਾ ਕੀਤਾ ਸੀ।
''ਪਰ ਕਜਰੀ, ਕਿਸੇ ਉੱਤੇ ਭਰੋਸਾ ਕਰਨ ਤੋਂ ਪਹਿਲਾਂ ਕੋਈ ਠੋਸ ਆਧਾਰ ਵੀ ਤਾਂ ਹੋਣਾ ਜ਼ਰੂਰੀ ਹੁੰਦੈ। ਕਾਫੀ ਚਿਰ ਪਹਿਲਾਂ ਮੈਂ ਤੈਨੂੰ ਕਿਹਾ ਸੀ, ਰਾਮ ਰਤਨ ਅਜੇ ਨੌਜਵਾਨ ਏਂ, ਮਰਦ ਬੱਚਾ ਏ—ਉਸ ਉੱਤੇ ਏਨਾ ਭਰੋਸਾ ਕਰਨਾ ਠੀਕ ਨਹੀਂ। ਰੁਪਿਆ-ਪੈਸਾ ਹੱਥ ਆਉਣ ਉੱਤੇ ਉਹ ਕਿੱਥੋਂ ਤਕ ਤੇਰਾ ਸਾਥ ਦਏਗਾ, ਕੋਈ ਨਹੀਂ ਕਹਿ ਸਕਦਾ।''
''ਖ਼ੈਰ! ਜੋ ਹੋਣਾ ਸੀ ਹੋ ਗਿਆ। ਮੈਂ ਕਲ੍ਹ ਈ ਪਿੰਡ ਵਾਪਸ ਚਲੀ ਜਾਵਾਂਗੀ। ਦੇਖਦੀ ਆਂ, ਪਿੰਡ ਦੀ ਧਰਤੀ ਮਾਤਾ ਕਿੱਥੇ ਤਕ ਸਾਥ ਦੇਂਦੀ ਐ। ਭਾਬੀ ਨੂੰ ਮਿਲ ਆਵਾਂ।'' ਕਹਿ ਕੇ ਉਹ ਅੰਦਰ ਮੇਰੀ ਪਤਨੀ ਨੂੰ ਮਿਲਣ ਚਲੀ ਗਈ।
ਦੂਜੇ ਦਿਨ ਸਾਰੇ ਮੁਹੱਲੇ ਵਿਚ ਕਜਰੀ ਦੇ ਪਿੰਡ ਚਲੇ ਜਾਣ ਦੇ ਚਰਚੇ ਛਿੜੇ ਹੋਏ ਸਨ। ਲੋਕਾਂ ਨੂੰ ਫਿਕਰ ਪਿਆ ਹੋਇਆ ਸੀ ਕਿ ਵਿਆਹਾਂ-ਸ਼ਾਦੀਆਂ ਵਿਚ ਨੱਚਿਆ ਕੌਣ ਕਰੇਗਾ? ਗਾਇਆ ਕੌਣ ਕਰੇਗਾ? ਤੇ ਹੁਣ ਉਸਦਾ ਵਾਪਸ ਆਉਣਾ ਵੀ ਮੁਸ਼ਕਿਲ ਹੈ...ਤੇ ਇਹ ਵੀ ਕਿ ਰਾਮ ਰਤਨ ਨੇ ਉਸ ਨਾਲ ਦਗਾ ਕੀਤਾ ਹੈ...ਵਗ਼ੈਰਾ ਵਗ਼ੈਰਾ।
ਕਜਰੀ ਨੂੰ ਮੈਂ ਪਹਿਲੀ ਵਾਰੀ ਉਸ ਦਿਨ ਦੇਖਿਆ ਸੀ, ਜਿਸ ਦਿਨ ਮੇਰੀ ਪਤਨੀ 'ਬੀਮਾਰ' ਹੋ ਗਈ ਸੀ ਤੇ ਉਹ ਸਾਡੇ ਘਰ ਕੰਮ-ਕਾਜ ਕਰਨ ਆਈ ਸੀ। ਉਹ ਥੋੜ੍ਹਾ-ਬਹੁਤ ਪੜ੍ਹੀ-ਲਿਖੀ ਵੀ ਸੀ। ਕੰਮ ਚਲਾਊ ਹਿੰਦੀ ਤੇ ਬੰਗਲਾ ਬੋਲ ਲੈਂਦੀ ਸੀ। ਵੱਡੀਆਂ-ਵੱਡੀਆਂ ਚਮਕੀਲੀਆਂ ਅੱਖਾਂ, ਭਰਵਾਂ ਸਰੀਰ ਤੇ ਉਮਰ ਕੋਈ ਛੱਬੀ-ਸਤਾਈ ਸਾਲ। ਕਣਕ-ਵੰਨਾਂ ਰੰਗ ਪਰ ਆਵਾਜ਼ ਕੋਇਲ ਵਰਗੀ...