Monday, September 27, 2010

ਮਹਾਂਭਾਰਤ…:: ਲੇਖਕ : ਮ. ਕ. ਮਹਿਤਾਬ

ਉਰਦੂ ਕਹਾਣੀ :
ਮਹਾਂਭਾਰਤ…
ਲੇਖਕ : ਮ. ਕ. ਮਹਿਤਾਬ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਉਸਦਾ ਗੱਲ-ਬਾਤ ਕਰਨ ਦਾ ਢੰਗ ਬੜਾ ਪ੍ਰਭਾਵਸ਼ਾਲੀ ਸੀ। ਹਰੇਕ ਵਾਕ ਬੜਾ ਸੋਚ ਵਿਚਾਰ ਕੇ ਬੋਲਦੀ ਸੀ। ਖਾਸ ਕਰਕੇ ਉਸਦਾ ਉਚਾਰਣ ਬੜਾ ਹੀ ਸ਼ੁੱਧ ਸੀ, ਜਿਵੇਂ ਕੋਈ ਪ੍ਰੋਫ਼ੈਸਰ ਕਲਾਸ ਵਿਚ ਪੜ੍ਹਾਉਣ ਸਮੇਂ ਆਪਣੇ ਉਚਾਰਣ ਵੱਲ ਖਾਸ ਧਿਆਨ ਦੇ ਰਿਹਾ ਹੋਏ। ਉਹ ਬੜੀ ਖਾਲਸ ਅੰਗਰੇਜ਼ੀ ਵਿਚ ਗੱਲਾਂ ਕਰ ਰਹੀ ਸੀ। ਵਾਕਾਂ ਵਿਚ ਅੰਗਰੇਜ਼ੀ ਸਾਹਿਤ ਤੇ ਸਭਿਆਚਰ ਦੀ ਮਿਠਾਸ ਘੁਲੀ ਹੋਈ ਸੀ ਤੇ ਉਸਦੇ ਹਰੇਕ ਪ੍ਰਸ਼ਨ ਦਾ ਉੱਤਰ ਰਤਾ ਠਰੰਮੇ ਨਾਲ, ਸੋਚ-ਵਿਚਾਰ ਕੇ ਹੀ ਦਿੱਤਾ ਜਾ ਸਕਦਾ ਸੀ।
ਗੱਲ ਸਿਰਫ ਏਨੀ ਸੀ ਕਿ ਉਸਨੂੰ ਇਕ ਕਿਰਾਏ ਦੇ ਮਕਾਨ ਦੀ ਲੋੜ ਸੀ ਤੇ ਸਬੱਬ ਨਾਲ ਜਿਹੜਾ ਫਲੈਟ ਸਾਡੇ ਗੁਆਂਢ ਵਿਚ ਖਾਲੀ ਪਿਆ ਸੀ ਉਸ ਦੀ ਚਾਬੀ ਮਾਲਕ-ਮਕਾਨ ਨੇ ਮੈਨੂੰ ਫੜਾਈ ਹੋਈ ਸੀ।
ਮੈਂ ਉਸਦੀ ਖਾਲਸ ਅੰਗਰੇਜ਼ੀ ਗੱਲਬਾਤ ਬਦਲੇ ਉਸਨੂੰ ਚਾਹ ਪਿਆਈ ਤੇ ਏਸ ਚਾਹ ਦੇ ਬਦਲੇ ਵਿਚ ਉਸਨੇ ਮੇਰੇ ਕਮਰੇ ਦੀ ਸਜਾਵਟ, ਕਿਤਾਬਾਂ ਵਾਲੇ ਰੈਕ ਉਪਰ ਰੱਖੀ ਹੋਈ ਇਕ ਪੁਰਾਣੀ ਸ਼ਿਵ-ਮੂਰਤੀ ਤੋਂ ਲੈ ਕੇ ਚਾਹ ਦੀਆਂ ਪਿਆਲੀਆਂ ਅਤੇ ਨਮਕੀਨ ਕਾਜੂਆਂ ਆਦਿ ਹਰੇਕ ਚੀਜ਼ ਦੀ ਏਨੀ ਤਾਰੀਫ਼ ਕੀਤੀ ਕਿ ਮੈਂ ਉਸਦੇ ਬਦਲੇ ਵਿਚ ਉਸਨੂੰ ਮਕਾਨ ਦੀ ਚਾਬੀ ਫੜਾ ਦਿੱਤੀ। ਉਸਨੇ ਪੁਰਾਤਨ ਕਲਾ, ਅੰਗਰੇਜ਼ੀ ਫ਼ਲਸਫੇ, ਵੱਖ ਵੱਖ ਕਿਸਮ ਦੀ ਚੀਨੀ ਦੇ ਭਾਂਡਿਆਂ ਤੇ ਪੁਰਾਤਨ ਇਮਾਰਤਾਂ ਬਾਰੇ ਜਿਸ ਭਰਪੂਰ ਗਿਆਨ ਦਾ ਪ੍ਰਗਟਾਵਾ ਕੀਤਾ ਸੀ, ਉਸ ਤੋਂ ਪ੍ਰਭਾਵਿਤ ਹੋ ਕੇ ਮੈਂ ਉਸਨੂੰ ਇਕ ਜ਼ਰੂਰੀ ਗੱਲ ਦੱਸਣਾ ਹੀ ਭੁੱਲ ਗਿਆ ਸਾਂ। ਮਾਲਕ-ਮਕਾਨ ਦੀ ਇਹ ਖਾਸ ਹਦਾਇਤ ਸੀ ਕਿ ਮਕਾਨ ਦਾ ਸਾਢੇ ਤਿੰਨ ਸੌ ਰੁਪਏ ਮਹੀਨਾਂ ਕਿਰਾਇਆ, ਪੇਸ਼ਗੀ ਲੈ ਕੇ ਹੀ ਚਾਬੀ ਫੜਾਈ ਜਾਵੇ। ਅੰਗਰੇਜ਼ੀ ਗੱਲ ਬਾਤ ਦਾ ਇਹ ਸੁਆਦ ਦੂਸਰੇ ਦਿਨ ਆਰਥਕ ਪੀੜ ਦਾ ਰੂਪ ਧਾਰ ਗਿਆ, ਜਦੋਂ ਮਾਲਕ-ਮਕਾਨ ਨੇ ਆ ਕੇ ਚਾਬੀ ਮੰਗੀ ਤੇ ਇਕ ਮਹੀਨੇ ਦਾ ਪੇਸ਼ਗੀ ਕਿਰਾਇਆ ਮੈਨੂੰ ਆਪਣੇ ਕੋਲੋਂ ਦੇਣਾ ਪਿਆ।
ਤਿੰਨ ਦਿਨਾਂ ਪਿੱਛੋਂ ਨਵੇਂ ਗੁਆਂਢੀ ਆ ਗਏ। ਇਹ ਬੜਾ ਹੀ ਸਭਿਅ ਪਰਿਵਾਰ ਸੀ। ਕੁਝ ਕੀਮਤੀ ਸਾਮਾਨ ਤੇ ਕੁੱਲ ਚਾਰ ਔਰਤਾਂ ਤੇ ਇਕ ਮਰਦ! ਉਹ ਸਾਰੇ ਹੀ ਸੋਹਣੇ-ਸੁਨੱਖੇ ਤੇ ਸੁੰਦਰ-ਕੱਪੜਿਆਂ ਵਿਚ ਸਜੇ ਹੋਏ ਸਨ। ਉਹਨਾਂ ਵਿਚ ਇਕ ਔਰਤ ਜ਼ਰਾ ਪੱਕੀ ਉਮਰ ਦੀ ਸੀ, ਦੋ ਜਵਾਨ ਕੁੜੀਆਂ, ਇਕ ਵਿਆਹੀ ਵਰੀ ਤੀਵੀਂ ਤੇ ਇਕ ਨੌਜਵਾਨ ਮੁੰਡਾ ਸੀ, ਜਿਸ ਬਾਰੇ ਇਹ ਕਹਿਣਾ ਬੜਾ ਮੁਸ਼ਕਿਲ ਸੀ ਕਿ ਉਹ ਵਿਆਹਿਆ ਹੋਇਆ ਹੈ ਜਾਂ ਕੁਆਰਾ!...ਆਉਂਦੇ ਹੀ ਸਾਰੇ, ਸਾਮਾਨ ਤੇ ਮਕਾਨ ਨੂੰ ਠੀਕ-ਠਾਕ ਕਰਨ ਵਿਚ ਰੁੱਝ ਗਏ ਸਨ।
