Monday, September 27, 2010

…ਤੇ ਮੈਂ ਖੰਘਦਾ ਰਹਿੰਦਾ ਹਾਂ…:: ਲੇਖਕ : ਸ਼ਰਵਨ ਕੁਮਾਰ ਵਰਮਾ

ਉਰਦੂ ਕਹਾਣੀ:
…ਤੇ ਮੈਂ ਖੰਘਦਾ ਰਹਿੰਦਾ ਹਾਂ…
ਲੇਖਕ : ਸ਼ਰਵਨ ਕੁਮਾਰ ਵਰਮਾ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਮੈਂ ਇਕ ਮਾਮੂਲੀ ਟੀਚਰ ਹਾਂ–ਵਾਇਆ ਬਠਿੰਡਾ ਬੀ.ਏ. ਕਰਵਾਉਣ ਵਾਲੇ ਪ੍ਰਾਈਵੇਟ ਕਾਲੇਜ ਦਾ ਟੀਚਰ—ਜਿਹੜਾ ਟੀਚਰ ਨਾਲੋਂ ਫਟੀਚਰ ਵੱਧ ਹੁੰਦਾ ਏ। ਕਿਉਂਕਿ ਕੁੜੀਆਂ ਨੂੰ ਪੜਾਉਂਦਾ ਹਾਂ, ਇਸ ਲਈ ਸ਼ਰਾਫ਼ਤ ਦਾ ਏਨਾ ਭਾਰੀ ਬੁਰਕਾ ਪਾਈ ਰੱਖਣਾ ਪੈਂਦਾ ਏ ਕਿ ਆਪਣੇ ਅੰਦਰ, ਆਪੁ ਸਾਹਘੁਟ ਕੇ ਮਰ ਗਿਆ ਹਾਂ; ਲਾਸ਼ ਢੋਂਦਾ ਫਿਰ ਰਿਹਾਂ–ਨਾ ਦਫ਼ਨ ਕਰ ਸਕਦਾਂ, ਨਾ ਸਾੜ ਸਕਦਾ ਹਾਂ।
ਇਕ ਸ਼ਾਮ ਜਦੋਂ ਮੈਂ ਆਪਣੇ ਡਾਕਟਰ ਦੋਸਤ ਤੋਂ ਖਾਂਸੀ ਦੀ ਦੁਆਈ ਲੈਣ ਗਿਆ ਤਾਂ ਉਹ ਨਬਜ਼ ਜਾਂ ਛਾਤੀ ਵੇਖਣ ਦੇ ਬਜਾਏ ਸਿੱਧਾ ਮੇਰੇ ਮੂੰਹ ਵੱਲ ਵੇਖਣ ਲੱਗ ਪਿਆ। ਮੈਂ ਸੋਚਿਆ ਸ਼ਾਇਦ ਉਹ ਮੇਰੀ ਕਮੀਜ਼ ਦਾ ਪਾਟਿਆ ਹੋਇਆ ਕਾਲਰ ਵੇਖ ਰਿਹਾ ਏ। ਮੈਂ ਮੁਸਕੁਰਾ ਕੇ (ਇੰਜ ਮੁਸਕੁਰਾਉਣਾ ਮੈਨੂੰ ਕੁੜੀਆਂ ਦੀ ਸੋਹਬਤ ਵਿਚੋਂ ਆਇਆ ਏ।) ਕਿਹਾ–“ਪੱਛਮੀਂ ਸਭਿਅਤਾ ਨੇ ਕੁੜਤੇ ਨੂੰ ਕਾਲਰ ਲਾ ਦਿੱਤਾ ਸੀ, ਮੈਂ ਮੁੜ ਪੂਰਬੀ ਸਭਿਅਤਾ ਨੂੰ ਜਿਊਂਦਾ ਕਰ ਰਿਹਾਂ। ਇਸ ਖਾਤਰ ਮੈਂ ਜਾਨ ਦੀ ਬਾਜ਼ੀ ਲਾ ਦਿਆਂਗਾ, ਤੂੰ ਦਵਾਈ ਦੱਸ।”
“ਤੇਰੀ ਖਾਂਸੀ ਕਿਸੇ ਮਿਕਸਚਰ ਨਾਲ ਨਹੀਂ, ਕੁੜੀ ਨਾਲ ਠੀਕ ਹੋਵੇਗੀ।”
“ਤੇਰਾ ਮਤਲਬ ਏ ਕੋਈ ਕੁੜੀ ਘੋਟ ਕੇ ਪੀ ਜਾਵਾਂ?”
“ਹੌਲੀ-ਹੌਲੀ–” ਉਹ ਸਮਝਾਉਣ ਵਾਲੇ ਢੰਗ ਨਾਲ ਕਹਿਣ ਲੱਗਾ, “ਅਸਲ ਵਿਚ ਤੂੰ ਕੁੜੀਆਂ ਵਿਚ ਰਹਿ ਕੇ ਕੁੜੀਆਂ ਤੋਂ ਬੜੀ ਦੂਰ ਏਂ, ਇਹੋ ਤੇਰੀ ਸਿਹਤ ਦੀ ਖਰਾਬੀ ਦਾ ਅਸਲ ਕਾਰਨ ਏਂ।”
ਉਸਦੀ ਰਾਏ ਸੁਣ ਕੇ ਮੈਨੂੰ ਆਪਣੀ ਜਮਾਤ ਦੀਆਂ ਉਹ ਵੀਹ ਕੁੜੀਆਂ ਯਾਦ ਆਉਣ ਲੱਗ ਪਈਆਂ, ਜਿਹਨਾਂ ਨੂੰ ਮੈਂ HOUSE ON FIRE ਵਰਗੇ ਲੇਖ ਲਿਖਵਾਉਂਦਾ ਹੁੰਦਾ ਸਾਂ ਤੇ ਉਹਨਾਂ ਨੂੰ ਫਿਕਸ ਕਿਸਮ ਦੇ ਮੁਹਾਵਰੇ ਰਟਵਾਉਂਦਾ ਰਹਿੰਦਾ ਹਾਂ। ਮੈਨੂੰ ਸ਼ੀਲਾ ਯਾਦ ਆਈ ਜਿਹੜੀ ਮੇਰੇ ਕਮਰੇ ਦੇ ਸਾਹਮਣੇ, ਕੁਆਟਰ ਨੰਬਰ 9 ਵਿਚ, ਰਹਿੰਦੀ ਏ। ਉਸਦੇ ਘਰ ਵਾਲੇ ਉਸਨੂੰ ਪਿਆਰ ਨਾਲ ਸ਼ੈਲੋ ਕਹਿੰਦੇ ਨੇ। ਮੇਰਾ ਜੀਅ ਵੀ ਉਸਨੂੰ ਉਸੇ ਨਾਂ ਨਾਲ ਬੁਲਾਉਣ ਨੂੰ ਕਰਦਾ ਏ ਪਰ ਮੈਂ ਉਸਨੂੰ ਉਸੇ ਬੁਰਕੇ ਹੇਠ ਨੱਪ ਲੈਂਦਾ ਹਾਂ। ਉਹ ਸਵੇਰੇ ਸ਼ਾਮ ਅੰਗੀਠੀ ਬਾਲਣ ਲਈ ਬਾਹਰ ਗਲੀ ਵਿਚ ਰੱਖ ਦੇਂਦੀ ਏ, ਜਿਸਦਾ ਕੌੜਾ ਧੂੰਆਂ ਕਿਸੇ ਜ਼ਿੱਦੀ ਬੱਚੇ ਵਾਂਗ ਮੇਰੇ ਕਮਰੇ ਵਿਚ ਧੁਸ ਦੇ-ਕੇ ਵੜ ਆਉਂਦਾ ਏ। ਪਹਿਲੋਂ ਪਹਿਲ ਮੈਂ ਸੋਚਿਆ ਸੀ ਕਿ ਇਹ ਵੀ ਪਿਆਰ ਦਾ ਹੀ ਕੋਈ ਅੰਦਾਜ਼ ਹੋਵੇਗਾ, ਪਰ ਜਦੋਂ ਕਈ ਦਿਨ ਬੀਤ ਗਏ ਤਾਂ ਮੈਨੂੰ ਯਕੀਨ ਹੋ ਗਿਆ ਕਿ ਉਹ ਸਿਰਫ ਅੰਗੀਠੀ ਸੁਗਲਗਾਉਣ ਖਾਤਰ ਹੀ ਆਉਂਦੀ ਏ, ਪਿਆਰ ਨਹੀਂ ਕਰਦੀ। ਵੈਸੇ ਵੀ ਉਸ ਤਬਕੇ ਵਿਚ ਪਿਆਰ-ਵਿਆਰ ਨਹੀਂ ਕੀਤਾ ਜਾਂਦਾ—ਅੰਗੀਠੀ ਸੁਲਗਾਈ ਜਾਂਦੀ ਏ, ਕੱਪੜੇ ਧੋਤੇ ਜਾਂਦੇ ਨੇ, ਖਾਣਾ ਪਕਾਇਆ ਜਾਂਦਾ ਏ ਤੇ ਸਿੱਧੀ ਸ਼ਾਦੀ ਕਰ ਦਿੱਤੀ ਜਾਂਦੀ ਏ। ਜਦੋਂ ਰੱਸੀ ਤੋਂ ਕੱਪੜੇ ਲਾਹੁੰਦੀ ਹੋਈ ਉਹ, ਆਪਣੀ ਕਿਸੇ ਸਹੇਲੀ ਨਾਲ ਗੱਲਾਂ ਕਰਦੀ ਏ ਜਾਂ ਚਟਖ਼ਾਰੇ ਮਾਰ-ਮਾਰ ਕੇ ਗੋਲਗੱਪੇ ਖਾਂਦੀ ਏ ਤਾਂ ਮੈਂ ਖੜ੍ਹਾ ਆਪਣੇ 'ਬੁਰਕੇ' ਦੀ ਓਟ ਵਿਚੋਂ ਉਸਨੂੰ ਦੇਖਦਾ ਰਹਿੰਦਾ ਹਾਂ ਤੇ ਸੋਚਦਾ ਹਾਂ ਕਿ ਮੈਂ ਜ਼ਰੂਰ ਸ਼ੈਲੋ ਨਾਲ ਇਸ਼ਕ ਕਰਨ ਲੱਗ ਪਿਆ ਹਾਂ। ਜਿਹਨਾਂ ਦਿਨਾਂ ਵਿਚ ਇਹ ਮੂਡ ਭਾਰੂ ਹੁੰਦਾ ਏ, ਮੈਂ ਸ਼ੇਵ ਨਹੀਂ ਕਰਦਾ, ਨਹਾਉਂਦਾ ਵੀ ਨਹੀਂ, ਵਾਲ ਖਿੱਲਰੇ ਹੁੰਦੇ ਨੇ, ਸਿਗਰੇਟ ਫੂਕ-ਫੂਕ ਕੇ ਉਂਗਲਾਂ ਪੀਲੀਆਂ ਕਰ ਲੈਂਦਾ ਹਾਂ—ਪਰ ਸ਼ੈਲੋ ਉੱਤੇ ਕੋਈ ਅਸਰ ਨਹੀਂ ਹੁੰਦਾ। ਉਸਦੇ ਨਿੱਤ ਕਰਮ ਵਿਚ ਕੋਈ ਫਰਕ ਨਹੀਂ ਆਉਂਦਾ। ਉਹ ਚਾਟ ਖਾਂਦੀ ਏ, ਉਵੇਂ ਗੁਆਂਢਣ ਸ਼ਾਂਤੀ ਨਾਲ ਹਿੜਹਿੜ ਕਰਦੀ ਏ ਤੇ ਰੇਡੀਓ ਸੀਲੋਨ ਤੋਂ ਫ਼ਿਲਮੀ ਗੀਤ ਸੁਣਦੀ ਏ। ਤੰਗ ਆ ਕੇ ਮੈਂ ਸੋਚਦਾ ਹਾਂ ਕਿ ਇਸ ਕਿਸਮ ਦਾ ਇਸ਼ਕ ਤਾਂ ਮੈਂ, ਮਲਿਕਾ ਅਲਿਜਾ ਬੇਥ ਤੋਂ ਲੈ ਕੇ ਕੱਲੋ ਧੋਬਨ ਤੀਕ, ਹਰੇਕ ਨਾਲ ਕਰ ਸਕਦਾ ਹਾਂ।
ਸ਼ੈਲੋ ਯਾਦ ਆਉਂਦੀ ਏ ਤਾਂ ਛੱਲੋ ਮੰਗਤੀ ਵੀ ਦਿਮਾਗ਼ ਵਿਚ ਘੁਸੜ ਆਉਂਦੀ ਏ, ਜਿਹੜੀ ਕਾਲੇਜ ਦੇ ਗੇਟ 'ਤੇ ਖੜ੍ਹੀ ਹੁੰਦੀ ਏ ਤੇ ਮੈਨੂੰ ਦੇਖਦਿਆਂ ਹੀ ਮੁਸਕੁਰਾ ਕੇ ਸਲਾਮ ਕਰਦੀ ਏ। ਕਦੀ ਕਦੀ ਤਾਂ ਮੈਂ ਸੋਚਦਾ ਹਾਂ ਕਿ ਛੱਲੋ ਮੇਰੇ ਨਾਲ ਮੁਹੱਬਤ ਕਰਨ ਲੱਗ ਪਈ ਏ। ਮੰਗਤੀ ਏ ਤਾਂ ਕੀ ਹੋਇਆ, ਔਰਤ ਵੀ ਤਾਂ ਹੈ ਤੇ ਮੁਹੱਬਤ ਕਰਨਾ ਹਰੇਕ ਔਰਤ ਦੇ ਸੁਭਾਅ ਵਿਚ ਹੁੰਦਾ ਹੈ। ਅਜਿਹੇ ਕਈ ਖ਼ੂਬਸੂਰਤ ਵਾਕ ਕੰਨਾਂ ਵਿਚ ਰਸ ਘੋਲਣ ਲੱਗ ਪੈਂਦੇ ਨੇ। ਦੂਜੇ ਪਲ ਮੈਨੂੰ ਘੁਟਨ ਮਹਿਸੂਸ ਹੋਣ ਲੱਗਦੀ ਏ। ਛੱਲੋ ਵੀ ਕੋਈ ਕੁੜੀ ਏ, ਉਹ ਤਾਂ ਇਕ ਅਜਿਹੀ ਕੰਧ ਏ, ਜਿਸ ਉੱਤੇ ਕੋਈ ਵੀ ਆਪਣਾ ਇਸ਼ਤਿਹਾਰ ਲਾ ਸਕਦਾ ਏ। ਮੈਂ ਉਸਦੀ ਸਲਾਮ ਕਰਨ ਦੀ ਅਦਾਅ ਤੋਂ ਬੜਾ ਈ ਤੰਗ ਆਇਆ ਹੋਇਆ ਹਾਂ, ਪਰ ਉਹ ਏ ਕਿ ਬਾਅਜ਼ ਈ ਨਹੀਂ ਆਉਂਦੀ, ਪਤਾ ਨਹੀਂ ਕਿਸ ਮਿੱਟੀ ਦੀ ਬਣੀ ਹੋਈ ਏ! ਮੁੰਨਾ ਲਾਲ ਪਨਵਾੜੀ, ਨੰਦੂ ਸਾਈਕਲ ਮਿਸਤਰੀ, ਗੇਂਦਾ ਮਾਲੀ, ਯੂਸਫ ਚਪੜਾਸੀ ਤੇ ਆਉਂਦੇ ਜਾਂਦੇ ਰਾਹੀ, ਹਰੇਕ ਨਾਲ ਉਸਦੀ ਛੇੜ-ਛਾੜ ਚੱਲਦੀ ਰਹਿੰਦੀ ਏ। ਉਸਦੇ ਮੈਲੇ ਪੀਲੇ ਦੰਦ ਨਜ਼ਰ ਆਉਂਦੇ ਰਹਿੰਦੇ ਨੇ। ਗਲਮੇਂ ਦੇ ਬਟਨ ਕਦੀ ਬੰਦ ਨਹੀਂ ਹੁੰਦੇ, ਉਸਦਾ ਬੱਚਾ ਛਾਤੀ ਨੂੰ ਚੰਬੜਿਆ ਹੁੰਦਾ ਏ ਜਾਂ ਮਾਂ ਵਾਂਗ ਹੱਸਦਾ ਰਹਿੰਦਾ ਏ। ਮੈਂ ਉਸਨੂੰ ਬੜਾ ਘੱਟ ਰੋਂਦਿਆਂ ਵੇਖਿਆ ਏ। ਛੱਲੋ ਦੇ ਸਰੀਰ 'ਤੇ ਕੱਪੜੇ ਵੀ ਬਸ ਬੁੱਕ ਪੋਸਟ ਲਿਫ਼ਾਫ਼ੇ ਵਰਗੇ ਹੁੰਦੇ ਨੇ। ਮੈਂ ਉਸਨੂੰ ਸਮਝਾਇਆ ਤਾਂ ਕਹਿਣ ਲੱਗੀ—“ਓਇ ਬਾਊ ਜੀ, ਹੁਣ ਕਿਸ ਤੋਂ ਕੀ ਲਕੋਵਾਂ!” ਮੈਨੂੰ ਸ਼ਰਮ ਆ ਗਈ ਤੇ ਉਹ ਹੱਸ ਪਈ। ਮੁੰਨਾ ਪਨਵਾੜੀ ਦੱਸਦਾ ਏ ਕਿ ਉਹ ਜਨਮ ਤੋਂ ਮੰਗਤੀ ਏ। ਉਸਦੀ ਮਾਂ ਵੀ ਭੀਖ ਮੰਗਦੀ ਹੁੰਦੀ ਸੀ। ਇਕ ਰਾਤ ਏਸੇ ਫੁੱਟਪਾਥ ਉੱਤੇ ਠੰਡ ਨਾਲ ਆਕੜ ਕੇ ਮਰ ਗਈ। ਉਦੋਂ ਛੱਲੋ ਛੋਟੀ ਜਿਹੀ ਹੁੰਦੀ ਸੀ। ਕੰਬਖ਼ਤ ਸ਼ੁਰੂ ਤੋਂ ਖਾਣ ਪੀਣ ਦੀ ਸ਼ੌਕੀਨ ਏਂ—ਬੀੜੀਆਂ ਪੀਂਦੀ ਏ, ਜਰਦਾ ਲਾਉਂਦੀ ਏ, ਕੋਈ ਤਾੜੀ ਪਿਆ ਦੇਵੇ ਤਾਂ ਉਹ ਵੀ ਪੀ ਜਾਂਦੀ ਏ। ਉਸਦਾ ਨਾਂਅ ਵੀ ਸ਼ੀਲੋ ਈ ਸੀ। ਪਰ ਹੁਣ ਵਿਗੜ ਕੇ ਛੱਲੋ ਹੋ ਗਿਆ ਏ। ਸ਼ੁਰੂ ਵਿਚ ਉਹ ਸ਼ਕਲ-ਸੂਰਤ ਪੱਖੋ ਚੰਗੀ ਹੁੰਦੀ ਹੋਵੇਗੀ। ਹੁਣ ਤਾਂ ਕਿਸੇ ਅਨਾੜੀ ਦੀ ਪੈਂਟਿੰਗ ਬਣ ਕੇ ਰਹਿ ਗਈ ਏ। ਬਜਾਏ ਲੰਮੀ ਹੋਣ ਦੇ ਲੱਕ ਦੇ ਆਲੇ ਦੁਆਲੇ ਫੈਲ ਕੇ ਰਹਿ ਗਈ। ਮੰਨਾ ਰਾਮ ਕਹਿੰਦਾ ਹੁੰਦਾ ਏ—“ਉਹ ਬੜੀ ਬੇਸ਼ਰਮ ਤੇ ਬਦਤਮੀਜ਼ ਹੈ ਜੀ।”
ਸ਼ੈਲੋ ਤੇ ਛੱਲੋ ਦੇ ਨਾਲ ਹੀ ਮੈਨੂੰ ਸ਼ੈਲੀ ਵੀ ਯਾਦ ਆਉਣ ਲੱਗ ਪਈ ਏ। ਉਹ ਉਹਨਾਂ ਦੋਵਾਂ ਨਾਲੋਂ ਕਿਤੇ ਵੱਧ ਸਭਿਅਤ, ਖੁੱਲ੍ਹੀ ਤੇ ਮਿਲਣਸਾਰ ਏ। ਖ਼ੂਸਸੂਰਤ ਵੀ ਆਖੀ ਜਾ ਸਕਦੀ ਏ ਕਿਉਂਕਿ ਉਹ ਆਪਣੇ ਕੱਪੜਿਆਂ ਦੇ ਮੇਕਅੱਪ ਦਾ ਧਿਆਨ ਕੁਛ ਇਸ ਤਰ੍ਹਾਂ ਰੱਖਦੀ ਏ ਕਿ ਨਜ਼ਰ ਉਸਦੇ ਚਿਹਰੇ 'ਤੇ ਜ਼ਿਆਦਾ ਦੇਰ ਨਾ ਠਹਿਰ ਕੇ, ਉਸਦੇ ਜਿਸਮ ਦੀ ਸੈਰ ਕਰਨ ਲੱਗ ਪੈਂਦੀ ਏ ਨਾਂਅ ਉਸਦਾ ਵੀ ਸ਼ੀਲਾ ਈ ਏ। ਪਰ ਉਹ ਖ਼ੁਦ ਨੂੰ ਸ਼ੈਲੀ ਅਖਵਾਉਣਾ ਪਸੰਦ ਕਰਦੀ ਏ। ਮੈਂ ਉਸਨੂੰ ਪੜ੍ਹਾਉਣ ਜਾਂਦਾ ਹਾਂ—ਜਾਂ ਇੰਜ ਕਹਿ ਲਈਏ ਕਿ ਉਹ ਮੈਨੂੰ ਆਪਣੇ ਘਰ ਆਉਣ ਦੇ ਲਈ ਸੌ ਰੁਪਏ ਮਹੀਨਾ ਦੇਂਦੀ ਏ। ਮੇਰੇ ਕਮਰੇ ਤੋਂ ਚਾਰ ਮੀਲ ਦੂਰ ਉਹ ਇਕ ਮਾਡਰਨ ਕਾਲੌਨੀ ਦੇ ਬੜੇ ਹੀ ਠਾਠਦਾਰ, ਸੁੰਦਰ ਬੰਗਲੇ ਵਿਚ ਆਪਣੇ ਦੋ ਕੁੱਤਿਆਂ, ਤੋਤੇ, ਸਿਆਮੀ ਬਿੱਲੀ ਤੇ ਮੰਮੀ-ਡੈਡੀ ਨਾਲ ਰਹਿੰਦੀ ਏ। ਬੰਗਲੇ ਦਾ ਨਾਂਅ 'ਸਕਾਈ ਲਾਰਕ' ਏ। ਉਹ ਕੁੜੀਆਂ ਨਾਲੋਂ ਵੱਧ ਮੁੰਡਿਆਂ ਨੂੰ ਦੋਸਤ ਬਣਾਉਣਾ ਚੰਗਾ ਸਮਝਦੀ ਏ ਤੇ ਅਜਿਹੇ ਕੱਪੜੇ ਪਾਉਂਦੀ ਏ ਕਿ ਹੁੰਦੇ ਹੋਏ ਵੀ ਨਹੀਂ ਹੁੰਦੇ। ਉਹ ਬੀ.ਏ. ਵਿਚ ਲਗਾਤਾਰ ਫੇਲ੍ਹ ਹੋ ਰਹੀ ਏ, ਪਰ ਇਸ ਗੱਲ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ। ਉਸਦੇ ਕਮਰੇ ਵਿਚ ਬੈਠ ਕੇ ਪੜ੍ਹਾਉਣ ਦਾ ਮਜ਼ਾ ਆ ਜਾਂਦਾ ਏ।
