Monday, September 20, 2010

ਸਮੇਂ ਦੀ ਧੂੜ ਵਿਚ ਟਹਿਕਦੇ ਫੁੱਲ...:: ਲੇਖਕ : ਮੁਸਤਫ਼ਾ ਕਰੀਮ

ਪ੍ਰਵਾਸੀ ਉਰਦੂ ਕਹਾਣੀ :
ਸਮੇਂ ਦੀ ਧੂੜ ਵਿਚ ਟਹਿਕਦੇ ਫੁੱਲ...
ਲੇਖਕ : ਮੁਸਤਫ਼ਾ ਕਰੀਮ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਸਫੀ ਨੂੰ ਵੇਖ ਕੇ ਦੋਵਾਂ ਨੂੰ ਖੁਸ਼ੀ ਹੋਈ...ਲੱਗਿਆ, ਇੰਜ ਹੀ ਸੀ। ਕੁਝ ਦਿਨ ਪਹਿਲਾਂ ਜਦੋਂ ਸਫੀ ਨੇ ਫ਼ੋਨ ਕੀਤਾ ਸੀ ਤਾਂ ਇਹ ਸੰਕੇਤ ਤਕ ਨਹੀਂ ਸੀ ਦਿੱਤਾ ਕਿ ਰੱਬੂ ਖਾਲਾ (ਮਾਸੀ) ਦੀ ਰਵਾਨਗੀ ਤੋਂ ਪਹਿਲਾਂ ਉਹਨਾਂ ਨੂੰ ਮਿਲਣ ਲੰਦਨ ਆਏਗਾ। ਉਹ ਉਸਦੀ ਮੋਈ ਹੋਈ ਮਾਂ ਦੀ, ਮਾਸੀ-ਜਾਈ, ਭੈਣ ਸੀ। ਇਸ ਲਈ ਦੋ ਸੌ ਪੈਂਟ ਮੀਲ ਦੂਰ ਐਸਕਾਰਬਰੋ ਸ਼ਹਿਰ ਤੋਂ ਉਸਦਾ ਲੰਦਨ ਆਉਣਾ ਹੈਰਾਨ ਕਰ ਦੇਣ ਵਾਲਾ ਸੀ। ਰੱਬੂ ਮਾਸੀ ਗੇਟ 'ਤੇ ਨਹੀਂ ਸੀ। ਸਿਰਫ ਉਹਨਾਂ ਦਾ ਬੇਟਾ ਤੇ ਬਹੂ ਸਨ...ਦੋਵੇਂ ਹੀ ਕੁਝ ਥੱਕੇ-ਥੱਕੇ ਤੇ ਪ੍ਰੇਸ਼ਾਨ ਜਿਹੇ।
ਰੱਬੂ ਮਾਸੀ ਨੂੰ ਮਿਲਣ ਖਾਤਰ ਬਹੁਤ ਸਾਰੇ ਮਹਿਮਾਨ ਆਏ ਹੋਣਗੇ, ਤਦੇ ਦੋਵੇਂ ਥੱਕੇ ਹੋਏ ਨੇ। ਸਫੀ ਨੇ ਸੋਚਿਆ।
ਤੰਗ ਹਾਲ ਵਿਚ ਪਏ ਸੂਟ ਕੇਸ ਤੇ ਸਫਰੀ ਥੈਲੇ ਨਾਲ, ਏਅਰ ਇੰਡੀਆ ਦੇ ਲੇਬਲ ਲਟਕ ਰਹੇ ਸਨ। ਭਾਈ ਨੇ ਸਾਮਾਨ ਇਕ ਪਾਸੇ ਸਰਕਾਇਆ ਤੇ ਮੋਹ ਨਾਲ ਸਫੀ ਦਾ ਹੱਥ ਫੜ੍ਹ ਕੇ ਉਸਨੂੰ ਲਾਊਂਚ ਵਿਚ ਰੱਬੂ ਮਾਸੀ ਕੋਲ ਲੈ ਆਇਆ। ਸਫੀ ਨੇ ਸਲਾਮ ਕੀਤਾ।
“ਖੁਸ਼ ਰਹੋ। ਬਹੂ ਨਹੀਂ ਆਈ, ਬੱਚਿਆਂ ਨੂੰ ਨਹੀਂ ਲਿਆਂਦਾ?” ਸੱਠ ਸਾਲਾ ਰੱਬੂ ਮਾਸੀ ਉਸਨੂੰ ਦੇਖ ਕੇ ਖਿੜ-ਪੁੜ ਗਈ। ਉਹ ਸੋਫੇ ਉੱਤੇ ਬੈਠੀ ਹੋਈ ਸੀ ਤੇ ਉਸਦੇ ਪੈਰਾਂ ਕੋਲ ਨਵੇਂ ਬੂਟਾਂ ਦਾ ਡੱਬਾ ਪਿਆ ਸੀ।
“ਅਸਲੀ ਰਿਸ਼ਤੇਦਾਰੀ ਤਾਂ ਮੇਰੇ ਨਾਲ ਏ, ਜੇ ਮੈਂ ਨਾ ਆਉਂਦਾ ਤਾਂ ਤੁਸੀਂ ਫੇਰ ਉਲਾਂਭਾ ਦੇਣਾ ਸੀ।” ਸਫੀ ਨੇ ਰਤਾ ਸ਼ਰਾਰਤ ਵੱਸ ਕਿਹਾ ਤੇ ਝੁਕ ਕੇ ਰੱਬੂ ਮਾਸੀ ਦੇ ਸਿਰ ਨੂੰ ਚੁੰਮ ਲਿਆ। ਉਹਨਾਂ ਦੇ ਸਿਰ ਵਿਚੋਂ ਨਾਰੀਅਲ ਦੇ ਤੇਲ ਦੀ ਜਾਣੀ-ਪਛਾਣੀ ਖ਼ੁਸ਼ਬੂ ਆਈ...ਉਸਦੀ ਮੋਈ ਹੋਈ ਮਾਂ ਵੀ ਆਪਣੇ ਵਾਲਾਂ ਨੂੰ ਇਹੋ ਤੇਲ ਲਾਉਂਦੀ ਹੁੰਦੀ ਸੀ। ਬਚਪਨ ਵਿਚ ਜਦੋਂ ਉਹ ਮਾਂ ਦੀ ਗੋਦੀ ਵਿਚ ਘੁਸੜ ਕੇ ਬੈਠਦਾ ਤਾਂ ਇਹੀ ਖ਼ੁਸ਼ਬੂ ਉਸਨੂੰ ਘੇਰ ਲੈਂਦੀ ਸੀ। ਉਹ ਜਿਸ ਸਫਰੀ ਬੈਗ ਨੂੰ ਚੁੱਕੀ ਲਾਊਂਚ ਵਿਚ ਆਇਆ ਸੀ ਉਹ, ਉਸਨੇ ਮੇਜ਼ ਕੋਲ ਰੱਖ ਦਿੱਤਾ, ਤੇ ਰੱਬੂ ਮਾਸੀ ਦੇ ਬਰਾਬਰ ਦੂਜੇ ਸੋਫੇ ਉੱਤੇ ਬੈਠ ਗਿਆ।
“ਚਾਹ ਲੈ ਆਵਾਂ?” ਅੰਗਰੇਜ਼ ਭਾਬੀ ਨੇ ਮੁਸਕਰਾਂਦਿਆਂ ਹੋਇਆਂ ਸੁਲਾਹ ਜਿਹੀ ਮਾਰੀ।
“ਨਹੀਂ ਰਹਿਣ ਦਿਓ...ਤੁਸੀਂ ਖਾਸੇ ਥੱਕੇ ਹੋਏ ਲੱਗਦੇ ਓ, ਮੈਂ ਟਰੇਨ 'ਚ ਚਾਹ ਪੀ ਲਈ ਏ।”
“ਸਫੀ ਹੁਣੇ ਤਾਂ ਆਇਆ ਏ, ਬਾਅਦ 'ਚ ਪੀ ਲਏਗਾ।” ਰੱਬੂ ਮਾਸੀ ਨੇ ਕਿਹਾ ਤੇ ਸਭ ਦੀ ਮੁਸ਼ਕਿਲ ਆਸਾਨ ਕਰ ਦਿੱਤੀ।
“ਅੰਮਾਂ, ਤੁਹਾਡੇ ਭਾਂਜੇ ਆ ਗਏ ਨੇ, ਤੁਸੀਂ ਇਹਨਾਂ ਨਾਲ ਗੱਲਾਂ-ਬਾਤਾਂ ਕਰੋ, ਅਸੀਂ ਸਬੀਹਾ ਲਈ ਸੈਂਟ ਖ਼ਰੀਦਣ ਬਾਜ਼ਾਰ ਚੱਲੇ ਆਂ।” ਮਾਸੀ ਦੇ ਪੁੱਤ-ਭਰਾ ਨੇ ਕਿਹਾ।
ਰੱਬੂ ਮਾਸੀ ਦੀ ਛੋਟੀ ਬੇਟੀ ਹਿੰਦੁਸਤਾਨ ਵਿਚ ਰਹਿੰਦੀ ਸੀ। ਦੋਵੇਂ ਉਸੇ ਲਈ ਸੈਂਟ ਖ਼ਰੀਦਣ ਜਾ ਰਹੇ ਸਨ। ਸਫੀ ਨੇ ਸੁਖ ਦਾ ਸਾਹ ਲਿਆ। ਪਤਾ ਨਹੀਂ ਕਿਉਂ ਉਹ ਕੁਝ ਸਮਾਂ ਰੱਬੂ ਮਾਸੀ ਨਾਲ ਇਕੱਲਾ ਬਿਤਾਉਣਾ ਚਾਹੁੰਦਾ ਸੀ। ਖਿੜਕੀ ਤੋਂ ਪਰਦਾ ਹਟਿਆ ਹੋਇਆ ਸੀ। ਸਫੀ ਨੇ ਭਰਾ ਤੇ ਭਾਬੀ ਨੂੰ ਨੀਲੀ ਕਾਰ ਵਿਚ ਜਾਂਦਿਆਂ ਦੇਖਿਆ। ਉਹ ਕੁਝ ਚਿਰ ਤਕ ਮੀਪਲ ਦੇ ਰੁੱਖ ਦੇ ਉਸ ਪ੍ਰਛਾਵੇਂ ਨੂੰ ਦੇਖਦਾ ਰਿਹਾ, ਜਿੱਥੇ ਕਾਰ ਖੜ੍ਹੀ ਸੀ। ਫੇਰ ਉਸਦੀ ਨਿਗਾਹ ਵਿਕਟੋਰੀਆ ਸਟਰੀਟ ਦੇ ਦੋਵੇਂ ਪਾਸੀਂ ਜਿਹੜੇ ਮਕਾਨ ਸਨ ਉਹਨਾਂ ਦੀਆਂ ਚਿਮਨੀਆਂ 'ਤੇ ਜਾ ਪਈ, ਜਿਹਨਾਂ ਵਿਚੋਂ ਧੂੰਆਂ ਨਹੀਂ ਸੀ ਨਿਕਲ ਰਿਹਾ। ਉਹ ਆਸਮਾਨ ਵੱਲ ਮੂੰਹ ਚੁੱਕੀ ਫਰਿਆਦ ਕਰ ਰਹੀਆਂ ਲੱਗੀਆਂ ਸਨ।
ਸਫੀ ਤੇ ਉਸਦੀ ਰੱਬੂ ਮਾਸੀ ਕੁਝ ਚਿਰ ਚੁੱਪ ਰਹੇ। ਉਹ ਉਸਦੇ ਨਾਨਕਾ ਮੇਲ ਦੀਆਂ ਹੋਰ ਸੁਆਣੀਆਂ ਵਾਂਗ ਹੀ ਪਤਲੋ ਜਿਹੀ ਸੀ। ਮੁੱਦਤ ਹੋਈ ਬੇਵਾ ਹੋ ਚੁੱਕੀ ਸੀ। ਤਨ 'ਤੇ ਚਿੱਟੀ ਸਾੜ੍ਹੀ ਸੀ ਤੇ ਸਿਰ 'ਤੇ ਸਫੇਦ ਵਾਲਾਂ ਦੇ ਨਿੱਕੇ-ਨਿੱਕੇ ਫੁੰਦੇ। ਸਫੀ ਦੇ ਚਿਹਰੇ ਉੱਤੇ ਹਲਕੀ ਜਿਹੀ ਉਦਾਸ ਮੁਸਕੁਰਾਹਟ ਆ ਗਈ ਤੇ ਉਹ ਬੋਲਿਆ...:
“ਤੁਸਾਂ ਸਾਡੇ ਚੰਗੇ ਤੇ ਮਾੜੇ ਦੋਵੇਂ ਦਿਨ ਈ ਦੇਖੇ ਨੇ। ਜਦੋਂ ਤੁਸੀਂ ਸਾਨੂੰ ਮਿਲਣ ਆਏ ਸੌ ਤਾਂ ਸਾਡੇ ਘਰੇ ਸਿਰਫ ਇਕ ਦਿਨ ਹੀ ਰਹੇ ਸੌ...ਸਾਡਾ ਘਰ ਏਨਾਂ ਮਾੜਾ ਤਾਂ ਨਹੀਂ!”
ਰੱਬੂ ਮਾਸੀ ਨੇ ਪਾਸਾ ਪਰਤਿਆ ਤੇ ਹੱਸ ਕੇ ਆਪਣੀ ਗਲਤੀ ਮੰਨ ਲਈ। ਉਹਨਾਂ ਦੇ ਚਿੱਟੇ ਦੰਦਾਂ ਉੱਤੇ ਇਕ ਅਰਸੇ ਤੋਂ ਪਾਨ ਖਾਣ ਕਰਕੇ ਭੂਰੇ ਦਾਗ਼ ਪਏ ਹੋਏ ਸਨ। ਉਹਨਾਂ ਦੀਆਂ ਨਜ਼ਰਾਂ ਸਫੀ ਉੱਤੇ ਟਿਕੀਆਂ ਸਨ। ਉਹਨਾਂ ਨੂੰ ਅਚਾਨਕ ਅਹਿਸਾਸ ਹੋਇਆ ਕਿ ਉਸ ਨੇ ਕੋਟ ਹੇਠ ਉਹੀ ਪੀਲਾ ਸਵੈਟਰ ਪਾਇਆ ਹੋਇਆ ਹੈ, ਜਿਹੜਾ ਉਹਨਾਂ ਬੁਣਿਆ ਸੀ ਤੇ ਜਦੋਂ ਉਹ ਉਸਨੂੰ ਮਿਲਣ ਐਸਕਾਰਬਰੋ ਗਈ ਸੀ ਤਾਂ ਨਾਲ ਲੈਂਦੀ ਗਈ ਸੀ। ਉਹਨਾਂ ਨੂੰ ਇਹ ਵੀ ਮਹਿਸੂਸ ਹੋਇਆ ਸਫੀ ਦਾ ਚੌੜਾ ਮੱਥਾ ਤੇ ਤਿੱਖਾ ਨੱਕ ਆਪਣੀ ਮਾਂ ਵਰਗਾ ਹੀ ਸੀ।
“ਤੁਹਾਡਾ ਘਰ ਬੜਾ ਸੁੰਦਰ ਏ ਤੇ ਉਸਦੇ ਬਾਹਰ ਦੇਵਦਾਰ ਦੇ ਰੁੱਖ ਉੱਪਰ ਸੂਹੇ ਤੇ ਸਫੇਦ ਫੁੱਲਾਂ ਦੇ ਗੁੱਛੇ ਮੈਨੂੰ ਬੜੇ ਚੰਗੇ ਲੱਗੇ। ਤੇਰੇ ਘਰ ਮੈਨੂੰ ਬੜਾ ਚੈਨ ਮਿਲਿਆ...ਪਰ ਮੇਰੇ ਕੋਲ ਵਕਤ ਹੀ ਨਹੀਂ ਸੀ। ਇੱਥੇ ਬੇਟੇ ਕੋਲ ਵੀ ਮੇਰਾ ਜੀਅ ਨਹੀਂ ਲੱਗਿਆ...ਦੋਵੇਂ ਮੀਆਂ ਬੀਵੀ ਜਦੋਂ ਕੰਮ 'ਤੇ ਚਲੇ ਜਾਂਦੇ ਸੀ ਤਾਂ ਮੈਨੂੰ ਬੜੀ ਇਕੱਲ ਮਹਿਸੂਸ ਹੁੰਦੀ ਸੀ। ਆਪਣਾ ਘਰ ਤੇ ਕਮਾਲਪੁਰ ਹੀ ਯਾਦ ਆਉਂਦਾ ਰਹਿੰਦਾ।”