ਚਲੋ ਜੀ! ਸਾਰੀ ਉਮਰ ਦਾ ਕਲੇਸ਼ ਕੱਟਿਆ ਗਿਆ। ਸਭਿਅ ਤੇ ਸਾਊ ਬੰਦੇ ਜੋ ਆ ਗਏ ਨੇ। ਬੀਤੇ ਦੀ ਕੁਸੈਲ ਮੁੱਕ ਗਈ। ਕਿਹੋ ਜਿਹੋ ਮੂਰਖ ਤੇ ਉਜੱਡ ਲੋਕ ਪਹਿਲਾਂ ਇੱਥੇ ਰਹਿੰਦੇ ਸਨ! ਹਰ ਵੇਲੇ ਛਿੱਤਰੋ-ਛਿੱਤਰੀ ਹੁੰਦੇ ਰਹਿੰਦੇ ਸਨ...ਕਦੀ ਔਰਤਾਂ ਝਗੜ ਪਈਆਂ, ਕਦੀ ਨਿਆਣੇ ਲੜ ਪਏ ਤੇ ਸ਼ਾਮ ਵੇਲੇ ਤਾਂ ਮਰਦ ਵੀ ਬਾਹਾਂ ਚੜ੍ਹਾ ਕੇ ਲੜਣ-ਮਰਨ ਨੂੰ ਤਿਆਰ ਹੋ ਖਲੋਂਦੇ ਸਨ। ਤੇ ਜੇ ਉਹਨਾਂ ਨੂੰ ਕਿਧਰੇ ਕਹਿ ਬੈਠਦੇ, 'ਬਈ ਵਾਸਤਾ ਈ ਰੱਬ ਦਾ ਇਹ ਰੌਲਾ-ਰੱਪਾ ਨਾ ਪਾਓ'...ਤਾਂ ਉਲਟਾ ਘਸੂੰਨ ਉਲਾਰਦਿਆਂ ਸਾਡੇ ਹੀ ਗਲ਼ ਪੈ ਜਾਂਦੇ। ਉਹਨਾਂ ਝਗੜਾਲੂ ਬੰਦਿਆਂ ਦੇ ਮੁਕਾਬਲੇ ਵਿਚ ਇਹ ਬੜੇ ਹੀ ਚੰਗੇ, ਸਾਊ ਤੇ ਚੁੱਪ ਕੀਤੇ ਬੰਦੇ ਸਨ। ਇਹਨਾਂ ਨੇ ਤਾਂ ਜਿਵੇਂ ਬੂਹੇ ਦਾ ਜ਼ਿੰਦਰਾ ਖੋਹਲ ਕੇ ਆਪਣੇ ਬੁੱਲ੍ਹਾਂ ਨੂੰ ਲਾ ਲਿਆ ਸੀ। ਮਜ਼ਾਲ ਏ ਕੋਈ ਆਵਾਜ਼ ਵਰਾਂਡਾ ਪਾਰ ਕਰਕੇ ਸਾਡੇ ਤੱਕ ਪਹੁੰਚ ਜਾਏ। ਪਰ ਇਹ ਜਰੂਰਤ ਤੋਂ ਵਧ ਖ਼ਾਮੋਸ਼ੀ ਵੀ ਰੜਕਣ ਲੱਗ ਪਈ ਸੀ। ਸੋਚਿਆ ਸੀ ਕਿ ਇਕ-ਦੋਂਹ ਦਿਨਾਂ ਵਿਚ ਵਿਹਲੀ ਹੋ ਕੇ ਉਹੀ ਅੰਗਰੇਜ਼ੀ ਬੋਲਣ ਵਾਲੀ ਕੁੜੀ ਫੇਰ ਆਵੇਗੀ ਤੇ ਗੱਲਾਂ-ਬਾਤਾਂ ਨਾਲ ਦਿਲ ਪ੍ਰਚਾਵਾਂਗੇ। ਪਰ ਇਹ ਲੋਕ ਤਾਂ ਜਿਵੇਂ ਚੁੱਪ-ਸ਼ਾਹ ਦਾ ਰੋਜ਼ਾ ਰੱਖ ਕੇ ਆਏ ਸਨ। 'ਬਈ ਕਮਾਲ ਦੇ ਬੰਦੇ ਨੇ! ਸਵੇਰੇ ਸੱਤ ਵਜੇ ਘਰੋਂ ਬਾਹਰ ਜਾਣ ਲੱਗ ਪੈਂਦੇ ਨੇ ਤੇ ਸਾਢੇ ਨੌਂ ਵਜੇ ਬੂਹੇ ਨੂੰ ਜ਼ਿੰਦਰਾ ਵੱਜ ਜਾਂਦਾ ਹੈ! ਸ਼ਾਮ ਨੂੰ ਚਾਰ ਵਜੇ ਮੁੜਨੇ ਸ਼ੂਰੁ ਹੁੰਦੇ ਨੇ ਤੇ ਰਾਤ ਦੇ ਅੱਠ ਵਜੇ ਤਕ ਬੂਹਾ ਬੰਦ ਹੋ ਜਾਂਦਾ ਹੈ।
ਉਮੀਦ ਸੀ ਕਿ ਐਤਵਾਰ ਵਾਲੇ ਦਿਨ  ਉਹਨਾਂ ਵਿਚੋਂ ਕਿਸੇ ਨਾ ਕਿਸੇ ਦੇ ਦਰਸ਼ਨ ਜ਼ਰੂਰ ਹੋਣਗੇ, ਪਰ ਇੰਜ ਨਾ ਹੋਇਆ। ਉਹ ਰਤਾ ਅਵੇਰੇ ਉਠੇ ਸਨ। ਬੈੱਡ-ਟੀ ਦੀਆਂ ਪਿਆਲੀਆਂ ਖੜਕੀਆਂ, ਕੁਝ ਜਣੇ ਬਾਲਕੋਨੀ ਵਿਚ ਖਲੋ ਕੇ ਅਖ਼ਬਾਰ ਪੜ੍ਹਦੇ ਰਹੇ ਤੇ ਫੇਰ ਨਾਸ਼ਤਾ ਕਰਨ ਲਈ ਮੇਜ਼ ਉਪਰ ਜਾ ਬੈਠੇ। ਪਕਵਾਨਾਂ ਦੀ ਖ਼ੁਸ਼ਬੂ ਵਰਾਂਡਾ ਪਾਰ ਕਰ ਆਈ। ਉਸ ਤੋਂ ਪਿੱਛੋਂ ਗੁਸਲਖਾਨੇ ਵਿਚੋਂ ਗੁਣਗੁਣਾਉਂਣ ਦੀਆਂ ਆਵਾਜ਼ਾਂ ਵੀ ਆਈਆਂ...ਤੇ ਇੰਜ ਮੈਂ ਸ਼ਾਮ ਤੱਕ ਉਡੀਕਦਾ ਰਿਹਾ ਕਿ ਜੇ ਕਿਤੇ ਉਹ ਅੰਗਰੇਜ਼ੀ ਬੋਲਣ ਵਾਲੀ ਕੁੜੀ ਦਿਸ ਪਏ ਤਾਂ ਮੈਂ ਉਸ ਨੂੰ ਆਖਾਂ...:
'ਮੈਡਮ ਜੀ, ਤੁਹਾਡੇ ਵੱਲ ਮੇਰੇ ਸਾਢੇ ਤਿੰਨ ਸੌ ਰੁਪਏ ਰਹਿੰਦੇ ਨੇ।'
ਤੇ ਸ਼ਾਮ ਨੂੰ ਮਜ਼ਬੂਰ ਹੋ ਕੇ ਮੈਂ ਉਹਨਾਂ ਦੀ ਘੰਟੀ ਦੇ ਬਟਨ ਉੱਤੇ ਉਂਗਲ ਜਾ ਰੱਖੀ ਸੀ। ਬੂਹਾ ਖੁਲਾਅ ਕੇ ਮੈਂ ਬੜਾ ਹੀ ਪਛਤਾਇਆ ਸਾਂ। ਜੇ ਨਵੀਂ ਸਭਿਅਤਾ ਦੀ ਮੰਗ ਹੋਸਟਲਾਂ, ਹੋਟਲਾਂ ਤੇ ਬਾਜ਼ਾਰਾਂ ਵਿਚ ਕਾਵਾਂ-ਰੌਲੀ ਪਾਉਣਾ ਤੇ ਟਪੂੰ-ਟਪੂੰ ਕਰਨਾ ਹੈ ਤੇ ਘਰ ਵਿਚ ਕਿਸੇ ਕਬਰ ਵਰਗੀ ਚੁੱਪ ਵਰਤਾਈ ਰੱਖਣਾ ਹੈ ਤਾਂ ਮੈਨੂੰ ਉਹਨਾਂ ਦਾ ਬੂਹਾ ਨਹੀਂ ਸੀ ਖੜਕਾਉਣਾ ਚਾਹੀਦਾ। ਉਹ ਸਾਰੇ ਸਜ-ਧਜ ਕੇ ਕਿਧਰੇ ਬਾਹਰ ਜਾਣ ਦੀ ਤਿਆਰੀ ਕਰ ਰਹੇ ਸਨ। ਅਚਾਨਕ ਮੈਨੂੰ ਵੇਖ ਕੇ ਤ੍ਰਭਕ ਪਏ ਤੇ ਸਾਰਿਆਂ ਨੇ ਹੱਥ ਜੋੜ ਕੇ ਨਮਸਕਾਰ ਬੁਲਾਈ। ਫੇਰ ਉਸ ਅੰਗਰੇਜ਼ੀ ਬੋਲਣ ਵਾਲੀ ਕੁੜੀ ਨੇ, ਜਿਹੜੀ ਪਹਿਲੇ ਦਿਨ ਮਿਲਣ ਆਈ ਸੀ, ਆਪਣੀ ਲੰਮੀ ਗੁੱਤ ਨੂੰ ਹੁਲਾਰਾ ਦੇ ਕੇ ਪਿਛਾਂਹ ਵੱਲ ਉਛਾਲਦਿਆਂ ਕਿਹਾ...:
'ਭਾਬੀ ਜੀ ਇਹ ਨੇ...ਮੇਰਾ ਮਤਲਬ ਏ ਕਿ... ' ਤੇ  ਉਹ  ਟੁਣਕਵੀਂ ਜਿਹੀ ਹਾਸੀ ਹੱਸ ਕੇ ਮੇਰੇ ਵੱਲ ਵਿੰਹਦਿਆਂ ਹੋਇਆਂ ਬੋਲੀ, 'ਓ, ਮੈਨੂੰ ਤਾਂ ਤੁਹਾਡਾ ਨਾਂ ਈ ਭੁੱਲ ਗਿਆ...'