ਇਕ ਸ਼ਾਮ ਮੈਂ 'ਸਕਾਈ ਲਾਰਕ' ਪਹੁੰਚਿਆ ਤਾਂ ਸ਼ੈਲੀ ਇਕ ਮੁੰਡੇ ਨਾਲ ਲਾਨ ਵਿਚ ਲੱਗੀ ਰੰਗ-ਬਿਰੰਗੀਆਂ ਛਤਰੀ ਦੀ ਛਾਂ ਹੇਠ ਬੈਠੀ ਆਪਣੇ ਕੁੱਤਿਆਂ ਨੂੰ ਪਿਆਰ ਕਰ ਰਹੀ ਸੀ। ਮੈਂ ਮਹਿਸੂਸ ਕੀਤਾ ਉਹ ਮੁੰਡਾ ਅੱਗ ਉੱਤੇ ਰੱਖੇ ਪਾਣੀ ਵਾਂਗ ਰਿੱਝ ਰਿਹਾ ਸੀ। ਸ਼ਾਇਦ ਸਟੀਮ ਕੁਝ ਵੱਧ ਬਣ ਗਈ ਸੀ। ਮੁੰਡੇ ਨੇ ਸ਼ੈਲੀ ਨੂੰ ਇੰਜ ਦਬੋਚਿਆ, ਜਿਵੇਂ ਬਾਜ਼ ਚਿੜੀ ਨੂੰ ਦਬੋਚਦਾ ਏ ਤੇ ਉਸਦੇ ਬੁੱਲ੍ਹ ਚੁੰਮ ਲਏ। ਸ਼ੈਲੇ ਖਿੜਖਿੜ ਕਰਕੇ ਹੱਸ ਪਈ; ਮੈਨੂੰ ਇੰਜ ਲੱਗਿਆ ਜਿਵੇਂ ਕੰਧ 'ਤੇ ਕਿਸੇ ਨੇ ਲੱਚਰ ਜਿਹਾ ਪੋਸਟਰ ਲਾ ਦਿੱਤਾ ਹੋਵੇ, ਪਰ ਡਰਾਇੰਗ ਰੂਮ ਦੀ ਭਾਸ਼ਾ ਵਿਚ ਇਸਨੂੰ AFFAIR ਕਹਿੰਦੇ ਨੇ। ਹੱਸਦੀ ਹੋਈ ਸ਼ੈਲੀ ਦੀ ਨਜ਼ਰ ਮੇਰੇ ਉੱਤੇ ਪਈ ਤਾਂ ਉਸ ਕਿਹਾ...:
“ਤੁਸੀਂ ਅੰਦਰ ਚੱਲੋ, ਮੈਂ ਆਈ।”
ਮੈਂ ਠੰਡੇ, ਆਰਾਮਦਾਈ ਕਮਰੇ ਵਿਚ ਬੈਠ ਕੇ ਮਹਿਸੂਸ ਕੀਤਾ ਕਿ ਮੇਰੀ ਜੇਬ ਕੱਟੀ ਗਈ ਏ। ਆਮ ਦਿਨਾਂ ਵਾਂਗ ਸ਼ਬਰਤ ਆਇਆ, ਫੇਰ ਬਿੱਲੀ ਆਈ, ਫੇਰ ਸ਼ੈਲੀ। ਮੇਰਾ ਖ਼ਿਆਲ ਸੀ ਉਹ ਮੇਰੇ ਸਾਹਮਣੇ ਆਉਂਦੀ ਹੋਈ ਸ਼ਰਮਾਏਗੀ, ਪਰ ਉਹ ਇੰਜ ਆ ਬੈਠੀ ਕਿ ਮੈਂ ਸ਼ਰਮਾ ਗਿਆ। ਮੈਂ ਉਸ ਵੱਲ ਇੰਜ ਵੇਖਿਆ ਜਿਵੇਂ ਕੋਈ ਵਿਚਾਰਾ ਗਰੀਬ ਭੂਚਾਲ ਪਿੱਛੋਂ ਆਪਣੇ ਖਸਤਾ ਹਾਲਤ ਮਕਾਨ ਵੱਲ ਦੇਖਦਾ ਏ, ਜਿਸ ਵਿਚ ਹੋਰ ਵੀ ਤਰੇੜਾਂ ਪੈ ਗਈਆਂ ਹੋਣ। ਮੈਂ ਪੜ੍ਹਾਉਣਾ ਸ਼ੁਰੂ ਕੀਤਾ ਪਰ ਵਾਰੀ-ਵਾਰੀ ਧਿਆਨ ਉਸਦੇ ਬੁੱਲ੍ਹਾਂ ਵੱਲ ਚਲਾ ਜਾਂਦਾ, ਮੈਨੂੰ ਲੱਗ ਰਿਹਾ ਸੀ ਜਿਵੇਂ ਉੱਥੇ ਇਕ ਨਿੱਕਾ ਜਿਹਾ ਸੁੰਦਰ ਫੁੱਲ ਹੁੰਦਾ ਸੀ, ਜਿਹੜਾ ਕਿਸੇ ਬਦਤਮੀਜ਼ ਨੇ ਤੋੜ ਲਿਆ ਏ। ਉਸਦਾ ਪਹਿਰਾਵਾ ਉਸਦੇ ਸਰੀਰ ਨਾਲ ਲੜ ਰਿਹਾ ਜਾਪਦਾ ਸੀ। ਪਤਾ ਨਹੀਂ ਕਿਸ ਬੇਵਕੂਫ਼ ਨੇ ਕਿਹਾ ਏ ਕਿ ਔਰਤ ਕੱਪੜੇ ਤਨ ਢਕਣ ਲਈ ਪਾਉਂਦੀ ਏ—ਸ਼ੈਲੀ ਨੂੰ ਵੇਖ ਕੇ ਇਹ ਕਥਨ ਬਿਲਕੁਲ ਉਲਟਾ ਜਾਪਦਾ ਸੀ। ਮੇਰੇ ਲਈ ਪੜ੍ਹਾਉਣਾ ਮੁਸ਼ਕਿਲ ਹੋ ਗਿਆ ਸੀ; ਸ਼ੈਲੀ ਵੀ ਧਿਆਨ ਨਹੀਂ ਸੀ ਦੇ ਰਹੀ।
“ਕੈਨੀ ਬੜਾ ਸ਼ਰਾਰਤੀ ਹੋ ਗਿਆ ਏ। ਪਹਿਲਾਂ ਇਹੋ ਜਿਹਾ ਨਹੀਂ ਸੀ ਹੁੰਦਾ। ਜਦੋਂ ਦੀ ਉਸਦੀ ਕਜ਼ਨ ਬੰਬਈਓਂ ਆਈ ਏ, ਉਹ ਐਗਰੈਸਿਵ ਹੋ ਗਿਆ ਏ; ਕੱਲ੍ਹ ਮੈਂ ਵੀ ਉਸਨੂੰ ਕੱਪੜਿਆਂ ਸਮੇਤ ਤਲਾਅ ਵਿਚ ਸੁੱਟ ਦਿੱਤਾ ਸੀ। ਉਸਨੇ ਉਸ ਗੱਲ ਦਾ ਬਦਲਾ ਲਿਆ ਏ—ਕਿਸੇ ਦਿਨ ਮੈਂ ਉਸਨੂੰ ਸ਼ਹਿਰ ਤੋਂ ਦਸ-ਬਾਰਾਂ ਮੀਲ ਦੂਰ ਛੱਡ ਆਵਾਂਗੀ, ਮਜ਼ਾ ਆ ਜਾਏਗਾ।”
ਕੁਝ ਚਿਰ ਲਈ ਕਮਰੇ ਦੀ ਹਰੇਕ ਸ਼ੈ ਘੁੰਮਦੀ ਹੋਈ ਨਜ਼ਰ ਆਈ—ਸ਼ੈਲੀ ਵੀ, ਮੈਂ ਵੀ ਤੇ ਸਿਆਮੀ ਬਿੱਲੀ ਵੀ; ਜਿਹੜੀ ਬੈਠੀ ਮੇਰੇ ਵੱਲ ਇਕਟੱਕ ਵੇਖੀ ਜਾ ਰਹੀ ਸੀ। ਮੈਨੂੰ ਸ਼ੁਰੂ ਤੋਂ ਹੀ ਬਿੱਲੀਆਂ ਨਾਲ ਚਿੜ ਏ, ਰਾਤ ਨੂੰ ਜਦੋਂ ਲੜਦੀਆਂ ਨੇ ਤਾਂ ਡਰ ਲੱਗਣ ਲੱਗ ਪੈਂਦਾ ਏ। ਜਦੋਂ ਹਰ ਚੀਜ਼ ਆਪਣੀ ਥਾਵੇਂ ਠਹਿਰ ਗਈ ਤਾਂ ਮੈਂ ਪੁੱਛਿਆ...:
“ਤੂੰ ਬਿੱਲੀ ਕਿਉਂ ਪਾਲੀ ਹੋਈ ਏ?”
