Friday, September 17, 2010

ਹਰਨਾਕੁਸ਼ ਦਾ ਪੁੱਤਰ...:: ਲੇਖਕ : ਡਾ.ਧਰਮਵੀਰ ਭਾਰਤੀ

ਹਿੰਦੀ ਕਹਾਣੀ :
ਹਰਨਾਕੁਸ਼ ਦਾ ਪੁੱਤਰ...
ਲੇਖਕ : ਡਾ.ਧਰਮਵੀਰ ਭਾਰਤੀ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਉਸ ਨੇ ਪਰਨਾ ਲਾਹ ਕੇ ਬਾਂਸ ਉੱਤੇ ਟੰਗ ਦਿੱਤਾ, ਰੱਸੀ ਇਕ ਪਾਸੇ ਵਗਾਹ ਮਾਰੀ, ਫੇਰ ਚੌਹੀਂ ਪਾਸੀਂ ਵੇਖਿਆ ਤੇ ਪਾਟੀ-ਭਰੜਾਈ ਆਵਾਜ਼ ਵਿਚ ਕੂਕਿਆ, ''ਬਿੱਸੂ! ਓ-ਇ ਬਿੱਸੂਏ! ਪਤਾ ਨਹੀਂ ਕਿੱਧਰ ਮਰ ਗਿਆ ਕੰਬਖ਼ਤ; ਰਾਜੇ ਦੇ ਕੋਲ...ਖਲੋ ਜ਼ਰਾ, ਹੁਣੇ ਤੋੜਦਾਂ ਤੇਰੇ ਹੱਡ।''
ਤਾੜੀ ਦੇ ਨਸ਼ੇ ਕਾਰਨ ਉਸ ਦੀ ਆਵਾਜ਼ ਥਿੜਕਣ ਲੱਗ ਪਈ ਸੀ। ਪਿੰਡੇ ਦੀ ਕਲਤਣ ਤੇ ਅੱਖਾਂ ਦੀ ਲਾਲੀ ਵਿਚ ਵਾਧਾ ਹੋ ਗਿਆ ਸੀ। ਉਹ ਜਾਤ ਦਾ ਡੂਮ ਸੀ ਤੇ ਪੇਸ਼ੇ ਦਾ ਜੱਲਾਦ। ਉਹਨਾਂ ਦਾ ਖ਼ਾਨਦਾਨ ਬੜਾ ਉੱਚਾ ਤੇ ਮਸ਼ਹੂਰ ਸੀ। ਉਸ ਦੇ ਦਾਦੇ ਨੇ ਤਾਤੀਏ ਭੀਲ ਨੂੰ ਫਾਂਸੀ ਦਿੱਤੀ ਸੀ। ਉਸ ਦੇ ਨਾਨੇ ਨੇ ਆਪਣੀ ਜਵਾਨੀ ਵਿਚ ਚੌਦਾਂ ਖ਼ੂਨ ਕੀਤੇ ਸਨ। ਜਦੋਂ ਉਸ ਨੂੰ ਫਾਂਸੀ ਦਾ ਹੁਕਮ ਹੋਇਆ ਸੀ ਤਾਂ ਉਸ ਦੇ ਪਿਓ ਨੇ ਹੀ ਉਸ ਦੇ ਨਾਨੇ ਨੂੰ ਫਾਂਸੀ ਦਿੱਤੀ ਸੀ। ਫੇਰ ਘਰ ਆ ਕੇ ਨੌਂ ਬੋਤਲਾਂ ਦਾਰੂ ਦੀਆਂ ਪੀਤੀਆਂ ਸਨ...ਇਕ ਸੂਰ ਦੀ ਧੌਣ ਮਰੋੜ ਸੁੱਟੀ ਸੀ ਤੇ ਆਪਣੀ ਬਿਮਾਰ ਤੀਵੀਂ ਦੇ ਹੱਥ ਉੱਤੇ ਕੁੱਢਣ ਲਾ ਕੇ ਦਾਗ਼ ਦੇ ਦਿੱਤਾ ਸੀ। ਇਹਨਾਂ ਸਾਰੀਆਂ ਗੱਲਾਂ ਕਰਕੇ ਹੀ ਉਸ ਦੇ ਖ਼ਾਨਦਾਨ ਦਾ ਬੜਾ ਨਾਂ ਸੀ ਤੇ ਉਹ ਬਰਾਦਰੀ ਦਾ ਚੌਧਰੀ ਮੰਨਿਆਂ ਜਾਂਦਾ ਸੀ।
ਇਕ ਦਿਨ ਜਦੋਂ ਉਹ ਜੇਲਰ ਸਾਹਬ ਦੇ ਬੰਗਲਿਓਂ ਆਪਣੀ ਹਾਜ਼ਰੀ ਪਾ ਕੇ ਮੁੜ ਰਿਹਾ ਸੀ ਤਾਂ ਰਾਹ ਵਿਚ ਉਸ ਨੂੰ ਧਨੀਆਂ ਮਿਲ ਗਈ—ਉਸ ਦੀ ਪਤਨੀ ਦੀ ਭੈਣ। ਉਸ ਨੇ ਦੱਸਿਆ ਕਿ ਉਸ ਦੀ ਭੈਣ ਦੇ ਮੁੰਡਾ ਹੋਇਆ ਏ...ਬੱਚਾ ਜਿਉਂਦਾ ਏ ਪਰ ਜੱਚਾ ਨੇ ਪ੍ਰਾਣ ਤਿਆਗ ਦਿੱਤੇ ਨੇ। ਉਹ ਬਿੰਦ ਦੇ ਬਿੰਦ ਜਿਵੇਂ ਸਿਲ-ਪੱਥਰ ਹੀ ਹੋ ਗਿਆ ਸੀ; ਪਰ ਫੇਰ ਨਾਸਤਕਾਂ ਵਾਂਗ ਹੱਸਿਆ ਸੀ ਤੇ ਬਿਰਹਾ ਗੁਣਗੁਣਾਉਂਦਾ ਹੋਇਆ ਘਰ ਵੱਲ ਤੁਰ ਪਿਆ ਸੀ। ਘਰ ਪਹੁੰਚ ਕੇ ਆਪਣੀ ਮੋਈ ਹੋਈ ਤੀਵੀਂ ਦੀ ਲਾਸ਼ ਦੇ ਸਿਰਹਾਣੇ ਵੱਲ ਖਲੋ ਕੇ ਬੋਲਿਆ ਸੀ—''ਮਰ ਗਈ! ਚਲੋ ਚੰਗਾ ਹੋਇਆ। ਢਿੱਡ ਕੀ ਸੀ ਕੰਬਖ਼ਤ ਦਾ, ਖ਼ੂਹ ਸੀ। ਜਦੋਂ ਦੇਖੋ, ਖਾਊਂ-ਸੜਪੂੰ! ਇਕ ਤੋਂ ਤਾਂ ਖਹਿੜਾ ਛੁੱਟਿਆ।''
ਫੇਰ ਬੱਚੇ ਨੂੰ ਚੁੱਕ ਕੇ ਬੋਲਿਆ—''ਤਾਂ ਅਹਿ ਕਤੂਰਾ ਛੱਡ ਗਈ ਐ ਕੁਤੀੜ੍ਹ।'' ਤੇ ਫੇਰ ਕਤੁਰਿਆਂ ਵਾਂਗ ਹੀ ਉਸ ਦੇ ਨਹੂੰ ਗਿਣਨ ਪਿੱਛੋਂ ਬੋਲਿਆ—''ਪੂਰੇ ਵੀਹ। ਬਹੁੜੀਂ ਓ-ਇ ਰੱਬਾ। ਬੀਸੂ ਐ ਬੀਸੂ। ਤਾਂ ਹੀ ਤਾਂ ਜੰਮਦਾ ਈ ਖਾ ਗਿਆ ਮਾਂ ਨੂੰ!''