'ਕ੍ਰਿਸ਼ਨ ਸਰੂਪ...'
ਹਾਂ, ਭਾਬੀ ਜੀ! ਇਹ ਨੇ ਆਪਣੇ ਗੁਆਂਢੀ ਸ਼੍ਰੀ ਕ੍ਰਿਸ਼ਨ ਸਰੂਪ ਜੀ। ਇਹਨਾਂ ਦੀ ਮਿਹਰਬਾਨੀ ਸਦਕਾ ਈ ਸਾਨੂੰ ਇਹ ਮਕਾਨ ਕਿਰਾਏ 'ਤੇ  ਮਿਲਿਆ ਏ। ਇਹਨਾਂ ਦੇ ਘਰ ਜਿਹੜੀਆਂ ਚਾਹ ਵਾਲੀਆਂ ਪਿਆਲੀਆਂ ਨੇ ਨਾ, ਉਹ ਬੜੀਆਂ ਈ ਕੀਮਤੀ ਨੇ। ਤੇ ਨਾਲੇ ਇਕ ਸ਼ਿਵਜੀ ਦੀ ਪੁਰਾਤਨ ਮੂਰਤੀ ਵੀ ਹੈ, ਜਿਸਨੂੰ ਵੇਖ ਕੇ ਆਪ ਮੁਹਾਰੇ ਹੀ ਸਿਰ ਸ਼ਰਧਾ ਨਾਲ ਝੁਕ ਜਾਂਦਾ ਏ।...
...ਕ੍ਰਿਸ਼ਨ ਸਰੂਪ ਜੀ, ਇਹ ਮੇਰੇ ਰੇਣੂ ਭਾਬੀ ਜੀ ਨੇ। ਯੂਨੀਵਰਸਟੀ ਵਿਚ ਫਿਲਾਸਫੀ ਦਾ ਵਿਸ਼ਾ ਪੜ੍ਹਾਉਂਦੇ ਨੇ। ਉਂਜ ਹੈਨ ਕਾਨ੍ਹਪੂਰ ਦੇ।'
ਉਹ ਗੋਰੀ-ਚਿੱਟੀ, ਗੁਲਾਬ ਦੀ ਟਾਹਣੀ ਵਾਂਗਰ ਲਚਕਦੀ ਕੁੜੀ ਸੀ—ਮੋਟੀਆਂ-ਮੋਟੀਆਂ ਅੱਖਾਂ ਵਾਲੀ; ਜਦੋਂ ਅੱਖਾਂ ਉਤਾਂਹ ਚੁੱਕਦੀ ਸੀ ਤਾਂ ਇੰਜ ਜਾਪਦਾ ਸੀ ਜਿਵੇਂ ਸਾਰਾ ਮਕਾਨ ਹਿੱਲਣ-ਡੋਲਣ ਲੱਗ ਪਿਆ ਹੋਏ।
'ਤੇ ਇਹ ਨੇ ਮੇਰੇ ਮੰਮੀ, ਹਾਇਰ ਸੈਕੰਡਰੀ ਸਕੂਲ ਦੇ ਪ੍ਰਿਸੀਪਲ।' ਉਹ ਬੜੇ ਰੋਅਬ-ਦਾਅਬ ਵਾਲੀ ਤੀਵੀਂ ਸੀ।
ਉਸਦੀ ਉਮਰ ਭਾਵੇਂ ਚਾਲ੍ਹੀਆਂ ਨੂੰ ਪਾਰ ਕਰ ਚੁੱਕੀ ਸੀ, ਪਰ ਆਪਣੇ ਸੁਚੱਜੇ ਬਣਾਅ-ਸ਼ਿੰਗਾਰ ਦੇ ਢੰਗ ਤੇ ਠੀਕ ਢੰਗ ਦੇ ਪਹਿਰਾਵੇ ਕਾਰਨ ਆਪਣੀ ਉਮਰ ਨਾਲੋਂ ਬੜੀ ਘੱਟ ਜਾਪਦੀ ਸੀ। ਉਸਦੇ ਮੇਕਅੱਪ ਕਰਨ ਦੇ ਢੰਗ ਨੂੰ ਦੇਖ ਕੇ ਮੱਲੋਮੱਲੀ ਖ਼ਿਆਲ ਆਉਂਦਾ ਸੀ ਕਿ ਅੱਜ ਤੋਂ ਵੀਹ ਵਰ੍ਹੇ ਪਹਿਲਾਂ ਕਈ ਚੂਹੇ-ਚਿੜੇ ਉਸਦੀ ਇਕ ਝਲਕ ਦੇਖ ਕੇ ਫੁੜਕ ਗਏ ਹੋਣੇ ਨੇ।
'ਤੇ ਅਹਿ ਐ ਮੇਰੀ ਭੈਣ ਅੰਜਲੀ! ਏਅਰ ਹੋਸਟੈੱਸ ਹੈ। ਤੇ ਨਾਲੇ ਸ਼ੌਸ਼ਿਆਲੋਜੀ ਦੀ ਐਮ.ਏ. ਵੀ ਕਰ ਰਹੀ ਏ।'
ਉਹ ਕੁੜੀ ਸੀ ਕਿ ਸ਼ਹਿਦ ਦੀ ਬੂੰਦ; ਮਿਸ਼ਰੀ ਦੀ ਡਲੀ; ਗੁਲਾਬ ਦੀ ਪੱਤੀ; ਇਸ਼ਕ ਪੇਚੇ ਦੀ ਵੇਲ; ਸਮੁੰਦਰ ਦੀ ਲਹਿਰ; ਮਿੰਨ੍ਹੀ-ਮਿੰਨ੍ਹੀ ਹਵਾ ਦਾ ਬੁੱਲ੍ਹਾ...! ਉਸਨੇ ਲਿਪਸਟਿਕ ਡਰੈਸਿੰਗ ਟੇਬਲ ਉਪਰ ਰੱਖ ਕੇ ਦੁਬਾਰਾ ਨਮਸਕਾਰ ਬੁਲਾਈ। ਫੇਰ ਹੱਥ ਵਿਚ ਸ਼ੀਸ਼ਾ ਫੜ੍ਹਕੇ, ਬੁਲ੍ਹਾਂ ਦੇ ਕੋਣਿਆਂ ਤੋਂ ਰਤਾ ਖਿੱਲਰੀ ਹੋਈ, ਲਿਪਸਟਿਕ ਠੀਕ ਕਰਨ ਲੱਗ ਪਈ। ਹਾਏ ਕੇਡਾ ਨਖਰਾ ਸੀ! ਕਿਹੀਆਂ ਅਦਾਵਾਂ!!