“ਬਸ, ਚੰਗੀ ਲੱਗਦੀ ਏ।” ਤੇ ਬਿੱਲੀਆਂ ਦੀਆਂ ਆਦਤਾਂ, ਸੁਭਾਅ ਤੇ ਕਿਸਮਾਂ ਬਾਰੇ ਦੱਸਣ ਲੱਗ ਪਈ ਸੀ ਉਹ। ਮੈਨੂੰ ਲੱਗਿਆ ਉਹ ਆਪਣੀ ਸੁਸਾਇਟੀ ਦੀਆਂ ਕੁੜੀਆਂ ਬਾਰੇ ਦੱਸ ਰਹੀ ਏ। ਅਚਾਨਕ ਮੈਂ ਡਰ ਗਿਆ, ਮੈਨੂੰ ਇੰਜ ਲੱਗਿਆ ਸੀ ਜਿਵੇਂ ਉਸਦੀ ਬਿੱਲੀ ਮੇਰੇ 'ਤੇ ਝਪਟੀ ਸੀ। ਇਹ ਮੇਰਾ ਵਹਿਮ ਸੀ, ਬਿੱਲੀ ਆਪਣੀ ਜਗ੍ਹਾ ਸ਼ਾਂਤ ਬੈਠੀ ਹੋਈ ਸੀ। ਸ਼ੈਲੀ ਮੁਸਕੁਰਾ ਰਹੀ ਸੀ।
“ਕੀ ਹੋਇਆ?”
“ਕੁਛ ਨਹੀਂ...”
“ਤੁਸੀਂ ਵੀ ਅਜੀਬ ਆਦਮੀ ਓ! ਅੱਛਾ ਮੈਂ ਹੁਣ ਬਿੱਲੀਆਂ ਦਾ ਜ਼ਿਕਰ ਨਹੀਂ ਕਰਾਂਗੀ।” ਉਹ ਹੱਸ ਪਈ ਤੇ ਆਪਣੇ ਦੋਸਤਾਂ ਦੀਆਂ ਗੱਲਾਂ ਕਰਨ ਲੱਗ ਪਈ। ਕੈਨੀ, ਜਿੰਮੀ, ਰੋਸ਼ੀ, ਅਜੀਬ ਆਦਮੀ ਤੇ ਬੇਅਰਥੇ ਜਿਹੇ ਨਾਂਅ ਸਨ; ਕਦੀ ਲੱਗਦਾ ਇਹ ਕਿਸੇ ਸ਼ਰਾਬ ਦਾ ਨਾਂਅ ਏ, ਕਦੀ ਲੱਗਦਾ ਕਿਸੇ ਰੇਸ ਦੇ ਘੋੜੇ ਦਾ ਤੇ ਕਦੀ ਕਾਰ ਦੇ ਨਵੇਂ ਮਾਡਲ ਦਾ। ਯਕਦਮ ਉਸਨੇ ਕੁੱਤਿਆਂ ਦਾ ਜ਼ਿਕਰ ਤੋਰ ਲਿਆ—ਹੁਣ ਉਹ ਸਭ ਨੂੰ ਰਲਗਡ ਕਰੀ ਜਾ ਰਹੀ ਸੀ। ਬੁਆਏ-ਫਰੈਂਡ, ਕੁੱਤੇ, ਕਾਰਾਂ ਦੇ ਮਾਡਲ, ਪਹਾੜ, ਸ਼ਹਿਰ, ਕਿਤਾਬਾਂ, ਸਹੇਲੀਆਂ, ਫਰੈਂਡ; ਸਭੋ ਕੁਝ ਉਸਦੀਆਂ ਗੱਲਾਂ ਵਿਚ ਇੰਜ ਆ ਰਿਹਾ ਸੀ ਜਿਵੇਂ ਬੇਕਾਰ ਕੀਤਾ ਪਲਾਸਟਿਕ ਦਾ ਸਾਮਾਨ ਮੁੜ ਪਿਘਲਾਉਣ ਲਈ ਕਿਸੇ ਵੱਡੇ ਭਾਂਡੇ ਵਿਚ ਪਾਇਆ ਜਾ ਰਿਹਾ ਹੋਵੇ। ਮੈਨੂੰ ਇੰਜ ਲੱਗ ਰਿਹਾ ਸੀ ਇਹ ਸਭ ਉਹ ਮੈਨੂੰ ਨਹੀਂ ਦੱਸ ਰਹੀ, ਉਸਨੂੰ ਦੁਹਰਾ ਕੇ ਮਜ਼ਾ ਲੈ ਰਹੀ ਏ। ਮੇਰੀ ਹੋਂਦ ਤਾਂ ਸਿਰਫ ਉਸ ਸਫੇਦ ਪਰਦੇ ਵਰਗੀ ਏ ਜਿਸ ਉੱਤੇ ਫ਼ਿਲਮ ਪ੍ਰੋਜੈਕਟ ਕੀਤੀ ਜਾਂਦੀ ਏ।
ਮੈਂ ਉਠ ਕੇ ਆਉਣ ਹੀ ਲੱਗਾ ਸਾਂ ਕਿ ਉਸਦੀ ਖਾਸ ਨੌਕਰਾਣੀ ਨੇ ਆ ਕੇ ਸੁਨੇਹਾ ਦਿੱਤਾ...:
“ਬੀਬੀ ਜੀ, ਮੋਨਾ ਬੀਬੀ ਨੇ ਜ਼ਹਿਰ ਖਾ ਲਿਆ...”
