Friday, September 24, 2010

ਅਹਿਸਾਸ ਦਾ ਬੋਝ...:: ਲੇਖਕ : ਦਿਲਸ਼ਾਦ ਅਲੀ ਖ਼ਾਨ

ਉਰਦੂ ਕਹਾਣੀ :
ਅਹਿਸਾਸ ਦਾ ਬੋਝ...
ਲੇਖਕ : ਦਿਲਸ਼ਾਦ ਅਲੀ ਖ਼ਾਨ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਜਿਉਂ ਹੀ ਉਸ ਦੀ ਨਜ਼ਰ ਸਾਹਮਣੇ ਮੈਦਾਨ ਵਿਚ ਸਟੇਜ ਸਜ਼ਾ ਰਹੇ ਫੌਜੀ ਜਵਾਨਾਂ ਉੱਤੇ ਪਈ, ਦਿਮਾਗ਼ ਨੂੰ ਇਕ ਝਟਕਾ ਜਿਹਾ ਲੱਗਾ ਤੇ ਵਰ੍ਹਿਆਂ ਤੋਂ ਸੁੱਤੀਆਂ ਯਾਦਾਂ ਦੇ ਕਾਫਲੇ ਧੂੜ ਉਡਾਉਂਦੇ ਲੰਘ ਗਏ—ਪਹਿਲੀ ਵਾਰੀ ਉਸ ਨੂੰ ਪਾਗਲਖਾਨੇ ਦੀ ਚਾਰ ਦੀਵਾਰੀ ਵਿਚ ਘੁਟਨ ਜਿਹੀ ਮਹਿਸੂਸ ਹੋਈ ਤੇ ਉਸ ਨੇ ਆਪਣੇ ਨੇੜਿਓਂ ਲੰਘ ਰਹੇ ਡਾਕਟਰ ਨੂੰ ਕਿਹਾ...:
''ਡਾਕਟਰ ਸਾਹਾਬ ! ਮੇਰਾ ਦਮ ਘੁਟ ਰਿਹਾ ਏ, ਪਲੀਜ਼ ਮੈਨੂੰ ਬਾਹਰ ਕੱਢੋ।''
ਜਯੋਤੀ ਜਿਸ ਦੇ ਮੂੰਹੋਂ ਪਿੱਛਲੇ ਦਸ ਸਾਲ ਤੋਂ ਕਦੀ ਕਿਸੇ ਨੇ—'ਆ ਮੇਰਾ ਗਲ਼ਾ ਘੱਟ ਦੇ...ਮੈਨੂੰ ਨਹੀਂ ਪਤਾ ਤੇਰਾ ਬਾਪ ਕੌਣ ਏਂ।'—ਤੋਂ ਬਿਨਾਂ ਕਦੇ ਕੁਝ ਹੋਰ ਨਹੀਂ ਸੀ ਸੁਣਿਆ, ਉਸ ਦੀ ਹਾਲਤ ਵਿਚ ਏਡੀ ਵੱਡੀ ਤਬਦੀਲੀ ਵੇਖ ਕੇ ਡਾਕਟਰ ਸਿੰਘ ਦੇ ਦਿਲ ਦੀਆਂ ਧੜਕਨਾਂ ਤੇਜ਼ ਹੋ ਗਈਆਂ। ਉਹਨਾਂ ਕਾਹਲ ਨਾਲ ਉਸ ਨੂੰ ਬਾਹਰ ਲੈ ਆਂਦਾ।
'ਔਹ ਸਾਹਮਣੇ ਕੀ ਹੋ ਰਿਹਾ ਏ ਡਾਕਟਰ ਸਾਹਬ?'' ਮੈਦਾਨ ਵੱਲ ਇਸ਼ਾਰਾ ਕਰਕੇ ਜਯੋਤੀ ਨੇ ਪੁੱਛਿਆ ਸੀ। ਹੁਣ ਉਸ ਦੀਆਂ ਅੱਖਾਂ ਵਿਚ ਪਾਗਲਪਨ ਜਾਂ ਸੱਖਣੇਪਨ ਦੀ ਜਗ੍ਹਾ ਥਕਾਵਟ ਅਤੇ ਮਾਨਸਿਕ ਪ੍ਰੇਸ਼ਾਨੀ ਦੇ ਆਸਾਰ ਨਜ਼ਰ ਆ ਰਹੇ ਸਨ। ਇਕ ਮਾਹਰ ਮਨੋਵਿਗਿਆਨੀ ਵਾਂਗ ਹੀ ਡਾਕਟਰ ਸਿੰਘ ਨੇ ਉਸਦੀ ਇਸ ਬਦਲੀ ਹੋਈ ਹਾਲਤ ਉੱਤੇ ਹੈਰਾਨੀ ਨਹੀਂ ਸੀ ਪ੍ਰਗਟ ਕੀਤੀ ਬਲਕਿ ਹਲੀਮੀ ਨਾਲ ਕਿਹਾ ਸੀ...:
'ਜਯੋਤੀ ਬਈ ਜੇ ਤੂੰ ਇਕ ਵਾਅਦਾ ਕਰੇਂ ਤਾਂ ਮੈਂ ਤੈਨੂੰ ਇਕ ਇਹੋ ਜਿਹੀ ਗੱਲ ਦੱਸਗਾਂ ਕਿ ਖੁਸ਼ੀ ਨਾਲ ਨੱਚਣ ਲਗ ਪਏਂਗੀ ਤੂੰ...''
''ਮੈਂ ਤੇ ਖੁਸ਼ੀ?'' ਹਸਰਤ ਭਰੀਆਂ ਅੱਖਾਂ ਨਾਲ ਡਾਕਟਰ ਦੇ ਚਿਹਰੇ ਵੱਲ ਤੱਕਦਿਆਂ ਜਯੋਤੀ ਨੇ ਕਿਹਾ, ''ਪਰਛਾਵਿਆਂ ਦੇ ਜਿਸਮ ਨਹੀਂ ਹੁੰਦੇ ਡਾਕਟਰ ਸਾਹਾਬ।''
''ਮੈਡਮ ਜਯੋਤੀ,'' ਉਸ ਦਾ ਹੱਥ ਫੜ੍ਹ ਕੇ ਅਗਾਂਹ ਵੱਲ ਵਧਦੇ ਹੋਏ ਉਹ ਬੋਲੇ, ''ਗ਼ਮ ਜਾਂ ਖੁਸ਼ੀ ਵਰਗੀ ਕਿਸੇ ਸ਼ੈ ਦਾ ਕੋਈ ਵੱਖਰਾ ਵਜ਼ੂਦ ਨਹੀਂ ਹੁੰਦਾ—ਜ਼ਿੰਦਗੀ ਦੇ ਕਿਸੇ ਹਾਦਸੇ ਨੂੰ ਬੋਝ ਮੰਨ ਲਵੋ ਤਾਂ ਦਰਦ ਬਣ ਬਹਿੰਦਾ ਏ...''
''...ਤੇ ਜੇ ਭੁੱਲ ਜਾਓ ਤਾਂ ਖੁਸ਼ੀ ਦਾ ਗੁਮਾਨ ਹੋਣ ਲੱਗ ਪੈਂਦਾ ਹੈ। ਹੈ ਨਾ, ਡਾਕਟਰ ਸਾਹਬ?'' ਜਯੋਤੀ ਨੇ ਆਪ ਉਹਨਾਂ ਦੀ ਗੱਲ ਟੁੱਕੀ ਤੇ ਆਪੇ ਪੂਰੀ ਕਰ ਦਿੱਤੀ।
''ਖ਼ੈਰ ਕੁਝ ਆਪਣੇ ਬਾਰੇ ਸੁਣਾਅ?...ਹੋ ਸਕਦਾ ਏ, ਮੈਂ ਤੇਰੀ ਕੋਈ ਮਦਦ ਕਰ ਸਕਦਾ ਹੋਵਾਂ?'' ਬਹਿਸ ਵਿਚ ਪੈਣ ਦੀ ਬਜਾਏ ਡਾਕਟਰ ਨੇ ਸਿੱਧਾ ਸਵਾਲ ਕੀਤਾ।
ਜਯੋਤੀ ਨੇ ਠੰਡਾ ਹਊਕਾ ਲਿਆ ਤੇ ਥਾਵੇਂ ਬੈਠ ਗਈ।
''ਕਈ ਸਾਲ ਪਹਿਲਾਂ ਇਕ ਜੰਗ ਹੋਈ ਸੀ...ਜਿਊਣਾ ਹਰਾਮ ਹੋ ਗਿਆ ਸੀ, ਲੋਕਾਂ ਦਾ। ਉਸ ਜੰਗ ਦਾ ਇਕ ਬਹਾਦਰ ਸਿਪਾਹੀ ਸੀ , ਰਾਜੇਸ਼...''
''ਰਾਜੇਸ਼—ਰਾਜੇਸ਼ ਕੌਣ ਸੀ ਭਲਾ?''
ਜਯੋਤੀ ਨੇ ਜਿਵੇਂ ਇਹ ਸਵਾਲ ਹੀ ਨਹੀਂ ਸੀ ਸੁਣਿਆ।
''ਸਾਡੇ ਵਿਆਹ ਦੇ ਦੂਜੇ ਸਾਲ, ਉਸ ਦਿਨ ਸਾਡੇ ਪੁੱਤਰ ਦਾ ਪਹਿਲਾ ਜਨਮ ਦਿਨ ਮਨਾਇਆ ਗਿਆ ਸੀ ਤੇ ਮੇਰੇ ਪਤੀ ਆਨੰਦ ਕੁਮਾਰ ਨੇ ਖ਼ੁਦਕਸ਼ੀ ਕਰ ਲਈ ਸੀ। ਉਹਨਾਂ ਦੀ ਇੱਛਾ ਸੀ ਕਿ ਸਾਡਾ ਪੁੱਤਰ ਦਰਪਣ, ਮੇਜਰ ਰਾਜੇਸ਼ ਵਾਂਗ ਹੀ ਇਕ ਬਹਾਦਰ ਸਿਪਾਹੀ ਬਣੇ। ਮੈਂ ਵਚਨ ਦੇ ਚੁੱਕੀ ਸਾਂ, ਉਹਨਾਂ ਨਾਲ ਮਰ ਵੀ ਨਾ ਸਕੀ। ਪਿਆਰ ਮੇਰੀ ਜ਼ਿੰਦਗੀ ਨੂੰ ਕਿਸੇ ਸਰਾਪ ਵਾਂਗ ਲੱਗਿਆ। ਆਪਣੇ ਪਤੀ ਦੀ ਅੰਤਮ ਇੱਛਾ ਪੂਰੀ ਕਰਨ ਖਾਤਰ, ਪਤਾ ਨਹੀਂ, ਕਿੰਨੇ ਦੁੱਖ ਸਹਿ ਕੇ ਮੈਂ ਦਰਪਣ ਨੂੰ ਪਾਲਿਆ, ਜਵਾਨ ਕੀਤਾ। ਪਰ—ਜਿਸ ਦਿਨ ਉਹ ਮੇਰੇ ਸੁਪਨਿਆਂ ਦਾ ਸੱਚ ਬਣ ਕੇ ਫੌਜੀ ਵਰਦੀ ਵਿਚ ਮੇਰੇ ਸਾਹਮਣੇ ਆਇਆ ਤੇ ਮੈਂ ਅੱਗੇ ਵਧ ਕੇ ਉਸਨੂੰ ਆਪਣੀ ਛਾਤੀ ਨਾਲ ਲਾ ਲੈਣਾ ਚਾਹਿਆ, ਉਹ ਦੋ ਕਦਮ ਪਿੱਛੇ ਹਟ ਗਿਆ।
'' 'ਮਾਂ, ਪਹਿਲਾਂ ਇਹ ਦੱਸ ਮੇਰਾ ਬਾਪ ਕੌਣ ਸੀ? ਆਨੰਦ ਕੁਮਾਰ ਜਾਂ ਮੇਜਰ ਰਾਜੇਸ਼...ਜਿਸਦੀ ਤੂੰ ਉਮਰ ਭਰ, ਕਿਸੇ ਨਾ ਕਿਸੇ ਰੂਪ ਵਿਚ ਪੂਜਾ ਕਰਦੀ ਰਹੀ ਏਂ ਤੇ ਮੈਂ ਚੁੱਪਚਾਪ ਵੇਖਦਾ ਰਿਹਾਂ...?'