'ਤੇ ਇਹ ਨੇ ਜੀ ਸਾਡੇ 'ਜੋਗੀ' ਭਾਈ ਸਾਹਬ...' ਮੁੰਡੇ  ਨੇ ਉਸ ਵੱਲ ਘੂਰ ਕੇ ਦੇਖਿਆ ਤੇ ਉਹ ਮੁਸਕਰਾ ਕੇ ਬੋਲੀ, 'ਮੇਰਾ ਮਤਲਬ ਏ, ਭਾਈ ਸਾਹਬ ਯੋਗਰਾਜ ਜੀ। ਗੌਰਮਿੰਟ ਸਕਾਲਰਸ਼ਿਪ ਉੱਤੇ ਬਾਇਆਲੋਜ਼ੀ ਵਿਚ ਰਿਸਰਚ ਕਰ ਰਹੇ ਨੇ।'
ਇਹ ਸਰੂ ਜਿੱਡੇ ਕੱਦ ਦਾ ਬੜਾ ਸੋਹਣਾ, ਪਰ ਸੰਗਾਲੂ ਜਿਹਾ ਮੁੰਡਾ ਸੀ। ਇੰਜ ਨੀਵੀਂ ਪਾਈ ਖੜ੍ਹਾ ਸੀ ਜਿਵੇਂ ਪ੍ਰਯੋਗਸ਼ਾਲਾ ਵਿਚ ਮਾਈਕਰੋਸਕੋਪ ਉੱਤੇ ਅੱਖ ਲਾਈ ਰੱਖਣ ਦਾ ਆਦਿ ਹੋਏ ਤੇ ਦੁਨੀਆਂ ਦੀਆਂ ਹਕੀਕਤਾਂ ਨਾਲ ਅੱਖਾਂ ਮਿਲਾਉਂਣ ਦੀ ਹਿੰਮਤ ਹੀ ਨਾ ਰਹੀ ਹੋਏ।
'ਤੇ ਮੈਂ...ਯਾਨੀ ਕਿ  ਊਸ਼ਾ...'ਤੇ ਫੇਰ  ਉਹ ਸਾੜ੍ਹੀ ਦੇ ਵੱਟ ਠੀਕ ਕਰਦੀ ਹੋਈ, ਖਿੜਖਿੜ ਹੱਸ ਪਈ। ਹੋਰ ਬਹੁਤਾ ਜਾਨਣ ਦੀ ਲੋੜ ਹੀ ਨਹੀਂ ਸੀ ਰਹੀ।
ਸੱਚਮੁੱਚ ਸਭਿਅਤਾ ਤੇ ਜੰਗਲੀਪੁਣੇ ਵਿਚ ਜ਼ਮੀਨ ਆਸਮਾਨ ਜਿੰਨਾਂ ਫ਼ਰਕ ਹੈ। ਇਕ ਉਹ ਲੋਕ ਸਨ ਕਿ ਗਾਲ੍ਹ ਤੋਂ ਬਿਨਾਂ ਗੱਲ ਹੀ ਨਹੀਂ ਸਨ  ਕਰਦੇ। ਜੇ ਕਿਤੇ ਬੂਹਾ ਖੋਲ੍ਹਣਾ ਪੈ ਜਾਏ ਤਾਂ ਬੂੜ-ਬੂੜ, ਚਿੜ-ਚਿੜ ਸ਼ੁਰੂ ਹੋ ਜਾਂਦੀ ਸੀ। ਤੇ ਇਹਨਾਂ ਲੋਕਾਂ ਕੋਲ ਬੈਠਿਆਂ ਇੰਜ ਲੱਗਦਾ ਸੀ ਜਿਵੇਂ ਹਰੇਕ ਦੇ ਮੂੰਹੋਂ ਫੁੱਲ ਕਿਰ ਰਹੇ ਹੋਣ। ਘਰ ਦੀ ਸਜਾਵਟ ਵਿਚ ਇਕ ਤਰਤੀਬ ਸੀ, ਇਕ ਸਲੀਕਾ ਸੀ। ਕੰਧਾਂ ਉੱਤੇ ਕੇਡੀਆਂ ਸੋਹਣੀਆਂ ਪੈਂਟਿਗਜ਼ ਲਾਈਆਂ ਹੋਈਆਂ ਸਨ। ਊਸ਼ਾ ਦੱਸ ਰਹੀ ਸੀ ਕਿ ਉਹਨਾਂ ਵਿਚੋਂ ਕੁਝ ਉਹਦੀ ਮਾਂ, ਕੁਝ ਵੱਡੇ ਭਰਾ ਤੇ ਕੁਝ ਉਸਦੀ ਛੋਟੀ ਭੈਣ ਦੀਆਂ ਕਲਾ ਕਿਰਤਾਂ ਹਨ।
'ਊਸ਼ਾ ਕੁਝ ਚਾਹ-ਸ਼ਾਹ ਵੀ ਬਣਾਅ ਲਿਆ...ਕਿ ਬੱਸ ਗੱਲਾਂ ਹੀ ਮਾਰਦੀ ਰਹੇਂਗੀ!' ਉਸਦੀ ਮਾਂ ਨੇ ਕਿਹਾ।
'ਮੈਂ ਪਾਣੀ ਰੱਖ ਦਿੱਤਾ ਏ।' ਅੰਜਲੀ ਚਹਿਕੀ!
'ਅੰਜਲੀ ਪਿਆਲੀਆਂ ਉਹ ਕੱਢੀਂ ਜਿਹੜੀਆਂ ਤੂੰ ਫਰਾਂਸ ਤੋਂ ਲਿਆਈ ਸੈਂ। ਇਹਨਾਂ ਦੇ ਘਰ ਵੀ ਬੜੀਆਂ ਸੁੰਦਰ ਪਿਆਲੀਆਂ ਨੇ।'
ਅਸੀਂ ਸੋਫੇ ਉੱਤੇ ਬੈਠੇ, ਖ਼ੁਸ਼ਬੂਦਾਰ ਚਾਹ ਦੀਆਂ ਚੁਸਕੀਆਂ ਲੈ ਰਹੇ ਸਾਂ ਤੇ ਮੈਂ ਕੰਧਾਂ ਉੱਤੇ ਟੰਗੀਆਂ ਹੋਈਆਂ ਤਸਵੀਰਾਂ ਦੀ ਪ੍ਰਸੰਸ਼ਾ ਕਰ ਰਿਹਾ ਸਾਂ। ਉਹਨਾਂ ਵਿਚ ਇਕ ਬੜੇ ਵੱਡੇ ਕੈਨਵਸ ਉੱਤੇ ਪਣ-ਰੰਗਾਂ ਨਾਲ ਬਣਾਈ ਹੋਈ ਤਸਵੀਰ ਵੀ ਸੀ। ਆਹਮਣੇ ਸਾਹਮਣਿਓਂ ਦੋ ਹਾਥੀ ਬੜੇ ਭਿਆਨਕ ਅੰਦਾਜ਼ ਵਿਚ ਨੱਸੇ ਆ ਰਹੇ ਸਨ...ਜਿਵੇਂ ਬਸ ਭਿੜੇ ਕਿ ਭਿੜੇ। ਉਹਨਾਂ ਦੇ ਜਿਸਮਾਂ ਦਾ ਤਣਾਅ, ਪੂਛ ਤੋਂ ਲੱਤਾਂ ਤਕ ਅਕੜਾਅ ਤੇ ਅੱਖਾਂ ਦਾ ਰੰਗ, ਸਭੋ ਕੁਝ ਭੇੜੂ ਰੁਚੀ ਦਾ ਸੂਚਕ ਸੀ। ਇੰਜ ਜਾਪਦਾ ਸੀ, ਜਿਵੇਂ ਦੋ ਕਾਲੇ ਪਹਾੜ ਹੁਣੇ ਟਕਰਾਅ ਪੈਣਗੇ। ਉਸ ਪਿੱਛੋਂ ਬਿਜਲੀ ਪੈਦਾ ਹੋਏਗੀ ਤੇ ਉਹਨਾਂ ਦੇ ਚੁਫੇਰੇ ਦਾ ਸਭ ਕੁਝ ਨਸ਼ਟ ਹੋ ਜਾਏਗਾ। ਕੁਝ ਵੀ ਬਾਕੀ ਨਹੀਂ ਬਚੇਗਾ! ਦ੍ਰਿਸ਼ ਦਾ ਪ੍ਰਭਾਵ ਆਊਟ ਗਰਾਊਂਡ ਉਲੀਕਣ ਨਾਲ ਹੋਰ ਵੀ ਵਧ ਗਿਆ ਸੀ...ਆਲੇ-ਦੁਆਲੇ, ਰੁੰਡ-ਮੁੰਡ ਜਿਹੇ ਰੁੱਖ ਹੀ ਦਿਸ ਰਹੇ ਸਨ। ਚਿੱਤਰਕਾਰ ਦਾ ਨਾਂ ਤਸਵੀਰ ਦੇ ਹੇਠਲੇ ਪਾਸੇ ਘਾਹ ਦੀਆਂ ਤਿੜਾਂ ਨਾਲ ਲਿਖਿਆ ਹੋਇਆ ਸੀ 'ਪ੍ਰਕਾਸ਼'। ਬੜੀ ਹੀ ਸੋਹਣੀ ਤਸਵੀਰ ਸੀ।