“ਮੈਂ ਸਮਝਦਾ ਵਾਂ।” ਸਫੀ ਨੇ ਸਿਰ ਹਿਲਾ ਕੇ ਕਿਹਾ। ਉਹ ਕਾਰਨ ਸਮਝ ਗਿਆ ਸੀ ਤੇ ਰੱਬੂ ਮਾਸੀ ਦੇ ਅਹਿਸਾਸ ਨੂੰ ਖ਼ੁਦ ਮਹਿਸੂਸ ਕਰ ਰਿਹਾ ਸੀ...ਜੱਦੀ ਘਰ ਦੇ ਪੁਰਾਣੇ-ਪੀਢੇ ਰਿਸ਼ਤਿਆਂ ਦੀ ਚਮੇਲੀ ਦੇ ਉਹਨਾਂ ਫੁੱਲਾਂ ਵਰਗੀ ਮਹਿਕ ਦਾ ਮਹੱਤਵ ਸਮਝਦਾ ਸੀ ਉਹ, ਜਿਹੜੇ ਇੰਗਲਿਸਤਾਨ ਦੀ ਬਰਫ਼ਬਾਰੀ ਵਿਚ ਅਕਸਰ ਆਪਣੇ ਪੀਲੇ ਰੰਗ ਦੀ ਬਹਾਰ ਦੇ ਝੌਲੇ ਜਿਹੇ ਪਾਉਂਦੇ ਰਹਿੰਦੇ ਨੇ।
ਕਮਾਲ ਪੁਰ ਵਿਚ ਸਫੀ ਦਾ ਨਾਨਕਾ ਘਰ ਸੀ। ਉਸਦੀ ਖਪਰੈਲ-ਪੋਸ਼ ਛੱਤ, ਵੱਡਾ ਬਾਹਰਲਾ ਦਰਵਾਜ਼ਾ, ਉਸਦੇ ਸਾਹਮਣੇ ਨਿੰਮ ਦਾ ਰੁੱਖ ਤੇ ਖ਼ੂਹ...ਤੇ ਕੁਝ ਫਾਸਲੇ ਉੱਤੇ ਪੁਰਾਣੀ ਮਸਜਿਦ। ਸਭ ਉਸਦੀਆਂ ਅੱਖਾਂ ਅੱਗੇ ਘੁੰਮਣ ਲੱਗੇ। ਉਸਦੇ ਬਚਪਨ ਦੇ ਅੱਠ ਸਾਲ ਉੱਥੇ ਬੀਤੇ ਸਨ। ਜਦੋਂ ਉਸਦੇ ਵਾਲਦ (ਪਿਤਾ) ਦਾ ਇੰਤਕਾਲ (ਮੌਤ) ਹੋ ਗਿਆ ਤਾਂ ਚਾਚਾ ਜੀ ਨੇ ਸਫੀ ਦੀ ਅੰਮਾਂ ਨੂੰ ਬੱਚੇ ਸਮੇਤ ਆਪਣੇ ਕੋਲ ਸ਼ਹਿਰ ਬੁਲਾਅ ਲਿਆ ਸੀ। ਸਫੀ ਜਦੋਂ ਤਕ ਹਿੰਦੁਸਤਾਨ ਵਿਚ ਰਿਹਾ ਅਕਸਰ ਕਮਾਲ ਪੁਰ ਚਲਾ ਜਾਂਦਾ ਹੁੰਦਾ ਸੀ, ਹਾਲਾਂਕਿ ਉਸਦਾ ਨਾਨਕਾ ਘਰ ਖਸਤਾ ਹਾਲ ਹੋ ਕੇ ਡਿੱਗਣ-ਢੈਣ ਲੱਗ ਪਿਆ ਸੀ। ਫੇਰ ਵੀ ਪਤਾ ਨਹੀਂ ਕਿਹੜੀ ਖਿੱਚ ਸੀ ਉਹ ਜਿਹੜੀ ਉਸਨੂੰ ਖਿੱਚ ਕੇ ਕਮਾਲ ਪੁਰ ਲੈ ਜਾਂਦੀ ਸੀ। ਉਹਨੀਂ ਦਿਨੀ ਜਦੋਂ ਵੀ ਉਹ ਉੱਥੇ ਜਾਂਦਾ, ਉਸਦੀ ਠਾਹਰ ਰੱਬੂ ਮਾਸੀ ਕਾ ਘਰ ਹੀ ਹੁੰਦਾ।
“ਮੇਰਾ ਸਫਰੀ ਥੈਲਾ ਹਾਲ 'ਚੋਂ ਚੁੱਕ ਲਿਆ...ਮੈਂ ਜੁਰਾਬਾਂ ਬਦਲਣੀਆਂ ਚਾਹੁੰਦੀ ਆਂ।” ਰੱਬੂ ਮਾਸੀ ਬੋਲੀ। ਉਹਨਾਂ ਦੇ ਪੈਰ ਠਰ ਰਹੇ ਸਨ। ਉਹ ਆਪਣੇ ਪੈਰਾਂ ਨੂੰ ਸੈਂਡਲਾਂ ਵਿਚੋਂ ਕੱਢ ਕੇ ਇਕ ਦੂਜੇ ਨਾਲ ਰਗੜਨ ਲੱਗ ਪਈ ਸੀ।