''ਡਾਕਟਰ ਸਾਹਬ,'' ਜਯੋਤੀ ਦਾ ਗੱਚ ਭਰ ਆਇਆ, ''ਕੀ ਕੋਈ ਮਾਂ ਆਪਣੀ ਔਲਾਦ ਨੂੰ ਸਿੱਧ ਕਰਕੇ ਵਿਖਾ ਸਕਦੀ ਹੈ ਕਿ ਉਸਦਾ ਬਾਪ ਕੌਣ ਹੈ? ਮੇਰਾ ਰੋਣ ਨਿਕਲ ਗਿਆ ਸੀ—ਉਸਦੇ ਸਾਹਮਣੇ ਮੁਜ਼ਰਮ ਵਾਂਗ ਹੱਥ ਜੋੜੀ ਖੜ੍ਹੀ ਸਾਂ ਮੈਂ। ਤੇ ਕਿਹਾ ਸੀ, 'ਰੱਬ ਦਾ ਵਸਤਾ ਈ, ਮੈਥੋਂ ਇਹੋ ਜਿਹੇ ਸਵਾਲ ਨਾਲ ਪੁੱਛ ਜਿਹਨਾਂ ਦੇ ਜਵਾਬ ਦੇਣ ਦੀ ਮੇਰੇ ਵਿਚ ਹਿੰਮਤ ਨਹੀਂ।' ਪਰ ਉਹ ਕੂਕਣ ਲੱਗਿਆ, 'ਲੋਕ ਕਹਿੰਦੇ ਨੇ ਮਾਂ ਕਿ ਮੇਰੀ ਸ਼ਕਲ, ਚਾਲ-ਢਾਲ, ਹੂ-ਬ-ਹੂ ਮੇਜਰ ਰਾਜੇਸ਼ ਨਾਲ ਮਿਲਦੀ ਹੈ, ਜੋ ਮੇਰਾ ਬਾਪ ਨਹੀਂ ਸੀ...ਤੇ ਤੂੰ ਸਾਰੀ ਜ਼ਿੰਦਗੀ ਉਸਦੀ ਪੂਜਾ ਕਰਦੀ ਰਹੀ ਏਂ। ਕਿਉਂ? ਆਖ਼ਰ ਕਿਉਂ?'
ਮੈਂ ਬੇਵੱਸ ਜਿਹੀ ਹੋ ਕੇ ਕਿਹਾ, 'ਮੇਰਾ ਗਲ਼ ਘੁੱਟ ਦੇ...ਮੈਨੂੰ ਨਹੀਂ ਪਤਾ ਤੇਰਾ ਬਾਪ ਕੌਣ ਏਂ।' '' ਕੁਝ ਚਿਰ ਪਿੱਛੋਂ ਆਪਣੀਆਂ ਅੱਖਾਂ ਵਿਚੋਂ ਵਗ ਤੁਰੇ ਹੰਝੂਆਂ ਨੂੰ ਪੂੰਝਦਿਆਂ ਹੋਇਆਂ ਉਸਨੇ ਕਿਹਾ, ''ਸਾਰੀ ਉਮਰ ਦੀ ਤਪਸਿਆ ਭੰਗ ਹੋ ਗਈ, ਮੇਰੀ ਮਮਤਾ ਵੀ ਮੇਰੇ ਅੰਦਰ ਛਿਪੀ ਔਰਤ ਦੇ ਜਿਸਮ ਨੂੰ ਕੱਜ ਨਾ ਸਕੀ ਤੇ ਫੇਰ ਮੇਰੀ ਜ਼ਿੰਦਗੀ ਨਾਲੋਂ ਚੇਤਨਾ ਦਾ ਹਰੇਕ ਰਿਸ਼ਤਾ ਟੁੱਟ ਗਿਆ।... ਮੈਂ ਇਹ ਵੀ ਨਹੀਂ ਜਾਣਦੀ ਕਿ ਮੇਰਾ ਪੁੱਤਰ ਕਿੱਥੇ ਹੈ?''
'ਹੂੰ,'' ਇਸ ਤੋਂ ਪਹਿਲਾਂ ਕਿ ਜਜ਼ਬਾਤ ਦੀ ਰੌ ਵਿਚ ਵਹਿ ਕੇ ਜਯੋਤੀ ਚੁੱਪ ਹੋ ਜਾਂਦੀ ਅਤੇ ਨਵ ਜਾਗੇ ਅਹਿਸਾਸ ਨਾਲੋਂ ਉਸਦਾ ਸਬੰਧ ਫੇਰ ਟੁੱਟ ਜਾਂਦਾ ਡਾਕਟਰ ਸਿੰਘ ਨੇ ਪੁੱਛਿਆ, ''ਇਹ ਰਾਜੇਸ਼ ਕੌਣ ਸੀ ਭਲਾ?''
'ਰਾਜੇਸ਼...'' ਜਯੋਤੀ ਨੇ ਲੰਮਾਂ ਸਾਹ ਖਿੱਚਿਆ, ''ਜਾਪਦੈ, ਕਿਸੇ ਪਿੱਛਲੇ ਜਨਮ ਦੀ ਗੱਲ ਏ ਜਾਂ ਫੇਰ ਬੀਤੇ ਯੁੱਗ ਦੀ ਕੋਈ ਕਹਾਣੀ। ਵੈਸੇ ਰਾਜੇਸ਼ ਮੇਰੇ ਬਚਪਨ ਦਾ ਸਾਥੀ ਸੀ। ਬੜਾ ਹੀ ਸ਼ਰਾਰਤੀ ਪਰ ਭਾਵੁਕ ਮੁੰਡਾ। ਹਾਸਾ-ਠੱਠਾ, ਧੌਲ-ਧੱਫਾ ਕਰਨ ਦੀ ਆਦਤ ਸੀ ਉਸਨੂੰ...ਸਾਰਿਆਂ ਉੱਤੇ ਪੂਰਾ ਰੋਅਬ ਰੱਖਦਾ। ਮੈਂ ਝਿੜਕਾਂ ਖਾਣ ਦੀ ਆਦੀ ਨਹੀਂ ਸਾਂ। ਰਾਜੇਸ਼ ਆਪਣੇ ਮਨ ਆਈ ਕਰਦਾ। ਇਕ ਦਿਨ ਹੋਰ ਬੱਚਿਆਂ ਵਾਂਗ ਮੈਨੂੰ ਵੀ ਘੂਰਿਆ, 'ਤੂੰ ਕਰਨਲ ਦੀ ਧੀ ਹੋਵੇਂਗੀ ਆਪਣੇ ਘਰ, ਸਾਡੇ ਨਾਲ ਖੇਡਨਾ ਹੁੰਦੈ ਤਾਂ ਹੋਰਾਂ ਵਾਂਗ ਰਿਹਾ ਕਰ।' ਮੈਨੂੰ ਗੁੱਸਾ ਆ ਗਿਆ। ਮੈਂ ਨੱਕ ਬੁੱਲ੍ਹ ਵੱਟੇ, ਦੰਦੀਆਂ ਚਿੜਾਈਆਂ ਤੇ ਅੱਗੋਂ—ਉਸਨੇ ਮੈਨੂੰ ਚਪੇੜ ਕੱਢ ਮਾਰੀ। ਏਨਾਂ ਜ਼ੋਰਦਾਰ ਥੱਪੜ ਕਿ ਮੇਰਾ ਰੋਣ ਨਿਕਲ ਗਿਆ ਸੀ—ਪਰ ਮੈਂ ਘਰੇ ਕਿਸੇ ਨੂੰ ਕੁਝ ਨਹੀਂ ਸੀ ਦੱਸਿਆ। ਹਾਂ, ਕਈ ਦਿਨ ਉਸ ਨਾਲ ਬੋਲੀ ਨਹੀਂ ਸਾਂ ਤੇ ਨਾ ਹੀ ਖੇਡਣ ਗਈ ਸਾਂ। ਮੈਂ ਅਕਸਰ ਮਹਿਸੂਸ ਕੀਤਾ ਤੇ ਵੇਖਿਆ ਕਿ ਉਸ ਦੀਆਂ ਪ੍ਰੇਸ਼ਾਨ ਅੱਖਾਂ ਮੈਨੂੰ ਲੱਭ ਰਹੀਆਂ ਹੁੰਦੀਆਂ ਸਨ।
''ਇਕ ਦਿਨ ਮੈਂ ਸਕੂਲੋਂ ਵਾਪਸ ਆ ਰਹੀ ਸਾਂ—ਉਹ ਮੇਰਾ ਰਸਤਾ ਰੋਕ ਕੇ ਖੜ੍ਹਾ ਹੋ ਗਿਆ, 'ਸੱਚਮੁੱਚ ਤੂੰ ਮੇਰੇ ਨਾਲ ਨਹੀਓਂ ਬੋਲਣਾ?' ਉਸ ਮਿੰਨਤ ਜਿਹੀ ਕੀਤੀ। ਉਸਦਾ ਗੱਲ ਕਰਨ ਦਾ ਢੰਗ ਤੇ ਜਾਦੂਮਈ ਆਵਾਜ਼ ਸੁਣ ਕੇ, ਮੇਰਾ ਸਾਰਾ ਗੁੱਸਾ ਉਤਰ ਗਿਆ ਸੀ। ਫੇਰ ਉਸਨੇ ਅੱਗੇ ਵਧ ਕੇ ਮੇਰਾ ਮੂੰਹ ਉਤਾਂਹ ਕਰਦਿਆਂ ਕਿਹਾ ਸੀ, 'ਓ ਮੰਨੀਏਂ, ਮਾਫ ਵੀ ਕਰ ਦੇਅ ਬਈ...ਫੇਰ ਕਦੀ ਇੰਜ ਨਹੀਂ ਕਰਾਂਗਾ।' ਮੈਂ ਚੁੱਪ ਖੜ੍ਹੀ ਸਾਂ ਪਰ ਪਤਾ ਨਹੀਂ ਕਿਉਂ ਅੱਖਾਂ ਵਿਚੋਂ ਅੱਥਰੂ ਕਿਰਨ ਲੱਗ ਪਏ ਸਨ! ਉਦੋਂ ਉਸਨੇ ਮੇਰੇ ਅੱਥਰੂ ਪੂੰਝਦਿਆਂ ਬੜੇ ਪਿਆਰ ਨਾਲ ਕਿਹਾ ਸੀ, 'ਝੱਲੀ ਨਾ ਹੋਵੇ ਤਾਂ, ਰੋਣ ਲੱਗ ਪਈ...ਭਲਾ ਏਸ 'ਚ ਰੋਣ ਵਾਲੀ ਕਿਹੜੀ ਗੱਲ ਏ?'