ਉਸ ਪਿੱਛੋਂ ਧਨੀਆਂ ਵੱਲ ਮੂੰਹ ਭੁਆਂ ਕੇ ਬੋਲਿਆ—
''ਲੈ ਜਾ ਇਸ ਪਿੱਲੇ ਨੂੰ ਆਪਣੇ ਘਰ। ਮੈਂ ਨਹੀਂ ਰੱਖਣਾ ਜੰਗਲੀ ਜਾਨਵਰ ਨੂੰ ਆਪਣੇ ਕੋਲ।''
ਤੇ ਉਦੋਂ ਤੋਂ ਹੀ ਬਿਸੂਆ ਮਾਸੀ ਦੇ ਘਰ ਰਹਿੰਦਾ ਸੀ। ਮਾਸੀ ਨੇ ਉਸ ਦੇ ਨਾਂ ਵਿਚ ਸੋਧ ਕਰ ਦਿੱਤੀ ਸੀ...ਤੇ ਹੁਣ ਪਿੰਡ ਵਾਲੇ ਉਸ ਨੂੰ ਬਿੱਸੂ ਕਹਿ ਕੇ ਬੁਲਾਉਂਦੇ ਸਨ।
ਬਿੱਸੂ ਪਿੰਡ ਦਾ ਹੱਦ ਦਰਜੇ ਦਾ ਸ਼ਰਾਰਤੀ ਮੁੰਡਾ ਸੀ ਤੇ ਉਸ ਦੀ ਮਨ ਭਾਉਂਦੀ ਖੇਡ ਸੀ ਚੂਹੇ ਮਾਰਨਾ। ਲਾਗੇ ਹੀ ਇਕ ਸੇਠ ਦਾ ਕਣਕ ਦਾ ਗੁਦਾਮ ਸੀ ਜਿੱਥੇ ਚੂਹੇ ਫੜਨ ਵਾਲਾ ਪਿੰਜਰਾ ਰੱਖਿਆ ਹੋਇਆ ਸੀ। ਉਸ ਦਾ ਚੌਕੀਦਾਰ ਹਰ ਰੋਜ਼ ਚੂਹੇ ਲਿਆ ਕੇ ਡੂਮਾਂ ਦੀ ਬਸਤੀ ਕੋਲ ਛੱਡ ਜਾਂਦਾ। ਸਾਰੇ ਚੂਹਿਆਂ ਨੂੰ ਮਾਰਨ ਲਈ ਨੱਸ ਪੈਂਦੇ। ਪਰ ਬਿਸੂਏ ਦਾ ਨਿਸ਼ਾਨਾ ਬੜਾ ਪੱਕਾ ਹੁੰਦਾ—ਉਹ ਇਕ ਡਲੇ ਨਾਲ ਤਿੰਨ ਤੇ ਦੋ ਨਾਲ ਸੱਤ ਚੂਹੇ ਮਾਰ ਸੁੱਟਦਾ ਸੀ। ਫੇਰ ਉਹਨਾਂ ਨੂੰ ਪੂਛਾਂ ਤੋਂ ਫੜ ਕੇ ਨਦੀ ਵੱਲ ਲੈ ਤੁਰਦਾ ਤੇ ਜੇ ਕੋਈ ਰਾਹ ਵਿਚ ਮਿਲਦਾ ਤਾਂ ਉਸ ਨੂੰ ਕਹਿੰਦਾ, ''ਗੁਲਦਸਤਾ ਲਓਗੇ, ਗੁਲਦਸਤਾ ਸ਼ਾਹ ਜੀ! ਅੱਜ ਤਾਂ ਠਾਕਰਾਂ ਦਾ ਜਨਮ ਦਿਨ ਐਂ ਨਾ!'' ਤੇ ਨੜਿਆਂ ਦੀ ਬੇੜੀ ਜਿਹੀ ਬਣਾ ਕੇ ਉਸ ਉੱਤੇ ਚੂਹੇ ਰੱਖਦਾ ਤੇ ਨਦੀ ਵਿਚ ਤਾਰ ਦਿੰਦਾ। ਫੇਰ ਆਖਦਾ, ''ਆਹਾ ਜੀ, ਰਾਜੇ ਚੂਹੇ ਦੀ ਜੰਜ ਜਾ ਰਹੀ ਏ।'' ਤੇ ਜੇ ਕੋਈ ਪੁੱਛਦਾ ਕਿ 'ਲਾੜੀ ਕਿਹੜੀ ਏ ਬਈ?' ਤਾਂ ਕਹਿੰਦਾ, ''ਓ-ਇ, ਅਹੁ ਕੀ ਨਾਂ ਲਈਦੈ ਉਸਦਾ...ਉਹੀ ਢਿੱਡਲ ਲਾਲੇ ਦੀ ਧੀ ਐ, ਛਮਕ ਛੱਲੋ!'
ਇਕ ਦਿਨ ਜਦੋਂ ਉਹ ਚੂਹੇ ਲੈ ਕੇ ਜਾ ਰਿਹਾ ਸੀ ਤਾਂ ਰਾਹ ਵਿਚ ਉਸ ਨੂੰ ਉਸ ਦਾ ਪਿਓ ਮਿਲ ਪਿਆ। ਉਸ ਨੇ ਪੁੱਛਿਆ, ''ਕਿਉਂ ਓਇ ਬਿਸੁਏ, ਦਾਲ ਧਰ ਕੇ ਖਾਏਂਗਾ ਕਿ ਇਹਨਾਂ ਦੀ?''
ਉਸ ਨੇ ਉਤਰ ਦਿੱਤਾ, ''ਇਹਨਾਂ ਦੀ! ਇਹ ਤਾਂ ਬੜੇ ਛੋਟੇ ਐ। ਉਸ ਦੀ ਦਾਲ ਧਰ ਕੇ ਖਾਵਾਂਗਾ ਢਿੱਡਲ ਚੂਹੇ ਦੀ।''
ਚੌਧਰੀ ਦਾ ਅੰਦਰ-ਬਾਹਰ ਖਿੜ ਗਿਆ। ਉਸ ਨੇ ਮਨ ਵਿਚ ਸੋਚਿਆ 'ਅਸ਼ਕੇ ਬਈ। ਹੈ ਨਾ ਆਖਰ ਏਸ 'ਚ ਵੀ ਖਾਨਦਾਨੀ ਖ਼ੂਨ।' ਏਸ ਤਰ੍ਹਾਂ ਹੌਲੀ-ਹੌਲੀ ਬਿੱਸੂ ਨਾਲ ਉਸ ਦਾ ਪਿਆਰ ਗੂੜ੍ਹਾ ਹੁੰਦਾ ਗਿਆ। ਉਹ ਉਸ ਨੂੰ ਆਪਣੇ ਹੁਨਰ ਵਿਚ ਮਾਹਰ ਬਣਾ ਦੇਣਾ ਚਾਹੁੰਦਾ ਸੀ। ਇਸ ਲਈ ਇਕ ਦਿਨ ਉਹ ਬਿੱਸੂ ਨੂੰ ਫਾਂਸੀ ਲੱਗਦੀ ਵਿਖਾਉਣ ਲੈ ਗਿਆ। ਪਰ ਜਦੋਂ ਉਹ ਘਰ ਵਾਪਸ ਆਏ ਤਾਂ ਬਿੱਸੂ ਬੜਾ ਸਹਿਮਿਆਂ ਹੋਇਆ ਸੀ। ਆਦਮੀ ਦਾ ਖ਼ੂਨ ਚੂਹੇ ਦੇ ਖ਼ੂਨ ਨਾਲੋਂ ਗਾੜ੍ਹਾ ਹੁੰਦਾ ਹੈ। ਉਹ ਧਨੀਆਂ ਦੀ ਬੁੱਕਲ ਵਿਚ ਮੂੰਹ ਲੁਕਾ ਕੇ ਬੜਾ ਹੀ ਰੋਇਆ। ਰਾਤ ਨੂੰ ਕਈ ਵਾਰੀ ਡਡਿਆ-ਡਡਿਆ ਉਠਿਆ ਤੇ ਪਿਓ ਕੋਲ ਜਾਣ ਤੋਂ ਡਰਨ ਲੱਗ ਪਿਆ। ਹੁਣ ਚੂਹਿਆਂ ਨੂੰ ਮਾਰਨ ਲਈ ਕੌਣ ਕਹੇ, ਉਹ ਉਹਨਾਂ ਦਾ ਨਾਂ ਵੀ ਨਹੀਂ ਸੀ ਲੈਂਦਾ। ਬਸ ਸਾਰਾ ਦਿਨ ਨਦੀ ਕਿਨਾਰੇ ਉੱਗੇ ਸਰਕੜੇ ਦੀ ਛਾਂਵੇਂ ਪਿਆ ਰਹਿੰਦਾ, ਜਾਂ ਚੌਧਰੀ ਦੇ ਵਾੜੇ ਵਿਚ ਸੂਰਾਂ ਕੋਲ ਸੁੱਤਾ ਰਹਿੰਦਾ। ਚੌਧਰੀ ਉਸ ਦੇ ਇਹ ਰੰਗ-ਢੰਗ ਵੇਖ ਕੇ ਹਿਰਖ ਗਿਆ¸''ਕੰਬਖ਼ਤ ਬੇਰੜਾ ਨਿਕਲਿਆ, ਮੇਰਾ ਮੁੰਡਾ ਹੁੰਦਾ ਤਾਂ ਡੂੰਮ ਹੁੰਦਾ, ਇਹ ਤਾਂ ਸਾਲਾ ਬਾਹਮਣ ਐ ਬਾਹਮਣ! ਖੱਚ ਦੀ ਔਲਾਦ ਬਾਹਮਣ...ਹਾ-ਥੂਹ!''