ਸਫੀ ਥੈਲਾ ਚੁੱਕ ਲਿਆਇਆ। ਉਹ ਖਾਸਾ ਭਾਰੀ ਸੀ। ਮਾਸੀ ਨੇ ਉਸ ਵਿਚੋਂ ਨੀਲੇ ਰੰਗ ਦੀਆਂ ਮੋਟੀਆਂ ਊਂਨੀ ਜੁਰਾਬਾਂ ਕੱਢੀਆਂ ਤੇ ਉਹਨਾਂ ਨੂੰ ਲਾਹੁਣ ਲੱਗੀ ਜਿਹੜੀਆਂ ਉਸ ਪਾਈਆਂ ਹੋਈਆਂ ਸਨ। ਝੁਕਣਾ ਉਸ ਲਈ ਮੁਸ਼ਕਿਲ ਹੋਇਆ ਹੋਇਆ ਸੀ। ਚਿਹਰੇ ਉੱਤੇ ਪੀੜ ਦੇ ਆਸਾਰ ਨਜ਼ਰ ਆਏ ਤੇ ਉਹ ਕਰਾਹੀ।
“ਮੈਂ ਲਾਹ ਦੇਨਾਂ।” ਸਫੀ ਨੇ ਕਿਹਾ ਤੇ ਕੋਲ ਬੈਠ ਕੇ ਉਹਨਾਂ ਦੀਆਂ ਜੁਰਾਬਾਂ ਲਾਹ ਦਿੱਤੀਆਂ।
ਰੱਬੂ ਮਾਸੀ ਦੇ ਪੈਰ ਇਨ ਬਿਨ ਸਫੀ ਦੀ ਅੰਮਾਂ ਦੇ ਪੈਰਾਂ ਵਰਗੇ ਸਨ। ਚਿੱਟੀ ਖੱਲੜੀ ਹੇਠ ਵਿਛਿਆ ਨੀਲੀਆਂ ਨਸਾਂ ਦਾ ਜਾਲ ਤੇ ਤਲੀਆਂ ਬੱਗੀਆਂ ਫੂਸ, ਉਹਦੀਆਂ ਤਲੀਆਂ ਵਰਗੀਆਂ ਹੀ। ਕੁਝ ਪਲ ਲਈ ਸਫੀ ਉਹਨਾਂ ਵੱਲ ਵਿੰਹਦਾ ਰਿਹਾ।
“ਬੂਟ ਵੀ ਪਾ ਦਿਆਂ?” ਸਫੀ ਨੇ ਬੂਟਾਂ ਦੇ ਉਸ ਡੱਬੇ ਵੱਲ ਇਸ਼ਾਰਾ ਕਰਦਿਆਂ ਕਿਹਾ ਜਿਹੜਾ ਰੱਬੂ ਮਾਸੀ ਦੇ ਪੈਰਾਂ ਨੇੜੇ ਹੀ ਪਿਆ ਸੀ।
“ਪਾ ਦੇਅ। ਗਠੀਏ ਕਰਕੇ ਝੁਕ ਨਹੀਂ ਹੁੰਦਾ। ਪੁੱਤਰ ਨੇ ਬੂਟ ਲੈ ਦਿੱਤੇ ਐ। ਸੱਚ ਇਹ ਐ ਕਿ ਤੇਰੇ ਮਾਸੜ ਦੇ ਇੰਤਕਾਲ  ਪਿੱਛੋਂ, ਕੋਈ ਨਵੀਂ ਚੀਜ਼ ਪਾਉਣ ਨੂੰ ਦਿਲ ਈ ਨਹੀਂ ਕਰਦਾ।”
“ਇੰਜ ਨਾ ਕਹੋ।” ਸਫੀ ਨੇ ਮਿੰਨਤ ਜਿਹੀ ਕੀਤੀ। ਜਦੋਂ ਉਹ ਬੂਟ ਦਾ ਬੱਕਲ ਕਸ ਰਿਹਾ ਸੀ, ਉਸਦੀਆਂ ਉਂਗਲਾਂ ਕੰਬ ਰਹੀਆਂ ਸਨ...ਨਾ ਚਾਹੁੰਦਿਆਂ ਹੋਇਆਂ ਵੀ ਬੜਾ ਕੁਝ ਯਾਦ ਆ ਗਿਆ ਸੀ ਉਸਨੂੰ। ਉਸਦੀ ਅੰਮਾਂ ਵੀ ਆਪਣੇ ਸ਼ੌਹਰ (ਪਤੀ) ਦੀ ਮੌਤ ਪਿੱਛੋਂ ਅਕਸਰ ਇਵੇਂ ਕਹਿੰਦੀ ਹੁੰਦੀ ਸੀ।
“ਤੂੰ ਅੱਜ ਤੀਕ ਨਹੀਂ ਬਦਲਿਆ, ਤੇਰੇ ਬਜ਼ੁਰਗਾਂ ਵਾਲੀਆਂ ਸਾਰੀਆਂ ਖ਼ੂਬੀਆਂ ਹੈਨ ਤੇਰੇ 'ਚ। ਕਮਾਲਪੁਰ ਵਿਚ ਇਕ ਵਾਰੀ ਅੱਬਾ ਬੀਮਾਰ ਪਏ ਤਾਂ ਤੇਰੇ ਨਾਨੇ ਨੇ ਸਿਰਫ ਉਹਨਾਂ ਦੀ ਟਹਿਲ ਕਰਨ ਖਾਤਰ ਸਾਡੇ ਘਰ ਡੇਰਾ ਆਣ ਲਾਇਆ ਸੀ।”