'ਉਸਦੇ ਪਿਆਰ ਦੇ ਏਸੇ ਅੰਦਾਜ਼ ਨੇ ਮੇਰੇ ਦਿਲ ਵਿਚ ਉਸ ਖਾਤਰ ਇਕ ਨਵੇਕਲੀ ਜਗ੍ਹਾ ਬਣਾਈ...ਦਿਲ ਚਾਹੁੰਦਾ ਉਹ ਵਾਰੀ-ਵਾਰੀ ਇਸੇ ਤਰ੍ਹਾਂ ਮਨਾਵੇ ਮੈਨੂੰ ਰੁਸੜੀ ਨੂੰ। ਸਮਾਂ ਲੰਘਦਾ ਗਿਆ ਅਸੀਂ ਦੋਏ ਨਾਲੋ-ਨਾਲ ਜਵਾਨ ਹੋ ਗਏ। ਉਹ ਮਾਸੂਮ ਰਿਸ਼ਤਾ ਵੀ, ਬਗ਼ੈਰ ਕਿਸੇ ਨਾਮ ਤੋਂ ਹੀ, ਪੀਢਾ ਹੁੰਦਾ ਰਿਹਾ। ਮੈਨੂੰ ਮਹਿਸੂਸ ਹੁੰਦਾ ਰਾਜੇਸ਼ ਤੋਂ ਬਿਨਾ ਮੇਰੀ ਜ਼ਿੰਦਗੀ ਅਧੂਰੀ ਹੈ। ਇਕ ਵੇਰ ਮੇਰੇ ਮੂੰਹੋਂ ਨਿਕਲ ਹੀ ਗਿਆ, 'ਰਾਜੇਸ਼ ਤੇਰੇ ਬਗ਼ੈਰ ਮੈਂ ਇਕ ਪਲ ਨਹੀਂ ਜੀ ਸਕਾਂਗੀ।' ਤੇ ਉਸਨੇ ਬੜੇ ਆਤਮ-ਵਿਸ਼ਵਾਸ ਨਾਲ ਕਿਹਾ, 'ਤੇਰਾ ਮੇਰਾ ਰਿਸ਼ਤਾ ਜਿਸਮ ਤੇ ਰੂਹ ਦਾ ਹੈ। ਦੋਏ ਇਕ ਦੂਜੇ ਤੋਂ ਬਿਨਾ ਅਧੂਰੇ।' ਤੇ ਪਹਿਲੀ ਵਾਰੀ ਉਸਨੇ ਮੇਰਾ ਹੱਥ ਫੜ੍ਹ ਕੇ ਘੁੱਟਿਆ ਸੀ, 'ਮੇਰਾ ਯਕੀਨ ਮੰਨੀ ਜਯੋਤੀ, ਮੇਰੀ ਜ਼ਿੰਦਗੀ ਤੈਥੋਂ ਸ਼ੁਰੂ ਹੋਈ ਏ ਤੇ ਤੇਰੇ 'ਤੇ ਹੀ ਖ਼ਤਮ ਹੋਏਗੀ। ਤੂੰ ਸੀਮਾ ਏਂ ਮੇਰੇ ਸੁਪਨਿਆਂ ਦੀ, ਮੇਰੀ ਮੰਜ਼ਿਲ ਏਂ, ਮੇਰਾ ਰਸਤਾ ਏਂ ਤੇ ਰਹਿਬਰ ਵੀ।' ਉਸ ਦਿਨ ਤੋਂ ਬਾਅਦ ਉਸਨੇ ਮੇਰੇ ਅਨੇਕਾਂ ਨਾਮ ਲਿਖ ਦਿੱਤੇ ਸੀਮਾ, ਆਸ਼ਾ, ਸ਼ਕਤੀ, ਮੋਨੂੰ, ਜਯੋਤੀ; ਜੋ ਦਿਲ 'ਚ ਆਉਂਦਾ ਕਹਿ ਦੇਂਦਾ। ਉਸਨੇ ਸਿਰਫ ਮੇਰੀ ਖਾਤਰ ਜਿਉਣਾ ਸ਼ੁਰੂ ਕਰ ਦਿੱਤਾ ਸੀ।
''ਮੈਂ ਫੌਜੀ ਮਾਹੌਲ ਵਿਚ ਜੰਮੀ ਪਲੀ ਸਾਂ। ਡੈਡੀ ਜਰਨਲ ਦੇ ਅਹੁਦੇ 'ਤੇ ਸਨ। ਸ਼ਾਇਦ ਇਸੇ ਕਰਕੇ ਮੇਰਾ ਆਈਡਲ ਵੀ ਇਕ ਮਿਲਟਰੀ ਅਫਸਰ ਹੀ ਸੀ, ਜਿਸ ਦੀ ਹਿੱਕ ਉੱਤੇ ਬਹਾਦਰੀ ਦੇ ਅਣਗਿਣਤ ਤਮਗੇ ਲੱਗੇ ਹੋਣ। ਪਰ ਰਾਜੇਸ਼ ਹਮੇਸ਼ਾ ਹੀ ਇਕ ਬਿਜਨੇਸ ਮੈਨ ਬਣਨ ਦੀਆਂ ਗੱਲਾਂ ਕਰਦਾ ਹੁੰਦਾ ਸੀ।
''ਫੇਰ ਅਚਾਨਕ ਸਰਹੱਦ ਉੱਤੇ ਜੰਗ ਦੇ ਬਦਲ ਘਿਰ ਆਏ—ਜਗ੍ਹਾ ਜਗ੍ਹਾ ਭਰਤੀ ਖੋਹਲ ਦਿੱਤੀ ਗਈ। ਪਤਾ ਨਹੀਂ ਕਿਸ ਮਨਹੂਸ ਘੜੀ ਵਿਚ ਮੇਰੇ ਮੂੰਹੋਂ ਨਿਕਲ ਗਿਆ—'ਰਾਜੇਸ਼ ਤੂੰ ਵੀ ਫੌਜ ਵਿਚ ਭਰਤੀ ਹੋ ਜਾ। ਮੈਂ ਪਲ ਪਲ ਉਸ ਦਿਨ ਦੀ ਉਡੀਕ ਕਰਾਂਗੀ, ਜਿਸ ਦਿਨ ਤੂੰ ਜੰਗ ਜਿੱਤ ਕੇ ਆਏਂਗਾ—ਤੇਰੇ ਸੀਨੇ ਦੇ ਉੱਤੇ ਮੈਡਲ ਲਾਏ ਜਾਣਗੇ ਤੇ ਮੈਂ ਆਪਣੇ ਜੀਵਨ ਸਾਥੀ ਨੂੰ ਵੇਖ ਕੇ ਕਿੰਨੀ ਖੁਸ਼ ਹੋਵਾਂਗੀ।'
'' 'ਜੀਵਨ ਸਾਥੀ।' ਰਾਜੇਸ਼ ਨੇ ਖੁਸ਼ੀ ਨਾਲ ਦੁਹਰਾਇਆ ਤੇ ਮੇਰਾ ਹੱਥ ਫੜ੍ਹ ਕੇ ਚੁੰਮ ਲਿਆ ਸੀ। ਉਮਰਾਂ ਦੇ ਫਾਸਲੇ ਪਲਾਂ ਵਿਚ ਤੈਅ ਹੋ ਗਏ ਸਨ। ਜਾਪਦਾ ਸੀ ਜਿਵੇਂ ਸਦੀਆਂ ਬੀਤ ਗਈਆਂ ਨੇ ਇਕੱਲਿਆਂ ਰਹਿੰਦਿਆਂ... ਰੱਬ ਕਰੇ ਇਹ ਰਿਸ਼ਤਾ ਕਦੀ ਨਾ ਟੁੱਟੇ, ਇਹ ਪਿਆਰ ਕਦੀ ਨਾ ਮੁੱਕੇ। ਪਰ ਅਸੀਂ ਕਦੀ ਆਪਣੇ ਆਪ ਨੂੰ ਜਜ਼ਬਾਤਾਂ ਦੀ ਭੇਟ ਨਹੀਂ ਸੀ ਹੋਣ ਦਿੱਤਾ।
'ਫੇਰ ਰਾਜੇਸ਼ ਫੌਜ ਵਿਚ ਭਰਤੀ ਹੋ ਗਿਆ। ਉਸਨੂੰ 'ਕਮਿਸ਼ਨ' ਵੀ ਮਿਲ ਗਿਆ। ਡੈਡੀ ਨੂੰ ਸਾਡੇ ਪਿਆਰ ਦਾ ਪਤਾ ਸੀ ਪਰ ਮੈਂ ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਰਾਜੇਸ਼ ਨੂੰ ਪੁੱਛਿਆ, 'ਰਾਜੇਸ਼ ਮੈਦਾਨੇ ਜੰਗ ਵਿਚ ਜਾਣ ਤੋਂ ਪਹਿਲਾਂ ਕੀ ਮੇਰੀ ਮਾਂਗ ਵਿਚ ਸੰਧੂਰ ਨਹੀਂ ਭਰਨਾ?' ਤੇ ਉਸਨੇ ਹੱਸ ਕੇ ਕਿਹਾ ਸੀ, 'ਝੱਲੀ ਏਂ ਤੂੰ ਸੋਚਦੀ ਏਂ ਮੈਂ ਮਰ ਜਾਵਾਂਗਾ...।' ਮੈਂ ਸਹਿਮ ਕੇ ਉਸਦੇ ਬੁੱਲ੍ਹਾਂ 'ਤੇ ਹੱਥ ਰੱਖ ਦਿੱਤਾ। ਉਸਨੇ ਮੇਰਾ ਹੱਥ ਚੁੰਮ ਕੇ ਅੱਖਾਂ ਨਾਲ ਲਾਂਦਿਆਂ ਕਿਹਾ, 'ਤੂੰ ਤਾਂ ਮੇਰੀ ਰੂਹ ਏਂ, ਪ੍ਰੇਰਨਾ ਏਂ, ਮੇਰੇ ਹਰ ਵਲਵਲੇ ਦੀ।' ਫੇਰ ਕਈ ਪਲ ਉਹ ਮੈਨੂੰ ਪਿਆਰ ਭਿੱਜੀਆਂ ਨਜ਼ਰਾਂ ਨਾਲ ਤੱਕਦਾ ਰਿਹਾ ਤੇ ਫੇਰ ਬੋਲਿਆ, 'ਅੱਛਾ ਇੰਜ ਕਰ ਤੂੰ ਇਕ ਕਾਗਜ਼ ਉੱਤੇ ਆਪਣੇ ਬੁੱਲਾਂ ਦੇ ਨਿਸ਼ਾਨ ਲਾ ਕੇ ਦੇ ਦੇ ਮੈਨੂੰ—ਇਹ ਨਿਸ਼ਾਨੀ ਮੈਂ ਤੈਨੂੰ ਉਸ ਦਿਨ ਸੁਗਾਤ ਵਜੋਂ ਦਿਆਂਗਾ, ਜਿਸ ਦਿਨ ਜੰਗ ਜਿੱਤ ਕੇ ਵਾਪਸ ਆਵਾਂਗਾ ਤੇ ਤੈਨੂੰ ਹਮੇਸ਼ਾ ਲਈ ਆਪਣੀ ਬਣਾਅ ਲਵਾਂਗਾ।'
''ਜੁਦਾਈ ਸਮੇਂ ਉਸਦੇ ਮਨ ਉੱਤੇ ਕਿਸੇ ਅਹਿਸਾਸ ਦਾ ਬੋਝ ਨਹੀਂ ਰਹਿਣ ਦੇਣਾ ਚਾਹੁੰਦੀ ਸਾਂ ਮੈਂ...ਕਾਹਲ ਨਾਲ ਅੰਦਰ ਗਈ ਤੇ ਇਕ ਕੋਰੇ ਕਾਗਜ਼ ਉਤੇ ਬੁੱਲ੍ਹਾਂ ਦੀ ਛਾਪ ਲਾ ਕੇ ਉਸਨੂੰ ਦੇ ਦਿੱਤੀ—ਮੇਰੀ ਕੋਰੀ ਕਲਪਨਾ ਉੱਤੇ ਅੱਜ ਵੀ ਉਹ ਨਿਸ਼ਾਨ ਓਵੇਂ ਹੀ ਉੱਕਰੇ ਹੋਏ ਨੇ। ਫੇਰ ਮੈਂ ਦੇਖਦੀ ਹੀ ਰਹਿ ਗਈ ਤੇ ਰਾਜੇਸ਼ ਮੁਹਾਜ਼ 'ਤੇ ਚਲਾ ਗਿਆ।
''ਜੰਗ ਦੇ ਮੈਦਾਨ ਵਿਚ ਅੰਗਿਆਰੇ ਭੁੜਕਦੇ ਰਹੇ, ਪੂਰੀ ਛਾਉਣੀ ਖਾਲੀ ਹੋ ਗਈ। ਵੀਰਾਨੇ ਵਿਚ ਗੂੰਜਦੀਆਂ ਸਿਸਕੀਆਂ ਤੇ ਚੂੜੀਆਂ ਦੇ ਟੁੱਟਣ ਦਾ ਖੜਾਕ ਸੁਣ ਕੇ ਮੇਰਾ ਦਿਲ ਬੈਠ ਜਾਂਦਾ। ਭਿਆਨਕ ਸੁਪਨਿਆਂ ਦੇ ਪ੍ਰਛਾਵੇਂ ਆਸੇ-ਪਾਸੇ ਮੰਡਲਾਉਂਦੇ ਰਹਿੰਦੇ—ਤੇ ਇਕ ਦਿਨ ਜਦੋਂ ਡੈਡੀ ਨੇ ਦੱਸਿਆ ਕਿ 'ਫੀਲਡ 'ਚੋਂ ਖ਼ਬਰ ਆਈ ਹੈ ਕਿ ਕਮਾਂਡਰ ਦੀ ਵਾਰਨਿੰਗ ਦੇ ਬਾਵਜੂਦ ਰਾਜੇਸ਼ ਆਪਣਾ ਟੈਂਕ ਲੈ ਕੇ ਦੁਸ਼ਮਣ ਦੀਆਂ ਸਫ਼ਾਂ ਅੰਦਰ ਜਾ ਘੁਸਿਆ—ਉਸਨੇ ਇਕ ਵਿਸ਼ੇਸ ਪੁਲ ਨੂੰ ਤੋੜ ਕੇ ਦੁਸ਼ਮਣ ਦੀ ਸਪਲਾਈ ਲਾਈਨ ਕੱਟ ਕਰ ਦਿੱਤੀ ਤੇ ਜੰਗ ਦਾ ਨਕਸ਼ਾ ਹੀ ਬਦਲ ਦਿੱਤਾ। ਪਰ ਉਸ ਦਾ ਟੈਂਕ ਤਬਾਹ ਹੋ ਗਿਆ...'
' '...ਤੇ ਰਾਜੇਸ਼, ਡੈਡੀ?' ਮੈਂ ਘਬਰਾ ਕੇ ਪੁੱਛਿਆ। ਤੇ ਉਹ ਬਸ ਏਨਾ ਆਖ ਕੇ ਚੁੱਪਚਾਪ ਚਲੇ ਗਏ ਸਨ ਕਿ 'ਉਹ ਲਾ ਪਤਾ ਹੈ।' ਇਸਦਾ ਅਰਥ ਕੁਝ ਵੀ ਹੋ ਸਕਦਾ ਸੀ। ਸੁਣ ਕੇ ਲੱਗਿਆ ਜਿਵੇਂ ਮੇਰੀ ਰੂਹ ਨੂੰ ਕਿਸੇ ਨੇ ਕੰਡਿਆਂ ਉੱਤੋਂ ਘਸੀਟ ਦਿੱਤਾ ਹੋਵੇ। ਕੁਝ ਦਿਨਾਂ ਪਿੱਛੋਂ ਜੰਗ ਬੰਦ ਹੋ ਗਈ। ਲੋਕਾਂ ਜਿੱਤ ਦੇ ਜਸ਼ਨ ਮਨਾਏ। ਮੇਰੇ ਰਾਜੇਸ਼ ਨੂੰ ਫੌਜੀ ਸਨਮਾਨ ਦਿੱਤਾ ਗਿਆ—ਬੜੀ ਸ਼ਾਨ ਨਾਲ ਉਸਦਾ ਬੁੱਤ ਲਗਵਾਇਆ ਗਿਆ ਤੇ ਉਸ ਤੋਂ ਪਰਦਾ ਹਟਾਇਆ ਗਿਆ। ਮੈਂ ਰਾਤ ਦੇ ਹਨੇਰੇ ਵਿਚ ਉਸ ਬੁੱਤ ਕੋਲ ਜਾ ਬੈਠਦੀ, ਉਸ ਨਾਲ ਗੱਲਾਂ ਕਰਦੀ ਤੇ ਰੋਂਦੀ ਰਹਿੰਦੀ। ਕਦੀ ਕਦੀ ਇੰਜ ਮਹਿਸੂਸ ਹੁੰਦਾ ਸੀ, ਉਹ ਹੁਣੇ ਬੋਲਣ ਲੱਗ ਪਏਗਾ। ਭਰਮ ਮੈਨੂੰ ਭਰਮਾਉਂਦੇ ਰਹੇ—ਤੇ ਮੈਂ ਉਹਨਾਂ ਦੇ ਆਸਰੇ ਜਿਉਂਦੀ ਰਹੀ।
''ਤੇ ਉਸ ਦਿਨ ਮੈਂ ਉਸਦੇ ਬੁੱਤ ਕੋਲ ਬੈਠੀ ਹੋਈ ਸਾਂ—ਅਚਾਨਕ ਕੰਨਾਂ ਵਿਚ ਉਸਦੀ ਆਵਾਜ਼ ਗੂੰਜੀ, 'ਮੈਂ ਆ ਗਿਆ ਹਾਂ ਸੀਮਾ'...ਮੈਂ ਸਮਝੀ ਸ਼ਾਇਦ ਫੇਰ ਕੋਈ ਭਰਮ, ਭਰਮਾ ਰਿਹਾ ਹੈ ਮੈਨੂੰ। ਪਰ ਹਨੇਰੇ ਵਿਚ ਕਿਸੇ ਨੂੰ ਆਪਣੇ ਨਜ਼ਦੀਕ ਖਲੋਤਿਆਂ ਵੇਖ ਕੇ ਮੇਰਾ ਤਰਾਹ ਨਿਕਲ ਗਿਆ...'ਕੌਣ ਹੈ?'