ਤੇ ਇਕ ਦਿਨ ਉਸ ਦੀ ਸੂਰੀ ਸੂ ਪਈ। ਉਸ ਦੇ ਬੱਚਿਆਂ ਵਿਚ ਇਕ ਡੱਬ-ਖੜਬਾ ਬੱਚਾ ਵੀ ਸੀ, ਜਿਸ ਦੇ ਮੱਥੇ ਉੱਤੇ ਇਕ ਚਿੱਟਾ ਤਿਲਕ ਸੀ। ਚੌਧਰੀ ਨੇ ਉਸ ਨੂੰ ਚੁੱਕ ਕੇ ਪੁਚਕਾਰਦਿਆਂ ਹੋਇਆਂ ਕਿਹਾ, ''ਬਈ ਇਹ ਰਾਜਾ ਬਣੂੰ, ਮੇਰਾ ਪੁੱਤ...।''
ਧਨੀਆਂ ਬੋਲੀ, ''ਬਈ ਵਾਹ ਚੌਧਰੀਆ। ਕਿਤੇ ਤੇਰਾ ਦਿਮਾਗ ਤਾਂ ਨ੍ਹੀਂ ਖਰਾਬ ਹੋ ਗਿਆ, ਭਲਾ ਸੂਰ ਵੀ ਕਦੀ ਰਾਜੇ ਬਣੇ ਐਂ?''
ਚੌਧਰੀ ਹਿਰਖ ਗਿਆ। ''ਦੇਖ ਔਰਤ ਦੀ ਜਾਤ ਹੋ ਕੇ ਐਵੇਂ ਨਾ ਭੌਂਕੀ ਜਾਇਆ ਕਰ। ਆਉਂਦਾ ਨ੍ਹੀਂ ਇੱਲ ਦਾ ਨਾਂ ਕੁੱਕੜ ਤੇ ਲੱਗੀ ਐ ਸ਼ਾਸਤਰਾਂ ਦੇ ਅਰਥ ਕੱਢਣ। ਓ-ਇ, ਰਾਜੇ ਸੂਰ ਹੁੰਦੇ ਐ ਤਾਂ ਸੂਰ ਰਾਜੇ ਕਿਉਂ ਨ੍ਹੀਂ ਹੋ ਸਕਦੇ? ਮੇਰਾ ਤਾਂ ਰਾਜਾ ਪੁੱਤ ਐ ਇਹ।''
ਉਸ ਘਟਨਾ ਪਿੱਛੋਂ ਇਕ ਦਿਨ ਕਿਸੇ ਕੈਦੀ ਨੂੰ ਤਮਾਕੂ ਪੁਚਾਣ ਦੇ ਬਦਲੇ ਉਸ ਨੂੰ ਬਾਰਾਂ ਆਨਿਆਂ ਦੇ ਪੈਸੇ ਮਿਲੇ, ਜਿਹਨਾਂ ਦਾ ਉਹ ਇਕ ਘੁੰਘਰੂਆਂ ਵਾਲਾ ਪਟਾ ਖਰੀਦ ਲਿਆਇਆ ਤੇ ਉਸ ਦੇ ਗਲ਼ ਵਿਚ ਪਾ ਕੇ ਬੋਲਿਆ, ''ਦੇਖ ਨੀਂ। ਆਵਦੇ ਪਿੱਲੇ ਨੂੰ ਹਟਾ ਲਵੀਂ, ਮੇਰੇ ਰਾਜੇ ਪੁੱਤ ਕੋਲ ਨਾ ਬੈਠਿਆ ਕਰੇ...ਮਤੇ ਇਸ ਨੂੰ ਵੀ ਵਿਗਾੜ ਦਵੇ।''
ਪਰ ਬਿੱਸੂ ਮੌਕਾ ਤਾੜ ਕੇ ਵਾੜੇ ਅੰਦਰ ਵੜ ਆਉਂਦਾ ਤੇ ਰਾਜੇ ਨੂੰ ਕੁਝ ਨਾ ਕੁਝ ਖਵਾਉਂਦਾ-ਪਿਆਉਂਦਾ ਰਹਿੰਦਾ।
ਅੱਜ ਵੀ ਜਦੋਂ ਚੌਧਰੀ ਨੇ ਆਵਾਜ਼ ਮਾਰੀ ਸੀ ਤਾਂ ਉਹ ਉੱਥੇ ਹੀ ਸੀ। ਉਸ ਨੇ ਝੀਥ ਵਿਚੋਂ ਬਾਹਰ ਝਾਕ ਕੇ ਵੇਖਿਆ ਤੇ ਬਰੜਾਇਆ, 'ਅੱਜ ਖੈਰ ਨਹੀਂ।' ਕਾਕਾ ਤਾੜੀ ਦੇ ਨਸ਼ੇ ਵਿਚ ਗੜੂੰਦ ਸੀ।
ਚੌਧਰੀ ਲੜਖੜਾਉਂਦੇ ਹੋਏ ਪੈਰਾਂ ਨਾਲ ਝੁੱਗੀ ਵੱਲ ਵਧਿਆ ਹੀ ਸੀ ਕਿ ਜੱਗੂ ਨੇ ਆਪਣੇ ਚਬੂਤਰੇ ਉਪਰ ਬੈਠੇ-ਬਠਾਇਆਂ ਹੀ ਹੋਕਰਾ ਜਿਹਾ ਮਾਰਿਆ, ''ਸੁਣਾ ਚੌਧਰੀਆ...!''
ਚੌਧਰੀ ਉਧਰ ਭੌਂ ਪਿਆ ਤੇ ਚਿਲਮ ਫੜ੍ਹ ਕੇ ਸੂਟੇ ਲਾਉਣ ਲੱਗ ਪਿਆ।
''ਸੁਣਾ ਅੱਜ ਤਾਂ ਵਾਹਵਾ 'ਗੰਗਾਜਲੀ' ਛਕੀ ਫਿਰਦੈਂ। ਤਾੜੀ ਘਰੋਂ ਤਾਂ ਨ੍ਹੀਂ ਆ ਰਿਹਾ ਕਿਤੇ?''
''ਤਾੜੀ। ਓ-ਇ ਅੱਜ ਖੂਨ ਪੀਤਾ ਏ ਭਰਾ, ਖੂਨ।''
''ਖੂਨ, ਕਿਉਂ ਪਰਨਾਲੇ ਚੱਲੇ ਸੀ ਕਿ ਕਿਤੇ ਚੌਧਰੀਆ?''
''ਉਇ ਹੋਰ ਕੀ ਭਰਾ ਮੇਰਿਆ। ਝੂਲਾ ਝੁਲਾਅ ਕੇ ਆਇਆਂ, ਅੱਜ।''
''ਆਖਰ ਕਿਹੜਾ ਝੂਟਣ ਲਾ 'ਤਾ?''
'ਇਹ ਨਾ ਪੁੱਛ ਭਰਾਵਾ। ਏਨੇ ਦਿਨ ਹੋ ਗਏ ਮੈਨੂੰ ਜੇਲ ਦੀ ਨੌਕਰੀ ਕਰਦੇ ਨੂੰ, ਇਹਨਾਂ ਹੱਥਾਂ ਨੇ ਮੋਟੀਆਂ-ਮੋਟੀਆਂ ਗਰਦਨਾ ਉੱਤੇ ਜਾਲ ਪਾਏ—ਪਰ ਅੱਜ ਤਾਂ ਦਿਲ ਕੰਬ ਗਿਆ!''