    'ਊਸ਼ਾ ਮੇਰਾ ਧਿਆਨ ਚਾਹ ਦੀਆਂ ਪਿਆਲੀਆਂ ਵੱਲ ਖਿੱਚਦਿਆਂ ਕਹਿ ਰਹੀ ਸੀ...:
'ਸਰੂਪ ਜੀ! ਇਸ ਚੀਨੀ ਦਾ ਕਮਾਲ ਇਹ ਹੈ ਕਿ ਵਧੇਰੇ ਗਰਮ ਚਾਹ ਦਾ ਰੰਗ ਬਾਹਰੋਂ ਗੂੜ੍ਹਾ ਲਾਲ ਨਜ਼ਰ ਆਉਂਦਾ ਏ। ਫੇਰ ਕੁਝ ਦੇਰ ਪਿੱਛੋਂ ਪੀਲਾ ਜਿਹਾ ਨਜ਼ਰ ਆਉਣ ਲੱਗ ਪੈਂਦਾ ਏ ਤੇ ਫੇਰ ਹਰਾ ਹੋ ਜਾਂਦਾ ਏ ਤੇ ਵਾਹਵਾ ਠਰ ਜਾਣ 'ਤੇ ਚਾਹ ਦਾ ਰੰਗ ਨੀਲਾ ਦਿਸਣ ਲੱਗ ਪਏਗਾ।'
'ਅੱਛਾ, ਚਲੋ ਫੇਰ ਆਪਾਂ ਚਾਹ ਨਹੀਂ ਪੀਂਦੇ...ਬੈਠ ਕੇ ਇਹਦੇ ਬਦਲਦੇ ਹੋਏ ਰੰਗ ਈ ਦੇਖਦੇ ਆਂ।'
ਮੇਰੀ ਗੱਲ ਸੁਣਕੇ ਊਸ਼ਾ ਤੇ ਅੰਜਲੀ ਬੜੀਆਂ ਹੱਸੀਆਂ ਸਨ, ਪਰ ਉਹਨਾਂ ਦੀ ਮੰਮੀ ਗੁੱਟ ਉੱਤੇ ਵੱਝੀ ਘੜੀ ਤੋਂ ਟਾਈਮ ਦੇਖਣ ਲੱਗ ਪਈ ਸੀ। ਛੇ ਵੱਜ ਚੁੱਕੇ ਸਨ। ਨਵੀਂ ਸਭਿਅਤਾ ਵਿਚ  ਘੜੀ ਦੇਖਣਾ ਵੀ ਇਕ ਖਾਸ ਸੰਕੇਤ ਹੈ, ਜਿਸ ਦਾ ਮਤਲਬ ਸ਼ਾਇਦ ਇਹ ਹੁੰਦਾ ਹੈ ਕਿ ਮੇਜ਼ਬਾਨ ਨੇ ਕਿਧਰੇ ਸਿਨੇਮਾ ਵਗ਼ੈਰਾ ਦੇਖਣ ਜਾਣਾ ਹੈ...ਇਸ ਲਈ ਮੈਨੂੰ ਆਪ ਨੂੰ ਹੀ ਉਠ ਖਲੋਣਾ ਚਾਹੀਦਾ ਸੀ।
ਤੇ ਮੈਂ ਨਮਸਤੇ ਬੁਲਾਅ ਕੇ ਬਾਹਰ ਨਿਕਲ ਆਇਆ। ਹੇਠਾਂ ਇਕ ਟੈਕਸੀ ਰੁਕੀ ਹੋਈ ਸੀ ਤੇ ਉਹ ਸਾਰੇ ਜਣੇ ਉਸ ਵਿਚ ਬੈਠ ਕੇ ਪਤਾ ਨਹੀਂ ਕਿੱਧਰ ਚਲੇ ਗਏ...।
ਉਸ ਰਾਤ ਉਹ ਬੜੀ ਲੇਟ ਵਾਪਸ ਆਏ ਸਨ। ਮੈਂ ਆਪਣੀ ਲਿਖਣ-ਪੜ੍ਹਨ ਵਾਲੀ ਮੇਜ਼ ਕੋਲ ਬੈਠਾ ਇਹੀ ਸੋਚਦਾ ਰਿਹਾ ਕਿ ਇਹ ਕਿਹੋ ਜਿਹੀ ਸਭਿਅਤਾ ਹੈ ਕਿ ਆਦਮੀ ਸੋਚਦਾ ਕੁਝ ਹੋਰ ਹੈ ਤੇ ਕਰਦਾ ਕੁਝ ਹੋਰ ਹੀ ਹੈ! ਮੈਂ ਸਾਢੇ ਤਿੰਨ ਸੌ ਰੁਪਏ ਲੈਣ ਗਿਆ ਸਾਂ, ਪਰ ਉੱਥੇ ਜਾ ਕੇ ਤਸਵੀਰਾਂ ਦੀ ਸੁੰਦਰਤਾ ਅਤੇ ਚਾਹ ਦੀਆਂ ਪਿਆਲੀਆਂ ਵਿਚ ਦਿਲਚਸਪੀ ਦਿਖਾਉਂਣ ਵਿਚ ਹੀ ਉਲਝ ਗਿਆ ਸਾਂ। ਇਸ ਨਾਲੋਂ ਤਾਂ ਆਦਿ ਯੁੱਗ ਹੀ ਚੰਗਾ ਸੀ ਕਿ ਬੰਦਾ ਜੇ ਡਾਂਗ ਮਾਰਨ ਦੀ ਗੱਲ ਸੋਚਦਾ ਸੀ ਤਾਂ ਡਾਂਗ ਹੀ ਮਾਰਦਾ ਸੀ...ਬੁਰਸ਼ ਫੜ੍ਹ ਕੇ ਤਸਵੀਰ ਨਹੀਂ ਸੀ ਬਣਾਉਂਣ ਲੱਗ ਪੈਂਦਾ।
ਫੇਰ ਇਕ ਹਫ਼ਤਾ ਹੋਰ ਉਹੀ ਚੁੱਪ ਤੇ ਜ਼ਿੰਦਗੀ ਦੀ ਚਹਿਲ-ਪਹਿਲ...ਸਵੇਰੇ ਪਿਆਲੀਆਂ ਦੀ ਖ਼ਣਕਾਰ, ਗੁਸਲਖਾਨੇ ਵਿਚ ਫ਼ਿਲਮੀ ਧੁਨਾਂ ਦੀ ਗੁਣਗੁਣਾਹਟ, ਪਕਵਾਨਾਂ ਦੀ ਖ਼ੁਸ਼ਬੂ, ਪੌੜੀਆਂ ਚੜ੍ਹਦੇ-ਉਤਰਦੇ ਪੈਰਾਂ ਦਾ ਖੜਾਕ ਤੇ ਸ਼ਾਮ ਸਵੇਰੇ ਬੂਹਾ ਖੋਹਲਣ ਤੇ ਭੀੜੇ ਜਾਣ ਦੀਆਂ ਆਵਾਜ਼ਾਂ...।
ਐਤਵਾਰ ਵਾਲੇ ਦਿਨ ਉਹ ਬੜੀ ਦੇਰ ਨਾਲ ਸੁੱਤੇ ਉੱਠੇ। ਵਰਾਂਡੇ ਵਿਚ ਬੂਹੇ ਮੂਹਰੇ ਪਿਆ ਅਖ਼ਬਾਰ ਤੇ ਰਸਾਲਾ ਵੀ ਦੇਰ ਨਾਲ ਚੁੱਕਿਆ ਗਿਆ। ਇਹ ਨਵੇਂ ਦੌਰ ਦੀ ਮੰਗ ਹੈ ਕਿ ਛੇ ਦਿਨ ਨਿੱਠ ਕੇ ਕੰਮ ਕਰੋ ਤੇ ਸਤਵੇਂ ਦਿਨ ਰੱਜਵਾਂ ਆਰਾਮ...। ਸਾਰੀ ਦੁਪਹਿਰ ਉਹਨਾਂ ਨੇ ਘਰੋਂ ਬਾਹਰ ਗੁਜਾਰੀ, ਸ਼ਾਮ ਨੂੰ ਆਏ ਤੇ ਬੂਹਾ ਬੰਦ ਹੋ ਗਿਆ। ਮੈਂ ਇਕ ਮੁਲਾਜਮ ਬੰਦਾ ਹਾਂ ਤੇ ਇਹੋ ਸੋਚਦਾ ਰਹਿੰਦਾ ਹਾਂ ਕਿ ਮੈਨੂੰ ਸਾਢੇ ਤਿੰਨ ਸੌ ਰੁਪਏ ਦੀ ਬੜੀ ਸਖ਼ਤ ਲੋੜ ਹੈ। ਜੇ ਪੈਸਿਆਂ ਲਈ ਫੇਰ ਉਹਨਾਂ ਦਾ ਕੁੰਡਾ ਖੜਕਾਵਾਂ ਤਾਂ ਕਿਤੇ ਉਹ ਸਭਿਅਤ ਲੋਕ ਮੈਨੂੰ ਅਸਭਿਅਤ ਹੀ ਨਾ ਸਮਝ ਲੈਣ!