'' 'ਮੈਂ—ਤੇਰਾ ਰਾਜੂ, ਪ੍ਰੀਤੀ।' ਐਤਕੀਂ ਮੈਂ ਰਾਜੇਸ਼ ਦੀ ਆਵਾਜ਼ ਸਾਫ ਸੁਣ ਲਈ ਸੀ। ਡਰ ਤੇ ਸਹਿਮ ਦੇ ਬਾਵਜੂਦ ਮੇਰੇ ਕਦਮ ਖ਼ੁਦ-ਬ-ਖ਼ੁਦ ਉਸ ਵੱਲ ਵਧਣ ਲੱਗੇ। ਡਰਦਿਆਂ-ਡਰਦਿਆਂ ਉਸਨੂੰ ਛੂਹ ਕੇ ਦੇਖਿਆ। ਉਸ ਆਪਣੇ ਖਾਸ ਅੰਦਾਜ਼ ਵਿਚ ਕਿਹਾ, 'ਤਾਂ ਤੈਨੂੰ ਵੀ ਯਕੀਨ ਨਹੀਂ ਨਾ ਆਇਆ ਸੀ ਕਿ ਮੈਂ ਮਰ ਗਿਆ ਹਾਂ।' ਉਸ ਦੇ ਏਨਾ ਕਹਿਣ ਦੀ ਦੇਰ ਸੀ, ਮੇਰਾ ਰੋਣ ਨਿਕਲ ਗਿਆ। ਮੈਂ ਉਸਨੂੰ ਜੱਫੀ ਪਾ ਲਈ। ਉਹ ਕਹਿ ਰਿਹਾ ਸੀ, 'ਮੈਨੂੰ ਪਤਾ ਸੀ ਜੰਗੀ ਕੈਦੀਆਂ ਦੀ ਵਾਪਸੀ ਜ਼ਰੂਰ ਹੋਏਗੀ; ਪਰ ਹੁਕਮ ਅਦੂਲੀ ਸਦਕਾ ਮੇਰਾ ਕੋਰਟ-ਮਾਰਸ਼ਲ ਕੀਤਾ ਜਾਏਗਾ। ਮੈਨੂੰ ਆਪਣੇ ਸਾਥੀਆਂ ਦੀ ਜਾਨ ਲੈਣ ਦਾ ਕੋਈ ਅਧਿਕਾਰ ਨਹੀਂ ਸੀ। ਇਕ ਜੇਤੂ ਦੀ ਬਜਾਏ, ਇਕ ਮੁਜਰਿਮ ਦੀ ਹੈਸੀਅਤ ਨਾਲ ਤੇਰੇ ਸਾਹਮਣੇ ਕਿਵੇਂ ਆ ਸਕਦਾ ਸਾਂ ਮੈਂ। ਇਕ ਦਿਨ ਮੌਕਾ ਤਾੜ ਕੇ ਹਸਪਤਾਲ 'ਚੋਂ ਫਰਾਰ ਹੋ ਗਿਆ ਤੇ ਆਪਣੇ ਮੁਲਕ ਦੀਆਂ ਹੱਦਾਂ ਵਿਚ ਆਣ ਵੜਿਆ...ਤੇ ਇੱਥੇ ਆਣ ਕੇ ਵੇਖਿਆ, ਮੈਨੂੰ ਕੀ ਦਾ ਕੀ ਬਣਾ ਦਿੱਤਾ ਗਿਆ ਸੀ! ਆਪਣੀ ਗ਼ਲਤੀ ਦਾ ਅਹਿਸਾਸ ਹੋਇਆ।'
' 'ਰਾਜੂ, ਚੱਲ ਅੰਦਰ ਚੱਲ,' ਮੈਂ ਖ਼ੁਸ਼ੀ ਨਾਲ ਪਾਗਲ ਹੁੰਦੀ ਜਾ ਰਹੀ ਸਾਂ। ਉਸਦਾ ਹੱਥ ਫੜ੍ਹ ਕੇ ਖਿੱਚਦੀ ਹੋਈ ਵਰਾਂਡੇ ਵਿਚ ਲੈ ਆਈ, ਅੱਖਾਂ ਤਰਸ ਗਈਆਂ ਸਨ ਉਸਦੀ ਸੂਰਤ ਵੇਖਣ ਨੂੰ। ਅਗੇ ਵਧ ਕੇ ਲਾਈਟ ਆਨ ਕਰ ਦਿੱਤੀ—ਰਾਜੇਸ਼ ਹਨੇਰੇ ਵਿਚ ਖੜ੍ਹਾ ਸੀ, ਮੈਂ ਝੱਟ ਉਸਨੂੰ ਰੌਸ਼ਨੀ ਵਿਚ ਖਿੱਚ ਲਿਆ...ਤੇ (ਜਯੋਤੀ ਦੀਆਂ ਅੱਖਾਂ ਵਿਚ ਇਕ ਵਾਰ ਫੇਰ ਭੈ ਦੇ ਪ੍ਰਛਾਵੇਂ ਤੈਰਨ ਲੱਗੇ) ਜਿਵੇਂ ਹੀ ਉਸਦੇ ਚਿਹਰੇ ਵੱਲ ਤੱਕਿਆ ਮੇਰੀ ਚੀਕ ਨਿਕਲ ਗਈ।
''ਰਾਜੇਸ਼ ਦਾ ਚਿਹਰਾ ਝੁਲਸਿਆ ਜਾਣ ਕਰਕੇ ਅਤਿ ਭਿਆਨਕ ਹੋਇਆ ਹੋਇਆ ਸੀ।
''ਮੈਂ ਦੋਏ ਹੱਥਾਂ ਨਾਲ ਆਪਣੀਆਂ ਅੱਖਾਂ ਢਕ ਲਈਆਂ ਤੇ ਉਚੀ-ਉਚੀ ਰੋਣ ਲੱਗ ਪਈ। ਆਵਾਜ਼ ਸੁਣ ਕੇ ਘਰ ਵਾਲੇ ਬਾਹਰ ਨਿਕਲ ਆਏ। ਰਾਜੇਸ਼ ਪਤਾ ਨਹੀਂ ਕਿੱਧਰ ਚਲਾ ਗਿਆ ਸੀ। ਉਸ ਦਿਨ ਉਸ ਬਾਰੇ ਮੈਂ ਕਿਸੇ ਨੂੰ ਕੁਝ ਵੀ ਨਾ ਦੱਸਿਆ।...ਤੇ ਡਾਕਟਰ ਸਾਹਬ'', ਉਸ ਦੇ ਸਾਹਾਂ ਦੀ ਗਤੀ ਖਾਸੀ ਤੇਜ਼ ਹੋ ਗਈ ਸੀ, ''ਅਕਸਰ ਰਾਤਾਂ ਨੂੰ ਉਹ ਮੇਰੇ ਆਸ-ਪਾਸ ਮੰਡਲਾਉਂਦਾ ਰਹਿੰਦਾ ਤੇ ਪੁੱਛਦਾ—'ਮੈਂ ਮੌਤ ਦੇ ਮੂੰਹ 'ਚ ਇਸ ਕਰਕੇ ਗਿਆ ਸਾਂ ਜਯੋਤੀ ਕਿ ਤੂੰ ਮੈਥੋਂ ਮੁਖ ਮੋੜ ਲਏਂ?' ਮੇਰੇ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ। ਤੇ ਏਨੀ ਹਿੰਮਤ ਵੀ ਨਹੀਂ ਸੀ ਕਿ ਖੱਲ੍ਹੀਆਂ ਅੱਖਾਂ ਨਾਲ ਉਸਦਾ ਉਹ ਰੂਪ ਵੇਖ ਸਕਾਂ। ਬਸ ਮੂੰਹ ਲੁਕੋ ਕੇ ਰੋਂਦੀ ਰਹਿੰਦੀ ਸਾਂ...ਤੇ ਮੇਰੀ ਬੇਵੱਸੀ ਨੂੰ ਉਸ ਨੇ ਨਫ਼ਰਤ ਸਮਝ ਲਿਆ। ਫੇਰ ਇਕ ਰਾਤ ਵਰਾਂਡੇ ਵਿਚ ਪਿਆ ਉਸਦਾ ਖ਼ਤ ਮਿਲਿਆ। ਲਿਖਿਆ ਸੀ—
'ਜਯੋਤੀ
ਜੇ ਮੇਰੀ ਸੂਰਤ ਤੇਰੀ ਮੁਹੱਬਤ ਨੂੰ ਏਡਾ ਹੁਸੀਨ ਮੋੜ ਦੇ ਸਕਦੀ ਹੈ ਤਾਂ ਇਸ ਜਿਊਣ ਨਾਲੋਂ ਮਰ ਜਾਣਾ ਚੰਗਾ ਹੈ।'
'ਪਤਾ ਸੀ ਜਿਹੜਾ ਆਦਮੀ ਮੈਨੂੰ ਪਾਉਣ ਖਾਤਰ ਮੌਤ ਤੋਂ ਨਹੀਂ ਡਰਿਆ ਸੀ ਮੈਨੂੰ ਗੁਆ ਕੇ ਜ਼ਿੰਦਗੀ ਨੂੰ ਠੁਕਰਾ ਦਏਗਾ। ਖ਼ੁਦਕਸ਼ੀ ਕਰ ਲਏਗਾ। ਤੇ ਫੇਰ—ਰਾਜੇਸ਼ ਕਦੀ ਨਹੀਂ ਆਇਆ। ਇਸ ਸਦਮੇਂ ਨੇ ਮੇਰੀ ਰਹੀ ਸਹੀ ਮੱਤ ਵੀ ਮਾਰ ਦਿੱਤੀ। ਬਿਲਕੁਲ ਪਾਗਲਾਂ ਵਾਂਗ ਹੋ ਗਈ ਸਾਂ ਮੈਂ। ਮੈਨੂੰ ਜਗ੍ਹਾ ਜਗ੍ਹਾ ਰਾਜੇਸ਼ ਹੀ ਨਜ਼ਰ ਆਉਣ ਲੱਗਾ। ਪਤਾ ਨਹੀਂ ਕਿੰਨੇ ਮਰਦਾਂ ਵਿਚ ਉਸਦੀ ਸੂਰਤ ਦੇ ਭੁਲੇਖੇ ਪਏ ਸਨ ਮੈਨੂੰ। ਪਰ ਮੈਂ ਆਪਣੇ ਆਪ 'ਤੇ ਕਾਬੂ ਰੱਖਿਆ ਜਾਣਦੀ ਸਾਂ—ਜੇ ਇਕ ਵਾਰ ਤਿਲ੍ਹਕ ਗਈ...ਉਮਰ ਭਰ ਨਹੀਂ ਸੰਭਲ ਸਕਾਂਗੀ। ਮੇਰੀ ਤਪਸਿਆ ਭੰਗ ਹੋ ਜਾਏਗੀ; ਪਿਆਰ ਨੂੰ ਕਲੰਕ ਲੱਗ ਜਾਏਗਾ। ਪਰ, ਕਦੋਂ ਤਕ ਲੜਦੀ ਆਪਣੇ ਆਪੇ ਨਾਲ...? ਫੇਰ ਇਕ ਮੋੜ 'ਤੇ ਪਹੁੰਚ ਕੇ ਦਿਲ ਨੇ ਮੇਰੀ ਇਕ ਨਹੀਂ ਮੰਨੀ। ਮੇਰੀ ਜ਼ਮੀਰ ਕੂਕਦੀ ਕੁਰਲਾਂਦੀ ਰਹੀ...ਜਯੋਤੀ ਤੂੰ ਭਟਕ ਰਹੀ ਏਂ, ਵਿਸ਼ਵਾਤਘਾਤ ਕਰਨ ਲੱਗੀ ਏਂ; ਉਸ  ਆਦਮੀਂ ਨਾਲ ਜਿਸ ਦੇ ਬੁੱਤ ਨੂੰ ਵੀ ਪੂਜਿਆ ਏ ਤੂੰ। ਪਰ ਜੇ ਇਹ ਕੰਬਖ਼ਤ ਦਿਲ ਹੀ ਕਿਸੇ ਦੇ ਹੱਥੋਂ ਨਿਕਲ ਜਾਏ ਤਾਂ ਕਦ ਸੰਭਲਿਆ ਹੈ!