''ਅੱਛਾ ਕੌਣ ਸੀ ਉਹ ਭਲਾ...?''
'ਇਕ ਮੁੰਡਾ ਸੀ, ਅਠਾਰਾਂ ਕੁ ਵਰ੍ਹਿਆਂ ਦਾ—ਅਜੇ ਦੁੱਧ ਦੇ ਦੰਦ ਵੀ ਨ੍ਹੀਂ ਟੁੱਟੇ ਹੋਣੇ।''
''ਕੀ ਤੀਵੀਂ ਦਾ ਗਲ਼ਾ ਘੁੱਟ ਦਿੱਤਾ ਸੀ?''
'ਉ-ਇ ਰੱਬ-ਰੱਬ ਕੈਹ। ਕਦੇ ਜਾਣ-ਬੁਝ ਕੇ ਫੁੱਲ ਵੀ ਨ੍ਹੀਂ ਤੋੜਿਆ ਹੋਣਾ, ਉਸ ਨੇ। ਅੰਤਾਂ ਦਾ ਸਾਊ, ਚੌੜਾ-ਮੱਥਾ, ਪਤਲੂ-ਜਿਹਾ ਚਿਹਰਾ ਪਰ ਅੱਖਾਂ ਬੜੀਆਂ ਤਿੱਖੀਆਂ ਸਨ, ਦਗ-ਦਗ ਕਰਦੀਆਂ ਹੋਈਆਂ...ਬੇਲੇ ਦੀ ਸੱਜਰੀ ਕਲੀ ਸਮਝ ਲੈ।''
''ਕੀ ਕੀਤਾ ਸੀ ਉਸ ਨੇ?''
'ਗੱਲ ਕੁਝ ਏਦਾਂ ਹੋਈ ਸੀ ਬਈ ਜੱਗੂ ਸਿਆਂ ਕਿ ਉਸ ਨੇ ਤਾਰਾਂ ਕੱਟ ਦਿੱਤੀਆਂ ਸੀ; ਬਸ ਫੇਰ ਕੀ ਸੀ ਫੌਜ ਚੜ੍ਹ ਦੌੜੀ ਉਸ ਦੇ ਪਿੰਡ 'ਤੇ—ਤੇ ਲਾ 'ਤੀ ਅੱਗ। ਆਦਮੀ ਅੰਬ ਦੀਆਂ ਗੁਠਲੀਆਂ ਵਾਂਗ ਭੁੱਜ ਗਏ। ਉਸ ਨੇ ਨੱਠ ਕੇ ਕਪਤਾਨ ਨੂੰ ਧੌਣੋਂ ਜਾ ਫੜ੍ਹਿਆ। ਬਸ, ਫੜ੍ਹ ਲਿਆ ਉਸ ਨੂੰ ਤੇ ਲਿਖ ਦਿੱਤਾ ਸਰਕਾਰ ਨੂੰ ਬਈ ਇਹ ਨੇ ਛਾਉਣੀ ਨੂੰ ਅੱਗ ਲਾਈ ਹੈ। ਬਸ ਹੋ ਗਈ ਫਾਂਸੀ।''
''ਲੈ ਏਨੀ ਕੁ ਗੱਲ ਪਿੱਛੇ?''
'ਤੇ ਹੋਰ ਕੀ। ਸਰਕਾਰ ਨਾਲ ਲੜਣਾ ਕੋਈ ਹਾਸਾ-ਠੱਠਾ ਥੋੜੈ...ਜਦੋਂ ਚਿੱਤ ਕਰੇ ਫਾਂਸੀ ਦੇ ਦੇਵੇ, ਚਿੱਤ ਕਰੇ ਜਗੀਰਾਂ ਬਖਸ਼ ਦੇਵੇ। ਪਰ ਭਰਾ ਅੰਤਾਂ ਦਾ ਨਿਡਰ ਸੀ ਉਹ ਮੁੰਡਾ ਵੀ। ਜਦੋਂ ਫਾਂਸੀ ਚੜ੍ਹਨ ਆਇਆ ਤਾਂ ਕਲੱਕਟਰ ਨੂੰ ਵੇਖ ਕੇ ਬੋਲਿਆ, 'ਏਸ ਛਾਉਣੀ ਨੂੰ ਤਾਂ ਅੱਗ ਨਹੀਂ ਲਾਈ ਹੁਣ ਉੱਥੋਂ ਦੀ ਛਾਉਣੀ ਵਿਚ ਅੱਗ ਲਾਉਣ ਜਾ ਰਿਹਾਂ...ਉਸ ਦੀ ਛਾਉਣੀ ਵਿਚ ਜਿਹੜਾ ਹਿੰਦੁਸਤਾਨ ਵਿਚ ਘਾਹ-ਫੂਸ ਪੈਦਾ ਕਰਦਾ ਐ।' ਸੁਪਰਡੰਟ ਸਾਹਬ ਨੇ ਪੁੱਛਿਆ, 'ਤੇਰੀ ਆਖ਼ਰੀ ਖਾਹਸ਼ ਕੀ ਹੈ?' ਤਾਂ ਉਹ ਹੱਸ ਕੇ ਬੋਲਿਆ, 'ਅਗਲੇ ਜਨਮ ਵਿਚ ਤੇਰਾ ਸਕਾ ਭਰਾ ਬਣਾ, ਫੇਰ ਤੂੰ ਮੈਨੂੰ ਫਾਂਸੀ ਦਵੇਂ।' ਸਾਹਬ ਨੇ ਮੂੰਹ ਭੁਆਂ ਕੇ ਰੁਮਾਲ ਕੱਢ ਲਿਆ, ਫੇਰ ਮੇਰੇ ਵੱਲ ਵੇਖ ਕੋ ਬੋਲਿਆ, 'ਦੇਰ ਕਿਉਂ ਕਰਦੋ ਓ ਪ੍ਰੋਹਤ ਜੀ, ਜਲਦੀ-ਜਲਦੀ ਬੰਨ੍ਹੋ ਕੰਗਣਾ...ਲਗਣ ਮਹੂਰਤ ਟਲ ਗਿਆ ਤਾਂ...?' ਬਸ ਮੇਰੇ ਹੱਥ ਕੰਬ ਗਏ। ਪਹਿਲਾਂ ਤਾਂ ਲੱਗਾ ਕਿ ਅੱਖਾਂ 'ਚੋਂ ਹੰਝੂ ਡਿੱਗੇ ਕਿ ਡਿੱਗੇ, ਫੇਰ ਮੈਂ ਜੀਅ ਕਰੜਾ ਕਰਕੇ ਸੋਚਿਆ, 'ਉ-ਇ, ਇਹ ਹੰਝੂ ਤਾਂ ਸਾਰੇ ਵੱਡੇ ਆਦਮੀਆਂ ਦੇ ਚੋਚਲੇ ਆ। ਜਿਸਦੇ ਢਿੱਡ 'ਚ ਅੰਨ ਹੋਏ, ਤਨ 'ਤੇ ਕੱਪੜਾ...