ਅਗਲੇ ਐਤਵਾਰ ਤਕ ਫੇਰ ਉਹੀ ਖ਼ੁਸ਼ਬੋਈਆਂ, ਉਹੀ ਆਵਾਜ਼ਾਂ, ਉਹੀ ਪੈੜ ਚਾਪਾਂ—ਸੁੰਘਦਾ, ਸੁਣਦਾ ਰਿਹਾ। ਬੂਹਾ ਸਵੇਰੇ ਸਾਢੇ ਨੌ ਵਜੇ ਬੰਦ ਹੋ ਜਾਂਦਾ ਸੀ ਤੇ ਸ਼ਾਮ ਨੂੰ ਚਾਰ ਵਜੇ ਖੁੱਲ੍ਹਦਾ ਸੀ। ਪਰ ਸਨਿਚਰਵਾਰ ਦੀ ਰਾਤ ਤੇ ਐਤਵਾਰ ਨੂੰ ਕੁਝ ਆਸਾਧਾਰਨ ਆਵਾਜ਼ਾਂ ਵੀ ਉਹਨਾਂ ਦੇ ਅੰਦਰੋਂ ਸੁਣਾਈ ਦਿੱਤੀਆਂ ਸਨ। ਨਾਸ਼ਤੇ ਦੇ ਸਮੇਂ ਤੋਂ ਪਿੱਛੋਂ ਇਕ ਕਾਰ ਉਹਨਾਂ ਦੀ ਬਾਲਕੋਨੀ ਦੇ ਹੇਠ ਆ ਕੇ ਰੁਕੀ। ਕੁਝ ਚਿਰ ਪਿੱਛੋਂ ਉਹਨਾਂ ਦੇ ਡਰਾਇੰਗ ਰੂਮ ਵਿਚੋਂ ਭਾਂਡਿਆਂ ਦੇ ਟੁੱਟਣ ਦਾ ਖੜਾਕ ਤੇ ਉੱਚੀ-ਉੱਚੀ ਬੋਲਣ ਦੀਆਂ ਆਵਾਜ਼ਾਂ ਆਉਂਣੀਆਂ ਸ਼ੁਰੂ ਹੋ ਗਈਆਂ ਸਨ, ਜਿਵੇਂ ਕੋਈ ਝਗੜ ਰਿਹਾ ਹੋਏ!...ਤੇ ਇਹ ਝਗੜਾ ਲਗਭਗ ਦੋ ਘੰਟੇ ਹੁੰਦਾ ਰਿਹਾ। ਫੇਰ ਚੁੱਪ ਵਰਤ ਗਈ। ਕੁਝ ਚਿਰ ਮਗਰੋਂ ਊਸ਼ਾ ਇਕ ਮਰਦ ਨਾਲ ਅੰਗਰੇਜ਼ੀ ਵਿਚ ਗੱਲਾਂ ਕਰਦੀ ਹੋਈ ਹੇਠਾਂ ਆਈ ਤੇ ਉਹ ਦੋਹੇਂ ਕਾਰ ਵਿਚ ਬੈਠ ਕੇ ਚਲੇ ਗਏ।
ਕੋਈ ਤਿੰਨ ਕੁ ਵਜੇ ਊਸ਼ਾ ਵਾਪਸ ਆਉਂਦੀ ਦਿਸੀ ਸੀ। ਇਹ ਉਸ ਨਾਲ ਗੱਲਾਂ ਕਰਨ ਤੇ ਸਾਢੇ ਤਿੰਨ ਸੌ ਰੁਪਏ ਮੰਗਣ ਦਾ ਬੜਾ ਹੀ ਵਧੀਆ ਮੌਕਾ ਸੀ। ਮੈਂ ਕਮਰੇ ਵਿਚੋਂ ਨਿਕਲ ਕੇ ਬਾਹਰ ਵਰਾਂਡੇ ਵਿਚ ਆ ਗਿਆ। ਪੌੜੀਆਂ ਚੜ੍ਹਦੀ ਹੋਈ ਊਸ਼ਾ ਉਪਰ ਵਲ ਆ ਰਹੀ ਸੀ। ਮੇਰੀ ਨਮਸਤੇ ਦੇ ਜਵਾਬ ਵਿਚ ਉਸਦੇ ਲਿਪਸਟਿਕ ਨਾਲ ਰੰਗੇ ਹੋਏ ਬੁੱਲ੍ਹ, ਫੁੱਲ ਦੀਆਂ ਪੱਤੀਆਂ ਵਾਂਗ ਖਿੜ ਗਏ, ਅੱਖਾਂ ਨਮਸਤੇ ਆਖ ਕੇ ਝੁਕ ਗਈਆਂ।
'ਕਿਧਰ ਹੋ ਆਏ! ਐਸ ਵੇਲੇ!! ' ਮੈਂ ਉਂਜ ਹੀ ਪੁੱਛ ਲਿਆ।
'ਬਸ, ਅਹਿ ਜ਼ਰਾ ਹੇਠ ਤਕ ਗਈ ਸਾਂ।'
'ਮੈਂ ਵੀ ਐਸ਼ਟਰੇ ਖਾਲੀ ਕਰਨ ਲਈ ਬਾਹਰ ਆਇਆ ਸਾਂ। ਆਓ, ਲੰਘ ਆਓ। ਤੁਸੀਂ ਤਾਂ ਕਦੀ ਨਜ਼ਰ ਹੀ ਨਹੀਂ ਆਏ! ਲੱਗਦਾ ਹੈ, ਬੜੇ ਰੁੱਝੇ ਰਹਿੰਦੇ ਓ!'
'ਨਹੀਂ ਅਜਿਹੀ ਤਾਂ ਕੋਈ ਗੱਲ ਨਹੀਂ। ਫੇਰ ਵੀ ਨੌਕਰੀ ਦੇ ਮਾਮਲੇ ਤੁਸੀਂ ਜਾਣਦੇ ਈ ਓ।' ਤੇ  ਉਹ ਸਾੜ੍ਹੀ ਦਾ ਪੱਲਾ ਠੀਕ ਕਰਦੀ ਹੋਈ ਸੋਫੇ ਉਤੇ ਬੈਠ ਗਈ।
'ਕੀ ਪੜ੍ਹ ਰਹੇ ਓ, ਅੱਜ ਕੱਲ੍ਹ!' ਉਹ ਮੇਰੀ ਖੁੱਲੀ ਹੋਈ ਕਿਤਾਬ ਵੱਲ ਇਸ਼ਾਰਾ ਕਰਕੇ ਬੋਲੀ।
'ਅੰਗਰੇਜ਼ੀ ਦੇ ਸ਼ਇਰ ਆਡਨ ਦੀ ਜ਼ਿੰਦਗੀ ਤੇ ਮੌਤ ਦੇ ਫਲਸਫੇ ਉੱਤੇ ਇਕ ਨਵੀਂ ਕਿਤਾਬ ਆਈ ਸੀ, ਉਹੀ ਦੇਖ ਰਿਹਾਂ...ਕਾਫ਼ੀ ਬਣਵਾਈ ਏ, ਤੂਸੀਂ ਵੀ ਇਕ ਪਿਆਲੀ ਲਓਗੇ ਨਾ...।'
'ਜਿਵੇਂ ਤੂਹਾਡੀ ਮਰਜ਼ੀ...' ਤੇ  ਉਹ ਰੈਕ ਵਿਚੋਂ ਗੈਟੇ ਦੀ ਇਕ ਕਿਤਾਬ ਚੁੱਕ ਕੇ ਉਸਦੇ ਸਫ਼ਿਆਂ ਨੂੰ ਉਲਦਨ ਲੱਗ ਪਈ। ਹੌਲੀ-ਹੌਲੀ ਉਹਦੇ ਬੁੱਲ ਖੁੱਲੇ ਤੇ ਬੋਲੀ, 'ਮੈਂ ਵੀ ਅੰਗਰੇਜ਼ੀ ਹੀ ਪੜ੍ਹਦੀ ਆਂ। ਇਸ ਪੱਖ ਤੋਂ ਤੁਹਾਡੀ ਤੇ ਮੇਰੀ ਪਸੰਦ ਕਾਫੀ ਮਿਲਦੀ ਏ।'
'ਇਹ ਤਾਂ ਬੜੀ ਚੰਗੀ ਗੱਲ ਐ। ਹਾਂ, ਸੱਚ ਊਸ਼ਾ ਜੀ! ਗੁਸਤਾਖੀ ਮੁਆਫ਼ ਕਰਨਾ। ਮੈਨੂੰ ਤੁਹਾਡੇ ਜਾਤੀ ਮਾਮਲੇ ਵਿਚ ਦਖ਼ਲ ਤਾਂ ਨਹੀਂ ਦੇਣਾ ਚਾਹੀਦਾ...ਬੱਸ ਇਕ ਗੁਆਂਢੀ ਹੋਣ ਦੇ ਨਾਤੇ ਪੁੱਛ ਰਿਹਾਂ, ਕਾਰ ਵਿਚ ਕਿਹੜੇ ਸੱਜਨ ਸਨ!'
'ਮੇਰੇ ਪਿਤਾ ਜੀ!'
'ਕਿਤੇ ਬਾਹਰ ਰਹਿੰਦੇ ਨੇ! ਪਰ ਤੁਹਾਡੇ ਅੰਦਰੋਂ ਆਵਾਜ਼ਾਂ ਤਾਂ ਕੁਝ ਏਸ ਕਿਸਮ ਦੀਆਂ ਆ ਰਹੀਆਂ ਸਨ ਜਿਵੇਂ ਕੋਈ ਝਗੜ ਰਿਹਾ ਹੋਏ!'