ਉਸਦੇ ਨਾਨੇ ਤੇ ਰੱਬੂ ਮਾਸੀ ਦੇ ਅੱਬੂ ਦੀ ਦੋਸਤੀ ਮਸ਼ਹੂਰ ਸੀ। ਸਫੀ ਨੂੰ ਯਾਦ ਆਇਆ, ਪਰ ਉਹ ਚੁੱਪ ਰਿਹਾ। ਮਾਸੀ ਨੂੰ ਕਿੰਜ ਕਹਿੰਦਾ ਕਿ ਇੰਲਿਸਤਾਨ ਵਿਚ ਮੁੱਦਤਾਂ ਰਹਿਣ ਪਿੱਛੋਂ ਵੀ ਉਸ ਤਰ੍ਹਾਂ ਦਾ ਕੋਈ ਦੋਸਤ ਨਹੀਂ ਹੈ ਉਸਦਾ। ਉਹ ਵਾਪਸ ਆ ਕੇ ਸੋਫੇ ਉੱਤੇ ਬੈਠ ਗਿਆ। ਉਸਦੀ ਨਿਗਾਹ ਕੋਨੇ ਵਿਚ ਰੱਖੀ ਮੇਜ਼ ਉੱਤੇ ਪਏ ਹਾਈ-ਫਾਈ ਦੇ ਸਾਮਾਨ ਉੱਤੇ ਪਈ।
“ਤੁਹਾਨੂੰ ਇਕੱਲੇਪਨ ਦੀ ਸ਼ਿਕਾਇਤ ਕਿਉਂ ਏਂ...ਇਸ ਨਾਲ ਦਿਲ ਪਰਚਾਅ ਲੈਂਦੇ।” ਸਫੀ ਹਾਈ-ਫਾਈ ਵੱਲ ਇਸ਼ਾਰਾ ਕਰ ਰਿਹਾ ਸੀ।
“ਅੰਗਰੇਜ਼ੀ ਸੰਗੀਤ 'ਚ ਮੇਰਾ ਮਨ ਕਿੰਜ ਭਿੱਜਦਾ! ਤੇਰੇ ਘਰੇ ਪੰਕਜ ਮਲਿਕ, ਸਹਿਗਲ, ਕਾਨਨ ਬਾਲਾ ਦੇ ਰਿਕਾਰਡ ਦੇਖੇ...ਹੁਣ ਤਾਂ ਉਹਨਾਂ ਦਾ ਨਾਂਅ ਵੀ ਕੋਈ ਨਹੀਂ ਲੈਂਦਾ। ਤੇਰੀ ਅੰਮਾਂ ਬੜਾ ਸੋਹਣਾ ਗਾਉਂਦੀ ਹੁੰਦੀ ਸੀ। ਕਮਾਲ ਪੁਰ ਵਿਚ ਜਦੋਂ ਕੋਈ ਸ਼ਾਦੀ-ਵਾਦੀ ਹੁੰਦੀ, ਉਸ ਦੇ ਗਾਉਣ ਨਾਲ ਰੌਣਕ ਲੱਗ ਜਾਂਦੀ। ਤੇਰੇ ਅੱਬਾ ਦੀ ਵਫ਼ਾਤ (ਮੌਤ) ਪਿੱਛੋਂ ਤਾਂ ਉਸਨੇ ਗੁਣਗੁਣਾਉਣਾ ਵੀ ਛੱਡ ਦਿੱਤਾ ਸੀ।”
ਸਫੀ ਨੇ ਕੋਈ ਜਵਾਬ ਨਾ ਦਿੱਤਾ। ਉਸਨੇ ਆਪਣੇ ਸਫਰੀ ਬੈਗ ਵਿਚੋਂ ਬਿਸਕੁਟਾਂ ਦਾ ਇਕ ਪੈਕੇਟ ਕੱਢ ਕੇ ਰੱਬੂ ਮਾਸੀ ਵੱਲ ਵਧਾਂਦਿਆਂ ਹੋਇਆਂ ਕਿਹਾ...:
“ਅਹਿ ਤੁਹਡੇ ਲਈ ਹੈਨ ਤੇ ਬਿਸਕੁਟਾਂ ਦਾ ਸਵਾਦ ਆਰਹ ਵਿਚ ਬਣਨ ਵਾਲੇ ਕੁਲਚਿਆਂ ਵਰਗਾ ਏ।”
ਰੱਬੂ ਮਾਸੀ ਹੱਸ ਪਈ। ਚਿਹਰੇ ਦੀਆਂ ਝੁਰੜੀਆਂ ਮਿਟ ਗਈਆਂ ਤੇ ਉਹ ਜਵਾਨ ਨਜ਼ਰ ਆਉਣ ਲੱਗ ਪਈ। ਜਿਹੜਾ ਸਮਾਂ ਬੀਤ ਚੁੱਕਿਆ ਸੀ ਉਹ ਤਿੱਤਲੀ ਬਣ ਕੇ ਉਡਦਾ ਹੋਇਆ ਉਹਨਾਂ ਕੋਲ ਆ ਗਿਆ ਤੇ ਆਪਣੇ ਸਾਰੇ ਰੰਗ ਬਰੂਰਣ ਲੱਗ ਪਿਆ। ਕਮਾਲ ਪੁਰ ਦੀਆਂ ਔਰਤਾਂ ਵੀ ਕੁਲਚੇ ਬਣਾਉਂਦੀਆਂ ਸਨ। ਲੰਮੇ ਸਫਰ ਵਿਚ ਕੁਲਚੇ ਤੇ ਪਾਪੜੀਆਂ ਜਾਂ ਸੋਹਣ ਹਲਵਾ ਵੀ ਨਾਲ ਹੁੰਦਾ ਸੀ।