ਉਸ ਦੇ ਦੀਦਿਆਂ 'ਚ ਹੰਝੂ ਵੀ ਸੋਂਹਦੇ ਆ। ਬਸ ਫੇਰ ਕੀ ਸੀ ਆਪਾਂ ਰੱਸਾ ਪਾਇਆ ਤੇ ਖਿੱਚ ਲਿਆ। ਲਟਕ ਗਿਆ ਫੁੱਲ ਵਰਗਾ ਇਕੋ ਝਟਕੇ ਨਾਲ; ਬੜੀ ਨਾਜ਼ੁਕ ਧੌਣ ਸੀ ਉਹ ਦੀ। ਬੱਸ ਮੈਥੋਂ ਵੇਖਿਆ ਨਹੀਂ ਗਿਆ। ਭੱਜ ਤੁਰਿਆ ਜੰਤੂਏ ਦੀ ਦੁਕਾਨ ਵੱਲ ਤੇ ਕੋਈ ਅੱਧਾ ਘੜਾ ਤਾੜੀ ਦਾ ਪੀ ਗਿਆ ਹੋਊਂ। ਕਿੰਨੀ ਸਾਫ ਝੱਗ ਸੀ ਉਸ ਦੀਆਂ ਅੱਖਾਂ ਵਰਗੀ!' ਤੇ ਅਚਾਨਕ ਉਹ ਉਹਨਾਂ ਮਾਸੂਮ ਨਿਗਾਹਾਂ ਨੂੰ ਯਾਦ ਕਰਕੇ ਠਠੰਬਰ ਗਿਆ, 'ਹੁਣ ਚਲਦਾਂ।'
ਜੱਗੂ ਨੇ ਚੌਧਰੀ ਦੇ ਹੱਥੋਂ ਜਿਲਮ ਫੜ੍ਹ ਲਈ ਤੇ ਮੂੰਹ ਭੁਆਂ ਕੇ ਮੁਸਕੜੀਏਂ ਹੱਸਦਾ ਹੋਇਆ ਬੋਲਿਆ, ''ਜਦੋਂ ਚੌਧਰੀ ਹੁਰਾਂ ਦੇ ਨਸ਼ੇ ਖਿੜੇ ਹੁੰਦੇ ਆ ਸਭ ਨੂੰ ਇਹੀ ਕਿੱਸਾ ਸੁਨਾਉਣ ਲੱਗ ਪੈਂਦੇ ਆ। ਪਿੱਛਲੇ ਛੇ ਸਾਲਾਂ ਵਿਚ ਘੱਟ ਤੋਂ ਘੱਟ ਦਸ ਵਾਰੀ ਤਾਂ ਮੈਨੂੰ ਈ ਦੱਸਿਆ ਹੋਊ ਤੇ ਹਰ ਵਾਰੀ ਇਵੇਂ ਈ ਕਿ ਅੱਜ ਉਸ ਨੂੰ ਫਾਹਾ ਲਾਇਆ ਆ। ਰਾਮ ਜਾਣੇ ਕੋਈ ਭੂਤ-ਪ੍ਰੇਤ ਐ ਬਈ ਨਿੱਤ ਦਿਹਾੜੇ ਜਿਉਂ ਪੈਂਦੈ ਤੇ ਚੌਧਰੀ ਜੀ ਉਸ ਨੂੰ ਫਾਂਸੀ ਤੇ ਲਟਕਾ ਆਉਂਦੇ ਐ।''
ਚੌਧਰੀ ਪਿਛਾਂਹ ਪਰਤ ਆਇਆ। ਉਸ ਨੇ ਆਪਣੀਆਂ ਲਾਲ ਸੂਹੀਆਂ ਅੱਖਾਂ ਨਾਲ ਜੱਗੂ ਵੱਲ ਝਾਕਦਿਆਂ ਕਿਹਾ, ''ਮਾਮੇ ਦਾ ਪੁੱਤ ਭਰਾ ਐਂ, ਖੂਨ ਦਾ ਰਿਸ਼ਤੈ, ਨਹੀਂ ਤਾਂ...ਕੀ ਮੈਂ ਝੂਠ ਬੋਲ ਰਿਹਾਂ? ਹਾਂ, ਛੇ ਸਾਲ ਪਹਿਲਾਂ ਫਾਂਸੀ ਦਿੱਤੀ ਸੀ, ਪਰ ਅੱਜ ਵੇਖ ਕੇ ਆ ਰਿਹਾਂ...ਜਿਹੜੇ ਕਪਤਾਨ ਨੇ ਉਸ ਨੂੰ ਫਾਂਸੀ ਦੀ ਸਜਾ ਦਿਵਾਈ ਸੀ, ਉਹੀ ਵਰਦੀ ਉੱਤੇ ਤਮਗੇ ਸਜਾ ਕੇ ਸੁਪਰਡੰਟ ਬਣ ਕੇ ਆਇਆ ਐ। ਉਸ ਦੇ ਨਾਲ ਕੋਈ ਗਾਂਧੀ ਟੋਪੀ ਵਾਲਾ ਵੀ ਸੀ, ਹੋਊ ਕੋਈ ਉਸ ਦਾ ਰਿਸ਼ਤੇਦਾਰ। ਮੈਂ ਸਲਾਮ ਕਰਨ ਲਈ ਹੱਥ ਚੁੱਕਿਆ, ਜਿਵੇਂ ਉਸ ਦੀ ਲਾਸ਼ ਚੁੱਕ ਰਿਹਾ ਹੋਵਾਂ ਤੇ ਲਾਸ਼ ਦੀ ਗਰਦਨ ਵਿਚ ਦੁਬਾਰਾ ਫੰਦਾ ਪਾ ਰਿਹਾ ਹੋਵਾਂ। ਤੂੰ ਆਪਣੇ ਧਰਮ-ਈਮਾਨ ਨਾਲ ਦੱਸੀਂ, ਮੈਂ ਕੋਈ ਝੂਠ ਬੋਲਿਆ ਐ ਕਿ ਅੱਜ ਉਸ ਨੂੰ ਫਾਂਸੀ ਲਾਈ ਆ। ਹਾਂ, ਅਸਾਂ ਨਸ਼ੇ 'ਚ ਆਂ...ਰੁਕ ਜਾ ਓਇ ਬਿੱਸੂ, ਬਿਸੁਏ।''
ਅਚਾਨਕ ਚੌਧਰੀ ਦੀ ਨਜ਼ਰ ਬਿੱਸੂ ਉੱਤੇ ਪੈ ਗਈ ਸੀ ਜਿਹੜਾ ਅਛੋਪਲੇ ਹੀ ਵਾੜੇ ਵਿਚੋਂ ਨਿਕਲ ਕੇ ਤੁਰ ਚੱਲਿਆ ਸੀ।
''ਠਹਿਰ ਜਾ ਓ-ਇ।'' ਉਸ ਨੇ ਜਿਵੇਂ ਲਲਕਾਰਾ ਜਿਹਾ ਮਾਰਿਆ। ਬਿੱਸੂ ਥਾਵੇਂ ਖਲੋ ਗਿਆ। ਚੌਧਰੀ ਲੜਖੜਾਂਦਾ ਹੋਇਆ ਉਸ ਕੋਲ ਅੱਪੜਿਆ ਤੇ ਉਸ ਨੂੰ ਇਕ ਕਰਾਰੀ ਜਿਹੀ ਚਪੇੜ ਮਾਰ ਕੇ ਬੋਲਿਆ, ''ਕਿਉਂ ਉ-ਇ, ਫੇਰ ਬੈਠਾ ਸੀ ਰਾਜੇ ਕੋਲ; ਉਸ ਨੂੰ ਵੀ ਵਿਗਾੜਨਾ ਐਂ? ਫੇਰ ਜਾਏਂਗਾ ਉਸ ਕੋਲ, ਬੋਲ?''