''ਡਿਪਾਰਟਮੈਂਟ ਸਟੋਰ ਦੇ ਇਕ ਸੇਲਜ਼ ਮੈਨ ਦੀ ਆਵਾਜ਼ ਇਨ-ਬਿਨ ਰਾਜੇਸ਼ ਵਰਗੀ ਸੀ। ਮੈਂ ਉਸਦੇ ਵੱਲ ਖਿੱਚੀ ਚਲੀ ਗਈ। ਮੁਹੱਬਤ ਨਾਲੋਂ ਵੱਧ ਰੰਗੀਨ ਧੋਖਾ ਕੋਈ ਹੋਰ ਨਹੀਂ ਹੁੰਦਾ ਸ਼ਾਇਦ। ਇਕ ਵਾਰੀ ਕਿਸੇ ਦੀ ਨੇੜਤਾ ਵਿਚੋਂ ਪਿਆਰ ਦੀ ਮਹਿਕ ਆ ਜਾਏ ਤਾਂ ਸਾਰੀ ਸਰਿਸ਼ਟੀ ਦੇ ਰੰਗ ਬਦਲੇ ਦਿਸਣ ਲੱਗ ਪੈਂਦੇ ਨੇ। ਮੈਂ ਅੱਖਾਂ ਮੀਚ ਕੇ ਉਸ ਸੇਲਜ਼ ਮੈਨ ਦੀ ਆਵਾਜ਼ ਪਿੱਛੇ ਰਾਜੂ ਦੀ ਕਲਪਨਾ ਕਰਦੀ—ਸਿਰਫ ਮਾਨਸਿਕ ਸ਼ਾਂਤੀ ਖਾਤਰ—ਤੇ ਫੇਰ ਖੁੱਲ੍ਹੀਆਂ ਅੱਖਾਂ ਵੀ ਮੈਨੂੰ ਧੋਖਾ ਦੇਣ ਲੱਗ ਪਈਆਂ। ਮੇਰੀ ਕਲਪਨਾ ਨੇ ਆਨੰਦ ਉਪਰ ਰਾਜੇਸ਼ ਦਾ ਖੋਲ ਚੜ੍ਹਾ ਦਿੱਤਾ ਤੇ ਫੇਰ ਜਿਸਨੂੰ ਮਾਨਸਿਕ ਸ਼ਾਂਤੀ ਖਾਤਰ ਦਿਲ ਦੇ ਨੇੜੇ ਲਿਆਂਦਾ ਸੀ ਉਹ ਮੇਰੇ ਪੂਰੇ ਜੀਵਨ ਉੱਤੇ ਛਾ ਗਿਆ।...
''ਅਕਸਰ ਆਪਣੇ ਵਿਚ ਮੇਰੀ ਅਜਿਹੀ ਦਿਲਚਸਪੀ ਵੇਖ ਕੇ ਆਨੰਦ ਘਬਰਾ ਜਾਂਦਾ।
''ਸਰਦੀਆਂ ਦੀ ਇਕ ਠੰਡੀ ਸ਼ਾਮ ਦੀ ਗੱਲ ਹੈ—ਮੈਂ ਕਾਰ ਵਿਚ ਬੈਠੀ ਦੂਰੋਂ ਉਸਨੂੰ ਵੇਖ ਰਹੀ ਸਾਂ। ਵਾਹਵਾ ਮੀਂਹ ਵਰ੍ਹ ਕੇ ਹਟਿਆ ਸੀ। ਉਹ ਸਟੋਰ ਵਿਚੋਂ ਨਿਕਲਿਆ ਤੇ ਭਿੱਜਦਾ-ਭੱਜਦਾ ਇਕ ਪਾਸੇ ਵੱਲ ਨੂੰ ਤੁਰ ਪਿਆ। ਮੈਥੋਂ ਰਿਹਾ ਨਾ ਗਿਆ, ਕਾਰ ਸਟਾਰਟ ਕਰਕੇ ਉਸਦੇ ਨੇੜੇ ਲੈ ਗਈ ਤੇ ਕਿਹਾ, 'ਆਨੰਦ ਬਾਬੂ ਆਓ ਮੈਂ ਤੁਹਾਨੂੰ ਘਰ ਛਡ ਆਵਾਂ...'
''ਪਹਿਲਾਂ ਉਸਨੂੰ ਜਿਵੇਂ ਆਪਣੇ ਕੰਨਾਂ ਉੱਤੇ ਯਕੀਨ ਹੀ ਨਹੀਂ ਸੀ ਆਇਆ। ਫੇਰ ਰਤਾ ਸੰਭਲ ਕੇ ਉਸਨੇ ਮੇਰੇ ਵੱਲ ਵਿੰਹਦਿਆਂ ਕਿਹਾ ਸੀ, 'ਮੇਮ ਸਾਹਬ ਅੱਜ ਤਾਂ ਤੁਸੀਂ ਛੱਡ ਆਓਗੇ...ਪਰ ਇਹ ਤਾਂ ਗਰੀਬ ਕੀ ਜ਼ਿੰਦਗੀ ਦੀ ਇਕ ਰਾਤ ਦੀ ਕਹਾਣੀ ਹੈ। ਸਾਡੇ ਸਾਹਮਣੇ ਤਾਂ ਪੂਰੀ ਜ਼ਿੰਦਗੀ ਪਈ ਹੈ। ਉਂਜ ਵੀ ਉਹਨਾਂ ਆਸਰਿਆਂ ਦਾ ਸਹਾਰਾ ਲੈਣਾ ਚਾਹੀਦਾ ਹੈ ਜਿਹੜੇ ਆਪ ਮਜ਼ਬੂਤ ਤੇ ਹੰਢਣਸਾਰ ਹੋਣ। ਤੁਸੀਂ ਪ੍ਰੇਸ਼ਾਨ ਨਾ ਹੋਵੋ, ਮੈਂ ਖ਼ੁਦ ਪਹੁੰਚ ਜਾਵਾਂਗਾ...' ਪਰ ਮੈਂ ਜ਼ਿਦ ਕੀਤੀ ਤੇ ਉਹ ਮੰਨ ਗਿਆ। ਉਹ ਅਗਲੀ ਸੀਟ ਉੱਤੇ ਮੇਰੇ ਕੋਲ ਹੀ ਬੈਠਾ ਸੀ। ਮੈਂ ਚੁੱਪ ਤੋੜੀ—'ਤੁਹਾਡੀ ਆਵਾਜ਼ ਸੁਣ ਕੇ ਪਤਾ ਨਹੀਂ ਕਿਉਂ ਦਿਲ ਚਾਹੁੰਦਾ ਕਿ ਤੁਸੀਂ ਬੋਲਦੇ ਰਹੋ ਤੇ ਮੈਂ ਸੁਣਦੀ ਰਹਾਂ।'
''ਮੇਰਾ ਰੰਗ ਢੰਗ ਵੇਖ ਕੇ ਤ੍ਰਬਕਿਆ, 'ਮੇਮ ਸਾਹਬ...'
' 'ਸਿਰਫ ਜਯੋਤੀ...' ਮੈਂ ਉਸਦੀ ਗੱਲ ਨੂੰ ਟੁੱਕ ਕੇ ਕਿਹਾ ਤੇ ਉਸ ਮੁੜ ਆਪਣੀ ਗੱਲ ਸ਼ੁਰੂ ਕੀਤੀ, 'ਜਯੋਤੀ ਜੀ, ਜ਼ਿੰਦਗੀ ਇਕ ਠੋਸ ਹਕੀਕਤ ਦਾ ਨਾਂ ਹੈ, ਇਸ ਵਿਚ ਇਹੋ ਜਿਹੀਆਂ ਦਿਲਚਸਪੀਆਂ ਸਿਰਫ ਵਕਤੀ ਹੁੰਦੀਆਂ ਨੇ। ਨਾਲੇ ਵੱਡੇ ਲੋਕਾਂ ਦਾ ਮਿਜਾਜ਼ ਗਰੀਬ ਦੇ ਹੰਝੂ ਨਹੀਂ ਹੁੰਦਾ ਜਿਸ ਨਾਲ ਹਰੇਕ ਜਖ਼ਮ ਧੁਪ ਸਕੇ, ਹਰੇਕ ਦੁੱਖ ਮਿਟ ਸਕੇ।'
'' 'ਆਨੰਦ ਬਾਬੂ...' ਮੈਂ ਵਿਰੋਧ ਕੀਤਾ, 'ਇਨਸਾਨ ਸਾਰੇ ਹੀ ਇਕ ਬਰਾਬਰ ਹੁੰਦੇ ਨੇ। ਦੋਲਤਮੰਦ ਹੋਣ ਨਾਲ ਕਿਸੇ ਦੀ ਬੁਨਿਆਦੀ ਸ਼ਖ਼ਸੀਅਤ ਤਾਂ ਨਹੀਂ ਬਦਲ ਜਾਂਦੀ, ਸਾਕਾਰ ਜਿਸਮ ਵਿਚ ਹੀ ਅਸਲੀ ਰੂਪ ਹੁੰਦਾ ਏ ਮਨੁੱਖ ਦਾ।'
'' 'ਵੇਖਦੇ ਹਾਂ ਕਿੰਨੀ ਕੁ ਸਚਾਈ ਹੈ ਤੁਹਾਡੀਆਂ ਗੱਲਾਂ ਵਿਚ।' ਉਸਨੇ ਆਪਣਾ ਹੱਥ ਮੇਰੇ ਹੱਥ ਉੱਤੇ ਰੱਖ ਦਿੱਤਾ, 'ਬਸ, ਏਥੇ ਹੀ ਰੋਕ ਦਿਓ—ਮੇਰੀ ਮੰਜ਼ਿਲ ਆ ਗਈ ਏ।' ਤੇ ਮੈਂ ਬਰੇਕਾਂ ਲਾ ਦਿੱਤੀਆਂ ਸਨ। ਉਹ ਚੁੱਪਚਾਪ ਉਤਰਿਆ ਤੇ ਤੁਰ ਗਿਆ ਸੀ।
'ਆਨੀ ਬਹਾਨੀ ਮੁਲਾਕਾਤਾਂ ਹੋਣ ਲੱਗੀਆਂ। ਆਨੰਦ ਦੀ ਸੰਗ ਵੀ ਖੁੱਲ੍ਹ ਗਈ। ਉਹ ਆਪਣਿਆ ਵਾਂਗ ਗੱਲਾਂ ਕਰਨ ਲੱਗਾ ਤੇ ਇਕ ਦਿਨ ਮੈਂ ਉਸਨੂੰ ਡੈਡੀ ਨਾਲ ਮਿਲਵਾਇਆ। ਆਨੰਦ ਦੀ ਆਵਾਜ਼ ਤੇ ਮੇਰੀ ਉਸ ਵਿਚ ਦਿਲਚਸਪੀ ਵੇਖ ਕੇ ਉਹ ਸਭ ਕੁਝ ਸਮਝ ਗਏ। ਸ਼ਾਇਦ ਏਸੇ ਕਰਕੇ ਉਹ ਆਨੰਦ ਨੂੰ ਖਿੜੇ ਮੱਥੇ ਮਿਲੇ ਸਨ ਤੇ ਉਸਦੇ ਜਾਣ ਪਿੱਛੋਂ ਅਕਸਰ ਮੈਨੂੰ ਆਖਦੇ ਸਨ, 'ਬੇਟਾ ਮੈਂ ਤੇਰਾ ਦੁੱਖ ਸਮਝਦਾ ਹਾਂ, ਪਰ ਇਸ ਗੱਲ ਦਾ ਖ਼ਿਆਲ ਰੱਖੀਂ ਕਿ ਤੂੰ ਕਿਸ ਦੀ ਧੀ ਏਂ।' ਮੈਂ ਡੈਡੀ ਦਾ ਮਤਲਬ ਸਮਝਦੀ ਸਾਂ ਪਰ ਫੇਰ ਵੀ ਮੈਂ ਕਿਹਾ ਸੀ, 'ਡੈਡੀ ਆਨੰਦ ਮਿਲਟਰੀ ਸਟੋਰ ਵਿਚ ਲੱਗਾ ਹੋਇਆ ਹੈ।' ਤੇ ਹੋਰ ਕੁਝ ਦੱਸਣ-ਪੁੱਛਣ ਦੀ ਗੰਜਾਇਸ਼ ਹੀ ਨਹੀਂ ਸੀ ਰਹੀ। ਆਨੰਦ ਨੂੰ ਸੇਲਜ਼ ਮੈਨ ਤੋਂ ਸੇਲਜ਼ ਮੈਨੇਜ਼ਰ ਬਣਾ ਦਿੱਤਾ ਗਿਆ। ਯਕਦਮ ਉਸਦੀ ਸ਼ਖ਼ਸੀਅਤ ਹੀ ਬਦਲ ਗਈ।
''...ਤੇ ਜਿਸ ਦਿਨ ਮੈਂ ਉਸਨੂੰ ਜੀਵਨ ਸਾਥੀ ਬਣਾਉਣ ਦੀ ਗੱਲ ਤੋਰੀ, ਉਹ ਡੌਰ-ਭੌਰ ਹੋ ਗਿਆ। ਉਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ ਤੇ ਭਰੜਾਈ ਹੋਈ ਆਵਾਜ਼ ਵਿਚ ਬੋਲਿਆ, 'ਜਯੋਤੀ ਜੀ, ਤੁਹਾਡੀ ਖੁਸ਼ੀ ਖਾਤਰ ਮੈਂ ਤੁਹਾਡੇ ਹਰ ਅਹਿਸਾਨ ਦਾ ਬੋਝ ਉਠਾਇਆ। ਪਰ...'