ਮਿੱਠੀ ਤੇ ਤਿੱਖੀ। ਜਦ ਕਦੀ ਮੇਰੀ ਪਤਨੀ ਦੇ ਕਹਿਣ ਉੱਤੇ ਕੋਈ ਗੀਤ ਸੁਣਾਉਣ ਬਹਿ ਜਾਂਦੀ ਤਾਂ ਅੰਦਰ ਬਾਹਰ 'ਹਿੱਲ' ਜਾਂਦਾ। ਦਿਲ ਦੀਆਂ ਤੈਹਾਂ ਵਿਚ ਘੂਕ ਸੁੱਤਾ ਕੋਈ ਅਨਾਮ ਦਰਦ ਅਚਾਨਕ ਬਾਹਰ ਆਉਣ ਲਈ ਮਚਲਨ ਲੱਗ ਪੈਂਦਾ। ਜਦੋਂ ਮੈਂ ਉਸਨੂੰ ਪੁੱਛਦਾ ਕਿ ਕਜਰੀਏ, ਉਂਜ ਤੂੰ ਏਨੀ ਖੁਸ਼ ਤੇ ਚੰਚਲ ਦਿਸਦੀ ਏਂ, ਪਰ ਏਡੇ ਉਦਾਸੀ ਭਰੇ ਗੀਤ ਕਿਉਂ ਗਾਉਣੀ ਏਂ? ਤਾਂ ਸਹਿ ਸੁਭਾਅ ਹੀ ਉਹ ਜੁਆਬ ਦੇਂਦੀ, ''ਭਾਈ ਸਾਹਬ, ਇਸ ਗੱਲ ਦਾ ਤਾਂ ਮੈਨੂੰ ਵੀ ਪਤਾ ਨਹੀਂ...ਪਰ ਪਤਾ ਨਹੀਂ ਕਿਉਂ ਇਹ ਗੀਤ ਚੰਗੇ ਜਿਹੇ ਲੱਗਦੇ ਨੇ।''
     ੦੦੦
ਕਲਕੱਤੇ ਦੇ ਆਸ-ਪਾਸ ਕਈ ਮਸ਼ਹੂਰ ਬਸਤੀਆਂ ਵੱਸ ਗਈਆਂ ਹਨ। ਉਂਜ ਹੁਣ ਤੁਸੀਂ ਇਹਨਾਂ ਨੂੰ ਸਿਰਫ ਬਸਤੀਆਂ ਨਹੀਂ, ਸ਼ਹਿਰ ਵਰਗੀਆਂ ਬਸਤੀਆਂ ਕਹਿ ਸਕਦੇ ਹੋ। ਅੱਜ ਕਲ੍ਹ ਸ਼ਹਿਰ ਦੀਆਂ ਅਨੇਕਾਂ ਸਹੂਲਤਾਂ ਇੱਥੇ ਹਨ—ਸਕੂਲ, ਹਸਪਤਾਲ ਤੋਂ ਲੈ ਕੇ ਗੁੰਡਾ-ਗਰਦੀ ਵਗ਼ੈਰਾ ਤਕ। ਆਏ ਦਿਨ ਕੋਈ ਨਾ ਕੋਈ ਘਟਨਾ ਹੋਈ ਰਹਿੰਦੀ ਹੈ। ਜਿੱਥੇ ਬਹੁਤ ਸਾਰੀਆਂ ਝੁੱਗੀਆਂ ਤੇ ਖੋਲੀਆਂ ਹਨ, ਉੱਥੇ ਅਨੇਕਾਂ ਆਲੀਸ਼ਾਨ ਇਮਾਰਤਾਂ ਵੀ ਬਣੀਆਂ ਹੋਈਆਂ ਹਨ। ਵਧੇਰੇ ਬਿਹਾਰ ਤੇ ਉਤਰ ਪ੍ਰਦੇਸ਼ ਤੋਂ ਆਏ ਮਜ਼ਦੂਰ ਹੀ ਇੱਥੇ ਰਹਿੰਦੇ ਹਨ...