ਬਿੱਸੂ ਨੂੰ ਚੱਕਰ ਆ ਗਿਆ ਸੀ। ਉਹ ਬਿੰਦ ਦਾ ਬਿੰਦ ਚੁੱਪ ਰਿਹਾ, ਫੇਰ ਤਣ ਕੇ ਖਲੋਂਦਾ ਹੋਇਆ ਬੋਲਿਆ, ''ਆਹੋ, ਜਾਵਾਂਗਾ। ਇਕ ਵਾਰੀ ਨਹੀਂ ਸੌ ਵਾਰੀ ਜਾਵਾਂਗਾ। ਬੇਈਮਾਨ, ਕਮੀਨਾ, ਜੱਲਾਦ ਕਾਕਾ ਨਾ ਹੋਵੇ ਤਾਂ।''
ਹੁਣ ਜਿਵੇਂ ਮੱਚਦੀ 'ਤੇ ਤੇਲ ਪੈ ਗਿਆ ਸੀ। ਉਹ ਨਸ਼ੇ ਵਿਚ ਸੀ ਪਰ ਗਾਲ੍ਹਾਂ ਤਾਂ ਪਛਾਣਦਾ ਸੀ। ਬੇਈਮਾਨ, ਕਮੀਨਾ ਤੱਕ ਤਾਂ ਗਨੀਮਤ ਸੀ—ਇਹ ਵਿਸ਼ੇਸ਼ਣ ਤਾਂ ਵੱਡੇ ਆਦਮੀਆਂ ਲਈ ਵਰਤੇ ਜਾਂਦੇ ਸਨ। ਪਰ ਜੱਲਾਦ, ਕੀ ਉਹ ਜੱਲਾਦਾ ਸੀ? ਉਸ ਨੇ ਰੱਸੀ ਚੁੱਕ ਲਈ ਤੇ 'ਕਾੜ ਕਾੜ' ਕਰਕੇ ਕਈ ਨੀਲੇ ਨਿਸ਼ਾਨ ਬਿੱਸੂ ਦੀ ਪਿੱਠ ਉੱਤੇ ਬਣਾ ਦਿੱਤੇ।
ਧਨੀਆਂ ਭੱਜ ਕੇ ਆਈ ਤੇ ਬਿੱਸੂ ਨੂੰ ਆਪਣੀ ਵੱਖੀ ਨਾਲ ਲਾ ਕੇ ਬੋਲੀ, ''ਮਾਰ ਸੁੱਟ ਹਤਿਆਰਿਆ। ਮੁਫ਼ਤ ਦਾ ਥਿਆਇਆ ਐ ਨਾ। ਆਪਣੇ ਪਾਪ ਦੀ ਕੁੱੜਿਣ ਇਸ ਉਪਰ ਕੱਢਣ ਲੱਗਿਆ ਐਂ? ਖਬਰਦਾਰ ਜੇ ਹੁਣ ਹੱਥ ਲਾਇਆ ਤਾਂ।''
ਚੌਧਰੀ ਦੇ ਹੱਥ ਸਿਲ ਹੋ ਗਏ। ਉਹ ਤਾੜੀ ਦੇ ਨਸ਼ੇ ਵਿਚ ਗੜੁੰਦ ਸੀ। ਉਸ ਦਾ ਸਿਰ ਚਕਰਾ ਰਿਹਾ ਸੀ ਤੇ ਸਾਹਮਣੇ, ਉਹ, ਦੋ ਚਮਕੀਲੀਆਂ ਅੱਖਾਂ ਚਮਕ ਰਹੀਆਂ ਸਨ। ਉਹ ਉਹਨਾਂ ਨੂੰ ਵੇਖ ਕੇ ਡਰ ਰਿਹਾ ਸੀ ਤੇ ਛਾਂਟੇ ਮਾਰ-ਮਾਰ ਕੇ ਕਿਤੇ ਦੂਰ ਭਜਾ ਦੇਣਾ ਚਾਹੁੰਦਾ ਸੀ। ਪਰ ਉਹ ਛਾਂਟੇ ਬਿੱਸੂ ਨੂੰ ਵੱਜ ਗਏ ਸਨ।
ਉਹ ਕੁਝ ਚਿਰ ਚੁੱਪ ਰਿਹਾ ਫੇਰ ਬੋਲਿਆ, ''ਪਰ ਇਹ ਜੱਲਾਦ ਕਹਿੰਦਾ ਐ ਮੈਨੂੰ। ਮੇਰਾ ਮੁੰਡਾ ਮੈਨੂੰ ਈ ਜੱਲਾਦ ਆਖੇ...''
''ਤੇ ਫੇਰ ਹੈ ਨ੍ਹੀਂ ਤੂੰ ਜੱਲਾਦ, ਔਂਤਰਿਆ? ਤੂੰ ਤਾਂ ਰਾਕਸ਼ਸ ਐਂ ਰਾਕਸ਼ਸ।''
''ਮੂੰਹ ਸੰਭਾਲ ਕੇ ਬੋਲੀਂ ਨੀਂ। ਕੀ ਮੈਂ ਜੱਲਾਦ ਆਂ? ਕੀ ਕੋਈ ਰੱਸੀ ਨੂੰ ਗੰਢ ਮਾਰ ਦੇਣ ਨਾਲ ਜੱਲਾਦ ਬਣ ਜਾਂਦੈ? ਜਿਸ ਨੇ ਅੱਗ ਲਾਈ ਉਹ ਕਪਤਾਨ, ਜਿਸ ਨੇ ਫਾਂਸੀ ਲਵਾਈ ਉਹ ਜੇਲਰ ਤੇ ਮੈਂ ਇਕ ਗੰਢ ਕੀ ਮਾਰ 'ਤੀ, ਜੱਲਾਦ ਬਣ ਗਿਆ ਤੇ ਬਾਕੀ ਰਹਿੰਦੇ ਸਾਰੇ ਅਫਸਰ ਹੋ ਗਏ। ਜਿਹੜਾ ਕਪਤਾਨ ਸੀ ਉਹ ਸੁਪਰਡੰਟ ਬਣ ਗਿਆ ਤੇ ਮੈਂ ਜੱਲਾਦ...। ਤੇ ਰੱਬ ਜਾਣਦਾ ਐ ਮੈਂ ਤਾਂ ਬੜੀ ਹੌਲੀ ਜਿਹੀ ਝਟਕਾ ਦਿੱਤਾ ਸੀ, ਇਕ ਰਗ ਵੀ ਨਹੀਂ ਟੁੱਟੀ ਹੋਣੀ ਤੇ ਪ੍ਰਾਣ ਬੜੇ ਆਰਾਮ ਨਾਲ ਨਿਕਲ ਗਏ ਹੋਣਗੇ। ਤੇ ਫੇਰ ਵੀ ਇਹ ਮੈਨੂੰ ਜੱਲਾਦ ਆਖਦੈ। ਕੀ ਸਾਰਾ ਦਿਨ ਇਹੋ ਸੋਚਦਾ ਰਹਿੰਦੈ ਵਿਹਲਾ ਪਿਆ?''
''ਤੇ ਫੇਰ ਸੋਚੇ ਨਾ। ਤੇਰੇ ਕੰਮ ਵਿਚ ਇਸ ਦਾ ਮਨ ਨਹੀਂ ਤਾਂ ਫੇਰ ਤੂੰ ਕਿਉਂ ਨਹੀਂ ਇਸ ਨੂੰ ਸਕੂਲ ਭੇਜਦਾ?''
ਬਸਤੀ ਵਿਚ ਹਰੀਜਨ ਸੇਵਾ ਦਲ ਵਾਲਿਆਂ ਨੇ ਇਕ ਸਕੂਲ ਖੋਹਲਿਆ ਹੋਇਆ ਸੀ।