ਮੈਂ ਤ੍ਰਬਕ ਕੇ ਸ਼ੈਲੀ ਵੱਲ ਦੇਖਿਆ। ਉਹ ਯਕਦਮ ਉਦਾਸ ਹੋ ਗਈ। ਉਸਨੂੰ ਉਦਾਸ ਵੇਖ ਕੇ ਮੈਂ ਪਹਿਲੀ ਵਾਰੀ ਮਹਿਸੂਸ ਕੀਤਾ ਕਿ ਉਹ ਇਕ ਕੁੜੀ ਵੀ ਹੈ। ਕੁਝ ਪਲ ਕਮਰੇ ਵਿਚ ਚੁੱਪ ਵਾਪਰੀ ਰਹੀ, ਫੇਰ ਉਹ ਬੋਲੀ...:
“ਮੋਨਾ ਮੇਰੀ ਸਹੇਲੀ ਸੀ। ਮੇਰੇ ਸਰਕਲ ਵਿਚ ਇਹ ਤੀਜੀ ਖ਼ੁਦਕਸ਼ੀ ਏ, ਪਰ ਜਦੋਂ ਵੀ ਕੋਈ ਇੰਜ ਜਾਨ ਦੇਂਦਾ ਏ, ਮੇਰਾ ਮੂਡ ਖ਼ਰਾਬ ਹੋ ਜਾਂਦਾ ਏ। ਮੈਨੂੰ ਇੰਜ ਮਰਨਾ ਚੰਗਾ ਨਹੀਂ ਲੱਗਦਾ।” ਉਹ ਚੁੱਪ ਹੋ ਗਈ, ਫੇਰ ਕਹਿਣ ਲੱਗੀ—“ਉਸ ਨੇ ਇੰਜ ਕਿਉਂ ਕੀਤਾ?” ਫੇਰ ਖ਼ੁਦ ਹੀ ਜਵਾਬ ਦੇਣ ਲੱਗੀ—“ਮੋਨਾ ਨੂੰ ਉਂਜ ਕੋਈ ਗ਼ਮ ਨਹੀਂ ਸੀ—ਉਹ ਸਵੇਰੇ ਗਿਆਰਾਂ ਵਜੇ ਸੁੱਤੀ ਉਠਦੀ। ਨਾਸ਼ਤਾ ਬਾਹਰ ਕਰਦੀ, ਲੰਚ ਕਿਸੇ ਦੋਸਤ ਦੇ ਨਾਲ ਲੈਂਦੀ—ਮੈਟਨੀ ਸ਼ੌ ਦੇਖਦੀ। ਸ਼ਾਮ ਨੂੰ ਕਲੱਬ ਚਲੀ ਜਾਂਦੀ ਤੇ ਉੱਥੋਂ ਡਿਨਰ ਪਿੱਛੋਂ ਹੀ ਆਉਂਦੀ। ਉਸਦਾ ਸੋਸ਼ਲ ਸਰਕਲ ਬੜਾ ਵਾਈਡ ਸੀ। ਉਸਨੇ ਕਦੀ ਕਿਸੇ ਦੀ ਪ੍ਰਵਾਹ ਨਹੀਂ ਕੀਤੀ। ਪਰ ਪਿੱਛਲੇ ਦਿਨਾਂ ਵਿਚ ਉਹ ਉਦਾਸ ਰਹਿਣ ਲੱਗ ਪਈ ਸੀ—ਕਿਸੇ ਕਿਸਮ ਦੀ ਲੋੜ ਜਾਂ ਪੈਸੇ ਦੀ ਤੰਗੀ ਕਰਕੇ ਨਹੀਂ, ਉਂਜ ਈ। ਕਹਿੰਦੀ, 'ਕੁਛ ਸਮਝ ਨਹੀਂ ਆਉਂਦਾ। ਇੰਜ ਲੱਗਦੈ, ਜਿਵੇਂ ਦਿਮਾਗ਼ ਵਿਚ ਤੇਲ ਘੱਟ ਹੁੰਦਾ ਜਾ ਰਿਹਾ ਏ।' ਉਸਨੇ ਲੋਕਾਂ ਨਾਲ ਮਿਲਣਾ ਜੁਲਣਾ ਵੀ ਘੱਟ ਕਰ ਦਿੱਤਾ ਸੀ। ਸੈਕਸ ਉਸ ਲਈ ਕੋਈ ਟੈਬੂ, ਨਹੀਂ ਸੀ। ਉਹ ਕਹਿੰਦੀ ਸੀ ਕਿ ਹੁਣ ਓਸ ਵਿਚ ਕੋਈ ਚਾਰਮ ਨਹੀਂ ਰਿਹਾ। ਉਸਦੇ ਦੋਸਤ ਵੀ ਇਹ ਮਹਿਸੂਸ ਕਰਨ ਲੱਗ ਪਏ ਸਨ ਕਿ ਮੁਲਾਕਾਤਾਂ ਵਿਚ ਹੁਣ ਮੋਨਾ ਕਿਧਰੇ ਨਹੀਂ ਹੁੰਦੀ ਤੇ ਉਹ ਉਸ ਤੋਂ ਦੂਰ ਹੁੰਦੇ ਗਏ। ਅਕਸਰ ਉਹ ਮੇਰੇ ਕੋਲ ਆ ਜਾਂਦੀ, ਦੇਰ ਤਕ ਚੁੱਪਚਾਪ ਬੈਠੀ ਰਹਿੰਦੀ—ਸਿਗਰੇਟ ਵੀ ਪੀਣ ਲੱਗ ਪਈ ਸੀ। ਉਸਦੀਆਂ ਆਦਤਾਂ ਕੁਛ ਅਜੀਬ ਜਿਹੀਆਂ ਹੋ ਗਈਆਂ ਸੀ। ਮੇਰੇ ਕਮਰੇ ਵਿਚ ਹੁੰਦੀ ਤਾਂ ਚੁੱਪ ਕਰਕੇ ਬੈਠੀ ਕੰਧਾਂ ਵਲ ਵੇਖਦੀ ਰਹਿੰਦੀ। ਮੈਂ ਏਧਰ ਉਧਰ ਜਾਂਦੀ ਤਾਂ ਮੇਰੇ ਪਿੱਛੇ-ਪਿੱਛੇ ਆ ਜਾਂਦੀ—ਇਕ ਵਾਰੀ ਤਾਂ ਮੇਰੇ ਪਿੱਛੇ ਗੁਸਲਖ਼ਾਨੇ ਵਿਚ ਪਹੁੰਚ ਗਈ। ਕਹਿਣ ਲੱਗੀ ਮੈਨੂੰ ਨਹਾਉਂਦਿਆਂ ਦੇਖੇਗੀ। ਕਹਿੰਦੀ ਸੀ ਉਹ ਜ਼ਿੰਦਗੀ ਤੋਂ ਅੱਕ ਗਈ ਏ। ਉਹ ਕਲੱਬ, ਸਿਨੇਮਾ, ਹੋਟਲ, ਕਾਰ ਵਿਚ ਬੈਠੇ ਦੋਸਤ ਤੇ ਹੇਠਾਂ ਦੌੜਦੀ ਹੋਈ ਲੰਮੀ ਸੜਕ, ਰਾਤ ਨੂੰ ਸੌਣ ਲਈ ਬਰੋਮਾਈਡ, ਦਿਨੇ ਵਿਟਾਮਿਨ, ਕੋਈ ਦੋਸਤ, ਬਿਸਤਰਾ ਤੇ ਫੇਰ ਇਕ ਲੰਮਾ ਸੁੰਨਾਪਣ, ਖ਼ਾਲੀ ਹੋ ਜਾਣ ਦਾ ਤਿੱਖਾ ਅਹਿਸਾਸ। ਉਸਦਾ ਦੋਸਤ ਚਲਾ ਜਾਂਦਾ, ਤੇ ਉਹ ਬਿਸਤਰੇ 'ਤੇ ਪਈ ਰਹਿੰਦੀ। ਉਸਦੀ ਨੌਕਰਾਣੀ ਦੱਸਦੀ ਸੀ ਕਿ ਕਦੀ ਪਈ ਪਈ ਹੱਸਣ ਲੱਗ ਪੈਂਦੀ ਏ, ਕਦੀ ਉੱਚੀ ਉੱਚੀ ਰੋਣ—ਇਕ ਦਿਨ ਉਸਨੇ ਕਿਹਾ ਸੀ—ਸ਼ੈਲੀ ਇੱਥੇ ਹਰ ਆਦਮੀ ਦੀ ਜ਼ਿੰਦਗੀ ਬੇਅਰਥ ਤੇ ਫ਼ਜ਼ੂਲ ਏ।”
ਕਮਰੇ ਵਿਚ ਫੇਰ ਚੁੱਪ ਵਾਪਰ ਗਈ ਸੀ। ਸ਼ੈਲੀ ਨੇ ਸਿਰ ਕੁਰਸੀ ਦੀ ਢੋਅ ਨਾਲ ਲਾ ਲਿਆ ਸੀ ਤੇ ਅੱਖਾਂ ਮੀਚ ਲਈਆਂ ਸਨ। ਉਸਦੀ ਬਿੱਲੀ ਨੇ ਵੀ ਸਿਰ ਪੰਜਿਆਂ 'ਤੇ ਰੱਖ ਕੇ ਅੱਖਾਂ ਬੰਦ ਕਰ ਲਈਆਂ ਸਨ। ਇੰਜ ਲੱਗਦਾ ਸੀ, ਸਮਾਂ ਥਾਵੇਂ ਰੁਕ ਗਿਆ ਏ। ਫੇਰ ਉਹ ਯਕਦਮ ਉਠ ਖੜੀ ਹੋਈ—
“ਚੱਲੋ, ਮੇਰਾ ਜੀਅ ਘਬਰਾ ਰਿਹੈ...।”
ਅਸੀਂ ਉਸਦੀ ਕਾਰ ਵਿਚ ਘੁੰਮਦੇ ਰਹੇ। ਉਹ ਡਰਾਈਵ ਕਰ ਰਹੀ ਸੀ ਤੇ ਮੈਂ ਬੇਕਾਰ ਬੈਠਾ ਹੋਇਆ ਸਾਂ। ਮੇਰੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਮੈਂ ਕਿਉਂ ਉਸਦੇ ਨਾਲ ਹਾਂ। ਆਖ਼ਰ ਅਸੀਂ ਇਕ ਰੇਸਤਰਾਂ ਵਿਚ ਜਾ ਬੈਠੇ। ਉਹ ਡਰੀ ਹੋਈ ਸੀ। ਉੱਥੋਂ ਉਸਨੇ ਆਪਣੇ ਕੁਝ ਦੋਸਤਾਂ ਨੂੰ ਫੋਨ ਕੀਤੇ—
“ਕੀ ਬਕਵਾਸ ਏ, ਲੋੜ ਵੇਲੇ ਕੋਈ ਵੀ ਨਹੀਂ ਲੱਭਦਾ।” ਉਸਨੇ ਕਾਫੀ ਸਿਪ ਕੀਤੀ—“ਤੁਸੀਂ ਹੀ ਕੋਈ ਗੱਲ ਕਰੋ...”
ਮੇਰੇ ਕੋਲ ਕੋਠੀ ਸੀ, ਨਾ ਕਾਰ। ਕੁੱਤੇ ਸਨ, ਨਾ ਬਿੱਲੀ। ਮੈਂ ਕੀ ਗੱਲ ਕਰਦਾ! ਮੇਰੇ ਦੋਸਤ ਕਲਰਕ ਸਨ ਜਾਂ ਬੇਰੁਜ਼ਗਾਰ। ਉਹ ਖਿਝ ਕੇ ਉਠ ਖੜ੍ਹੀ ਹੋਈ। ਉਸ ਦਿਨ ਉਸਦੇ ਕਹਿਣ 'ਤੇ ਅਸੀਂ ਇਕ ਅੰਗਰੇਜ਼ੀ ਫ਼ਿਲਮ ਦੇਖੀ। ਸਾਰਾ ਸਮਾਂ ਉਹ ਉੱਖੜੀ-ਪੁੱਖੜੀ ਜਿਹੀ ਰਹੀ। ਹਾਲ ਵਿਚੋਂ ਨਿਕਲੇ ਤਾਂ ਉਸਨੂੰ ਜਿੰਮੀ ਮਿਲ ਗਿਆ। ਉਹ ਉਸ ਨਾਲ ਚਲੀ ਗਈ। ਮੈਂ ਆਪਣੇ ਕਮਰੇ ਵਿਚ ਜਾ ਕੇ ਲੇਟ ਗਿਆ।
ਮੈਂ ਹੁਣ ਵੀ ਸ਼ੈਲੀ ਨੂੰ ਪੜ੍ਹਾਉਣ ਜਾਂਦਾ ਹਾਂ। ਉਹ ਮੋਨਾ ਨੂੰ ਬਿਲਕੁਲ ਭੁੱਲ ਚੁੱਕੀ ਏ। ਜਿੰਮੀ ਤੇ ਕੈਨੀ ਨੂੰ ਵੀ। ਹੁਣ ਉਹਨਾਂ ਦੀ ਥਾਂ ਡੈਨੀ ਨੇ ਲੈ ਲਈ ਏ, ਜਿਹੜਾ ਸਿੱਕਮ ਦਾ ਰਹਿਣ ਵਾਲਾ ਏ ਤੇ ਦਿੱਲੀ ਯੂਨੀਵਰਸਟੀ ਵਿਚ ਪੜ੍ਹਦਾ ਏ। ਸ਼ੈਲੋ ਸਵੇਰੇ-ਸ਼ਾਮ ਅੰਗੀਠੀ ਬਾਲਣ ਲਈ ਬਾਹਰ ਗਲੀ ਵਿਚ ਰੱਖ ਦੇਂਦੀ ਏ ਤੇ ਕਦੀ ਕਦੀ ਮੈਨੂੰ ਕੋਈ ਲੈਟਰ ਜਾਂ ਐੱਸੇ ਲਿਖਵਾਉਣ ਲਈ ਕਹਿ ਦੇਂਦੀ ਏ। ਕੁੜੀਆਂ ਇਸ ਨਾਲੋਂ ਵਧ ਮੇਰੀ ਲੋੜ ਨਹੀਂ ਸਮਝਦੀਆਂ। ਇਹ ਕੰਮ ਮੈਂ ਸ਼ੈਲੋ ਦੀ ਮਾਂ ਦੀ ਹਾਜ਼ਰੀ ਵਿਚ ਕਰਦਾ ਹਾਂ, ਜਿਹੜੀ ਹਰ ਵੇਲੇ ਕੋਈ ਕੱਪੜਾ ਸਿਊਂਦੀ ਰਹਿੰਦੀ ਏ। ਛੈਲੋ, ਹਰ ਸਵੇਰ ਮੁਸਕੁਰਾ ਕੇ ਸਲਾਮ ਕਰਦੀ ਏ।  ਉਸਦਾ ਗਲਮਾਂ ਹਮੇਸ਼ਾ ਵਾਂਗ ਖੁੱਲ੍ਹਾ ਹੁੰਦਾ ਏ। ਮੁੰਨਾ ਪਨਵਾੜੀ ਉਸਨੂੰ ਤਮਾਕੂ ਵਾਲਾ ਪਾਨ ਇਸ ਸ਼ਰਤ 'ਤੇ ਦੇਂਦਾ ਏ ਕਿ ਉਹ ਕਿਸੇ ਨੂੰ ਅੱਖ ਮਾਰੇ। ਉਹ ਬੇਸ਼ਰਮੀ ਨਾਲ ਮਾਰ ਦੇਂਦੀ ਏ। ਨੰਦੂ ਬੱਚੇ ਵੱਲ ਇਸ਼ਾਰਾ ਕਰਕੇ ਪੁੱਛਦਾ ਏ...:
“ਇਹ ਕੀਹਦਾ ਐ?”
“ਏਸੇ ਨੂੰ ਪੁੱਛ ਲਾ।”
“ਸਾਡਾ ਨੰਬਰ ਕਦੋਂ ਲਾਉਣੈ...?”