ਜਿਹੜੇ ਜੁੱਟ ਮਿਲ ਜਾਂ ਛੋਟੇ-ਵੱਡੇ ਉਦਯੋਗ ਧੰਦਿਆਂ ਵਿਚ ਕੰਮ ਕਰਦੇ ਹਨ। ਕਈ ਲੋਕ ਤਾਂ ਹੁਣ 'ਇੱਥੋਂ ਦੇ ਹੋ ਕੇ' ਹੀ ਰਹਿ ਗਏ ਹਨ। ਇਕ ਵਾਰੀ ਮੈਂ ਇਸ ਸ਼ਹਿਰ ਵਰਗੀ ਬਸਤੀ ਵਿਚ ਵਸਦੇ ਕਿਸ਼ਨ ਚਾਚੇ ਨੂੰ ਪੁੱਛਿਆ ਸੀ ਕਿ ਚਾਚਾ, ਕਦੇ ਤੁਹਾਨੂੰ ਆਪਣਾ ਪਿੰਡ ਯਾਦ ਆਉਂਦਾ ਹੈ? ਮੇਰੀ ਗੱਲ ਸੁਣ ਕੇ ਉਸ ਦੀਆਂ ਨਿੱਕੀਆਂ ਨਿੱਕੀਆਂ ਬੁੱਢੀਆਂ ਅੱਖਾਂ ਆਸਮਾਨ ਵੱਲ ਉਠ ਗਈਆਂ ਸਨ, ਬਿੰਦ ਦਾ ਬਿੰਦ ਚਿਹਰੇ ਉੱਤੇ ਰੌਣਕ ਆ ਗਈ ਸੀ, ਜਿਹੜੀ ਤੁਰਤ ਹੀ ਮੁਰਝਾਅ ਵੀ ਗਈ ਸੀ। ਉਸ ਕਿਹਾ, ''ਬੱਚੜਾ ਇਹ ਵੀ ਕੋਈ ਪੁੱਛਣ-ਦੱਸਣ ਵਾਲੀ ਗੱਲ ਐ...ਮਾਂ ਤੇ ਮਾਤ-ਭੂਮੀ ਕਿਸ ਨੂੰ ਯਾਦ ਨਹੀਂ ਆਉਂਦੀਆਂ? ਤਿੰਨਾਂ ਚੌਹਾਂ ਸਾਲਾਂ ਬਾਅਦ ਕੇਰਾਂ ਪਿੰਡ ਗੇੜਾ ਮਾਰ ਆਉਂਦਾ ਆਂ। ਪਰ ਮੁੰਡੇ ਹੁਣ ਪਿੰਡ ਜਾਣ ਵਾਸਤੇ ਤਿਆਰ ਈ ਨਹੀਂ...ਵੱਡੀ ਜਾਤ ਵਾਲਿਆਂ ਦੀ 'ਤੂੰ-ਤੈਂ' ਪਸੰਦ ਈ ਨਹੀਂ ਕਰਦੇ।'' ਕਹਿ ਕੇ ਉਹ ਮੇਰੇ ਵੱਲ ਦੇਖਣ ਲੱਗ ਪਿਆ। ਉਦੋਂ ਮੈਂ ਆਪਣੇ ਆਪ ਨੂੰ ਉਹਨਾਂ ਵਰਗਾ ਮਹਿਸੂਸ ਕੀਤਾ ਸੀ। ਇਸੇ ਕਿਸ਼ਨੇ ਚਾਚੇ ਦੇ ਨਾਲ ਵਾਲੀ ਖੋਲੀ, ਕਜਰੀ ਕੀ ਸੀ। ਕੋਈ ਪੰਜ ਛੇ ਸਾਲ ਪਹਿਲਾਂ ਉਹ ਮੁਜਫਰਪੁਰ ਦੇ ਕਿਸੇ ਪਿੰਡ ਵਿਚੋਂ ਆਪਣੇ ਦਿਓਰ ਨਾਲ ਏਥੇ ਆਈ ਸੀ। ਉਂਜ ਉਸ ਦਾ ਮਰਦ ਵੀ ਉਸਦੇ ਨਾਲ ਸੀ। ਪਰ ਉਸਦਾ ਵਧੇਰੇ ਯਕੀਨ ਆਪਣੇ ਦਿਓਰ ਉੱਤੇ ਹੀ ਸੀ। ਉਸਦਾ ਆਦਮੀ ਹੱਡਾਂ ਪੈਰਾਂ ਦਾ ਠੀਕ ਠਾਕ ਸੀ, ਪਰ ਸੀ ਉਹ ਕੰਮ ਚੋਰ। ਵੈਸੇ ਬਾਹਰੀ ਤੌਰ 'ਤੇ ਉਹ ਇਸ ਸੋਚ ਨੂੰ ਛਿਪਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਸੀ। ਪਰ ਤਾੜਨ ਵਾਲੇ ਤਾਂ ਕਿਆਮਤ ਦੀ ਨਜ਼ਰ ਰੱਖਦੇ ਨੇ। ਕੁਝ ਦਿਨਾਂ ਬਾਅਦ ਹੀ ਆਂਢ-ਗੁਆਂਢ ਦੇ ਲੋਕ ਇਸ ਗੱਲ ਤੋਂ ਜਾਣੂ ਹੋ ਗਏ ਕਿ ਕਜਰੀ ਉੱਤੇ ਪੂਰਾ ਅਧਿਕਾਰ ਉਸਦੇ ਦਿਓਰ ਰਾਮ ਰਤਨ ਦਾ ਹੀ ਹੈ। ਜਦੋਂ ਕਦੀ ਰਾਮ ਰਤਨ ਰਾਤ ਨੂੰ ਸ਼ਰਾਬ ਪੀ ਕੇ ਆਉਂਦਾ, ਉਸਨੂੰ ਕੁਟਾਪਾ ਚਾੜ੍ਹਦਾ। ਪਰ ਕਜਰੀ ਸੀ ਕਿ 'ਉਫ਼' ਨਹੀਂ ਸੀ ਕਰਦੀ। ਅੱਜ ਤਕ ਉਸਨੇ ਉਸਦੀਆਂ ਵਧੀਕੀਆਂ ਦੀ ਸ਼ਿਕਾਇਤ ਕਿਸੇ ਕੋਲ ਨਹੀਂ ਸੀ ਕੀਤੀ। ਇਕ ਵਾਰੀ ਮੇਰੀ ਪਤਨੀ ਨੇ ਉਸ ਨੂੰ ਪੁੱਛਿਆ, ''ਨੀਂ ਕਜਰੀਏ...ਕੀ ਇਹ ਗੱਲ ਠੀਕ ਏ ਕਿ ਤੂੰ ਸਿਰਫ ਰਾਮ ਰਤਨ ਦੀਆਂ ਲੱਤਾਂ ਹੀ ਘੁੱਟਦੀ ਏਂ, ਆਪਣੇ ਮਰਦ ਦੀਆਂ ਨਹੀਂ?''
'ਨਾ ਭਾਬੀ, ਨਿਰਾ ਕੂੜ ਐ।'' ਉਹ ਆਪਣੀਆਂ ਵੱਡੀਆਂ-ਵੱਡੀਆਂ ਅੱਖਾਂ ਨੂੰ ਰਤਾ ਸਿਕੋੜ ਕੇ ਬੋਲੀ, ''ਪਰ ਭਾਬੀ, ਉਹ ਸਾਰੇ ਦਿਨ ਦਾ ਥੱਕਿਆ-ਟੁੱਟਿਆ ਆਉਂਦੇ...ਇਸ ਲਈ ਕਦੇ-ਕਦਾਈਂ ਲੱਤਾਂ ਨੱਪ ਦੇਂਦੀ ਆਂ।...ਤੇ ਉਸ ਕੰਮ ਚੋਰ ਨੂੰ ਘੁੱਟਣਾ, ਨਾ ਘੁੱਟਣਾ ਇਕ ਬਰਾਬਰ ਐ।...ਸਾਰਾ ਦਿਨ ਤਾਂ ਪਿਆ ਮੰਜਾ ਤੋੜਦਾ ਰਹਿੰਦੈ।''