'ਹੂੰ ਸਕੂਲ ਪੜ੍ਹਨ ਭੇਜ ਦਿਆਂ, ਕਟਵਾ ਦਿਆਂ ਆਪਣੇ ਖਾਨਦਾਨ ਦੀ ਨੱਕ। ਕੀ ਸਿੱਖੇਗਾ ਇਹ ਗਾਂਧੀ ਵਾਲਿਆਂ ਤੋਂ? ਵੇਖ ਆਇਆਂ ਅੱਜ ਉਹਨਾਂ ਦੀਆਂ ਕਰਤੂਤਾਂ ਵੀ। ਜਦੋਂ ਫਾਂਸੀ ਦਿੱਤੀ ਜਾ ਰਹੀ ਸੀ ਤਾਂ ਸੈਂਕੜੇ ਖੜ੍ਹੇ ਸੀ ਬਾਹਰ ਝੰਡੀਆਂ ਚੁੱਕੀ। ਜੇਲਰ ਨੇ ਆਖਿਆ, 'ਲਾਸ਼ ਨਹੀਂ ਦਿੱਤੀ ਜਾਏਗੀ।' ਉਹ ਬੋਲੇ, 'ਲਾਸ਼ ਨਹੀਂ ਮਿਲੇਗੀ ਭਰਾਵੋ—ਸ਼ਾਂਤੀ ਨਾਲ ਘਰੋ-ਘਰੀ ਮੁੜ ਜਾਵੋ। ਬੋਲੋ ਭਾਰਤ ਮਾਤਾ ਕੀ ਜੈ!' ਤੇ ਜਦੋਂ ਉਸ ਅਭਾਗੇ ਦੇ ਗਲ਼ ਵਿਚ ਫਾਂਸੀ ਦਾ ਰੱਸਾ ਪਾਇਆ ਜਾ ਰਿਹਾ ਸੀ, ਉਹ ਸੰਘ ਪਾੜ-ਪਾੜ ਕੇ 'ਜੈ' ਬੋਲ ਰਹੇ ਸੀ। ਤੋੜ ਦਿੰਦੇ ਫਾਟਕ, ਵੜ ਆਉਂਦੇ ਅੰਦਰ ਤੇ ਲੈ ਜਾਂਦੇ ਉਸ ਨੂੰ ਖੋਹ ਕੇ। ਫੇਰ ਮੰਨਦਾ...ਇੰਜ 'ਜੈ-ਜੈ' ਕੂਕਣਾ ਕਿਹੜੀ ਵੱਡੀ ਗੱਲ ਐ?...ਤੇ ਉਸੇ ਕਪਤਾਨ ਨੂੰ ਸੁਪਰਡੰਟ ਬਣਾ ਦਿੱਤਾ ਗਿਐ। ਹਾ-ਥੂਹ! ਸਾਡੇ ਕੋਲ ਇਲਮ ਐ, ਅਸੀਂ ਕਮਾਉਂਦੇ-ਖਾਂਦੇ ਆਂ। ਉਹਨਾਂ ਦੀਆਂ ਪੜ੍ਹੀਆਂ ਉਹਨਾਂ ਨੂੰ ਈ ਮੁਬਾਰਕ ਹੋਣ।''
ਬਿੱਸੂ ਨੇ ਜਿਵੇਂ ਚੁੱਪ ਸਾਧ ਲਈ ਸੀ। ਧਨੀਆਂ ਉਸ ਨੂੰ ਅੰਦਰ ਲੈ ਗਈ। ਖਾਣ ਵਾਸਤੇ ਰੋਟੀ ਦਿੱਤੀ ਪਰ ਉਸ ਨੇ ਰੋਟੀ ਵਗਾਹ ਕੇ ਮਾਰੀ ਤੇ ਚੁੱਪ-ਚਪੀਤਾ ਬਾਹਰ ਨਿਕਲ ਆਇਆ।
''ਪਿਓ ਨਾਲੋਂ ਘੱਟ ਐ ਕੋਈ। ਮੇਰੇ 'ਤੇ ਗੁੱਸਾ ਲਾਹੁਣ ਲੱਗੈ ਕੰਬਖਤ।'' ਧਨੀਆਂ ਬੋਲੀ ਉਸ ਦਾ ਗੱਚ ਭਰ ਆਇਆ ਸੀ।
ਬਿੱਸੂ ਨਦੀ ਕਿਨਾਰੇ ਪਹੁੰਚ ਕੇ ਵਣ ਦੇ ਤਣੇ ਨਾਲ ਢਾਸਨਾ ਲਾ ਕੇ ਖੜ੍ਹਾ ਹੋ ਗਿਆ। ਉਸ ਦੀਆਂ ਭੁੱਬਾਂ ਨਿਕਲ ਗਈਆਂ ਤੇ ਅੱਖਾਂ ਵਿਚੋਂ ਹੰਝੂ ਕਿਰਦੇ ਰਹੇ। ਫੇਰ ਉਹ ਚੁੱਪ ਕਰ ਗਿਆ। ਉਸ ਨੇ ਆਪਣੀ ਬਾਂਹ ਤੇ ਪਿੱਠ ਉੱਤੇ ਪਈਆਂ ਲਾਸਾਂ ਵੱਲ ਵੇਖਿਆ, ਦੰਦ ਕਰੀਚੇ ਤੇ ਮੁੱਠੀਆਂ ਕੱਸ ਕੇ ਬੋਲਿਆ, ''ਅੱਛਾ ਦੇਖ ਲਵਾਂਗਾ ਫੇਰ...'' ਫੇਰ ਪਤਾ ਨਹੀਂ ਕਿਹੜਾ ਪੱਕਾ ਇਰਾਦਾ ਧਾਰ ਕੇ ਉਹ ਵਾਪਸ ਪਰਤ ਆਇਆ। ਝੁੱਗੀ ਅੰਦਰ ਝਾਤ ਮਾਰੀ ਉੱਥੇ ਕੋਈ ਵੀ ਨਹੀਂ ਸੀ। ਫੇਰ ਉਹ ਵਾੜੇ ਵਿਚੋਂ ਰਾਜੇ ਨੂੰ ਚੁੱਕ ਲਿਆਇਆ। ਜਦੋਂ ਸੂਰੀ ਨੇ ਉਸ ਵੱਲ ਵੇਖਿਆ ਸੀ ਤਾਂ ਉਸ ਨੇ ਕਿਹਾ ਸੀ, ''ਕੀ ਕੀਤਾ ਜਾ ਸਕਦਾ ਐ? ਕਾਕਾ ਮੈਨੂੰ ਜੱਲਾਦ ਬਣਾ ਕੇ ਈ ਛੱਡੂ। ਆਹ ਵੇਖ ਤੇਰੇ ਰਾਜੇ ਦੇ ਕਾਰਨ ਮੈਨੂੰ ਕਿੰਨੀ ਮਾਰ ਪਈ ਆ।''
ਤੇ ਫੇਰ ਰਾਜੇ ਨੂੰ ਝੁੱਗੀ ਅੰਦਰ ਲਿਜਾ ਕੇ ਬੋਲਿਆ, ''ਹੁਣ ਲਵੀਂ ਝੂਟੇ ਪੁੱਤਰਾ।''
ਪਹਿਲਾਂ ਉਸ ਨੇ ਰੱਸੀ ਦਾ ਇਕ ਸਿਰਾ ਬਾਂਸ ਨਾਲ ਬੰਨ੍ਹ ਦਿੱਤਾ। ਫੇਰ ਰਾਜੇ ਨੂੰ ਭੁੰਜੇ ਖੜਾ ਕਰ ਕੇ ਉਸ ਦੇ ਗਲ਼ੇ ਵਿਚੋਂ ਪਟਾ ਲਾਹਿਆ ਤੇ ਉਸ ਦੀ ਥਾਂ ਰੱਸੀ ਦੇ ਦੂਜੇ ਸਿਰੇ ਦਾ ਫੰਦਾ ਬਣਾ ਕੇ ਪਾ ਦਿੱਤਾ। ਉਹ ਰੱਸੀ ਖਿੱਚਣ ਹੀ ਲੱਗਿਆ ਸੀ ਕਿ ਬੇਬਸ ਜਾਨਵਰ ਚੀਕਣ-ਕੂਕਣ ਲੱਗ ਪਿਆ। ਬਿੱਸੂ ਨੇ ਰੱਸੀ ਢਿੱਲੀ ਕਰ ਦਿੱਤੀ ਤੇ ਬੜੇ ਪਿਆਰ ਨਾਲ ਉਸ ਨੂੰ ਪੁਚਕਾਰਦਾ ਹੋਇਆ ਬੋਲਿਆ, ''ਕਿਉਂ ਮੇਰਿਆ ਰਾਜਿਆ ਵੀਰਿਆ ਭੁੱਖ ਲੱਗੀ ਆ ਕਿ? ਅੱਛਾ ਚੱਲ ਤੈਨੂੰ ਦੁੱਧ ਚੁੰਘਾ ਲਿਆਈਏ। ਮੇਰਾ ਰਾਜਾ ਵੀਰ ਕੋਈ ਬੰਦਾ ਥੋੜਾ ਈ ਐ ਜਿਹੜਾ ਭੁੱਖੇ ਢਿੱਡ ਮਰ ਜਾਏ।''
ਤੇ ਉਸ ਨੇ ਰਾਜੇ ਨੂੰ ਕੁੱਛੜ ਚੁੱਕ ਲਿਆ ਤੇ ਥਾਪੜਦਾ ਹੋਇਆ ਵਾੜੇ ਵੱਲ ਲੈ ਤੁਰਿਆ।