“ਇਸ ਦੀ ਕੀ ਲੋੜ ਸੀ। ਮੇਰੇ ਬੈਗ ਤੇ ਸੂਟਕੇਸ ਭਰੇ ਹੋਏ ਨੇ। ਖ਼ੈਰ, ਮੈਂ ਇਹ ਰੱਖ ਲਵਾਂਗੀ। ਚਾਹ ਨਾਲ ਇਹਨਾਂ ਬਿਸਕੁਟਾਂ ਨੂੰ ਖਾਣ ਦਾ ਮਜ਼ਾ ਆ ਜਾਏਗਾ।”
“ਸੋਹਣ ਹਲਵਾ ਵੀ ਜੇ ਮੇਰੇ ਸ਼ਹਿਰ ਵਿਚ ਮਿਲਦਾ ਹੁੰਦਾ ਤਾਂ ਤੁਹਾਡੇ ਲਈ ਜ਼ਰੂਰ ਲੈ ਆਉਂਦਾ।”
“ਤੂੰ ਹਾਲੇ ਤੀਕ ਨਹੀਂ ਭੁੱਲਿਆ...ਮੈਂ ਤਾਂ ਸਮਝੀ ਸਾਂ ਤੂੰ ਅੰਗਰੇਜ਼ ਬਣ ਗਿਆ ਏਂ।” ਰੱਬੂ ਮਾਸੀ ਨੇ ਹੱਸਦਿਆਂ ਹੋਇਆ ਉਸਨੂੰ ਛੇੜਿਆ।
ਸਫੀ ਨੇ ਨਾਂਹ ਵਿਚ ਸਿਰ ਹਿਲਾਂਦਿਆਂ ਹੋਇਆਂ ਕਿਹਾ...:
“ਮੁੱਦਤਾਂ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਹੋਈ। ਛੁੱਟੀਆਂ ਵਿਚ ਇਕ ਵਾਰੀ ਹਿੰਦੁਸਤਾਨ ਗਿਆ ਸਾਂ। ਤੁਹਾਡੇ ਨਾਲ ਵੀ ਮੁਲਾਕਾਤ ਹੋਈ ਸੀ। ਜਦੋਂ ਅੱਬਾ ਤੇ ਨਾਨੇ, ਦਾਦੇ ਦੇ ਮਿਜ਼ਾਰਾਂ ਉੱਤੇ ਫਾਤਹਾ ਪੜ੍ਹਨ ਪਹੁੰਚਿਆ ਤਾਂ ਜ਼ਮੀਨ ਮੇਰੇ ਪੈਰਾਂ ਨਾਲ ਚਿੱਬੜ ਗਈ ਸੀ।”
“ਇਵੇਂ ਈ ਹੁੰਦਾ ਏ।” ਰੱਬੂ ਮਾਸੀ ਬੁੱਲ੍ਹਾਂ ਵਿਚ ਹੀ ਬੜਬੜਾਈ।
ਬਾਹਰੋਂ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਆਈ। ਰੱਬੂ ਮਾਸੀ ਦਾ ਬੇਟਾ ਤੇ ਬਹੂ ਆ ਗਏ ਸਨ। ਉਹਨਾਂ ਦੇ ਆਉਣ ਕਰਕੇ ਸਫੀ ਤੇ ਰੱਬੂ ਮਾਸੀ ਦੀ ਗੱਲਬਾਤ ਮੁੱਕ ਗਈ। ਵਧੀਆ ਸੈਂਟ ਦਾ ਨਿੱਕਾ ਜਿਹਾ ਡੱਬਾ ਪੇਸ਼ ਕੀਤਾ ਗਿਆ ਜਿਹੜਾ ਸਬੀਹਾ ਲਈ ਖ਼ਰੀਦਿਆ ਗਿਆ ਸੀ। ਰੱਬੂ ਮਾਸੀ ਨੇ ਉਸਨੂੰ ਖੋਲ੍ਹ ਕੇ ਖ਼ੁਸ਼ਬੂ ਸੁੰਘੀ ਤੇ ਬੋਲੀ...:
“ਚੰਗਾ ਏ। ਅਸੀਂ ਤਾਂ ਇਤਰ ਦੇ ਆਦੀ ਆਂ, ਪਰ ਹੁਣ ਉਸਨੂੰ ਕੌਣ ਪਸੰਦ ਕਰਦਾ ਏ।”
ਸਫੀ ਨੇ ਹਾਂ ਵਿਚ ਸਿਰ ਹਿਲਾਇਆ। ਕੁਝ ਚਿਰ ਪਿੱਛੋਂ ਸਾਰਿਆਂ ਨੇ ਕੇਕ ਨਾਲ ਚਾਹ ਪੀਤੀ। ਆਪਸ ਵਿਚ ਰਸਮੀ ਜਿਹੀਆਂ ਗੱਲਾਂ ਹੁੰਦੀਆਂ ਰਹੀਆਂ ਜਿਸ ਵਿਚ ਸਫੀ ਨੂੰ ਮਜ਼ਾ ਨਹੀਂ ਆਇਆ ਤੇ ਉਸਦੀ ਅੰਗਰੇਜ਼ ਭਾਬੀ ਨੇ ਵੀ ਗੱਲਬਾਤ ਵਿਚ ਖਾਸ ਹਿੱਸਾ ਨਹੀਂ ਲਿਆ। ਉਹ ਚੁੱਪਚਾਪ ਬੈਠੀ ਮੁਸਕੁਰਾਂਦੀ ਰਹੀ।