ਪਰ ਇਕ ਦਿਨ ਅਜੀਬ ਘਟਨਾ ਵਾਪਰ ਗਈ, ਜਿਸ ਨੂੰ ਦੇਖ ਕੇ ਮੁਹੱਲੇ ਵਾਲੇ ਹੈਰਾਨ ਰਹਿ ਗਏ। ਜਿਹੜੀ ਕਜਰੀ ਆਪਣੇ ਦਿਓਰ ਦੀ ਤੁਲਨਾ ਲਕਸ਼ਮਣ ਨਾਲ ਕਰਦੀ ਸੀ, ਉਹੀ ਉਸਨੂੰ ਨੰਗਾ ਕਰ ਰਹੀ ਸੀ।
ਗੱਲ ਇੰਜ ਹੋਈ ਕਿ ਰਾਮ ਰਤਨ ਆਪਣੇ ਲਈ ਇਕ ਕੁੜੀ ਦੇਖ ਕੇ ਆਇਆ ਸੀ ਤੇ ਇਸ ਗੱਲ ਦਾ ਕਜਰੀ ਨੂੰ ਵੀ ਕਿਸੇ ਤੋਂ ਪਤਾ ਲੱਗ ਗਿਆ ਸੀ। ਉਸਨੇ ਰਾਮ ਰਤਨ ਨੂੰ ਚਾਹ ਦੀ ਦੁਕਾਨ ਉੱਤੇ ਹੀ ਜਾ ਘੇਰਿਆ ਤੇ ਲੱਗੀ ਜੁਆਬ ਤਲਬ ਕਰਨ, ''ਕਿਉਂ ਉਇ ਭੈੜੇ ਬੂਥੇ ਵਾਲਿਆ, ਤੂੰ ਕੁੜੀ ਦੇਖਣ ਗਿਆ ਸੈਂ? ਤੇ ਮੈਂ ਕਿੱਥੇ ਜਾਵਾਂ? ਤੇਰੇ ਭਰਾ ਨੇ ਤਾਂ ਮੇਰੇ ਚੀਰ ਵਿਚ ਸੰਧੂਰ ਈ ਭਰਿਆ ਸੀ, ਤੂੰ ਤਾਂ ਮਾਂ ਕਾਲੀ ਦੇ ਸਾਹਮਣੇ ਉਮਰ ਭਰ ਸਾਥ ਨਿਭਾਉਣ ਦੀਆਂ ਸੌਂਹਾਂ ਖਾਧੀਆਂ ਸੀ। ਦੇਖਦੀ ਆਂ, ਕਿਵੇਂ ਉਸਨੂੰ ਘਰ ਲਿਆਉਣੈ...ਸਾਰਿਆਂ ਨੂੰ ਮਾਰ ਕੇ ਆਪ ਜ਼ਹਿਰ ਖਾ ਲਵਾਂਗੀ।''
ਉਦੋਂ ਰਾਮ ਰਤਨ ਨੀਵੀਂ ਪਾ ਕੇ ਬੈਠਾ ਰਿਹਾ ਸੀ ਤੇ ਭੀੜ, ਪਾਗਲਾਂ ਵਾਂਗ ਚੀਕ ਰਹੀ ਕਜਰੀ ਵੱਲ ਦੇਖ ਰਹੀ ਸੀ...''ਸਾਰਿਆਂ ਨੂੰ ਮਾਰ ਕੇ ਮਰਾਂਗੀ।'' ਇਸ ਘਟਨਾ ਦਾ ਰਾਮ ਰਤਨ ਦੀ ਸਿਹਤ ਉੱਤੇ ਕੋਈ ਅਸਰ ਨਹੀਂ ਸੀ ਹੋਇਆ ਪਰ ਕਜਰੀ ਪ੍ਰਤੀ ਲੋਕਾਂ ਦੇ ਦਿਲਾਂ ਵਿਚ ਬਣੀਆਂ ਚੰਗੀਆਂ ਭਾਵਨਾਵਾਂ ਘਸਮੈਲੀਆਂ ਪੈ ਗਈਆਂ ਸਨ। ਲੋਕ ਉਸਨੂੰ ਇਕ ਸਸਤੀ ਔਰਤ ਸਮਝਣ ਲੱਗ ਪਏ ਸਨ। ਇਸ ਗੱਲ ਦਾ ਅਹਿਸਾਸ ਉਸਨੂੰ ਪਿੱਛੋਂ ਹੋਇਆ ਤੇ ਉਹ ਉਦਾਸ ਰਹਿਣ ਲੱਗੀ...ਚੁੱਪਚਾਪ ਆਪਣੀ ਖੋਲੀ ਵਿਚ ਪਈ ਰਹਿੰਦੀ...