'' '...ਇਹੀ ਕਹਿਣਾ ਚਾਹੁੰਦੇ ਹੋ ਨਾ ਕਿ...' ਮੈਂ ਵਿਚਕਾਰੋਂ ਹੀ ਬੋਲ ਪਈ, 'ਆਪਣਾ ਜੀਵਨ ਸਾਥੀ ਬਣਾ ਕੇ ਮੈਂ ਤੁਹਾਨੂੰ ਹਮੇਸ਼ਾ ਲਈ ਆਪਣੇ ਅਹਿਸਾਨ ਦੇ ਬੋਝ ਹੇਠ ਰੱਖਣਾ ਚਾਹੁੰਦੀ ਹਾਂ? ਵੇਖੋ ਆਨੰਦ, ਮੈਂ ਤੁਹਾਡੀ ਖਾਤਰ ਨਹੀਂ ਬਲਕਿ ਆਪਣੀ ਖੁਸ਼ੀ ਖਾਤਰ ਇਹ ਸਭ ਕਰ ਰਹੀ ਹਾਂ।'
'' 'ਤੇ ਮੈਨੂੰ ਤੁਹਾਡੀ ਏਸੇ ਖੁਸ਼ੀ ਤੋਂ ਡਰ ਲਗਦਾ ਏ।' ਆਨੰਦ ਦੀ ਆਵਾਜ਼ ਕੰਬ ਰਹੀ ਸੀ। ਪਿਆਰ ਬੰਦੇ ਦੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਸ਼ੈ ਹੁੰਦਾ ਹੈ; ਮੁਹੱਬਤ ਦਾ ਫੇਰਾ ਪ੍ਰੇਮੀਆਂ ਨੂੰ ਅਤਿ ਖ਼ੁਦਗਰਜ਼ ਬਣਾ ਦਿੰਦਾ ਹੈ। ਕੋਈ ਕਦੀ ਵੀ ਇਸ ਮਾਮਲੇ ਵਿਚ ਕਿਸੇ ਨੂੰ ਸਾਂਝੀਦਾਰ ਨਹੀਂ ਬਣਾਉਦਾ। ਪਰ ਜਯੋਤੀ'—ਪਹਿਲੀ ਵਾਰ ਜਜ਼ਬਾਤ ਦੀ ਰੌਅ ਵਿਚ ਵਹਿ ਕੇ ਉਸਨੇ ਇੰਜ ਮੇਰਾ ਨਾਂ ਲਿਆ, 'ਪਤਾ ਨਹੀਂ ਕਿਉਂ ਮੈਨੂੰ ਡਰ ਜਿਹਾ ਲੱਗਦਾ ਏ, ਤੇਰੇ ਏਸ ਪਿਆਰ ਕੋਲੋਂ। ਸੋਚਦਾ ਹਾਂ ਜੇ ਏਸ ਖਿੱਚ, ਏਸ ਝੁਕਾਅ, ਏਸ ਦਿਲਚਸਪੀ ਦੇ ਪਿੱਛੇ ਕੋਈ ਕਹਾਣੀ ਹੋਈ ਤਾਂ ਮੇਰਾ ਕੀ ਬਣੇਗਾ? ਮੇਰੀ ਹਸਤੀ, ਉਮਰ ਭਰ, ਤੇਰੀਆਂ ਖੁਸ਼ੀਆਂ ਦੀ ਤਪਨ ਵਿਚ ਝੁਲਸਦੀ ਰਹੇਗੀ।'
'' 'ਮੇਰਾ ਯਕੀਨ ਕਰੀਂ ਆਨੰਦ'—ਘਬਰਾ ਕੇ ਮੈਂ ਉਸਦਾ ਵਿਸ਼ਵਾਸ ਜਿੱਤਨਾ ਚਾਹਿਆ, 'ਮੇਰੀ ਜ਼ਿੰਦਗੀ ਦੀ ਕੋਈ ਕਹਾਣੀ ਨਹੀਂ। ਤੇਰੀ ਜਾਦੂਈ ਆਵਾਜ਼ ਨੇ ਮੇਰੇ ਹੋਸ਼ ਖੋਹ ਲਏ ਨੇ।'
''ਆਨੰਦ ਨੂੰ ਮੇਰੀ ਗੱਲ ਦਾ ਵਿਸ਼ਵਾਸ ਆ ਗਿਆ ਸੀ। ਉਸ ਦਿਨ ਤੋਂ ਪਿੱਛੋਂ ਉਸਨੇ ਮੈਥੋਂ ਕੁਝ ਨਹੀਂ ਸੀ ਪੁੱਛਿਆ। ਅੱਖਾਂ ਬੰਦ ਕਰਕੇ ਮੇਰਾ ਜੀਵਨ ਸਾਥੀ ਬਣ ਗਿਆ ਸੀ ਉਹ। ਉਸਨੂੰ ਹਾਸਲ ਕਰਕੇ ਮੈਨੂੰ ਇੰਜ ਮਹਿਸੂਸ ਹੋਇਆ ਸੀ ਜਿਵੇਂ ਮੁੜ ਰਾਜੇਸ਼ ਨੂੰ ਪਾ ਲਿਆ ਹੋਵੇ। ਮੈਂ ਹਰ ਵੇਲੇ ਉਸਦੀ ਟਹਿਲ ਸੇਵਾ ਵਿਚ ਲੱਗੀ ਰਹਿੰਦੀ। ਮੇਰੀ ਜਿੰਦ ਜਾਨ ਉਸਦੀ ਹੋ ਕੇ ਰਹਿ ਗਈ ਸੀ ਤੇ ਉਹ ਵੀ ਮੈਨੂੰ ਏਨਾ ਪਿਆਰ ਕਰਦਾ ਸੀ ਕਿ ਕਦੀ ਕਦੀ ਮੈਂ ਰਾਜੇਸ਼ ਨੂੰ ਵੀ ਭੁੱਲ ਜਾਂਦੀ ਸਾਂ। ਪਰ ਫੇਰ ਵੀ ਜ਼ਿਆਦਾ ਦੇਰ ਤਕ ਆਪਣੇ ਆਪ ਨੂੰ ਉਸਦੀ ਯਾਦ ਤੋਂ ਮੁਕਤ ਨਹੀਂ ਕਰ ਸਕੀ। ਰਾਤ ਨੂੰ ਜਦੋਂ ਆਨੰਦ ਸੌਂ ਜਾਂਦਾ, ਮੈਂ ਉਠ ਕੇ ਉਸ ਬੁੱਤ ਕੋਲ ਜਾ ਬੈਠਦੀ...ਉੱਥੇ ਜਾਏ ਬਗ਼ੈਰ ਮੈਨੂੰ ਚੈਨ ਹੀ ਨਹੀਂ ਸੀ ਆਉਂਦਾ। ਇਕ ਵਾਰੀ ਜਦੋਂ ਮੈਂ ਵਾਪਸ ਆਈ ਇੰਜ ਲੱਗਿਆ ਜਿਵੇਂ ਆਨੰਦ ਨੇ ਸਭ ਕੁਝ ਦੇਖ ਲਿਆ ਹੈ। ਉਸਨੇ ਮੈਨੂੰ ਤਾਂ ਕੁਝ ਨਹੀਂ ਕਿਹਾ, ਪਰ ਮੇਰੇ ਪਿਆਰ ਨੂੰ ਸ਼ੱਕੀ ਨਜ਼ਰਾਂ ਨਾਲ ਵੇਖਣ ਲੱਗਾ। ਉਦੋਂ ਮੈਂ ਮਾਂ ਬਣਨ ਵਾਲੀ ਸਾਂ। ਇਹ ਸੋਚ ਕੇ ਘਬਰਾਹਟ ਜਿਹੀ ਹੁੰਦੀ...ਸੱਚ ਪੁੱਛੋ ਤਾਂ ਮੈਂ ਉਸ ਬੁੱਤ ਖਾਤਰ ਆਨੰਦ ਦਾ ਪਿਆਰ ਨਹੀਂ ਸਾਂ ਗੁਆਉਣਾ ਚਾਹੁੰਦੀ। ਸੋ ਉਸੇ ਦਿਨ ਤੋਂ ਰਾਜੇਸ਼ ਦੇ ਬੁੱਤ ਕੋਲ ਜਾਣਾ ਛੱਡ ਦਿੱਤਾ। ਆਨੰਦ ਨੇ ਕਈ ਵਾਰੀ ਉਸ ਬੁੱਤ ਦਾ ਜ਼ਿਕਰ ਛੇੜਣਾ ਚਾਹਿਆ, ਪਰ ਮੈਂ ਇਹ ਕਹਿ ਕੇ ਟਾਲਦੀ ਰਹੀ ਕਿ ਹੋਏਗਾ ਕੋਈ...ਪਤਾ ਨਹੀਂ ਕਿੰਨਿਆਂ ਨੇ ਦੇਸ਼ ਖਾਤਰ ਕੁਰਬਾਨੀਆਂ ਦਿੱਤੀਆਂ ਹੋਣਗੀਆਂ ਤੇ ਇਹ ਮੇਰੀ ਕਿਸੇ ਭੁੱਲ ਦੀ ਸਜ਼ਾ ਹੀ ਆਖੀ ਜਾ ਸਕਦੀ ਹੈ ਕਿ ਆਪਣੇ ਆਨੰਦ ਦੀ ਸਲਾਮਤੀ ਦੀ ਖਾਤਰ ਮੈਂ ਜਿੰਨਾ ਵੀ ਬਦਕਿਸਮਤੀ ਤੋਂ ਦੂਰ ਨੱਸਣ ਦੀ ਕੋਸ਼ਿਸ਼ ਕੀਤੀ, ਉਹ ਓਨੀ ਹੀ ਤੇਜ਼ੀ ਨਾਲ ਮੇਰਾ ਪਿੱਛਾ ਕਰਦੀ ਰਹੀ। ਜਿਸ ਪੁੱਤਰ ਨੂੰ ਮੈਂ ਆਪਣੀ ਕੁੱਖ ਵਿਚੋਂ ਜਨਮ ਦਿੱਤਾ ਉਸਦੀ ਸ਼ਕਲ ਹੂ-ਬ-ਹੂ ਰਾਜੇਸ਼ ਵਰਗੀ ਸੀ। ਉਸਤੋਂ ਬਾਅਦ ਆਨੰਦ ਦੀ ਬੇਚੈਨੀ ਵਧਦੀ ਹੀ ਗਈ। ਉਸਨੇ ਉਸਦਾ ਨਾਂ ਦਰਪਣ ਰੱਖ ਦਿੱਤਾ। ਮੈਂ ਐਵੇਂ ਹੀ ਕਹਿ ਦਿੱਤਾ, ਇਹ ਵੀ ਕੋਈ ਨਾਂ ਏਂ। ਤਾਂ ਉਸਨੇ ਬੜੇ ਹੀ ਰਹੱਸਮਈ ਢੰਗ ਨਾਲ ਕਿਹਾ ਸੀ, 'ਹਰੇਕ ਬੱਚਾ ਆਪਣੀ ਮਾਂ ਦੇ ਸੁਪਨਿਆਂ ਦੀ ਸਾਕਾਰ ਤਸਵੀਰ ਹੁੰਦਾ ਏ ਜਯੋਤੀ...ਤੇਰੇ ਪੁੱਤਰ ਦਾ ਨਾਂ ਦਰਪਣ ਤੋਂ ਚੰਗਾ ਹੋਰ ਕੀ ਹੋ ਸਕਦਾ ਏ?'