ਹਾਂ ਤੁਹਾਡਾ ਅੰਦਾਜ਼ਾ ਠੀਕ ਏ। ਮੇਰੇ ਪਿਤਾ ਜੀ ਇਕ ਫ਼ਰਮ ਦੇ ਮੈਨੇਜ਼ਰ ਨੇ। ਕਦੀ ਕਦੀ ਮਿਲਣ ਆ ਜਾਂਦੇ ਨੇ ਤੇ ਕੁਝ ਚਿਰ ਪਿੱਛੋਂ ਹੀ ਝਗੜਾ ਕਰ ਬਹਿੰਦੇ ਨੇ। ਉਹਨਾਂ ਨੂੰ ਕੋਈ ਦਿਮਾਗ਼ੀ ਬਿਮਾਰੀ ਹੈ, ਯਾਨੀ ਕਿ ਇਕ ਵਹਿਮ ਹੈ ਕਿ ਬੱਚੇ ਉਹਨਾਂ ਦੇ ਆਪਣੇ ਨਹੀਂ ਹਨ ਤੇ ਸਾਡੇ ਮੰਮੀ ਉਹਨਾਂ ਦੇ ਵਫ਼ਾਦਾਰ ਨਹੀਂ ਸਨ। ਉਹ ਚਾਹੁੰਦੇ ਨੇ ਕਿ ਮੰਮੀ ਸਰਵਿਸ ਛੱਡ ਕੇ ਉਹਨਾਂ ਦੀ ਖਿਦਮਤ ਕਰਨ, ਪਰ ਮੰਮੀ ਡਰਦੇ ਨੇ ਕਿ ਇਹ ਆਦਮੀ ਕਿਸੇ ਦਿਨ ਉਹਨਾਂ ਦਾ ਗਲ਼ ਘੱਟ ਕੇ ਮਾਰ ਦਏਗਾ। ਜਦੋਂ ਵੀ ਪਿਤਾ ਜੀ ਆਉਂਦੇ ਨੇ, ਕੁਝ ਚਿਰ ਪਿੱਛੋਂ ਹੀ ਉਹਨਾਂ ਦਾ ਮਿਜਾਜ਼ ਗਰਮ ਹੋ ਜਾਂਦਾ ਏ ਤੇ ਝਗੜਾ ਸ਼ੁਰੂ ਹੋ ਜਾਂਦਾ ਏ। ਕੁਝ ਚਿਰ ਬਾਅਦ ਉਹ ਢੈਲੇ ਹੋ ਕੋ ਵਾਪਸ ਚਲੇ ਜਾਂਦੇ ਨੇ।'
'ਤੁਹਾਡੇ ਭਾਈ ਸਾਹਬ...'
'ਕਿਹੜੇ!'
'ਕੀ ਕੋਈ ਹੋਰ ਭਾਈ ਸਾਹਬ ਵੀ ਨੇ!'
'ਹਾਂ ਵੱਡੇ ਭਾਈ ਸਾਹਬ, ਪ੍ਰਕਾਸ਼ ਜੀ ਵੀ ਨੇ। ਜਿਹਨਾਂ ਦੀ ਬਣਾਈ ਹੋਈ ਤਸਵੀਰ ਤੁਹਾਨੂੰ ਬੜੀ ਪਸੰਦ ਆਈ ਸੀ।'
'ਉਹ ਤੁਹਾਡੇ ਪਿਤਾ ਜੀ ਦਾ ਇਲਾਜ਼ ਕਿਉਂ ਨਹੀਂ ਕਰਵਾਉਂਦੇ!'
ਉਹ ਸਾਡੇ ਨਾਲ ਨਹੀਂ ਰਹਿੰਦੇ। ਤੇਲ ਕੰਪਨੀ ਵਿਚ ਨੌਕਰੀ ਕਰਦੇ ਨੇ। ਸ਼ਿਕਾਰ ਤੇ ਤਸਵੀਰਾਂ ਬਣਾਉਂਣਾ ਹੀ ਉਹਨਾਂ ਦੀ ਜਿੰਦਗੀ ਏ। ਰੇਣੂ ਭਾਬੀ ਜੀ ਨਾਲ ਤੁਹਾਨੂੰ ਮਿਲਵਾਇਆ ਹੀ ਸੀ ਨਾ, ਉਹ ਰਤਾ ਫਿਲਾਸਫ਼ਰਾਂ ਵਾਲੇ ਮਿਜਾਜ਼ ਦੇ ਨੇ। ਕਿਸੇ ਮਰਦ ਦੇ ਗ਼ੁਲਾਮ ਬਣਕੇ ਰਹਿਣਾ ਨਹੀਂ ਚਾਹੁੰਦੇ।...ਤੇ ਸਾਡੇ ਭਾਈ ਸਾਹਬ ਚਾਹੁੰਦੇ ਨੇ ਕਿ ਉਹ ਉਹਨਾਂ ਦੀ ਬੰਦੂਕ ਸਾਫ ਕਰਦੇ ਰਹਿਣ, ਉਹਨਾਂ ਲਈ ਰੰਗ ਘੋਲਦੇ ਰਹਿਣ ਤੇ ਜਦੋਂ ਉਹ ਤਸਵੀਰ ਬਣਾਅ ਰਹੇ ਹੋਣ ਤਾਂ ਉਹ ਰੰਗਾਂ ਵਾਲੀ ਟਰੇ ਫੜ੍ਹ ਕੇ ਉਹਨਾਂ ਦੇ ਕੋਲ ਖੜੇ ਰਹਿਣ। ਉਹਨਾਂ ਦੇ ਪੰਜ ਛੇ ਬੱਚੇ ਹੋਣ...ਪਰ ਰੇਣੂ ਭਾਬੀ ਜੀ ਨੇ ਸਹੂੰ ਖਾਧੀ ਹੋਈ ਏ ਕਿ ਜਦੋਂ ਤਕ ਉਹ ਪੀ.ਐੱਚ.ਡੀ. ਨਹੀਂ ਕਰ ਲੈਂਦੇ, ਕੋਈ ਬੱਚਾ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਭਾਈ ਸਾਹਬ ਦੇ ਕਿਸੇ ਕੰਮ ਨੂੰ ਹੱਥ ਨਹੀਂ ਲਾਉਣਾ;  ਹੌਲੀ-ਹੌਲੀ ਇਹ ਝਗੜਾ ਏਨਾ ਵਧ ਗਿਆ ਕਿ ਗੱਲ ਮਾਰ ਕੁਟਾਈ ਤੱਕ ਪਹੁੰਚ ਗਈ। ਇਸ ਲਈ ਭਾਈ ਸਾਹਬ ਬਦਲੀ ਕਰਵਾ ਕੇ ਕੁਵੈਤ ਚਲੇ ਗਏ।'
'ਪਰ ਤੁਹਾਡਾ ਛੋਟਾ ਭਰਾ ਯੋਗਰਾਜ ਵੀ ਤਾਂ ਤੁਹਾਡੇ ਪਿਤਾ ਜੀ ਦੀ ਦੇਖ ਭਾਲ ਕਰ ਸਕਦਾ ਏ।'
ਉਸਨੂੰ ਵੀ ਪਿਤਾ ਜੀ ਨੇ ਈ ਨਿਕੰਮਾਂ ਕਰ ਛੱਡਿਆ ਏ। ਮੁੱਢ ਤੋਂ ਈ ਹੋਸਟਲ ਵਿਚ ਦਾਖਲ ਕਰਵਾ ਦਿੱਤਾ ਸੀ। ਉਸਨੂੰ ਘਰ ਵਿਚ ਕੋਈ ਦਿਲਚਸਪੀ ਈ ਨਹੀਂ। ਜੇ ਕਹੋ ਚਾਹ, ਤਾਂ ਕਹੇਗਾ, 'ਹਾਂ', ਰੋਟੀ, 'ਹਾਂ-ਰੋਟੀ', ਪਿਕਚਰ, 'ਹਾਂ'। ਜਿਵੇਂ ਉਸਦੀ ਆਪਣੀ ਕੋਈ ਰਾਏ ਈ ਨਹੀਂ। ਹੁਣ ਉਸਨੂੰ ਬਸ ਆਪਣੀ ਲਿਬਾਟਰੀ ਦਾ ਚਾਨਣ ਹੀ ਪਸੰਦ ਹੈ। ਦੁਨੀਆਂ ਦੇ ਚਾਨਣ ਵਿਚ ਉਸਦੀਆਂ ਅੱਖਾਂ ਚੁੰਧਿਆ ਜਾਂਦੀਆਂ ਨੇ। ਮਾਂ ਨੇ ਸੋਚਿਆ ਸੀ ਕਿ ਉਹ ਵਿਆਹ ਤੋਂ ਪਿੱਛੋਂ ਬਦਲ ਜਾਏਗਾ, ਪਰ ਉਹਨਾਂ ਦਾ ਇਹ ਖ਼ਿਆਲ ਵੀ ਠੀਕ ਸਾਬਤ ਨਹੀਂ ਹੋਇਆ। ਉਹੀ ਇੰਸਟੀਚਿਊਟ ਤੇ ਉਹੀ 'ਜੋਗੀ'! ਰਾਧਾ ਅੱਕ ਕੇ ਪੇਕੇ ਚਲੀ ਗਈ। ਉਹ ਯੋਗੀ ਨਾਲ ਇਕ ਵੱਖਰੀ ਦੁਨੀਆਂ ਵਸਾਉਣਾ ਚਾਹੁੰਦੀ ਸੀ, ਪਰ  ਯੋਗੀ ਵਿਚ ਆਤਮ-ਵਿਸ਼ਵਾਸ ਦੀ ਏਨੀ ਘਾਟ ਹੈ ਕਿ ਡਰਦਾ ਹੈ 'ਕਿਤੇ ਬਾਹਰ ਨਿਕਲਿਆ ਤਾਂ ਉਸਨੂੰ ਕੋਈ ਇੱਲ੍ਹ ਚੁੱਕ ਕੇ ਲੈ ਜਾਏਗੀ'।'