“ਪਹਿਲਾਂ ਤੇਰੇ ਪਿਓ ਦੀ ਵਾਰੀ ਆ।”
ਇਸ 'ਤੇ ਸਾਰੇ ਹੱਸ ਪੈਂਦੇ ਨੇ ਤੇ ਨੰਦੂ ਛਿੱਥਾ-ਜਿਹਾ ਪੈ ਜਾਂਦਾ ਏ ਤੇ ਉਸਨੂੰ ਗਾਲ੍ਹਾਂ ਕੱਢਣ ਲੱਗ ਪੈਂਦਾ ਏ। ਸ਼ੈਲੋ ਜਦੋਂ ਮੈਥੋਂ ਕੁਝ ਪੁੱਛਣ ਆਉਂਦੀ ਏ ਤਾਂ ਮੈਂ ਸੋਚਦਾ ਹਾਂ, ਦਿਲ ਦਾ ਹਾਲ ਕਹਿ ਦਿਆਂ। ਮੈਂ ਕਿੰਨੇ ਹੀ ਖ਼ਤ ਲਿਖ-ਲਿਖ ਕੇ ਪਾੜੇ ਨੇ। ਦਰਅਸਲ ਮੈਨੂੰ ਇਹੀ ਪਤਾ ਨਹੀਂ ਲੱਗ ਸਕਿਆ ਕਿ ਖ਼ਤ ਕਿਸ ਨੂੰ ਲਿਖਿਆ ਜਾਵੇ! ਲੈ ਦੇ ਕੇ ਇਕ ਸ਼ੈਲੋ ਰਹਿ ਗਈ ਏ ਜਿਹੜੀ ਨਾ ਕੁਝ ਸਮਝਦੀ ਏ, ਨਾ ਸਮਝਾਉਂਦੀ ਏ। ਛੈਲੋ ਹੋਈ ਬਿਮਾਰੀ ਦਾ ਘਰ। ਸ਼ੈਲੀ ਦੇ ਨੇੜੇ ਹੁੰਦਾ ਹਾਂ ਤਾਂ ਮਹਿਸੂਸ ਹੁੰਦਾ ਏ ਕਿ ਉਸਦੇ ਮਕਾਨ ਦਾ ਦਰਵਾਜ਼ਾ ਬੜੀ ਉੱਚਾਈ 'ਤੇ ਹੈ ਤੇ ਮੇਰੇ ਕੋਲ ਉਹ ਪੌੜੀ ਨਹੀਂ ਜਿਸ ਉੱਤੇ ਚੜ੍ਹ ਕੇ ਉਸ ਤੀਕ ਪਹੁੰਚਿਆ ਜਾ ਸਕੇ। ਉਹ ਪੌੜੀ ਕੈਨੀ, ਜਿੰਮੀ ਤੇ ਰੋਸ਼ੀ ਕੋਲ ਏ ਜਿਹੜੇ ਉਸਨੂੰ ਲੰਮੀਆਂ ਚੌੜੀਆਂ ਕਾਰਾਂ ਵਿਚ ਲਈ ਫਿਰਦੇ ਨੇ। ਸ਼ੈਲੋ ਕੇ ਘਰ ਦਾ ਦਰਵਾਜ਼ਾ ਹੈ ਤਾਂ ਜ਼ਮੀਨ ਉੱਤੇ ਹੀ ਪਰ ਉੱਥੇ ਮਘਦੀ ਹੋਈ ਅੰਗੀਠੀ ਤੇ ਠੰਡੀ ਯੱਖ ਉਸਦੀ ਮਾਂ ਦਾ ਪਹਿਰਾ ਹੁੰਦਾ ਏ। ਇਕ ਦਿਨ ਜਦੋਂ ਇਹ ਦੋਵੇਂ ਸ਼ੈਆਂ ਉੱਥੇ ਨਹੀਂ ਸਨ ਤਾਂ ਮੈਂ ਕਹਿ ਦਿੱਤਾ...:
“ਸ਼ੈਲੋ ਕਿਸੇ ਦਿਨ ਬਾਹਰ ਮਿਲੀਏ...”
“ਧੁੱਪੇ 'ਚ ਮੇਰੀ ਤਬੀਅਤ ਖ਼ਰਾਬ ਹੋ ਜਾਂਦੀ ਏ।”
“ਕਿਸੇ ਪਾਰਕ ਵਿਚ ਬੈਠਾਂਗੇ।”
“ਘਰ ਦਾ ਕੰਮ ਕੌਣ ਕਰੇਗਾ?”
ਉਸਦੀ ਮਾਂ ਅਚਾਨਕ ਉਸਨੂੰ ਲੱਭਦੀ ਹੋਈ ਆ ਗਈ। ਮੈਂ ਉਸਨੂੰ ਐੱਚ.ਜੀ. ਵੈਲਜ਼ ਦੇ ਪਾਈ ਕਰਾਫਟ ਦੇ ਬਾਰੇ ਵਿਚ ਦੱਸਣ ਲੱਗ ਪਿਆ। ਉਸਦੀ ਮਾਂ ਹੈਰਾਨ ਸੀ ਕਿ ਚੰਗਾ ਭਲਾ ਆਦਮੀ ਇੰਜ ਭਾਰਹੀਣ ਕਿੰਜ ਹੋ ਜਾਂਦਾ ਏ!
ਕੁਝ ਦਿਨਾਂ ਬਾਅਦ ਉਹ ਮੈਨੂੰ ਬਸ ਵਿਚ ਮਿਲ ਪਈ। ਮੈਂ ਉਸਦੇ ਕੰਨ 'ਚ ਕਿਹਾ...:
“ਆ ਕਨਾਟ ਪਲੇਸ ਘੁੰਮੀਏਂ।”
“ਮੈਂ ਅੰਗੀਠੀ ਲਾਉਣੀ ਏਂ।”
“ਸਿਰਫ ਪੰਜ ਮਿੰਟ ਲਈ, ਕਾਫੀ ਪੀਆਂਗੇ।”
“ਕਾਫੀ ਪੀ ਕੇ ਮੈਨੂੰ ਨੀਂਦ ਨਹੀਂ ਆਉਂਦੀ।”
“ਤੂੰ ਕਦੀ ਰਾਤ ਨੂੰ ਨਹੀਂ ਜਾਗੀ?”
“ਜਦੋਂ ਗਿੱਦੜ ਜਾਂ ਕੁੱਤੇ ਰੋਂਦੇ ਨੇ, ਅੱਖ ਖੁੱਲ੍ਹ ਜਾਂਦੀ ਏ।”
“ਮੈਨੂੰ ਤਾਂ ਅੱਜ ਕੱਲ੍ਹ ਬਿਲਕੁਲ ਨੀਂਦ ਨਹੀਂ ਆਉਂਦੀ।”
“ਤੁਸੀਂ ਦੁੱਧ 'ਚ ਦੇਸੀ ਘਿਓ ਪਾ ਕੇ ਪੀਆ ਕਰੋ।”
ਮੈਂ ਉਸ ਵੱਲ ਗੌਰ ਨਾਲ ਦੇਖਿਆ। ਇੰਜ ਲੱਗਿਆ ਕੁੜੀ ਨਹੀਂ ਰੇਡੀਓ ਸਟੇਸ਼ਨ ਬੋਲ ਰਿਹਾ ਏ। ਮੈਂ ਸੋਚਿਆ, ਇਹ ਕਿਹੋ-ਜਿਹੀ ਕੁੜੀ ਹੈ—ਇਸਨੂੰ ਪਤਾ ਨਹੀਂ ਮੁਹੱਬਤ ਕਿਸ ਨੂੰ ਕਹਿੰਦੇ ਨੇ। ਦੋ ਦਿਲਾਂ ਦਾ ਮਿਲਾਪ ਕੀ ਹੁੰਦਾ ਏ। ਇਹਨਾਂ ਘਰਾਂ ਵਿਚ ਕੁੜੀਆਂ ਨੂੰ ਇਹੀ ਸਿਖਾਇਆ ਜਾਂਦਾ ਏ ਕਿ ਮੁਹੱਬਤ ਇਕ ਖ਼ਤਰਨਾਕ ਚੀਜ਼ ਏ। ਮੇਰਾ ਧਿਆਨ ਛੈਲੋ ਵਲ ਪਰਤ ਗਿਆ—ਕਿੰਨੀ ਮਹਾਨ ਔਰਤ ਏ। ਨਾ ਅੰਗੀਠੀ ਬਾਲਦੀ ਏ, ਨਾ ਕਲੱਬ ਜਾਂਦੀ ਏ। ਉਸਦੀ ਦੁਨੀਆਂ ਵਿਚ ਮੁਹੱਬਤ ਦੇਹ ਦੀ ਹਵਸ ਦਾ ਨਾਂਅ ਏਂ।...ਤੇ ਸ਼ੈਲੀ ਦੇ ਸਕਾਈ ਲਾਰਕ ਵਿਚ ਇਸ ਨੂੰ ਫੈਸ਼ਨ ਕਹਿੰਦੇ ਨੇ ਜਾਂ ਅਫੈਅਰ।
ਸ਼ੈਲੋ ਨੂੰ ਮੈਂ HOUSE ON FIRE ਦਾ ਐਸੇ ਲਿਖਵਾ ਦਿੱਤਾ ਹੈ। ਸ਼ੈਲੀ ਨੇ MY BEST FRIEND ਦਾ ਲੇਖ ਲਿਖ ਲਿਆ ਏ, ਜਿਸ ਵਿਚ ਉਸਨੇ ਸਿਰਫ ਆਪਣੇ ਕੁੱਤੇ ਟਾਇਗਰ ਦਾ ਜ਼ਿਕਰ ਕੀਤਾ ਏ। ਛੈਲੋ ਕਦੀ ਸਲਾਮ ਕਰਦੀ ਏ, ਕਦੀ ਅੱਖ ਮਾਰਦੀ ਏ—ਤੇ ਮੈਂ ਖੰਘਦਾ ਰਹਿੰਦਾ ਹਾਂ।  
*** *** ***

No comments:

Post a Comment