''ਆਨੰਦ ਨੇ ਇਹ ਨਾਂ ਰੱਖ ਕੇ ਜਿਵੇਂ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਸੀ, ਜਿਹੜੀ ਕਦੀ ਉਸਦੀ ਜ਼ਬਾਨ ਉਪਰ ਨਹੀਂ ਆ ਸਕੀ ਸੀ। ਉਹ ਦਰਪਣ ਨੂੰ ਅਥਾਹ ਪਿਆਰ ਕਰਦਾ ਸੀ ਤੇ ਉਸ ਦੇ ਚਿਹਰੇ ਵਲ ਅਕਸਰ ਬੜੇ ਗੌਰ ਨਾਲ ਤੱਕਦਾ ਹੁੰਦਾ ਸੀ ਪਰ ਸਾਡੀ ਘਰੇਲੂ ਜ਼ਿੰਦਗੀ ਤੇ ਪਿਆਰ ਵਿਚ ਕੋਈ ਫ਼ਰਕ ਨਹੀਂ ਸੀ ਆਇਆ। ਹਾਂ, ਆਨੰਦ ਦੇ ਰੱਖ-ਰਖਾਅ ਵਿਚ ਖਾਸੀ ਬੇਚੈਨੀ ਤੇ ਅਕੇਵਾਂ ਜਿਹਾ ਪੈਦਾ ਹੋ ਗਿਆ ਸੀ।...ਜੋ ਦਿਨ-ਬ-ਦਿਨ ਵਧਦਾ ਗਿਆ। ਸ਼ਾਇਦ ਉਸ ਨੂੰ ਯਕੀਨ ਹੋ ਗਿਆ ਸੀ ਕਿ ਮੇਰੀ ਰੂਹ ਅੱਜ ਵੀ ਮੇਜਰ ਰਾਜੇਸ਼ ਦੀ ਹੈ ਤੇ ਉਸ ਦੇ ਹਿੱਸੇ ਮੇਰਾ ਜਿਸਮ ਹੀ ਆਇਆ ਸੀ। ਉਹ ਮੈਥੋਂ ਬਦਲਾ ਲੈਣ ਖਾਤਰ ਮੈਨੂੰ ਨਫ਼ਰਤ ਵੀ ਕਰ ਸਕਦਾ ਸੀ ਪਰ ਉਸ ਦਿਨ ਤੋਂ ਬਾਅਦ ਮੈਨੂੰ ਕੁਝ ਵਧੇਰੇ ਹੀ ਪਿਆਰ ਕਰਨ ਲੱਗ ਪਿਆ।...ਤੇ ਫੇਰ ਆਪਣੇ ਅੰਦਰ ਬਲ ਰਹੇ ਕਿਸੇ ਅਹਿਸਾਸ ਨੂੰ ਕਤਲ ਕਰਨ ਵਾਸਤੇ ਉਸਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਤੇ ਮੈਂ...ਜੁਰਮ ਦੇ ਅਹਿਸਾਸ ਦੀ ਸੂਲੀ ਉੱਤੇ ਟੰਗੇ ਕਿਸੇ ਮੁਜਰਮ ਵਾਂਗ ਹੀ ਸਭ ਕੁਝ ਵੇਖਦੀ ਰਹੀ।
''ਦਰਪਣ ਸਾਡੇ ਵਿਆਹ ਤੋਂ ਇਕ ਸਾਲ ਬਾਅਦ ਪੈਦਾ ਹੋਇਆ ਸੀ। ਜਦੋਂ ਉਸ ਦਾ ਪਹਿਲਾ ਜਨਮ ਦਿਨ ਨੇੜੇ ਆਇਆ ਤਾਂ ਆਨੰਦ ਨੇ ਕਿਹਾ, 'ਜਯੋਤੀ ਇਹ ਪਹਿਲਾ ਮੌਕਾ ਹੋਏਗਾ ਜਦੋਂ ਅਸੀਂ ਆਪਣੇ ਪੁੱਤਰ ਦਾ ਜਨਮ ਦਿਨ ਤੇ ਆਪਣੀ ਸ਼ਾਦੀ ਦੀ ਵਰ੍ਹੇ ਗੰਢ ਨਾਲੋ ਨਾਲ ਮਨਾਵਾਂਗੇ। ਬੜੀ ਧੂਮਧਾਮ ਨਾਲ ਮਨਾਇਆ ਜਾਏਗਾ ਇਹ ਦਿਨ।'
''ਮੈਂ ਉਸ ਤੋਂ ਬਹੁਤੇ ਸਵਾਲ ਪੁੱਛਣੇ ਛੱਡ ਦਿੱਤੇ ਸਨ ਸੋ ਬੜੇ ਪਿਆਰ ਨਾਲ ਉਸ ਦੇ ਮੋਢੇ ਉੱਤੇ ਸਿਰ ਰੱਖਦਿਆਂ ਪੁੱਛਿਆ, 'ਮੇਰੀ ਖਾਤਰ ਕੀ ਤੋਹਫਾ ਲਿਆਵੋਗੇ?'
''ਆਨੰਦ ਨੇ ਮੈਨੂੰ ਆਪਣੀਆਂ ਬਾਹਾਂ ਵਿਚ ਸਮੇਟਦਿਆਂ ਕਿਹਾ, 'ਜਿਸ ਕੋਲੋਂ ਪਿਆਰ ਮਿਲਿਆ ਹੋਵੇ, ਉਸ ਲਈ ਜਾਨ ਵੀ ਦੇ ਦਿੱਤੀ ਜਾਵੇ ਤਾਂ ਘੱਟ ਹੁੰਦੀ ਏ...ਹੈ ਨਾ?' ਮੈਂ ਹੱਸ ਕੇ ਗੱਲ ਟਾਲ ਦਿੱਤੀ।
''ਫੇਰ ਉਹ ਦਿਨ ਵੀ ਆ ਗਿਆ।
''ਆਨੰਦ ਨੇ ਏਨੇ ਜੋਸ਼ ਤੇ ਉਤਸਾਹ ਨਾਲ ਜਨਮ ਦਿਨ ਮਨਾਇਆ, ਜਿਵੇਂ ਇਸ ਤੋਂ ਬਾਅਦ ਉਸਦੀ ਜ਼ਿੰਦਗੀ ਵਿਚ ਕੋਈ ਖੁਸ਼ੀ ਆਉਣੀ ਹੀ ਨਾ ਹੋਵੇ। ਗਈ ਰਾਤ ਤਕ ਪਾਰਟੀ ਚਲਦੀ ਰਹੀ। ਜਦ ਸਾਰੇ ਮਹਿਮਾਨ ਚਲੇ ਗਏ, ਉਸ ਨੇ ਹੱਥੀਂ ਮੈਨੂੰ ਦੁਲਹਨ ਵਾਂਗ ਸ਼ਿੰਗਾਰਿਆ। ਮੇਰੇ ਚਿਹਰੇ ਉੱਤੇ ਪਿਆਰ ਦੀਆਂ ਅਣਗਿਣਤ ਮੋਹਰਾਂ ਲਾ ਦਿੱਤੀਆਂ। ਮੈਂ ਸਹਿਮੀ ਹੋਈ ਸਭ ਕੁਝ ਵੇਖਦੀ ਰਹੀ, ਜੋ ਉਸ ਕਿਹਾ ਕਰਦੀ ਰਹੀ। ਉਸ ਰਾਤ ਉਸਨੂੰ ਪਾਗਲਾਂ ਵਾਂਗ ਸ਼ਰਾਬ ਪੀਂਦਿਆਂ ਦੇਖ ਕੇ ਦਿਲ ਹਿੱਲ ਗਿਆ ਸੀ ਮੇਰਾ। ਅਖ਼ੀਰ ਤੰਗ ਆ ਕੇ ਪੁੱਛਿਆ...:
'' 'ਇਸ ਸ਼ਰਾਬ ਵਿਚ ਮੇਰੇ ਨਾਲੋਂ ਵਧ ਨਸ਼ਾ ਏ?...ਜੋ ਲਗਾਤਾਰ ਪੀਤੀ ਜਾ ਰਹੀ ਏ?'
'' 'ਨਹੀਂ ਮੇਰੀ ਜਾਨ...' ਆਨੰਦ ਨੇ ਮੁਸਕੁਰਾ ਕੇ ਮੈਨੂੰ ਹੋਰ ਨੇੜੇ ਖਿੱਚ ਲਿਆ ਸੀ, 'ਲੋਕ ਸ਼ਰਾਬ ਇਸ ਲਈ ਪੀਂਦੇ ਨੇ ਕਿ ਹੋਸ਼ ਠਿਕਾਣੇ ਨਾ ਰਹੇ, ਪਰ ਮੈਂ ਏਸ ਕਰਕੇ ਪੀ ਰਿਹਾ ਹਾਂ ਕਿ ਮਦਹੋਸ਼ ਨਾ ਹੋ ਸਕਾਂ। ਆਪਣੀ ਜਯੋਤੀ ਨੂੰ ਪਿਆਰ ਦਾ ਅਨਮੋਲ ਤੋਹਫਾ ਦੇ ਸਕਣ ਦਾ ਹੌਸਲਾ ਜੁਟਾਅ ਸਕਾਂ।'
'' 'ਲਿਆਓ ਦੇਓ ਫੇਰ ਕੀ ਦੇਣਾ ਏਂ ਮੈਨੂੰ?' ਮੈਂ ਲਾਚਾਰ ਜਿਹੀ ਹੋ ਕੇ ਉਸਦੇ ਸਾਹਮਣੇ ਹਥੇਲੀ ਫੈਲਾਅ ਦਿੱਤੀ। ਉਸਨੇ ਮੇਰਾ ਹੱਥ ਚੁੰਮ ਕੇ ਕਿਹਾ...:
'' 'ਤੋਹਫਾ ਵੇਖ ਕੇ ਤੂੰ ਖੁਸ਼ੀ ਨਾਲ ਨੱਚਣ ਲੱਗ ਪਏਂਗੀ, ਪਰ ਲੈਣ ਤੋਂ ਪਹਿਲਾਂ ਇਕ ਵਚਨ ਦੇਅ ਮੈਨੂੰ...'
''ਮੂੰਹੋਂ ਤਾਂ ਬੋਲੋ ਮੇਰੇ ਦੇਵਤਾ...ਮੇਰੀ ਜ਼ਿੰਦਗੀ ਦਾ ਹਰ ਸਾਹ ਹਾਜ਼ਰ ਏ ਤੁਹਾਡੇ ਲਈ।' ਮੈਂ ਉਸਦੀ ਹਿੱਕ ਨਾਲ ਲੱਗ ਕੇ ਕਿਹਾ।
''ਆਨੰਦ ਨੇ ਆਪਣੀ ਜੇਬ ਵਿਚੋਂ ਇਕ ਸ਼ੀਸ਼ੀ ਕੱਢੀ ਤੇ ਬੜੀ ਫੁਰਤੀ ਨਾਲ ਉਸ ਵਿਚਲਾ ਤਰਲ ਅੰਦਰ ਲੰਘਾਂਦਿਆਂ ਕਿਹਾ, 'ਮੇਰੀ ਖੁਸ਼ੀ ਖਾਤਰ ਤੈਨੂੰ ਆਪਣੀ ਜ਼ਿੰਦਗੀ ਦਾ ਹਰ ਪਲ ਹੰਡਾਉਣਾ ਪਏਗਾ,' ਉਸਨੇ ਮੇਰਾ ਹੱਥ ਆਪਣੇ ਸਿਰ ਉੱਤੇ ਰੱਖ ਕੇ ਕਿਹਾ, 'ਵਚਨ ਦੇਅ ਦਰਪਣ ਨੂੰ ਇਕ ਬਹਾਦਰ ਸਿਪਾਹੀ ਬਣਾਏਂਗੀ ਤੂੰ...ਉਸ ਬੁੱਤ ਵਾਲੇ ਜਿੰਨਾਂ ਮਹਾਨ...'