ਰਾਤ ਦੇ ਅੱਠ ਵਜੇ ਸਫੀ ਸਾਰਿਆਂ ਨਾਲ ਰੱਬੂ ਮਾਸੀ ਨੂੰ ਵਿਦਾਅ ਕਰਨ ਪੈਥਰੋ ਏਅਰ ਪੋਰਟ ਗਿਆ। ਉੱਥੋਂ ਵਾਪਸੀ 'ਤੇ ਭਾਈ ਨੇ ਰਹਿ-ਜਾਣ ਲਈ ਕਿਹਾ ਪਰ ਉਹ ਰੁਕਿਆ ਨਹੀਂ। ਕਨਕਸ ਕਰਾਸ ਸਟੇਸ਼ਨ 'ਤੇ ਆ ਕੇ ਉਸਨੇ ਯਾਰਕ ਜਾਣ ਵਾਲੀ ਟਰੇਨ ਫੜ੍ਹ ਲਈ। ਉਸਦੀ ਸੀਟ ਰਿਜਰਵ ਸੀ ਇਸ ਲਈ ਜਗ੍ਹਾ ਮਿਲਣ ਵਿਚ ਕੋਈ ਔਕੜ ਨਹੀਂ ਆਈ। ਆਪਣੀ ਸੀਟ ਉੱਤੇ ਬੈਠ ਕੇ ਉਸਨੇ ਅਖ਼ਬਾਰ ਖੋਲ੍ਹ ਲਿਆ। ਪਰ ਉਸਨੂੰ ਪੜ੍ਹਨ ਵਿਚ ਉਸਦਾ ਮਨ ਨਾ ਖੁੱਭਿਆ। ਉਹ ਬਾਰੀ ਵਿਚੋਂ ਬਾਹਰ ਦੇਖਣ ਲੱਗਾ। ਪਲੇਟਫਾਰਮ ਉੱਤੇ, ਸਟੇਸ਼ਨ ਦੀ ਰੌਸ਼ਨੀ ਤੇ ਪਰਛਾਵਿਆਂ ਵਿਚ, ਮੁਸਾਫ਼ਿਰਾਂ ਦੀ ਭੀੜ ਨੱਸਦੀ-ਭੱਜਦੀ, ਆ-ਜਾ ਰਹੀ ਸੀ। ਗੂੜ੍ਹਾ ਨੀਲਾ ਕੋਟ-ਪਤਲੂਨ ਪਾਈ ਰੇਲਵੇ ਦਾ ਇਕ ਮੁਲਾਜ਼ਮ ਇਕ ਅਪਾਹਜ ਔਰਤ ਨੂੰ ਅਪਾਹਜਾਂ ਵਾਲੀ ਕੁਰਸੀ ਉੱਤੇ ਬਿਠਾਈ ਟਰੇਨ ਵੱਲ ਲਿਆ ਰਿਹਾ ਸੀ। ਸਫੀ ਨੂੰ ਖ਼ਿਆਲ ਆਇਆ ਕਿ ਉਸਨੇ ਕਮਾਲ ਪੁਰ ਕੀ ਛੱਡਿਆ ਕਿ ਸਮੇਂ ਦੀ ਇਸ ਟਰੇਨ ਵਿਚ ਆ ਬੈਠ ਗਿਆ ਜਿਹੜੀ ਉਹਨਾਂ ਰਾਹਾਂ ਤੋਂ ਲੰਘਦੀ ਸੀ ਜਿਹਨਾਂ ਉੱਤੇ ਕਮਾਲ ਪੁਰ ਫੇਰ ਨਹੀਂ ਸੀ ਆਉਣਾ...ਤੇ ਇਸ ਟਰੇਨ ਵਿਚੋਂ ਉਹ ਸਾਰੇ ਮਿੱਤਰ- ਪਿਆਰੇ, ਮਿਹਰਬਾਨ ਤੇ ਰਿਸ਼ਤੇਦਾਰ ਉਤਰ ਗਏ ਸਨ ਜਿਹੜੇ ਉਸਦੀ ਜ਼ਿੰਦਗੀ ਦੀਆਂ ਜੜਾਂ ਨੂੰ ਪਾਣੀ ਦਿੰਦੇ ਰਹੇ ਸਨ। ਇਕ ਅਜੀਬ ਜਿਹੀ ਉਦਾਸੀ ਨੇ ਉਸਨੂੰ ਘੇਰ ਲਿਆ। ਉਸਨੂੰ ਮਹਿਸੂਸ ਹੋਇਆ ਕਿ ਉਹ ਆਖ਼ਰੀ ਵੇਰ ਕਮਾਲ ਪੁਰ ਗਿਆ ਸੀ...ਆਪਣੀ ਅੰਮਾਂ ਨੂੰ ਮਿਲਣ ਤੇ ਉਹਨੂੰ ਅਲਵਿਦਾ ਕਹਿਣ ਲਈ।  
    ੦੦੦ ੦੦੦ ੦੦੦
    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
    ਮੋਬਾਇਲ ਨੰ : 94177-30600.
    --- --- ---

No comments:

Post a Comment