ਚੌਧਰੀ ਕੁੱਟ ਮਾਰ ਕਰਕੇ ਸਾਹਮਣੇ ਪਿੱਪਲ ਹੇਠ ਜਾ ਕੇ ਲੰਮਾ ਪੈ ਗਿਆ ਸੀ। ਉਸ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਹੁਣੇ ਕੀ ਵਾਪਰਿਆ ਸੀ? ਹੁਣ ਉਹ ਭਰਪੂਰ ਨਸ਼ੇ ਵਿਚ ਗੋਤੇ ਖਾ ਰਿਹਾ ਸੀ। ਹਨੇਰੇ ਵਿਚ ਬੇਲੇ ਦੀਆਂ ਪੰਖੜੀਆਂ ਵਰਗੀਆਂ ਦੋ ਅੱਖਾਂ ਮੁਸਕਰਾ ਰਹੀਆਂ ਸਨ...ਕੁਝ ਚਿਰ ਪਿੱਛੋਂ ਉਹਨਾਂ ਅੱਖਾਂ ਵਿਚ ਨੀਲੇ ਡੋਰੇ ਜਿਹੇ ਨਜ਼ਰ ਆਉਣ ਲੱਗ ਪਏ। ਬਿੱਸੂ ਦੇ ਪਿੰਡੇ ਉੱਤੇ ਪਈਆਂ ਲਾਸਾਂ ਵਰਗੇ। ਉਸ ਦਾ ਅੰਦਰ-ਬਾਹਰ ਕੰਬ ਗਿਆ।
ਤੇ ਫੇਰ ਜਦੋਂ ਨਸ਼ਾ ਉਤਰ ਗਿਆ ਤਾਂ ਉਸ ਦਾ ਚਿੱਤ ਘਿਰਨ ਲੱਗ ਪਿਆ ਤੇ ਕਾਲਜੇ 'ਚ ਖੋਹ ਪੈਣ ਲੱਗ ਪਈ। ਸ਼ਾਇਦ ਤਾੜੀ ਬਾਸੀ ਸੀ...ਉਸ ਨੇ ਸੋਚਿਆ ਚਿਲਮ ਪੀ ਕੇ ਸਭ ਠੀਕ ਹੋ ਜਾਏਗਾ ਤੇ ਉੱਠ ਕੇ ਝੁੱਗੀ ਵੱਲ ਤੁਰ ਪਿਆ।
ਉਦੋਂ ਹੀ ਝੁੱਘੀ ਦਾ ਬੂਹਾ ਖੋਹਲ ਕੇ ਬਿੱਸੂ ਬਾਹਰ ਨਿਕਲਿਆ ਸੀ। ਉਸ ਦੇ ਹੱਥੋਂ ਰਾਜਾ ਛੁੱਟ ਕੇ ਹੇਠਾਂ ਡਿੱਗ ਪਿਆ।
''ਔਹ! ਤੂੰ ਇਸ ਨੂੰ ਕੁਝ ਖੁਅ-ਪਿਆ ਰਿਹਾ ਸੀ...!'' (ਬਿੱਸੂ ਨੂੰ ਫੇਰ ਕਰਾਰੀ ਮਾਰ ਪੈ ਜਾਣ ਦੀ ਉਮੀਦ ਸੀ।) ''ਕੋਈ ਗੱਲ ਨਹੀਂ ਖੁਆ-ਪਿਆ ਲੈ ਪੁੱਤ।''
ਬਿੱਸੂ ਜਿਵੇਂ ਸਿਲ-ਪੱਥਰ ਹੋ ਗਿਆ, 'ਅੱਜ 'ਕਾਕਾ' ਨੂੰ ਹੋਇਆ ਕੀ ਹੋਇਐ?'
''ਉ-ਇ, ਇਸ ਦਾ ਪਟਾ ਕਿੱਧਰ ਗਿਆ?'' ਚੌਧਰੀ ਨੇ ਪੁੱਛਿਆ।
''ਮੈਂ ਖੋਹਲ ਦਿੱਤੈ।'' ਬਿੱਸੂ ਇਕ ਵਾਰੀ ਫੇਰ ਤਣ ਗਿਆ ਸੀ ਤੇ ਉਸ ਦੀਆਂ ਮੁੱਠੀਆਂ ਕੱਸੀਆਂ ਗਈਆਂ ਸਨ।
'ਕਿਉਂ ?''
''ਕਿਉਂ? ਹੁਣ ਜੱਲਾਦ ਬਣਾਗਾ ਤੇਰੇ ਵਰਗਾ, ਹੋਰ ਕਿਉਂ?''
ਚੌਧਰੀ ਦੇ ਸੱਤੀਂ-ਕੱਪੜੀਂ ਅੱਗ ਲੱਗ ਉੱਠੀ। ਉਹ ਬਿੱਸੂ ਵੱਲ ਅਹੁਲਿਆ, ਪਰ ਉਦੋਂ ਹੀ ਬੇਲੇ ਦੀਆਂ ਪੱਤੀਆਂ ਵਰਗੀਆਂ ਦੋਏ ਅੱਖਾਂ ਮੁਸਕਰਾਂਦੀਆਂ ਨਜ਼ਰ ਆਈਆਂ...ਉਸ ਦਾ ਗੁੱਸਾ ਢੈਲਾ ਪੈ ਗਿਆ।
''ਨਾ ਪੁੱਤ ਨਾ। ਤੂੰ ਜੱਲਾਦ ਨ੍ਹੀਂ ਬਣੇਗਾ। ਮੇਰਾ ਪੁੱਤ ਵੱਡਾ ਹੋ ਕੇ ਬਹੁਤ ਵੱਡਾ ਆਦਮੀ ਬਣੂੰਗਾ। ਜਿਵੇਂ ਹਰਨਾਕੁਸ਼ ਦਾ ਪੁੱਤਰ ਪਰਲਾਦ ਸੀ ਨਾ, ਮੇਰਾ ਪੁੱਤਰ ਬਿੱਸੂ ਐ।'' ਤੇ ਉਸ ਨੂੰ ਆਪਣੇ ਕੋਲ ਖਿੱਚ ਕੇ ਉਸ ਕਿਹਾ, ''ਕੱਲ ਤੋਂ ਤੂੰ ਸਕੂਲ ਜਾਇਆ ਕਰੀਂ, ਅੱਛਾ।''
ਬਿੱਸੂ ਪਹਿਲਾਂ ਤਾਂ ਚੁੱਪ-ਚਪੀਤਾ ਸੁਣਦਾ ਰਿਹਾ। ਪਰ ਫੇਰ ਪਤਾ ਨਹੀਂ ਕਿਉਂ ਉਸ ਦਾ ਰੋਣ ਨਿਕਲ ਗਿਆ। ਚੌਧਰੀ ਦੀਆਂ ਅੱਖਾਂ ਵੀ ਭਰ ਆਈਆਂ ਸਨ। ਉਸ ਕਿਹਾ, ''ਬਸ, ਮੈਨੂੰ ਇਹ ਸਭ ਚੰਗਾ ਨ੍ਹੀਂ ਲੱਗਦਾ...ਤੇਰੀ ਸਾਲਿਆ ਕੋਈ ਮਾਂ ਮਰ-ਗੀ ਐ, ਜਿਹੜਾ ਰੋਣ ਡਿਐਂ? ਜਾਹ ਜੇਲਰ ਨੂੰ ਆਖ ਆ ਕੱਲ ਤੋਂ ਮੇਰਾ ਕਾਕਾ ਨੌਕਰੀ ਤੇ ਨਹੀਂ ਆਏਗਾ, ਉਸ ਦਾ ਜੁਆਬ ਐ। ਜਾਹ ਜਲਦੀ ਕਰ।'' ਬਿੱਸੂ ਅੱਖਾਂ ਪੂੰਝਦਾ ਹੋਇਆ ਤੁਰ ਗਿਆ।
ਚੌਧਰੀ ਕੁਝ ਚਿਰ ਉਸ ਨੂੰ ਤੁਰੇ ਜਾਂਦੇ ਨੂੰ ਵਿੰਹਦਾ ਰਿਹਾ, ਫੇਰ ਪਤਾ ਨਹੀਂ ਕਿਸ ਨੂੰ ਸੁਣਾ ਕੇ ਉਪਰ ਵੱਲ ਝਾਕਦਾ ਹੋਇਆ ਬੋਲਿਆ, ''ਵੇਖੀਂ ਮੇਰੇ ਪਾਪ ਮੇਰੇ ਬੱਚੇ ਨੂੰ ਨਾ ਭੁਗਤਣੇ ਪੈਣ, ਨਹੀਂ ਤਾਂ ਸਮਝ ਲਵੀਂ ਹਰਨਾਕੁਸ਼ ਨਾਲ ਪੰਗਾ ਪੈ ਗਿਐ  ਫੇਰ।'' ਤੇ ਉਹ ਤੇੜ ਬੰਨ੍ਹੇ ਪਰਨੇ ਨਾਲ ਖੁਰਦਰੀਆਂ ਗੱਲਾਂ ਤੋਂ ਹੱਝੂ ਪੂੰਝ ਕੇ ਹਾਰੇ ਦੀ ਅੱਗ ਫਰੋਲਣ ਲੱਗ ਪਿਆ।
    ੦੦੦

No comments:

Post a Comment