'' 'ਨਹੀਂ...ਦਰਪਣ ਤੁਹਾਡਾ ਪੁੱਤਰ ਹੈ, ' ਮੈਂ ਦਰਪਣ ਨੂੰ ਗੋਦੀ ਵਿਚ ਚੁੱਕ ਕੇ ਹਿੱਕ ਨਾਲ ਘੁਟਦਿਆਂ ਕਿਹਾ, 'ਮੈਂ ਕਿਸੇ ਰਾਜੇਸ਼ ਨੂੰ ਨਹੀਂ ਜਾਣਦੀ...ਮੇਰਾ ਕਿਸੇ ਨਾਲ ਕੋਈ ਵਾਸਤਾ ਨਹੀਂ।' ਮੇਰਾ ਰੋਣ ਨਿਕਲ ਗਿਆ ਸੀ।
''ਆਨੰਦ ਦੀ ਆਵਾਜ਼ ਜਜ਼ਬਾਤ ਵੱਸ ਭਰੜਾਉਣ ਲੱਗੀ, 'ਇਹ ਝੂਠ ਹੈ ਨਿਰਾ ਝੂਠ। ਮੈਨੂੰ ਪਤਾ ਹੈ ਰਾਜੇਸ਼ ਨਾਲ ਤੇਰਾ ਉਹ ਰਿਸ਼ਤਾ ਹੈ, ਜੋ ਕਦੇ ਵੀ ਟੁੱਟ ਨਹੀਂ ਸਕਦਾ।' ਉਸਦੀ ਆਵਾਜ਼ ਮੱਧਮ ਹੋਣ ਲੱਗੀ, ਪਰ ਉਹ ਰੁਕ-ਰੁਕ ਕੇ ਕਹਿੰਦਾ  ਰਿਹਾ, 'ਮੇਰੇ ਹੁੰਦਿਆਂ ਤੂੰ ਉਸਦੇ ਬੁੱਤ ਨੂੰ ਪੂਜਦੀ ਰਹੀ...ਇਹ ਕੋਈ ਸ਼ਿਕਾਇਤ ਨਹੀਂ... ਮੈਨੂੰ ਇਸਦਾ ਦੁਖ ਵੀ ਨਹੀਂ। ਮੈਂ ਜਾਣਦਾ ਹਾਂ ਰਾਜੇਸ਼ ਸਿਰਫ ਤੇਰਾ ਭੁਲੇਖਾ ਹੈ। ਪਰ ਫੇਰ ਵੀ ਉਸ ਬੁੱਤ ਨੂੰ ਆਪਣੇ ਪਿਆਰ ਦਾ ਸ਼ਰੀਕ ਬਣਦਾ ਵੇਖ ਕੇ ਮੈਥੋਂ ਬਰਦਾਸ਼ਤ ਨਹੀਂ ਹੋਇਆ...ਲਗਦਾ ਏ ਮੈਂ ਇਕ ਪੱਥਰ ਦਾ ਬੁੱਤ ਬਣ ਕੇ ਰਹਿ ਗਿਆ ਹਾਂ ਤੇ ਉਸ ਬੁੱਤ ਨੇ ਮੇਰੀ ਜਗ੍ਹਾ ਲੈ ਲਈ ਹੈ।'
''ਅਖ਼ਰ ਬੇਵੱਸ ਹੋ ਕੇ ਮੈਨੂੰ ਮੰਨਣਾ ਪਿਆ ਕਿ ਮੈਂ ਰਾਜੇਸ਼ ਦੀ ਪੂਜਾ ਕਰਦੀ ਹਾਂ, ਪਰ ਮੇਰਾ ਕਦੇ ਵੀ ਉਸ ਨਾਲ ਕੋਈ ਨਜਾਇਜ਼ ਰਿਸ਼ਤਾ ਨਹੀਂ ਰਿਹਾ...ਜਿਸ ਕਰਕੇ ਮੇਰੀ ਜਾਂ ਆਨੰਦ ਦੀ ਹੇਠੀ ਹੁੰਦੀ ਹੋਵੇ। ਸੁਣ ਕੇ ਆਨੰਦ ਦਾ ਚਿਹਰਾ ਸ਼ਾਂਤ ਹੋ ਗਿਆ...ਪਰ ਉਸਦੀ ਹਾਲਤ ਵਿਗੜਦੀ ਜਾ ਰਹੀ ਸੀ। ਮੈਂ ਉਸਨੂੰ ਝੰਜੋੜਿਆਂ ਤਾਂ ਉਸਨੇ ਮਸਾਂ ਹੀ ਅੱਖਾਂ ਖੋਲ੍ਹੀਆਂ ਸਨ ਤੇ ਮੈਨੂੰ ਹਸਰਤ ਭਰੀਆਂ ਅੱਖਾਂ ਨਾਲ ਤੱਕਦਿਆਂ ਹੋਇਆਂ ਕਿਹਾ ਸੀ, 'ਤੇਰਾ ਪਿਆਰ ਮੇਰੇ ਉੱਤੇ ਅਹਿਸਾਨ ਹੈ ਜਯੋਤੀ। ਜੇ ਮੈਂ ਉਸਦਾ ਬਦਲਾ ਨਾ ਚੁਕਾਅ ਸਕਿਆ ਤਾਂ ਬੜੀ ਬੇਇਨਸਾਫੀ ਹੋਏਗੀ ਤੇਰੇ ਨਾਲ।'
''ਮੇਰਾ ਗੱਚ ਭਰ ਆਇਆ ਸੀ, ਆਵਾਜ਼ ਹੀ ਨਹੀਂ ਸੀ ਨਿਕਲ ਰਹੀ। ਚੁੱਪਚਾਪ ਬੈਠੀ ਉਸਦੇ ਮੂੰਹ ਵੱਲ ਵੇਖਦੀ ਰਹੀ। ਉਸ ਫੇਰ ਕਿਹਾ, 'ਤੇਰੀ ਚਾਹਤ ਨੂੰ ਵੇਖ ਕੇ ਦਿਲ ਕਰਦਾ ਹੈ, ਰਾਜੇਸ਼ ਨੂੰ ਬਾਹੋਂ ਫੜ੍ਹ ਕੇ ਤੇਰੇ ਸਾਹਮਣੇ ਲਿਆ ਖੜ੍ਹਾ ਕਰਾਂ...ਪਰ ਤੁਹਾਡਾ ਮਿਲਾਪ ਮੇਰੇ ਜਿਉਂਦੇ ਜੀਅ ਨਹੀਂ ਹੋ ਸਕਦਾ ਸੀ ਨਾ,' ਉਸਦੀ ਆਵਾਜ਼ ਡੁੱਬਣ ਲੱਗੀ।
'' 'ਆਨੰਦ,' ਮੈਂ ਕੁਰਲਾਈ, 'ਰਾਜੇਸ਼ ਮਰ ਚੁੱਕਿਆ ਹੈ, ਮੇਰਾ ਸਭ ਕੁਝ ਤੂੰ ਏਂ ਸਿਰਫ ਤੂੰ...'
''ਆਨੰਦ ਦੀਆਂ ਅੱਖਾਂ ਵਿਚੋਂ ਅੱਥਰੂ ਕਿਰਨ ਲੱਗੇ, 'ਮੇਰੀ ਖਾਤਰ ਤੂੰ ਆਪਣੇ ਰਾਜੇਸ਼ ਦੇ ਪਿਆਰ ਨੂੰ ਠੁਕਰਾਏਂਗੀ ਤਾਂ ਮੈਨੂੰ ਦੁੱਖ ਹੋਏਗਾ ਜਯੋਤੀ। ਉਹ ਜਿੱਤ ਕੇ ਵੀ ਹਾਰ ਗਿਆ ਹੈ ਤੇ ਵੇਖ ਮੇਰੀ ਹਾਰ ਵੀ ਕਿੰਨੀ ਹੁਸੀਨ ਹੈ।' ਉਸਨੇ ਆਪਣਾ ਸਿਰ ਮੇਰੀ ਗੋਦੀ ਵਿਚ ਟਿਕਾਅ ਦਿੱਤਾ। 'ਜਯੋਤੀ ਤੇਰਾ ਰਾਜੇਸ਼ ਅਜੇ ਜਿਉਂਦਾ ਹੈ। ਤੇਰੇ ਨਾਲ ਉਸ ਨੇ ਇਕ ਵਾਅਦਾ ਕੀਤਾ ਸੀ ਨਾ ਕਿ ਉਹ ਤੇਰੀ ਨਿਸ਼ਾਨੀ ਉਸ ਦਿਨ ਵਾਪਸ ਕਰੇਗਾ ਜਿਸ ਦਿਨ ਤੈਨੂੰ ਪਾ ਲਏਗਾ?'
'' 'ਕਿਸ ਨੇ ਦੱਸਿਆ ਏ ਇਹ ਸਭ ਕੁਝ ਤੁਹਾਨੂੰ?' ਮੈਂ ਆਪਣੇ ਉੱਖੜੇ ਸਾਹਾਂ ਉੱਤੇ ਕਾਬੂ ਪਾਉਂਦਿਆਂ ਕਿਹਾ। ਆਨੰਦ ਦੇ ਬੁੱਲ੍ਹਾਂ ਉੱਤੇ ਇਕ ਅਜੀਬ ਜਿਹੀ ਮੁਸਕਾਨ ਖਿੱਲਰ ਗਈ ਤੇ ਮੈਂ ਹੋਰ ਸਹਿਮ ਗਈ। ਉਸਦੀ ਆਵਾਜ਼ ਥਿੜਕਣ ਲੱਗ ਪਈ ਸੀ, 'ਤੂੰ ਪਛਾਣ ਨਹੀਂ ਸਕਣਾ...ਉਸ ਨੇ ਪਲਾਸਟਕ ਸਰਜ਼ਰੀ ਕਰਵਾ ਲਈ ਹੈ।' ਫੇਰ ਉਸਨੇ ਜੇਬ ਵਿਚੋਂ ਇਕ ਮੁੜਿਆ ਤੁੜਿਆ ਕਾਗਜ਼ ਕੱਢ ਕੇ, ਕੰਬਦੇ ਹੋਏ ਹੱਥਾਂ ਨਾਲ ਉਸਦੀਆਂ ਤੈਹਾਂ ਖੋਲ੍ਹਣੀਆਂ ਸ਼ੁਰੂ ਕੀਤੀਆਂ...ਤੇ ਮੈਂ ਕਾਗਜ਼ ਉੱਤੇ ਆਪਣੇ ਬੁੱਲ੍ਹਾਂ ਦੇ ਨਿਸ਼ਾਨ ਪਛਾਣ ਲਏ। ਮੈਨੂੰ ਇੰਜ ਲੱਗਿਆ ਜਿਵੇਂ ਆਸਮਾਨ ਟੁੱਟ ਕੇ ਮੇਰੇ ਸਿਰ 'ਤੇ ਆ ਡਿੱਗਿਆ ਹੋਵੇ। ਉਸਦੇ ਚਿਹਰੇ ਵੱਲ ਗੌਰ ਨਾਲ ਤੱਕਦਿਆਂ ਮੇਰਾ ਰੋਣ ਨਿਕਲ ਗਿਆ—ਮੇਰਾ ਰਾਜੇਸ਼ ਮਰ ਚੁੱਕਿਆ ਸੀ।''
ਜਯੋਤੀ ਦੀਆਂ ਅੱਖਾਂ ਵਿਚੋਂ ਪਰਲ-ਪਰਲ ਹੰਝੂ ਵਗ ਰਹੇ ਸਨ। ਡਾਕਟਰ ਸਿੰਘ ਦਾ ਚਿਹਰਾ ਵੀ ਬੁਝਿਆ-ਬੁਝਿਆ ਜਿਹਾ ਲੱਗਦਾ ਸੀ। ਕਈ ਪਲ ਸੱਖਣੀਆਂ ਅੱਖਾਂ ਨਾਲ ਨੀਲੇ ਆਕਾਸ਼ ਵੱਲ ਵੇਖਦੇ ਰਹਿਣ ਪਿੱਛੋਂ ਉਸ ਕਿਹਾ, ''ਹੁਣ ਤੁਸੀਂ ਆਪਣਾ ਵਾਅਦਾ ਪੂਰਾ ਕਰੋ ਡਾਕਟਰ ਸਾਹਬ...।''
ਡਾਕਟਰ ਸਿੰਘ ਨੇ ਆਪਣੇ ਉੱਤੇ ਭਾਰੂ ਹੋ ਰਹੇ ਜਜ਼ਬਾਤ ਦੇ ਭਾਰ ਹੇਠੋਂ ਨਿਕਲਦਿਆਂ ਕਿਹਾ, ''ਤੇਰੀ ਸਭ ਤੋਂ ਵੱਡੀ ਇੱਛਾ ਇਹੀ ਹੈ ਨਾ ਬਈ ਆਪਣੇ ਪਤੀ ਆਨੰਦ ਕੁਮਾਰ ਨਾਲ ਕੀਤੇ ਵਾਅਦੇ ਨੂੰ ਪੂਰਾ ਕਰੇਂ? ਕਲ੍ਹ ਉਸ ਸਟੇਜ਼ ਉੱਤੇ ਇਕ ਸਿਪਾਹੀ ਦੀ ਹਿੱਕ ਉਤੇ ਮੈਡਲ ਲਾਏ ਜਾਣਗੇ...ਜਿਸ ਨੂੰ ਜਾਨਾਂ ਲੈਣ ਬਦਲੇ ਨਹੀਂ, ਜਾਨਾਂ ਬਚਾਉਣ ਬਦਲੇ ਸਨਮਾਣਿਆ ਜਾ ਰਿਹਾ ਹੈ ਤੇ ਉਹ ਸਿਪਾਹੀ ਤੇਰਾ ਆਪਣਾ ਬੇਟਾ ਦਰਪਣ ਹੋਏਗਾ।''
ਜਯੋਤੀ ਦੇ ਦਿਲ ਵਿਚ ਸੁੱਤੀ ਮਮਤਾ ਨੇ ਜੋਸ਼ ਮਾਰਿਆ, ਉਹ ਕੂਕੀ, ''ਮੇਰਾ ਆਪਣਾ ਬੇਟਾ ਦਰਪਣ...'' ਤੇ ਫੇਰ ਜਿਵੇਂ ਕਿਸੇ ਖ਼ਿਆਲ ਨੇ ਉਸ ਦੀ ਖੁਸ਼ੀ ਨੂੰ ਬੰਨ੍ਹ ਮਾਰ ਦਿੱਤਾ, ''ਰਾਜੇਸ਼ ਮੈਂ ਤੇਰਾ ਸੁਪਨਾ ਪੁਰਾ ਕਰ ਦਿੱਤਾ...ਪਰ ਮੈਂ ਦੂਰ ਖਲੋ ਕੇ ਹੀ ਵੇਖਾਂਗੀ...ਕਿਸੇ ਵੀ ਖੁਸ਼ੀ ਨੂੰ ਨੇੜਿਓਂ ਵੇਖਣ ਦੀ ਹੁਣ ਮੇਰੇ ਵਿਚ ਹਿੰਮਤ ਨਹੀਂ ਰਹੀ...ਕਿਤੇ ਮੇਰਾ ਦਿਲ ਹੀ ਨਾ ਫੇਲ੍ਹ ਹੋ ਜਾਵੇ...'' ਜਯੋਤੀ ਪਾਗਲਾਂ ਵਾਂਗ ਬਰੜਾਈ। ਡਾਕਟਰ ਨੇ ਉਸਨੂੰ ਝੰਜੋੜ ਕੇ ਕਿਹਾ, ''ਨਹੀਂ ਕੱਲ੍ਹ ਮੈਂ ਤੈਨੂੰ ਉਸ ਸਟੇਜ ਉਪਰ ਲੈ ਜਾਵਾਂਗਾ ਤੇ ਸਾਰਿਆਂ ਨੂੰ ਦਸ ਦਿਆਂਗਾ ਕਿ ਮੇਰਾ ਬਾਪ ਕੌਣ ਸੀ...''
''ਤੇਰਾ ਬਾਪ...?''
''ਹਾਂ ਮਾਂ...''  
--- --- ---

No comments:

Post a Comment