ਨਾ ਕਿਤੇ ਜਾਣ ਨਾ ਆਉਣ। ਫਿਰ ਇਕ ਦਿਨ ਮੁਹੱਲੇ ਦੇ ਲੋਕਾਂ ਦੇਖਿਆ ਕਿ ਰਾਮ ਰਤਨ ਨਵੀਂ ਵਹੁਟੀ ਲੈ ਆਇਆ ਹੈ ਤੇ ਇਕ ਵੱਖਰੀ ਖੋਲੀ ਵਿਚ ਰਹਿਣ ਲੱਗ ਪਿਆ ਹੈ। ਸਾਰੇ ਕਜਰੀ ਦੀ ਪ੍ਰਤੀਕ੍ਰਿਆ ਦੇਖਣ ਦੀ ਉਡੀਕ ਵਿਚ ਸਨ। ਪਰ ਜੋ ਉਹਨਾਂ ਦੇਖਿਆ ਉਸ ਨਾਲ ਉਹਨਾਂ ਸਭਨਾ ਨੂੰ ਸਕਤਾ ਮਾਰ ਗਿਆ...ਕੀ ਕੀ ਰੰਗ ਬਦਲਦੀ ਹੈ ਇਹ ਕਜਰੀ ਵੀ? ਜਿਸ ਰਾਮ ਰਤਨ ਨੇ ਭਰੇ ਬਾਜ਼ਾਰ ਵਿਚ ਉਸਨੂੰ ਨੰਗਿਆਂ ਹੋਣ ਲਈ ਮਜ਼ਬੂਰ ਕਰ ਦਿੱਤਾ ਸੀ, ਉਹ ਉਸ ਰਾਮ ਰਤਨ ਦੀ ਲਾੜੀ ਨੂੰ ਦੇਖਣ ਗਈ। ਉਸਨੇ ਆਪਣੇ ਵਿਆਹ ਵਾਲੀ ਸਾੜ੍ਹੀ ਬੰਨ੍ਹੀ ਹੋਈ ਸੀ, ਚਿਹਰੇ ਉੱਤੇ ਪਾਊਡਰ ਤੇ ਸਨੋ ਦੀ ਚਿਕਨਾਹਟ ਸੀ ਤੇ ਚਾਲ ਵਿਚ ਇਕ ਪਵਿੱਤਰ ਮਸਤੀ ਜੋ ਕਿਸੇ ਪੁਜਾਰਣ ਦੀ ਚਾਲ ਵਿਚ ਹੁੰਦੀ ਹੈ। ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਉਸ ਨੇ ਰਾਮ ਰਤਨ ਦੀ ਵਹੁਟੀ ਨੂੰ ਮੂੰਹ ਦਿਖਾਈ ਵਜੋਂ ਆਪਣੇ ਸਾਰੇ ਗਹਿਣੇ ਦੇ ਦਿੱਤੇ ਨੇ ਤਾਂ ਉਹਨਾਂ ਦੇ ਦਿਲ ਵਿਚ ਮੁੜ ਉਸ ਪ੍ਰਤੀ ਹਮਦਰਦੀ ਜਾਗ ਪਈ।
ਪਰ ਦੂਜੇ ਦਿਨ ਕਿਸੇ ਨੇ ਵੀ ਉਸਨੂੰ ਮੁਹੱਲੇ ਵਿਚ ਨਹੀਂ ਦੇਖਿਆ।
     ੦੦੦
ਅੱਜ ਸਿਆਲਦਾ ਸਟੇਸ਼ਨ ਉੱਤੇ ਇਕ ਦੋ ਲੋਕਲ ਗੱਡੀਆਂ ਦੇ ਦੇਰ ਨਾਲ ਆਉਣ ਕਰਕੇ ਬੜੀ ਭੀੜ ਸੀ। ਬੈਰਕਪੁਰ ਲੋਕਲ ਵਿਚੋਂ ਉਤਰ ਕੇ ਮੈਂ ਚੁੱਪਚਾਪ ਆਪਣੇ ਆਪ ਨੂੰ ਉਸ ਭੀੜ ਵਿਚ ਛੱਡ ਦਿੱਤਾ ਸੀ। ਜਦੋਂ ਮੇਰੀ ਕਿਸ਼ਤੀ ਕਿਨਾਰੇ ਲੱਗੀ ਤਾਂ ਆਪਣੇ ਆਪ ਨੂੰ ਟੀ ਸਟਾਲ ਸਾਹਮਣੇ ਖਲੋਤਿਆਂ ਦੇਖਿਆ। ਉੱਥੋਂ ਸਿਗਰੇਟ ਸੁਲਗਾ ਕੇ ਜਿਉਂ ਹੀ ਅੱਗੇ ਤੁਰਨ ਲੱਗਾ, ਮੇਰੀ ਨਜ਼ਰ ਕਜਰੀ 'ਤੇ ਜਾ ਪਈ। ਉਹ ਇਕ ਬੱਚੇ ਦਾ ਹੱਥ ਫੜ੍ਹੀ ਚੁੱਪਚਾਪ ਪਲੇਟਫ਼ਾਰਮ ਦੇ ਇਕ ਪਾਸੇ ਖੜ੍ਹੀ ਸੀ...ਅਚਾਨਕ ਮੇਰੇ ਪੈਰ ਮੈਨੂੰ ਉਸ ਵੱਲ ਲੈ ਤੁਰੇ ਸਨ।
''ਕਜਰੀ ਤੂੰ ਏਥੇ?'' ਨੇੜੇ ਪਹੁੰਚ ਕੇ ਮੈਂ ਪੁੱਛਿਆ।
''ਨਮਸਕਾਰ ਭਾਈ ਸਾਹਬ, ਭਾਬੀ ਦਾ ਕੀ ਹਾਲ ਐ?''
''ਠੀਕ ਐ...ਪਰ ਤੂੰ ਕਦ ਆਈ?''
''ਹੁਣੇ, ਬਸ ਆ ਈ ਰਹੀ ਆਂ।''
''ਇਸ ਵਾਰੀ ਤਾਂ ਇਕ ਨਵਾਂ ਮਹਿਮਾਨ ਵੀ ਨਾਲ ਏ ਤੇਰੇ।''
ਮੇਰੀ ਏਸ ਗੱਲ ਉੱਤੇ ਉਸਨੇ ਆਪਣੇ ਬੱਚੇ ਵੱਲ ਦੇਖਿਆ ਸੀ ਤੇ ਮੁਸਕਰਾਉਣ ਲੱਗ ਪਈ ਸੀ।
ਮੈਂ ਉਸਨੂੰ ਲਗਭਗ ਦੋ ਢਾਈ ਸਾਲਾਂ ਬਾਅਦ ਦੇਖਿਆ ਸੀ। ਇਹਨਾਂ ਦਿਨਾਂ ਵਿਚ ਉਸਦੇ ਚਿਹਰੇ ਉੱਤੇ ਪਿੰਡ ਦੀ ਗਰੀਬੀ ਦੀ ਛਾਪ ਪੈ ਗਈ ਹੈ...ਉਸ ਨੇ ਇਕ ਮੈਲਾ ਝੋਲਾ ਕੱਛੇ ਮਾਰਿਆ ਹੋਇਆ ਸੀ ਤੇ ਉਸਦੇ ਕੱਪੜੇ ਵੀ ਖਾਸੇ ਮੈਲੇ ਹੋਏ ਹੋਏ ਸਨ। ਗੱਲਬਾਤ ਵਿਚ ਕਿਸੇ ਹਾਰੇ-ਨਕਾਰੇ ਬੰਦੇ ਜਿਹੀ ਥਕਾਵਟ ਸੀ।
''ਆਖ਼ਰ ਤੈਨੂੰ ਵਾਪਸ ਆਉਣਾ ਹੀ ਪਿਆ, ਕਜਰੀ?'' ਬਿਨਾਂ ਮਕਸਦ ਹੀ ਮੈਂ ਕਹਿ ਬੈਠਾ ਸਾਂ ਤੇ ਇਹ ਗੱਲ ਸ਼ਾਇਦ ਉਸ ਦਾ ਅੰਦਰ ਖੁਰਚ ਗਈ ਸੀ। ਉਸ ਦੇ ਚਿਹਰੇ ਉੱਤੇ ਕਈ ਰੰਗ ਆਏ, ਫੇਰ ਉਸ ਨੇ ਸ਼ਾਂਤ ਹੋ ਕੇ ਕਿਹਾ...:
''ਵਾਪਸ ਜ਼ਰੂਰ ਆ ਗਈ ਆਂ, ਪਰ ਉਸ ਕੋਲ ਨਹੀਂ ਜਾਵਾਂਗੀ। ਵਾਪਸ ਆਉਣਾ ਮੇਰੀ ਲਾਚਾਰੀ ਐ...ਇਕ ਤਾਂ ਰੱਬ ਨੇ ਗਰੀਬ ਬਣਾਇਆ, ਦੂਜਾ ਉੱਚੀ ਜਾਤੀ ਵਿਚ ਜਨਮ ਦੇ ਦਿੱਤਾ—ਪਿੰਡ ਵਿਚ ਰਹਿ ਕੇ ਮਜ਼ਦੂਰੀ ਵੀ ਨਹੀਂ ਕਰ ਸਕਦੀ। ਹੜ੍ਹ ਤੇ ਸੋਕਾ ਤਾਂ ਹਰ ਸਾਲ ਦੇ ਪ੍ਰਾਹੁਣੇ ਹੋਏ ਹੋਏ ਐ, ਕਿਵੇਂ ਨਾ ਕਿਵੇਂ ਗੁਜ਼ਾਰਾ ਤਾਂ ਕਰਨਾ ਈ ਪਊਗਾ, ਭਾਈ ਸਾਹਬ।''
ਮੈਂ ਦੇਖਿਆ ਉਸਦੀਆਂ ਨਜ਼ਰਾਂ ਚੀਥੜਿਆਂ ਵਿਚ ਲਿਪਟੇ ਉਹਨਾਂ ਲੋਕਾਂ ਉੱਤੇ ਟਿਕੀਆਂ ਹੋਈਆਂ ਸਨ, ਜਿਹੜੇ ਪਲੇਟ ਫਾਰਮ ਉੱਤੇ ਪਏ ਸਨ ਤੇ ਜਿਹਨਾਂ ਦਾ ਸ਼ਾਇਦ ਕੋਈ ਨਾ ਘਰ ਸੀ, ਨਾ ਘਾਟ।
ਕਿਤੇ ਇੰਜ ਨਾ ਹੋਵੇ ਕਿ ਕਜਰੀ ਨੂੰ ਵੀ ਕਿਸੇ ਇਹੋ ਜਿਹੀ ਜਗ੍ਹਾ ਸ਼ਰਨ ਲੈਣੀ ਪਏ...ਇਹ ਵਿਚਾਰ ਮਨ ਵਿਚ ਆਉਂਦਿਆਂ ਹੀ ਇਕ ਘਬਰਾਹਟ ਤੇ ਪ੍ਰੇਸ਼ਾਨੀ ਮੈਨੂੰ ਚਾਰੇ ਪਾਸਿਓਂ ਘੇਰ ਲੈਂਦੀ ਹੈ।
ਉਦੋਂ ਹੀ ਕੋਈ ਇੰਜਨ ਕੂਕਿਆ।
''ਇਹ ਨਈ ਹਾਟ ਵਾਲੀ ਗੱਡੀ ਐ ਨਾ? ਮੇਰੇ ਲਈ ਇਹ...।''
''ਹਾਂ...ਹਾਂ, ਤੂੰ ਇਸੇ ਵਿਚ ਚੜ੍ਹ ਜਾ। ਵੇਲੇ ਸਿਰ ਟੀਟਾਗੜ੍ਹ ਪਹੁੰਚ ਜਾਏਂਗੀ।''
ਇਕ ਵਾਰੀ ਉਸ ਨੇ ਸਿੱਧਾ ਮੇਰੀਆਂ ਅੱਖਾਂ ਵਿਚ ਤੱਕਿਆ, ਝੋਲਾ ਚੁੱਕਿਆ ਤੇ ਆਪਣੇ ਬੱਚੇ ਦਾ ਹੱਥ ਫੜ੍ਹ ਕੇ ਉਸ ਪਲੇਟਫਾਰਮ ਵੱਲ ਤੁਰ ਗਈ ਜਿੱਥੇ ਲੋਕਲ ਟ੍ਰੇਨ ਖੜ੍ਹੀ ਹੋਈ ਸੀ।
     ੦੦੦
ਜੱਗ ਬਾਣੀ :  13 ਦਸੰਬਰ 1986 .

No comments:

Post a Comment