'ਪਰ ਤੁਸੀਂ ਆਪ ਵੀ ਤਾਂ ਆਪਣੇ ਪਿਤਾ ਜੀ ਵਾਸਤੇ ਕੁਝ ਕਰ ਸਕਦੇ ਓ।'
'ਮੈਂ ਇਕ ਵਿਆਹੀ ਵਰੀ ਕੁੜੀ ਆਂ। ਨੌਕਰੀ ਵੀ ਕਰਦੀ ਆਂ। ਦੋ ਸਾਲ ਹੋ ਗਏ ਮੇਰੇ ਪਤੀ ਹਾਇਰ ਐਜੁਕੇਸ਼ਨ ਲਈ ਕੈਨੇਡਾ ਗਏ ਸਨ...ਮੁੜ ਆਉਣ ਦਾ ਨਾਂ ਹੀ ਨਹੀਂ ਲੈਂਦੇ, ਇਸ ਲਈ ਮੈਨੂੰ ਸ਼ੱਕ ਏ ਕਿ ਉਹਨਾਂ ਉੱਥੇ ਹੋਰ ਵਿਆਹ ਕਰਵਾ ਲਿਆ ਏ। ਆਪਣੀ ਪਸੰਦ ਦੇ ਵਿਆਹ ਸ਼ਾਦੀਆਂ ਵਿਚ ਇਹੋ ਨੁਕਸ ਹੁੰਦਾ ਏ। ਹੋ ਸਕਦਾ ਏ ਕਿ ਉਸਨੂੰ ਕੋਈ ਮੈਥੋਂ ਵੱਧ ਖ਼ੂਬਸੂਰਤ ਚਿਹਰਾ ਤੇ ਜਿਸਮ ਪਸੰਦ ਆ ਗਿਆ ਹੋਵੇ। ਮੇਰੇ ਸਹੁਰੇ ਘਰ ਵਾਲੇ ਕਹਿੰਦੇ ਨੇ ਕਿ ਮੈਂ ਵੀ ਨੌਕਰੀ ਛੱਡ ਕੇ ਕੈਨੇਡਾ ਚਲੀ ਜਾਵਾਂ...ਪਰ ਮੈਨੂੰ ਡਰ ਲਗਦਾ ਏ, ਜੇ ਕਿਤੇ ਦੁਸ਼ਿਅੰਤ ਨੇ ਆਪਣੀ ਸ਼ਕੁੰਤਲਾ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ ਤਾਂ...ਫੇਰ ਕੀ ਬਣੇਗਾ! ਇਹੋ ਸੋਚ ਸੋਚ ਕੇ ਝੁਰਦੀ ਰਹਿੰਦੀ ਆਂ। ਅਸੀਂ ਲੋਕ ਜੀਵਨ ਦੇ ਇਸ ਨਵੇਂ ਪਹਿਲੂ ਨੂੰ ਅਪਣਾਅ ਤਾਂ ਰਹੇ ਆਂ, ਪਰ ਪੁਰਾਣੇ ਰਸਮ-ਰਿਵਾਜ਼ਾਂ ਤੇ ਖ਼ਿਆਲਾਂ ਤੋਂ ਪਿੱਛਾ ਨਹੀਂ ਛੁਡਾਅ ਸਕਦੇ। ਜਦੋਂ ਮੈਂ ਆਪਣੇ ਦੁੱਖ ਦਰਦ ਦੀ ਹੀ ਦਾਰੂ ਨਹੀਂ ਕਰ ਸਕਦੀ, ਤਾਂ ਕਿਸੇ ਹੋਰ ਲਈ ਕੀ ਕਰ ਸਕਦੀ ਆਂ!'
'ਕੱਲ੍ਹ ਰਾਤੀਂ ਤੁਹਾਡੇ ਅੰਦਰੋਂ ਉੱਚੀ-ਉੱਚੀ ਬੋਲਣ ਦੀਆਂ ਆਵਾਜ਼ਾਂ ਆ ਰਹੀਆਂ ਸਨ!'
'ਹਾਂ, ਅੰਜਲੀ ਦਾ ਮੰਮੀ ਨਾਲ ਝਗੜਾ ਹੋ ਗਿਆ ਸੀ। ਉਹ ਆਪਣੀ ਕੰਪਨੀ ਦੇ ਇਕ ਹਵਾਬਾਜ਼ ਨਾਲ ਸ਼ਾਦੀ ਕਰਨਾ ਚਾਹੁੰਦੀ ਏ, ਪਰ ਸਾਨੂੰ ਸਾਰਿਆਂ ਨੂੰ ਇਹ ਗੱਲ ਪਸੰਦ ਨਹੀਂ, ਸੋ ਅਸੀਂ ਨਾਂਹ ਕਰ ਦਿੱਤੀ। ਅਸੀਂ ਉਸਨੂੰ ਬਰਬਾਦ ਹੁੰਦਿਆਂ ਨਹੀਂ ਦੇਖ ਸਕਦੇ। ਅਸੀਂ ਸਾਰੇ ਮਿਲ ਕੇ ਜੋ ਕੁਝ ਮੁੰਡੇ ਵਿਚ ਵੇਖ-ਪਰਖ ਸਕਦੇ ਆਂ,  ਉਹ 'ਕੱਲੀ ਨਹੀਂ ਵੇਖ ਸਕਦੀ। ਅੰਜਲੀ ਸਾਡਾ ਸਾਰਿਆਂ ਦਾ ਇਕ ਪਿਆਰਾ ਖਿਡੌਣਾ ਏ ਤੇ ਅਸੀਂ ਉਸ ਖਿਡੌਣੇ ਨੂੰ ਆਪਣੇ ਹੱਥੀਂ ਨਹੀਂ ਤੋੜ ਸਕਦੇ। ਉਹ ਹਵਾਬਾਜ਼ ਸਾਨੂੰ ਕਿਸੇ ਨੂੰ ਵੀ ਪਸੰਦ ਨਹੀਂ...। ਅੱਛਾ, ਕ੍ਰਿਸ਼ਨ ਸਰੂਪ ਜੀ ਅੱਜ ਤਾਂ ਤੁਹਾਡੇ ਨਾਲ ਬੜੀਆਂ ਈ ਗੱਲਾਂ ਕਰ ਲਈਆਂ ਨੇ, ਹੁਣ ਆਗਿਆ ਦੇਵੋ। ਮਾਂ ਇੰਤਜ਼ਾਰ ਪਈ ਕਰਦੀ ਹੋਏਗੀ।'
ਉਹ ਆਪਣੀ ਲੰਮੀ ਗੁੱਤ ਦੀ ਪਰਾਂਦੀ ਨਾਲ ਖੇਡਦੀ, ਅੱਖਾਂ ਵਿਚ ਮੁਸਕੁਰਾਉਂਦੀ ਤੇ ਅੰਗਰੇਜ਼ੀ ਤੌਰ-ਤਰੀਕੇ ਨਾਲ ਧੰਨਵਾਦ ਕਰਦੀ ਹੋਈ ਆਪਣੇ ਕਮਰੇ ਦਾ ਬੂਹਾ ਖੋਹਲ ਕੇ ਅੰਦਰ ਚਲੀ ਗਈ।
ਵਰਾਂਡੇ ਵਿਚ ਫੇਰ ਉਹੀ ਚੁੱਪ ਪੱਸਰ ਗਈ ਹੈ। ਪਰ ਮੇਰੇ ਕੰਨਾਂ ਵਿਚ 'ਸ਼ਾਂ ਸ਼ਾਂ' ਹੋ ਰਹੀ ਹੈ। ਇੰਜ ਜਾਪਦਾ ਹੈ ਜਿਵੇਂ ਇਸ ਚੁੱਪ ਦੀਆਂ ਕੰਧਾਂ ਵਿਚ ਇਕ ਮਹਾਂਭਾਰਤ ਛਿੜਿਆਂ ਹੋਇਆ ਹੈ, ਜਿਸ ਵਿਚ ਹਾਥੀਆਂ ਨਾਲ ਹਾਥੀ ਭਿੜ ਰਹੇ ਹਨ...ਅੰਗਿਆਰ ਕਿਰ ਰਹੇ ਹਨ ਤੇ ਕੁਝ ਹੀ ਚਿਰ ਪਿੱਛੋਂ ਇਹ ਸਾਰਾ ਵਾਤਾਵਰਣ ਉਹਨਾਂ ਅੰਗਿਆਰਾਂ ਦੀ ਲਪੇਟ ਵਿਚ ਆ ਕੇ ਭਕਾ-ਭੱਕ ਮੱਚਣ ਲੱਗ ਪਏਗਾ।
ਮੇਰੇ ਅੰਦਰ ਵੀ ਜਿਵੇਂ ਦੋ ਹਾਥੀ ਟਕਰਾਅ ਰਹੇ ਹਨ; ਜਿਹਨਾਂ ਦੇ ਪੈਰਾਂ ਹੇਠ ਸਾਢੇ ਤਿੰਨ ਸੌ ਰੁਪਏ ਦੇ ਨੋਟ ਮਿੱਧੇ-ਮਰੂੰਡੇ ਜਾ ਰਹੇ ਹਨ।  --- --- ---
***

No comments:

Post a Comment